ਕੁਝ ਵਰ੍ਹੇ ਪਹਿਲਾਂ ਮੇਰਾ ਇਕ ਲੇਖਕ ਦੋਸਤ ਓਮ ਪ੍ਰਕਾਸ਼ ਵੀਹ ਸਾਲ ਇੰਗਲੈਂਡ ’ਚ ਰਹਿਣ ਤੋਂ ਬਾਅਦ ਦਿੱਲੀ ਮੇਰੇ ਕੋਲ ਆਇਆ ਤਾਂ ਉਸ ਨੇ ਭਾਰਤ ਦੇ ਕੁਝ ਦਰਸ਼ਨੀ ਸਥਾਨ ਵੇਖਣ ਦੀ ਇੱਛਾ ਜ਼ਾਹਰ ਕੀਤੀ। ਅਸੀਂ ਪ੍ਰਾਚੀਨ ਬੋਧ ਸਮਾਰਕ/ਗੁਫ਼ਾਵਾਂ ਵੇਖਣ ਦਾ ਪ੍ਰੋਗਰਾਮ ਬਣਾ ਕੇ ਪਹਿਲਾਂ ਬੰਬਈ ਪਹੁੰਚਦੇ ਹਾਂ। ਬੰਬਈ ਦੇ ਮੇਰੇ ਇਕ ਮਰਾਠੀ ਦੋਸਤ ਦੇ ਘਰ ਰੁਕਦੇ ਹਾਂ, ਜੋ ਆਪ ਕਿਤੇ ਗਿਆ ਹੋਇਆ ਸੀ ਪਰ ਆਪਣੇ ਘਰ ਦੀ ਚਾਬੀ ਸਾਡੇ ਲਈ ਆਪਣੇ ਗਵਾਂਢੀ ਨੂੰ ਦੇ ਗਿਆ। ਬੰਬਈ ’ਚ ਇਕ ਹੋਰ ਗੁਜਰਾਤੀ ਕੁੜੀ ਵੀ ਮੇਰੀ ਜਾਣਕਾਰ ਹੈ। ਇਹ ਦੋਵੇਂ ਮੇਰੀਆਂ ਵੱਖ-ਵੱਖ ਪਰਬਤ ਯਾਤਰਾਵਾਂ ਦੌਰਾਨ ਮਿਲੇ ਸਨ। ਜਿਸਨੇ ਬੰਬਈ ਨਹੀਂ ਵੇਖਿਆ, ਉਸ ਦੀ ਜਾਣਕਾਰੀ ਲਈ ਕਿ ਸਾਰੇ ਬੰਬਈ ’ਚ ਲੋਕਲ ਟ੍ਰੇਨਾਂ ਦਾ ਜਾਲ ਵਿਛਿਆ ਹੋਇਂਆ ਹੈ ਅਤੇ ਤਕਰੀਬਨ ਨੱਬੇ ਪਚੱਨਵੇਂ ਫ਼ੀਸਦੀ ਆਦਮੀ ਤੀਵੀਆਂ ਲੋਕਲ ਟ੍ਰੇਨਾਂ ਰਾਹੀਂ ਆਉਂਦੇ ਜਾਂਦੇ ਹਨ। ਕੁੜੀ ਦਾ ਨਾਂ ਉਲਾਸ, ਕਾਫ਼ੀ ਅਮੀਰ ਮਾਂ ਪਿਓ ਦੀ ਧੀ ਸੀ। ਇਹ ਰੋਜ਼ ਸਾਨੂੰੂ ਇਕ (ਗੋਰੀ ਗਾਓਂ) ਸਟੇਸ਼ਨ ’ਤੇ ਆ ਕੇ ਮਿਲਦੀ, ਨਾਲ ਸਾਡੇ ਲਈ ਨਾਸ਼ਤਾ ਘਰੋਂ ਬਣਾ ਕੇ ਲੈ ਆਉਂਦੀ ਅਤੇ ਬੰਬਈ ਦੀ ਮੈਰੀਨ ਡਰਾਇਵ, ਅਜਾਇਬਘਰਾਂ ਅਤੇ ਐਲੀਫੈਂਟਾਂ ਗੁਫ਼ਾਵਾਂ ਦੀ ਸੈਰ ਕਰਾਉਂਦੀ ਹੈ। (ਐਲੀਫੈਂਟ ਬਾਰੇ ਮੈਂ ਕਿਸੇ ਵੱਖਰੇ ਲੇਖ ਵਿਚ ਲਿਖਾਂਗਾ। )

