ਦਸੰਬਰ 2015 'ਚ ਕੇਰਲ ਤੇ ਕਰਨਾਟਕ ਸੀਮਾ 'ਤੇ ਸਥਿਤ ਪਰਮਬਿਲੁਕਮ ਦੇ ਸੰਘਣੇ ਜੰਗਲਾਂ 'ਚ ਕਦੇ ਵੀ ਨਾ ਭੁੱਲਣ ਵਾਲਾ ਸਮਾਂ ਬਿਤਾਉਣ ਵਾਲੀ ਦਿਵਿਆਂਕਸ਼ੀ ਦੱਸਦੀ ਹੈ ਕਿ ਮੈਨੂੰ ਜੰਗਲਾਂ ਨਾਲ ਅਥਾਹ ਪਿਆਰ ਹੈ। ਇਸ ਲਈ ਜਦੋਂ ਆਪਣੇ ਪੁਰਾਣੇ ਸਾਗਵਾਨ ਦੇ ਦਰੱਖ਼ਤਾਂ ਲਈ ਪ੍ਰਸਿੱਧ ਇਸ ਜੰਗਲ 'ਚ ਰਹਿਣ ਦਾ ਮੌਕਾ ਮਿਲਿਆ ਤਾਂ ਮੈਂ ਉਸ ਨੂੰ ਗੁਆਉਣਾ ਨਾ ਚਾਹਿਆ। ਇੱਥੇ ਮੈਂ ਦਰੱਖ਼ਤਾਂ ਦੀ ਛਾਂ ਹੇਠ ਇਕ ਟੈਂਟ 'ਚ ਰਹੀ, ਜੋ ਇਕ ਅਲੱਗ ਹੀ ਭਾਵਨਾ ਸੀ। ਇਸ ਜੰਗਲ ਰਿਟ੍ਰੀਟ ਦੌਰਾਨ ਬਾਹਰੀ ਦੁਨੀਆ ਨਾਲ ਸੰਪਰਕ ਤਾਂ ਬਿਲਕੁਲ ਖ਼ਤਮ ਹੋ ਗਿਆ ਸੀ। ਮੋਬਾਈਲ ਨੈੱਟਵਰਕ ਤਕ ਨਹੀਂ ਸੀ। ਉੱਥੋਂ ਦੇ ਕਰਮਚਾਰੀਆਂ ਨੇ ਹੀ ਚਾਹ ਪਿਲਾਈ, ਖਾਣਾ ਤਿਆਰ ਕੀਤਾ, ਸਥਾਨਕ ਮੈਂਬਰਾਂ ਨਾਲ ਮਿਲਾਇਆ ਤੇ ਉਥੋਂ ਦੀ ਕੁਦਰਤੀ ਸੈਰ ਕਰਵਾਈ ਤੇ ਜੰਗਲ ਦੀਆਂ ਕਹਾਣੀਆਂ ਸੁਣਾਈਆਂ। ਟ੍ਰੈਕਿੰਗ ਤੇ ਟ੍ਰੈਵਲਿੰਗ ਦਾ ਸ਼ੌਕ ਰੱਖਣ ਵਾਲੀ ਉਤਰਾਖੰਡ ਦੀ ਸਪੈਸ਼ਲ ਐਜੂਕੇਟਰ ਸੁਕੰਨਿਆ ਦੱਸਦੀ ਹੈ ਕਿ ਕੁਦਰਤੀ ਸੈਰ ਜਾਂ ਹੌਲੀ-ਹੌਲੀ ਯਾਤਰਾ ਕਰਨ 'ਚ ਨੌਜਵਾਨ ਪੀੜ੍ਹੀ ਦੀ ਭਾਗੀਦਾਰੀ ਜ਼ਿਆਦਾ ਦੇਖੀ ਜਾ ਰਹੀ ਹੈ, ਜੋ ਸਿਰਫ਼ ਘੁੰਮਣ ਨਹੀਂ, ਤਜਰਬੇ ਕਰਨ ਲਈ ਵੀ ਨਵੇਂ ਪ੍ਰਯੋਗ ਕਰ ਰਹੇ ਹਨ।

