11 ਫਰਵਰੀ 2020 ਨੂੰ ਮੇਰੇ ਮੋਢੇ 'ਤੇ ਬੈਗ ਲਟਕਿਆ ਵੇਖ ਕੇ ਮੇਰਾ ਪੋਤਰਾ ਗੋਰਸ਼ ਮੈਨੂੰ ਕਹਿੰਦਾ ਹੈ 'ਦਾਦੂ ਕਹਾਂ ਜਾ ਰਹੇ ਹੋ?' 'ਯਾਤਰਾ ਤੇ...' ਮੇਰੇ ਮੂੰਹੋਂ ਨਿਕਲਦਾ ਹੈ। 'ਦਾਦੂ ਆਪ ਬਹੁਤ ਘੂੰਮਤੇ ਹੋ, ਐਸਾ ਕਰੋ ਆਪ ਪਹਾੜੋਂ ਮੇ ਹੀ ਏਕ ਘਰ ਬਨਾ ਲੋ।' ਮੇਰੀ ਪੋਤਰੀ ਮੰਨਤ ਵੀ ਉਸ ਦਾ ਸਾਥ ਦੈਂਦੀ ਹੈ। 'ਚਲੋ ਓਕੇ ਦਾਦੂ, ਬਾਏ-ਬਾਏ, ਹੈਪੀ ਜਰਨੀ।' ਦੋਵੇਂ ਬੱਚੇ ਗੇਟ ਬੰਦ ਕਰਦੇ ਹਨ। ਮੈਂ ਰੇਲਵੇ ਸਟੇਸ਼ਨ ਜਾਣ ਲਈ ਆਪਣੀ ਐਕਟਿਵਾ ਸਟਾਰਟ ਕਰਦਾ ਹਾਂ। ਯਾਤਰਾ ਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਸੀ।

ਮੇਰੀ ਜ਼ਿੰਦਗੀ ਦਾ ਇਕ ਪੰਨਾ 45 ਸਾਲ ਪਿੱਛੇ ਪਲਟਦਾ ਹੈ। ਉਹ ਮੇਰੀ ਪਹਿਲੀ ਵੈਸ਼ਨੋ ਦੇਵੀ ਦੀ ਯਾਤਰਾ ਸੀ। ਉਦੋਂ ਮੇਰੀ ਉਮਰ ਕਰੀਬ 15 ਸਾਲ ਹੋਵੇਗੀ। ਦਸੰਬਰ ਦਾ ਠੰਡਾ ਮਹੀਨਾ, ਆਪਣੇ ਦੋ ਦੋਸਤਾਂ ਨਾਲ ਤੁਰਨ ਲਗਿਆਂ ਮੇਰੀ ਮਾਂ ਨੇ ਵੱਡੇ ਗਰਮ ਖੇਸ ਨੂੰ ਦੂਹਰਾ ਕਰ ਕੇ ਮੈਨੂੰ ਦਿੱਤਾ ਤੇ ਗਰਮ ਗੁਲੂਬੰਦ ਮੇਰੇ ਗਲ਼ 'ਚ ਬੰਨ੍ਹ ਦਿੱਤਾ ਸੀ। ਦੇਸੀ ਘਿਓ ਦੀਆਂ ਪਿੰਨੀਆਂ ਦਾ ਡੱਬਾ ਤੇ ਹੋਰ ਨਿਕ-ਸੁਕ ਮੇਰੇ ਥੈਲੇ ਵਿਚ ਪਾ ਦਿੱਤਾ ਸੀ। ਕਿੰਨੀਆਂ ਹੀ ਸਾਵਧਾਨੀਆਂ ਮੈਨੂੰ ਸਮਝਾਈਆਂ, ਮੈਨੂੰ ਕੁਝ ਯਾਦ ਨਹੀਂ। ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਸੀ। ਇੱਕਲਾ ਹੋਣ ਕਰਕੇ ਮੈਂ ਉਸ ਦੀਆਂ ਅੱਖਾਂ ਦਾ ਨੂਰ ਸੀ। ਰੱਬਾ ਕਿਸੇ ਦੀ ਮਾਂ ਨਾ ਮਰੇ।

ਲੁਧਿਆਣਾ ਰੇਲਵੇ ਸਟੇਸ਼ਨ ਦੇ ਸਕੂਟਰ ਸਟੈਂਡ 'ਤੇ ਆਪਣੀ ਐਕਟਵਾ ਲਾ ਕੇ ਮੈਂ ਪਲੈਟਫਾਰਮ 'ਤੇ ਪਹੁੰਚਦਾ ਹਾਂ। ਸ੍ਰੀ ਸ਼ਕਤੀ ਐਕਸਪ੍ਰੈਸ ਨਿਰਧਾਰਤ ਸਮੇਂ ਰਾਤ ਦੇ 10 ਵਜੇ ਪਲੈਟਫਾਰਮ ਨੰਬਰ-5 'ਤੇ ਪਹੁੰਚਦੀ ਹੈ। ਸੈਕਿੰਡ ਏਸੀ ਦੀ ਸਾਈਡ ਲੋਅਰ ਸੀਟ ਮੇਰੀ ਪਹਿਲਾਂ ਹੀ ਬੁੱਕ ਹੈ। ਲੁਧਿਆਣਾ ਤੋਂ ਚੱਲ ਕੇ ਜਲੰਧਰ, ਪਠਾਨਕੋਟ, ਜੰਮੂ, ਉੱਧਮ ਨਗਰ ਰੁਕ ਕੇ ਟਰੇਨ, ਕੱਟੜਾ ਰੇਲਵੇ ਸਟੇਸ਼ਨ 'ਤੇ ਤੜਕੇ ਪੰਜ ਵਜੇ ਪਹੁੰਚਦੀ ਹੈ। ਕੱਟੜਾ ਉੱਤਰੀ ਭਾਰਤ ਦਾ ਸਭ ਤੋਂ ਸੁੰਦਰ ਸਟੇਸ਼ਨ ਹੈ। ਇਸ ਦੀ ਖ਼ੂਬਸੂਰਤੀ ਦਾ ਵਰਨਣ ਮੈਂ ਆਪਣੇ ਪਿਛਲੇ ਲੇਖ 'ਦੋ ਸੁੰਦਰ ਸਟੇਸ਼ਨ ਬਿਆਸ ਤੇ ਕੱਟੜਾ' ਐਤਵਾਰ 24 ਨੰਵਬਰ 2019 ਵਿਚ ਕਰ ਚੁੱਕਾ ਹਾਂ। ਸਾਹਮਣੇ ਵਿਸ਼ਾਲ ਤ੍ਰਿਕੁਟਾ ਪਰਬਤ 'ਤੇ ਜਗਦੀਆਂ ਲਾਈਟਾਂ ਨੂੰ ਨਿਹਾਰਦਾ ਹੋਇਆ ਮੈਂ ਆਟੋ ਫੜ ਕੇ ਕੱਟੜਾ ਸ਼ਹਿਰ ਦੇ ਮੇਨ ਚੌਂਕ 'ਚ ਪਹੁੰਚਦਾ ਹਾਂ।

