ਕੋਹ ਕਾਫ਼ ਦੀਆਂ ਪਰੀਆਂ ਦੀਆਂ ਬਾਤਾਂ ਅਸੀਂ ਸਾਰੇ ਆਪਣੇ ਬਚਪਨ ਵਿਚ ਸੁਣਦੇ ਆਏ ਹਾਂ, ਭਾਵੇਂ ਕਿ ਅੱਜ ਕੱਲ੍ਹ ਸਮਾਰਟ ਟੀ. ਵੀ. ਕੰਪਿਊਟਰ ਅਤੇ ਸਮਾਰਟ-ਆਈ ਫੋਨ, ਮੋਬਾਈਲ ਦੇ ਜ਼ਮਾਨੇ ਵਿਚ ਮਾਪਿਆਂ ਅਤੇ ਦਾਦਾ- ਦਾਦੀ ਤੇ ਨਾਨਾ-ਨਾਨੀ ਕੋਲੋਂ ਪਰੀਆਂ ਦੀਆਂ ਬਾਤਾਂ ਸੁਣਨਾ ਬੀਤੇ ਸਮੇਂ ਦੀ ਗੱਲ ਬਣ ਗਈਆਂ ਹਨ ਪਰ ਫਿਰ ਵੀ ਕੋਹ ਕਾਫ਼ ਦੀਆਂ ਪਰੀਆਂ ਬਾਰੇ ਹਰ ਕਿਸੇ ਨੇ ਸੁਣਿਆ ਜ਼ਰੂਰ ਹੁੰਦਾ ਹੈ। ਅਕਸਰ ਇੰਦਰਲੋਕ ਨੂੰ ਪਰੀਆਂ ਦਾ ਦੇਸ਼ ਸਮਝਿਆ ਜਾਂਦਾ ਹੈ, ਇਸਦੇ ਨਾਲ ਹੀ ਕੋਹ ਕਾਫ਼ ਦੀਆਂ ਪਰੀਆਂ, ਜਿੰਨਾਂ, ਦੇਵਾਂ, ਦੈਂਤਾਂ ਵਲੋਂ ਕੈਦ ਕੀਤੀਆਂ ਸ਼ਹਿਜ਼ਾਦੀਆਂ, ਉਨ੍ਹਾਂ ਦੀ ਭਾਲ ਵਿਚ ਕੋਹ ਕਾਫ਼ ਇਲਾਕੇ ਵਿਚ ਆ ਕੇ ਭਟਕਦੇ ਰਾਜਕੁਮਾਰਾਂ ਅਤੇ ਫਿਰ ਜਿੰਨਾਂ ਨਾਲ ਉਨ੍ਹਾਂ ਦੀਆਂ ਜੰਗਾਂ ਅਤੇ ਫਿਰ ਪਰੀਆਂ ਅਤੇ ਰਾਜਕੁਮਾਰੀਆਂ ਨੂੰ ਜਿੰਨਾਂ ਦੀ ਕੈਦ ਤੋਂ ਮੁਕਤ ਕਰਵਾਉਣ ਦੀਆਂ ਬਾਤਾਂ, ਕੋਹ ਕਾਫ਼ ਦੀ ਜੰਗਲੀ ਧਰਤੀ, ਰਹੱਸਮਈ ਪਹਾੜੀ ਗੁਫ਼ਾਫਾਂ ਦੀਆਂ ਕਹਾਣੀਆਂ ਜਗਤ ਪ੍ਰਸਿੱਧ ਹਨ। ਅਕਸਰ ਅਸੀਂ ਕੋਹ ਕਾਫ਼ ਜਾਂ ਕੋਹ ਕਾਫ਼ ਦੀ ਧਰਤੀ ਨੂੰ ਮਿਥਿਹਾਸ ਜਾਂ ਲੇਖਕਾਂ ਦੀ ਕਲਪਣਾ ਦੀ ਉਡਾਰੀ ਸਮਝ ਲੈਂਦੇ ਹਾਂ ਪਰ ਕੋਹ ਕਾਫ਼ ਦੀ ਧਰਤੀ ਇਸ ਦੁਨੀਆ ਵਿਚ ਸਚਮੁੱਚ ਹਕੀਕਤ ਵਿਚ ਮੌਜੂਦ ਹੈ।

ਅਸਲ ਵਿਚ ਕੁਦਰਤ ਦੀ ਸ਼ਾਹਕਾਰ ਰਚਨਾ ਹੈ ਕੋਹ ਕਾਫ਼ ਦੀ ਧਰਤੀ। ਡੰੂਘੇ ਰਹੱਸਾਂ, ਉੱਚੇ-ਉੱਚੇ ਅੰਬਰ ਛੂੰਹਦੇ ਬਰਫ਼ਾਂ ਲੱਦੇ ਪਹਾੜਾਂ, ਉੱਚੇ ਬਰਫ਼ੀਲੇ ਪਹਾੜਾਂ ਵਿੱਚੋਂ ਨਿਕਲਦੇ ਅਨੇਕਾਂ ਝਰਨਿਆਂ, ਬਰਫੀਲੀਆਂ ਨਦੀਆਂ-ਨਾਲਿਆਂ ਅਤੇ ਹਜ਼ਾਰਾਂ ਕਿਸਮਾਂ ਦੇ ਫੁੱਲਾਂ, ਪੌਦਿਆਂ ਅਤੇ ਹਰੇ ਭਰੇ ਰੁੱਖਾਂ ਅਤੇ ਕੁਦਰਤੀ ਸੰੁਦਰਤਾ ਨਾਲ ਭਰਪੂਰ ਵਾਦੀਆਂ ਵਾਲੀ ਕੋਹ ਕਾਫ਼ ਦੀ ਧਰਤੀ ਕੁਦਰਤ ਦਾ ਇਕ ਬੇਜੋੜ ਨਮੂਨਾ ਹੈ। ਕੋਹ ਕਾਫ਼ ਅਸਲ ਵਿਚ ਇਕ ਪਹਾੜੀ ਇਲਾਕਾ ਹੈ, ਜਿਸ ਨੂੰ ਕਾਕੇਸ਼ੀਅਨ ਪਰਬਤ ਮਾਲਾ ਵੀ ਕਿਹਾ ਜਾਂਦਾ ਹੈ। ਕਾਕੇਸ਼ੀਅਨ ਦਾ ਅਰਥ ਹੈ- ‘‘ਪਹਾੜ ਆਸਮਾਨ ਨੂੰ ਛੂੰਹਦੇ ਹਨ।’’