ਪੰਛੀਆਂ ਨੇ ਘਟਾਈ ਗੈਜੇਟ ਤੋਂ ਦੂਰੀ

ਆਸਾਮ 'ਚ ਚਾਹ ਦੇ ਬਾਗ਼ਾਂ ਨਜ਼ਦੀਕ ਪੂਰਾ ਬਚਪਨ ਬਿਤਾਉਣ ਵਾਲੀ ਦੀਪਿਕਾ ਦੱਸਦੀ ਹੈ ਕਿ ਉਸ ਜ਼ਮਾਨੇ 'ਚ ਟੀਵੀ ਵਗ਼ੈਰਾ ਨਹੀਂ ਸਨ ਤਾਂ ਸੈਂਕੜੇ ਏਕੜ 'ਚ ਫ਼ੈਲੇ ਇਨ੍ਹਾਂ ਬਾਗ਼ਾਂ ਦੇ ਆਲੇ-ਦੁਆਲੇ ਦਰੱਖ਼ਤਾਂ 'ਤੇ ਚੜ੍ਹਨਾ ਤੇ ਉੱਥੇ ਹੀ ਖੇਡਦੇ ਹੁੰਦੇ ਸੀ। ਇੱਥੋਂ ਤਕ ਕਿ ਸਕੂਲੀ ਪੜ੍ਹਾਈ ਵੀ ਦਾਰਜੀਲਿੰਗ ਦੇ ਬੋਰਡਿੰਗ ਸਕੂਲ ਤੋਂ ਹੀ ਕੀਤੀ। ਇੱਥੇ ਵੀ ਕੁਦਰਤ ਨਾਲ ਹੀ ਘਿਰੀ ਰਹੀ ਪਰ ਫਿਰ ਕਰੀਅਰ ਤੇ ਵਿਆਹ ਤੋਂ ਬਾਅਦ ਨੋਇਡਾ ਆਉਣਾ ਪਿਆ, ਜਿੱਥੇ ਸ਼ਹਿਰੀ ਪ੍ਰਦੂਸ਼ਣ ਕਾਰਨ ਜੀਵਨਸ਼ੈਲੀ ਨਾਲ ਜੁੜੀਆਂ ਕਈ ਸਮੱਸਿਆਵਾਂ ਆਈਆਂ। ਕੁਝ ਕੁ ਬਿਮਾਰੀਆਂ ਨੇ ਵੀ ਪਰੇਸ਼ਾਨ ਕੀਤਾ। 2015-16 ਦੀ ਇਕ ਘਟਨਾ ਦਾ ਜ਼ਿਕਰ ਕਰਦਿਆਂ ਉਸ ਨੇ ਦੱਸਿਆ ਕਿ ਮੈਂ ਆਪਣੇ ਬੇਟੇ ਨੂੰ ਇਲੈਕਟ੍ਰਾਨਿਕ ਗੈਜੇਟ ਤੇ ਸਮਾਰਟਫੋਨ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਹਫ਼ਤੇ ਦੇ ਆਖ਼ਰੀ ਦਿਨ ਬੇਟੇ ਨਾਲ ਪੰਛੀ ਦੇਖਣ ਲਈ ਓਖਲਾ ਬਰਡ ਸੈਂਚੁਰੀ ਜਾਣਾ ਸ਼ੁਰੂ ਕਰ ਦਿੱਤਾ। ਉੱਥੇ ਤਿੰਨ ਘੰਟੇ ਇਸ ਤਰ੍ਹਾਂ ਬਿਤਾਏ ਕਿ ਕੀ ਦੱਸਾਂ।