ਆਪਣੇ ਉਲੀਕੇ ਪ੍ਰੋਗਰਾਮ ਮੁਤਾਬਕ ਇਸ ਤੋਂ ਬਾਅਦ ਅਸੀਂ ਬੰਬਈ ਤੋਂ 90 ਕਿਲੋਮੀਟਰ ਦੂਰ ਕਾਰਲਾ ਦੀ ਪ੍ਰਸਿੱਧ ਬੋਧ ਗੁਫ਼ਾ ਵੇਖਣ ਜਾਣਾ ਸੀ। ਇੱਥੇ ਪਹੁੰਚਣ ਲਈ ਪਹਿਲਾਂ ‘ਲੋਨਾਵਲਾ’ ਪਹੁੰਚ ਕੇ ਇਕ ਦਿਨ ਰੁਕਣਾ ਹੁੰਦਾ ਹੈ। ਉਲਾਸ ਸਾਨੂੰ ਆਪਣੇ ਕਿਸੇ ਜਾਣਕਾਰ ਦੇ ਹੋਟਲ ਦਾ ਨਾਂ ਦੱਸਦਿਆਂ ਉੱਥੇ ਰੁਕਣ ਦੀ ਸਲਾਹ ਦੇਂਦੀ ਹੈ। ਦੋ ਕੁ ਦਿਨ ਉਸ ਹੋਟਲ ’ਚ ਰੁਕਣ ਤੋਂ ਬਾਅਦ ਜਦੋਂ ਅਸੀਂ ਹੋਟਲ ਦੇ ਮੈਨੇਜਰ ਤੋਂ ਆਪਣਾ ‘ਬਿੱਲ’ ਮੰਗਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਸ ਹੋਟਲ ਦਾ ਮਾਲਕ ਉਲਹਾਸ ਦਾ ਬਾਪ ਹੈ-ਕਾਫ਼ੀ ਅਮੀਰ, ਜਿਸ ਦਾ ਕੱਛ ਗੁਜਰਾਤ ਦੇ ਮਾਂਡਵੀ ਸ਼ਹਿਰ ’ਚ ਪਾਣੀ ਦੇ ਛੋਟੇ ਜਹਾਜ਼ ਬਣਾਉਣ ਦਾ ਕਾਰੋਬਾਰ ਹੈ। ਭਾਵ ਇਹ ਕਿ ਹੋਟਲ ’ਚ ਠਹਿਰਣ, ਖਾਣ ਪੀਣ ਲਈ ਕੋਈ ਖ਼ਰਚਾ ਨਹੀਂ ਕਰਨਾ ਪੈਂਦਾ।

ਲੋਨਾਵਲਾ ਪਹੁੰਚਣ ਤੋਂ ਅਗਲੇ ਦਿਨ ਅਸੀਂ ਆਟੋ ਰਿਕਸ਼ਾ ’ਚ ਬੈਠ ਕੇ ਲੋਨਾਵਲਾ ਤੋਂ ਗਿਆਰਾਂ ਕਿਲੋਮੀਟਰ ਦੂਰ ਕਾਰਲਾ ਗੁਫ਼ਾ ਸਥਿਤ ਪਹਾੜੀ ਦੇ ਪੈਰਾਂ ’ਚ ਆ ਪਹੁੰਚਦੇ ਹਾਂ। ਗੁਫ਼ਾ ਤਕਰੀਬ 500 ਮੀਟਰ ਉੱਪਰ ਹੈ। ਇਹ ਚੜ੍ਹਾਈ ਪੌੜ੍ਹੀਆਂ ਰਾਹੀਂ ਚੜ੍ਹਦਿਆਂ ਅਸੀਂ ਗੁਫ਼ਾ ਕੋਲ ਪਹੁੰਚ ਕੇ ਅੰਦਰ ਜਾਣ ਲਈ ਟਿਕਟ ਖ਼ਰੀਦ ਕੇ ਅਤੇ ਗੁਫ਼ਾ ਦੇ ਮੂੰਹ ਕੋਲ ਜਾ ਪਹੁੰਚਦੇ ਹਾਂ। ਇਸ ਦੇ ਮੂੰਹ ਦੇ ਬਾਹਰ ਕਰ ਕੇ ਇਕ ਬਹੁਤ ਭੱਦੇ ਢੰਗ ਦਾ ਬਣਿਆ ਨਜ਼ਰ ਵੱਟੂ ਵਾਂਗ ਛੋਟਾ ਜਿਹਾ ਹਿੰਦੂ ਮੰਦਰ ਹੈ, ਸ਼ਾਇਦ ਦੋ ਤਿੰਨ ਸੌ ਸਾਲ ਜਾਂ ਇਸ ਤੋਂ ਵੀ ਪਹਿਲਾਂ ਬਣਿਆ ਹੋਇਆ। ਇਸ ਗੁਫ਼ਾ ਦਾ ਨਿਰਮਾਣ ਦੂਸਰੀ ਸ਼ਤਾਬਦੀ ਪੂਰਵ ਈਸਵੀ ਤੋਂ ਲੈ ਕੇ ਚੌਥੀ ਸ਼ਤਾਬਦੀ ਵਿਚਕਾਰ ਹੋਇਆ ਮੰਨਿਆ ਜਾਂਦਾ ਹੈ। ਅੰਦਰ ਦਾਖ਼ਲ ਹੁੰਦਿਆਂ ਹੀ ਜੋ ਵੇਖਦੇ ਹਾਂ, ਉਹ ਵੇਖ ਕੇ ਆਦਮੀ ਹੈਰਾਨ ਰਹਿ ਜਾਂਦਾ ਹੈ ਕਿ ਇਸ ਨੂੰ ਮਨੁੱਖ ਦੇ ਹੱਥਾਂ ਨੇ ਛੈਣੀਆਂ ਨਾਲ ਕੱਟ-ਕੱਟ ਕੇ ਬਣਾਇਆ ਹੋਵੇਗਾ?

ਫ਼ਰਸ਼ ਤੋਂ ਲੈ ਕੇ ਘੋੜੇ ਦੇ ਖੁਰ ਦੀ ਸ਼ਕਲ ਵਾਲੀ ਛੱਤ ਦੀ ਉਚਾਈ 50 ਫੁੱਟ, ਲੰਬਾਈ 124 ਫੁੱਟ ਅਤੇ ਚੌੜਾਈ ਵੀ 50 ਫੁਟ ਹੈ। ਇਸ ਦੇ ਮੰਡਪ ਦੇ ਦੋਵੇਂ ਪਾਸੇ 37 ਸਤੰਭ ਹਨ। ਸਤੰਭਾਂ ਦੇ ਉਪਰਲੇ ਭਾਗ ਤੇ ਹਾਥੀਆਂ ਉੱਪਰ ਬੈਠੇ ਸਵਾਰਾਂ ਦੀਆਂ ਮੂਰਤੀਆਂ ਹਨ। ਚੇਤਅ (ਮੰਡਪ) ਦੇ ਅਖੀਰਲੇ ਸਿਰੇ ’ਤੇ ਛੋਟੇ ਆਕਾਰ ਦਾ ਇਕ ਬੋਧ ਸਤੂਪ ਹੈ।

ਪਰਿਕਰਮਾ ਕਰਨ ਲਈ ਇਸ ਦੁਆਲੇ ਸਥਾਨ ਛੱਡਿਆ ਹੋਇਆ ਹੈ। ਇਸ ਗੁਫ਼ਾ ’ਚ ਵੜਨ ਤੋਂ ਪਹਿਲਾਂ ਸੱਜੇ ਖੱਬੇ ਤਿੰਨ ਇਸਤਰੀ ਪੁਰਸ਼ਾਂ ਦੇ ਜੋੜਿਆਂ ਦੇ ਆਦਮ ਕਦ ਬੁੱਤ ਹਨ। ਅਨੁਮਾਨ ਹੈ ਕਿ ਇਹ ਛੇ ਮੂਤਰੀਆਂ ਉਨ੍ਹਾਂ ਵਪਾਰੀ ਜੋੜਿਆਂ ਦੀਆਂ ਹਨ ਜਿਨ੍ਹਾਂ ਨੇ ਇਸ ਗੁਫ਼ਾ ਦੇ ਨਿਰਮਾਣ ਲਈ ਬੰਨ੍ਹ ਦਿੱਤਾ ਹੋਵੇਗਾ। ਇਹ ਵੀ ਅਨੁਮਾਨ ਹੈ ਕਿ ਇਸ ਗੁਫ਼ਾ ਦੇ ਨਿਰਮਾਣ ਦਾ ਕੰਮ ਦੋ ਤਿੰਨ ਸੌ ਸਾਲ ਤਕ ਚਲਦਾ ਰਿਹਾ ਹੋਵੇਗਾ। ਇਨ੍ਹਾਂ ਛੇ ਮੂਰਤੀਆਂ ਤੋਂ ਸਾਨੂੰੂ ਇਹ ਵੇਖਣ ਨੂੰ ਮਿਲਦਾ ਹੈ ਕਿ ਅੱਜ ਤੋਂ ਦੋ ਹਜ਼ਾਰ ਵਰ੍ਹੇ ਪਹਿਲਾਂ ਇਸਤਰੀ ਪੁਰਸ਼ ਕਿਸ ਤਰ੍ਹਾਂ ਦੇ ਵਸਤਰ ਧਾਰਨ ਕਰਦੇ ਹਨ।

ਕਾਰਲਾ ਦੀਆਂ ਗੁਫ਼ਾਵਾਂ ਵੇਖਣ ਤੋਂ ਬਾਅਦ ਅਸੀਂ ਥੱਲੇ ਉਤਰਦੇ, ਇਕ ਢਾਬੇ ਤੋਂ ਨਾਸ਼ਤਾ ਕਰਦੇ ਅਤੇ ਮੈਂ ਓਮ ਪ੍ਰਕਾਸ਼ ਨੂੰ ਦੱਸਦਾ ਹਾਂ ਕਿ ਇਸ ਤੋਂ ਕੁਝ ਕਿਲੋਮੀਟਰ ਦੂਰ ਕੁਝ ਹੋਰ ਗੁਫ਼ਾਵਾਂ ਵੀ ਹਨ। ਪਰ ਉਸ ਦੇ ਪ੍ਰਤੀਕਰਮ ਤੋਂ ਲੱਗਦਾ ਹੈ ਕਿ ਉਸਨੂੰ ਇਹ ਕੁਝ ਵੇਖਣ ’ਚ ਕੋਈ ਦਿਲਚਸਪੀ ਨਹੀਂ। (ਸੰਭਵ ਹੈ ਕਿ ਇਹ ਲੇਖ ਪੜ੍ਹਨ ਵਾਲਿਆਂ ’ਚੋਂ ਵੀ ਕੁਝ ਨੂੰ ਕੋਈ ਦਿਲਚਸਪੀ ਨਾ ਹੁੰਦੀ ਹੋਵੇ)। ਮੈਂ ਜ਼ਰਾ ਖਿਝ ਕੇ ਉਸ ਨੂੰ ਆਖਦਾ ਹਾਂ ਕਿ ਫੇਰ ਤੂੰ ਇਥੇ ਹੀ ਬੈਠਿਆ ਰਹਿ। ਮੇਰੇ ਤੋਂ ਮੁੜ-ਮੁੜ ਇਸ ਪਾਸੇ ਨਹੀਂ ਆਇਆ ਜਾਂਦਾ। ਮੈਂ ਵੇਖ ਕੇ ਆਉਂਦਾ ਹਾਂ। (ਉਂਝ ਇਸ ਦੇ ਪੰਦਰਾਂ ਕੁ ਸਾਲ ਬਾਅਦ ਮੁੜ ਵੀ ਜਾਣਾ ਪਿਆ, ਆਪਣੀ ਬੇਟੀ ਨਾਲ, ਕਿਉਂਕਿ ਉਹ ਕਲਾ ਇਤਿਹਾਸ ’ਚ ਪੀ ਐੱਚ.