ਦਰਿਆ ਵਿਚ ਲਹਿਰਾਂ ਉੱਠਦੀਆਂ ਹਨ, ਆ ਕੇ ਚਲੀਆਂ ਜਾਂਦੀਆਂ ਨੇ, ਪਰ ਦਰਿਆ ਉੱਥੇ ਹੀ ਰਹਿੰਦਾ ਹੈ। ਇਵੇਂ ਹੀ ਸੰਸਾਰ ਵਿਚ ਸਾਡੇ ਰਿਸ਼ਤੇ ਬਣਦੇ ਨੇ, ਸਾਥ ਨਿਭਾਉਂਦੇ ਨੇ, ਫਿਰ ਵਿੱਛੜ ਜਾਂਦੇ ਨੇ, ਪਰ ਸੰਸਾਰ ਉੱਥੇ ਹੀ ਰਹਿੰਦਾ ਹੈ। ਖ਼ੁਸ਼ੀ ਗ਼ਮੀ ਨੂੰ ਜਰ ਸਕਣ ਦਾ ਭਾਵੇਂ ਜੇਰਾ ਕਿੱਡਾ ਹੀ ਵੱਡਾ ਹੋਵੇ, ਪਰ ਕਿਸੇ ਕਿਸੇ ਵੇਲੇ ਤਾਂ ਧਰਤੀ ਆਕਾਸ਼ ਵੀ ਆਪਸ ਵਿਚ ਟਕਰਾ ਗਏ ਜਾਪਦੇ ਨੇ। ਇਸ ਵਸਦੇ ਸੰਸਾਰ ਵਿਚ ਕੋਈ ਵੀ ਅਜਿਹਾ ਮਨੁੱਖ ਨਹੀਂ ਹੈ, ਜਿਸ ਨੇ ਆਪਣਾ ਕੋਈ ਨਾ ਗਵਾਇਆ ਹੋਵੇ। ਮੁੱਢ ਤੋਂ ਹੀ ਇਹ ਚੰਦਰੀ ਦੁਨੀਆ ਦਾ ਦਸਤੂਰ ਹੈ ਕਿ ਜੱਗ ਵਿਖਾਉਣ ਵਾਲਿਆਂ ਦੇ ਤੁਰ ਜਾਣ ’ਤੇ ਵੀ ਅਸੀਂ ਆਪਣੀ ਜ਼ਿੰਦਗੀ ਨੂੰ ਰੋਕ ਨਹੀਂ ਸਕਦੇ। ਮੌਤ ਦਾ ਸੱਲ ਤੇ ਵਿਛੋੜੇ ਦਾ ਵਿਗੋਚਾ ਅਸਲ ਵਿਚ ਕਿਹੋ ਜਿਹਾ ਹੈ, ਇਸ ਦਾ ਅਹਿਸਾਸ ਆਪਣੀ ਜ਼ਿੰਦਗੀ ਦੇ ਦੋ ਦਹਾਕਿਆਂ ਵਿਚ ਮੈਨੂੰ ਪਹਿਲੀ ਵਾਰ 5 ਮਈ ਨੂੰ ਹੋਇਆ, ਜਦੋਂ ਉਸ ਇਨਸਾਨ ਦਾ ਸਾਇਆ ਮੇਰੇ ਸਿਰ ਤੋਂ ਉੱਠ ਗਿਆ, ਜਿਸ ਨੇ ਬਚਪਨ ਤੋਂ ਲੈ ਕੇ ਹੁਣ ਤਕ ਪਰਛਾਵੇਂ ਵਾਂਗ ਮੇਰਾ ਸਾਥ ਦਿੱਤਾ। ਪਿਤਾ ਦਾ ਵਿਛੋੜਾ ਇਕ ਧੀ ਲਈ ਅਸਹਿ ਹੁੰਦਾ ਹੈ। ਪਿਤਾ ਦੀ ਮੌਤ ਨੇ ਜ਼ਿੰਦਗੀ ਜਿਊਣ ਦਾ ਹੌਂਸਲਾ ਹੀ ਮੁੱਕਾ ਦਿੱਤਾ ਅਤੇ ਇਹ ਘਾਟਾ ਜ਼ਿੰਦਗੀ ਦੇ ਅਖ਼ਰੀਲੇ ਸਾਹਾਂ ਤਕ ਵੀ ਨਾ ਪੂਰਾ ਹੋਣ ਵਾਲਾ ਹੈ। ਆਖ਼ਰ ਜ਼ਿੰਦਗੀ ਤੇ ਜ਼ਿੰਦਗੀ ਹੀ ਏ ਨਾ - ਅਸੀਸ, ਅਥਾਹ, ਅਸਗਾਹ।

