ਬੀਚ, ਸਮੁੰਦਰ ਕਿਨਾਰੇ ਦੀ ਉਹ ਜਗ੍ਹਾ ਹੈ, ਜਿੱਥੇ ਰੇਤ ਹੁੰਦੀ ਹੈ। ਬੀਚ ਸ਼ਬਦ ਅੱਜ-ਕੱਲ੍ਹ ਆਮ ਵਰਤੋਂ ਵਿਚ ਆਉਣ ਲੱਗ ਪਿਆ ਹੈ ਤੇ ਸਭ ਸਮਝਣ ਲੱਗ ਪਏ ਹਨ। ਸਾਡੇ ਲੋਕਾਂ ਵਿਚ ਇਹ ਗੱਲ ਮੀਡੀਆ ਰਾਹੀਂ ਗੋਆ ਦੀਆਂ ਬੀਚਾਂ ਤੋਂ ਸ਼ੁਰੂ ਹੋਈ, ਤੇ ਅੱਜ ਬੀਚ ਸ਼ਬਦ ਹਰ ਇਕ ਦੀ ਜ਼ੁਬਾਨ ’ਤੇ ਹੈ। ਆਮ ਤੌਰ ’ਤੇ ਸਾਰੀਆਂ ਬੀਚਾਂ ਕੁਦਰਤ ਦੀ ਦੇਣ ਹੀ ਹਨ। ਸਮੁੰਦਰੀ ਲਹਿਰਾਂ ਹੀ ਆਪਣੀ ਗਤੀ ਨਾਲ ਕਿਸੇ ਜਗ੍ਹਾ ਵਿਸ਼ੇਸ਼ ’ਤੇ ਰੇਤ ਇਕੱਠੀ ਕਰ ਦਿੰਦੀਆਂ ਹਨ, ਤੇ ਉਹ ਜਗ੍ਹਾ ਬੀਚ ਦਾ ਰੂਪ ਧਾਰ ਲੈਂਦੀ ਹੈ। ਕਈ ਵਾਰ ਤਾਂ ਸਾਰਾ ਸਮੁੰਦਰੀ ਕਿਨਾਰਾ ਪਥਰੀਲੇ ਚਟਾਨਾਂ ਵਾਲਾ ਹੁੰਦਾ ਹੈ, ਪਰ ਫਿਰ ਵੀ ਕਿਤੇ ਰੇਤ ਚਮਕਦੀ ਦਿਖਾਈ ਦੇ ਜਾਂਦੀ ਹੈ। ਹੈਰਾਨੀ ਹੁੰਦੀ ਹੈ ਇੱਥੇ ਰੇਤ ਕਿੱਥੋਂ ਆ ਗਈ। ਇਹ ਕੁਦਰਤ ਦਾ ਕਿ੍ਰਸ਼ਮਾ ਹੀ ਕਹਿ ਸਕਦੇ ਹਾਂ।

ਸਮੁੰਦਰ ਦੀ ਲੰਬੀ ਨੌਕਰੀ ਦੌਰਾਨ ਸਮੁੰਦਰ ਕਿਨਾਰੇ ਦੇ ਮੁਲਕਾਂ ਤੇ ਟਾਪੂਆਂ ਦੀਆਂ ਸੈਂਕੜੇ ਬੀਚਾਂ ਦੇਖੀਆਂ। ਕਈਆਂ ਨੂੰ ਦੇਖਣ ਦੇ ਨਾਲ-ਨਾਲ ਉਨ੍ਹਾਂ ’ਤੇ ਘੁੰਮਣ ਦਾ ਮੌਕਾ ਵੀ ਮਿਲਿਆ। ਇਕ ਵਾਰ ਮਾਲਦੀਵ ਟਾਪੂ ’ਤੇ ਜਾਣ ਦਾ ਸਬੱਬ ਬਣਿਆ। ਇਹ ਮਾਲਦੀਵ ਦੀ ਰਾਜਧਾਨੀ ਮਾਲੇ ਸੀ। ਉੱਥੇ ਜਾ ਕੇ ਦੇਖਿਆ ਤਾਂ ਇਕ ਬੀਚ ਬਾਰੇ ਦੱਸ ਰਹੇ ਸਨ ਕਿ ਇਹ ਬੀਚ ਆਰਟੀਫਿਸਲ ਹੈ ਤੇ ਬਣਾਇਆ ਗਿਆ ਹੈ। ਸੁਣ ਕੇ ਕਾਫ਼ੀ ਹੈਰਾਨੀ ਹੋਈ। ਉਸ ਵਕਤ ਤਕ ਮੈਂ ਇਹੋ ਸਮਝਦਾ ਸੀ ਸਾਰੀਆਂ ਹੀ ਬੀਚਾਂ ਕੁਦਰਤੀ ਬਣੀਆਂ ਹੋਈਆਂ ਹਨ। ਫਿਰ ਮੈਂ ਸੋਚਿਆ ਕਿ ਜੇ ਮਨੁੱਖ ਹੋਰ ਐਨਾ ਕੁਝ ਬਣਾ ਸਕਦਾ ਹੈ, ਤਾਂ ਆਪਣੀ ਲੋੜ ਲਈ ਇਹ ਵੀ ਕਰ ਸਕਦਾ ਹੈ।