ਡੀ. ਕਰ ਰਹੀ ਸੀ)। ਓਮ ਪ੍ਰਕਾਸ਼ ਬਦੋਬਦੀ ਹੀ ਮੇਰੇ ਨਾਲ ਤੁਰ ਪੈਂਦਾ ਹੈ ਅਤੇ ਅਸੀਂ ਇਕ ਆਟੋ-ਰਿਕਸ਼ਾ ਦੁਆਰਾ ਤਕਰੀਬਨ ਦਸ ਕਿਲੋਮੀਟਰ ਦੂਰ ਭੱਜ ਭੇਦਸਾ ਗੁਫ਼ਾਵਾਂ ਵੱਲ ਤੁਰ ਪੈਂਦੇ ਹਾਂ।

ਇਹ ਗੁਫ਼ਾਵਾਂ ਕਾਰਲਾ ਗੁਫ਼ਾ ਵਾਂਗ ਬਹੁਤੀਆਂ ਪ੍ਰਭਾਵਸ਼ਾਲੀ ਨਹੀਂ ਪਰ ਪੁਰਵਾਸ਼ੇਸ਼ ਦਿ੍ਰਸ਼ਟੀਕੋਣ ਤੋਂ ਕਾਫੀ ਮਹੱਤਵਪੂਰਨ ਹਨ। ਕਿਹਾ ਜਾਂਦਾ ਹੈ ਕਿ ਇਨ੍ਹਾਂ ਗੁਫ਼ਾਵਾਂ ਦਾ ਨਿਰਮਾਣ ਕਾਰਲਾ ਅਤੇ ਅਜੰਤਾ ਅਲੋਰਾ ਦੀਆਂ ਗੁਫ਼ਾਵਾਂ ਤੋਂ ਪਹਿਲਾਂ ਹੋਇਆ ਸੀ। ਭੱਜ ਗੁਫ਼ਾ ਦੇ ਚੇਤਅ (ਚੇਤਅ ਸ਼ਬਦ ‘ਚਿੰਤਨ’ ਤੋਂ ਬਣਿਆ ਹੈ) ਇਥੇ ਬੈਠ ਕੇ ਬੋਧ ਭਿਖੂ ਧਿਆਨ-ਚਿੰਤਨ ਕਰਦੇ ਸਨ। ਇਸ ਗੁਫ਼ਾ ਦੇ ਬਾਹਰ ਕਰ ਕੇ ਇੰਦਰ ਦੇਵਤਾ ਨੂੰ ਇਕ ਹਾਥੀ ਉੱਤੇ ਬੈਠਿਆਂ ਵਿਖਾਇਆ ਗਿਆ ਹੈ। ਹਾਥੀ ਨੇ ਆਪਣੀ ਸੁੰਢ ’ਚ ਪੁੱਟੇ ਹੋਏ ਇਕ ਰੁੱਖ ਨੂੰ ਚੁੱਕਿਆ ਹੋਇਆ ਹੈ। ਇਸ ਦੇ ਉਪਰ ਦਰਬਾਰੀਆਂ ਨਾਲ ਘਿਰਿਆ ਇਕ ਰਾਜਾ ਬੈਠਾ ਹੋਇਆ ਹੈ। ਦੂਸਰੇ ਉਕਰੇ ਹੋਏ ਚਿੱਤਰ ’ਚ ਸੂਰਜ ਦੇਵਤਾ ਚਾਰ ਘੋੜਿਆਂ ਵਾਲੇ ਇਕ ਰੱਥ ਉਪਰ ਬੈਠਾ ਦਿਸਦਾ ਹੈ ਜਿਸਨੇ ਆਪਣੀ ਸ਼ਕਤੀ ਨਾਲ ‘ਹਨੇਰੇ ਦੇ ਰਾਖਸ਼’ ਨੂੰੂ ਭੁੰਜੇ ਸੱੁਟਿਆ ਹੋਇਆ ਹੈ। ਇਸ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਬੋਧ ਸਮਾਰਕਾਂ, ਗੁਫ਼ਾਵਾਂ ਤੇ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ, ਬੁੱਤ ਆਦਿ ’ਚ ਇਕ ਨਿਵੇਕਲਾਪਣ ਹੈ।

ਇਨ੍ਹਾਂ ਗੁਫ਼ਾਵਾਂ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਤੋਂ ਪਹਿਲਾਂ ਮੂਰਤੀ ਕਲਾ ਦਾ ਆਰੰਭ ਹੀ ਨਹੀਂ ਸੀ ਹੋਇਆ। ਹਿੰਦੂ ਮੱਤ ਦੇ ਇਤਿਹਾਸ ’ਚ ਇਸ ਸਮੇਂ ਤੋਂ ਪਹਿਲਾਂ ਸ਼ਿਵ, ਇੰਦਰ ਦੇਵਤਾ ਅਤੇ ਸੂਰਜ ਦੇਵਤਾ ਦੇ ਇਲਾਵਾ ਹੋਰ ਕੋਈ ਦੇਵਤਾ, ਅਵਤਾਰ ਜਾਂ ਤੇ ਹੁੰਦਾ ਹੀ ਨਹੀਂ ਸੀ ਜਾਂ ਉਸ ਦਾ ਜ਼ਿਕਰ ਵੇਦਾਂ ਸ਼ਾਸਤਰਾਂ ਤਕ ਹੀ ਸੀਮਤ ਸੀ। ਵਿਸ਼ਨੂੰ ਦੇ ਅਵਤਾਰ- ਕਿ੍ਰਸ਼ਨ, ਰਾਮ ਜਾਂ ਹੋਰ ਦੇਵੀ ਦੇਵਤਿਆਂ ਦਾ ਜ਼ਿਕਰ ਬਾਅਦ ਦੇ ਪੁਰਾਣਾਂ, ਗ੍ਰੰਥਾਂ ’ਚ ਹੀ ਮਿਲਦਾ ਹੈ। ਕਾਰਲਾ ਦੀਆਂ ਗੁਫ਼ਾਵਾਂ ਅਤੇ ਸਾਂਚੀ ਦੇ ਸਤੂਪਾਂ ਦੇ ਨਿਰਮਾਣ ਤੋਂ ਕੁਝ ਵਰ੍ਹਿਆਂ ਬਾਅਦ ਮਹਾਤਮਾ ਬੁੱਧ ਦੀਆਂ ਮੂਰਤੀਆਂ ਹੋਂਦ ’ਚ ਆਉਣੀਆਂ ਸ਼ੁਰੂ ਹੋਈਆਂ। ਇਸ ਤੋਂ ਪਹਿਲਾਂ ਗੁਫ਼ਾਵਾਂ ’ਚ ਅਤੇ ਬਾਹਰ ਉਸਰੇ ਛੋਟੇ-ਛੋਟੇ ਸਤੂਪਾਂ ਨੂੰ ਮਹਾਤਮਾ ਬੁੱਧ ਦਾ ਰੂਪ ਸਮਝਿਆ ਜਾਂਦਾ ਸੀ। ਜਾਂ ਮਹਾਤਮਾ ਬੁੱਧ ‘ਰੁੱਖ’, ਚੱਕਰ ਸਤੂਪ ਆਦਿ ਦੇ ਪ੍ਰਤੀਕਾਂ ਦੁਆਰਾ ਪੇਸ਼ ਕੀਤਾ ਜਾਂਦਾ ਸੀ।