ਅੱਜ ਤੋ ਕਰੀਬ 70 ਸਾਲ ਪਹਿਲਾਂ ਕੱਟੜਾ ਇਕ ਛੋਟਾ ਜਿਹਾ ਪਿੰਡ ਸੀ। ਇੱਥੇ ਸਹੂਲਤਾਂ ਤੇ ਸਾਧਨ ਸੀਮਤ ਹੀ ਹੁੰਦੇ ਸਨ। ਕੁਝ ਪੰਡਤਾਂ ਤੇ ਕਸ਼ਮੀਰੀ ਮੁਸਲਮਾਨਾਂ ਦੇ ਹੀ ਘਰ ਸਨ। ਮੁਸਲਮਾਨ ਭੇਡਾਂ-ਬੱਕਰੀਆਂ-ਖੱਚਰਾਂ ਦੇ ਕੰਮ ਕਰਦੇ ਸਨ। ਪੰਡਤਾਂ ਦੀਆਂ ਪਰਸ਼ਾਦ ਦੀਆਂ ਦੁਕਾਨਾਂ ਸਨ ਤੇ ਘਰਾਂ ਦੇ ਕਮਰੇ ਯਾਤਰੀਆਂ ਨੂੰ ਕਿਰਾਏ ਤੇ ਦਿੱਤੇ ਜਾਂਦੇ ਸਨ। ਹੌਲੀ-ਹੌਲੀ ਕੱਟੜਾ ਯਾਤਰੀਆਂ ਦੀ ਆਮਦ ਨਾਲ ਵਿਕਸਿਤ ਹੋਣ ਲੱਗਾ। ਅੱਜ ਕੱਟੜਾ ਸਾਰੀਆਂ ਆਧੁਨਿਕ ਸਹੂਲਤਾਂ ਵਾਲਾ ਸ਼ਹਿਰ ਹੈ। ਕੱਟੜੇ ਦੀ ਖ਼ੂਬਸੂਰਤੀ ਤੇ ਵਿਸ਼ਾਲਤਾ ਮੈਂ ਪਿਛਲੇ ਸਾਲ ਇਕ ਲੇਖ 'ਚ ਕਰ ਚੁੱਕਾ ਹਾਂ, ਜਿਹੜਾ ਕਿ 'ਪੰਜਾਬੀ ਜਾਗਰਣ' ਵਿਚ 24 ਫਰਵਰੀ 2019 ਦੇ 'ਯਾਤਰਾ' ਅੰਕ 'ਚ ਛਪੀ ਸੀ। ਸਵੇਰ ਦੇ 6 ਵੱਜਣ ਵਾਲੇ ਹਨ। ਮੈਂ ਕਟੜੇ ਦੇ ਖੁੱਲ੍ਹੇ ਚੌਂਕ 'ਚ ਇਕ ਚਾਹ ਵਾਲੀ ਰੇਹੜੀ ਤੋਂ ਬਰੈੱਡ-ਬਟਰ ਅਤੇ ਚਾਹ ਬਣਵਾ ਕੇ ਪੀਂਦਾ ਹਾਂ। ਯਾਤਰਾ ਪਰਚੀ ਇਸੇ ਚੌਕ ਵਿਚ ਸਰਕਾਰੀ ਦਫ਼ਤਰ ਤੋਂ ਮਿਲਦੀ ਹੈ। ਪਰਚੀ ਲੈਣ ਲਈ ਅਪਣਾ ਸ਼ਨਾਖਤੀ ਕਾਰਡ ਵਿਖਾ ਕੇ ਫੋਟੋ ਖਿਚਵਾਉਣੀ ਪੈਂਦੀ ਹੈ। ਅੱਜ-ਕੱਲ੍ਹ ਇਹ ਯਾਤਰਾ ਪਰਚੀ ਆਨਲਾਈਨ ਵੀ ਬਣ ਜਾਂਦੀ ਹੈ, ਜਿਸ ਦੀ ਕੋਈ ਫੀਸ ਨਹੀ ਲਗਦੀ। ਆਟੋ ਫੜ ਕੇ ਬਾਣ ਗੰਗਾ ਪਹੁੰਚਦਾ ਹਾਂ। ਬਾਣ ਗੰਗਾ ਚੈੱਕ ਪੋਸਟ 'ਤੇ ਹਰ ਯਾਤਰੀ ਦੀ ਪਹਿਲੀ ਚੈਕਿੰਗ ਹੁੰਦੀ ਹੈ। ਸਵੇਰੇ ਮੈਂ ਸਟੇਸ਼ਨ ਦੇ ਕਲਾਕ ਰੂਮ 'ਚ ਆਪਣਾ ਬੈਗ ਜਮ੍ਹਾਂ ਕਰਵਾ ਦਿੱਤਾ ਸੀ। ਹੁਣ ਛੋਟਾ ਬੈਗ ਹੋਣ ਕਰਕੇ ਮੈਂ ਮੁਢਲੀ ਚੈਕਿੰਗ ਤੋਂ ਜਲਦੀ ਫਾਰਗ ਹੋ ਜਾਂਦਾ ਹਾਂ।

