ਭਾਰਤੀ ਇਤਿਹਾਸ ਧਾਰਮਿਕ ਜੁੱਗ-ਗਰਦੀਆਂ ਨਾਲ ਭਰਿਆ ਪਿਆ ਹੈ। ਮੱਧ ਕਾਲ ਵਿਚ ਇਕ ਪਾਸੇ ਧਾਰਮਿਕ ਆਸਥਾ ਤੇ ਦੂਜੇ ਪਾਸੇ ਧਰਮ ਪਰਿਵਰਤਨ ਆਪਸ ਵਿਚ ਟਕਰਾਂਦੇ ਨਜ਼ਰ ਆਉਦੇ ਹਨ। ਬਾਹਰੀ ਜਰਵਾਣਿਆਂ ਨੇ ਸਥਾਨਕ ਅਵਾਮ ਨੂੰ ਕਾਬੂ ਕਰਨ ਤੇ ਆਪਣੀ ਚੌਧਰ ਖ਼ਾਤਰ ਆਪਣੇ ਧਰਮ ਵਿਚ ਸ਼ਾਮਲ ਕਰਨ ਲਈ ਜਿੱਥੇ ਜ਼ੋਰ ਜ਼ਬਰਦਸਤੀ ਕੀਤੀ ਉੱਥੇ ਉਨ੍ਹਾਂ ਦੇ ਪੂਜਾ ਸਥਾਨਾਂ ਨੂੰ ਵੀ ਤਹਿਸ-ਨਹਿਸ ਕਰ ਦਿੱਤਾ। ਇਹ ਪੂਜਾ ਸਥਾਨ ਸੈਂਕੜੇ ਹਜ਼ਾਰਾਂ ਸਾਲਾਂ ਦੀ ਪ੍ਰਾਚੀਨ ਵਿਰਾਸਤ ਸਨ ਜਿਨ੍ਹਾਂ ਦੇ ਹਵਾਲੇ ਪ੍ਰਾਚੀਨ ਗ੍ਰੰਥਾਂ ਵਿਚ ਮਿਲਦੇ ਹਨ। ਮਸਲਨ ਸੂਰਜ, ਇੰਦਰ, ਬ੍ਰਹਮਾ, ਅਗਨੀ ਆਦਿ ਅਜਿਹੇ ਦੇਵਤੇ ਹਨ ਜਿਨ੍ਹਾਂ ਦੀ ਆਦਿ ਕਾਲ ਤੋਂ ਪੂਜਾ ਹੁੰਦੀ ਆ ਰਹੀ ਹੈ। ਸੂਰਜ ਇਨ੍ਹਾਂ ਵਿੱਚੋਂ ਪ੍ਰਮੁੱਖ ਹੈ। ਦੁਨੀਆ ਭਰ ਵਿਚ ਸੂਰਜ ਨੂੰ ਤਾਕਤ ਤੇ ਤੇਜ਼ ਦੇ ਰੂਪ ਵਿਚ ਪੂਜਿਆ ਜਾਂਦਾ ਹੈ। ਭਾਰਤ ਵਿਚ ਸੂਰਜ ਦੇ ਚਾਰ ਮੰਦਰ ਮਿਲਦੇ ਹਨ ਜਿਨ੍ਹਾਂ ਵਿਚ ਉੜੀਸਾ ਦਾ ਕੋਣਾਰਕ, ਗੁਜਰਾਤ ਦਾ ਮੋਢੋਰਾ, ਰਾਜਸਥਾਨ ਦਾ ਝਲਾਰਪਤਨ (ਝਾਲਾਵਾੜ) ਤੇ ਕਸ਼ਮੀਰ ਦਾ ਮਾਰਤੰਡ ਸ਼ਾਮਲ ਹਨ।

ਜਲੋਦਭਵ ਨੂੰ ਮਿਲਿਆ ਵਰਦਾਨ

ਕਸ਼ਮੀਰ ਵਿਚ ਮਿਲਦੇ ਗ੍ਰੰਥ ਰਾਜ ਤਰੰਗਣੀ (ਕਲਹਣ) ਤੇ ਨੀਲਮ ਪੁਰਾਣ ਵਿਚ ਇਕ ਮਿੱਥ ਕਥਾ ਵੀ ਮਿਲਦੀ ਹੈ। ਕਿਹਾ ਜਾਂਦਾ ਹੈ ਕਿ ਕਸ਼ਿਅਪ ਰਿਸ਼ੀ ਦੇ ਸਮੇਂ ਏਥੇ ਬਹੁਤ ਵੱਡੀ ਝੀਲ ਹੁੰਦੀ ਸੀ ਜਿਸਨੂੰ ਕਸ਼ਿਅਪ ਸਾਗਰ ਕਿਹਾ ਜਾਂਦਾ ਸੀ। ਕਸ਼ਿਅਪ ਰਿਸ਼ੀ ਨੇ ਇੱਥੋਂ ਸਾਰਾ ਪਾਣੀ ਕੱਢ ਕੇ ਇਸ ਧਰਤੀ ਨੂੰ ਸਵਰਗ ਵਿਚ ਬਦਲ ਦਿੱਤਾ। ਪਹਿਲਾਂ ਇਸ ਧਰਤੀ ਨੂੰ ਸਤੀਸਾਰ ਕਿਹਾ ਜਾਂਦਾ ਸੀ। ਜਿਸ ਦਾ ਆਕਾਰ ਆਧੁਨਿਕ ਡੈਮ ਵਰਗਾ ਸੀ। ਦੋਵੇਂ ਪਾਸੇ ਉੱਚੀਆਂ-ਉੱਚੀਆਂ ਪਰਬਤ ਮਾਲਾਵਾਂ ਸਨ ਤੇ ਵਿਚਕਾਰ ਇਕ ਲੰਮੀ ਚੌੜੀ ਝੀਲ ਸੀ। ਉਨ੍ਹਾਂ ਸਮਿਆਂ ਵਿਚ ਇਕ ਬਾਲਕ ਇਸ ਪਾਸੇ ਆਇਆ ਜਿਸ ਦਾ ਨਾਂ ਸੀਜਲੋਦਭਵ, ਇਸਦਾ ਅਰਥ ਹੈ ਪਾਣੀ ਤੋਂ ਉਪਜਿਆ। ਇਹ ਅਸਲ ਵਿਚ ਕਸ਼ਿਅਪ ਰਿਸ਼ੀ ਦਾ ਬੱਚਾ ਸੀ। ਉਹਨੇ ਝੀਲ ਦੇ ਪਾਣੀ ਵਿਚ ਬਹਿ ਕੇ ਬੜੀ ਤਪੱਸਿਆ ਕੀਤੀ। ਉਹਦੀ ਤਪੱਸਿਆ ਤੋਂ ਬ੍ਰਹਮਾ ਬੜੇ ਪ੍ਰਸੰਨ ਹੋਏ। ਉਹਨੇ ਬ੍ਰਹਮਾ ਦੀ ਪ੍ਰਸੰਨਤਾ ਨੂੰ ਭਾਂਪਦਿਆਂ ਉਨ੍ਹਾਂ ਕੋਲੋਂ ਇਕ ਵਰਦਾਨ ਲੈ ਲਿਆ ਕਿ ਪਾਣੀ ਵਿਚ ਉਹ ਨੂੰ ਕੋਈ ਨਾ ਮਾਰ ਸਕੇ। ਜਲੋਦਭਵ ਜਦ ਜਵਾਨ ਹੋ ਗਿਆ ਤਾਂ ਖਰੂਦ ਪਾਉਣ ਲੱਗਾ। ਉਹਨੇ ਚਾਰੇ ਪਾਸੇ ਵਸਦੇ ਨਾਗ ਲੋਕਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਏਥੋਂ ਤਕ ਕਿ ਰਾਜਾ ਕਸ਼ਿਅਪ ਵੀ ਉਹਦੇ ਤੋਂ ਪਰੇਸ਼ਾਨ ਹੋ ਗਿਆ।

ਉਹ ਏਨਾ ਜਿੱਦੀ ਤੇ ਕਰੂਰ ਸੀ ਕਿ ਪਿਤਾ ਦੀ ਗੱਲ ਮੰਨਣ ਤੋਂ ਵੀ ਇਨਕਾਰੀ ਸੀ। ਲੋਕਾਂ ਨੇ ਰਾਜੇ ਕਸ਼ਿਅਪ ਨੂੰ ਬੇਨਤੀ ਕੀਤੀ ਕਿ ਸਾਨੂੰ ਇਸ ਬਲਾ ਤੋਂ ਬਚਾਇਆ ਜਾਵੇ। ਰਾਜਾ ਕਸ਼ਿਅਪ ਸ਼ਿਕਾਇਤ ਲੈ ਕੇ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਕੋਲ ਗਿਆ ਤੇ ਇਸ ਅੱਥਰੇ ਜਵਾਨ ਨੂੰ ਟਿਕਾਣੇ ਲਾਉਣ ਦੀ ਬੇਨਤੀ ਕੀਤੀ। ਵਿਸ਼ਨੂੰ ਨੇ ਉਹਨੂੰ ਸਿਧੇ ਰਸਤੇ ਲਿਆਉਣ ਤੇ ਬੰਦਾ ਬਣਾਉਣ ਲਈ ਬੜਾ ਜ਼ੋਰ ਲਾਇਆ ਪਰ ਬ੍ਰਹਮਾ ਦੇ ਵਰਦਾਨ ਕਰਕੇ ਉਹ ਪਾਣੀ ਵਿਚ ਜਾ ਲੁਕਦਾ। ਜਦੋਂ ਦੇਵਤੇ ਉਹਦੇ ’ਤੇ ਵਾਰ ਕਰਦੇ ਤਾਂ ਉਹ ਸਤੀਸਰ ਝੀਲ ਵਿਚ ਵੜ ਜਾਂਦਾ ਤੇ ਉਹਦਾ ਵਾਲ ਵੀ ਵਿੰਗਾ ਨਾ ਹੁੰਦਾ।