ਕੋਹ ਕਾਫ਼ ਨੂੰ ਕੋਹ-ਏ ਕਾਫ਼ ਵੀ ਕਿਹਾ ਜਾਂਦਾ ਹੈ ਜੋ ਕਿ ਮੂਲ ਰੂਪ ਵਿਚ ਇਰਾਨੀ ਭਾਸ਼ਾ ਦਾ ਸ਼ਬਦ ਮੰਨਿਆ ਜਾਂਦਾ ਹੈ, ਜਿਸਦਾ ਅਰਥ ਹੰੁਦਾ ਹੈ-ਪਰੀਆਂ ਦਾ ਦੇਸ਼। ਕੋਹ ਕਾਫ਼ ਨੂੰ ਵੱਖ-ਵੱਖ ਭਾਸ਼ਾਵਾਂ ਵਿਚ ਵੱਖ-ਵੱਖ ਨਾਵਾਂ ਨਾਲ ਬੁਲਾਇਆ ਜਾਂਦਾ ਹੈ। ਕੋਹ ਕਾਫ਼ ਨੂੰ ਅੰਗਰੇਜ਼ੀ ਵਿਚ ‘ਕਾਕਸ’ ਜਾਂ ‘ਕੌਕਸਸ਼’ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਫਾਰਸੀ ਭਾਸ਼ਾ ਵਿਚ ਕੋਹ ਕਾਫ਼ ਨੂੰ ‘ਕਫਕਾਜ’ ਕਿਹਾ ਜਾਂਦਾ ਹੈ। ਰੂਸੀ ਭਾਸ਼ਾ ਵਿਚ ਕੋਹ ਕਾਫ਼ ਨੂੰ ‘ਕਵਕਾਜ’ ਅਤੇ ‘ਕਫਕਾਸ਼’ ਨਾਂ ਨਾਲ ਬੁਲਾਇਆ ਜਾਂਦਾ ਹੈ। ਕੋਹ ਕਾਫ਼ ਅਸਲ ਵਿਚ ਯੂਰਪ ਅਤੇ ਏਸ਼ੀਆ ਦੀ ਸਰਹੱਦ ’ਤੇ ਸਥਿਤ ਇਕ ਅਜਿਹਾ ਭੂਗੋਲਿਕ ਅਤੇ ਰਾਜਨੀਤਕ ਖੇਤਰ ਹੈ, ਜਿਸ ਦੀ ਪ੍ਰਸਿੱਧੀ ਦੁਨੀਆ ਭਰ ਵਿਚ ਹੈ। ਇਸ ਇਲਾਕੇ ਵਿਚ ਕੋਹ ਕਾਫ਼ ਉਰਫ ਕਾਕਸ ਪਰਬਤ ਲੜੀ ਵੀ ਆਉਂਦੀ ਹੈ, ਜਿਸ ਨੂੰ ਕਾਕੇਸ਼ੀਅਨ ਪਹਾੜ ਵੀ ਕਿਹਾ ਜਾਂਦਾ ਹੈ। ਅਸਲ ਵਿਚ ਕਾਕਸ਼ੀਅਨ ਪਹਾੜਾਂ ਦੇ ਇਲਾਕੇ ਨੂੰ ‘ਕੋਹ ਕਾਫ਼’ ਕਿਹਾ ਜਾਂਦਾ ਹੈ। ਯੂਰਪ ਦਾ ਸਭ ਤੋਂ ਉੱਚਾ ਪਹਾੜ, ਐਲਬਰੁਸ ਪਹਾੜ ਵੀ ਕੋਹ ਕਾਫ਼ ਵਿਚ ਸਥਿਤ ਹੈ ।

ਕੋਹ ਕਾਫ਼ ਇਲਾਕੇ ਦੇ ਦੋ ਮੁੱਖ ਹਿੱਸੇ ਦੱਸੇ ਜਾਂਦੇ ਹਨ : ਇਕ ਹਿੱਸੇ ਦਾ ਨਾਂ ਉੱਤਰੀ ਕੋਹ ਕਾਫ਼ ਅਤੇ ਦੂਜੇ ਹਿੱਸੇ ਦਾ ਨਾਂ ਦੱਖਣੀ ਕੋਹ ਕਾਫ਼ ਹੈ। ਉੱਤਰੀ ਕੋਹ ਕਾਫ਼ ਦੇ ਇਲਾਕੇ ਵਿਚ ਚੇਚਨੀਆ, ਇੰਗੁਸ਼ੇਤੀਆ, ਦਾਗ਼ਿਸਤਾਨ, ਆਦਿਗੇਆ, ਕਾਬਾਰਦੀਨੋ-ਬਲਕਾਰੀਆ, ਕਾਰਾਚਾਏ- ਚਰਕੱਸਿਆ, ਉੱਤਰ ਓਸੇਤੀਆ, ਕਰਾਸਨੋਦਾਰ ਕਰਾਏ ਅਤੇ ਸਤਾਵਰੋਪੋਲ ਕਰਾਏ ਦੇ ਇਲਾਕੇ ਆਉਂਦੇ ਹਨ। ਦੱਖਣੀ ਕੋਹ ਕਾਫ਼ ਦੇ ਇਲਾਕੇ ਵਿਚ ਅਰਮੀਨੀਆ, ਅਜ਼ਰਬਾਈਜਾਨ ਅਤੇ ਜਾਰਜੀਆ ਆਉਂਦੇ ਹਨ। ਇਸ ਇਲਾਕੇ ਵਿਚ ਦੱਖਣੀ ਓਸੇਤੀਆ, ਅਬਖਜਿਆ ਅਤੇ ਨਾਗੋਰਨੋ-ਕਾਰਾਬਾਖ ਦੇ ਇਲਾਕੇ ਸ਼ਾਮਲ ਹਨ।

ਕੋਹ ਕਾਫ਼ ਦੇ ਇਲਾਕੇ ਵਿਚ ਉੱਚੇ ਆਸਮਾਨ ਛੂੰਹਦੇ ਬਰਫ਼ਾਂ ਨਾਲ ਲੱਦੇ ਪਹਾੜ, ਸੰਘਣੇ ਜੰਗਲ, ਉੱਚੇ ਲੰਬੇ ਹਜ਼ਾਰਾਂ ਕਿਸਮਾਂ ਦੇ ਰੁੱਖ, ਅਨੇਕਾਂ ਕਿਸਮਾਂ ਦੇ ਜੰਗਲੀ ਜਾਨਵਰ ਅਤੇ ਅਨੇਕਾਂ ਕਿਸਮਾਂ ਦੇ ਉਡਾਰੀਆਂ ਮਾਰਦੇ ਪੰਛੀ, ਰਹੱਸਮਈ ਪਹਾੜੀ ਗੁਫ਼ਾਫ਼ਾਂ, ਪਹਾੜੀ ਰਸਤੇ, ਘੁਮਾਵਦਾਰ ਪਹਾੜੀ ਉਲਝਣ ਭਰਪੂਰ ਰਸਤੇ,ਉਡੂੰ ਉਡੂੰ ਕਰਦੀਆਂ ਕੋਹ ਕਾਫ਼ ਇਲਾਕੇ ਦੀਆਂ ਸੰੁਦਰ ਮੁਟਿਆਰਾਂ ਇਸ ਧਰਤੀ ਨੂੰ ਇਕ ਰਹੱਸਮਈ ਅਤੇ ਗ਼ੈਬੀ ਧਰਤੀ ਹੋਣ ਦਾ ਭੁਲੇਖਾ ਪਾਉਂਦੀਆਂ ਹਨ।

ਕੋਹ ਕਾਫ਼ ਦੇ ਇਲਾਕੇ ਵਿਚ ਪਹਾੜੀ ਇਲਾਕਾ ਜ਼ਿਆਦਾ ਹੋਣ ਕਾਰਨ ਇਥੇ ਉੱਚੇ-ਉੱਚੇ ਪਹਾੜ ਹਨ, ਜੋ ਕਿ ਬਰਫ਼ਾਂ ਨਾਲ ਲੱਦੇ ਰਹਿੰਦੇ ਹਨ। ਚੰਨ ਚਾਨਣੀ ਰਾਤ ਵਿਚ ਦੂਧੀਆ ਚਾਨਣੀ ਇਨ੍ਹਾਂ ਬਰਫ਼ ਨਾਲ ਲੱਦੇ ਪਹਾੜਾਂ ਦੀ ਸੰੁਦਰਤਾ ਵਿਚ ਹੋਰ ਵੀ ਵਾਧਾ ਕਰਦੀ ਹੈ। ਕੋਹ ਕਾਫ਼ ਵਿਚ ਅਨੇਕਾਂ ਹਿਮ ਨਦੀਆਂ ਅਤੇ ਝਰਨੇ ਨਿਕਲਦੇ ਹਨ, ਜੋ ਕਿ ਬਰਫ਼ੀਲੇ ਪਹਾੜਾਂ ਤੋਂ ਆਰੰਭ ਹੋ ਕੇ ਕਲ਼ ਕਲ਼ ਦਾ ਸੰਗੀਤ ਪੈਦਾ ਕਰਦੇ ਹੋਏ ਮੈਦਾਨੀ ਇਲਾਕਿਆਂ ਵੱਲ ਵਹਿੰਦੇ ਰਹਿੰਦੇ ਹਨ। ਇਨ੍ਹਾਂ ਨਦੀਆਂ ਅਤੇ ਝਰਨਿਆਂ ਦਾ ਪਾਣੀ ਬਹੁਤ ਠੰਢਾ ਅਤੇ ਬਹੁਤ ਸਾਫ਼ ਹੁੰਦਾ ਹੈ। ਕੋਹ ਕਾਫ਼ ਦੇ ਇਲਾਕੇ ਵਿਚ ਨਾਜ਼ਾਨ, ਲਾਜ਼ਾਨਤੁਕੀ ਅਤੇ ਬਰਸੂਮੀ ਝਰਨਿਆਂ ਦੀ ਖ਼ੂਬਸੂਰਤੀ ਦੀਆਂ ਗੱਲਾਂ ਦੂਰ-ਦੂਰ ਤਕ ਹੁੰਦੀਆਂ ਹਨ।

ਕੋਹ ਕਾਫ਼ ਦੇ ਇਲਾਕੇ ਦਾ ਇਤਿਹਾਸ 30 ਮਿਲੀਅਨ ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਇਸ ਦਾ ਜ਼ਿਕਰ ਗ੍ਰੀਕ ਮਿਥਕਾਂ ਅਤੇ ਧਾਰਮਿਕ ਗ੍ਰੰਥਾਂ ਵਿਚ ਵੀ ਹੋਇਆ ਦੱਸਿਆ ਜਾਂਦਾ ਹੈ। ਕੋਹ ਕਾਫ਼ ਦੀ ਧਰਤੀ ’ਤੇ ਅੰਬਰ ਛੰੂਹਦੇ ਬਰਫ਼ਾਂ ਨਾਲ ਲੱਦੇ ਪਹਾੜ, ਡੰੂਘੀਆਂ ਖੱਡਾਂ, ਰਮਣੀਕ ਵਾਦੀਆਂ, ਵੱਖ-ਵੱਖ ਰੁੱਖਾਂ ਨਾਲ ਲੱਦੇ ਜੰਗਲ, ਅਨੇਕਾਂ ਦੁਰਲਭ ਕਿਸਮਾਂ ਦੇ ਪੰਛੀ, ਪਸ਼ੂ, ਜਾਨਵਰ ਇਸ ਦੀ ਵਿਲੱਖਣਤਾ ਅਤੇ ਸੁੰਦਰਤਾ ਵਿਚ ਵਾਧਾ ਕਰਦੇ ਹਨ। ਕੋਹ ਕਾਫ਼ ਦੇ ਇਲਾਕੇ ਦੇ ਸਭ ਤੋਂ ਉੱਚੇ ਪਹਾੜ ’ਤੇ ਮਨੁੱਖ ਨੇ ਪਹਿਲੀ ਵਾਰ 22 ਜੁਲਾਈ, 1829 ਨੂੰ ਕਦਮ ਪਾਏ।

ਕੋਹ ਕਾਫ਼ ਦਾ ਇਲਾਕਾ ਤੁਰਕੀ, ਇਰਾਨ ਅਤੇ ਰੂਸ ਨਾਲ ਘਿਰਿਆ ਹੋਇਆ ਹੈ, ਜਿਸ ਕਰਕੇ ਕੋਹ ਕਾਫ਼ ਦੀ ਸੱਭਿਅਤਾ ਅਤੇ ਜਨ ਜੀਵਨ ’ਤੇ ਰੂਸ, ਤੁਰਕੀ ਅਤੇ ਇਰਾਨ ਵਿਚ ਵਾਪਰਦੀਆਂ ਘਟਨਾਵਾਂ ਦਾ ਅਸਰ ਬੀਤੇ ਸਮੇਂ ਤੋਂ ਪੈਂਦਾ ਆਇਆ ਹੈ। ਇਤਿਹਾਸ ਦੇ ਪੰਨੇ ਫਰੋਲਦਿਆਂ ਪਤਾ ਚਲਦਾ ਹੈ ਕਿ ਅਠਾਰਵੀਂ ਸਦੀ ਤੋਂ ਪਹਿਲਾਂ ਰੂਸ ਅਤੇ ਅੱਠਵੀਂ ਸਦੀ ਤੋਂ ਪਹਿਲਾਂ ਤੁਰਕਾਂ ਦਾ ਕੋਹ ਕਾਫ਼ ਇਲਾਕੇ ਵਿਚ ਹੋਂਦ ਜਾਂ ਮਹੱਤਵ ਨਹੀਂ ਸੀ। ਇਰਾਨ ਦੇ ਮੀਦੀਆਂ ਨੇ ਅੱਠਵੀਂ ਸਦੀ ਈਸਾਪੂਰਵ ਵਿਚ ਇੱਥੇ ਆਪਣਾ ਸਿੱਕਾ ਜਮਾਇਆ । ਮੀਦੀ ਭਾਵੇਂ ਇਕ ਵੱਡੇ ਰਾਜ ਦੀ ਤਰ੍ਹਾਂ ਨਹੀਂ ਸਨ ਅਤੇ ਅਸੀਰਿਆਇਆਂ ਦੇ ਸਾਥੀ ਸਨ। ਈਸਾ ਤੋਂ 559 ਸਾਲ ਪਹਿਲਾਂ ਜਦੋਂ ਮੀਦੀਆਂ ਦੇ ਸਾਥੀ ਪਾਰਸ (ਦੱਖਣੀ ਇਰਾਨ) ਦੇ ਹਖਾਮਨੀਆਂ ਨੇ ਮੀਦਿਆ ਅਤੇ ਅਸੀਰਿਆ ਦੋਵਾਂ ਉੱਤੇ ਫ਼ਤਹਿ ਹਾਸਲ ਕਰ ਲਈ ਤਾਂ ਉਸਦੇ ਬਾਅਦ ਇਹ ਕੋਹ ਕਾਫ਼ ਦੇ ਇਲਾਕੇ ’ਤੇ ਹਖਾਮਨੀ ਪਾਰਸੀਆਂ ਦਾ ਕਬਜ਼ਾ ਹੋ ਗਿਆ । ਸੰਨ 95 ਈਸਾਪੂਰਵ ਵਿਚ ਇੱਥੇ ਦੇ ਅਰਮੇਨਿਆਈਆਂ ਦੇ ਸਾਮਰਾਜ ਦਾ ਜਨਮ ਹੋਇਆ ਅਤੇ ਇਕ ਮੁਕਾਮੀ ਸ਼ਾਸਨ ਨੇ ਸੱਤਾ ਦੀ ਵਾਗਡੋਰ ਸੰਭਾਲੀ। ਹੌਲੀ-ਹੌਲੀ ਕੋਹ ਕਾਫ਼ ਦੇ ਇਲਾਕੇ ਦਾ ਵਿਸਥਾਰ ਹੋਇਆ ਅਤੇ ਇਕ ਸਮੇਂ ਇਹ ਇਲਾਕਾ ਮਿਸਰ ਤਕ ਫੈਲ ਗਿਆ ਸੀ।