ਪਿਛਲੇ ਦਿਨੀ ਮੈਨੂੰ ਮੇਰੇ ਹਮਸਫ਼ਰ ਦੀ ਬਦੌਲਤ ਲੱਦਾਖ ਜਾਣ ਦਾ ਮੌਕਾ ਮਿਲਿਆ। ਅਸਲ ਵਿਚ ਉਹ ਮੇਰੀ ਉਦਾਸੀ ਨੂੰ ਦੂਰ ਕਰਨਾ ਚਾਹੁੰਦੇ ਸਨ। ਮਨੁੱਖ ਹਮੇਸ਼ਾ ਹੀ ਕੁਦਰਤ ’ਤੇ ਨਿਰਭਰ ਰਹਿੰਦਾ ਹੈ, ਕੁਦਰਤ ਦਾ ਰੋਲ ਮਨੁੱਖੀ ਜ਼ਿੰਦਗੀ ਵਿਚ ਬੜਾ ਹੀ ਅਹਿਮ ਹੈ। ਜਿਉਂ ਹੀ ਕੁਦਰਤ ਨੂੰ ਨੇੜਿਓਂ ਤੱਕਿਆ ਤਾਂ ਮੇਰੀਆਂ ਪਾਣੀ ਨਾਲ ਭਰੇ ਕਾਲੇ ਭੌਰ ਬੱਦਲਾਂ ਵਰਗੀਆਂ, ਉਦਾਸ ਝੀਲ ਦੇ ਪਾਣੀਆਂ ਵਰਗੀਆਂ ਅੱਖਾਂ ਵਿਚ ਚਮਕ ਅਤੇ ਤਾਜ਼ਗੀ ਮਹਿਸੂਸ ਹੋਣ ਲੱਗੀ। ਕੁਦਰਤ ਨੇ ਜੋ ਕੁਝ ਸਾਨੂੰ ਦਿੱਤਾ ਹੈ, ਉਸ ਦੀ ਦੇਣ ਅਸੀਂ ਮਰਦੇ ਦਮ ਤਕ ਨਹੀਂ ਦੇ ਸਕਦੇ। ਕੁਦਰਤ ਦੀ ਗੋਦ ਵਿੱਚੋਂ ਪਿਤਾ ਜੀ ਦੀ ਗੋਦ ਜਿਹਾ ਨਿੱਘ ਅਤੇ ਉੱਥੋਂ ਦੇ ਪਹਾੜਾਂ ਦੀ ਉਚਾਈ ਮੈਨੂੰ ਆਪਣੇ ਪਿਤਾ ਜੀ ਦੇ ਹੌਂਸਲੇ ਵਰਗੀ ਜਾਪੀ। ਵਾਰ-ਵਾਰ ਮੈਨੂੰ ਭਾਈ ਵੀਰ ਸਿੰਘ ਜੀ ਦੀਆਂ ਤੁਕਾਂ ਯਾਦ ਆ ਰਹੀਆਂ ਸਨ:-

ਜਿਉਂ ਮਾਵਾਂ ਤਿਉਂ ਠੰਢੀਆਂ ਛਾਵਾਂ,

ਆਸਾ ਤੁਧੇ ਦੀਆਂ ਡਿੱਠੀਆਂ,

ਠੰਢੀ ਪਯਾਰੀ ਗੋਦ ਤੁਧੇ ਦੀ,

ਛਾਵਾਂ ਮਿੱਠੀਆਂ-ਮਿੱਠੀਆਂ।

ਉੱਥੋਂ ਦੀਆਂ ਪਹਾੜੀਆਂ, ਵਾਦੀਆਂ, ਨਦੀਆਂ ਅਤੇ ਦਰਿਆਵਾਂ ਦਾ ਯੋਗਦਾਨ ਮੇਰੀ ਜ਼ਿੰਦਗੀ ਦੇ ਹਨੇਰੇ ਰਾਹਾਂ ਦੀਆਂ ਪਗਡੰਡੀਆਂ ਨੂੰ ਰੁਸ਼ਨਾਉਣ ਲਈ ਗੁਪਤ ਦਾਨ ਵਰਗਾ ਹੈ।