ਕਸ਼ਮੀਰ ਘਾਟੀ ਦਾ ਜਨਮ

ਅਖੀਰ ਦੇਵਤਿਆਂ ਨੇ ਫ਼ੈਸਲਾ ਕੀਤਾ ਕਿ ਕਿਉ ਨਾ ਸਤੀਸਾਰ ਝੀਲ ਹੀ ਸੁਕਾ ਦਿਤੀ ਜਾਵੇ। ਉਨ੍ਹਾਂ ਨੇ ਝੀਲ ਨੂੰ ਘੇਰੀ ਖੜੀਆਂ ਪਰਬਤ ਮਾਲਾਵਾਂ ਨੂੰ ਬਾਰ੍ਹਾਂ ਥਾਵਾਂ ਤੋਂ ਚੀਰਨਾ ਸ਼ੁਰੂ ਕਰ ਦਿਤਾ। ਬਾਰ੍ਹਾਂ ਸੁਰੰਗਾਂ ’ਚੋਂ ਪਾਣੀ ਨਿਕਲ ਕੇ ਤਰੰਗਾਂ ਦੇ ਰੂਪ ਵਿਚ ਅਕਾਸ਼ ਵੱਲ ਜਾ ਕੇ ਉਡਣ ਲੱਗਾ। ਜਿੱਥੋਂ ਬਾਰ੍ਹਾਂ ਸੁਰੰਗਾਂ ਕੱਢੀਆਂ ਗਈਆਂ ਸਨ ਉੱਥੇ ਹੁਣ ਬਾਰਾਮੂਲਾ ਸ਼ਹਿਰ ਵਸਿਆ ਹੋਇਆ ਹੈ। ਇਸ ਤਰ੍ਹਾਂ ਸਤੀਸਰ ਝੀਲ ਸੁੱਕ ਗਈ ਤੇ ਜਲੋਦਭਵ ਨੂੰ ਲੁਕਣ ਲਈ ਪਾਣੀ ਨਾ ਮਿਲਿਆ। ਵਿਸ਼ਨੂੰ ਨੇ ਉਹਨੂੰ ਦੇਖਦਿਆਂ ਸੁਦਰਸ਼ਨ ਚੱਕਰ ਨਾਲ ਉਹਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਸਮੇਂ ਦੇ ਅੰਤਰਾਲ ਵਿਚ ਇਸ ਵਿੱਚੋਂ ਕਸ਼ਮੀਰ ਘਾਟੀ ਦਾ ਜਨਮ ਹੋਇਆ।

ਜਬਰੀ ਧਰਮ ਪਰਿਵਰਤਨ ਦੀ ਲਹਿਰ

ਕਸ਼ਮੀਰ ਵਿਚ ਮੁਸਲਿਮ ਰਾਜ ’ਤੇ ਲਿਖੇ ਗ੍ਰੰਥਾਂ ਵਿੱਚੋਂ ਸਭ ਤੋਂ ਪ੍ਰਸਿੱਧ ਕਵਿਤਾ ਵਿਚ ਲਿਖੇ ਕੱਲਹਣ ਦੇ ‘ਰਾਜ ਤਰੰਗਿਨੀ’ ਵਿਚ ਆਬਿਦੀਨ ਦੇ ਰਾਜ ਦੇ ਮੁੱਢਲੇ ਸਾਲਾਂ ਦੇ ਹਵਾਲੇ ਮਿਲਦੇ ਹਨ ਜਦੋਂ ਕਿ ਉਹਦੇ ਚੇਲੇ ਸ਼ਿਰਾਵਰ ਨੇ ਆਪਣੀ ਕਿਤਾਬ ਵਿਚ ਬਾਅਦ ਵਾਲੇ ਸਾਲਾਂ ਦੇ ਹਵਾਲੇ ਦਰਜ ਕੀਤੇ ਹਨ। ਇਨ੍ਹਾਂ ਵਿਚ ਮਾਰਤੰਡ ਤੇ ਹੋਰ ਮੰਦਰਾਂ ਦੀ ਤਬਾਹੀ ਦਾ ਵਰਣਨ ਮਿਲਦਾ ਹੈ। ਇਨ੍ਹਾਂ ਕਿਤਾਬਾਂ ਵਿਚ ਇਕ ਹੋਰ ਹਿੰਦੂ ਕਿਰਦਾਰ ਦਾ ਜ਼ਿਕਰ ਮਿਲਦਾ ਹੈ ਜਿਸਦਾ ਨਾਂ ਸੀ ਸੁਹਾ ਭੱਟ। ਉਹ ਪਹਿਲਾ ਹਿੰਦੂ ਸੀ ਜਿਸਨੂੰ ਮੁਸਲਿਮ ਸ਼ਾਸਕ ਸਿਕੰਦਰ ਸ਼ਾਹਮੀਰ ਨੇ ਆਪਣੇ ਰਾਜ ਦਾ ਪ੍ਰਧਾਨ ਮੰਤਰੀ ਬਣਨ ਦਾ ਲਾਲਚ ਦਿੱਤਾ ਤੇ ਬਦਲੇ ਵਿਚ ਉਹਦਾ ਧਰਮ ਪਰਿਵਰਤਨ ਕਰ ਦਿੱਤਾ। ਸੁਹਾ ਭੱਟ ਨੇ ਮੁਸਲਿਮ ਬਣਦਿਆਂ ਹਿੰਦੂਆਂ ’ਤੇ ਜ਼ੁਲਮ ਢਾਹੁਣੇ ਸ਼ੁਰੂ ਕਰ ਦਿੱਤੇ। ਸ਼ਾਹਮੀਰ ਦੇ ਕਹਿਣ ’ਤੇ ਉਹਨੇ ਹਿੰਦੂਆਂ ਦਾ ਕਤਲੇਆਮ ਕੀਤਾ ਤੇ ਜਬਰੀ ਧਰਮ ਪਰਿਵਰਤਨ ਦੀ ਲਹਿਰ ਚਲਾਈ। 17ਵੀਂ ਸਦੀ ਵਿਚ ਫਾਰਸੀ ਜ਼ਬਾਨ ਵਿਚ ਲਿਖੀ ਗਈ

ਤਰੀਖ-ਏ-ਕਸ਼ਮੀਰ ਵਿਚ ਵੀ ਹਿੰਦੂਆਂ ’ਤੇ ਕੀਤੇ ਗਏ ਜ਼ੁਲਮਾਂ ਤੇ ਤੋੜੇ ਗਏ ਮੰਦਰਾਂ ਦੇ ਹਵਾਲੇ ਮਿਲਦੇ ਹਨ।

ਮੰਦਰਾਂ ਦੀ ਤਬਾਹੀ

1389 ਤੋਂ 1413 ਵਿਚ ਸਭ ਤੋਂ ਜ਼ਿਆਦਾ ਮੰਦਰ ਤੋੜੇ ਗਏ। ਜਿਹੜੇ ਟੁੱਟਦੇ ਨਹੀਂ ਸਨ ਉਨ੍ਹਾਂ ਦੀਆਂ ਜੜ੍ਹਾਂ ਵਿਚ ਲੱਕੜਾਂ ਭਰ ਕੇ ਅੱਗ ਲਾ ਦਿੱਤੀ ਜਾਂਦੀ ਜੋ ਧੁਖ ਧੁਖ ਕੇ ਉਨ੍ਹਾਂ ਨੂੰ ਤਬਾਹ ਕਰ ਦਿੰਦੀ। ਅਨੰਤ ਨਾਗ ਤੋਂ ਤਿੰਨ ਕਿਲੋਮੀਟਰ ਦੂਰ ਮੱਟਨ ਦੀ ਪਹਾੜੀ ਹੈ ਜਿਸ ’ਤੇ ਪ੍ਰਾਚੀਨ ਸ਼ਿਵ ਮੰਦਰ ਤੇ ਜਲ ਕੁੰਡ ਹੈ। ਸ੍ਰੀ ਨਗਰ ਤੋਂ ਇਹ 64 ਕਿਲੋਮੀਟਰ ਦੀ ਦੂਰੀ ’ਤੇ ਪਠਾਰੀ ਇਲਾਕਾ ਹੈ। ਮੰਦਰਾਂ ਦੇ ਮਲਬੇ ਤੋਂ ਏਥੇ ਸਿਕੰਦਰ ਸ਼ਾਹ ਨੇ ਕਈ ਮਸਜਿਦਾਂ ਬਣਵਾਈਆਂ।