ਇਰਾਨ ਵਿਚ ਸਾਸਾਨੀਆਂ ਦੇ ਸ਼ਾਸਨ ਅਤੇ ਰੋਮਨ ਸਾਮਰਾਜ ਦੀ ਕਸ਼ਮਕਸ਼ ਵਿਚ ਕੋਹ ਕਾਫ਼ ਨੂੰ ਦੋਵਾਂ ਸਾਮਰਾਜਾਂ ਵਲੋਂ ਸਮੇਂ-ਸਮੇਂ ਆਪਣੇ ਰਾਜ ਵਿਚ ਮਿਲਾ ਲਿਆ ਜਾਂਦਾ ਰਿਹਾ। ਰੋਮਨ ਇਸ ਇਲਾਕੇ ਨੂੰ ਹਮੇਸ਼ਾ ਆਪਣਾ ਪੱਕਾ ਅੰਗ ਬਣਾਉਣ ਵਿਚ ਅਸਫਲ ਰਹੇ। ਲੇਕਿਨ ਇਸ ਸਮੇਂ ਇੱਥੇ ਇਸਾਈ ਧਰਮ ਦਾ ਪ੍ਰਚਾਰ ਵੀ ਹੋਇਆ। ਨੌਵੀਂ ਸਦੀ ਵਿਚ ਅਰਬਾਂ ਨੇ ਕੋਹ ਕਾਫ਼ ਇਲਾਕੇ ਉੱਪਰ ਹਮਲਾ ਕੀਤਾ ਪਰ ਉਨ੍ਹਾਂ ਦਾ ਰਾਜ ਕਾਇਮ ਨਾ ਹੋ ਸਕਿਆ। ਸੰਨ 1045 ਵਿਚ ਬਿਜੈਂਟਿਨੋਂ ਨੇ ਅਰਬਾਂ ਨੂੰ ਭਜਾ ਕੇ ਜਾਰਜੀਆ ਵਿਚ ਇਕ ਇਸਾਈ ਸਾਮਰਾਜ ਦੀ ਸਥਾਪਨਾ ਕੀਤੀ। ਤੇਰ੍ਹਵੀਂ ਸਦੀ ਦੇ ਵਿਚਕਾਰ ਮੰਗੋਲਾਂ ਦੇ ਹਮਲੇ ਦੀ ਵਜ੍ਹਾ ਨਾਲ ਇਹ ਸਾਮਰਾਜ ਬਿਖਰ ਗਿਆ। ਉਸਮਾਨੀ ਤੁਰਕਾਂ ਅਤੇ ਉਸਦੇ ਬਾਅਦ ਰੂਸੀਆਂ ਅਤੇ ਇਰਾਨੀਆਂ ਦੇ ਵਿਚਾਲੇ ਕੋਹ ਕਾਫ਼ ਦੇ ਇਲਾਕੇ ਦਾ ਜਮ੍ਹਾਂ-ਘਟਾਓ ਭਾਵ ਤਕਸੀਮ ਹੁੰਦਾ ਰਿਹਾ।