ਪਹਿਲੀ ਵਾਰ ਮੈਂ ਇੱਥੇ ਜਾਣਿਆ ਕਿ ਸਾਡੇ ਨੋਇਡਾ 'ਚ ਪੰਛੀਆਂ ਦੀਆਂ ਸੈਂਕੜੇ ਪ੍ਰਜਾਤੀਆਂ ਹਨ। ਕਮਾਲ ਦੀ ਗੱਲ ਇਹ ਸੀ ਕਿ ਉਥੋਂ ਵਾਪਸ ਆਉਣ ਤੋਂ ਬਾਅਦ ਵੀ ਸਾਨੂੰ ਥਕਾਵਟ ਨਹੀਂ ਹੋਈ ਤੇ ਇਸ ਤੋਂ ਉਲਟ ਅਸੀਂ ਊਰਜਾ ਨਾਲ ਭਰ ਗਏ। ਬੇਟਾ ਗੈਜੇਟਸ ਤੋਂ ਦੂਰ ਹੋਇਆ ਤੇ ਮੈਨੂੰ ਜਿਊਣ ਦਾ ਨਵਾਂ ਰਾਹ ਮਿਲਿਆ। ਦੀਪਿਕਾ ਨੇ ਦੱਸਿਆ ਕਿ ਇਸ ਦੌਰਾਨ ਉਸ ਨੂੰ 'ਫੋਰੈਸਟ ਬੇਦਿੰਗ ਕੰਸੈਪਟ' ਬਾਰੇ ਪਤਾ ਲੱਗਿਆ। ਉਸ ਨੇ ਉਸ ਦਾ ਅਧਿਐਨ ਕੀਤਾ ਤੇ 2019 'ਚ ਆਇਰਲੈਂਡ ਜਾ ਕੇ ਇਸ ਦੇ ਗਾਈਡ ਦੀ ਬਕਾਇਦਾ ਟ੍ਰੇਨਿੰਗ ਲਈ। ਉਥੋਂ ਹੀ ਵਾਪਸ ਆਉਣ 'ਤੇ ਫੋਰੈਸਟ ਥੈਰੇਪੀ, ਸੈਰ ਆਦਿ ਕਰਾਉਣੀ ਸ਼ੁਰੂ ਕੀਤੀ। ਅੱਜ ਉਹ ਨੋਇਡਾ, ਦਿੱਲੀ ਤੋਂ ਇਲਾਵਾ ਉਤਰਾਖੰਡ 'ਚ ਵੀ ਫੋਰੈਸਟ ਰਿਟ੍ਰੀਟ ਕਰਵਾਉਂਦੀ ਹੈ।

ਵਿਸ਼ਵਾਸ ਰੱਖਣ ਨਾਲ ਹੁੰਦੈ ਅਸਰ

ਦੋਸਤੋ ਜਦੋਂ ਅਸੀਂ ਵਾਰ-ਵਾਰ ਜੰਗਲਾਂ 'ਚ ਜਾਂਦੇ ਹਾਂ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਉਥੋਂ ਦੇ ਹੀਲਿੰਗ ਨੇਚਰ ਨੂੰ ਜਾਣਦੇ ਹਾਂ ਤਾਂ ਇਕ ਵੱਖਰੇ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ। ਪ੍ਰੀਵੈਟਿਵ ਵੈਲਨੈੱਸ 'ਤੇ ਕੰਮ ਕਰਨ ਵਾਲੇ ਅਚਾਰਿਆ ਨੀਰਜ ਦੱਸਦੇ ਹਨ ਕਿ ਜੰਗਲ ਜਾਂ ਕਿਸੇ ਕੁਦਰਤੀ ਥਾਂ 'ਤੇ ਜਾਣ ਨਾਲ ਪੰਜਾਂ ਇੰਦਰੀਆਂ ਜ਼ਰੀਏੇ ਬਹੁਤ ਸਾਰੇ ਕੰਪਾਊਡ ਸਰੀਰ ਅੰਦਰ ਜਾਂਦੇ ਹਨ ਤੇ ਇਕ ਰਸਾਇਣਕ ਪ੍ਰਕਿਰਿਆ ਪੈਦਾ ਹੁੰਦੀ ਹੈ, ਜੋ ਸਾਡੀ ਰੋਗ ਪ੍ਰਤੀਰੋਧੀ ਸਮਰਥਾ ਨੂੰ ਵਧਾਉਂਦੀ ਹੈ। ਨੀਰਜ ਅਨੁਸਾਰ ਜਦੋਂ ਅਸੀਂ ਕਿਸੇ ਚੀਜ਼ 'ਚ ਵਿਸ਼ਵਾਸ ਰੱਖਦੇ ਹਾਂ ਤਾਂ ਉਸ ਦਾ ਸਕਾਰਾਤਮਕ ਨਤੀਜਾ ਨਿਕਲਦਾ ਹੈ। ਕਈ ਵਾਰ ਡਾਕਟਰ ਕੋਲ ਜਾਣ ਨਾਲ ਸਾਡੀ ਤਕਲੀਫ਼ ਦੂਰ ਹੋ ਜਾਂਦੀ ਹੈ। ਇਸ ਨੂੰ ਪਲੇਸਬੋ ਪ੍ਰਭਾਵ ਕਹਿੰਦੇ ਹਨ। ਫੋਰੈਸਟ ਬੇਦਿੰਗ 'ਚ ਵੀ ਇਹੀ ਕੰਸਪੈਟ ਕੰਮ ਕਰਦਾ ਹੈ। ਜਦੋਂ ਅਸੀਂ ਇਸ ਭਰੋਸੇ ਨਾਲ ਕੁਦਰਤ ਦੀ ਗੋਦ 'ਚ ਜਾਂਦੇ ਹਾਂ ਕਿ ਉਥੇ ਸਕੂਨ ਤੇ ਸ਼ਾਂਤੀ ਮਿਲੇਗੀ ਤਾਂ ਉਹ ਅਸਲ 'ਚ ਵੱਧਦਾ-ਫੁੱਲਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਅੱਜ ਅਜਿਹਾ ਹੋ ਨਹੀਂ ਰਿਹਾ ਤੇ ਵੱਡੀ ਆਬਾਦੀ ਜੀਵਨਸ਼ੈਲੀ 'ਚ ਆਉਣ ਵਾਲੀਆਂ ਤਬਦੀਲੀਆਂ ਨਾਲ ਹੋਣ ਵਾਲੀਆਂ ਬਿਮਾਰੀਆਂ 'ਚ ਗ੍ਰਿਫ਼ਤ 'ਚ ਆ ਰਹੀ ਹੈ। ਕਹਿਣ ਨੂੰ ਤਾਂ ਬਹੁਤ ਸਾਰੇ ਲੋਕ ਟ੍ਰੈਵਲ ਕਰਦੇ ਹਨ ਪਰ ਉਨ੍ਹਾਂ ਦਾ ਮੁੱਖ ਉਦੇਸ਼ ਫੇਸਬੁੱਕ ਜਿਹੀਆਂ ਸੋਸ਼ਲ ਸਾਈਟਾਂ 'ਤੇ ਫੋਟੋ ਸ਼ੇਅਰ ਕਰਨਾ ਰਹਿ ਗਿਆ ਹੈ। ਜੇ ਕਿਤੇ ਫੋਟੋ ਲੈਣ ਤੋਂ ਖੁੰਝ ਜਾਂਦੇ ਹੋ ਤਾਂ ਬੇਚੈਨ ਹੋ ਜਾਂਦੇ ਹੋ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਦੀ ਗਿਣਤੀ ਜ਼ਿਆਦਾ ਹੈ, ਜੋ ਟ੍ਰੈਵਲ ਦੇ ਨਾਂ 'ਤੇ ਆਪਣੀ ਕਿਸੇ ਪ੍ਰਸਥਿਤੀ ਨਾਲ ਦੌੜ ਰਹੇ ਹੁੰਦੇ ਹਨ। ਇਸ ਨਾਲ ਉਨ੍ਹਾਂ ਨੂੰ ਉਹ ਅਨੁਭਵ ਨਹੀਂ ਹੁੰਦਾ, ਜੋ ਹੋਣਾ ਚਾਹੀਦਾ ਹੈ।