ਇਹ ਵੀ ਕਿਹਾ ਜਾਂਦਾ ਹੈ ਕਿ ਮੰਦਰਾਂ ਨੂੰ ਸਾੜਨ ਦੀ ਸਲਾਹ ਦੇਣ ਵਾਲਾ ਸੂਫ਼ੀ ਫ਼ਕੀਰ ਅਥਵਾ ਸੰਤ ਮੀਰ ਮੁਹੰਮਦ ਹਮਦਾਨੀ ਸੀ। ਉਹ ਕਸ਼ਮੀਰ ਨੂੰ ਇਸਲਾਮੀ ਰੰਗ ਵਿਚ ਰੰਗਿਆ ਦੇਖਣ ਦਾ ਚਾਹਵਾਨ ਸੀ। ਉਹ ਬ੍ਰਾਹਮਣਾਂ ਦੀਆਂ ਜਾਇਦਾਦਾਂ ਹੜੱਪਣ ਲਈ ਵੀ ਕਾਹਲਾ ਸੀ। ਇਸ ਕਾਲੇ ਦੌਰ ਦਾ ਇਹ ਲੇਖਾ ਜੋਖਾ ਅੱਜ ਦੇ ਪ੍ਰਸੰਗ ਵਿਚ ਮਹੱਤਵਪੂਰਨ ਹੈ ਜਦੋਂ ਧਰਮ ਪਰਿਵਰਤਨ ਤੇ ਮਸਜਿਦਾਂ ਦੀ ਥਾਂ ਮੰਦਰ ਉਸਾਰੇ ਜਾਣ ਦੀ ਚਰਚਾ ਚਲ ਰਹੀ ਹੋਵੇ। ਇਸ ਪ੍ਰਸੰਗ ਵਿਚ ਅਸੀਂ ਭਾਈ ਵੀਰ ਸਿੰਘ ਦੀਆਂ ਮਾਰਤੰਡ ਬਾਰੇ ਲਿਖੀਆਂ ਕਵਿਤਾਵਾਂ ਦੇਖਣ ਦਾ ਜਤਨ ਕਰਾਂਗੇ।

‘ਮਟਕ ਹੁਲਾਰੇ’ ਨਾਂ ਦੇ ਕਾਵਿ ਸੰਗ੍ਰਹਿ ਵਿਚ ਉਹ ਇਹ ਕਵਿਤਾਵਾਂ ਲਿਖ ਕੇ ਹਾਅ ਦਾ ਨਾਅਰਾ ਮਾਰਦੇ ਹਨ। ਹਾਲਾਂਕਿ ਭਾਈ ਸਾਹਿਬ ਬੁੱਤ ਪੂਜਕ ਨਹੀਂ ਸ਼ਬਦ ਦੇ ਪੁਜਾਰੀ ਸਨ ਪਰ ਇਤਿਹਾਸ ਦੇ ਇਸ ਕਾਲੇ ਦੌਰੇ ਨੂੰ ਦੇਖ ਕੇ ਉਨ੍ਹਾਂ ਦੀ ਰੂਹ ਕੰਬ ਜਾਂਦੀ ਹੈ। ਉਨ੍ਹਾਂ ਕੋਲ ਬਾਬੇ ਨਾਨਕ ਦਾ ਫਲਸਫ਼ਾ ਹੈ ਕਿ ਹਿੰਦੂ ਨੂੰ ਪੱਕਾ ਹਿੰਦੂ ਤੇ ਮੁਸਲਮਾਨ ਨੂੰ ਪੱਕਾ ਮੁਸਲਮਾਨ ਹੋਣਾ ਚਾਹੀਦਾ ਹੈ। ਧਾਰਮਿਕ ਸਹਿਣਸ਼ੀਲਤਾ ਭਾਰਤੀ ਸੱਭਿਆਚਾਰ ਦਾ ਆਦਿ ਕਾਲੀ ਲੱਛਣ ਸੀ ਪਰ ਜਿਵੇਂ-ਜਿਵੇਂ ਧਾੜਵੀ ਆਉਦੇ ਗਏ ਮੰਦਰਾਂ ਨੂੰ ਤੋੜ ਕੇ, ਲੁੱਟ ਕੇ ਬੁੱਤ ਸ਼ਿਕਨੀ ਕਰਦੇ ਗਏ ਤਿਵੇਂ-ਤਿਵੇਂ ਧਾਰਮਿਕ ਸਹਿਣਸ਼ੀਲਤਾ ਜਬਰੀ ਧਰਮ ਪਰਿਵਰਤਨ ਦਾ ਅੰਗ ਬਣਦੀ ਗਈ।

ਅਵਾਂਤੀ ਪੁਰੇ ਦੇ ਖੰਡਰ

ਇਨ੍ਹਾਂ ਕਵਿਤਾਵਾਂ ਨੂੰ ਪੱਥਰ ਕੰਬਣੀਆਂ ਦਾ ਨਾਂ ਦੇਂਦੇ ਪਹਿਲੀ ਕਵਿਤਾ ‘ਅਵਾਂਤੀ ਪੁਰੇ ਦੇ ਖੰਡਰ’ ਵਿਚ ਭਾਈ ਸਾਹਿਬ ਲਿਖਦੇ ਹਨ ਕਿ ਇਨ੍ਹਾਂ ਮੰਦਰਾਂ ਵਿਚ ਹੁਣ ਕੀ ਰਹਿ ਗਿਆ ਹੈਦੋ ਮੰਦਰਾਂ ਦੇ ਢੇਰ। ਇਹ ਬੀਤ ਚੁੱਕੀ ਸੱਭਿਅਤਾ ਦੇ ਖੰਡਰ ਮਾਤਰ ਰਹਿ ਗਏ ਹਨ ਪਰ ਮਹੱਤਵਪੂਰਨ ਗੱਲ ਜੋ ਇਹ ਦਸ ਰਹੇ ਹਨ ਕਿ ਉਸ ਅੱਖ ਵਿਚ ਮੋਤੀਆ ਬਿੰਦ ਉਤਰ ਆਇਆ ਸੀ ਜਿਸਨੂੰ ‘ਹੁਨਰ ਪਛਾਣਨ’ ਦੀ ਜਾਚ ਨਹੀਂ ਸੀ। ਇਹਦੀ ਗਵਾਹੀ ਉਹੀ ਅੱਖ ਭਰ ਰਹੀ ਹੈ ਜੋ ਮੋਤੀਆਬਿੰਦ ਦੀ ਸ਼ਿਕਾਰ ਸੀ। ਹੁਣ ਇਹ ਮੰਦਰ ਮਰ ਚੁੱਕੇ ਹਨ। ਇਨ੍ਹਾਂ ਦੀ ਜਿੰਦ ਕੱਢ ਦਿੱਤੀ ਗਈ ਹੈ। ਅਸਲ ਵਿਚ ਸਮੇਂ ਦੇ ਹਾਕਮਾਂ ਨੂੰ ਮਜ਼੍ਹਬੀ ਜੋਸ਼ ਵਿਚ ਹੁਨਰ ਦੀ ਕਦਰ ਭੁੱਲ ਗਈ ਕਿਉਕਿ ਇਹ ਮੰਦਰ ਕਸ਼ਮੀਰੀ ਕਲਾ ਦੇ ਲਾਸਾਨੀ ਨਮੂਨੇ ਸਨ। ਭਾਈ ਸਾਹਿਬ ਵਿਅੰਗ ਕਰਦੇ ਹਨ ਕਿ ਜਿਹੜੇ ਦੂਜਿਆਂ ਨੂੰ ਰਾਜੀ ਕਰਦੇ ਸਨ ਉਹ ਖ਼ੁਦ ਮਰੀਜ਼ ਬਣ ਗਏ ਕਿਉਕਿ ਉਨ੍ਹਾਂ ਨੂੰ ਕਲਾ ਦੀ ਪਰਖ ਨਹੀਂ ਸੀ। ਇਨ੍ਹਾਂ ਬੁੱਤਾਂ ਨੂੰ ਇਸ ਕਰਕੇ ਤੋੜਿਆ ਗਿਆ ਕਿ ਇਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਇਸਲਾਮ ਵਿਚ ਬੁੱਤ ਪੂਜਾ ਦੀ ਮਨਾਹੀ ਹੈ ਪਰ ਬੁੱਤ ਤਾਂ ਫਿਰ ਬਣ ਗਏ, ਉਨ੍ਹਾਂ ਦੀ ਪੂਜਾ ਵੀ ਹੋਣ ਲੱਗੀ ਪਰ ਕਵੀ ਨੂੰ ਅਫਸੋਸ ਹੈ ਕਿ ਉਹ ਹੁਨਰ ਫੇਰ ਨਹੀਂ ਪਰਤਿਆ। ਇਹ ਉਨ੍ਹਾਂ ਕਲਾਕਾਰਾਂ ਨੂੰ ਸੱਚੀ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਆਪਣੇ ਹੁਨਰ ਨਾਲ ਇਨ੍ਹਾਂ ਪੱਥਰਾਂ ਨੂੰ ਪ੍ਰਾਣਵੰਤ ਕਰ ਦਿੱਤਾ ਸੀ। ਕਵੀ ਉਲਾਂਭਾ ਦੇਂਦਾ ਹੈ ਕਿ ਮਰ-ਮਰ ਕੇ ਬੁੱਤ ਤਾਂ ਫਿਰ ਉਗਮ ਪਏ ਹਨ ਪਰ ਉਸ ਗੁਣ ਨੂੰ ਕੌਣ ਜਿਊਂਦਾ ਕਰੇ ਜਿਸ ਨੂੰ ਮਜ਼੍ਹਬੀ ਜਨੂੰਨ ਨੇ ਕਤਲ ਕਰ ਦਿੱਤਾ। ਜਿਹੜੇ ਲੋਕ ਕਵੀ ’ਤੇ ਊਂਜਾਂ ਲਾਉਦੇ ਹਨ ਕਿ ਉਹ ਆਪਣੇ ਸਮੇਂ ਦੇ ਹਾਣ ਦਾ ਨਹੀਂ ਸੀ ਉਨ੍ਹਾਂ ਨੂੰ ਇਸ ਕਵਿਤਾ

