ਪਿਛਲੀ ਸਦੀ ਦੇ ਨਾਮਵਰ ਵਕੀਲ, ਜੱਜ ਅਤੇ ਸ਼ਾਇਰ ਅਕਬਰ ਅਲਾਹਬਾਦੀ ਨੇ ਇਕ ਵਾਰ ਕਿਹਾ ਸੀ,

ਵਹੁ ਜਾਏਂ ਕਾਬਾ ਕੋ, ਹਮ ਇੰਗਲਸਤਾਨ ਦੇਖੇਂਗੇ।

ਵਹੁ ਦੇਖੇਂ ਘਰ ਖੁਦਾ ਕਾ

ਹਮ ਖੁਦਾ ਕੀ ਸ਼ਾਨ ਦੇਖੇਂਗੇ।

ਹੁਣ ਪੱਛਮ ਅਤੇ ਖ਼ਾਸ ਕਰਕੇ ਅਮਰੀਕਾ ਤਾਂ ਫ਼ੈਸ਼ਨਪ੍ਰਸਤੀ ਦੇ ਹੜ੍ਹ ਵਿਚ ਕਿੱਥੇ ਪੁੱਜ ਚੁੱਕਾ ਹੈ, ਇਸਦਾ ਅੰਦਾਜ਼ਾ ਵੀ ਅੰਦਾਜ਼ੇ ਤੋਂ ਪਰੇ੍ਹ ਹੈ। ਵਿਆਹ ਦਰ ਵਿਆਹ, ਸਮ-ਲੈਂਗਿਕ ਵਿਆਹ ਅਤੇ ਫਿਰ ਤਲਾਕ ਦਰ ਤਲਾਕ ਜਾਂ ਬਿਨਾਂ ਵਿਆਹ ਹੀ ਸੰਤਾਨ ਦਾ ਹੋਣਾ, ਇਹ ਸਭ ਕੁਝ ਨਵੀਂ ਰੌਸ਼ਨੀ ਦੇ ਨਾਮ ’ਤੇ ਹੋ ਰਿਹਾ ਹੈ। ਕਿਹਾ ਜਾਂਦਾ ਹੈ ਕਿ ਸੂਰਜ ਵੀ ਜਦੋਂ ਪੱਛਮ ਵਿਚ ਪਹੁੰਚਦਾ ਹੈ ਤਾਂ ਡੁੱਬ ਜਾਂਦਾ ਹੈ।

ਇਸ ਤੂਫ਼ਾਨਜ਼ਦਾ ਮਾਹੌਲ ਵਿਚ ਨਿਊਯਾਰਕ ਦੇ ਨੇੜੇ ਇਕ ਐਸੀ ਆਬਾਦੀ ਹੈ ਜਿੱਥੇ ਇਸ ਤਰੱਕੀ ਅਤੇ ਨਵੀਂ ਸੱਭਿਅਤਾ ਦੀ ਰੋਸ਼ਨੀ ਨਹੀਂ ਪਹੁੰਚ ਸਕੀ। ਅਮਰੀਕਾ ਦੀ ਪੈਨਸਿਲਵੇਨੀਆ ਸਟੇਟ ਦੀ ਲੈਂਕੈਸਟਰ ਕਾਊਂਟੀ (ਜ਼ਿਲ੍ਹੇ) ਵਿਚ ਇਹ ਲੋਕ ਹਨ ‘ਆਮਿਸ਼’। ਇਨ੍ਹਾਂ ਵਿਚ ਜਾ ਕੇ ਪੰਜਾਬ ਪ੍ਰਤੱਖ ਨਜ਼ਰ ਆਉਣ ਲੱਗ ਜਾਂਦਾ ਹੈ।