ਕੋਹ ਕਾਫ਼ ਦੀ ਦੂਰ-ਦੂਰ ਤਕ ਦੇ ਦੇਸ਼ਾਂ ਦੇਸ਼ਾਂਤਰਾਂ ਤਕ ਫੈਲੀ ਵਿਸ਼ਾਲ ਧਰਤੀ ’ਤੇ ਕਈ ਸੱਭਿਆਤਾਵਾਂ ਦਾ ਸੁਮੇਲ ਵੇਖਣ ਵਿਚ ਆਉਂਦਾ ਹੈ ਅਤੇ ਕਈ ਸੱਭਿਆਤਾਵਾਂ ਦੇ ਸੱਭਿਆਚਾਰ ਦਾ ਮਿਲਵਾਂ ਜੁਲਵਾਂ ਅਸਰ ਵੇੇਖਣ ਵਿਚ ਆਉਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਸਦੀਆਂ ਪਹਿਲਾਂ ਅਰਬ, ਯੂਰੋਪ, ਏਸ਼ੀਆ ਅਤੇ ਦੁਨੀਆ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਅਨੇਕਾਂ ਲੋਕ ਕੋਹ ਕਾਫ਼ ਦੇ ਇਲਾਕੇ ਵਿਚ ਆ ਕੇ ਵੱਸ ਗਏ, ਜਿਨ੍ਹਾਂ ਦੇ ਵੱਖ-ਵੱਖ ਰੀਤ ਰਿਵਾਜਾਂ ਅਤੇ ਸੱਭਿਆਚਾਰ ਨੇ ਇਕ ਨਵਾਂ ਹੀ ਕੋਹ ਕਾਫ਼ ਸੱਭਿਆਚਾਰ ਪੈਦਾ ਕਰ ਦਿੱਤਾ। ਅਸਲ ਵਿਚ ਕੋਹ ਕਾਫ਼ ਦੀ ਧਰਤੀ ਅਸਲੀ ਕਾਕੇਸ਼ੀਅਨ ਨਸਲ ਦੀ ਜਨਮ ਭੌਂ ਹੈ। ਕੋਹ ਕਾਫ਼ ਨੂੰ ਦੁਨੀਆ ਵਿਚ ਕਾਕੇਸ਼ੀਅਨ ਪਹਾੜੀ ਇਲਾਕੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕੋਹ ਕਾਫ਼ ਦੇ ਇਲਾਕੇ ਦੇ ਦੂਰ-ਦੂਰ ਤਕ ਫੈਲੇ ਹੋਣ ਕਾਰਨ ਇਸ ਇਲਾਕੇ ਵਿੱਚ ਜਲਵਾਯੂ ਵਖਰੇਂਵੇਂ ਦੇ ਨਾਲ-ਨਾਲ ਭਾਸ਼ਾ ਅਤੇ ਬੋਲੀ ਦਾ ਵਖਰੇਵਾਂ ਵੀ ਵੇਖਣ ਵਿਚ ਆਉਂਦਾ ਹੈ। ਕੋਹ ਕਾਫ਼ ਇਲਾਕੇ ਦੇ ਕਈ ਪਿੰਡਾਂ ਵਿਚ ਅਜਿਹੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜੋ ਕਿ ਦੁਨੀਆ ਵਿਚ ਹੋਰ ਕਿਧਰੇ ਨਹੀਂ ਬੋਲੀਆਂ ਜਾਂਦੀਆਂ, ਇਸ ਕਾਰਨ ਇਨ੍ਹਾਂ ਲੋਕਾਂ ਦੀ ਗੱਲਬਾਤ ਬਾਹਰੀ ਦੁਨੀਆ ਨੂੰ ਸਮਝ ਵਿਚ ਨਹੀਂ ਆਉਂਦੀ। ਕੋਹ ਕਾਫ਼ ਦੇ ਇਲਾਕੇ ਵਿਚ ਵੱਖ-ਵੱਖ ਕਬੀਲਿਆਂ ਦੀਆਂ ਆਪੋ ਆਪਣੀਆਂ ਬੋਲੀਆਂ ਤੇ ਰਸਮ ਰਿਵਾਜ ਹਨ, ਜੋ ਕਿ ਸਾਂਝੇ ਕਾਕੇਸ਼ੀਅਨ ਜਾਂ ਕੋਹ ਕਾਫ਼ ਸੱਭਿਆਚਾਰ ਨੂੰ ਜਨਮ ਦਿੰਦੇ ਹਨ। ਕਿਹਾ ਜਾਂਦਾ ਹੈ ਕਿ ਕੋਹ ਕਾਫ਼ ਦੇ ਇਲਾਕੇ ਵਿਚ ਅਰਬ, ਯੂਰਪ ਅਤੇ ਏਸ਼ੀਆ ਦੀਆਂ ਸੱਭਿਆਤਾਵਾਂ ਦਾ ਮਿਲਿਆ ਜੁਲਿਆ ਸੱਭਿਆਚਾਰ ਦਿਖਾਈ ਦਿੰਦਾ ਹੈ। ਕੋਹ ਕਾਫ਼ ਦੇ ਆਸਮਾਨ ਛੂੰਹਦੇ ਉੱਚੇ ਪਹਾੜਾਂ, ਮੈਦਾਨੀ ਇਲਾਕਿਆਂ, ਪਹਾੜੀ ਗੁਫ਼ਾਵਾਂ ਅਤੇ ਢੱਕੀਆਂ (ਛੋਟੀਆਂ ਪਹਾੜੀਆਂ) ਉਹਲੇ ਵਸੇ ਵੱਖ-ਵੱਖ ਪਿੰਡਾਂ ਵਿਚ 50 ਤੋਂ ਵੱਧ ਨਸਲਾਂ, ਜਾਤੀਆਂ ਦੇ ਲੋਕ ਰਹਿੰਦੇ ਹਨ। ਕੋਹ ਕਾਫ਼ ਦੇ ਇਲਾਕੇ ਵਿਚ ਅਨੇਕਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਹ ਕਾਫ਼ ਦੇ ਇਲਾਕੇ ਵਿਚ ਆਰਮੀਨਿਆਈ ਭਾਸ਼ਾ, ਔਸੇਤੀ ਭਾਸ਼ਾ, ਅਜੇਰੀ ਭਾਸ਼ਾ, ਅਲਤਾਈ ਭਾਸ਼ਾ, ਤੁਰਕੀ ਭਾਸ਼ਾ ਅਤੇ ਹੋਰ ਕਈ ਤਰ੍ਹਾਂ ਦੀਆਂ ਭਾਸ਼ਾਵਾਂ ਮੁੁੱਖ ਰੂਪ ਵਿਚ ਬੋਲੀਆਂ ਜਾਂਦੀਆਂ ਹਨ। ਕੋਹ ਕਾਫ਼ ਇਲਾਕੇ ਦੇ ਅਨੇਕਾਂ ਪਿੰਡ ਅਜਿਹੇ ਹਨ, ਜਿਨ੍ਹਾਂ ਦੀ ਆਪਣੀ ਵੱਖਰੀ ਭਾਸ਼ਾ ਹੈ, ਜੋ ਦੁਨੀਆ ਵਿਚ ਹੋਰ ਕਿਤੇ ਵੀ ਨਹੀਂ ਮਿਲਦੀ, ਜਿਸ ਕਾਰਨ ਇਨ੍ਹਾਂ ਲੋਕਾਂ ਦੀ ਭਾਸ਼ਾ ਵਿਚ ਕੀਤੀ ਗੱਲਬਾਤ ਸਿਰਫ਼ ਇਨ੍ਹਾਂ ਪਿੰਡਾਂ ਦੇ ਲੋਕ ਹੀ ਸਮਝ ਸਕਦੇ ਹਨ। ਕੋਹ ਕਾਫ਼ ’ਚ ਇਸਾਈ, ਇਸਲਾਮ ਧਰਮ ਦੇ ਵੱਖ-ਵੱਖ ਫਿਰਕਿਆਂ ਦੇ ਲੋਕ ਰਹਿੰਦੇ ਹਨ। ਇੱਥੋਂ ਦੇ ਮੁਸਲਮਾਨਾਂ ਵਿਚ ਜ਼ਿਆਦਾਤਰ ਸੁੰਨੀ ਹਨ ਜਦੋਂਕਿ ਅਜ਼ਰਬੈਜਾਨ ਦੇ ਇਲਾਕੇ ਵਿਚ ਕੁਝ ਸ਼ਿਆ ਮੁਸਲਮਾਨ ਵੀ ਰਹਿੰਦੇ ਹਨ।