ਬੀਚ ਵੀ ਬਣਾ ਸਕਦਾ ਹੈ। ਉਸ ਤੋਂ ਬਾਅਦ ਤਾਂ ਮੈਨੂੰ ਪਤਾ ਲੱਗਾ ਕਿ ਹੋਰ ਵੀ ਕਈ ਮੁਲਕਾਂ (ਸ਼ਹਿਰਾਂ) ’ਚ ਆਪਣੀ ਸਹੂਲਤ ਲਈ, ਪਾਣੀ ਨੂੰ ਕਿਸੇ ਤਰ੍ਹਾਂ ਘੇਰਾ ਪਾ ਕੇ ਆਰਟੀਫਿਸਲ ਬੀਚ ਬਣੇ ਹਨ। ਦੁਬਈ ਵਿਚ ਮੇਰਾ ਇਕ ਜਹਾਜ਼ ਤੇਰਾਂ ਦਿਨਾਂ ਲਈ ਮੁਰੰਮਤ ਲਈ ਰੁਕਿਆ। ਉੱਥੇ ਵੀ ਪਤਾ ਲੱਗਾ ਕਿ ਦੁਬਈ ਵਿਚ ਵੀ ਆਰਟੀਫਿਸਲ ਬੀਚ ਹਨ। ਵੈਸੇ ਮੈਂ ਸਮਝਦਾ ਹਾਂ ਇੱਥੇ ਵੀ ਕੁਦਰਤ ਦੇ ਰੋਲ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਕੁਦਰਤ ਵੱਲੋਂ ਕੋਈ ਸਮੁੰਦਰੀ ਕਿਨਾਰਾ ਬੀਚ ਬਣਨ ਦੇ ਯੋਗ ਹੈ, ਤਾਂ ਹੀ ਮਨੁੱਖ ਆਪਣੀ ਮਿਹਨਤ ਨਾਲ ਤੇ ਤਬਦੀਲੀਆਂ ਨਾਲ ਉਸਨੂੰ ਬੀਚ ਵਿਚ ਤਬਦੀਲ ਕਰ ਪਾਉਂਦੇ ਹਨ।

ਇਕ ਗੱਲ ਹੋਰ, ਸਾਰੇ ਬੀਚ ਇੱਕੋ ਤਰ੍ਹਾਂ ਦੇ ਨਹੀਂ ਹੁੰਦੇ। ਮੈਂ ਸੌ ਤੋਂ ਵੱਧ ਬੀਚ ਦੇਖੇ ਹੋਣਗੇ। ਹਰੇਕ ਦਾ ਆਪਣਾ ਵਜੂਦ ਤੇ ਆਪਣਾ ਹੀ ਰੰਗ ਹੈ। ਕੋਈ ਬੀਚ ਛੋਟਾ ਹੈ ਕੋਈ ਵੱਡਾ ਹੈ। ਕਿਸੇ ਬੀਚ ਦੀ ਸਮੁੰਦਰ ਕਿਨਾਰੇ ਦੀ ਪੱਟੀ ਬਹੁਤ ਲੰਬੀ ਚੌੜੀ ਹੈ ਤੇ ਕਿਸੇ ਦੀ ਛੋਟੀ ਤੰਗ ਜਿਹੀ। ਕੋਈ ਬੀਚ ਕਈ ਕਿਲੋਮੀਟਰ ਲੰਬਾ ਹੈ, ਤੇ ਕੋਈ ਇਕ ਕਿਲੋਮੀਟਰ ਤੋਂ ਵੀ ਘੱਟ। ਕਿਸੇ ਬੀਚ ਦੀ ਰੇਤ ਮੱਡੀ (ਮਿੱਟੀ ਰਲੀ) ਹੈ ਤੇ ਕਿਸੇ ਦੀ ਰੇਤ ਪੂਰੀ ਚਿੱਟੀ ਤੇ ਚਮਕੀਲੀ। ਕੁਝ ਬੀਚ ਅਜਿਹੇ ਹਨ ਜਿੱਥੇ ਸਿਰਫ਼ ਲੋਕਲ ਲੋਕ ਹੀ ਥੋੜ੍ਹਾ ਬਹੁਤ ਘੁੰਮ ਫਿਰ ਲੈਂਦੇ ਹਨ, ਹੋਰ ਕੋਈ ਨਹੀਂ। ਕੁਝ ਬੀਚ ਅਜਿਹੇ ਹਨ ਜਿੱਥੇ ਲੋਕਲ ਮਛਿਆਰਿਆਂ ਦਾ ਹੀ ਬੋਲਬਾਲਾ ਹੈ। ਉਨ੍ਹਾਂ ਦੀਆਂ ਕਿਸ਼ਤੀਆਂ ਹਨ, ਉਨ੍ਹਾਂ ਦੇ ਜਾਲ ਹਨ, ਮੱਛੀਆਂ ਹਨ, ਮੱਛੀਆਂ ਦੀ ਸਮੈਲ ਹੈ, ਵਗੈਰਾ। ਇਹੋ ਜਿਹੇ ਬੀਚਾਂ ’ਤੇ ਕੋਈ ਬਾਹਰੀ ਆਦਮੀ ਨਹੀਂ ਆਉਂਦੇ। ਕੋਈ ਰੌਣਕ ਨਹੀਂ ਹੁੰਦੀ। ਕੋਈ ਖਾਣ ਪੀਣ ਦੇ ਸਟਾਲ ਨਹੀਂ ਹੁੰਦੇ। ਇਸੇ ਤਰ੍ਹਾਂ ਬੀਚ ਦੇ ਆਲੇ ਦੁਆਲੇ ਦੇ ਦਿ੍ਰਸ਼ ਵੀ ਇਕ ਸਮਾਨ ਨਹੀਂ।

ਲੋਕ ਮਨਾਂ ਵਿਚ ਵਸੇ ਬੀਚ ਤਾਂ ਅਸਲ ਵਿਚ ਉਹ ਬੀਚ ਹਨ ਜਿੱਥੇ ਲੋਕਾਂ ਦੇ ਝੁਰਮਟ ਜੁੜਦੇ ਹਨ। ਲੰਬੀ ਚੌੜੀ ਸੋਹਣੀ ਰੇਤ ਦੀ ਪੱਟੀ ਹੈ। ਨਹਾਉਣ ਲਾਇਕ ਸਾਫ਼ ਪਾਣੀ ਹੈ। ਵਾਟਰ-ਸਪੋਰਟਸ ਦਾ ਵੀ ਪ੍ਰਬੰਧ ਹੈ। ਖਾਣ ਪੀਣ ਲਈ ਤਰ੍ਹਾਂ-ਤਰ੍ਹਾਂ ਦੇ ਸਟਾਲ ਹਨ।