ਦਾ ਪਾਠ ਕਰਨਾ ਚਾਹੀਦਾ ਹੈ। ਛੋਟੀ ਜਿਹੀ ਕਵਿਤਾ ਵਿਚ ਕਲਾ ਤੇ ਹੁਨਰ ਲਈ ਵੰਗਾਰ ਹੈ।

ਮੰਦਰ ਮਾਰਤੰਡ ਦੇ ਖੰਡਰ

ਦੂਜੀ ਕਵਿਤਾ ਹੈ‘ਮੰਦਰ ਮਾਰਤੰਡ ਦੇ ਖੰਡਰ’। ਇਸ ਵਿਚ ਕਵੀ ਮਾਰਤੰਡ ਨਾਲ ਸੰਵਾਦ ਰਚਾਉਦਾ ਹੈ। ਉਹ ਕਹਿੰਦਾ ਹੈ ਕਿ ਜਦੋਂ ਮਾਰਤੰਡ ਦੇ ਮੰਦਰ ਨੂੰ ਤੋੜਨ ਲਈ ਸੱਟਾਂ ਮਾਰੀਆਂ ਗਈਆਂ ਹੋਣਗੀਆਂ ਤਾਂ ਪੱਥਰ ਕਿਵੇਂ ਕੁਰਲਾਏ ਹੋਣਗੇ? ਇਹ ਪੱਥਰ ਨਹੀਂ ਸਗੋਂ ਉਨ੍ਹਾਂ ਆਸਥਾਵਾਨਾਂ ਦੇ ਦਿਲ ਤੋੜੇ ਜਾ ਰਹੇ ਸਨ ਜਿਨ੍ਹਾਂ ਲਈ ਉਹ ਰੱਬ ਦਾ ਘਰ ਸੀ। ਦਿਲ ਰੱਬ ਦਾ ਕਾਅਬਾ ਹੈ ਤੇ ਜਦੋਂ ਰੱਬ ਦੇ ਘਰ ਨੂੰ ਹਥੌੜੇ ਪੈ ਰਹੇ ਸਨ ਤਾਂ ਉਹ ਸੱਟ ਰੱਬ ਦੇ ਘਰ ਨੂੰ ਲੱਗ ਰਹੀ ਸੀ। ਜਦੋਂ ਕਿ ਰੱਬ ਤਾਂ ਘਟ-ਘਟ ਵਿਚ ਵਸਦਾ ਹੈ ਤੇ ਤੋੜਨ ਵਾਲਾ ਕਿਹੜੇ ਰੱਬ ਨੂੰ ਪਛਾਣ ਰਿਹਾ ਹੈ। ਕਵੀ ਇਕ ਪਾਸੇ ਰੱਬ ਨੂੰ ਪਰਿਭਾਸ਼ਤ ਕਰ ਰਿਹਾ ਹੈ ਦੂਜੇ ਪਾਸੇ ਤੋੜਨ ਵਾਲੇ ’ਤੇ ਸਵਾਲ ਖੜੇ੍ਹ ਕਰ ਰਿਹਾ ਹੈ। ਜਿਨ੍ਹਾਂ ਆਸਥਾਵਾਨਾਂ ਨੇ ਇਨ੍ਹਾਂ ਨੂੰ ਟੁੱਟਦਿਆਂ ਤੇ ਤਿਲ-ਤਿਲ ਕਰਕੇ ਧੁਖਦਿਆਂ ਦੇਖਿਆ ਹੋਵੇਗਾ ਉਨ੍ਹਾਂ ਦੀਆਂ ਰੂਹਾਂ ਕਿਆਮਤ ਤਕ ਬੇਚੈਨ ਰਹਿਣਗੀਆਂ।

ਮਾਰਤੰਡ ਦਾ ਅਰਥ

ਸੰਸਿਤ ਵਿਚ ਮਾਰਤੰਡ ਦਾ ਅਰਥ ਹੈ ਮੋਏ ਹੋਏ ਆਂਡੇ ਵਿੱਚੋਂ ਪੈਦਾ ਹੋਇਆ ਸੂਰਜ। ਮਾਰਕੰਡੇ ਪੁਰਾਣ ਵਿਚ ਇਹਦੀ ਕਥਾ ਮਿਲਦੀ ਹੈ ਕਿ ਬੁੱਧ ਦੇ ਸਰਾਪ ਨਾਲ ਅਦਿੱਤੀ ਦੇ ਗਰਭ ਵਿਚ ਸੂਰਜ ਦਾ ਪਿੰਡ ਗਲ ਗਿਆ। ਕਸ਼ਿਅਪ ਰਿਸ਼ੀ ਨੇ ਆਪਣੀ ਸ਼ਕਤੀ ਨਾਲ ਮਰੇ ਹੋਏ ਆਂਡੇ ਨੂੰ ਜੀਵਨਦਾਨ ਦਿੱਤਾ। ਏਸੇ ਮੁਰਦਾ ਹਿੱਸੇ ਨੂੰ ਪੁਰਾਣਾਂ ਵਿਚ ਵਿਸ਼ਵਕਰਮਾ ਦੁਆਰਾ ਖਰਾਦੇ ਜਾਣਾ ਦੱਸਿਆ ਹੈ। ਕਸ਼ਿਅਪ ਰਿਸ਼ੀ ਨੂੰ ਕਸ਼ਮੀਰ ਦਾ ਰਾਜਾ ਮੰਨਿਆ ਜਾਂਦਾ ਹੈ। ਸ਼ਾਇਦ ਏਸੇ ਕਰਕੇ ਏਥੇ ਪੁਰਾਤਨ ਸਮੇਂ ਵਿਚ ਮਾਰਤੰਡ ਦਾ ਮੰਦਰ ਉਸਾਰਿਆ ਗਿਆ। ਇਸ ਨੂੰ ਤੋੜਨ ਦੀ ਕਥਾ ਵੀ ਇਤਿਹਾਸ ਦੇ ਇਕ ਕਾਲੇ ਦੌਰ ਨਾਲ ਸੰਬੰਧਤ ਹੈ। ਪੰਜਾਬੀ ਦੇ ਉੱਘੇ ਆਧੁਨਿਕ ਕਵੀ ਭਾਈ ਵੀਰ ਸਿੰਘ ਨੇ ਅਵਾਂਤੀਪੁਰੇ ਦੇ ਖੰਡਰ, ਮੰਦਰ ਮਾਰਤੰਡ ਦੇ ਖੰਡਰ, ਕੰਬਦੇ ਪੱਥਰ ਨਾਂ ਦੀਆਂ ਕਵਿਤਾਵਾਂ ਲਿਖ ਕੇ ਇਤਿਹਾਸ ਦੇ ਉਸ ਦੌਰ ’ਤੇ ਸਵਾਲ ਖੜ੍ਹੇ ਕੀਤੇ ਹਨ। ਜਰਵਾਣਿਆਂ ਨੂੰ ਲਾਹਨਤਾਂ ਪਾਈਆਂ ਹਨ। ਅਸੀਂ ਵਿਸਥਾਰ ਨਾਲ ਇਨ੍ਹਾਂ ਦੀ ਗੱਲ ਕਰਾਂਗੇ ਪਰ ਪਹਿਲਾਂ ਮਾਰਤੰਡ ਦੀ ਉਸਾਰੀ ਤੇ ਤੋੜਨ ਦੀ ਯਾਤਰਾ ਕਰ ਲਈਏ।

ਕੰਬਦੇ ਪੱਥਰ

ਤੀਸਰੀ ਕਵਿਤਾ ਹੈ‘ਕੰਬਦੇ ਪੱਥਰ’। ਇਸ ਕਵਿਤਾ ਵਿਚ ਵੀ ਕਵੀ ਪੱਥਰਾਂ ਵਿੱਚੋਂ ਹੁਨਰ ਤੇ ਵਿਦਿਆ ਲੱਭਦਾ ਰੁਦਨ ਕਰਦਾ ਹੈ। ਉਹ ਲਿਖਦਾ ਹੈ ਕਿ ਲੋਕ ਕਹਿੰਦੇ ਹਨ ਮਾਰਤੰਡ ਨੂੰ ਮਾਰ ਪਿਆਂ ਮੁੱਦਤ ਹੋ ਗਈ ਹੈ। ਪਰ ਸਾਨੂੰ ਤਾਂ ਅੱਜ ਵੀ ਇਨ੍ਹਾਂ ਪੱਥਰਾਂ ਵਿੱਚੋਂ ਕੰਬਣੀ ਮਹਿਸੂਸ ਹੁੰਦੀ ਹੈ। ਇਨ੍ਹਾਂ ਦਾ ਹੁਨਰ ਤੇ ਹੁਨਰ ਦੀ ਵਿਦਿਆ ਦੇਸ਼ ਦੀ ਤਾਕਤ ਦੀ ਪ੍ਰਤੀਕ ਸੀ ਪਰ ਅੱਜ ਇਹ ਖੰਡ-ਖੰਡ ਹੋਈ ਮਿਲਦੀ ਹੈ। ਹਰ ਦਿਲ ਰੋ ਰੋ ਕੇ ਕਹਿੰਦਾ ਹੈ ਕਿ ਹਿੰਦ ਫਾੜੀਆਂ ਵਾਲਾ ਫਲ ਬਣ ਗਿਆ ਕਿਉਕਿ ਉਹਦਾ ਹੁਨਰ, ਕਲਾ ਤੇ ਇਹਦੀ ਵਿਦਿਆ ਨੂੰ ਮਜ਼੍ਹਬ ਦੇ ਅੰਨ੍ਹੇ ਜੋਸ਼ ਨੇ ਤਬਾਹ ਕਰ ਦਿੱਤਾ ਹੈ।