ਕੋਹ ਕਾਫ਼ ਵਿਚ ਕੁਝ ਜਾਤੀਆਂ ਦੇ ਲੋਕ ਅਜਿਹੇ ਹਨ, ਜੋ ਕਿ ਬਹੁਤ ਹੀ ਸੁੰਦਰ ਹੰੁਦੇ ਹਨ। ਇਨ੍ਹਾਂ ਲੋਕਾਂ ਦਾ ਰੰਗ ਗੋਰਾ, ਅੱਖਾਂ ਨੀਲੀਆਂ ਜਾਂ ਭੂਰੀਆਂ ਹੁੰਦੀਆਂ ਹਨ। ਕੋਹ ਕਾਫ਼ ਵਿਚ ਚਰਕਸ ਜਾਤੀ ਦੇ ਲੋਕਾਂ ਨੂੰ ਸਭ ਤੋਂ ਸੰੁਦਰ ਮੰਨਿਆ ਜਾਂਦਾ ਹੈ ਅਤੇ ਇਹ ਕਿਹਾ ਜਾਂਦਾ ਹੈ ਕਿ ਚਰਕਸ ਜਾਤੀ ਦੀਆਂ ਸੁੰਦਰ ਮੁਟਿਆਰਾਂ ਨੂੰ ਹੀ ਕੋਹ ਕਾਫ਼ ਦੀਆਂ ਪਰੀਆਂ ਮੰਨਿਆ ਜਾਂਦਾ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਕੋਹ ਕਾਫ਼ ਦੇ ਇਲਾਕੇ ਦਾ ਪੌਣ ਪਾਣੀ ਅਜਿਹਾ ਹੈ ਕਿ ਇਸ ਇਲਾਕੇ ਵਿਚ ਰਹਿੰਦੇ ਹਰ ਜਾਤੀ ਦੇ ਲੋਕ ਬਹੁਤ ਗੋਰੇ ਰੰਗ ਦੇ ਅਤੇ ਬਹੁਤ ਸੁੰਦਰ ਹੁੰਦੇ ਹਨ, ਫਿਰ ਵੀ ਇਨ੍ਹਾਂ ਜਾਤੀਆਂ ਵਿੱਚੋਂ ਚਰਕਸ ਜਾਤੀ ਦੇ ਲੋਕ ਖ਼ਾਸ ਕਰਕੇ ਚਰਕਸ ਜਾਤੀ ਦੀਆਂ ਮੁਟਿਆਰਾਂ ਦੀ ਸੁੰਦਰਤਾ ਸਭ ਦਾ ਮਨ ਮੋਹ ਲੈਂਦੀ ਹੈ। ਕੋਹ ਕਾਫ਼ ਦੇ ਇਲਾਕੇ ਦੀਆਂ ਮੁਟਿਆਰਾਂ ਜ਼ਿਆਦਾਤਰ ਨੀਲੀਆਂ ਅੱਖਾਂ ਜਾਂ ਭੂਰੀਆਂ ਅੱਖਾਂ ਵਾਲੀਆਂ ਤੇ ਗੋਰੀਆਂ ਨਿਛੋਹ ਗੁਲਾਬੀ ਭਾਅ ਮਾਰਦੇ ਗੋਰੇ ਰੰਗ ਵਾਲੀਆਂ ਹੁੰਦੀਆਂ ਹਨ, ਉਨ੍ਹਾਂ ਦੇ ਦੰਦ ਅਨਾਰ ਦੇ ਦਾਣਿਆਂ ਅਤੇ ਮੋਤੀਆਂ ਵਾਂਗ ਚਮਕਦੇ ਹੁੰਦੇ ਹਨ। ਉਨ੍ਹਾਂ ਦੇ ਬੁੱਲਾਂ ਦੀ ਬਣਤਰ ਅਤੇ ਚਿਹਰੇ ਦੀ ਮੁਸਕਾਨ ਹਰ ਕਿਸੇ ਦੇ ਦਿਲ ਨੂੰ ਧੂ ਪਾਉਂਦੀ ਹੈ। ਭਾਵੇਂਕਿ ਹੁਣ ਦੇਵਾਂ ਅਤੇ ਪਰੀਆਂ ਦਾ ਜ਼ਮਾਨਾ ਨਹੀਂ ਰਿਹਾ ਪਰ ਫਿਰ ਵੀ ਕੋਹ ਕਾਫ਼ ਦੀਆਂ ਮੁਟਿਆਰਾਂ ਦੀ ਸੰੁਦਰਤਾ ਅਤੇ ਭਰਪੂਰ ਜੋਬਨ ਵੇਖ ਕੇ ਉਨ੍ਹਾਂ ਨੂੰ ਅਕਸਰ ਪਰੀਆਂ ਕਹਿ ਲਿਆ ਜਾਂਦਾ ਹੈ। ਕੋਹ ਕਾਫ਼ ਦੀਆਂ ਪਹਾੜੀਆਂ ਜ਼ਿਆਦਾਤਰ ਮੁਟਿਆਰਾਂ ਦੀ ਫਿਗਰ ਦਾ ਨਾਪ 36-26-36 ਹੁੰਦਾ ਹੈ। ਕੋਹ ਕਾਫ਼ ਦੇ ਹਜ਼ਾਰਾਂ ਮੀਲਾਂ ਵਿਚ ਫੈਲੇ ਇਲਾਕੇ ਦੀਆਂ ਮੁਟਿਆਰਾਂ ਏਨੀਆਂ ਜ਼ਿਆਦਾ ਸੋਹਣੀਆਂ ਹੁੰਦੀਆਂ ਹਨ ਕਿ ਉਹ ਸੱਚਮੁੱਚ ਪਰੀਆਂ ਹੀ ਜਾਪਦੀਆਂ ਹਨ। ਕੋਹ ਕਾਫ਼ ਦੀਆਂ ਮੁਟਿਆਰਾਂ ਦਾ ਗੋਰਾ- ਗੋਰਾ ਗੁਲਾਬੀ ਭਾਅ ਮਾਰਦਾ ਰੰਗ, ਜਿਵੇਂ ਮੱਖਣ ਵਿਚ ਸੰਧੂਰ ਰਲਿਆ, ਲੰਬੀ ਧੌਣ ਸੁਰਾਹੀ ਵਰਗੀ, ਨੈਣ ਬਿਲੌਰੀ ਤੇ ਮਿਰਗਨੈਣੀ, ਗੁਲਾਬ ਦੀਆਂ ਪੱਤੀਆਂ ਵਰਗੇ ਕੋਮਲ ਤੇ ਰਸੀਲੇ ਗੁਲਾਬੀ ਬੁੱਲ, ਭਰਵਾਂ ਜੁੱਸਾ, ਪਤਲਾ ਤੇ ਟੁੰਣੂ ਟੁੰਣੂ ਕਰਦਾ ਲਚਕੀਲਾ ਕਈ ਵੱਲ ਖਾਂਦਾ ਲੱਕ, ਗੋਰੀਆਂ ਬਾਹਾਂ ਵਿਚ ਪਾਈਆਂ ਵੱਖ-ਵੱਖ ਰੰਗਾਂ ਦੀਆਂ ਵੰਗਾਂ, ਹਵਾ ਦੇ ਬੁੱਲੇ ਨਾਲ ਹਠਖੇਲੀਆਂ ਕਰਦੇ ਲੰਬੇ ਸੁੰਦਰ ਵਾਲ, ਹੰਸ ਅਤੇ ਮੋਰਨੀ ਵਰਗੀ ਚਾਲ, ਟੱਲੀ ਵਾਂਗ ਟੁਣਕਦੇ ਬੋਲ, ਸ਼ਹਿਦ ਨਾਲੋਂ ਵੱਧ ਮਿੱਠੀ ਆਵਾਜ਼ ਉਨ੍ਹਾਂ ਦੇ ਪਰੀਆਂ ਹੋਣ ਦਾ ਭੁਲੇਖਾ ਹੀ ਤਾਂ ਪਾਉਂਦੇ ਨੇ।

ਕੋਹ ਕਾਫ਼ ਦੀ ਧਰਤੀ ਦੀ ਇਕ ਖ਼ਾਸ ਵਿਸ਼ੇਸ਼ਤਾ ਇਹ ਹੈ ਕਿ ਇਸ ਧਰਤੀ ’ਤੇ 6400 ਕਿਸਮਾਂ ਦੇ ਦਰੱਖ਼ਤ-ਬੂਟੇ ਅਜਿਹੇ ਮਿਲਦੇ ਹਨ ਜੋ ਕਿ ਦੁਨੀਆ ਵਿਚ ਕਿਸੇ ਹੋਰ ਇਲਾਕੇ ਵਿਚ ਨਹੀਂ ਮਿਲਦੇ। ਇਸਦੇ ਇਲਾਵਾ ਕੋਹ ਕਾਫ਼ ਦੇ ਇਲਾਕੇ ’ਚ ਜਾਨਵਰਾਂ ਅਤੇ ਪੰਛੀਆਂ ਦੀਆਂ 1600 ਕਿਸਮਾਂ ਅਜਿਹੀਆਂ ਹਨ, ਜੋ ਕਿ ਦੁਨੀਆ ਦੇ ਕਿਸੇ ਹੋਰ ਇਲਾਕੇ ਵਿਚ ਕਦੇ ਨਜ਼ਰ ਨਹੀਂ ਆਈਆਂ, ਇਹ ਸਭ ਕੁਝ ਇਸ ਇਲਾਕੇ ਨੂੰ ਦੁਨੀਆ ਤੋਂ ਵੱਖਰਾ ਇਲਾਕਾ ਦਰਸਾਉਂਦੇ ਹਨ।

ਕੋਹ ਕਾਫ਼ ਦੇ ਇਲਾਕੇ ਵਿਚ ਤੇਂਦੂਆਂ, ਭੂਰਾ ਰਿੱਛ, ਬਘਿਆੜ, ਜੰਗਲੀ ਝੋਟਾ, ਕੈਸਪੀਅਨ ਹੰਗੂਲ (ਲਾਲ ਮਿਰਗ), ਸੋਨੇ-ਰੰਗਾ ਮਹਾਸ਼ਿਏਨ (ਇੱਲ) ਜਿਸ ਨੂੰ ਗੋਲਡਨ ਈਗਲ ਵੀ ਕਹਿੰਦੇ ਹਨ ਅਤੇ ਓੜਨੀ (ਹੁਡਿਡ ) ਕਾਂ ਅਤੇ ਕੂੰਜਾਂ ਹਰ ਪਾਸੇ ਮਿਲ ਜਾਂਦੇ ਹਨ। ਕੋਹ ਕਾਫ਼ ਦੇ ਇਲਾਕੇ ਵਿਚ ਮਕੜੀਆਂ ਦੀਆਂ ਇਕ ਹਜ਼ਾਰ ਤੋਂ ਵੱਧ ਕਿਸਮਾਂ ਪਾਈਆਂ ਜਾਂਦੀਆਂ ਹਨ। ਇਸ ਇਲਾਕੇ ਵਿਚ ਓਵਚਰਕਾ ਨਾਂ ਦੇ ਕੁੱਤੇ ਪਾਏ ਜਾਂਦੇ ਹਨ ਜੋ ਕਿ ਭੇਡਾਂ ਨੂੰ ਚਰਾਉਣ ਵਿਚ ਸਹਾਇਕ ਸਾਬਿਤ ਹੁੰਦੇ ਹਨ, ਜਿਸ ਕਰਕੇ ਇਹ ਕੁੱਤੇ ਪੂਰੇ ਵਿਸ਼ਵ ਵਿਚ ਪ੍ਰਸਿੱਧ ਹਨ। ਕੋਹ ਕਾਫ਼ ਦੇ ਇਲਾਕੇ ਦਾ ਵੱਡਾ ਹਿੱਸਾ ਪਹਾੜੀ ਖੇਤਰ ਹੈ, ਜਿੱਥੇ ਕਿ ਰੁੱਖਾਂ ਦੇ ਸੰਘਣੇ ਜੰਗਲਾਂ ਦੀ ਭਰਮਾਰ ਹੈ ਪਰ ਇਸ ਇਲਾਕੇ ਵਿਚ ਬੰਜਰ ਅਤੇ ਪਥਰੀਲੀ ਜ਼ਮੀਨ ਵੀ ਪਾਈ ਜਾਂਦੀ ਹੈ।

ਕੋਹ ਕਾਫ਼ ਵਿਚ ਮੌਸਮ ਹਮੇਸ਼ਾ ਖ਼ੁਸ਼ਗਵਾਰ ਅਤੇ ਸੋਹਾਵਣਾ ਰਹਿੰਦਾ ਹੈ। ਕੋਹ ਕਾਫ਼ ਦੇ ਪਹਾੜਾਂ ਦੀ ਬਣਤਰ ਇਸ ਤਰ੍ਹਾਂ ਕੁਦਰਤੀ ਤੌਰ ’ਤੇ ਬਣੀ ਹੋਈ ਹੈ, ਕਿ ਇਨ੍ਹਾਂ ਆਸਮਾਨ ਛੰੂਹਦੇ ਬਰਫ਼ੀਲੇ ਪਹਾੜਾਂ ਕਾਰਨ ਪੱਛਮ ਦੀਆਂ ਠੰਢੀਆਂ ਹਵਾਵਾਂ ਇਥੇ ਨਹੀਂ ਆ ਸਕਦੀਆਂ ਅਤੇ ਇਨ੍ਹਾਂ ਉੱਚੇ ਪਹਾੜਾਂ ਕਾਰਨ ਪੂਰਬ ਦੀਆਂ ਗਰਮ ਹਵਾਵਾਂ ਵੀ ਕੋਹ ਕਾਫ਼ ਵਿਚ ਪਹੰੁਚਣ ਵਿਚ ਅਸਮਰੱਥ ਹੰੁਦੀਆਂ ਹਨ, ਜਿਸ ਕਾਰਨ ਕੋਹ ਕਾਫ਼ ਦੀ ਧਰਤੀ ’ਤੇ ਮੌਸਮ ਸੁਹਾਵਣਾ ਰਹਿੰਦਾ ਹੈ। ਆਮ ਤੌਰ ’ਤੇ ਇਸ ਧਰਤੀ ’ਤੇ ਮੌਸਮ ਪੰਜ ਮਹੀਨੇ ਗਰਮੀ ਦਾ ਅਤੇ ਤਿੰਨ ਮਹੀਨੇ ਸਿਆਲ ਰੁੱਤ ਦਾ ਰਹਿੰਦਾ ਹੈ, ਪਰ ਕੋਹ ਕਾਫ਼ ਦਾ ਇਲਾਕਾ ਬਹੁਤ ਵਿਸ਼ਾਲ ਹੋਣ ਕਾਰਨ ਇਸਦੀ ਜਲਵਾਯੂ ਵਿਚ ਵਖਰੇਵਾਂ ਵੀ ਪਾਇਆ ਜਾਂਦਾ ਹੈ। ਸਿਆਲ ਰੁੱਤੇ ਇਸ ਇਲਾਕੇ ਵਿਚ ਭਾਰੀ ਬਰਸਾਤ ਪੈਂਦੀ ਹੈ। ਇਸ ਦੇ ਪਹਾੜਾਂ ਵਿਚ ਜਦੋਂ ਬੱਦਲ ਗਰਜਦੇ ਹਨ ਤੇ ਬਰਫ਼ੀਲੇ ਤੂਫ਼ਾਨ ਚਲਦੇ ਹਨ ਤਾਂ ਕਈ ਤਰ੍ਹਾਂ ਦੀਆਂ ਡਰਾਉਣੀਆਂ ਆਵਾਜ਼ਾਂ ਬਹੁਤ ਦੂਰ- ਦੂਰ ਤਕ ਸੁਣਾਈ ਦਿੰਦੀਆਂ ਹਨ, ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਬਰਫ਼ ਦਾ ਦਾਨਵ ਦਹਾੜ ਰਿਹਾ ਹੋਵੇ। ਅਜਿਹੇ ਸਮੇਂ ਅਕਸਰ ਕੋਹ ਕਾਫ਼ ਦੀਆਂ ਮੁਟਿਆਰਾਂ ਡਰ ਕੇ ਆਪਣੇ ਮਾਹੀ ਦੇ ਗਲ ਨਾਲ ਚੁੰਬੜ ਜਾਂਦੀਆਂ ਹਨ, ਜਿਸ ਕਾਰਨ ਕੋਹ ਕਾਫ਼ ਦੀ ਰਹੱਸਮਈ ਧਰਤੀ ਨੂੰ ਪਰੀਆਂ, ਜਿਨ੍ਹਾਂ, ਦੇਵਾਂ, ਦੈਤਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕੋਹ ਕਾਫ਼ ਦੀਆਂ ਪਰੀਆਂ ਕੋਈ ਮਿਥਿਹਾਸ ਜਾਂ ਜਾਦੂਈ ਕਹਾਣੀਆਂ ਦੀਆਂ ਬਾਤਾਂ ਨਹੀਂ ਸਗੋਂ ਸੱਚਮੁੱਚ ਇਸ ਧਰਤੀ ’ਤੇ ਵਸਦੀਆਂ ਮੁਟਿਆਰਾਂ ਨੂੰ ਕੋਹ ਕਾਫ਼ ਦੀਆਂ ਪਰੀਆਂ ਕਿਹਾ ਜਾਂਦਾ ਹੈ ਕੋਹ ਕਾਫ਼ ਇਲਾਕੇ ਦੀਆਂ ਮੁਟਿਆਰਾਂ ਦੀ ਸੁੰਦਰਤਾ ਵੇਖ ਕੇ ਕੋਹ ਕਾਫ਼ ਦੀ ਇਸ ਰਹੱਸਮਈ ਧਰਤੀ ਨੂੰ ‘ਪਰੀਆਂ ਦਾ ਦੇਸ਼’ ਹੀ ਕਿਹਾ ਜਾ ਸਕਦਾ ਹੈ। ਭਾਵੇਂ ਕਿ ਬਸਰੇ ਦੀ ਹੂਰ ਤੇ ਜਰਮਨ ਦੀਆਂ ਹੂਰਾਂ ਦੀਆਂ ਸੰੁਦਰਤਾ ਦੀਆਂ ਕਹਾਣੀਆਂ ਵੀ ਪ੍ਰਸਿੱਧ ਹਨ ਪਰ ਕੋਹ ਕਾਫ਼ ਦੀਆਂ ਪਰੀਆਂ ਦੀਆਂ ਬਾਤਾਂ ਤਾਂ ਹਰ ਕਿਸੇ ਦੇ ਦਿਲ ਵਿਚ ਵਸੀਆਂ ਹੋਈਆਂ ਹਨ।