ਇਨ੍ਹਾਂ ਸਤੂਪਾਂ ਅਤੇ ਪ੍ਰਤੀਕਾਂ ਦੀ ਸੰਗਤਰਾਸ਼ੀ ਨੂੰ ਭਾਰਤ ਦੀ ਮੂਤਰੀ ਕਲਾ ਦਾ ਆਰੰਭ ਕਿਹਾ ਜਾ ਸਕਦਾ ਹੈ। ਮੂਰਤੀ ਕਲਾ ਦੇ ਨਾਲ-ਨਾਲ ਮੂਰਤੀ ਪੂਜਨ ਦਾ ਅਤੇ ਮੂਰਤੀਆਂ ਨੂੰ ਸਥਾਪਤ ਕਰਨ ਲਈ ਮੰਦਰਾਂ ਦਾ ਵੀ। ਇਸ ਤੋਂ ਬਾਅਦ ਅਮਰਾਵਤੀ ਦੇ ਸਤੂਪ, ਅਜੰਤਾ, ਐਲੋਰਾ, ਐਲੀਫੈਂਟਾਂ ਦੀਆਂ ਗੁਫ਼ਾਵਾਂ ਅਤੇ ਖਜੂਰਾਹੋਂ ਦੇ ਮੰਦਰ ਹੋਂਦ ਵਿਚ ਆਉਂਦੇ ਰਹੇ।

ਗੁਫ਼ਾਵਾਂ ਬਣਾਉਣ ਦੀ ਪ੍ਰੰਪਰਾ

ਕਾਰਲਾ ਦੀਆਂ ਗੁਫ਼ਾਵਾਂ ਅਤੇ ਸਾਂਚੀ ਦੇ ਸਤੂਪ ਦੇ ਨਿਰਮਾਣ ਸਮੇਂ ਹੀ ਭਾਰਤ ’ਚੋਂ ਗੁਫ਼ਾਵਾਂ ਦੇ ਬਣਾਉਣ-ਘੜਨ ਦੀ ਪ੍ਰੰਪਰਾ ਸ਼ੁਰੂ ਹੋਈ ਜਿਸ ਦਾ ਸਿਲਸਿਲਾ ਤਕਰੀਬਨ ਇਕ ਹਜ਼ਾਰ ਸਾਲ ਤਕ ਚਲਦਾ ਰਿਹਾ। ਮਹਾਤਮਾ ਬੁੱਧ ਦੇ ਆਦੇਸ਼ ਅਨੁਸਾਰ ਬੋਧ ਭਿਖੂਆਂ ਨੂੰ ਸਾਰਾ ਸਾਲ ਵੱਖ-ਵੱਖ ਸਥਾਨਾਂ ’ਤੇ ਘੁੰਮਦਿਆਂ ਬੁੱਧ ਧਰਮ ਦਾ ਪ੍ਰਚਾਰ ਕਰਨਾ ਹੁੰਦਾ ਸੀ, ਸਵਾਏ ਬਰਸਾਤ ਦੇ ਦੋ ਤਿੰਨ ਮਹੀਨਿਆਂ ਦੇ। ਇਨ੍ਹਾਂ ਦੋ ਤਿੰਨ ਮਹੀਨਿਆਂ ਵਿਚਕਾਰ ਬੋਧ ਭਿਖੂਆਂ ਨੇ ਪਹਿਲਾਂ ਬਣੀਆਂ ਬਣਾਈਆਂ ਪ੍ਰਕਿ੍ਰਤਕ ਗੁਫ਼ਾਵਾਂ ਲੱਭੀਆਂ। ਫੇਰ ਇਨ੍ਹਾਂ ਨੂੰ ਕੱਟ ਕੱਟ ਕੇ ਵਿਸਤਾਰ ਕਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ ਕਾਰਲਾ, ਅਜੰਤਾ, ਅਲੋਰਾ ਦੀਆਂ ਵੱਡੀਆਂ-ਵੱਡੀਆਂ ਗੁਫ਼ਾਵਾਂ ਦੇ ਨਿਰਮਾਣ ਦਾ ਸਿਲਸਿਲਾ ਆਰੰਭ ਹੋ ਗਿਆ।

- ਮਨਮੋਹਨ ਬਾਵਾ

Posted By: Harjinder Sodhi