ਰੰਗ-ਬਿਰੰਗੀਆਂ ਛੱਤਰੀਆਂ ਹਨ। ਜਿੱਥੇ ਦੂਰ ਦੁਰਾਡੇ ਦੇ ਮੁਲਕਾਂ ਤੋਂ ਲੋਕ ਆਉਂਦੇ ਹਨ ਤੇ ਇਨ੍ਹਾਂ ਥਾਵਾਂ ਦੀ ਹੋਰ ਸ਼ੋਭਾ ਵਧਾਉਂਦੇ ਹਨ। ਇਹ ਬੀਚ ਇੰਡੀਆ ਦੇ ਗੋਆ ਵਿਚ ਹਨ। ਇਹ ਯੂਰਪ ਵਿਚ ਹਨ। ਕੈਰੇਬੀਅਨ ਟਾਪੂਆਂ, ਹਵਾਈ ਟਾਪੂਆਂ ਆਦਿ ’ਤੇ ਹਨ। ਅਮਰੀਕਾ ਤੇ ਹੋਰ ਵੀ ਬਹੁਤ ਮੁਲਕਾਂ ਵਿਚ ਹਨ, ਜਿੱਥੇ ਜਾ ਕੇ ਲੋਕ ਸਮੁੰਦਰ ਦਾ ਖ਼ੂਬ ਆਨੰਦ ਮਾਣਨਾ ਚਾਹੁੰਦੇ ਹਨ ਤੇ ਮਾਣਦੇ ਵੀ ਹਨ। ਇਨ੍ਹਾਂ ਬੀਚਾਂ ’ਤੇ ਰੇਤ ਉੱਪਰ ਕਿਨਾਰੇ ਵੱਲ ਨੂੰ ਆ ਰਹੀਆਂ ਲਹਿਰਾਂ ਇੰਝ ਲੱਗਦੀਆਂ ਹਨ, ਜਿਵੇਂ ਤੁਹਾਨੂੰ ਮਿਲਣ ਆ ਰਹੀਆਂ ਹੋਣ। ਤੁਹਾਨੂੰ ਕੋਈ ਪਿਆਰ ਭਰਿਆ ਬੁਲਾਵਾ ਦੇਣ ਆ ਰਹੀਆਂ ਹੋਣ।

ਆਮ ਤੌਰ ’ਤੇ ਲੋਕ ਜ਼ਿੰਦਗੀ ਦੇ ਰੁਝੇਵਿਆਂ ਨੂੰ ਪਾਸੇ ਰੱਖ, ਕੁਝ ਦਿਨ ਲਈ ਰੀਲੈਕਸ ਹੋਣ ਵਾਸਤੇ ਇੱਥੇ ਆਉਂਦੇ ਹਨ। ਇਨ੍ਹਾਂ ਬੀਚਾਂ ’ਤੇ ਮੈਂ ਮੁੱਖ ਦੋ ਤਰ੍ਹਾਂ ਦੀ ਮਾਨਸਿਕਤਾ ਵੀ ਦੇਖੀ। ਇਕ ਉਹ ਲੋਕ, ਜੋ ਜ਼ਿੰਦਗੀ ਦਾ ਆਨੰਦ ਲੈਣ ਲਈ ਆਏ ਹਨ ਤੇ ਖ਼ੂਬ ਮਸਤੀ ਮਾਣ ਰਹੇ ਹਨ ਤੇ ਇਕ ਉਹ ਲੋਕ, ਜੋ ਸਿਰਫ਼ ਆਨੰਦ ਲੈ ਰਹੇ ਮਸਤੀ ਮਾਰ ਰਹੇ ਲੋਕਾਂ ਨੂੰ ਦੇਖਣ ਤੇ ਸਮੁੰਦਰ ਨੂੰ ਦੇਖਣ ਖਾਤਰ ਆਏ ਹਨ। ਇਨ੍ਹਾਂ ਵਿੱਚੋਂ ਕਈਆਂ ਨੂੰ ਅਸੀਂ ‘ਠਰਕ ਭੋਰਨ ਵਾਲੇ’ ਕੈਟਾਗਰੀ ’ਚ ਵੀ ਰੱਖ ਸਕਦੇ ਹਾਂ।

ਸ਼ੁਰੂ ਵਿਚ ਕੈਰੇਬੀਅਨ ਟਾਪੂਆਂ ਦੀਆਂ ਬੀਚਾਂ ’ਤੇ ਗੋਰੇ ਗੋਰੀਆਂ ਦੇ ਝੁੰਡ ਦੇਖ ਮੈਨੂੰ ਵੀ ਇਹੀ ਲੱਗਿਆ, ਇਹ ਤਾਂ ਪਰੀਆਂ ਦਾ ਕੋਈ ਮੇਲਾ ਹੈ। ਇਹ ਪਰੀਆਂ ਸਮੁੰਦਰ ਕਿਨਾਰੇ ਇਨ੍ਹਾਂ ਟਾਪੂਆਂ ’ਤੇ ਉਤਰਦੀਆਂ ਹਨ, ਕਿਨਾਰੇ ਦੀ ਗਿੱਲੀ ਰੇਤ ਵਿਚ ਪਲਸੇਟੇ ਮਾਰਦੀਆਂ ਹਨ, ਸਮੁੰਦਰ ਵਿਚ ਚੁੱਭੀਆਂ ਲਾਉਂਦੀਆਂ ਹਨ, ਹੱਸਦੀਆਂ ਖੇਡਦੀਆਂ, ਨੱਚਦੀਆਂ ਟੱਪਦੀਆਂ, ਖ਼ੂਬ ਮਸਤੀ ਕਰਦੀਆਂ ਹਨ ਤੇ ਉਡਾਰੀ ਮਾਰ ਜਾਂਦੀਆਂ ਹਨ। ਫੇਰ ਹੋਰ ਆ ਜਾਂਦੀਆਂ ਹਨ ਤੇ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਹੋ ਸਕਦੈ ਤੁਸੀਂ ਸੋਚਦੇ ਹੋਵੋਂ ਕਿ ਪਰੀਆਂ ਦੇ ਨਾਲ ਆਉਣ ਵਾਲਿਆਂ ਦੇ ਤਾਂ ਕਾਟਾ ਹੀ ਮਾਰ ਦਿੱਤਾ। ਇਹ ਮੈਂ ਵੀ ਸੋਚ ਰਿਹਾ ਹਾਂ, ਪਰ ਹੁਣ ਸਮਝ ਨਹੀਂ ਆ ਰਹੀ ਉਨ੍ਹਾਂ ਨੂੰ ਕਿੰਝ ਬਿਆਨ ਕਰਾਂ। ਇਹ ਸ਼ਾਇਦ ਉਮਰ ਦਾ ਤਕਾਜ਼ਾ ਸੀ। ਬਹੁਤ ਵਾਰ ਅਜਿਹੇ ਥਾਵਾਂ ’ਤੇ ਜਹਾਜ਼ ਤੋਂ ਬਾਹਰ ਜਾਣ ਦਾ ਮੌਕਾ ਮਿਲਣਾ। ਜਦ ਵੀ ਮੌਕਾ ਮਿਲਣਾ ਤਾਂ ਨਾਲ ਦੇ ਨੂੰ ਕਹਿਣਾ, ‘ਚੱਲ ਪਰੀਆਂ ਦਾ ਮੇਲਾ ਦੇਖਣ ਚੱਲੀਏ’। ਉਸ ਵਕਤ ਉਹ ਬੀਚ ਦਾ ਮੇਲਾ, ਪਰੀਆਂ ਦਾ ਮੇਲਾ ਹੀ ਲੱਗਦਾ ਹੁੰਦਾ।

ਮੈਂ ਇਹ ਵੀ ਮਹਿਸੂਸ ਕੀਤਾ ਪੱਛਮੀ ਮੁਲਕਾਂ ਦੇ ਲੋਕ ਜ਼ਿੰਦਗੀ ਨੂੰ ਸਿਰਫ਼ ਜਿਉਂਦੇ ਨਹੀਂ, ਉਸਦਾ ਖ਼ੂਬ ਆਨੰਦ ਵੀ ਮਾਣਦੇ ਹਨ। ਸ਼ਾਇਦ ਤੁਸੀਂ ਵੀ ਮਹਿਸੂਸ ਕੀਤਾ ਹੋਵੇ। ਅਸੀਂ ਉਹ ਬੀਚਾਂ ’ਤੇ ਪਹੁੰਚ ਤਾਂ ਜਾਂਦੇ ਤੇ ਘੁੰਮਦੇ ਫਿਰਦੇ ਵੀ, ਪਰ ਕਦੇ ਵੀ ਗੋਰਿਆਂ ਵਾਂਗ ਨੰਗੇ ਘੁੰਮ ਕੇ ਉਨ੍ਹਾਂ ਵਾਂਗ ਮਸਤੀ ਨਾ ਕਰ ਪਾਉਂਦੇ। ਮਨ ’ਚ ਇਕ ਝਿਜਕ ਹਮੇਸ਼ਾ ਬਣੀ ਰਹਿੰਦੀ। ਇਹ ਝਿਜਕ ਕਿਉਂ ਸੀ, ਸਮਝ ਨਾ ਪੈਂਦੀ।

