ਮਨੁੱਖ ਦਾ ਕੁਦਰਤ ਨਾਲ ਬੜਾ ਗੂੜ੍ਹਾ ਰਿਸ਼ਤਾ ਹੈ। ਜਿਸ ਦੀ ਸੰਗਤ ਲਈ ਉਸ ਵੱਲ ਖਿੱਚਿਆ ਤੁਰਿਆ ਜਾਂਦਾ ਹੈ। ਭਾਰਤ ਵਾਤਾਵਰਨ ਪੱਖੋਂ ਬਹੁਤ ਅਮੀਰ ਦੇਸ਼ ਹੈ। ਜਿੱਥੇ ਸਰਦੀ, ਗਰਮੀ, ਪੱਤਝੜ ਤੇ ਬਹਾਰ ਬਨਸਪਤੀ ਨੂੰ ਨਿਵੇਕਲੇ ਰੰਗਾਂ ਵਿਚ ਲਬਰੇਜ ਰੱਖਦੀ ਹੈ। ਜਿਸ ਸਦਕਾ ਪਹਾੜ, ਰੁੱਖ, ਫੁੱਲ, ਫਲ ਤੇ ਹਰਿਆਵਲ ਦੇ ਚੌਤਰਫਾ ਨਜ਼ਾਰੇ ਹੋਰ ਦਿਲਕਸ਼ ਹੋ ਜਾਂਦੇ ਹਨ ਜੋ ਮਨੁੱਖ ਨੂੰ ਸਕੂਨਮਈ ਪਲ ਬਖਸ਼ਦੇ ਹਨ।

ਹਿਮਾਚਲ ਦਾ ਜ਼ਿਲ੍ਹਾ ਚੰਬਾ ਪਹਾੜੀ ਖ਼ੂਬਸੂਰਤੀ ਦਾ ਅਦਭੁੱਤ ਨਮੂਨਾ ਹੈ। ਉਂਜ ਵਸੋਂ ਜ਼ਰੂਰ ਘੱਟ ਹੈ ਪਰ ਪਹਾੜਾਂ ਦੀ ਆਪ ਮੁਹਾਰੀ ਉਮੜੀ ਕੁਦਰਤੀ ਕਲਾ (ਕੈਨਵਸ) ਦੀ ਕੋਈ ਘਾਟ ਨਹੀਂ ਜਿਸ ਨੂੰ ਪਿਛਲੇ ਦਸੰਬਰ ਪਰਿਵਾਰਾਂ ਸਮੇਤ ਜਾਣਨ ਤੇ ਮਾਣਨ ਦਾ ਸਬੱਬ ਨਸੀਬ ਹੋਇਆ। ਇਸ ਮਹੀਨੇ ਡਲਹੌਜ਼ੀ, ਕਾਲਾਟੋਪ, ਡਾਇਨ ਕੁੰਡ,ਖਜਿਆਰ ਤੇ ਚਮੇਰਾ ਝੀਲ ਦੀ ਮੌਸਮੀ ਤਾਜ਼ਗੀ ਚਰਮ ਸੀਮਾ ’ਤੇ ਹੁੰਦੀ ਹੈ। ਚੰਡੀਗੜ੍ਹ ਤੋਂ ਡਲਹੌਜ਼ੀ ਬਾਇਆ ਪਠਾਨਕੋਟ ਸੜਕੀ ਜਾਣ ਦਾ ਮਾਰਗ 327 ਕਿ.ਮੀ. ਹੈ ਜੋ ਪਹਾੜੀ ਰਾਹਾਂ ਵਿੱਚੋਂ ਲੰਘਦਿਆਂ 7-8 ਘੰਟਿਆਂ ਦਾ ਪਤਾ ਵੀ ਨਹੀਂ ਲੱਗਦਾ। ਖਜਿਆਰ ਹਰਿਆਵਲ ਕਲਾ ਦਾ ਦੇਖਣ ਯੋਗ ਨਮੂਨਾ ਹੈ। ਪਰ ਡਲਹੌਜ਼ੀ ਵੀ ਸਾਮਰਾਜੀ ਕਲਾ ਅਤੇ ਪ੍ਰਕਿਰਤੀ ਸੁਹੱਪਣ ਪੱਖੋਂ ਘੱਟ ਨਹੀਂ। ਇਸ ਦਾ ਪਰਬਤੀ ਖੇਤਰ ਧੌਲਧਾਰ ਦੀਆਂ ਪਹਾੜੀਆਂ ਵਿੱਚੋਂ ਲੰਘਦਾ ਜਿਹੜਾ ਸਮੁੰਦਰੀ ਤਟ ਤੋ 1970 ਮੀਟਰ ਉੱਚਾ ਹੈ। ਜਿਸ ਨੂੰ 1848 ਵਿਚ ਨੂੰ ਲਾਰਡ ਡਲਹੌਜ਼ੀ ਨੇ ਵਸਾਇਆ। ਉਸ ਸਮੇਂ ਅੰਗਰੇਜ਼ੀ ਫ਼ੌੋਜ ਦੇ ਅਫਸਰਾਂ ਵਾਸਤੇ ਗਰਮੀਆਂ ਦੀਆਂ ਛੁੱਟੀਆਂ ਲਈ ਰੈਣ-ਬਸੇਰੇ ਤੇ ਸੈਰ ਸਪਾਟੇ ਦਾ ਰਮਣੀਕ ਸਥਾਨ ਸੀ। ਇਹ ਉੱਤਰੀ ਭਾਰਤ ਦੇ ਸਾਮਰਾਜੀ ਅਫਸਰਾਂ ਦਾ ਕੇਂਦਰ ਬਿੰਦੂ ਰਿਹਾ।

ਸੇਂਟ ਜੋਨਸ ਚਰਚ ਡਲਹੌਜ਼ੀ ਦਾ ਮੁੱਖ ਅਕ੍ਰਸ਼ਿਤ ਤੇ ਇਤਿਹਾਸਕ ਸਥਾਨ ਹੈ ਜੋ ਗਾਂਧੀ ਚੌਕ ਦੇ ਸਾਹਮਣੇ ਹੈ। ਹਰੇ ਕਚੂਰ ਲੱਦੇ ਪਹਾੜ ਤੇ ਪਾਈਨ ਦੇ ਰੁੱਖਾਂ ਵਿਚਲੇ ਸ਼ਾਂਤ ਮਾਹੌਲ ਨੂੰ ਹੋਰ ਰੂਹਾਨੀ ਬਣਾਉਂਦੀ ਹੈ। ਇਹ ਚਰਚ ਪ੍ਰੋਸਟੈਸਟੈਂਟ ਸਮੁਦਾਏ ਨਾਲ ਸਬੰਧਤ ਹੈ। ਜੋ ਪਹਿਲਾ ਲੱਕੜੀ ਦੀ ਬਣਾਈ ਗਈ ਸੀ। 1863 ਵਿਚ ਜੋਨ.ਐੱਚ.ਪਾਰਟ ਨੇ ਪੱਥਰ, ਸ਼ੀਸ਼ਾ ਤੇ ਲੱਕੜੀ ਦੀ ਮੀਨਾਕਾਰੀ ਨਾਲ ਸਥਾਈ ਰੂਪ ਦਿੱਤਾ। ਇਸ ਦਾ ਮੁਹਾਂਦਰਾ ਇੰਨ-ਬਿੰਨ ਇੰਗਲੈਂਡ ਦੀ ਕੈਥੋਲਿਕ ਚਰਚ ਨਾਲ ਮਿਲਦਾ ਹੈ। ਚੈਪਲ (ਚਰਚ ਦਾ ਪੂਜਾ ਸਥਾਨ) ਨੂੰ ਲੱਕੜੀ ਤੇ ਰੰਗਦਾਰ ਸ਼ੀਸ਼ੇ ਨਾਲ ਸਜਾਇਆ ਗਿਆ ਹੈ। ਉਸ ਸਮੇਂ ਦੇ ਇਤਿਹਾਸ ਤੇ ਸੱਭਿਆਚਾਰ ਨੂੰ ਗੈਲਰੀ ਦੀਆਂ ਫੋਟੋ ਤੇ ਲਾਇਬਰ੍ਰੇਰੀ ਦੀਆਂ ਦੁਰਲੱਭ ਕਿਤਾਬਾਂ ਬਾਖੂਬੀ ਬਿਆਨ ਕਰਦੀਆਂ ਹਨ। ਚਰਚ ਸੱਤੋ ਦਿਨ ਸਵੇਰੇ 7 ਤੋਂ ਸ਼ਾਮ 7 ਵਜੇ ਤਕ ਖੁੱਲ੍ਹਦੀ ਹੈ। ਜਿੱਥੇ ਆਥਣ ਵੇਲੇ ਲੋਕੀ ਨਤਮਸਤਕ ਹੋਣ ਲਈ ਆੳਂੁਦੇ, ਨਾਲ ਲੱਗਦੇ ਮੁੱਖ ਬਾਜ਼ਾਰ ਵਿੱਚੋਂ ਲੱਕੜੀ ਦੇ ਬਣੇ ਸਾਮਾਨ ਦੀ ਖ਼ਰੀਦਦਾਰੀ ਵੀ ਕਰਦੇ ਹਨ। ਸੈਲਾਨੀ ਠੰਢ ਤੋਂ ਬਚਣ ਲਈ ਗਰਮ ਪਹਾੜੀ ਪਕਵਾਨ ਨਾਲ ਉਬਲਦੇ ਕੇਸਰ ਵਾਲੇ ਦੁੱਧ ਦਾ ਜਾਇਕਾ ਲੈਣਾ ਨਹੀ ਭੁੱਲ਼ਦੇ। ਡਲਹੌਜ਼ੀ ਤੋਂ ਖਜਿਆਰ ਦਾ ਸੜਕ ਰਾਹੀਂ ਸਫ਼ਰ 22 ਕਿ.ਮੀ ਹੈ ਜਦੋਂ ਕਿ ਹਵਾਈ ਸਫ਼ਰ ਸਿਰਫ਼ 9 ਕਿ.ਮੀ ਹੀ ਹੈ ਪਰ ਦਿਉਦਰ ਤੇ ਓਕ ਦੇ ਰੁੱਖਾਂ ਵਿੱਚੋ ਲੰਘਦੇ ਨਾਗ ਵਲੇਵੇਂ ਰਸਤਿਆਂ ਦਾ ਆਨੰਦ ਜਹਾਜ਼ ਵਿਚ ਨਹੀਂ ਮਿਲਦਾ। ਇਨ੍ਹਾਂ ਦੋਵਾਂ ਵਿਚਕਾਰ ਕਾਲਾਟੋਪ ਖਜਿਆਰ ਸੈਂਚਰੀ ਪੈਂਦੀ ਹੈ। ਇਹ ਨਾਂ ਚਾਰੇ ਪਾਸੇ ਫੈਲੇ ਕਾਲੀ ਲੱਕੜ ਵਾਲੇ ਘਣੇ ਜੰਗਲਾਂ ਕਾਰਨ ਪਿਆ ਜੋ ਸਮੁੰਦਰੀ ਤਲ ਤੋਂ ਉੱਚਾ 2768 ਮੀ. ਹੈ। 30.69 ਕਿ.ਮੀ ਸੰਘਣੀ ਬਨਸਪਤੀ ਦਾ ਇਲਾਕਾ ਟ੍ਰੈਕਿੰਗ ਵਾਲਿਆਂ ਦੀ ਪਹਿਲੀ ਪਸੰਦ ਹੈ। 19.63 ਕਿ.ਮੀ ਦੇ ਪਹਾੜੀ ਖੇਤਰ ਵਿੱਚ ਇਕੱਲੇ ਦਿਉਦਰ ਤੇ ਫਰ ਜਾਤੀ ਦੇ ਦਰੱਖ਼ਤ ਹਨ। ਇਨ੍ਹਾਂ ਸਿੱਧੇ ਤਣੇ ਵਾਲੇ ਦਰੱਖ਼ਤਾਂ ਦੀ ਉਚਾਈ 131 ਤੋੋਂ 164 ਫੁੱਟ ਪਰ ਕਈ 197 ਫੁੱਟ ਉੱਚੇ ਵੀ ਹਨ ਜਿਸਦੇ ਤਣੇ ਦਾ ਖੇਤਰਫਲ 10 ਫੁੱਟ ਕਰੀਬ ਹੈ। ਇਸ ਦੇ ਪੱਤੇ ਲੰਮੇ, ਚਮਕੀਲੇ ਤੇ ਨੋਕੀਲੇ ਹਨ। ਇਨ੍ਹਾਂ ਦਾ ਮੂਲ ਸਥਾਨ ਹਿਮਾਲਿਆ ਪਰਬਤ ਤੇ ਭੂ-ਮੱਧ ਸਾਗਰ ਹੈ। ਲੱਕੜ ਵਜ਼ਨ ਵਿਚ ਹਲਕੀ ਪਰ ਮਜ਼ਬੂਤ ਹੁੰਦੀ ਹੈ। ਇਸ ਲੱਕੜ ਨੂੰ ਅੰਗਰੇਜ਼ ਬੈਰਕਾਂ ਬਣਾਉਣ ਲਈ ਵਰਤਦੇ ਸਨ। ਹੰਢਣਸਾਰ ਹੋਣ ਕਰਕੇ ਕਸ਼ਮੀਰ ਵਿਚ ਸ਼ਿਕਾਰੇ ਤੇ ਕਿਸ਼ਤੀਆਂ ਵੀ ਬਣਾਈਆਂ ਜਾਂਦੀਆਂ ਹਨ। ਦਿਉਦਾਰ ਪਕਿਸਤਾਨ ਦਾ ਰਾਸ਼ਟਰੀ ਰੁੱਖ ਹੈ। ਪਾਈਨ ਦੇ ਰੁੱਖਾਂ ਪਹਾੜਾਂ ਦੀ ਸ਼ਾਨ ਨੂੰ ਹੋਰ ਵਧਾਉਂਦੇ ਹਨ। ਇਨ੍ਹਾਂ ਦੀ ਉਮਰ 100 ਤੋਂ 1000 ਸਾਲ ਅਤੇ 10 ਤੋਂ 260 ਫੁੱਟ ਲੰਬੇ ਹਨ। ਕੈਲੇਫੋਰਨੀਆ ਵਿਚ ਦੁਨੀਆ ਦਾ ਸਭ ਤੋਂ ਪੁਰਾਣਾ ਮੈਥੂਸਲੇਹ ਕਿਸਮ ਦੇ ਪਾਈਨ ਰੁੱਖ ਦੀ ਉਮਰ 4852 ਸਾਲ ਹੈ। ਪਹਾੜਾਂ ਵਿਚ ਭਾਲੂ, ਭੇੜੀਏ, ਗੁਰੀਲੇ, ਬਾਂਦਰ, ਹਿਰਨ, ਲੰਗੂਰ, ਬਲੈਕ ਹੋਡਾ ਜੈਅ , ਕੈਮੂਨਟ ਬਿਲਡ ਰੋਕ ਥਰੰਮ, ਗਰੇਅ ਹਿੰਡਰ ਅਤੇ ਫਲਾਈ ਕੈਂਚਰ ਵਰਗੇ ਜਾਨਵਰਾਂ ਤੋਂ ਇਲਾਵਾ ਮੋਰ, ਤੋਤੋ, ਚਿੜੀਆਂ, ਪਹਾੜੀ ਮੁਰਗੇ, ਖਰਗੋਸ਼, ਬੱਤਖਾਂ ਵੀ ਆਮ ਵੇਖਣ ਨੂੰ ਮਿਲਦੀਆਂ ਹਨ। ਕਾਲਾਟੋਪ ਤੇ ਡਾਇਨ ਕੁੰਡ ਚੋਟੀ ਉਪਰ ਬਰਫ਼ਬਾਰੀ ਬਾਕੀ ਖੇਤਰ ਤੋਂ 2-3 ਦਿਨ ਪਹਿਲਾਂ ਹੋਣ ਲਗਦੀ ਹੈ। ਜੋ ਆਲੇ-ਦੁਆਲੇ ਲਈ ਬਰਫ਼ੀਲੇ ਮੌਸਮ ਸ਼ੁਰੂ ਹੋਣ ਦਾ ਸੰਕੇਤ ਹੁੰਦਾ ਹੈ। 1973 ਵਿਚ ਡਾਇਨ ਕੁੰਡ ਚੋਟੀ ਉੱਪਰ ਏਅਰ ਫੋਰਸ ਸਟੇਸ਼ਨ ਸਥਾਪਤ ਕੀਤਾ ਗਿਆ। ਉਸ ਸਮੇਂ ਤੋਂ ਆਮ ਲੋਕਾਂ ਦਾ ਜਾਣਾ ਸੰਭਵ ਨਹੀਂ। ਰਾਵੀ ਨਦੀ ਡਾਇਨ ਕੁੰਡ ਵਿੱਚੋ ਹੋ ਕੇ ਨਿਕਲਦੀ ਹੈ।