ਜੰਗਲਾਂ 'ਚ ਟ੍ਰੈਕਿਗ, ਦੂਰ ਹੋਈ ਬਿਮਾਰੀ

ਮੁੰਬਈ ਦੀ ਸੋਸ਼ਲ ਮੀਡੀਆ ਕੰਸਲਟੈਂਟ ਤੇ ਸਫ਼ਰਨਾਮਾ ਲੇਖਕ ਦਿਵਿਆਂਸ਼ੀ ਗੁਪਤਾ ਨੂੰ ਬ੍ਰੋਨਕਾਈਟਿਸ ਦੀ (ਸਾਹ ਸਬੰਧੀ ) ਗੰਭੀਰ ਸਮੱਸਿਆ ਸੀ। ਐਂਟੀ ਬਾਇਓਟਿਕ ਦਵਾਈਆਂ ਲੈਣ ਤੋਂ ਬਾਅਦ ਵੀ ਰਾਹਤ ਨਹੀਂ ਮਿਲ ਰਹੀ ਸੀ। ਉਦੋਂ ਉਨ੍ਹਾਂ ਨੂੰ ਪੱਛਮੀ ਸਿੱਕਮ ਸਥਿਤ ਬਾਰਸੇ ਰੋਡੋਡਂੇਡ੍ਰੋਨ ਸੈਂਚੁਰੀ 'ਚ ਹੋਣ ਵਾਲੇ ਇਕ ਟ੍ਰੈਕ ਦੀ ਜਾਣਕਾਰੀ ਮਿਲੀ। ਉਹ ਦੱਸਦੀ ਹੈ ਕਿ ਮੇਰੀ ਇਸ ਆਫਬੀਟ ਟ੍ਰੈਕ 'ਤੇ ਜਾਣ ਦੀ ਇੱਛਾ ਹੋਈ, ਹਾਲਾਂਕਿ ਮੈਂ ਉਸ ਲਈ ਸਰੀਰਕ ਤੌਰ 'ਤੇ ਫਿੱਟ ਨਹੀਂ ਸੀ। ਇਸ ਦੇ ਬਾਵਜੂਦ ਮੈਂ ਇਸ ਨੂੰ ਚੁਣੌਤੀ ਵਜੋਂ ਲਿਆ। ਤੁਸੀਂ ਕਲਪਨਾ ਨਹੀਂ ਕਰ ਸਕਦੇ, ਜਦੋਂ ਮੈਂ ਜੰਗਲਾਂ 'ਚ ਟਰੈਕ ਕਰ ਰਹੀ ਸੀ, ਤਾਂ ਮੈਂ ਕਈ ਦਰੱਖ਼ਤਾਂ ਨੂੰ ਆਪਣੀਆਂ ਬਾਹਾਂ 'ਚ ਭਰਨ ਦੀ ਕੋਸ਼ਿਸ਼ ਕੀਤੀ। ਸਾਰੀ ਥਕਾਵਟ ਲਈ ਉਨ੍ਹਾਂ ਦਾ ਸਹਾਰਾ ਲਿਆ ਤੇ ਕਿਤੇ ਉਨ੍ਹਾਂ ਦੀ ਛਾਂ ਹੇਠ ਬੈਠ ਗਈ। ਉਨ੍ਹਾਂ ਦਰੱਖ਼ਤਾਂ 'ਚੋਂ ਇੰਨੀ ਸਕਾਰਾਤਮਕ ਊਰਜਾ ਤੇ ਖ਼ੁਸ਼ੀ ਮਿਲੀ ਕਿ ਦੱਸ ਨਹੀਂ ਸਕਦੀ। ਮੈਂ ਘੰਟੇ ਦੇ ਕਰੀਬ ਹੌਲੀ-ਹੌਲੀ ਟ੍ਰੈਕਿੰਗ ਕੀਤੀ, ਕਿਉਂਕਿ ਸਮੂਹ ਦੇ ਮੈਂਬਰ ਜਾਂ ਤਾਂ ਅੱਗੇ ਨਿਕਲ ਗਏ ਸਨ ਜਾਂ ਪਿੱਛੇ ਰਹਿ ਗਏ ਸਨ। 2018 'ਚ ਕੀਤੇ ਇਸ ਟ੍ਰੈਕ ਤੇ ਖ਼ਾਸਕਰ ਦਰੱਖ਼ਤਾਂ ਨਾਲ ਰਿਸ਼ਤਾ ਬਣਾਉਣ ਦਾ ਇਹ ਅਸਰ ਹੋਇਆ ਕਿ ਦਿਵਿਆਂਸ਼ੀ ਦੀ ਇਹ ਸਮੱਸਿਆ ਹਮੇਸ਼ਾ ਲਈ ਛੂ-ਮੰਤਰ ਹੋ ਗਈ।

ਜ਼ਿੰਦਗੀ 'ਚ ਆਈ ਤਬਦੀਲੀ

ਜਦੋਂ ਲੋਕ ਕੁਦਰਤ ਨਾਲ ਸਮਾਂ ਬਿਤਾਉਂਦੇ ਹਨ, ਸਿਰਫ਼ ਟ੍ਰੈਕਿੰਗ, ਮੌਜ-ਮਸਤੀ ਨਹੀਂ, ਸਗੋਂ ਹੌਲੀ-ਹੌਲੀ ਸੈਰ ਕਰਦੇ ਹਨ, ਤਾਂ ਉਹ ਇਸ ਵਾਤਾਵਰਨ ਦਾ ਆਨੰਦ ਲੈਂਦੇ ਹਨ। ਜੰਗਲ ਦੇ ਆਪਣੇ ਨਿਯਮ-ਕਾਨੂੰਨ ਹੁੰਦੇ ਹਨ। ਸਾਰੇ ਜੀਵ-ਜੰਤੂਆਂ, ਪਸ਼ੂਆਂ, ਪੰਛੀਆਂ ਦੇ ਖ਼ਤਰਿਆਂ ਆਦਿ ਤੋਂ ਅਨਜਾਣ ਹੁੰਦੇ ਹਨ ਤੇ ਉਹ ਸੰਕੇਤਾਂ 'ਚ ਇਕ-ਦੂਸਰੇ ਨੂੰ ਸੁਨੇਹੇ ਵੀ ਭੇਜ ਦਿੰਦੇ ਹਨ। ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੈਮਰੇ ਫਲੈਸ਼ ਨਾ ਕਰੋ, ਮੋਬਾਈਲ ਬੰਦ ਨਾ ਕਰੋ। ਉਦੋਂ ਬਿਨਾਂ ਕਿਸੇ ਭਟਕਣ ਤੋਂ ਉਥੋਂ ਦੇ ਹਰ ਪਲ, ਸ਼ਾਂਤੀ ਨੂੰ ਅੰਦਰ ਤਕ ਸਮਾ ਸਕੋਗੇ। ਜੰਗਲ 'ਚ ਵੈਸੇ ਵੀ ਲੋਕ ਸਰੀਰਕ ਤੌਰ 'ਤੇ ਜ਼ਿਆਦਾ ਸਰਗਰਮ ਹੁੰਦੇ ਹਨ। ਕਈ ਲੋਕਾਂ ਦੀ ਪ੍ਰਤੀਕਿਰਿਆ ਰਹੀ ਹੈ ਕਿ ਕੁਦਰਤ ਨਾਲ ਜੁੜਨ ਕਾਰਨ ਉਨ੍ਹਾਂ ਦੇ ਜੀਵਨ 'ਚ ਵੀ ਸਾਰਥਿਕ ਤਬਦੀਲੀ ਆਈ ਹੈ।