ਸ਼ਾਇਦ ਇਹ ਬਚਪਨ ਤੋਂ ਹੀ ਪ੍ਰਾਪਤ ਕੀਤੇ ਸਾਡੇ ਸੰਸਕਾਰਾਂ ਕਰਕੇ ਸੀ, ਜਾਂ ਕੁਝ ਹੋਰ ਸੀ। ਇਕੱਲਾ ਮੈਂ ਹੀ ਨਹੀਂ, ਮੇਰੇ ਨਾਲ ਕੋਈ ਹੋਰ ਇੰਡੀਅਨ ਦੋਸਤ ਹੋਣਾ, ਉਹ ਵੀ। ਅਸੀਂ ਬੀਚ ’ਤੇ ਵੀ ਪੈਂਟ, ਸ਼ਰਟ ਤੇ ਬੂਟ-

ਜੁਰਾਬਾਂ ਪਾ ਕੇ ਘੁੰਮਣ ਵਾਲੇ।

ਪੂਰੇ ਟਿੱਪ ਟਾਪ, ਜਿਵੇਂ ਬੀਚ ਨਹੀਂ ਕਿਸੇ ਮਾਰਕਿਟ ਵਿਚ ਘੁੰਮ

ਰਹੇ ਹੋਈਏ।

ਕਈ ਵਾਰ ਮਨ ਵਿਚ ਆਉਣਾ ਕਿ ਜੇ ਸਮੁੰਦਰ ਕਿਨਾਰੇ ਕਿਤੇ ਵੀ ਕੋਈ ਬੀਚ ਨਾ ਹੁੰਦਾ, ਤਾਂ ਇਹ ਲੋਕ ਸਮੁੰਦਰ ਦਾ ਆਨੰਦ ਕਿਵੇਂ ਮਾਣਦੇ? ਇਸ ਰੇਤੀਲੀ ਜਗ੍ਹਾ ’ਤੇ ਆ ਕੇ ਇਨ੍ਹਾਂ ਲੋਕਾਂ ਨੂੰ ਕਿਉਂ ਚੰਗਾ-ਚੰਗਾ ਲੱਗਦਾ ਹੈ? ਇਹ ਇਕ ਦੂਜੇ ਤੇ ਮਿੱਟੀ ਮਲ ਮਲ ਹੀ ਐਨੇ ਖ਼ੁਸ਼ ਕਿਉਂ ਨੇ? ਛਿਣ ਭਰ ਲਈ

ਗੱਲਾਂ ਮਨ ਵਿਚ ਆਉਂਦੀਆਂ ਤੇ ਫਿਰ ਵਿਸਰ ਜਾਂਦੀਆਂ।

ਕਦੇ-ਕਦੇ ਬੀਚ ’ਤੇ ਘੁੰਮਦਿਆਂ ਮਨ ਪਿੱਛੇ ਨੂੰ ਵੀ ਘੁੰਮ ਜਾਣਾ। ਆਪਣਾ ਮੁਲਕ, ਆਪਣਾ ਇਲਾਕਾ ਯਾਦ ਆ ਜਾਣਾ। ਗ਼ਰੀਬ ਮੁੰਡੇ ਕੁੜੀਆਂ, ਕੂੜੇ ਕਰਕਟ ਦੇ ਢੇਰ ’ਚੋਂ ਰਬੜ, ਪਲਾਸਟਿਕ ਜਾਂ ਕੁਝ ਹੋਰ ਲੱਭਦੇ ਫਿਰਦੇ ਦਿਖਾਈ ਦੇਣੇ। ਸੋਚਣਾ-ਮਨਾਂ ਨਰਕ ਸੁਰਗ ਤਾਂ ਐਥੇ ਹੀ ਹੈ, ਅਗਾਂਹ ਕੀਹਨੇ ਦੇਖਿਆ।

- ਪਰਮਜੀਤ ਮਾਨ

Posted By: Harjinder Sodhi