ਇਹ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਜਦੋਂ ਮਾਂ ਪਿਓ ਆਪਣੇ ਬੱਚਿਆਂ ਨੂੰ ਗਰਮੀਆਂ ਤੇ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਇਕ ਹਫ਼ਤੇ ਤੋਂ ਇਕ ਮਹੀਨੇ ਭਰ ਲਈ ਨਾਨਕੇ ਜਾਂ ਦਾਦਕੇ ਰਹਿਣ ਲਈ ਛੱਡ ਜਾਂਦੇ ਸਨ। ਕੁਝ ਏਸੇ ਹੀ ਤਰ੍ਹਾਂ ਸਾਡੇ ਦੇਸ਼ ਵਿਚ ਦੂਰ ਦੁਰਾਡੇ ਦੇਸ਼ਾਂ ਤੋਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਕਈ ਮੁਸੀਬਤਾਂ ਦਾ ਸਾਹਮਣਾ ਕਰਨ ਤੋਂ ਬਾਅਦ ਲੱਖਾਂ ਹੀ ਪਰਵਾਸੀ ਪੰਛੀ ਸਰਦੀਆਂ ਦਾ ਮੌਸਮ ਇੱਥੇ ਕੱਟਣ ਆਉਂਦੇ ਹਨ। ਦੂਰ ਦੁਰਾਡੇ ਦੇਸ਼ਾਂ ਸੈਂਟਰਲ ਏਸ਼ੀਆ, ਅਫ਼ਗ਼ਾਨਿਸਤਾਨ, ਚਾਈਨਾ, ਮੰਗੋਲੀਆ, ਸਾਇਬੇਰੀਆ ਅਤੇ ਯੂਰਪ ਤੋਂ ਆ ਕੇ ਜਿੱਥੇ ਇਹ ਮਹਿਮਾਨ ਪੰਛੀ ਸਾਡੀਆਂ ਪਾਣੀ ਦੀਆਂ ਰੱਖਾਂ ਨੂੰ ਚਾਰ ਚੰਨ ਲਗਾਉਂਦੇ ਹਨ ਉੱਥੇ ਹੀ ਪਿਛਲੇ ਕੁਝ ਸਮੇਂ ਤੋਂ ਭਾਰਤ ਫੇਰੀ ਇਨ੍ਹਾਂ ਲਈ ਅਚਨਚੇਤ ਤੇ ਦਰਦ ਭਰੀ ਮੌਤ ਦਾ ਕਾਰਨ ਬਣ ਰਹੀ ਹੈ। ਪਿਛਲੇ ਦਿਨੀਂ ਰਾਜਸਥਾਨ ਦੀ ਸਾਂਭਰ ਝੀਲ ਨੇੜੇ ਅਠਾਰਾਂ ਹਜ਼ਾਰ ਦੇ ਕਰੀਬ ਪਰਵਾਸੀ ਪੰਛੀ ਇਕ ਭੈੜੀ ਬਿਮਾਰੀ ਜਿਸ ਨੂੰ ਕਿ ਏਵੀਅਨ ਬੌਟੂਲਿਜ਼ਮ ਦਾ ਨਾਂ ਦਿੱਤਾ ਗਿਆ ਹੈ, ਕਾਰਨ ਮੌਤ ਦੇ ਮੂੰਹ ’ਚ ਜਾ ਪਏ।