ਕੁਦਰਤ ਤੋਂ ਮਿਲੀ ਹਾਂ-ਪੱਖੀ ਊਰਜਾ

ਅੱਜ ਦੀ ਨੌਕਰੀਪੇਸ਼ਾ ਪੀੜ੍ਹੀ ਜ਼ਿਆਦਾਤਰ ਸਮਾਂ ਬੂਟਾਂ 'ਚ ਬਿਤਾਉਂਦੀ ਹੈ। ਉਨ੍ਹਾਂ ਕੋਲ ਨੰਗੇ ਪੈਰੀਂ ਚੱਲਣ ਦਾ ਸਮਾਂ ਹੀ ਨਹੀਂ ਹੁੰਦਾ। ਉਹ ਹਰ ਸਮੇਂ ਕਿਸੇ ਨਾ ਕਿਸੇ ਫੋਨ, ਗੈਜੇਟ, ਲੈਪਟਾਪ ਜਾਂ ਟੀਵੀ 'ਚ ਘਿਰੇ ਹੁੰਦੇ ਹਨ। ਅਜਿਹੇ ਲੋਕਾਂ ਲਈ ਦੀਪਿਕਾ ਜ਼ਮੀਨੀ ਪੱਧਰ ਦੀਆਂ ਗਤੀਵਿਧੀਆਂ ਕਰਵਾਉਂਦੀ ਹੈ। ਇਸ 'ਚ ਨੰਗੇ ਪੈਰ ਜ਼ਮੀਨ 'ਤੇ ਚੱਲਣਾ ਹੁੰਦਾ ਹੈ। ਇਸ ਪ੍ਰਕਿਰਿਆ ਨਾਲ ਨੀਂਦ ਨਾ ਆਉਣ, ਸਰੀਰ ਦਾ ਫੁੱਲਣਾ ਆਦਿ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਹੀ ਪ੍ਰਕਿਰਿਆ ਦਰੱਖ਼ਤਾਂ ਦੇ ਸੰਪਰਕ 'ਚ ਆਉਣ ਨਾਲ ਵੀ ਹੁੰਦੀ ਹੈ, ਕਿਉਂਕਿ ਉਨ੍ਹਾਂ ਦੀਆਂ ਜੜ੍ਹਾਂ ਵੀ ਧਰਤੀ 'ਚ ਡੂੰਘੀਆਂ ਹੋਣ ਕਰਕੇ ਮਨੁੱਖ ਨੂੰ ਨਕਾਰਾਤਮਕ ਪ੍ਰਭਾਵਾਂ ਤੋਂ ਬਚਾਉਂਦੀਆਂ ਹਨ। ਦੀਪਿਕਾ ਵਾਂਗ ਸੁਕੰਨਿਆ ਨੂੰ ਵੀ ਕੁਦਰਤ ਤੇ ਟ੍ਰੈਵਲਿੰਗ ਦਾ ਇੰਨਾ ਸ਼ੌਕ ਸੀ ਕਿ ਉਸ ਨੇ ਨੌਕਰੀ ਛੱਡ ਕੇ ਕੁਝ ਵੱਖਰਾ ਕਰਨ ਦਾ ਫ਼ੈਸਲਾ ਲਿਆ। ਉਹ ਦੱਸਦੀ ਹੈ ਕਿ ਮੈਂ ਆਪਣੀ ਟ੍ਰੈਵਲ ਕੰਪਨੀ ਜ਼ਰੀਏ ਘੁੰਮਣ ਵਾਲਿਆਂ ਨੂੰ ਕੁਦਰਤ ਨਾਲ ਜੁੜਨ ਦਾ ਮੌਕਾ ਦਿੰਦੀ ਹਾਂ। ਮੇਰੇ ਸਾਰੇ ਹੋਮ ਸਟੇਅ ਉਤਰਾਖੰਡ ਜੰਗਲਾਂ ਦੇ ਆਸ-ਪਾਸ ਹੈ। ਮੈਨੂੰ ਸਾਰਾ ਕੁਝ ਕੁਦਰਤ ਦੇ ਪਿਆਰ ਨੇ ਹੀ ਦਿੱਤਾ ਹੈ।