ਪਰਬਤ ਲੜੀ

ਕੋਹ ਕਾਫ਼ ਦੇ ਪਹਾੜੀ ਇਲਾਕੇ ਭਾਵ ਕਾਕੇਸ਼ੀਅਨ ਪਰਬਤ ਮਾਲਾ ਦੀ ਲੰਬਾਈ 1100 ਕਿਲੋਮੀਟਰ ਅਤੇ ਚੌੜਾਈ 180 ਕਿਲੋਮੀਟਰ ਹੈ। ਕੋਹ ਕਾਫ਼ ਦੇ ਸਭ ਤੋਂ ਉੱਚੇ ਪਹਾੜ ਮਾਊਂਟ ਐਲਬ੍ਰਸ ਅਤੇ ਕਜ਼ਬੇਕ ਹਨ। ਕਿਹਾ ਜਾਂਦਾ ਹੈ ਕਿ ਮਾਊਂਟ ਐਲਬ੍ਰਸ ਇਕ ਸੁੱਤਾ ਹੋਇਆ ਜਵਾਲਾਮੁਖੀ ਹੈ। ਇਸ ਤੋਂ ਇਲਾਵਾ ਇਸ ਇਲਾਕੇ ਵਿਚ ਹੋਰ ਵੀ ਅਨੇਕਾਂ ਅਜਿਹੇ ਪਹਾੜ ਹਨ, ਜੋ ਕਿ ਪਹਿਲਾਂ ਦਹਿਕਦੇ ਹੋਏ ਜਵਾਲਾਮੁਖੀ ਸਨ, ਪਰ ਸਮੇਂ ਦੀ ਗਰਦ ਪੈ ਕੇ ਉਹ ਠੰਢੇ ਪਹਾੜਾਂ ਵਿਚ ਬਦਲ ਗਏ।

ਕਿੱਥੇ ਹੈ ਕੋਹ ਕਾਫ਼

ਕੋਹ ਕਾਫ਼ ਇਲਾਕੇ ਦਾ ਉੱਤਰੀ ਹਿੱਸਾ ਰੂਸ ਦਾ ਹਿੱਸਾ ਹੈ ਅਤੇ ਕੋਹ ਕਾਫ਼ ਇਲਾਕੇ ਦੇ ਉੱਤਰ ਵਾਲੇੇ ਪਾਸੇ ਰੂਸ ਦਾ ਸ਼ਾਸ਼ਨ ਹੈ। ਕੋਹ ਕਾਫ਼ ਇਲਾਕੇ ਦੇ ਪੱਛਮ ਵੱਲ ਦੀਆਂ ਸਰਹੱਦਾਂ, ਕਾਲਾ ਸਾਗਰ ਅਤੇ ਤੁਰਕੀ ਨੂੰ ਛੂਹਦੀਆਂ ਹਨ। ਕੋਹ ਕਾਫ਼ ਦੇ ਪੂਰਬ ਵਿਚ ਕੈਸਪੀਅਨ ਸਾਗਰ ਇਸ ਦੀ ਸਰਹੱਦ ਹੈ ਅਤੇ ਦੱਖਣ ਵਿਚ ਇਸਦੀ ਸਰਹੱਦ ਇਰਾਨ ਨਾਲ ਮਿਲਦੀ ਹੈ। ਕੋਹ ਕਾਫ਼ ਦੇ ਇਲਾਕੇ ਨੂੰ ਕਦੇ ਯੂਰਪ, ਕਦੇ ਏਸ਼ੀਆ, ਕਦੇ ਮੱਧ ਯੂਰਪ ਅਤੇ ਕਦੇ ਯੂਰੋਸ਼ੀਆ ਦਾ ਹਿੱਸਾ ਮੰਨਿਆ ਜਾਂਦਾ ਹੈ। ਕੋਹ ਕਾਫ਼ ਇਲਾਕੇ ਦਾ ਵੱਡਾ ਹਿੱਸਾ ਪਹਾੜੀ ਖੇਤਰ ਹੈ, ਇਸ ਇਲਾਕੇ ਦੀਆਂ ਵੱਖ-ਵੱਖ ਵਾਦੀਆਂ ਅਤੇ ਹਿੱਸਿਆਂ ਵਿਚ ਵੱਖ-ਵੱਖ ਸੰਸਕਿ੍ਰਤੀਆਂ, ਜਾਤੀਆਂ ਅਤੇ ਭਾਸ਼ਾਵਾਂ ਜੁਗਾਂ ਜੁਗਾਂਤਰਾਂ ਤੋਂ ਵਿਕਸਤ ਹੋ ਰਹੀਆਂ ਹਨ ਅਤੇ ਇਕ-ਦੂਜੇ ਨਾਲ ਜੂਝ ਰਹੀਆਂ ਹਨ।

- ਜਗਮੋਹਨ ਸਿੰਘ ਲੱਕੀ

Posted By: Harjinder Sodhi