ਇਹ ਈਸਾਈਅਤ ਦਾ ਹੀ ਇਕ ਫ਼ਿਰਕਾ ਹੈ ਪਰ ਬਾਕੀ ਦੁਨੀਆ ਦੇ ਇਸਾਈਆਂ ਦੇ ਰਹਿਣ ਸਹਿਣ ਤੋਂ ਪੂਰੀ ਤਰ੍ਹਾਂ ਪਰੇ੍ਹ ਹਨ। ਤਕਰੀਬਨ ਤਿੰਨ ਸੌ ਸਾਲ ਪਹਿਲਾਂ ਯੂਰਪ ਵਿਚ ਈਸਾਈਅਤ ਦੀ ਮੁੱਖ ਧਾਰਾ ਦੇ ਪ੍ਰਤਾੜਨ ਕਰਕੇ ਹਿਜਰਤ ਕਰ ਕੇ ਅਮਰੀਕਾ ਪਹੁੰਚੇ। ਅਮਰੀਕਾ ਨੇ ਇਨ੍ਹਾਂ ਨੂੰ ਸ਼ਰਨ ਦਿੱਤੀ। ਆਪਣੇ ਪਿਛੋਕੜ ਕਰਕੇ ਇਨ੍ਹਾਂ ਦੀ ਭਾਸ਼ਾ ਪੈਨਸਲਵਾਨੀਆਈਨ ਜਰਮਨ ਹੈ। ਆਪਣੀ ਪੂਜਾ ਪਾਠ ਲਈ ਇਹ ਇਹੀ ਭਾਸ਼ਾ ਵਰਤਦੇ ਹਨ। ਆਪਣੇ ਕਬੀਲੇ ਤੋਂ ਬਾਹਰ ਦੇ ਹਰ ਬੰਦੇ ਨੂੰ ਭਾਵੇਂ ਉਹ ਕਿਸੇ ਵੀ ਇਲਾਕੇ ਜਾਂ ਦੇਸ਼ ਦਾ ਹੋਵੇ ਉਸ ਨੂੰ ਇਹ ਇੰਗਲਿਸ਼ਮੈਨ ਕਰ ਕੇ ਜਾਣਦੇ ਹਨ। ਕਿਰਸਾਨੀ, ਪਸ਼ੂ ਪਾਲ ਅਤੇ ਬਾਗ਼ਬਾਨੀ ਇਨ੍ਹਾਂ ਦਾ ਮੁੱਖ ਕਿੱਤਾ ਹੈ। ਈਸਾਈਅਤ ਨੂੰ ਪੂਰੇ ਧਾਰਮਿਕ ਅਕੀਦੇ ਨਾਲ ਜੀਣ ਵਾਲੇ ਇਹ ਲੋਕ ਬਹੁਤ ਹੀ ਖੁਸ਼ਹਾਲ ਹਨ।

ਸੈਂਕੜੇ ਏਕੜ ਜ਼ਮੀਨਾਂ ਦੀ ਮਲਕੀਅਤ ਦੇ ਬਾਵਜੂਦ ਇਹ ਨਾ ਤਾਂ ਬਿਜਲੀ, ਕਾਰਾਂ, ਮੋਟਰਾਂ, ਟ੍ਰੈਕਟਰ, ਸਕੂਟਰ ਮੋਟਰ ਸਾਈਕਲ ਅਤੇ ਮਸ਼ੀਨਾਂ ਹੀ ਵਰਤਦੇ ਹਨ। ਹੋਰ ਤਾਂ ਹੋਰ ਇਨ੍ਹਾਂ ਦੀਆਂ ਸਾਈਕਲਾਂ ਵਿਚ ਪੈਡਲ ਵੀ ਨਹੀਂ ਹੁੰਦੇ। ਬੱਚਿਆਂ ਦੇ ਸਕੂਟਰ ਵਰਗੀਆਂ ਇਨ੍ਹਾਂ ਦੀਆਂ ਸਾਈਕਲਾਂ ਹਨ। ਇਹ ਦੌੜ ਕੇ ਉਸ ’ਤੇ ਖੜ੍ਹੇ ਹੋ ਜਾਂਦੇ ਹਨ। ਨਾ ਤਾਂ ਇਨ੍ਹਾਂ ਕੋਲ ਕੰਪਿਊੂਟਰ, ਟੈਲੀਫੋਨ, ਮੋਬਾਈਲ, ਟੀ.ਵੀ ਜਾਂ ਹੋਰ ਸਹੂਲਤਾਂ ਹਨ ਪਰ ਖ਼ੁਸ਼ਹਾਲੀ ਅਤੇ ਖੇੜਾ ਇਨ੍ਹਾਂ ਦੇ ਚਿਹਰੇ ਤੋਂ ਟਪਕਦਾ ਹੈ। ਬਚਪਨ ਤੋਂ ਹੀ ਇਹ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਅਤੇ ਕਰੜੀ ਮਿਹਨਤ ਕਰਨੀ ਸਿਖਾਉਂਦੇ ਹਨ। ਜਿੱਥੇ ਬਾਕੀ ਦੁਨੀਆ ਹਰ ਛੇ ਮਹੀਨੇ ਬਾਅਦ ਆਪਣਾ ਫੋਨ ਬਦਲੀ ਕਰਨ ਲਈ ਤਤਪਰ ਹੁੰਦੀ ਹੈ ਇਹ ਸਦੀਆਂ ਪੁਰਾਣੀ ਸੱਭਿਅਤਾ ਨਾਲ ਪੀਢੇ ਤੌਰ ’ਤੇ ਬੱਝੇ ਹੋਏ ਹਨ।