ਪਹਿਲਾਂ ਕਾਫ਼ੀ ਵਾਰ ਇੱਥੇ ਆਇਆ ਹਾਂ। ਅੱਜ ਸਿਰਫ਼ ਨਵਾਂ ਰਾਹ ਤਾਰਾ ਕੋਟ ਮਾਰਗ ਵੇਖਣ ਦੀ ਤਮੰਨਾ ਹੈ। ਮਹਰੂਮ ਗੁਲਸ਼ਨ ਕੁਮਾਰ ਦੇ ਲੰਗਰ ਸਥਾਨ ਦੇ ਨਾਲ ਖੱਬੇ ਪਾਸੇ ਨਵੇਂ ਰਾਹ ਨੂੰ ਸੜਕ ਮੁੜਦੀ ਹੈ। ਮਾਤਾ ਵੈਸ਼ਨੋ ਦੇਵੀ ਸ਼ਰਾਇਨ ਬੋਰਡ ਨੇ ਬੜੀ ਮੁਸ਼ੱਕਤ ਨਾਲ ਇਹ ਸੜਕ ਤਿਆਰ ਕੀਤੀ ਹੈ। ਇਸ ਨਵੇਂ ਮਾਰਗ ਦੇ ਬੜੇ ਵਿਰੋਧ ਹੋਏ। ਪੁਰਾਣੇ ਰਸਤੇ ਦੇ ਦੁਕਾਨਦਾਰਾਂ ਤੇ ਦਿਹਾੜੀਦਾਰਾਂ ਨੇ ਬੜਾ ਵਿਰੋਧ ਕੀਤਾ ਪਰ ਸ਼ਰਾਇਨ ਬੋਰਡ ਨਵਾਂ ਮਾਰਗ ਬਣਾਉਣ ਲਈ ਡਟੀ ਰਹੀ। ਇਹ ਨਵਾਂ ਮਾਰਗ ਕਰੀਬ 8 ਕਿਲੋਮੀਟਰ ਲੰਬਾ ਹੈ। ਇਸ ਦੀ ਚੌੜਾਈ 20 ਫੁੱਟ ਹੈ। ਇਸ ਨੂੰ ਬਣਾਉਣ 'ਤੇ 80 ਕਰੋੜ ਰੁਪਏ ਖ਼ਰਚ ਹੋਏ। ਇਸ ਨੂੰ ਸੁੰਦਰ ਤੇ ਹਰਿਆਵਲਾ ਬਣਾਉਣ ਲਈ ਕਰੀਬ 50 ਹਜ਼ਾਰ ਬੂਟੇ ਲਗਾਉਣੇ ਪਏ।

ਇਸ ਰਸਤੇ 'ਤੇ ਕੁਦਰਤੀ ਨਜ਼ਾਰੇ ਵੇਖਦਾ ਪੈਂਦਲ ਜਾ ਰਿਹਾ ਹਾਂ। ਟਾਵਾਂ-ਟਾਵਾਂ ਯਾਤਰੀ ਨਜ਼ਰ ਆਉਂਦਾ ਹੈ। ਮੀਂਹ-ਕਣੀ ਤੋਂ ਬਚਣ ਲਈ ਥੋੜ੍ਹੀ-ਥੋੜ੍ਹੀ ਜਗ੍ਹਾ ਛੱਡ ਕੇ ਪੂਰੇ ਰਸਤੇ 'ਤੇ ਲੋਹੇ ਦਾ ਸ਼ੈੱਡ ਪਾਏ ਹੋਏ ਹਨ। ਹਰ 100 ਫੁੱਟ 'ਤੇ ਵਧੀਆਂ ਸਪੀਕਰ ਲੱਗੇ ਹੋਏ ਹਨ, ਜਿਨ੍ਹਾ ਤੇ ਮੰਤਰ-ਮੁਗਧ ਕਰਨ ਵਾਲੇ ਭਜਨ ਚੱਲ ਰਹੇ ਹਨ। ਇਸ ਨਵੇਂ ਰਸਤੇਂ 'ਤੇ ਘੋੜੇ, ਪਿਠੂ ਤੇ ਪਾਲਕੀ ਲਿਜਾਣ ਦੀ ਸਖ਼ਤ ਮਨਾਹੀ ਹੈ। ਕੋਈ-ਕੋਈ ਜੀਪ ਜਾਂ ਛੋਟਾ ਟੈਂਪੂ ਸਮਾਨ ਲੈ ਕੇ ਲੰਘਦਾ ਹੈ। ਪੁਰਾਣੇ ਰਸਤੇ ਦੇ ਮੁਕਾਬਲੇ ਇਹ ਰਸਤਾ ਆਸਾਨ ਜ਼ਰੂਰ ਹੈ ਪਰ ਪੈਂਡਾ ਜ਼ਿਆਦਾ ਹੈ। ਤੁਰਦੇ-ਤੁਰਦੇ ਇਕ ਮੋੜ ਆਉਂਦਾ ਹੈ, ਉਸ ਮੋੜ ਤੋਂ ਇਕ ਸੜਕ ਕੱਟੜੇ ਨੂੰ ਜਾਂਦੀ ਹੈ। ਇਥੇ ਕੁਝ ਆਟੋ ਖੜ੍ਹੇ ਹਨ, ਜੋ ਕੱਟੜਾ ਤਕ ਜਾਂਦੇ ਹਨ। ਇਸ ਤੋਂ ਅੱਗੇ ਪੁਲਿਸ ਦਾ ਚੈੱਕ ਪੋਸਟ ਹੈ। ਇੱਥੇ ਯਾਤਰੀਆਂ ਦੀ ਫਿਰ ਚੈਕਿੰਗ ਹੁੰਦੀ ਹੈ। ਨਾਲ ਹੀ ਸਨੈਕ ਬਾਰ ਹੈ, ਜੋ ਅਜੇ ਖੁੱਲ੍ਹਾ ਨਹੀਂ। ਇਸ ਲੰਬੇ ਰਸਤੇ 'ਤੇ ਸਿਰਫ ਇਕ ਹੀ ਸਨੈਕ ਬਾਰ ਹੈ। ਕੁਝ ਚਾਹ ਦੀਆਂ ਦੁਕਾਨਾਂ ਹਨ। ਇਸ 8 ਕਿਲੋਮੀਟਰ ਮਾਰਗ 'ਤੇ ਚਾਰ-ਪੰਜ ਕਾਉਂਟਰੀ ਰਿਜ਼ੋਰਟ ਹਨ। ਰਿਜ਼ੋਰਟ ਤੋਂ ਕੇਵਲ ਬਿਸਕੁਟ, ਕੋਲਡ ਡਰਿੰਕਸ, ਪਾਊਡਰ ਵਾਲੀ ਚਾਹ-ਕੌਫੀ ਹੀ ਮਿਲਦੀ ਹੈ।

ਨਵਾਂ ਤਾਰਾਕੋਟ ਮਾਰਗ ਬੇਹਦ ਸੁੰਨਸਾਨ ਹੈ, ਕੋਈ ਰੋਣਕ ਨਹੀ। ਇੱਕਾ-ਦੁੱਕਾ ਹੀ ਯਾਤਰੀ ਮਿਲਦੇ ਹਨ। ਇਕਾਂਤ ਪਸੰਦ ਯਾਤਰੀਆਂ ਵਾਸਤੇ ਇਹ ਮਾਰਗ ਲਾਹੇਵੰਦ ਹੋ ਸਕਦਾ ਹੈ। ਫਿਲਟਰ ਵਾਲੇ ਪਾਣੀ ਦੀਆਂ ਮਸ਼ੀਨਾ ਜਾਂ ਤਾਂ ਖ਼ਰਾਬ ਹਨ ਜਾਂ ਇਨ੍ਹਾਂ ਨੂੰ ਬੰਦ ਕੀਤਾ ਹੋਇਆ ਹੈ। ਰਸਤੇ 'ਚ ਬਣਾਏ ਗਏ ਚੰਗੇ ਬਾਥਰੂਮਾਂ ਦੀ ਤਾਰੀਫ਼ ਕਰਨੀ ਪਵੇਗੀ। ਭਾਵੇਂ ਇਸ ਨਵੇਂ ਰਸਤੇ ਦੀ ਚੜ੍ਹਾਈ ਹਲਕੀ-ਹਲਕੀ ਹੈ ਪਰ ਫਿਰ ਵੀ ਚੱਲਦੇ-ਚੱਲਦੇ ਸਾਹ ਚੜ੍ਹਦਾ ਹੈ। ਛੋਟਾ ਜਿਹਾ ਮੈਡੀਕਲ ਕੇਅਰ ਵੀ ਰਸਤੇ ਵਿਚ ਆਉਂਦਾ ਹੈ। ਸਵੇਰ ਦੇ 10 ਵੱਜਣ ਵਾਲੇ ਹਨ, ਕੋਈ ਢਾਬਾ ਜਾਂ ਭੋਜਨਾਲਿਆ ਨਹੀਂ ਮਿਲਿਆ, ਜਿੱਥੇ ਨਾਸ਼ਤਾ ਕੀਤਾ ਜਾ ਸਕੇ। ਇਕ ਸਾਈਨ ਬੋਰਡ ਨਜ਼ਰ ਆਉਂਦਾ ਹੈ, ਉਸ 'ਤੇ ਲਿਖਿਆ ਹੈ ਕਿ ਲੰਗਰ ਇੱਥੋਂ 1000 ਹਜ਼ਾਰ ਮੀਟਰ ਦੂਰੀ 'ਤੇ ਹੈ।

ਬੜਾ ਸੁੰਦਰ ਲੰਗਰ ਘਰ ਨਜ਼ਰ ਆਉਂਦਾ ਹੈ। ਲੰਗਰ ਘਰ ਦੇ ਬਗ਼ੀਚੇ ਵਿਚ ਪਾਣੀ ਦਾ ਫ਼ੁਹਾਰਾ ਚੱਲ ਰਿਹਾ ਹੈ। ਆਧੁਨਿਕ ਢੰਗ ਦੇ ਸਟੂਲ, ਫਿਕਸ ਸਟੀਲ ਦੇ ਟੇਬਲ ਲਿਸ਼ਕ ਰਹੇ ਹਨ। ਲੰਗਰ ਖਾਣ ਵਾਲੇ ਯਾਤਰੀ ਸਿਰਫ਼ ਦੋ ਹੀ ਹਨ। ਅਪਣੇ ਕੈਮਰੇ ਨਾਲ ਇਸ ਸੁੰਦਰ ਇਮਾਰਤ ਦੀਆਂ ਦੋ-ਤਿੰਨ ਫੋਟੋਆਂ ਖਿੱਚਦਾ ਹਾਂ। ਸੈਲਫ ਸਰਵਿਸ ਕਾਊਂਟਰ ਤੋਂ ਦਾਲ-ਚਾਵਲ ਤੇ ਹਲਵੇ ਦੀ ਟਰੇਅ ਮਿਲਦੀ ਹੈ। ਰੋਟੀ ਮੰਗਣ 'ਤੇ ਨਾਂਹ ਵਿਚ ਜਵਾਬ ਮਿਲਦਾ ਹੈ। ਪੇਟ ਭਰਨ ਵਾਸਤੇ ਤਾਂ ਇਹ ਲੰਗਰ ਠੀਕ ਹੈ ਪਰ ਗੁਣਵੱਤਾ ਪੱਖੋਂ ਨਹੀ। ਦੇਸ਼ ਵਿਚ ਰੋਟੀ ਤਾਂ ਸਾਰੇ ਹੀ ਖਾਂਦੇ ਹਨ ਪਰ ਸਾਰੇ ਚਾਵਲ ਨਹੀਂ ਖਾਂਦੇ। ਮਿੱਠਾ ਹਲਵਾ ਵੀ ਕੋਈ ਲਜ਼ੀਜ਼ ਨਹੀਂ ਸੀ। ਚਾਹ ਚਿਰਾਂ ਦੀ ਉੱਬਲੀ ਹੋਈ ਸੀ। ਲੰਗਰ ਖਾ ਕੇ ਮੈਂ ਫਿਰ ਚੱਲਦਾ ਹਾਂ, ਅਰਧ-ਕੁਆਰੀ ਥੋੜ੍ਹੀ ਦੂਰ ਹੈ। ਸੜਕ 'ਤੇ ਅਜੇ ਵੀ ਵੀਰਾਨੀ ਛਾਈ ਹੋਈ ਹੈ। ਉੱਪਰੋਂ ਆਉਂਦਾ ਕੋਈ ਯਾਤਰੀ 'ਜੈ ਮਾਤਾ ਦੀ' ਦਾ ਜੈਕਾਰਾ ਬੁਲਾ ਕੇ ਅੱਗੇ ਲੰਘ ਜਾਂਦਾ ਹੈ। ਕੌਫੀ ਦਾ ਬੂਥ ਨਜ਼ਰੀਂ ਪੈਂਦਾ ਹੈ। ਬੈਚ 'ਤੇ ਬੈਠ ਕੇ ਗਰਮ-ਗਰਮ ਕੌਫੀ ਪੀ ਕੇ ਥੋੜ੍ਹਾ ਜਿਹਾ ਆਰਾਮ ਕਰਦਾ ਹਾਂ।

ਨਵਾਂ ਤਾਰਾਕੋਟ ਮਾਰਗ, ਬਾਣ ਗੰਗਾ ਤੋਂ 8 ਕਿਲੋਮੀਟਰ ਲੰਬਾ ਇਕ ਅਕਾਊ ਮਾਰਗ ਹੈ, ਮਨੁੱਖੀ ਚਹਿਲ ਪਹਿਲ ਤੋਂ ਦੂਰ, ਯਾਤਰੀਆਂ ਦੀ ਜ਼ਰੂਰਤ ਦੇ ਸਾਧਨ ਪੂਰੇ ਨਹੀਂ ਹਨ, ਕੁਦਰਤੀ ਨਜ਼ਾਰੇ ਘੱਟ ਹਨ, ਕੋਈ ਫੋਟੋ ਸਟੂਡੀਓ ਨਹੀ। ਸ਼ਰਾਈਨ ਬੋਰਡ ਬੜੇ ਜ਼ੋਰ-ਸ਼ੋਰ ਨਾਲ ਇਸ ਰਸਤੇ ਦਾ ਪ੍ਰਚਾਰ ਕਰ ਰਹੀ ਹੈ। ਸਪੀਕਰਾਂ 'ਤੇ ਇਸ ਮਾਰਗ ਦੀਆਂ ਖ਼ੂਬੀਆਂ ਗਿਣਾਈਆਂ ਜਾਂ ਰਹੀਆਂ ਹਨ। ਯਾਤਰੀਆਂ ਨੂੰ ਬੜਾ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਕਰੀਬ 12 ਵਜੇ ਮੈਂ ਆਪਣੀ ਮੰਜ਼ਿਲ ਅਰਧ-ਕੁਆਰੀ ਦੇ ਮੇਨ ਮੋੜ 'ਤੇ ਪਹੁੰਚ ਜਾਂਦਾ ਹਾਂ। ਇੱਥੋਂ ਚਾਰ ਸੜਕਾਂ ਤਕਸੀਮ ਹੁੰਦੀਆਂ ਹਨ। ਇਕ ਸੜਕ ਵਾਇਆ ਚਰਨ ਪਾਦੁਕਾ ਕੱਟੜਾ ਨੂੰ ਜਾ ਰਹੀ ਹੈ, ਦੂਸਰੀ ਸੜਕ ਉੱਪਰ ਅਰਧ ਕੁਆਰੀ ਨੂੰ ਜਾ ਰਹੀ ਹੈ, ਤੀਸਰੀ ਸੜਕ ਹਿਮਕੋਟੀ ਮਾਰਗ ਇੱਥੋਂ ਭਵਨ 51/2 ਕਿਲੋਮੀਟਰ ਦੂਰ ਹੈ, ਚੌਥੀ ਸੜਕ ਜਿੱਧਰੋਂ ਹੁਣ ਮੈਂ ਆਇਆ ਹਾਂ, ਤਾਰਾਕੋਟ ਮਾਰਗ ਇੱਥੇ ਬੈਟਰੀ ਵਾਲੀਆਂ ਵੈਨਾਂ ਦਾ ਸਟਾਪੇਜ਼ ਹੈ। ਬੈਟਰੀ ਵਾਲੀ ਵੈਨ 7 ਸਵਾਰੀਆਂ ਲੈ ਕੇ ਵਾਇਆ ਹਿਮਕੋਟੀ ਮਾਰਗ ਮਾਤਾ ਵੈਸ਼ਨੋ ਦੇਵੀ ਭਵਨ ਪਹੁੰਚਦੀ ਹੈ, ਪ੍ਰਤੀ ਸਵਾਰੀ ਕਿਰਾਇਆ 350 ਰੁਪਏ ਹੈ। ਅਗਰ ਤੁਸੀਂ ਚਾਹੋ ਤਾਂ ਇਸ ਦੀ ਬੁਕਿੰਗ ਆਨਲਾਈਨ ਵੀ ਕਰਵਾ ਸਕਦੇ ਹੋ। 10-12 ਵੈਨਾਂ ਯਾਤਰੀਆਂ ਨੂੰ ਲਿਜਾਣ ਵਾਸਤੇ ਤਿਆਰ ਖੜ੍ਹੀਆਂ ਹਨ।