ਤਬਾਹੀ ਦਾ ਇਤਿਹਾਸ

ਇਹ ਕਵਿਤਾਵਾਂ ਆਪਣੇ ਆਪ ਵਿਚ ਕਸ਼ਮੀਰ ਦੀ ਤਬਾਹੀ ਦਾ ਇਤਿਹਾਸ ਸਾਂਭੀ ਬੈਠੀਆਂ ਹਨ। ਕਵਿਤਾ ਇਤਿਹਾਸ ਨੂੰ ਆਪਣੇ ਤਰੀਕੇ ਨਾਲ ਦਸਤਾਵੇਜ਼ੀ ਰੂਪ ਦੇਂਦੀ ਹੈ, ਜਦਕਿ ਇਤਿਹਾਸ ਤੱਥਾਂ ਤੇ ਤਰੀਕਾਂ ਰਾਹੀਂ ਸਾਂਭਦਾ ਹੈ। ਕਵਿਤਾ ਵਿਚ ਕਵੀ ਉਸ ਸਮੇਂ ਨੂੰ ਸਜੀਵ ਕਰ ਦੇਂਦਾ ਹੈ ਜਿਹੜੇ ਸਮੇਂ ਘਟਨਾ ਨੇ ਤਬਾਹੀ ਦਾ ਮੰਜ਼ਰ ਸਿਰਜਿਆ। ਭਾਈ ਵੀਰ ਸਿੰਘ ਦੀ ਮਹਾਨਤਾ ਇਸ ਗੱਲ ਵਿਚ ਹੈ ਕਿ ਉਨ੍ਹਾਂ ਨੇ ਉਨ੍ਹਾਂ ਸਮਿਆਂ ਦੇ ਗਵਾਹ ਬਣ ਕੇ ਪੱਥਰਾਂ ਦੀ ਕੰਬਣੀ ਨੂੰ ਮੁੜ ਸਜੀਵ ਕੀਤਾ ਹੈ ਤੇ ਮਜ਼੍ਹਬ ਦੇ ਨਾਂ ’ਤੇ ਕੀਤੇ ਗਏ ਕਾਰੇ ਨੂੰ ਰੱਬ ਦਾ ਘਰ ਤੋੜਨ ਬਰਾਬਰ ਕਹਿ ਕੇ ਇਨ੍ਹਾਂ ਮੰਦਰਾਂ ਦੇ ਕਤਲੇਆਮ ’ਤੇ ਇਨ੍ਹਾਂ ਨੂੰ ਸੱਚੀ ਅਕੀਦਤ ਪੇਸ਼ ਕੀਤੀ ਹੈ।

ਅਨਿਆਂ ਵਿਰੁੱਧ ਕਵਿਤਾ ਰਾਹੀਂ ਵਿਰੋਧ ਕਰਨਾ ਕਵੀ ਦਾ ਧਰਮ ਹੁੰਦਾ ਹੈ ਤੇ ਭਾਈ ਸਾਹਿਬ ਨੇ ਇਹ ਨੂੰ ਬਾਖੂਬੀ ਨਿਭਾਇਆ ਹੈ। ਉਹ ਕਲਾ ਜਿਸ ਰਾਹੀਂ ਰੱਬ ਦੇ ਘਰ ਨੂੰ ਪੌੜੀ ਜਾਂਦੀ ਸੀ, ਨੂੰ ਤਬਾਹ ਕਰਨਾ ਦੁਖਦਾਈ ਹੀ ਨਹੀਂ ਸਗੋਂ ਕਲਾ ਦੀ ਮੌਤ ਹੈ। ਏਸੇ ਕਰ ਕੇ ਕਵੀ ਨੇ ਉਸ ਕਲਾ ਤੇ ਹੁਨਰ ਦੀ ਮੌਤ ’ਤੇ ਕਾਵਿ ਰੁਦਨ ਕੀਤਾ ਹੈ। ਇਸ ਚਰਚਾ ਵਿਚ ਅਸੀਂ ਇਤਿਹਾਸ ਰਾਹੀਂ ਸਾਹਿਤ ਤੇ ਸਾਹਿਤ ਰਾਹੀਂ ਇਤਿਹਾਸ ਨੂੰ ਖੰਘਾਲਣ ਦਾ ਜਤਨ ਕੀਤਾ ਹੈ।

ਪ੍ਰਾਚੀਨ ਮੰਦਰਾਂ ਦੀ ਨੁਹਾਰ ਬਦਲੀ

ਮਾਰਤੰਡ ਦਾ ਪ੍ਰਸਿੱਧ ਮੰਦਰ ਅਨੰਤਨਾਗ ਵਿਚ ਸਥਿਤ ਹੈ। ਕਿਸੇ ਸਮੇਂ ਇਸ ਦੀ ਸ਼ਾਨੋ ਸ਼ੌਕਤ ਨਾਲ ਆਲਾ ਦੁਆਲਾ ਵੀ ਰੌਸ਼ਨ ਹੋ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਇਸ ਮੰਦਰ ਵਿਚ ਇਕ ਅਜਿਹਾ ਕੀਮਤੀ

ਪੱਥਰ ਹੁੰਦਾ ਸੀ ਜੋ ਰਾਤ ਵੇਲੇ ਸੂਰਜ ਵਾਂਗ ਚਮਕਦਾ ਸੀ ਤੇ ਆਲੇ ਦੁਆਲੇ ਨੂੰ ਦਿਨ ਵਾਂਗ ਰੌਸ਼ਨ ਕਰ ਦੇਂਦਾ ਸੀ। ਸੱਤਵੀਂ-ਅੱਠਵੀਂ ਸਦੀ ਦੇ ਮੱਧ ਵਿਚ ਕਸ਼ਮੀਰ ’ਤੇ ਕਾਕਰੋਟਾ ਖ਼ਾਨਦਾਨ ਦਾ ਰਾਜ ਸੀ। ਇਸ

ਖ਼ਾਨਦਾਨ ਦੇ ਹਿੰਦੂ ਕਾਇਸਥ ਰਾਜੇ ਲਲਿਤਾਦਿਤਯ ਮੁਕਤਾਪੀਡ ਨੇ ਇੱਥੇ ਵੱਡਾ ਤੇ ਅਮੀਰ ਰਾਜ ਸਥਾਪਤ ਕੀਤਾ। ਉਹਦੇ ਸਮੇਂ ਵਿਚ ਕਸ਼ਮੀਰ ਵਿਚ ਵੱਡੀ ਪੱਧਰ ’ਤੇ ਮੰਦਰਾਂ ਦਾ ਨਿਰਮਾਣ ਹੋਇਆ ਤੇ ਪ੍ਰਾਚੀਨ ਮੰਦਰਾਂ ਦੀ ਨੁਹਾਰ ਬਦਲੀ ਗਈ। ਇਨ੍ਹਾਂ ਮੰਦਰਾਂ ਦੀ ਤੁਲਨਾ ਵਿਜਯਨਗਰ ਸਾਮਰਾਜ ਦੀ ਰਾਜਧਾਨੀ ਹੰਪੀ ਦੇ ਮੰਦਰਾਂ ਨਾਲ ਕੀਤੀ ਜਾਂਦੀ ਸੀ। ਮਾਰਤੰਡ ਅਥਵਾ ਸੂਰਜ ਮੰਦਰ ਦਾ ਨਿਰਮਾਣ ਵੀ

ਏਸੇ ਸਮੇਂ ਹੋਇਆ। ਭਾਵੇਂ ਇਸ ਮੰਦਰ ਦੀ ਹੋਂਦ ਪ੍ਰਾਚੀਨ ਮੰਨੀ ਜਾਂਦੀ ਹੈ ਪਰ ਇਸਦੀ ਵਿਸ਼ਾਲਤਾ ਤੇ ਨਵੀਂ ਨੁਹਾਰ ਲਲਿਤਾਦਿਤਯ ਦੇ ਸਮੇਂ ਵਿਚ ਪ੍ਰਵਾਨ ਚੜ੍ਹੀ। ਇਸ ਮੰਦਰ ਵਿਚ ਪੁਰਾਤਨ ਸਮਿਆਂ ਤੋਂ ਪੂਜਾ

ਅਰਚਨਾ ਹੁੰਦੀ ਸੀ ਤੇ ਖੁੱਲ੍ਹੇ ਵਿਹੜੇ ਵਿਚ ਸੂਰਜ ਦੇ ਹਵਨ ਕੀਤੇ ਜਾਂਦੇ ਸਨ। ਰਾਜਾ ਲਲਿਤਾਦਿਤਯ 761 ਈਸਵੀ ਵਿਚ ਕਾਲਵਸ ਹੋਇਆ। ਕਾਕਰੋਟਾ ਰਾਜਵੰਸ਼ ਤੋਂ ਬਾਅਦ ਉਤਪਲ ਰਾਜਿਆਂ ਦੇ ਬਾਦਸ਼ਾਹ ਅਵੰਤੀਵਰਮਨ ਨੇ ਕਸ਼ਮੀਰ ’ਤੇ ਰਾਜ ਕੀਤਾ ਤੇ ਉਹਨੇ ਵੀ ਮਾਰਤੰਡ ਦੀ ਸ਼ਾਨੋ ਸ਼ੌਕਤ ਕਾਇਮ ਰੱਖਣ ਲਈ ਪੂਰਾ ਜ਼ੋਰ ਲਾਇਆ। ਹਾਲਾਂਕਿ ਚੌਦਵੀਂ ਸਦੀ ਤਕ ਪਹੁੰਚਦਿਆਂ ਹਿੰਦੂ ਰਾਜਿਆਂ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀ ਤੇ ਏਸੇ ਸਮੇਂ ਇਸਲਾਮ ਕਸ਼ਮੀਰ ਵਿਚ ਦਾਖ਼ਲ ਹੋਇਆ।

ਅਵੰਤੀਵਰਮਨ ਦੇ ਨਾਂ ’ਤੇ ਵਸਿਆ ਅਵੰਤੀਪੁਰ

ਅਵੰਤੀਵਰਮਨ ਨੇ ਆਪਣੇ ਨਾਂ ’ਤੇ ਪ੍ਰਸਿੱਧ ਕਸਬਾ ਅਵੰਤੀਪੁਰ ਵਸਾਇਆ। ਉਹਨੇ 855 ਈਸਵੀ ਤੋਂ 883 ਈਸਵੀ ਤਕ ਕਸ਼ਮੀਰ ’ਤੇ ਰਾਜ ਕੀਤਾ। ਉਹਨੇ ਗੱਦੀ ’ਤੇ ਬੈਠਣ ਤੋਂ ਪਹਿਲਾਂ ਹੀ ਵਿਸ਼ਨੂੰ ਅਵੰਤੀ ਸੁਆਮੀ ਦਾ ਮੰਦਰ ਬਣਵਾਇਆ। ਰਾਜ ਗੱਦੀ ’ਤੇ ਬੈਠਣ ਤੋਂ ਬਾਅਦ ਉਹਨੇ ਸ਼ਿਵ ਅਵੰਤੀਸ਼ਵਰ ਨਾਂ ਦਾ ਇਕ ਹੋਰ ਵੱਡਾ ਮੰਦਿਰ ਬਣਵਾਇਆ। ਇਨ੍ਹਾਂ ਮੰਦਿਰਾਂ ਦੇ ਹੁਣ ਖੰਡਰ ਬਾਕੀ ਬਚੇ ਹਨ ਜੋ ਕਸ਼ਮੀਰੀ ਕਾਰੀਗਰੀ ਦੇ ਉਤਮ ਨਮੂਨੇ ਹਨ। ਅਵੰਤੀਪੁਰ ਵਸਤਰਵਾਨ ਨਾਂ ਦੀ ਇਕ ਖ਼ੁਸ਼ਕ ਪਹਾੜੀ ’ਤੇ ਵਸਾਇਆ ਗਿਆ ਸੀ। ਇਸ ਥਾਂ ਤੋਂ ਜੇਹਲਮ ਦਰਿਆ ਦੇ ਮੋੜ ਦੀ ਨਿਗਰਾਨੀ ਸੌਖਿਆਂ ਹੋ ਸਕਦੀ ਸੀ। ਏਸੇ ਲਈ ਰਾਜੇ ਨੇ ਇਹ ਨੂੰ ਆਪਣੀ ਰਾਜਧਾਨੀ ਬਣਾਇਆ। ਸ਼ਿਵ ਅਵੰਤੀਸ਼ਵਰ ਮੰਦਰ ਦੇ ਖੰਡਰ ਅਵੰਤੀਪੁਰ ਤੋਂ ਇਕ ਕਿਲੋਮੀਟਰ ਹੇਠਾਂ ਜੌਬਰੌੜ ਪਿੰਡ ਤੋਂ ਬਾਹਰ ਬਣੇ ਹੋਏ ਹਨ। ਪੱਥਰਾਂ ਦੀਆਂ ਬਣੀਆਂ ਵਲਗਣਾਂ ਤੇ ਭਾਰੀਆਂ ਮੋਟੀਆਂ ਕੰਧਾਂ ਅੱਜ ਵੀ ਖੜ੍ਹੀਆਂ ਹਨ। ਪੱਛਮ ਵੱਲ ਦੀ ਕੰਧ ਬਾਹਰ ਵੱਲ ਪਤਲੇ ਪਤਲੇ ਥੰਮਲਿਆਂ ਨਾਲ ਸਜਾਈ ਹੋਈ ਹੈ। ਵੱਡਾ ਦਰਵਾਜ਼ਾ ਵਲਗਣ ਦੀ ਪੱਛਮੀ ਕੰਧ ਵਿਚਕਾਰ ਹੈ। ਇਕ ਥੰਮਲੇ ਨਾਲ ਦਰਵਾਜ਼ੇ ਦੇ ਦੋ ਹਿੱਸੇ ਕੀਤੇ ਹੋਏ ਹਨ। ਇਸ ਦੀਆਂ ਕੰਧਾਂ ’ਤੇ ਉਕਰਾਈ ਕੀਤੀ ਹੋਈ ਹੈ ਤੇ ਮਹਿਰਾਬਾਂ ਖ਼ਾਲੀ ਤੇ ਸਾਦੀਆਂ ਹਨ। ਵਲਗਣ ਵਿਚਕਾਰ ਜਿਸ ਥੜ੍ਹੇ ’ਤੇ ਮੰਦਰ ਬਣਿਆ ਹੋਇਆ ਸੀ, ਉਸ ਦਾ ਹਰ ਪਾਸਾ 23 ਮੀਟਰ ਲੰਮਾ ਹੈ ਤੇ ਉਚਾਈ ਤਿੰਨ ਮੀਟਰ ਹੈ। ਉਸਦੀ ਹਰ ਨੱੁਕਰ ਨਾਲ ਜੁੜਵਾਂ ਇਕ ਥੜ੍ਹਾ ਪੌਣੇ ਪੰਜ ਮੀਟਰ ਵਰਗ ਦਾ ਹੈ। ਵੱਡੇ ਥੜ੍ਹੇ ਦੇ ਚਾਰੇ ਪਾਸੇ ਸਾਢੇ ਅੱਠ ਮੀਟਰ ਚੌੜੀਆਂ ਪੌੜੀਆਂ ਬਣੀਆਂ ਹੋਈਆਂ ਹਨ। ਉਨ੍ਹਾਂ ਦੇ ਦੋਹੇਂ ਪਾਸੇ ਸਾਢੇ ਪੰਜ ਮੀਟਰ ਲੰਮੀਆਂ ਕੰਧਾਂ ਉਸਰੀਆਂ ਹੋਈਆਂ ਹਨ।

ਪ੍ਰਸਿੱਧ ਗ੍ਰੰਥ ਧੁਨੀਲੋਕ ਦੀ ਰਚਨਾ

ਇਕ ਥੰਮੀ ਦੇ ਹੇਠਲੇ ਹਿੱਸੇ ’ਤੇ ਬੈਠੇ ਦੋ ਮੇਂਢਿਆਂ ਅਤੇ ਡਮਰੂ ਵਜਾਉਦੀ ਇਕ ਨਾਚੀ ਦੇ ਚਿੱਤਰ ਬਣੇ ਹੋਏ ਹਨ। ਨਾਚੀ ਕੁੜੀ ਇਕ ਤਖ਼ਤ ’ਤੇ ਖੜ੍ਹੀ ਹੈ ਜਿਸ ’ਤੇ ਦੋਵੇਂ ਪਾਸੇ ਸ਼ੇਰਾਂ ਨਾਲ ਸਜਾਏ ਹੋਏ ਹਨ ਤੇ ਵਿਚਕਾਰ ਇਕ ਹਾਥੀ ਬਣਿਆ ਹੋਇਆ ਹੈ। ਦਾਣੇ ਰੱਖਣ ਲਈ ਬਣਾਏ ਮਿੱਟੀ ਦੇ ਵੱਡੇ-ਵੱਡੇ ਭੜੋਲੇ ਤੇ ਹੋਰ ਭਾਂਡੇ ਵੀ ਮੰਦਰਾਂ ਦੇ ਇਨ੍ਹਾਂ ਖੰਡਰਾਂ ਵਿੱਚੋਂ ਮਿਲੇ ਹਨ। ਮੰਦਰ ਦਾ ਛੋਟਾ ਦਰਵਾਜ਼ਾ ਅਜੇ ਵੀ ਕਾਇਮ ਹੈ ਜਿਸ ਦੀਆਂ ਥੰਮ੍ਹੀਆਂ ਧਰਤੀ ਵਿਚ ਦੱਬੀਆਂ ਗਈਆਂ ਸਨ। ਇਨ੍ਹਾਂ ਦਾ ਨਮੂਨਾ ਮਾਰਤੰਡ ਦੇ ਮੰਦਰ ਵਰਗਾ ਹੀ ਹੈ। ਇਸ ਰਾਜੇ ਨੇ ਮੰਦਰਾਂ ਨਾਲ ਕਈ ਜਗੀਰਾਂ ਲਵਾ ਕੇ ਇਨ੍ਹਾਂ ਨੂੰ ਮਾਲਾਮਾਲ ਕੀਤਾ। ਉਸ ਦੇ ਦਰਬਾਰ ਵਿਚ ਰਹਿ ਕੇ ਹੀ ਅਚਾਰੀਆ ਅਨੰਦ ਵਰਧਨ ਨੇ ਆਪਣਾ ਪ੍ਰਸਿੱਧ ਗ੍ਰੰਥ ‘ਧੁਨੀਲੋਕ’