ਵਿਸ਼ਾਲ ਖੇਤ ਹੋਣ ਦੇ ਬਾਵਜੂਦ ਇਨ੍ਹਾਂ ਦੇ ਮਰਦ, ਔਰਤਾਂ ਅਤੇ ਬੱਚੇ ਘੋੜਿਆਂ, ਖੱਚਰਾਂ ਨਾਲ ਖੇਤੀ ਕਰਦੇ ਹਨ। ਨਾ ਤਾਂ ਇਨ੍ਹਾਂ ਕੋਲ ਬਾਹਰਲੇ ਕਾਮੇ ਹਨ ਅਤੇ ਨਾ ਹੀ ਇਹ ਬਾਹਰਲੇ ਸੰਸਾਰ ’ਤੇ ਹੀ ਨਿਰਭਰ ਹੁੰਦੇ ਹਨ। ਹੈਰਾਨੀ ਭਰੀ ਖ਼ੁਸ਼ੀ ਹੁੰਦੀ ਹੈ ਜਦੋਂ ਅੱਠ-ਅੱਠ ਘੋੜਿਆਂ ਨਾਲ ਜੋੜੀ ਹੋਈ ਮਸ਼ੀਨ ’ਤੇ ਇਕ ਕੁੜੀ ਵਾਢੀ ਕਰ ਰਹੀ ਹੁੰਦੀ ਹੈ ਅਤੇ ਵੇਖਦੇ ਹੀ ਵੇਖਦੇ ਆਪਣਾ ਕੰਮ ਮੁਕਾ ਲੈਂਦੀ ਹੈ। ਇਨ੍ਹਾਂ ਵਿਚ ਵਿਹਲਾ ਕੋਈ ਨਹੀਂ ਰਹਿੰਦਾ। ਵੱਡਾ ਛੋਟਾ ਹਰ ਕੋਈ ਆਪਣੇ-ਆਪਣੇ ਕੰਮ ਵਿਚ ਰੁੱਝਿਆ ਵੇਖਿਆ ਜਾ ਸਕਦਾ ਹੈ।

ਇਹ ਆਦਿ ਮਾਨਵ ਵੀ ਨਹੀਂ ਹਨ ਅਤੇ ਨਾ ਹੀ ਪ੍ਰਗਤੀਵਾਦੀ। ਧਾਰਮਿਕ ਅਕੀਦੇ ਦੀ ਪ੍ਰਪੱਕਤਾ ਕਰ ਕੇ ਕੁਝ ਘਰਾਂ ਨੂੰ ਮਿਲਾ ਕੇ ਘਰ ਵਿਚ ਇਕ ਕਮਰਾ ਪੂਜਾ ਪਾਠ ਲਈ ਨਿਸ਼ਚਤ ਹੁੰਦਾ ਹੈ। ਉੱਥੇ ਉਹ ਇਕੱਤ੍ਰ ਹੋ ਕੇ ਪੂਜਾ ਕਰਦੇ ਹਨ। ਕੋਈ ਪੇਸ਼ੇਵਰ ਪੁਜਾਰੀ ਨਹੀਂ ਹੁੰਦਾ, ਬਲਕਿ ਵਿੱਚੋਂ ਹੀ ਕੋਈ ਇਹ ਸੇਵਾ ਨਿਭਾਉਂਦਾ ਹੈ। ਭਾਵੇਂ ਉਮਰ ਕੁਝ ਵੀ ਹੋਵੇ ਇਨ੍ਹਾਂ ਵਿਚ ਕੋਈ ਵੀ ਨੰਗੇ ਸਿਰ ਨਹੀਂ ਰਹਿੰਦਾ।