ਸਰਦੀ ਦੇ ਸ਼ੁਰੂਆਤੀ ਦੌਰ ’ਚ ਹਿਮਾਚਲ ਪ੍ਰਦੇਸ਼ ਦੀ ਧਮੇਟਾ ਰੇਂਜ ’ਚ ਜੰਗਲੀ ਜੀਵ ਵਿਭਾਗ ਦੁਆਰਾ ਚਾਰ (ਸਾਵਾ ਮੱਘ) ਤੇ ਇਕ (ਟੀਲ) ਪੰਛੀ ਭੇਦਭਰੀ ਹਾਲਤ ’ਚ ਮਿ੍ਰਤਕ ਪਾਏ ਗਏ ਤੇ ਬਾਅਦ ’ਚ ਭਾਲ ਕਰਨ ’ਤੇ 1200 ਦੇ ਕਰੀਬ ਅਲੱਗ-ਅਲੱਗ ਪਰਜਾਤੀਆਂ ਦੇ ਪੰਛੀ ਮਿ੍ਰਤ ਪਾਏ ਗਏ ਜਿਨ੍ਹਾਂ ਦੀ ਗਿਣਤੀ 5-1-2021 ਤਕ 2000 ਤਕ ਪੁੱਜ ਚੁੱਕੀ ਸੀ। ਇਸੇ ਤਰ੍ਹਾਂ ਕੇਰਲਾ, ਰਾਜਸਥਾਨ, ਮੱਧ ਪ੍ਰਦੇਸ਼ ਤੇ ਕੁਝ ਹੋਰ ਰਾਜਾਂ ਵਿਚ ਵੀ ਪੰਛੀ ਮਿ੍ਰਤ ਪਾਏ ਜਾ ਰਹੇ ਹਨ ਜਿਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਕੇਰਲਾ ਵਿਚ ਬਾਰ੍ਹਾਂ ਹਜ਼ਾਰ ਦੇ ਕਰੀਬ ਬੱਤਖਾਂ ਮਰ ਚੁੱਕੀਆਂ ਹਨ ਤੇ ਰਾਜ ਦੇ ਜੰਗਲਾਤ ਮੰਤਰੀ ਕੇ. ਰਾਜੂ ਨੇ ਦੱਸਿਆ ਕਿ ਜਾਂਚ ਪ੍ਰਯੋਗਸ਼ਾਲਾਵਾਂ ਅਨੁਸਾਰ ਇਹ ਮੌਤਾਂ ਬਰਡ ਫਲੂ ਵਾਇਰਸ H5N1 ਕਰਕੇ ਹੋਈਆਂ ਹਨ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਤੇ ਰਾਜਸਥਾਨ ’ਚ ਪਾਏ ਗਏ ਮਿ੍ਰਤਕਾਂ ਵਿਚ ਵੀ ਬਰਡ ਫਲੂ ਵਾਇਰਸ ਪਾਇਆ ਗਿਆ ਹੈ ਇਸ ਬਰਡ ਫਲੂ ਵਾਇਰਸ ਕਾਰਨ ਹੁਣ ਤਕ ਰਾਜਸਥਾਨ ’ਚ ਕਈ ਕਾਂ ਵੀ ਮਰ ਚੁੱਕੇ ਹਨ। ਇਸ ਬਰਡ ਫਲੂ ਵਾਇਰਸ ਦੀ ਪੁਸ਼ਟੀ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਬਰੇਲੀ ਦੀ ਇਕ ਲੈਬਾਰਟਰੀ ਦੁਆਰਾ ਕੀਤੀ ਗਈ ਹੈ। ਪੌਂਗ ਡੈਮ ਝੀਲ ਤੋਂ ਮਿਲੇ ਪੰਛੀਆਂ ਦੇ ਸੈਂਪਲ ਵੈਟਰਨਰੀ ਕਾਲਜ ਪਾਲਮਪੁਰ, ਵੈਟਰਨਰੀ ਲੈਬਾਰਟਰੀ ਸ਼ਾਹਪੁਰ ਅਤੇ ਰੀਜਨਲ ਡਿਸੀਜ਼ ਡਾਇਗਨੋਸਟਿਕ ਲੈਬਾਰਟਰੀ, ਜਲੰਧਰ ਵਿਚ ਚੈੱਕ ਹੋਣ ਲਈ ਭੇਜੇ ਗਏ ਸਨ।

ਮੁੱਕਦੀ ਗੱਲ ਇਹ ਕਿ ਇਸ ਬਰਡ ਫਲੂ ਵਾਇਰਸ ਦੀ ਲਪੇਟ ਵਿਚ ਪਰਵਾਸੀ ਪੰਛੀ ਹੀ ਨਹੀਂ ਬਲਕਿ ਘਰੇਲੂ ਪੰਛੀ ਵੀ ਆਪਣੀਆਂ ਜਾਨਾਂ ਗੁਆ ਰਹੇ ਹਨ ਅਤੇ ਅਜੇ ਤਕ ਇਨ੍ਹਾਂ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਬਰਡ ਫਲੂ ਵਾਇਰਸ ਤੋਂ ਪਹਿਲਾਂ ਪਰਵਾਸੀ ਪੰਛੀ ਸੰਕ੍ਰਮਿਤ ਹੋਏ ਜਾਂ ਫਿਰ ਘਰੇਲੂ ਪੰਛੀ, ਖ਼ੈਰ ਪਿੱਛੇ ਸਾਂਭਰ ਝੀਲ ’ਤੇ ਮਰੇ ਪੰਛੀਆਂ ’ਚੋਂ ਤੇ ਹੁਣ ਪੌਂਗ ਡੈਮ ਝੀਲ, ਕੇਰਲਾ, ਮੱਧ ਪ੍ਰਦੇਸ਼, ਰਾਜਸਥਾਨ ਤੇ ਹੋਰ ਰਾਜਾਂ ’ਚ ਮਰ ਰਹੇ ਪੰਛੀਆਂ ਤੋਂ ਇਕ ਗੱਲ ਤਾਂ ਉੱਭਰਦੀ ਹੈ ਕਿ ਇਨ੍ਹਾਂ ਦੀ ਮੌਤ ਦੀ ਜ਼ਿੰਮੇਵਾਰੀ ਆਪਾਂ ਬਰਡ ਫਲੂ ਵਾਇਰਸ ’ਤੇ ਪਾ ਕੇ ਬੇਧਿਆਨੇ ਹੋ ਕੇ ਚੁੱਪ ਨਹੀਂ ਬੈਠ ਸਕਦੇ ਕਿਉਂਕਿ ਸਦੀਆਂ ਤੋਂ ਇਸ ਗੱਲ ਦੀ ਧਾਰਨਾ ਰਹੀ ਹੈ ਕਿ ਜੰਗਲੀ ਜੀਵ ਤੇ ਖ਼ਾਸ ਕਰ ਪੰਛੀ ਸਾਨੂੰ ਸਾਡੇ ਜੰਗਲਾਂ ਤੇ ਵਾਤਾਵਰਨ ਦੀ ਸਿਹਤ ਬਾਰੇ ਦੱਸਣ ਦੇ ਅਗਾਊਂ ਸੂਚਕ ਹੁੰਦੇ ਹਨ ਤੇ ਜੇ ਪੰਛੀਆਂ ਲਈ ਇਹ ਵਾਤਾਵਰਨ ਇੰਨਾ ਘਾਤਕ ਸਿੱਧ ਹੋ ਰਿਹਾ ਹੈ ਤਾਂ ਬਹੁਤੀ ਦੇਰ ਨਹੀਂ ਲੱਗੇਗੀ ਜਦੋਂ ਇਸ ਦੂਸ਼ਿਤ ਵਾਤਾਵਰਨ ਦਾ ਪ੍ਰਭਾਵ ਸਾਡੇ ਤਕ ਵੀ ਪੁੱਜੇਗਾ। ਪੰਛੀ ਸਾਡੇ ਵਾਤਾਵਰਨ ਦਾ ਹੀ ਨਹੀਂ ਬਲਕਿ ਸਾਡੇ ਸੱਭਿਆਚਾਰ ਫਿਰ ਭਾਵੇਂ ਗੱਲ ਬੋਲੀਆਂ ਦੀ ਹੋਵੇ, ਮੁਹਾਵਰਿਆਂ ਦੀ ਹੋਵੇ ਜਾਂ ਗੀਤ ਸੰਗੀਤ ਦੀ ਦਾ ਵੀ ਅਨਿੱਖੜਵਾਂ ਅੰਗ ਹਨ। ਕਹਿੰਦੇ ਹਨ ਕਿ 90 ਫ਼ੀਸਦੀ ਦੇ ਕਰੀਬ ਵੱਡੇ ਤਣੇ ਵਾਲੇ ਦਰੱਖ਼ਤ ਪੰਛੀਆਂ ਦੀ ਹੀ ਉਪਜ ਹਨ। ਜਿੱਥੇ ਪੰਛੀਆਂ ਦਾ ਸਾਡੇ ਵਾਤਾਵਰਨ ਨੂੰ ਬਚਾਉਣ ਵਿਚ ਵੱਡਾ ਯੋਗਦਾਨ ਹੈ ਉੱਥੇ ਅੱਜ ਕੱਲ੍ਹ ਪੰਛੀਆਂ ਦੀਆਂ ਆਵਾਜ਼ਾਂ ਮਨ ਨੂੰ ਸਕੂਨ ਦੇਣ ਤੇ ਸ਼ਾਂਤ ਕਰਨ ਲਈ ਹਸਪਤਾਲਾਂ ਦੇ ਰਿਕਵਰੀ ਰੂਮ ਤੇ ਹਵਾਈ ਜਹਾਜ਼ਾਂ ਦੇ ਵੇਟਿੰਗ ਰੂਮ ਵਿਚ ਵੀ ਸੁਣਨ ਨੂੰ ਮਿਲਦੀਆਂ ਹਨ।

ਇਸ ਤੋਂ ਇਲਾਵਾ ਹੋਰ ਵੀ ਕਿਹਾ ਜਾਂਦਾ ਹੈ ਕਿ ਜੇ ਇਕ ਪੰਛੀ ਖ਼ਤਮ ਹੁੰਦਾ ਹੈ ਤਾਂ ਉਸ ਕਰਕੇ ਸਾਡੇ ਆਲੇ ਦੁਆਲੇ ਦਾ ਉਹ ਹਿੱਸਾ ਜੋ ਉਸ ਪੰਛੀ ਕਰਕੇ ਹਰਿਆ ਭਰਿਆ ਸੀ ਵੀ ਖ਼ਤਮ ਹੋ ਜਾਂਦਾ ਹੈ ਤੇ ਸਾਡੇ ਆਲੇ ਦੁਆਲੇ ਕਈ ਘਾਤਕ ਕੀੜੇ ਮਕੌੜੇ ਜੋ ਪਹਿਲਾਂ ਅਸੀਂ ਕਦੇ ਦੇਖੇ ਨਹੀਂ ਹੁੰਦੇ ਪਰ ਫੈਲਾਉਣ ਲੱਗਦੇ ਹਨ ਕਿਉਂਕਿ ਉਹ ਛੋਟਾ ਜਿਹਾ ਪੰਛੀ ਉਨ੍ਹਾਂ ਨੂੰ ਖਾ-ਖਾ ਕੇ ਕੰਟਰੋਲ ਕਰੀ ਬੈਠਾ ਸੀ। ਇੱਥੇ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗਾ ਕਿ- ‘ਪੰਛੀ ਜੀਵ ਬੂਟੇ ਯਾਰੋ ਜੰਗਲਾਂ ਦੇ ਗਹਿਣੇ ਨੇ ਮੁੱਕੇ ਜਦੋਂ ਸਾਰੇ ਉਦੋਂ ਬੰਦੇ ਵੀ ਨਾ ਰਹਿਣੇ ਨੇ’।

- ਡਾ. ਅਮਨਦੀਪ ਸਿੰਘ

Posted By: Harjinder Sodhi