ਗੁਣਕਾਰੀ ਹੈ ਜੰਗਲ 'ਚ ਸਾਹ ਲੈਣਾ

1982 'ਚ ਜਾਪਾਨ 'ਚ ਪੇਸ਼ੇਵਰਾਂ ਦੇ ਤਣਾਅ, ਬਲੱਡ ਪ੍ਰੈਸ਼ਰ ਨੂੰ ਘੱਟ ਕਰਨ, ਉਨ੍ਹਾਂ ਦੀ ਇਕਾਗਰਤਾ ਤੇ ਯਾਦਦਾਸ਼ਤ ਨੂੰ ਵਧਾਉਣ ਤੇ ਰੋਗ ਪ੍ਰਤੀਰੋਧ ਸਮਰੱਥਾ ਨੂੰ ਦਰੁੱਸਤ ਕਰਨ ਲਈ ਜਾਪਾਨ 'ਚ ਫੋਰੈਸਟ ਬੇਦਿੰਗ ਯਾਨੀ ਥੈਰੇਪੀ ਦੀ ਸ਼ੁਰੂਆਤ ਹੋਈ ਸੀ। ਇਸ 'ਚ ਲੋਕਾਂ ਨੂੰ ਕੁਦਰਤ 'ਚ ਰਹਿਣ ਦਾ ਸੁਨਹਿਰੀ ਮੌਕਾ ਮਿਲਦਾ ਹੈ। ਸ਼ੁੱਧ ਹਵਾ 'ਚ ਸਾਹ ਲੈਣ ਨਾਲ ਮਨ ਸ਼ਾਂਤ ਹੁੰਦਾ ਹੈ। ਲੋਕ ਆਪਣੀ ਮਰਜ਼ੀ ਤੇ ਪਸੰਦ ਨਾਲ ਜੰਗਲਾਂ 'ਚ ਹੌਲੀ ਰਫ਼ਤਾਰ ਨਾਲ ਸੈਰ ਕਰਦੇ ਹਨ। ਉੱਥੋਂ ਦੇ ਪ੍ਰਦੂਸ਼ਣ ਮੁਕਤ ਵਾਤਾਵਰਨ 'ਚ ਖ਼ੁਦ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਦਾ ਹੈ। ਜੇ ਤੁਸੀਂ ਕਿਸੇ ਸਰਟੀਫਾਈਡ ਫੋਰੈਸਟ ਬੇਦਿੰਗ ਗਾਈਡ ਦੇ ਮਾਰਗਦਰਸ਼ਨ ਨਾਲ ਇਹ ਕਰਦੇ ਹੋ ਤਾਂ ਇਸ ਦੇ ਕਾਫ਼ੀ ਫ਼ਾਇਦੇ ਹੋ ਸਕਦੇ ਹਨ।

