ਜ਼ਿੰਦਗੀ ਵਿਚ ਕਈ ਗੱਲਾਂ ਅਚਾਨਕ ਹੋ ਜਾਂਦੀਆਂ ਹਨ। ਨਾ ਕੋਈ ਯੋਜਨਾ ਬਣੀ ਹੁੰਦੀ ਹੈ, ਤੇ ਨਾ ਉਨ੍ਹਾਂ ਬਾਰੇ ਪਹਿਲਾਂ ਪਤਾ ਹੁੰਦਾ ਹੈ। ਪਹੁੰਚਣਾ ਕਿਤੇ ਹੋਰ ਹੁੰਦਾ ਹੈ, ਪਹੁੰਚ ਕਿਤੇ ਹੋਰ ਜਾਂਦੇ ਹਾਂ। ‘ਲਾਲ-ਸਮੁੰਦਰ’ ਦੇ ਸਿਰੇ ’ਤੇ ਮਿਸਰ ਦੀ ਬੰਦਰਗਾਹ ‘ਪੋਰਟ-ਸੁਏਜ਼’ ਹੈ। ਇੱਥੋਂ ਜਹਾਜ਼ ਅੱਗੇ ‘ਸੁਏਜ਼-ਨਹਿਰ’ ਵਿਚ ਦਾਖ਼ਲ ਹੁੰਦੇ ਹਨ ਤੇ ਦੂਸਰੇ ਪਾਸੇ ਮੈਡੀਟੇਰੀਅਨ ਸਮੁੰਦਰ ਵਿਚ ‘ਪੋਰਟ-ਸੈਦ’ ਦੀ ਬੰਦਰਗਾਹ ਕੋਲ ਜਾ ਨਿਕਲਦੇ ਹਨ।ਇਕ ਵਾਰ ਦਿਨ ਚੜ੍ਹਨ ਤੋਂ ਪਹਿਲਾਂ ਹੀ ਸਾਡਾ ਜਹਾਜ਼ ਪੋਰਟ-ਸੁਏਜ਼ ਦੀ ਬੰਦਰਗਾਹ ’ਤੇ ਪਹੁੰਚ ਗਿਆ। ਅਸੀਂ ਵੀ ਸੁਏਜ਼-ਨਹਿਰ ਪਾਰ ਕਰਕੇ ਅੱਗੇ ਇਟਲੀ ਜਾਣਾ ਸੀ। ਉਸ ਦਿਨ ਸੁਏਜ਼-ਨਹਿਰ ਵਿਚ ਟਰੈਫਿਕ ਵੱਧ ਹੋਣ ਕਾਰਨ ਜਹਾਜ਼ ਨੂੰ ਇਕ ਦਿਨ ਲਈ ਪੋਰਟ-ਸੁਏਜ਼ ਵਿਖੇ ਰੁਕਣਾ ਪੈ ਗਿਆ। ਹੁਣ ਅਗਲੇ ਦਿਨ ਇਹ ਨਹਿਰ ਪਾਰ ਕਰਨੀ ਸੀ।

ਮਿਸਰ ਵਿਚ ਕੈਰੋ ਦੇ ਨਜ਼ਦੀਕ ਗੀਜ਼ਾ ਨਾਮ ਦੀ ਜਗ੍ਹਾ ਹੈ, ਜਿੱਥੇ ਦੁਨੀਆ ਭਰ ਵਿਚ ਮਸ਼ਹੂਰ ਪਿਰਾਮਿਡ ਬਣੇ ਹੋਏ ਹਨ। ਇਹ ਜਗ੍ਹਾ ਪੋਰਟ-ਸੁਏਜ਼ ਤੋਂ ਕਰੀਬ 120 ਕਿਲੋਮੀਟਰ ਦੂਰ ਪੈਂਦੀ ਹੈ। ਇਸ ਇਕ ਦਿਨ ਦਾ ਲਾਹਾ ਲੈਣ ਲਈ ਜਹਾਜ਼ ਦੇ ਕਪਤਾਨ ਨੇ ਏਜੰਟ ਨਾਲ ਗੱਲ ਕੀਤੀ ਤੇ ਗੀਜ਼ਾ ਘੁੰਮ ਕੇ ਆਉਣ ਦਾ ਪ੍ਰੋਗਰਾਮ ਬਣਾ ਦਿੱਤਾ। ਨਾਸ਼ਤੇ ਤੋਂ ਬਾਅਦ ਸਾਡਾ 10 ਸਟਾਫ ਮੈਂਬਰਾਂ ਦਾ ਗਰੁੱਪ ਇਕ ਮਿੰਨੀ ਬੱਸ ਰਾਹੀਂ ਗੀਜ਼ਾ ਲਈ ਨਿਕਲਿਆ। ਇਹ ਸਾਰਾ ਮੁਲਕ ਜ਼ਿਆਦਾ ਰੇਗਿਸਤਾਨ ਹੀ ਹੈ। ਜੂਨ ਦਾ ਮਹੀਨਾ ਤੇ ਗਰਮੀ ਵੀ ਬਹੁਤ ਸੀ। ਪਰ ਪਿਰਾਮਿਡ ਦੇਖਣ ਦੇ ਚਾਅ ਨੇ ਸਭ ਕੁਝ ਭੁਲਾ ਦਿੱਤਾ। ਜਹਾਜ਼ ਤੋਂ ਹੀ ਪਿਰਾਮਿਡ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਤੇ ਸਾਰੇ ਰਸਤੇ ਚਲਦੀਆਂ ਰਹੀਆਂ। ਪਹਿਲਾਂ ਦੇਖੇ ਤਾਂ ਕਿਸੇ ਵੀ ਨਹੀਂ ਸੀ ਪਰ ਸਾਡੇ ਚੀਫ-ਇੰਜਨੀਅਰ ਤੇ ਦੋ ਹੋਰਨਾਂ ਨੂੰ ਇਨ੍ਹਾਂ ਬਾਰੇ ਕਾਫੀ ਜਾਣਕਾਰੀ ਸੀ। ਪਰ ਉਨ੍ਹਾਂ ਇਹ ਵੀ ਦੱਸਿਆ ਕਿ ਪਿਰਾਮਿਡ ਬਾਰੇ ਕਈ ਗੱਲਾਂ ਬੜੀਆਂ ਰਹੱਸ-ਮਈ ਹਨ। ਚਲੋ ਸ਼ਾਇਦ ਅੱਜ ਰਹੱਸ ਖੁੱਲ੍ਹ ਜਾਣ।

ਇਨ੍ਹਾਂ ਨੂੰ ‘ਪਿਰਾਮਿਡ ਆਫ ਖੂਫੂ’ ਵੀ ਕਹਿ ਦਿੰਦੇ ਹਨ। ਇਹ ਦੁਨੀਆਂ ਦੇ ਸੱਤ ਅਜੂਬਿਆਂ ਵਿੱਚੋਂ ਇਕ ਗਿਣੇ ਗਏ ਹਨ, ਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਵੀ। ਜਦ ਅਸੀਂ ਉਸ ਜਗ੍ਹਾ ’ਤੇ ਪਹੁੰਚੇ ਤਾਂ ਦਿਨ ਦੇ ਗਿਆਰਾਂ ਵੱਜ ਚੁੱਕੇ ਸਨ। ਰੇਗਿਸਤਾਨ ਦੀ ਗਰਮੀ ਆਪਣਾ ਰੰਗ ਦਿਖਾ ਰਹੀ ਸੀ। ਫਿਰ ਵੀ ਵੱਡੀ ਗਿਣਤੀ ਵਿਚ ਸੈਲਾਨੀ ਉੱਥੇ ਪਹਿਲਾਂ ਹੀ ਪਹੁੰਚੇ ਹੋਏ ਸਨ, ਜੋ ਜ਼ਿਆਦਾਤਰ ਯੂਰਪੀਅਨ ਗੋਰੇ ਸਨ। ਗਰਮੀ ਦੇ ਮਾਮਲੇ ਵਿਚ ਉਨ੍ਹਾਂ ਦੀ ਹਾਲਤ ਸਾਡੇ ਨਾਲੋਂ ਵੀ ਮਾੜੀ ਸੀ ਪਰ ਘੁੰਮ ਕੇ ਨਵੀਆਂ ਥਾਵਾਂ ਦੇਖਣ ਦਾ ਗੋਰਿਆਂ ਦਾ ਆਪਣਾ ਹੀ ਜਨੂੰਨ ਹੈ। ਉਹ ਜਨੂੰਨ ਉਸ ਵਕਤ ਵੀ ਉਨ੍ਹਾਂ ਦੇ ਚਿਹਰਿਆਂ ’ਤੇ ਝਲਕਦਾ ਸੀ।

ਅਸੀਂ ਦੇਖਿਆ ਇਹ ਤਿੰਨ ਪਿਰਾਮਿਡ ਹਨ। ਸਭ ਤੋਂ ਵੱਡਾ ਖੂਫੂ/ਖੋਂਫੂ, ਫੇਰ ਖਫਰਾ/ਖਫਰੇ, ਤੇ ਸਭ ਤੋਂ ਛੋਟੇ ਦਾ ਨਾਮ ਮੰਕੌਰ/ਮੰਕਾਰੋ ਦੱਸਿਆ। ਉੱਥੇ ਦੱਸਣ ਵਾਲਿਆਂ ਦੇ ਬੋਲਣ ਵੇਲੇ ਨਾਵਾਂ ਦੇ ਉਚਾਰਣ ਵਿਚ ਕੁਝ ਅੰਤਰ ਜਿਹਾ ਪੈਂਦਾ ਸੀ, ਮੈਨੂੰ ਜਿਸ ਤਰ੍ਹਾਂ ਉਹ ਉਚਾਰਨ ਸਮਝ ਆਏ ਮੈਂ ਉਸੇ ਤਰ੍ਹਾਂ ਹੀ ਨੋਟ ਕੀਤੇ ਤੇ ਏਥੇ ਵੀ ਉਹੀ ਲਿਖ ਰਿਹਾ ਹਾਂ। ਖੂਫੂ ਸਭ ਤੋਂ ਪੁਰਾਣਾ ਤੇ ਵੱਡਾ ਹੈ, ਜਿਸ ਦੀ ਉਚਾਈ ਪੰਜ ਸੌ ਫੁੱਟ ਦੇ ਨੇੜੇ ਦੱਸ ਰਹੇ ਸਨ। ਇਹ ਸਦੀਆਂ ਪਹਿਲਾਂ ਮਿਸਰ ਦੇ ਕਿਸੇ ਮਹਾਨ ਮਹਾਰਾਜੇ/ਸਮਰਾਟ ਖਾਨਦਾਨ ਦੀਆਂ ਨਿਸ਼ਾਨੀਆਂ ਹਨ। ਕਈ ਲੋਕ ਫਰੋਹ ਸ਼ਬਦ ਵੀ ਵਰਤ ਰਹੇ ਸੀ। ਸ਼ਾਇਦ ਇਹ ਉਸ ਖਾਨਦਾਨ ਦਾ ਨਾਂ ਜਾਂ ਉਨ੍ਹਾਂ ਸਮਰਾਟਾਂ ਲਈ ਕੋਈ ਟਾਈਟਲ ਹੋਵੇ। ਅਸੀਂ ਇਨ੍ਹਾਂ ਦੇ ਅੰਦਰ ਜਾਣ ਬਾਰੇ ਪਤਾ ਕੀਤਾ। ਦੱਸਿਆ ਗਿਆ ਕਿ ਵੱਡੇ ਅੰਦਰ ਜਾਣ ਦੀ ਫੀਸ 6 ਅਮਰੀਕਨ ਡਾਲਰ (ਉਸ ਵਕਤ) ਹੈ, ਤੇ ਛੋਟੇ ਅੰਦਰ ਜਾਣ ਲਈ 3 ਡਾਲਰ। ਅਸੀਂ ਪੁੱਛਿਆ ਕਿ ਅੰਦਰ ਕੀ ਹੈ ਕਿਸੇ ਦੱਸਿਆ ਅੰਦਰ ਫਰੋਹ ਹਨ, ਕਿਸੇ ਕਿਹਾ ਮੰਮੀਆਂ ਹਨ, ਕਿਸੇ ਦੱਸਿਆ ਰਾਜੇ ਤੇ ਰਾਣੀ ਦੇ ਚੈਂਬਰ। ਉਹੀ ਭੰਬਲਭੂਸੇ ਵਾਲੀ ਗੱਲ ਹੋ ਗਈ। ਚਲੋ ਜੋ ਵੀ ਸੀ ਅਸੀਂ ਸਾਰੇ ਗਰੁੱਪ ਨੇ ਖੂਫੂ ਪਿਰਾਮਿਡ ਦੇ ਅੰਦਰ ਜਾਣ ਦੀਆਂ ਟਿਕਟਾਂ ਲੈ ਲਈਆਂ।

ਹੋਰ ਸਭ ਸੈਲਾਨੀਆਂ ਦੇ ਨਾਲ ਹੀ ਅਸੀਂ ਅੰਦਰ ਦਾਖ਼ਲ ਹੋਏ। ਇਕ ਆਮ ਜਿਹਾ ਰਸਤਾ (ਪੌੜੀਆਂ) ਉਪਰ ਨੂੰ ਜਾਂਦੀਆਂ ਹਨ। ਥੱਲੇ ਨੂੰ ਵੀ ਕੁਝ ਸੀ ਪਰ ਉਧਰ ਕੋਈ ਨਹੀਂ ਸੀ ਜਾ ਰਿਹਾ, ਸ਼ਾਇਦ ਜਾਣਾ ਬੰਦ ਕੀਤਾ ਹੋਵੇ। ਹੋਰਾਂ ਦੇ ਮਗਰ ਅਸੀਂ ਵੀ ਉੱਪਰ ਵੱਲ ਪੌੜੀਆਂ ਚੜ੍ਹਦੇ ਗਏ। ਅੱਗੇ ਜਾ ਕੇ ਥੋੜ੍ਹੀ ਖੁੱਲ੍ਹੀ ਜਿਹੀ ਜਗ੍ਹਾ ਆ ਗਈ। ਇਸ ਨੂੰ ‘ਕੁਈਨ ਚੈਂਬਰ’ ਕਿਸੇ ਰਾਣੀ ਦੀ ਜਗ੍ਹਾ ਦੱਸ ਰਹੇ ਸੀ। ਪਰ ਇੱਥੇ ਕੋਈ ਮੰਮੀ / ਕਬਰ / ਜਾਂ ਥੜ੍ਹਾ ਵਗੈਰਾ ਕੁਝ ਨਹੀਂ ਸੀ। ਇਹ ਦੇਖਣ ਤੋਂ ਬਾਅਦ ਅਸੀਂ ਹੋਰ ਉੱਪਰ ਚੜ੍ਹਦੇ ਗਏ। ਹੋਰ ਉੱਪਰ ਜਾਕੇ ‘ਕਿੰਗ ਚੈਂਬਰ’ ਕਿਸੇ ਮਹਾਰਾਜੇ ਜਾਂ ਸਮਰਾਟ ਦੀ ਜਗ੍ਹਾ ਸੀ। ਇੱਥੇ ਵੀ ਖੁੱਲ੍ਹੀ ਜਗ੍ਹਾ ਤੋਂ ਬਿਨਾ ਹੋਰ ਕੁਝ ਨਹੀਂ ਸੀ। ਹੋ ਸਕਦਾ ਹੈ ਕਿਸੇ ਸਦੀ ਦੇ ਮਹਾਨ ਮਹਾਰਾਜੇ-ਮਹਾਰਾਣੀ ਨੂੰ ਇਨ੍ਹਾਂ ਥਾਵਾਂ ’ਤੇ ਦਫਨਾਇਆ ਗਿਆ ਹੋਵੇ, ਜਾਂ ਉਨ੍ਹਾਂ ਦੀਆਂ ਦੇਹਾਂ ਇੱਥੇ ਪਿਰਾਮਿਡ ’ਚ ਕੁਝ ਚਿਰ ਸੰਭਾਲ ਕੇ ਰੱਖੀਆਂ ਹੋਣ। ਸਾਨੂੰ ਇਹ ਗੱਲ ਸਾਫ਼ ਨਾ ਹੋ ਸਕੀ। ਅਸੀਂ ਜਿੱਥੋਂ ਤੱਕ ਪੌੜੀਆਂ ਸਨ, ਪੂਰਾ ਉਪਰ ਤਕ ਜਾ ਕੇ ਆਏ। ਪਰ ਅੱਗੇ ਹੋਰ ਕੋਈ ਖ਼ਾਸ ਗੱਲ ਨਾ ਲੱਗੀ। ਅਸੀਂ ਉਨ੍ਹਾਂ ਪੌੜੀਆਂ ਰਾਹੀਂ ਹੀ ਵਾਪਸ ਆ ਗਏ। ਹੋਰ ਸਾਰੇ ਸੈਲਾਨੀ ਵੀ ਇਹੋ ਕੁਝ ਕਰ ਰਹੇ ਸਨ।

ਬਾਹਰ ਆ ਕੇ ਇਕ ਦੂਜੇ ਵੱਲ ਸਵਾਲੀਆਂ ਜਿਹੀਆਂ ਨਜ਼ਰਾਂ ਨਾਲ ਦੇਖੀ ਜਾਈਏ। ਜਿਵੇਂ ਇਕ ਦੂਜੇ ਨੂੰ ਕਹਿ ਰਹੇ ਹੋਈਏ ਕਿ ਮਜ਼ਾ ਨੀ ਆਇਆ। ਇਸ ਤੋਂ ਬਾਅਦ ਦੂਸਰੇ ਦੋਵਾਂ ਪਿਰਾਮਿਡ ਵਿਚ ਜਾਣ ਦਾ ਸਾਡਾ ਮਨ ਨਹੀਂ ਕੀਤਾ। ਸਭ ਕਹਿਣ ਲੱਗੇ ਛੱਡੋ ਉਹੀ ਚੀਜ਼ ਹੋਵੇਗੀ, ਕੀ ਦੇਖਣਾ ਹੈ। ਸੋ ਵੱਡੇ ਪਿਰਾਮਿਡ ਦੇ ਅੰਦਰ ਜਾ ਆਉਣ ਤੋਂ ਬਾਅਦ ਅਸੀਂ ਬਾਹਰ ਖੁੱਲ੍ਹੀ ਜਗ੍ਹਾ ਵਿਚ ਘੁੰਮਣ ਲੱਗੇ। ਚਲੋ-ਇੱਥੇ ਤਕ ਆਏ ਸੀ, ਇਕ ਦੇ ਅੰਦਰ ਜਾ ਕੇ ਦੇਖਣਾ ਤਾਂ ਬਣਦਾ ਹੀ ਸੀ। ਨਹੀਂ ਮਨ ਵਿਚ ਰਹਿੰਦਾ ਕਿ ਅੰਦਰ ਪਤਾ ਨਹੀਂ ਕੀ ਸੀ। ਪਰ ਇਕ ਗੱਲ ਜ਼ਰੂਰ, ਬਾਹਰ ਗਰਮੀ ਹੋਣ ਦੇ ਬਾਵਜੂਦ ਅੰਦਰ ਗਰਮੀ ਨਹੀਂ ਸੀ। ਪੌੜੀਆਂ ਦਾ ਰਸਤਾ ਵੀ ਕੋਈ ਬਹੁਤਾ ਖੁੱਲ੍ਹਾ ਨਹੀਂ ਸੀ ਤੇ ਸੈਕੜਿਆਂ ਦੀ ਗਿਣਤੀ ’ਚ ਸੈਲਾਨੀ ਅੰਦਰ ਬਾਹਰ ਆ ਜਾ ਰਹੇ ਸਨ। ਫਿਰ ਵੀ ਬਾਹਰ ਨਾਲੋਂ ਅੰਦਰ ਕਾਫੀ ਠੰਢਾ ਸੀ। ਇਹ ਇਸਦੀ ਕਾਰਾਗਿਰੀ ਦਾ ਕਮਾਲ ਕਿਹਾ ਜਾ ਸਕਦਾ ਹੈ।

ਇਹ ਪਿਰਾਮਿਡ ਕਈ ਹਜ਼ਾਰ ਸਾਲ ਪਹਿਲਾਂ ਬਣੇ ਦੱਸ ਰਹੇ ਸੀ। ਇਸ ਨੂੰ ਬਣਾਉਣ ਲਈ ਇਕ ਖ਼ਾਸ ਕਿਸਮ ਦਾ ਪੱਥਰ ਵਰਤਿਆ ਗਿਆ ਹੈ। ਹੈਰਾਨੀ ਹੁੰਦੀ ਹੈ ਕਿ ਇਹ ਪੱਥਰ ਕਿੱਥੋਂ ਲਿਆਂਦੇ, ਜਾਂ ਫਿਰ ਇਸੇ ਧਰਤੀ ਹੇਠੋਂ ਕੱਢੇ। ਫਿਰ ਐਨੇ ਭਾਰੇ ਪੱਥਰ ਐਨੀ ਉਚਾਈ ਤਕ ਮਜ਼ਦੂਰ ਤੇ ਕਾਰੀਗਰ ਕਿਵੇਂ ਲੈ ਕੇ ਗਏ ਹੋਣਗੇ। ਨਾ ਕੋਈ ਮਸ਼ੀਨਰੀ ਨਾ ਕੋਈ ਕਰੇਨਾ। ਐਡਾ ਵੱਡਾ ਸੈਂਕੜੇ ਫੁੱਟ ਉੱਚਾ ਸਟਰਕਚਰ ਤਿਆਰ ਕਰਨਾ ਕੋਈ ਆਮ ਗੱਲ ਤਾਂ ਹੈ ਨਹੀਂ, ਜੋ ਅੱਜ ਤਕ ਵੀ ਉਸੇ ਤਰ੍ਹਾਂ ਖੜ੍ਹਾ ਹੈ। ਕਈ ਦੱਸ ਰਹੇ ਸੀ ਇਨ੍ਹਾਂ ਪਿਰਾਮਿਡ ਦੇ ਥੱਲੇ ਵੀ ਬਹੁਤ ਕੁਝ ਹੈ ਪਰ ਜਾਣ ਦੀ ਮਨਾਹੀ ਹੈ। ਉਸ ਟਾਇਮ ਦੇ ਲੋਕਾਂ ਕੋਲ ਵੀ ਕਿੰਨਾ ਦਿਮਾਗ਼ ਹੋਵੇਗਾ, ਕਿ ਬਿਨਾਂ ਰੇਤਾ, ਸੀਮਿੰਟ, ਲੋਹਾ ਆਦਿ ਤੋਂ ਹੀ ਇਹ ਤਿਆਰ ਕਰ ਦਿੱਤਾ। ਸੋ ਉਨ੍ਹਾਂ ਨੂੰ ਇਕ ਸਲਾਮ ਤਾਂ ਬਣਦਾ ਹੀ ਹੈ।