ਇਨ੍ਹਾਂ ਦੀ ਮੌਜੂਦਾ ਆਬਾਦੀ ਤਕਰੀਬਨ ਚਾਰ ਲੱਖ ਅਮਰੀਕਾ ਵਿਚ ਅਤੇ ਤਕਰੀਬਨ ਅੱਠ ਹਜ਼ਾਰ ਕੈਨੇਡਾ ਵਿਚ ਹੈ। ਇਨ੍ਹਾਂ ਦੀ ਆਬਾਦੀ ਪਿਛਲੇ ਵੀਹ ਸਾਲਾਂ ਵਿਚ ਦੋਗੁਣੀ ਹੋਈ ਹੈ। ਇਸਦਾ ਮੂਲ ਕਾਰਨ ਸੰਤਾਨ ਨੂੰ ਰੱਬੀ ਦਾਤ ਮੰਨ ਕੇ ਆਉਣ ਵਾਲੇ ਜੀ ਨੂੰ ਜੀ ਆਇਆਂ ਕਹਿੰਦੇ ਹਨ। ਪਰਿਵਾਰ ਇਨ੍ਹਾਂ ਦੇ ਸਾਂਝੇ ਹਨ। ਇਕ 65-70 ਸਾਲ ਦੇ ਵਿਅਕਤੀ ਦੇ 9-9 ਬੱਚੇ ਅਤੇ 50-60 ਪੁੱਤਰ ਪੋਤਰੇ (ਪੋਤਰੀਆਂ) ਹੁੰਦੇ ਹਨ। ਤਲਾਕ ਨੂੰ ਇਹ ਨਹੀਂ ਮੰਨਦੇ। ਪਰ ਇਸ ਸਾਰੇ ਦਾ ਇਕ ਪੱਖ ਇਹ ਹੈ ਕਿ ਮੂਲ ਰੂਪ ਵਿਚ ਇਹ ਇਕੋ ਕਬੀਲੇ ਤੋਂ ਵੱਧੇ ਹਨ ਇਸ ਕਾਰਨ ਸਿਹਤ ਪੱਖੋਂ ਇਨ੍ਹਾਂ ਨੂੰ ਕਈ ਰੋਗਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਵਿਚ ਛੋਟੇ ਬੱਚਿਆਂ ਦੀ ਅਕਾਰਣ ਮੌਤ ਵੀ ਸ਼ਾਮਲ ਹੈ।

ਆਪਣੀ ਸੱਭਿਆਤਾ ’ਤੇ ਇਨ੍ਹਾਂ ਨੂੰ ਮਾਣ ਹੈ ਅਤੇ ਇਸ ਨੂੰ ਇਨ੍ਹਾਂ ਨੇ ਸਾਂਭ ਕੇ ਰਖਿਆ ਹੋਇਆ ਹੈ। ਹੁਣ ਵੀ ਇਹ ਸਦੀਆਂ ਪੁਰਾਣੀ ਹਵਾ ਨਾਲ ਚੱਲਣ ਵਾਲੀਆਂ ਚੱਕੀਆਂ ਇਸਤੇਮਾਲ ਕਰਦੇ ਹਨ ਜੋ ਕਿ ਸੈਲਾਨੀਆਂ ਲਈ ਇਕ ਅਜੂਬੇ ਤੋਂ ਘੱਟ ਨਹੀਂ ਹਨ।

ਇਕ ਵਾਰ ਇਨ੍ਹਾਂ ਵਿਚ ਆ ਕੇ ਮੁੜ-ਮੁੜ ਆਉਣ ਦਾ ਜੀ ਕਰਦਾ ਹੈ। ਹਰ ਪੰਜਾਬੀ ਨੂੰ ਜਦੋਂ ਵੀ ਅਮਰੀਕਾ ਆਏ ਤਾਂ ਇਨ੍ਹਾਂ ਦਾ ਰਹਿਣ ਸਹਿਣ ਜ਼ਰੂਰ ਵੇਖਣਾ ਚਾਹੀਦਾ ਹੈ। ਪਿਛਲੇ ਹਫ਼ਤੇ ਅਸੀਂ ਗਏ ਤਾਂ ਮੱਕੀ ਦਾ ਇਕ ਵੱਡਾ ਖੇਤ ਸੀ। ਵੇਖਦਿਆਂ-ਵੇਖਦਿਆਂ ਘੋੜਿਆਂ ਨਾਲ ਖਿੱਚੀ ਜਾ ਰਹੀ ਮਸ਼ੀਨ ਨਾਲ ਉਨ੍ਹਾਂ ਉਸ ਦੀ ਵਾਢੀ ਕਰ ਦਿੱਤੀ। ਕਿਰਤ ਕਰਨੀ ਕੋਈ ਇਨ੍ਹਾਂ ਤੋਂ ਸਿੱਖੇ।