ਫੋਰੈਸਟ ਥੈਰੇਪੀ ਦੇ ਕੁਝ ਟਿਕਾਣੇ

J ਸਤਪੁਰਾ ਨੈਸ਼ਨਲ ਪਾਰਕ, ਮੱਧ ਪ੍ਰਦੇਸ਼।

J ਸੈਈਲੈਂਟ ਵੈਲੀ, ਕੇਰਲ।

J ਅਗੁਮਬੇ ਰਿਜ਼ਰਵ ਫੋਰੈਸਟ, ਕਰਨਾਟਕ।

J ਪਿਓਰਾ ਫੋਰੈਸਟ, ਉਤਰਾਖੰਡ।

J ਜੋਂਗੂ ਵਿਲੇਜ, ਗੰਗਟੋਕ।

J ਗ੍ਰੇਟ ਹਿਮਾਲਿਆਨ ਨੈਸ਼ਨਲ ਪਾਰਕ, ਹਿਮਾਚਲ ਪ੍ਰਦੇਸ਼।

ਕੁਦਰਤ ਨਾਲ ਜੋੜਨਾ ਹੈ ਮਕਸਦ

ਵਿਗਿਆਨਕ ਨਜ਼ਰੀਏ ਤੋਂ ਦੇਖੀਏ ਤਾਂ ਕੁਦਰਤ ਕਈ ਤਰ੍ਹਾਂ ਨਾਲ ਸਾਨੂੰ ਹੀਲ ਕਰਦੀ ਹੈ। ਇਨ੍ਹਾਂ ਸਿਧਾਂਤਕ ਗੱਲਾਂ ਨੂੰ ਵਰਤੋਂ 'ਚ ਕਿਵੇਂ ਲਿਆਂਦਾ ਜਾਵੇ, ਲੋਕਾਂ ਨੂੰ ਅਨੁਭਵ ਕਿਵੇਂ ਕਰਵਾਇਆ ਜਾਵੇ। ਇਹ ਸਵਾਲ ਅਚਾਰਿਆ ਨੀਰਜ ਦੇ ਮਨ 'ਚ ਆਇਆ ਤੇ ਉਸ ਨੇ ਵੈਲਨੈੱਸ ਕੰਪਨੀ ਸ਼ੁਰੂ ਕੀਤੀ। ਇਸ ਨੂੰ ਸ਼ੁਰੂ ਕਰਨ ਦਾ ਮਕਸਦ ਸਿਰਫ਼ ਇਹੀ ਸੀ ਕਿ ਲੋਕ ਕਿਵੇਂ ਕੁਦਰਤ ਨਾਲ ਪਿਆਰ ਕਰਨਾ ਸ਼ੁਰੂ ਕਰਨ, ਘਰਾਂ ਤੋਂ ਬਾਹਰ ਨਿਕਲਣ, ਖੁੱਲ੍ਹੀ ਹਵਾ 'ਚ ਸਾਹ ਲੈਣ, ਕੁਦਰਤ ਨਾਲ ਜੁੜਨ। ਉਸ ਨੇ ਮਹਿਸੂਸ ਕੀਤਾ ਕਿ ਜਦੋਂ ਤੁਸੀਂ ਗੰਗਾ ਦੇ ਪਵਿੱਤਰ ਸਥਾਨ 'ਤੇ ਜਾਂਦੇ ਹੋ ਤਾਂ ਧਿਆਨ ਲਾਉਣ 'ਚ ਮਿਹਨਤ ਨਹੀਂ ਕਰਨੀ ਪੈਂਦੀ, ਖ਼ੁਦ ਹੀ ਧਿਆਨ ਲੱਗ ਜਾਂਦਾ ਹੈ। ਅਸੀਂ ਇਕਾਗਰ ਅਵਸਥਾ 'ਚ ਆ ਜਾਂਦੇ ਹਾਂ।

ਕੁਦਰਤੀ ਨਜ਼ਾਰਿਆਂ ਦੀ ਊਰਜਾ

ਅੱਜ ਦੀ ਜੋ ਜੀਵਨਸ਼ੈਲੀ ਹੋ ਗਈ ਹੈ, ਉਸ 'ਚ ਸਮੇਂ ਦੀ ਕਿੱਲਤ ਵੱਡੀ ਸਮੱਸਿਆ ਹੈ। ਫਿਰ ਵੀ ਸੁਕੰਨਿਆ ਲੋਕਾਂ ਨੂੰ ਟ੍ਰੈਕਿੰਗ, ਹਾਈਕਿੰਗ, ਕੁਦਰਤ 'ਚ ਜਾਣ ਲਈ ਪ੍ਰੇਰਿਤ ਕਰਦੀ ਹੈ, ਤਾਂ ਜੋ ਖ਼ੁਦ 'ਚ ਨਵੀਂ ਊਰਜਾ ਭਰ ਸਕੋ। ਖ਼ਾਸਕਰ ਉਹ ਔਰਤਾਂ ਨੂੰ ਉਤਸ਼ਾਹਿਤ ਕਰਦੀ ਹੈ ਕਿ ਉਹ ਖ਼ੁਦ ਲਈ ਸਮਾਂ ਕੱਢਣ ਤੇ ਯਾਤਰਾ ਕਰਨ।

Posted By: Harjinder Sodhi