ਰਚਿਆ।

ਕਸ਼ਮੀਰ ਦਾ ਪਤਨ

ਕਸ਼ਮੀਰ ਦਾ ਪਤਨ ਤਾਂ ਰਾਜਦੇਵ ਦੇ ਰਾਜ ਵੇਲੇ ਹੀ ਸ਼ੁਰੂ ਹੋ ਗਿਆ ਸੀ ਜਦੋਂ ਭੱਟਾਂ ਨੂੰ ਨਿਖੇੜ ਦਿੱਤਾ ਗਿਆ। ਇਸ ਰਾਜ ਬਾਰੇ ਜਿਆਲਾਲ ਕਿਲਾਮ ਲਿਖਦਾ ਹੈਰਾਜਦੇਵ (1212-35) ਦੇ ਰਾਜ ਕਾਲ ਵਿਚ ਕੁਝ ਅਜਿਹੇ ਭੱਟਾਂ (ਬ੍ਰਾਹਮਣਾਂ) ਨੇ, ਜਿਨ੍ਹਾਂ ਨੇ ਪਹਿਲਾਂ ਉਹ ਨੂੰ ਰਾਜ ਗੱਦੀ ’ਤੇ ਬੈਠਣ ਵਿਚ ਮਦਦ ਕੀਤੀ ਸੀ, ਬਾਅਦ ਵਿਚ ਉਹਨੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ, ਸਾਜ਼ਿਸ਼ ਤਹਿਤ ਖਸਾਂ ਵਿੱਚੋਂ ਇਕ ਨੂੰ ਗੱਦੀ ’ਤੇ ਬਿਠਾ ਦਿਤਾ। ਜਦੋਂ ਇਸ ਸਾਜ਼ਿਸ਼ ਦਾ ਪਰਦਾ ਫਾਸ਼ ਹੋਇਆ ਤਾਂ ਰਾਜਦੇਵ ਨੇ ਭੱਟਾਂ ਖ਼ਿਲਾਫ਼ ਲੁੱਟਮਾਰ ਤੇ ਤਬਾਹੀ ਦਾ ਚੱਕਰ ਚਲਾ ਦਿੱਤਾ। ਕਈ ਭੱਟਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਾਕੀਆਂ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ। ਸਥਿਤੀਆਂ ਇਹੋ ਜਿਹੀਆਂ ਬਣ ਗਈਆਂ ਕਿ ਪੂਰਾ ਸ੍ਰੀ ਨਗਰ ‘ਨਾ ਭਟੋਹਮ’ (ਭਾਵ ਮੈਂ ਭੱਟ ਨਹੀਂ ਹਾਂ) ਨਾਲ ਗੂੰਜ ਉਠਿਆ। ਇਤਿਹਾਸ ਵਿਚ ਭੱਟਾਂ ਅਥਵਾ ਬ੍ਰਾਹਮਣਾਂ ’ਤੇ ਇਹ ਪਹਿਲਾ ਹਮਲਾ ਸੀ। ਅਸਲ ਵਿਚ ਇਸ ਸਮੇਂ ਤੋਂ ਹੀ ਕਸ਼ਮੀਰ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ ਸੀ। ਇਨ੍ਹਾਂ ਮੰਦਰਾਂ ਦੀ ਤੋੜ ਭੰਨ ਦਾ ਵੱਡਾ ਕਾਰਨ ਸੀ ਕਿ ਕਸ਼ਮੀਰ ’ਤੇ ਰਾਜ ਕਰਨ ਵਾਲੇ ਰਾਜਿਆਂ ਦਾ ਕਮਜ਼ੋਰ ਹੋ ਜਾਣਾ। ਦੂਜਾ ਕਾਰਨ ਸੀ ਮੁਸਲਿਮ ਪ੍ਰਚਾਰਕਾਂ ’ਤੇ ਵਿਸ਼ਵਾਸ ਕਰਨਾ। 14ਵੀਂ ਸਦੀ ਦੇ ਮੁੱਢ ਵਿਚ ਕਸ਼ਮੀਰ ’ਤੇ ਰਾਜੇ ਸਹਿਦੇਵ ਦਾ ਰਾਜ ਸੀ। ਉਹ ਦੇ ਦੋ ਪ੍ਰਮੁੱਖ ਵਿਸ਼ਵਾਸਪਾਤਰ ਸਨ ਪਹਿਲਾ ਸੀ ਲਦਾਖ ਵਿਚ ਬੁੱਧ ਧਰਮ ਦਾ ਪੈਰੋਕਾਰ ਰਾਜ ਕੁਮਾਰ ਰਿੰਚਨ ਸ਼ਾਹ ਤੇ ਦੂਸਰਾ ਸੀ ਸਵਾਤ ਘਾਟੀ ਤੋਂ ਕਸ਼ਮੀਰ ਵਿਚ ਆਇਆ ਮੁਸਲਿਮ ਪ੍ਰਚਾਰਕ ਸਿਕੰਦਰ ਸ਼ਾਹਮੀਰ। ਇਹੀ ਉਹ ਸਮਾਂ ਸੀ ਜਦੋਂ ਮੰਗੋਲ ਹਮਲਾਵਰ ਡੁਲਚੂ ਨੇ 70 ਹਜ਼ਾਰ ਫ਼ੌਜ ਨਾਲ ਕਸ਼ਮੀਰ ’ਤੇ ਕਬਜ਼ਾ ਕਰ ਲਿਆ। ਆਪਣੀ ਜਾਨ ਬਚਾਉਣ ਲਈ ਰਾਜੇ ਸਹਿਦੇਵ ਨੂੰ ਜੰਮੂ ਦੇ ਕਿਸ਼ਤਵਾੜ ਇਲਾਕੇ ਵਿਚ ਜਾ ਕੇ ਸ਼ਰਨ ਲੈਣੀ ਪਈ। ਹਾਲਾਂਕਿ ਕਿਹਾ ਜਾਂਦਾ ਹੈ ਕਿ ਇਸ ਵੇਲੇ ਇਕ ਵੱਡੀ ਕੁਦਰਤੀ ਆਫਤ ਆਈ ਜਿਸ ਨੇ ਇਨ੍ਹਾਂ ਮੰਦਰਾਂ ਨੂੰ ਨੁਕਸਾਨ ਪਹੁੰਚਾਇਆ। ਉਸ ਤੋਂ ਬਾਅਦ ਕਸ਼ਮੀਰ ’ਤੇ ਰਾਜਾ ਰਾਮਚੰਦਰ ਗੱਦੀ ’ਤੇ ਬੈਠਾ। ਸ਼ਾਹਮੀਰ ਨੇ ਲਦਾਖ ਦੇ ਰਾਜ ਕੁਮਾਰ ਰਿੰਚਨ ਸ਼ਾਹ ਨਾਲ ਮਿਲ ਕੇ ਸਾਜ਼ਿਸ਼ ਰਚੀ ਤੇ ਉਹ ਨੂੰ ਲਾਲਚ ਦਿੱਤਾ ਕਿ ਜੇ ਉਹ ਕਸ਼ਮੀਰ ’ਤੇ ਕਬਜ਼ਾ ਕਰਨ ਵਿਚ ਉਹਦੀ ਮਦਦ ਕਰੇ ਤਾਂ ਉਹ ਨੂੰ ਲਦਾਖ ਦੇ ਨਾਲ-ਨਾਲ ਕਸ਼ਮੀਰ ਦਾ ਰਾਜ ਕੁਮਾਰ ਵੀ ਬਣਾ ਦਿੱਤਾ ਜਾਏਗਾ। ਲਦਾਖ ਦਾ ਰਾਜ ਕੁਮਾਰ ਲਾਲਚਵਸ ਉਹਦੇ ਜਾਲ ਵਿਚ ਫਸ ਗਿਆ ਤੇ ਉਹ ਨੇ ਰਾਜੇ ਰਾਮਚੰਦਰ ਨੂੰ ਕਤਲ ਕਰ ਦਿੱਤਾ। ਇਹੀ ਨਹੀਂ ਸ਼ਾਹਮੀਰ ਨੇ ਉਹਦੇ ’ਤੇ ਅਜਿਹਾ ਜਾਦੂ ਕੀਤਾ ਕਿ ਉਹਨੇ ਬੁੱਧ ਧਰਮ ਛੱਡ ਕੇ ਇਸਲਾਮ ਕਬੂਲ ਕਰ ਲਿਆ ਤੇ ਰਿੰਚਨ ਸ਼ਾਹ ਤੋਂ ਮਲਿਕ ਸਦਰ-ਅਲ-ਦੀਨ ਬਣ ਗਿਆ। ਇਸ ਤਰ੍ਹਾਂ ਉਹ ਕਸ਼ਮੀਰ ਦਾ ਪਹਿਲਾ ਮੁਸਲਿਮ ਰਾਜਾ ਬਣਿਆ। ਇਸ ਸਮੇਂ ਤਕ ਕਸ਼ਮੀਰ ਵਿਚ ਹਿੰਦੂਆਂ ਦਾ ਜ਼ਿਆਦਾ ਦਮਨ ਨਹੀਂ ਸੀ ਹੋਇਆ। ਮਾਰਤੰਡ ਦੀ ਵਿਰਾਸਤ ਸੁਰੱਖਿਅਤ ਸੀ। ਇਸ ਦੌਰਾਨ ਕੋਈ ਵੀ ਸ਼ਾਹਮੀਰ ਦੀ ਸਾਜ਼ਿਸ਼ ਨੂੰ ਨਹੀਂ ਸੀ ਸਮਝ ਸਕਿਆ। ਮੌਕਾ ਤਾੜ ਕੇ ਇਕ ਦਿਨ ਉਹ ਨੇ ਲਦਾਖ ਦੇ ਮੁਸਲਿਮ ਬਣੇ ਰਾਜ ਕੁਮਾਰ ਨੂੰ ਗੱਦੀਓਂ ਲਾਹ ਦਿੱਤਾ ਤੇ ਆਪ ਗੱਦੀ ’ਤੇ ਬਹਿ ਗਿਆ। ਇਸ ਤਰ੍ਹਾਂ ਉਹਦੇ ਵਾਰਸਾਂ ਨੇ ਸੈਂਕੜੇ ਵਰ੍ਹੇ ਕਸ਼ਮੀਰ ’ਤੇ ਰਾਜ ਕੀਤਾ। ਉਹਦੇ ਸਮੇਂ ਹਿੰਦੂਆਂ ਦਾ ਜਬਰੀ ਧਰਮ ਪਰਿਵਰਤਨ ਕੀਤਾ ਗਿਆ ਤੇ ਵੱਡੀ ਪੱਧਰ ’ਤੇ ਮੰਦਰਾਂ ਤੇ ਮੂਰਤੀਆਂ ਨੂੰ ਤੋੜਿਆ ਗਿਆ।