ਜਾਪਦਾ ਹੈ

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ।।

ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ।।

ਹੱਥ ਕਿਰਤ ਨਾਲ ਪ੍ਰੇਮ

ਸਵਾਰੀ ਲਈ ਨ ਾ ਤਾਂ ਇਹ ਮੋਟਰਾਂ ਕਾਰਾਂ ਆਦਿ ਵਰਤਦੇ ਹਨ। ਬਲਕਿ ਵੱਖ-ਵੱਖ ਸਾਈਜ਼ ਦੀਆਂ ਇਨ੍ਹਾਂ ਦੀਆਂ ਬੱਘੀਆਂ ਵੇਖਣ ਵਾਲੀਆਂ ਹੁੰਦੀਆਂ ਹਨ। ਕੱਪੜੇ ਧੋ ਕੇ ਬਾਹਰ ਰੱਸੀ ’ਤੇ ਸੁੱਕਣੇ ਪਾ ਦਿੰਦੇ ਹਨ। ਵਿੰਡ ਮਿਲਸ ਨਾਲ ਇਹ ਪਾਣੀ ਕੱਢਦੇ ਹਨ।

ਸਾਦਗੀ ਪਸੰਦ ਲੋਕ

ਇਹ ਸਾਦਗੀ ਨਾਲ ਪੂਰੀ ਤਰ੍ਹਾਂ ਓਤ-ਪੋਤ ਹਨ। ਕੁੜੀਆਂ ਪਰਦਾ ਤਾਂ ਨਹੀਂ ਕਰਦੀਆਂ ਪਰ ਨੰਗੇਜ਼ ਨਹੀਂ ਹੈ। ਜਵਾਨ ਮਰਦ ਮੁੱਛਾਂ ਨਹੀਂ ਰੱਖਦੇ। ਇਸਦਾ ਮੁੱਖ ਕਾਰਨ ਹੈ ਕਿ ਇਹ ਮੁੱਛ ਨੂੰ ਜੁਝਾਰੂਪਣ ਦੀ ਨਿਸ਼ਾਨੀ ਮੰਨਦੇ ਹਨ। ਇਸ ਲਈ ਇਹ ਨਾ ਤਾਂ ਫ਼ੌਜ ਵਿਚ ਹੀ ਭਰਤੀ ਹੁੰਦੇ ਹਨ ਅਤੇ ਨਾ ਹੀ ਪੁਲਿਸ ਵਿਚ। ਇਨ੍ਹਾਂ ਦੇ ਇੰਨੇ ਜ਼ਿਆਦਾ ਅਮਨ ਪਸੰਦ ਹੋਣ ਦੇ ਬਾਵਜੂਦ 15 ਸਾਲ ਪਹਿਲਾਂ ਇਨ੍ਹਾਂ ਨਾਲ ਇਕ ਬੜੀ ਹੀ ਹਿਰਦੇੇਵੇਦਕ ਘਟਨਾ ਵਾਪਰੀ। 1 ਅਕਤੂਬਰ, 2006 ਨੂੰ ਚਾਰਲਸ ਰਾਬਰਟ ਨਾਂ ਦੇ ਇਕ ਵਿਅਕਤੀ ਨੇ ਨਿਕਲ ਮਾਈਨਸ ਸਥਿਤ ਆਮਿਸ਼ ਬੱਚਿਆਂ ਦੇ ਇਕ ਸਕੂਲ ਅੰਦਰ ਦਾਖ਼ਲ ਹੋ ਕੇ 6 ਤੋਂ 13 ਸਾਲ ਦੀ ਉਮਰ ਦੇ ਬੱਚਿਆਂ ਨੂੰ ਬੰਨ੍ਹ ਲਿਆ ਅਤੇ ਉਨ੍ਹਾਂ ’ਤੇ ਤਾਬੜ ਤੋੜ ਗੋਲੀਆਂ ਦੀ ਵਾਛੜ ਕਰ ਦਿੱਤੀ। ਉਪਰੰਤ ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਇਸ ਦਰਦਨਾਕ ਹਾਦਸੇ ਵਿਚ ਪੰਜ ਮਾਸੂਮ ਬੱਚੀਆਂ ਦੀ ਮੌਤ ਹੋ ਗਈ ਪਰ ਰੱਬੀ ਭਾਣੇ ਨੂੰ ਮੰਨਣ ਵਾਲੇ ਇਨ੍ਹਾਂ ਲੋਕਾਂ ਨੇ ਉਸ ਕਾਤਲ ਲਈ ਵੀ ਪ੍ਰਾਰਥਨਾ ਕੀਤੀ।

- ਗੁਰਚਰਨਜੀਤ ਸਿੰਘ ਲਾਂਬਾ

Posted By: Harjinder Sodhi