ਮੇਰਾ ਇਕ ਦਿਨ ਦਾ ਪ੍ਰੋਗਰਾਮ ਤਾਰਾਕੋਟ ਮਾਰਗ ਵੇਖਣ ਦਾ ਸੀ ਕਿਉਂਕਿ ਦੂਸਰੇ ਰਸਤੇ ਮੈਂ ਕਈ ਵਾਰ ਇਹ ਯਾਤਰਾ ਕਰ ਚੁੱਕਾ ਹਾਂ। ਨੇੜੇ ਬਣੇ ਭੋਜਨਾਲਿਆਂ ਤੋਂ ਪੂੜੀ-ਛੋਲੇ ਤੇ ਚਾਹ ਲੈ ਕੇ ਲੰਚ ਕਰਦਾ ਹਾਂ। ਪੁਰਾਣੇ ਰਸਤੇ ਵਾਇਆ ਚਰਨ-ਪਾਦੂਕਾ ਮੰਦਰ ਵਾਲੇ ਰਸਤੇ ਤੋਂ ਵਾਪਸੀ ਸ਼ੁਰੂ ਕਰਦਾ ਹਾਂ। ਇਹ ਰਸਤਾ ਬੜਾ ਰਮਣੀਕ ਹੈ। ਬਹੁਤ ਸਾਰੇ ਯਾਤਰੀ ਜੈ ਮਾਤਾ ਦੇ ਜੈਕਾਰੇ ਲਾਉਂਦੇ ਆ ਰਹੇ ਹਨ। ਘੋੜੇ ਵਾਲੇ, ਪਿੱਠੂ ਤੇ ਪਾਲਕੀਆਂ ਵਾਲੇ ਆਪਣੇ ਰੁਜ਼ਗਾਰ ਵਿਚ ਰੁੱਝੇ ਹੋਏ ਹਨ। ਘੋੜਿਆਂ ਦੇ ਪੈਰਾ ਦੀ ਥਾਪ ਵੀ ਇਕ ਅਲੱਗ ਸੰਗੀਤ ਪੈਦਾ ਕਰ ਰਹੀ ਹੈ। ਇਸ ਰਸਤੇ ਤੋਂ ਯਾਤਰਾ ਕਠਿਨ ਜ਼ਰੂਰ ਹੈ ਪਰ ਸੰਗਤ ਦੇ ਚਿਹਰੇ 'ਤੇ ਬੜੀ ਖ਼ੁਸ਼ੀ ਨਜ਼ਰ ਆਉਂਦੀ ਹੈ। ਜਗ੍ਹਾ-ਜਗ੍ਹਾ 'ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਮਿਲਦੀਆਂ ਹਨ। ਪੂੜੀ ਛੋਲੇ, ਪਕੌੜੇ, ਟਿੱਕੀ, ਚਾਟ, ਮੈਗੀ, ਨੂਡਲਜ਼, ਇਡਲੀ, ਡੋਸਾ, ਗੋਲਗੱਪੇ, ਦਹੀਂ ਭੱਲੇ, ਆਈਸ ਕਰੀਮ, ਕੁਲਫੀ, ਚਾਹ, ਕੌਫੀ ਗਾਜ਼ਰ, ਮੂਲੀ, ਖੀਰਾ ਤੇ ਹੋਰ ਬਹੁਤ ਸਾਰੀਆਂ ਚੀਜ਼ਾ ਇਸ ਪੁਰਾਣੇ ਮਾਰਗ 'ਤੇ ਆਮ ਮਿਲਦੀਆਂ ਹਨ।

ਚਰਨ ਪਾਦੁਕਾ ਮੰਦਰ ਵਿਚ ਨਤਮਸਤਕ ਹੁੰਦਾ ਹਾਂ। ਇਸ ਮੰਦਰ ਵਿਚ ਇਕ ਪੱਥਰ ਦੀ ਸਿੱਲ 'ਤੇ ਮਾਤਾ ਵੈਸ਼ਨੋ ਦੇਵੀ ਦੇ ਚਰਨਾਂ ਦੇ ਨਿਸ਼ਾਨ ਹਨ। ਇੱਥੇ ਬੈਠਾ ਪੁਜਾਰੀ ਯਾਤਰੀਆਂ ਨੂੰ ਚਰਨਾਮਤ ਦਾ ਪ੍ਰਸ਼ਾਦ ਦਿੰਦਾ ਹੈ। ਬਾਣਗੰਗਾ ਘਾਟ ਨੂੰ ਸੁੰਦਰ ਬਣਾਇਆ ਹੋਇਆ ਹੈ। ਜ਼ਿਆਦਾ ਸ਼ਰਧਾਲੂ ਇੱਥੇ ਇਸ਼ਨਾਨ ਕਰ ਕੇ ਆਪਣੀ ਯਾਤਰਾ ਆਰੰਭ ਕਰਦੇ ਹਨ। ਇੱਥੇ ਹੀ ਘੋੜੇ, ਪਾਲਕੀ ਤੇ ਪਿਠੂ ਆਪਣੀ ਯਾਤਰਾ ਸ਼ੁਰੂ ਤੇ ਸਮਾਪਤ ਕਰਦੇ ਹਨ।