ਸ਼ਾਹਮੀਰ ਦੇ ਗੱਦੀ ’ਤੇ ਬੈਠਣ ਬਾਰੇ ਤਰਕ ਦੇਂਦਾ ਪ੍ਰਸਿੱਧ ਲੇਖਕ ਪ੍ਰੇਮ ਨਾਥ ਬਜਾਜ ਲਿਖਦਾ ਹੈ ਕਿਕਸ਼ਮੀਰ ਦੀ ਗੱਦੀ ’ਤੇ ਸ਼ਾਹਮੀਰ ਦਾ ਬੈਠਣਾ ਰਾਜ ਦੇ ਅਸਤਿਤਵ ਦੀ ਲੜਾਈ ਵਿਚ ਇਸਲਾਮੀ ਤਾਕਤ ਦੀ ਜਿੱਤ ਨਹੀਂ ਸੀ, ਅਸਲ ਵਿਚ ਇਹ ਕਸ਼ਮੀਰੀ ਅਵਾਮ ਦੀ ਆਜ਼ਾਦੀ ਦੀ ਲੜਾਈ ਦੀ ਜਿੱਤ ਸੀ ਜੋ ਲੰਮੇ ਸਮੇਂ ਤੋਂ ਹਿੰਦੂ ਰਾਜਿਆਂ ਦੇ ਭੈੜੇ ਰਾਜ ਪ੍ਰਬੰਧ ਤੋਂ ਦੁਖੀ ਸੀ। ਹਿੰਦੂ ਰਾਜਾਸ਼ਾਹੀ ਖੜੋਤ ਦਾ ਸ਼ਿਕਾਰ ਹੋ ਚੁੱਕੀ ਸੀ। ਇਸ ਵਿਚ ਵਿਕਾਸ ਦੀਆਂ ਸੰਭਾਵਨਾਵਾਂ ਲੁਪਤ ਹੋ ਚੁੱਕੀਆਂ ਸਨ। ਰਾਜ ਪ੍ਰਬੰਧ ਗਤੀਹੀਨ ਤੇ ਜਰਜਰ ਹੋ ਚੁੱਕਾ ਸੀ ਤੇ ਇਹ ਦੀ ਮੌਤ ਲਾਜ਼ਮੀ ਸੀ। ਇਤਿਹਾਸ ਨੇ ਹਿੰਦੂ ਰਾਜਾਸ਼ਾਹੀ ਨੂੰ ਵਾਰ-ਵਾਰ ਨਵੀਂ ਸ਼ੁਰੂਆਤ ਕਰਨ ਦਾ ਮੌਕਾ ਦਿੱਤਾ ਪਰ ਹਰ ਮੌਕੇ ’ਤੇ ਉਹ ਆਪਣੀ ਪਰਜਾ ਨੂੰ ਕੁਸ਼ਲ ਤੇ ਬਿਹਤਰ ਰਾਜ ਪ੍ਰਬੰਧ ਦੇਣ ਵਿਚ ਅਸਫਲ ਰਹੇ।

1417 ਵਿਚ ਸ਼ਾਹਮੀਰ ਦਾ ਵਾਰਿਸ ਸਿਕੰਦਰ ਜੈਨੁਲ ਆਬਿਦੀਨ ਗੱਦੀ ’ਤੇ ਬੈਠਾ ਤਾਂ ਉਹਨੇ ਹਿੰਦੂਆਂ ਸਾਹਮਣੇ ਤਿੰਨ ਸ਼ਰਤਾਂ ਰਖੀਆਂਪਹਿਲੀ ਇਹ ਕਿ ਜੇ ਉਹ ਇਸਲਾਮ ਕਬੂਲ ਕਰ ਲੈਣ ਤਾਂ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ। ਦੂਜੀ ਇਹ ਕਿ ਜੇ ਉਹ ਇਸਲਾਮ ਕਬੂਲ ਕਰਨ ਤੋਂ ਇਨਕਾਰੀ ਹਨ ਤਾਂ ਕਸ਼ਮੀਰ ਛੱਡ ਕੇ ਕਿਤੇ ਹੋਰ ਭੱਜ ਜਾਣ। ਤੀਜੀ ਇਹ ਕਿ ਜੇ ਉਹ ਇਨ੍ਹਾਂ ਦੋਹਾਂ ਸ਼ਰਤਾਂ ਤੋਂ ਮੁਨਕਰ ਹਨ ਤਾਂ ਮਰਨ ਲਈ ਤਿਆਰ ਹੋ ਜਾਣ। ਉਸ ਸਮੇਂ ਬਹੁਤ ਸਾਰੇ ਹਿੰਦੂਆਂ ਨੇ ਫ਼ੈਸਲਾ ਕੀਤਾ ਕਿ ਉਹ ਨਾ ਤਾਂ ਇਸਲਾਮ ਕਬੂਲ ਕਰਨਗੇ ਤੇ ਨਾ ਹੀ ਆਪਣੀ ਮਾਤ ਭੂਮੀ ਛੱਡ ਕੇ ਜਾਣਗੇ। ਆਬਿਦੀਨ ਬੜਾ ਕੱਟੜ ਰਾਜਾ ਸੀ। ਉਸ ਨੇ ਕਸ਼ਮੀਰ ਦੇ ਹਿੰਦੂ ਮੰਦਰਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਤੇ ਜਬਰੀ ਇਸਲਾਮ ਵਿਚ ਲਿਆਉਣ ਲਈ ਉਨ੍ਹਾਂ ’ਤੇ ਜ਼ੁਲਮ ਢਾਹੇ। ਏਸੇ ਕਰਕੇ ਉਹ ਨੂੰ ‘ਬੁੱਤ ਸ਼ਿਕਨ’ ਅਥਵਾ ਮੂਰਤੀ ਭੰਜਕ ਕਿਹਾ ਜਾਂਦਾ ਹੈ।

ਉਹਨੇ ਮਾਰਤੰਡ ਮੰਦਰ ਨੂੰ ਤੋੜਨ ਲਈ ਉਹਦੇ ’ਤੇ ਕਈ ਹਮਲੇ ਕੀਤੇ। ਕਿਹਾ ਜਾਂਦਾ ਹੈ ਕਿ ਵੱਡਾ ਤੇ ਮਜ਼ਬੂਤ ਮੰਦਰ ਤੋੜਨਾ ਉਹਦੇ ਵਸ ਵਿਚ ਨਹੀਂ ਸੀ। ਉਹ ਦੇ ਸਿਪਾਹੀ ਲੰਮਾ ਸਮਾਂ ਇਹਦੀ ਭੰਨ ਤੋੜ ਵਿਚ ਲੱਗੇ ਰਹੇ। ਇਨ੍ਹਾਂ ਮੰਦਰਾਂ ਦੇ ਪੱਥਰਾਂ ਨਾਲ ਉਹਨੇ ਮਸਜਿਦਾਂ ਬਣਵਾਈਆਂ। ਜਦੋਂ ਉਹ ਮੰਦਰ ਨੂੰ ਭੰਨ ਤੋੜ ਨਾ ਸਕਿਆ ਤਾਂ ਸਾਰੇ ਮੰਦਰ ਵਿਚ ਲੱਕੜਾਂ ਭਰ ਕੇ ਉਨ੍ਹਾਂ ਨੂੰ ਅੱਗ ਲਾ ਦਿੱਤੀ ਜੋ ਦੋ ਸਾਲ ਤਕ ਧੁਖਦੀ ਰਹੀ ਤੇ ਮੰਦਰ ਨੂੰ ਹੌਲੀ-ਹੌਲੀ ਤਬਾਹ ਕਰਦੀ ਗਈ। ਅੱਜ ਇਸ ਤਬਾਹ ਹੋਏ ਮੰਦਰ ਦੇ ਖੰਡਰ ਹੀ ਮਿਲਦੇ ਹਨ।

- ਪਰਮਜੀਤ ਢੀਂਗਰਾ

Posted By: Harjinder Sodhi