ਹਰ ਇਲਾਕੇ ਵਿਚ ਦੁਨੀਆ ਭਰ ਦੇ ਲੋਕਾਂ ਨੂੰ ਆਪਣੇ ਵੱਲ ਸੈਨਤ ਮਾਰ ਕੇ ਸੱਦਣ ਦਾ ਹੌਂਸਲਾ ਨਹੀਂ ਹੁੰਦਾ ਪਰ ਮੈਨੂੰ ਲੱਦਾਖ ਵਿਚ ਇਹ ਹੌਸਲਾ ਵਿਖਾਈ ਦਿੱਤਾ। ਸਾਡਾ ਲੱਦਾਖ ਘੁੰਮਣ ਦਾ ਅਨੁਭਵ ਜ਼ਿੰਦਗੀ ਵਿਚ ਕਦੇ ਨਾ ਭੁੱਲਣ ਵਾਲਾ ਰਿਹਾ। ਹਾਂ, ਇਹ ਗੱਲ ਸੱਚ ਹੈ ਕਿ ਅਨੁਭਵ ਦੀ ਪ੍ਰਾਪਤੀ ਲਈ ਭਾਰੀ ਮੁੱਲ ਚਕਾਉਣਾ ਪੈਂਦਾ ਹੈ, ਪਰ ਉਸ ਤੋਂ ਜਿਹੜੀ ਸਿੱਖਿਆ ਮਿਲਦੀ ਹੈ, ਉਹ ਹੋਰ ਕਿਸੇ ਸਾਧਨ ਨਾਲ ਨਹੀਂ ਮਿਲ ਸਕਦੀ। ਪੰਜਾਬ ਤੋਂ ਲੇਹ ਤਕ ਦਾ ਸਫ਼ਰ ਅਸੀਂ ਹਵਾਈ ਯਾਤਰਾ ਰਾਹੀਂ ਕੀਤਾ। ਖ਼ੂਬਸੂਰਤ ਜਹਾਜ਼ ਬੱਦਲਾਂ ਨਾਲ ਗੱਲਾਂ ਕਰਦਾ ਅੱਠ ਕੁ ਵਜੇ ਹਵਾਈ ਅੱਡੇ ’ਤੇ ਪਹੁੰਚ ਗਿਆ ਸੀ। ਜੋ ਕੁਝ ਮੈਂ ਉੱਥੇ ਅਨੁਭਵ ਕੀਤਾ ਉਹ ਮਰਦੇ ਦਮ ਤਕ ਨਹੀਂ ਭੁੱਲ ਸਕਦੀ ਅਤੇ ਜੇਕਰ ਮੈਂ ਲੱਦਾਖ ਦੀ ਸੁੰਦਰਤਾ ਨੂੰ ਆਪਣੇ ਸ਼ਬਦਾਂ ਵਿਚ ਬਿਆਨ ਕਰਨ ਲੱਗਾਂ ਤਾਂ ਸ਼ਾਇਦ ਮੇਰੇ ਕੋਲ ਲਿਖਣ ਲਈ ਅੱਖਰ ਥੋੜ੍ਹੇ ਰਹਿ ਜਾਣ। ਸੜਕ ਦੇ ਇਕ ਕਿਨਾਰੇ ਵਗਦੀ ਨਦੀ ਤੇ ਦੂਜੇ ਕੰਢੇ ਕਿਤੇ ਬਰਫ਼ ਨਾਲ ਢਕੇ ਪਹਾੜ ਤੇ ਕਿਤੇ ਰੇਤਲੀ ਮਿੱਟੀ ਦੇ ਪਹਾੜਾਂ ਉਤੇ ਪੈਂਦੀ ਬੱਦਲਾਂ ਦੀ ਛਾਂ ਸੱਚਮੁੱਚ ਅੱਖ ’ਚ ਸਮਾਉਣ ਵਾਲੇ ਦਿ੍ਰਸ਼ ਹਨ। ਉਥੋਂ ਦੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਪਤਾ ਲੱਗਿਆ ਕਿ ਬਰਫ਼ ਜ਼ਿਆਦਾ ਜੰਮਣ ਕਾਰਨ ਰਸਤੇ ਬੰਦ ਹੋ ਜਾਂਦੇ ਹਨ ਅਤੇ ਸਿਰਫ਼ ਜੂਨ ਤੋਂ ਸਤੰਬਰ ਤਕ ਹੀ ਖੁੱਲ੍ਹਦੇ ਹਨ। ਉੱਥੋਂ ਦੇ ਵਾਸੀ ਇਨ੍ਹਾਂ ਮਹੀਨਿਆਂ ਵਿਚ ਹੀ ਆਪਣੀ ਸਾਰੇ ਸਾਲ ਦੀ ਰੋਟੀ ਦਾ ਜੁਗਾੜ ਕਰਦੇ ਹਨ। ਵੇਖਣ ਵਾਲੀ ਗੱਲ ਇਹ ਹੈ ਕਿ ਇੰਨੇ ਸੀਮਤ ਸਾਧਨ ਹੋਣ ਕਾਰਨ ਵੀ ਉਨ੍ਹਾਂ ਦੇ ਚਿਹਰਿਆਂ ਉਪਰ ਕੋਈ ਨਿਰਾਸ਼ਾ ਦੀ ਕਿਰਨ ਸਾਨੂੰ ਵਿਖਾਈ ਨਹੀਂ ਦਿੱਤੀ ਅਤੇ ਉਨ੍ਹਾਂ ਦੇ ਚਿਹਰੇ ਸਾਡੇ ਵਾਗੂੰ ਸਭ ਕੁਝ ਹੁੰਦੇ ਹੋਏ ਵੀ ਮੁਰਝਾਏ ਹੋਏ ਨਹੀ ਸਨ। ਉਨ੍ਹਾਂ ਦੀ ਜ਼ਿੰਦਾ ਦਿਲੀ ਨੂੰ ਮੈਂ ਸਲਾਮ ਕਰਦੀ ਹਾਂ। ਇੰਝ ਜਾਪਦਾ ਹੈ ਕਿ ਉੱਥੇ ਬਜ਼ੁਰਗ, ਬੁੱਢੇ-ਬੁੱਢੀਆਂ ਇਨ੍ਹਾਂ ਲਫ਼ਜ਼ਾਂ ਦੀ ਕੋਈ ਥਾਂ ਨਹੀਂ ਹੈ। ਹਰ ਇਕ ਮਰਦ ਤੇ ਔਰਤ ਫਿਟਫਾਟ ਹਨ ਤੇ ਹਰ ਕੰਮ ਬਹੁਤੀ ਤੇਜ਼ੀ ਨਾਲ ਤੇ ਖਿੜੇ ਚਿਹਰੇ ਨਾਲ ਕਰਦੇ ਹਨ। ਆਪਣੇ ਵਾਲਿਆਂ ਵਾਗੂੰ ਢਿੱਡ ਵਧਿਆ ਮੈਂ ਉਥੇ ਕਿਸੇ ਦਾ ਨਹੀਂ ਵੇਖਿਆ ਕਿਉਂਕਿ ਉਨ੍ਹਾਂ ਦਾ ਰਹਿਣ ਸਹਿਣ ਆਪਣੇ ਨਾਲੋਂ ਵਧੇਰੇ ਮਿਹਨਤ ਤੇ ਮੁਸ਼ਕਿਲ ਭਰਿਆ ਹੈ, ਜਿਸ ਦਾ ਕਾਰਨ ਸਰੀਰਕ ਤੌਰ ’ਤੇ ਉਹ ਵੱਧ ਕੰਮ ਕਰਦੇ ਹਨ। ਉਨ੍ਹਾਂ ਦਾ ਪਹਿਰਾਵਾ ਵੀ ਦਿਲ ਨੂੰ ਖਿੱਚ ਪਾਉਂਦਾ ਹੈ। ਖੁੱਲੇ੍ਹ ਤੇ ਨੀਵੇਂ-ਨੀਵੇਂ ਸਲਵਾਰ ਸੂਟ ਉਨ੍ਹਾਂ ਦੇ ਗੋਰੇ ਰੰਗ ’ਤੇ ਬਹੁਤ ਫੱਬਦੇ ਹਨ। ਬਹੁਤੀਆਂ ਔਰਤਾਂ ਨੂੰ ਹੀ ਮੈਂ ਉਥੇ ਕਾਰਾਂ ਚਲਾਉਂਦੇ ਹੋਏ ਵੇਖਿਆ। ਔਰਤਾਂ ਅਤੇ ਮਰਦ ਦੋਵੇਂ ਮਿਲ ਕੇ ਬਰਾਬਰ ਕੰਮ ਕਰਦੇ ਹਨ। ਫ਼ੌਜੀਆਂ ਦਾ ਰਹਿਣ ਸਹਿਣ ਅਤੇ ਅਨੁਸ਼ਾਸਨ ਵੇਖ ਕੇ ਮੈਨੂੰ ਆਪਣੀ ਜ਼ਿੰਦਗੀ ਕਾਫੀ ਅਨੁਸ਼ਾਸਨਹੀਣ ਜਾਪੀ। ਹਰ ਵਕਤ ਮੌਤ ਨੂੰ ਮੋਢਿਆਂ ’ਤੇ ਚੁੱਕਣ ਤੇ ਬਾਵਜੂਦ ਉਨ੍ਹਾਂ ਦੇ ਚਿਹਰਿਆਂ ਦੀ ਚਮਕ ਅਤੇ ਉਨ੍ਹਾਂ ਦਾ ਹੌਸਲਾ ਵੇਖਕੇ ਅਸੀਂ ਬਹੁਤ ਹੈਰਾਨ ਹੋਏ ਅਤੇ ਮੈਨੂੰ ਆਪਣਾ ਦੁੱਖ ਘੱਟ ਲੱਗਣ ਲੱਗਾ।

ਲੱਦਾਖ ਵਿਚ ਸੈਲਾਨੀਆਂ ਦੇ ਵੇਖਣ ਲਈ ਕਾਫੀ ਮਸ਼ਹੂਰ ਥਾਵਾਂ ਹਨ ਜਿਨ੍ਹਾਂ ਵਿਚ ਮਸ਼ਹੂਰ ਤੁਰਤੁਕ, ਪੈਨਗੋਗ ਝੀਲ ਤੇ ਨੁਬਰਾ ਪਹਾੜੀ ਤੋਂ ਇਲਾਵਾ ਲੈਹ ਪੈਲੇਸ, ਹੀਮਿਸ ਮੌਨ-ਅਸਟਰੀ ਆਦਿ। ਪੈਨਗੋਗ ਝੀਲ ਮੌਸਮ ਦੇ ਮੁਤਾਬਿਕ ਰੰਗ ਬਦਲਦੀ ਹੈ। ਉਹਦੇ ਰੰਗ ਨੂੰ ਦੇਖ ਕੇ ਇੰਝ ਲਗਿਆ ਕਿ ਜਿਵੇਂ ਕਿਸੇ ਸ਼ੌਕੀਨ ਮੁਟਿਆਰ ਨੇ ਚੁੰਨੀ ਰੰਗਾਈ ਹੋਏ ਕਿਤੋਂ ਗੂੜ੍ਹੀ ਨੀਲੀ ਤੇ ਕਿਤੋਂ ਫਿੱਕੀ ਸਰਦਈ। ਉੱਥੇ ਦਾ ਹਰ ਕੋਨਾ ਅੱਖਾਂ ਤੇ ਮਨ ਨੂੰ ਸ਼ਾਂਤੀ ਦੇਣ ਵਾਲਾ ਹੈ।

ਝੀਲ ਦਾ ਨੀਲਾ ਪਾਣੀ ਬਿਲਕੁਲ ਮੇਰੇ ਪਿਤਾ ਜੀ ਦੀਆਂ ਅੱਖਾਂ ਵਰਗਾ ਸੀ, ਪਵਿੱਤਰ ਅਤੇ ਸਾਫ਼। ਸੈਲਾਨੀਆਂ ਦੇ ਰਹਿਣ ਲਈ ਬਹੁਤੇ ਟੈਂਟ ਹਾਊਸ ਹੀ ਬਣੇ ਹੋਏ ਹਨ ਜੋ ਕਿ ਸਹੂਲਤਾਂ ਅਤੇ ਸੁੰਦਰਤਾ ਨਾਲ ਭਰਪੂਰ ਹਨ। ਅਸੀਂ ਇਕ ਰਾਤ ਤੁਰਤੁਕ ਹੌਲੀਡੇਅ ਟੈਂਟ ਹਾਊਸ ਵਿਚ ਰਿਹਾਇਸ਼ ਕੀਤੀ। ਉਨ੍ਹਾਂ ਤਾਜ਼ਾ ਚੈਰੀਆਂ ਅਤੇ ਹਰੇ ਸੇਬਾਂ ਦੇ ਨਾਲ ਬਰੈੱਡ, ਆਮਲੇਟ, ਪਰੌਂਠੇ ਆਦਿ ਸਾਨੂੰ ਸਵੇਰੇ ਨਾਸ਼ਤੇ ਵਿਚ ਦਿੱਤੇ। ਇੰਨਾ ਸੁਆਦ ਅਤੇ ਤਾਜ਼ਾ ਨਾਸ਼ਤਾ ਮੈਨੂੰ ਆਪਣੀ ਜ਼ਿੰਦਗੀ ਵਿਚ ਪਹਿਲਾ ਕਦੀ ਕਰਨ ਦਾ ਮੌਕਾ ਨਹੀਂ ਮਿਲਿਆ ਸੀ। ਇਕ ਗੱਲ ਜੋ ਕਾਫ਼ੀ ਅਜੀਬ ਸੀ ਕਿ ਇਥੇ ਏਅਰ ਕੰਡੀਸ਼ਨਰ ਵਾਲੀਆਂ ਕਾਰਾਂ ’ਚ ਘੁੰਮਣ ਵਾਲੇ ਲੋਕ ਉਥੇ ਜਾ ਕੇ ਮੋਟਰਸਾਈਕਲਾਂ ਉੱਤੇ ਸਵਾਰ ਹੋ ਕੇ ਤਾਜ਼ੀ ਹਵਾ ਤੇ ਸੁੰਦਰ ਦਿ੍ਰਸ਼ਾਂ ਦਾ ਆਨੰਦ ਮਾਣਦੇ ਹਨ। ਬਹੁਤ ਸਾਰੀਆਂ ਦੁਕਾਨਾਂ ਕਿਰਾਏ ’ਤੇ ਬੁਲਟ ਦੇਣ ਲਈ ਤੁਹਾਨੂੰ ਆਮ ਹੀ ਮਿਲ ਜਾਣਗੀਆਂ। ਮੈਨੂੰ ਉਹ ਲੋਕ ਬਿਨਾਂ ਐਸ਼ੋ-ਅਰਾਮ ਦੀਆਂ ਚੀਜ਼ਾਂ ਦੇ ਵੀ ਸੋਹਣੀ ਕੁਦਰਤ ਦੀ ਗੋਦ ਵਿਚ ਬੈਠਕੇ ਜ਼ਿੰਦਗੀ ਦਾ ਆਨੰਦ ਮਾਣਦੇ ਜਾਪੇ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ਨੂੰ ਸਾਡੇ ਵਾਂਗੂੰ ਮੋਬਾਈਲ ਫੋਨ ਨਾਂ ਦੀ ਸਿੳਂੁਕ ਅਜੇ ਨਹੀਂ ਲੱਗੀ। ਇਹ ਯਾਤਰਾ ਮੇਰੇ ਲਈ ਸਿਰਫ਼ ਇਕ ਯਾਤਰਾ ਨਾ ਹੋ ਕੇ ਇਕ ਮੱਲ੍ਹਮ ਬਣ ਗਈ, ਜਿਸ ਨੇ ਮੇਰੇ ਵਿਛੋੜੇ ਰੂਪੀ ਜ਼ਖ਼ਮਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ। ਇਸ ਮੱਲ੍ਹਮ ਰੂਪੀ ਯਾਤਰਾ ਨੂੰ ਮੈਂ ਰਹਿੰਦੇ ਦਮ ਤਕ ਅਭੁੱਲ ਯਾਦ ਦੇ ਰੂਪ ਵਿਚ ਸੰਭਾਲ ਕੇ ਰੱਖਾਂਗੀ।

- ਪੁਸ਼ਪਿੰਦਰ ਕੌਰ ਸਿੱਧੂ

Posted By: Harjinder Sodhi