ਮਰਹੂਮ ਗੁਲਸ਼ਨ ਕੁਮਾਰ (ਟੀ-ਸੀਰੀਜ਼) ਵਾਲੇ ਦੇ ਚਲਾਏ ਲੰਗਰ-ਘਰ ਦੀ ਹਾਲਤ ਬੜੀ ਮਾੜੀ ਹੈ। ਅੱਜ ਤੋਂ ਕਰੀਬ ਸਾਢੇ ਤਿੰਨ ਦਹਾਕੇ ਪਹਿਲਾਂ ਜਦੋਂ ਇਹ ਲੰਗਰ ਸ਼ੁਰੂ ਹੋਇਆ ਸੀ ਮੈਂ ਉਸ ਵਕਤ ਵੀ ਇੱਥੇ ਆਇਆ ਸੀ। ਉਸ ਵਕਤ ਇਸ ਦੀ ਗੁਣਵੱਤਾ ਅੱਵਲ ਦਰਜੇ ਦੀ ਸੀ। ਚਾਵਲ-ਦਾਲ ਰੋਟੀ, ਪੂੜੀ ਛੋਲੇ, ਪਤੀਸਾ ਤੇ ਗਰਮਾ ਗਰਮ ਚਾਹ ਨਾਲ ਸੰਗਤ ਨੂੰ ਨਿਹਾਲ ਕੀਤਾ ਜਾਂਦਾ ਸੀ। ਅੱਜ ਬੜੀ ਨਿਰਾਸ਼ਾ ਹੋਈ, ਹਲਕੇ ਦਰਜੇ ਦੇ ਚਾਵਲ, ਪੂੜੀ ਸਬਜ਼ੀ ਵਰਤਾਏ ਜਾ ਰਹੇ ਸਨ।

ਸ਼ਾਮ ਦੇ 5 ਵਜੇ ਕੱਟੜਾ ਚੌਕ ਪਹੁੰਚਦਾ ਹਾਂ, ਜਿੱਥੋਂ ਸਵੇਰੇ ਚੱਲਿਆ ਸੀ। ਇਹ ਮਸ਼ਹੂਰ ਚੌਂਕ ਉਸੇ ਤਰ੍ਹਾਂ ਦਾ ਹੈ ਜਿਵੇਂ ਕੋਈ ਤੀਹ ਸਾਲ ਪਹਿਲਾਂ। ਇਸ ਦਾ ਜ਼ਿਆਦਾ ਵਿਕਾਸ ਨਹੀਂ ਹੋ ਸਕਿਆ। ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਦੇ ਸੰਦਰਭ 'ਚ ਇਹ ਜ਼ਿਕਰ ਕਰਨਾ ਜਰੂਰੀ ਬਣਦਾ ਹੈ। ਕਿ ਸੰਨ 1986 ਤੋਂ ਪਹਿਲਾਂ ਮਾਤਾ ਦਾ ਭਵਨ ਤੇ ਹੋਰ ਮੰਦਰ ਕਟੱੜਾ ਦੇ ਜੱਦੀ-ਪੁਸ਼ਤੀ ਕਸ਼ਮੀਰੀ ਪੁਜ਼ਾਰੀਆਂ ਦੇ ਹੱਥ ਵਿਚ ਸਨ। ਭਵਨ 'ਤੇ ਜਿੰਨਾ ਵੀ ਚੜ੍ਹਾਵਾ ਚੜ੍ਹਦਾ, ਉਹ ਸਾਰਾ ਪੁਜਾਰੀਆਂ ਨੂੰ ਹੀ ਤਕਸੀਮ ਹੋ ਜਾਂਦਾ। ਅਗਸਤ 1986 ਵਿਚ ਜੰਮੂ-ਕਸ਼ਮੀਰ ਦੇ ਰਾਜਪਾਲ ਜਗਮੋਹਨ ਨੇ ਸਾਰਾ ਸ਼ਾਸਨ ਪੁਜਾਰੀਆਂ ਕੋਲੋ ਖੋਹ ਕੇ ਮਾਤਾ ਵੈਸ਼ਨੋ ਦੇਵੀ ਸ਼ਰਾਇਨ ਬੋਰਡ ਟਰਸਟ ਦੀ ਸਥਾਪਨਾ ਕਰ ਦਿੱਤੀ। ਸਰਕਾਰੀ ਟਰਸਟ ਨੇ ਬੜੇ ਵਿਕਾਸ ਕੀਤੇ। ਯੋਜਨਾਵਾਂ ਤਿਆਰ ਕੀਤੀਆਂ। ਮਾਤਾ ਦੇ ਭਗਤਾਂ ਦੀ ਗਿਣਤੀ 'ਚ ਵਾਧਾ ਹੋਣ ਲੱਗਾ। ਯਾਤਰੀਆਂ ਨੂੰ ਅਜੇ ਵੀ ਮਨ ਪਸੰਦ ਦਾ ਭੋਜਨ ਨਹੀਂ ਮਿਲਦਾ। ਕੱਟੜੇ 'ਚ ਬਹੁਮੰਜ਼ਿਲਾ ਪਾਰਕਿੰਗ ਅਜੇ ਤਕ ਨਹੀ ਬਣੀ। ਆਟੋ ਟੈਕਸੀਆਂ ਦੇ ਰੇਟ ਫਿਕਸ ਨਹੀਂ ਹਨ। ਕੱਟੜਾ 'ਚ ਸਹੂਲਤਾਂ ਵਾਲਾ 'ਨਿਹਾਰਕਾ ਭਵਨ' ਇਕ ਕਿਨਾਰੇ 'ਤੇ ਹੈ, ਜਿੱਥੇ ਨਾ ਸਿੱਧਾ ਰਸਤਾ, ਨਾ ਹੀ ਕੋਈ ਦਿਸ਼ਾ ਦੱਸਣ ਵਾਲਾ ਸਾਈਨ ਬੋਰਡ ਹੈ। ਹੋਰ ਬਹੁਤ ਸਾਰੀਆਂ ਸਹੂਲਤ ਦੀ ਜ਼ਰੂਰਤ ਹੈ। ਭਾਵੇ ਸ਼ਰਾਇਨ ਬੋਰਡ ਨੇ ਰਸਤੇ ਵਿਚ ਬੜੇ ਸਨੈਕ ਬਾਰ ਬਣਾਏ ਹੋਏ ਹਨ। ਇਨ੍ਹਾਂ 'ਚ ਖਾਣ-ਪੀਣ ਦੀਆਂ ਰੈਡੀਮੇਡ ਚੀਜ਼ਾ ਮਿਲਦੀਆਂ ਹਨ। ਇਹ ਮੰਨਣਯੋਗ ਹੈ ਕਿ ਏਨੀਂ ਉਚਾਈ 'ਤੇ ਸਾਰੀਆਂ ਸਹੂਲਤਾਂ ਸੰਭਵ ਨਹੀ ਪਰ ਭਾਰਤ ਦੀ ਸੱਭ ਤੋਂ ਅਮੀਰ ਸ਼ਰਾਇਨ ਬੋਰਡ ਲਈ ਅਸੰਭਵ ਵੀ ਨਹੀਂ।