ਪਿਰਾਮਿਡ ਦੇ ਬਾਹਰ ਉਸ ਖੁੱਲ੍ਹੀ ਜਗ੍ਹਾ ’ਤੇ ਅਰਬੀ ਲੋਕ ਆਪਣੇ ਸ਼ਿੰਗਾਰੇ ਹੋਏ ਊਠ ਲਈ ਫਿਰਦੇ ਸਨ, ਜਿਨ੍ਹਾਂ ’ਤੇ ਗੋਰੇ ਸੈਲਾਨੀ ਸਵਾਰੀ ਕਰ ਕੇ ਖ਼ੁਸ਼ ਹੋ ਰਹੇ ਸਨ। ਇਹ ਦਿ੍ਰਸ਼ ਆਪਣੇ ਰਾਜਸਥਾਨ ਵਰਗਾ ਸੀ। ਊਠਾਂ ਵਾਲੇ ਅਰਬੀ ਦੇਖਣ ਨੂੰ ਬੜੇ ਹੱਟ ਕੱਟੇ ਜੁਆਨ ਸਨ, ਤੇ ਰੰਗ ਵੀ ਗੋਰਾ ਸੀ। ਪਰ ਚਿਹਰਿਆਂ ਦੇ ਪ੍ਰਭਾਵ ਕੁਝ ਇਸ ਤਰ੍ਹਾਂ ਦੱਸ ਰਹੇ ਸਨ ਕਿ ਇਹ ਆਮ ਗ਼ਰੀਬ ਲੋਕ ਹਨ ਤੇ ਇਨ੍ਹਾਂ ਦੀ ਦਾਲ-ਰੋਟੀ ਸੈਲਾਨੀਆਂ ਸਿਰ ਹੀ ਚੱਲਦੀ ਹੋਵੇਗੀ। ਇੱਥੇ ਚਾਰ ਚੁਫੇਰੇ ਦੀ ਜਗ੍ਹਾ ਕੱਚੀ ਤੇ ਲਾਲੀ ਦੀ ਭਾਅ ਮਾਰਦੀ ਸੀ। ਬਰੀਕ ਰੋੜੀਆਂ ਵਾਲੀ ਜਗ੍ਹਾ ਹੋਣ ਕਰਕੇ ਗਰਦ ਨਹੀਂ ਸੀ ਉੱਠਦੀ।

ਪਿਰਾਮਿਡ ਦੇ ਨਜ਼ਦੀਕ ਪਰ ਥੋੜਾ ਹੱਟਵੀਂ ਜਗ੍ਹਾ ਤੇ ਇਕ ਬਹੁਤ ਵੱਡਾ ਬੁੱਤ ਹੈ। ਬੜਾ ਉੱਚਾ, ਲੰਮਾ-ਚੌੜਾ ਤੇ ਬੜਾ ਅਜੀਬੋ ਗਰੀਬ ਜਿਹਾ। ਲੋਕ ਦੱਸਦੇ ਸਨ ਇਹ ਏਥੇ ਖੁਦਾਈ ਦੌਰਾਨ ਨਿਕਲਿਆ ਸੀ, ਜਿਸਦਾ ਚਿਹਰਾ ਨੱਕ ਕੋਲੋਂ ਕੁਝ ਟੁੱਟ ਗਿਆ। ਅਸੀਂ ਉਹ ਬੁੱਤ ਨਜ਼ਦੀਕ ਜਾ ਕੇ ਨਹੀਂ, ਸਿਰਫ ਦੂਰੋਂ ਹੀ ਦੇਖਿਆ। ਚਿਹਰਾ ਇਨਸਾਨ ਦਾ, ਸਰੀਰ ਸ਼ੇਰ ਦਾ, ਪੂਛ ਸ਼ਾਇਦ ਘੌੜੇ ਦੀ, ਤੇ ਕੰਨ ਕਿਸੇ ਪੰਛੀ ਦੇ ਫੰਗਾਂ ਜਿਹੇ। ਇਹ ਸਾਰਾ ਵੱਡੇ ਤੇ ਲੰਮੇ ਪੱਥਰ ਜਾਂ ਛੋਟੇ ਪਹਾੜ ਨੂੰ ਕੱਟ-ਕੱਟ ਕੇ ਘੜ-ਘੜ ਕੇ ਬਣਾਇਆ ਹੋਇਆ ਹੈ। ਦੇਖਣ ਵਾਲੇ ਨੂੰ ਚਿਹਰੇ ਦਾ ਕਾਫ਼ੀ ਭੁਲੇਖਾ ਪੈਂਦਾ ਹੈ। ਸਾਡੇ ’ਚੋਂ ਕਿਸੇ ਨੂੰ ਇਹ ਚਿਹਰਾ ਮਰਦ ਦਾ ਲੱਗਿਆ ਤੇ ਕਿਸੇ ਨੂੰ ਔਰਤ ਦਾ। ਬਹੁਤ ਲੋਕਲ ਲੋਕ ਇਸ ਬੁੱਤ ਦੇ ਵੱਡੇ ਛੋਟੇ ਮੋਨੋਮੈਂਟ ਵੇਚ ਰਹੇ ਸਨ। ਇਸ ਨੂੰ ਸਫਿੰਕਸ ਕਹਿ ਰਹੇ ਸਨ। ਸੈਲਾਨੀ ਲੋਕ ਇਹ ਮੋਨੋਮੈਂਟ ਖ਼ਰੀਦ ਰਹੇ ਸਨ ਤੇ ਮੈਂ ਵੀ ਯਾਦਗਾਰ ਦੇ ਤੌਰ ’ਤੇ ਇਕ ਛੋਟੇ ਸਾਈਜ਼ ਦਾ ਮੋਨੋਮੈਂਟ ਖ਼ਰੀਦਿਆ। ਵਾਪਸ ਆਉਣ ਵੇਲੇ ਰਸਤੇ ਵਿਚ ਫਿਰ ਪਿਰਾਮਿਡ ਦੀਆਂ ਹੀ ਗੱਲਾਂ ਹੁੰਦੀਆਂ ਰਹੀਆਂ। ਹੈਰਾਨੀ, ਕਿ ਅਸੀਂ ਸਾਰੇ ਹੀ ਕੋਈ ਸਿੱਟੇ ’ਤੇ ਨਹੀਂ ਸੀ ਪਹੁੰਚ ਰਹੇ ਕਿ ਇਹ ਅਸਲ ਵਿਚ ਹੈ ਕੀ? ਕੋਈ ਕਬਰ, ਕੋਈ ਰਾਜੇ ਰਾਣੀਆਂ ਦੀ ਮੀਟਿੰਗ ਦੀ ਜਗ੍ਹਾ, ਜਾਂ ਪੁਰਾਣੇ ਸਮਰਾਟਾਂ ਦੀ ਸਿਰਫ਼ ਯਾਦਗਾਰ। ਇਹ ਰਹੱਸ ਬਰਕਰਾਰ ਹੀ ਰਿਹਾ। ਦੂਸਰੇ ਦਿਨ ਜਹਾਜ਼ ਆਪਣੇ ਅਗਲੇ ਸਫ਼ਰ ’ਤੇ ਪੈ ਚੁੱਕਾ ਸੀ।

- ਪਰਮਜੀਤ ਮਾਨ

Posted By: Harjinder Sodhi