ਰਾਤ ਪੈ ਗਈ ਹੈ। ਲਾਈਟਾਂ ਨਾਲ ਕੱਟੜੇ ਦੇ ਸਾਰੇ ਬਜ਼ਾਰ ਚਮਕਣ ਲੱਗੇ ਪਏ ਹਨ। ਲਾਈਟਾਂ ਵਾਲਾ ਸਾਰੇ ਬਜ਼ਾਰ ਚਮਕ ਰਹੇ ਹਨ। ਤ੍ਰਿਕੁਟਾ ਪਰਬਤ 'ਤੇ ਜਗਦੀਆਂ ਲਾਈਟਾਂ ਵੀ ਕਿਸੇ ਪਰੀ ਦੇਸ਼ ਵਰਗੀਆਂ ਲਗਦੀਆਂ ਹਨ। ਕੱਟੜਾ ਚੌਕ ਤੋਂ ਆਟੋ ਫੜ ਕੇ ਰੇਲਵੇ ਸਟੇਸ਼ਨ ਪਹੁੰਚਦਾ ਹਾਂ। ਸਟੇਸ਼ਨ ਦੀ ਸੁੰਦਰਤਾ ਲਾਜਵਾਬ ਹੈ। ਪਹਿਲੀ ਮੰਜ਼ਿਲ ਦੇ ਸਨੈਕ ਬਾਰ ਤੋਂ 84 ਰੁਪਏ ਵਾਲੀ ਥਾਲੀ ਲੈ ਕੇ ਡਿਨਰ ਕਰਦਾ ਹਾਂ ਸ਼ੁੱਧ ਵੈਸ਼ਨੋ, ਮਾਂਹ ਦੀ ਦਾਲ, ਮਿਕਸ ਸਬਜ਼ੀ, ਚਾਵਲ, ਰੈਤਾ ਤੇ ਤੰਦੂਰੀ ਰੋਟੀ ਬਿਲਕੁਲ ਗਰਮ ਹੈ। ਬਾਹਰ ਸਟੇਸ਼ਨ ਦੇ ਸਾਹਮਣੇ ਇਕ ਚਾਹ ਵਾਲੀ ਦੁਕਾਨ ਤੋਂ ਆਪਣੇ ਦੋਨੋ ਥਰਮੋਸਾ ਵਿਚ ਚਾਹ ਪੈਕ ਕਰਵਾ ਲੈਂਦਾ ਹਾਂ।

ਇਕ ਚਾਹ ਮੈਂ ਰਾਤ ਨੂੰ ਪਠਾਨਕੋਟ ਜਾਂ ਕੇ ਪੀਣੀ ਹੈ ਤੇ ਦੁਸਰੀ ਚਾਹ ਜਲੰਧਰ ਕੈਂਟ। ਪਲੈਟਫਾਰਮ ਇਕ ਤੇ ਸ੍ਰੀ ਸ਼ਕਤੀ ਏਸੀ ਐਕਸਪ੍ਰੈਸ ਤਿਆਰ ਖੜ੍ਹੀ ਹੈ। ਸਿਗਨਲ ਦੀ ਹਰੀ ਲਾਈਟ ਹੋਣ 'ਤੇ ਗੱਡੀ ਛੁੱਕ-ਛੁੱਕ ਕਰਦੀ ਮੇਰੀ ਮੰਜ਼ਿਲ ਲੁਧਿਆਣੇ ਵੱਲ ਸਰਕਦੀ ਹੈ।

- ਤਰਸੇਮ ਲਾਲ ਸ਼ੇਰਾ

97795-19840

Posted By: Harjinder Sodhi