ਅਗਲਾ ਮੁੱਖ ਪੜਾਅ ਖਜਿਆਰ 2050 ਮੀਟਰ ਉੱਚਾ ਤੇ ਕੇਵਲ 15 ਕਿ.ਮੀ ਦੀ ਦੂਰੀ ’ਤੇ ਸੀ। ਪਹਿਲੀ ਨਜ਼ਰੇ ਕੁਦਰਤ ਦੀ ਕਲਾਕਾਰੀ ਦੇਖ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ। ਉਹ ਪਲ ਸਵਰਗਮਈ ਦੁਨੀਆ ਦੇ ਪ੍ਰਵੇਸ਼ ਤੋਂ ਘੱਟ ਨਹੀਂ ਜਾਪਦਾ। ਚਾਰੇ ਪਾਸੇ ਦਿਉਦਰ ਨਾਲ ਲ਼ੱਦੇ ਪਹਾੜ, ਨੀਲਾ ਆਸਮਾਨ ਤੇ ਖੁੱਲ੍ਹਾ ਹਰਿਆ ਭਰਿਆ ਘਾਹ ਦਾ ਮੈਦਾਨ ਪਲਾਂ ਲਈ ਦੁਨਿਆਵੀ ਝਮੇਲਿਆਂ ਤੋਂ ਮੁਕਤ ਕਰ ਦਿੰਦਾ ਹੈ। ਝੀਲ ਵਿਚ ਘੁੰਮਦਾ ਟਾਪੂ ਪ੍ਰਕਿਰਤੀ ਦੀ ਸਿਰਜਣਾ ਦਾ ਅਲੌਕਿਕ ਰੰਗ ਹੈ। ਖਾਜੀ ਨਗ ਮੰਦਰ ਸਥਾਨੀ ਲੋਕਾਂ ਦੀ ਆਸਥਾ ਨੂੰ ਰੂ-ਬ-ਰੂ ਕਰਵਾੳਂੁਦਾ ਹੈ ਜਿਸ ਤੋਂ ਖਜਿਆਰ ਦਾ ਨਾਮਕਰਨ ਹੋਇਆ ਸੀ। ਇਹ ਮੰਦਰ 12ਵੀ ਸਦੀ ਵਿਚ ਰਾਜੇ ਪਿ੍ਰਥਵੀ ਸਿੰਘ ਨੇ ਬਣਵਾਇਆ। ਇਸ ਖ਼ੁਸ਼ਗਵਾਰ ਮਾਹੌਲ ਵਿਚ ਯਾਤਰੀ ਪੈਰਾਗਲ਼ਾਈਡਿੰਗ, ਘੋੜ ਸਵਾਰੀ, ਜੋਰਬਿੰਗ (ਘੁੰਮਦਾ ਬੰਦ ਗੁਵਾਰਾ) ਵਰਗੀਆਂ ਨਵੀਆਂ ਖੇਡਾਂ ਦਾ ਅਨੰਦ ਮਾਣਦੇ ਹਨ। ਲੋਕ ਪਹਾੜੀ ਪੌਸ਼ਾਕਾਂ,ਖਰਗੋਸ ਤੋਂ ਮਨਮੋਹਕ ਦਿ੍ਰਸ਼ਾ ਨਾਲ ਫੋਟੋ ਖਿੱਚਦੇ, ਬੱਚੇ ਖੇਡਾਂ ਖੇਡਦੇ ਅਤੇ ਖਾਣਿਆਂ ਦਾ ਲੁਤਫ਼ ਉਠਾੳਂੁਦੇ ਹਨ। ਨਾਲ ਲੱਗਦੇ ਸ਼ਿਵ ਮੰਦਰ ਵਿਚ ਸ਼ਿਵਜੀ ਭਗਵਾਨ ਦੀ 84 ਫੁੱਟ ਉੱਚੀ ਮੂਰਤੀ ਦੀ ਵਿਲੱਖਣ ਬੁੱਤ ਤਰਾਸਣ ਕਲਾ ਵੀ ਦੇਖਣ ਯੋਗ ਹੈ। ਮੈਦਾਨ ਤੋਂ 2 ਕਿ.ਮੀ ਤੰਗ ਪਹਾੜੀ ਰਸਤੇ ਤਂ ਅੱਗੇ ਸੇਬ ਬਗ਼ੀਚਾ ਹੈ। ਜਿੱਥੇ ਬੱਚਿਆਂ ਲਈ ਹੈਰਤਅੰਗੇਜ਼ ਖੇਡਾਂ ਜਿਵੇਂ ਰੱਸੀ ਤੇ ਸਾਈਕਲ ਚਲਾਉਣਾ,ਜਿੰਪ ਲਾਈਨ, ਰੱਸੀ ਦਾ ਅਤੇ ਝੂਲਦਾ ਫੱਟੀਆਂ ਵਾਲਾ ਪੁਲ਼ ਪਾਰ ਕਰਨਾ ਆਦਿ। ਹਜ਼ਾਰਾਂ ਕਿ.ਮੀ ਡੂੰਘੀ ਖਾਈ ਕਿਨਾਰੇ ਬਣੇ ਕਾਰਨ ਇਹ ਦਿਲਚਸਪ ਹੋਣ ਦੇ ਨਾਲ ਅਤਿ ਡਰਾਉਣੀਆਂ ਵੀ ਹਨ। ਇੱਥੇ ਰਾਤ ਨੂੰ ਘਰ ਨੁਮਾ ਟੈਂਟ ਵਿਚ ਰਹਿਣ ਦਾ ਆਨੰਦ ਵੀ ਮਾਣ ਸਕਦੇ ਹਾਂ। ਇਸ ਪਹਾੜ ਉੱਪਰ ਸਿਰਫ਼ ਪੈਦਲ ਜਾਣ ਦਾ ਇਕਹਿਰਾ ਰਸਤਾ ਹੈ ।

7 ਜੁਲਾਈ 1972 ਨੂੰ ਭਾਰਤ ਵਿਚ ਸਵਿਟਜ਼ਰਲੈਂਡ ਦੇ ਰਾਜਦੂਤ ਵਿਲੀ .ਪੀ. ਬਲੇਜਰ ਵੱਲੋਂ ਆਪਣੇ ਦੇਸ਼ ਦੇ ਵਾਈਸ ਕੌਸਲਰ ਤੇ ਹੈਡ ਆਫ ਚੈਂਸਰੀ ਨੂੰ ਘੁੰਮਣ ਲਈ ਸੱਦਿਆ। ਉੁਨ੍ਹਾਂ ਕੁਦਰਤੀ ਕਲਾ ਨੂੰ ਨਿਹਾਰਦਿਆਂ ਇਸ ਨੂੰ ‘ਮਿੰਨੀ ਸਵਿਟਜ਼ਰਲੈਂਡ’ ਦਾ ਨਾਂ ਦਿੱਤਾ। ਉਨ੍ਹਾਂ ਖਜਿਆਰ ਤੋਂ ਸਵਿਸ ਰਾਜਧਾਨੀ ਬਿਰਨੀ ਸ਼ਹਿਰ 6194 ਕਿਲੋਮੀਟਰ ਦੂਰੀ ਦਰਸਾਉਂਦਾ ਪੀਲਾ ਮੀਲ ਪੱਥਰ ਵੀ ਲਾਇਆ । ਖਜਿਆਰ ਦੁਨੀਆ ਦੇ 160 ਸਥਾਨਾਂ ’ਚੋਂ ਇਕ ਹੈ, ਜੋ ਸਵਿਟਜ਼ਰਲੈਂਡ ਦੀਆਂ ਲੋਕੇਸ਼ਨਾਂ ਨਾਲ ਮੇਲ ਖਾਂਦਾ ਹੈ । ਉਹ ਇੱਥੋਂ ਦਾ ਇਕ ਪੱਥਰ ਸਵਿਸ ਪਾਰਲੀਮੈਂਟ ਲਈ ਲੈ ਕੇ ਗਏ ਤਾਂ ਜੋ ਇਹ ਯਾਦਾਂ ਤਾਜ਼ਾ ਰਹਿ ਸਕਣ। ਦੁਨੀਆ ਦੇ ਟੂਰਿਸਟ ਨਕਸ਼ੇ ਵਿਚ ਖਜਿਆਰ ਦਾ ਨਾਮ ‘ਭਾਰਤ ਦਾ ਮਿੰਨੀ ਸਵਿਟਜ਼ਰਲੈਂਡ’ ਵਜੋਂ ਦਰਜ ਹੈ ।

ਸਫ਼ਰ ਦਾ ਆਖ਼ਰੀ ਪੜਾਅ ਚੰਮੇਰਾ ਝੀਲ ਦੇ ਕੰਢੇ ਬੀਤਿਆ, ਜੋ ਖਜਿਆਰ ਤੋਂ 55 ਕਿਲੋਮੀਟਰ ਦੂਰ ਤੇ ਸਮੁੰਦਰ ਤਲ ਤੋਂ ਸਿਰਫ਼ 763 ਮੀਟਰ ਉੱਚੀ ਹੈ । ਇਸੇ ਲਈ ਇੱਥੇ ਦਿਨ ਦਾ ਤਾਪਮਾਨ ਪੰਜਾਬ ਵਾਂਗ 37 ਡਿਗਰੀ ਪਰ ਪਹਾੜੀ ਵਾਤਾਵਰਨ ਰਾਤਾਂ ਨੂੰ ਘਟਾ ਕੇ 17 ਡਿਗਰੀ ਲੈ ਆਉਂਦਾ ਹੈ । ਝੀਲ ਰਾਵੀ ਨਦੀ ’ਤੇ ਬੰਨ੍ਹ ਮਾਰ ਕੇ ਬਣਾਈ ਹੈ। ਚਾਰੇ ਪਾਸਿਓਂ ਪਹਾੜਾਂ ਨਾਲ ਘਿਰੀ ਝੀਲ ਦੇ ਪਾਣੀ ਦੀ ਨੀਲੀ ਚਮਕ ਯੂਰਪੀ ਸਮੁੰਦਰਾਂ ਨੂੰ ਮਾਤ ਪਾਉਂਦੀ ਹੈ। ਇਸ ਦੇ 540 ਮੈਗਾਵਾਟ ਪਣ ਬਿਜਲੀ ਪ੍ਰਾਜੈਕਟ ਨਾਲ ਚੰਬਾ ਜਗਮਗਾਉਂਦਾ ਹੈ, ਜਿਸ ਦਾ ਪਾਣੀ 747 ਮੀਟਰ ਡੂੰਘਾ ਤੇ ਲੰਬਾਈ 968 ਫੁੱਟ ਹੈ । ਇਹ ਪਾਣੀ ਦੀਆਂ ਖੇਡਾਂ ਲਈ ਸ਼ਾਨਦਾਰ ਸਥਾਨ ਹੈ । ਸ਼ੁੱਧ ਤੇ ਸ਼ਾਂਤ ਵਾਤਾਵਰਨ ਵਿਚ ਲੋਕੀਂ ਮੋਟਰ ਬੋਟ ,ਪੈਡਲ ਬੋਟ, ਸ਼ਿਕਾਰਾ,ਰੋਇੰਗ ,ਫਸਿੰਗ ਤੇ ਚੱਪੂ ਕਿਸ਼ਤੀ ਦਾ ਆਨੰਦ ਮਾਣਦੇ ਹਨ। ਸਮੇਂ ਦੀ ਘਾਟ ਕਾਰਨ ਕੁਝ ਸਥਾਨ ਨਾ ਚਾਹੁੰਦਿਆਂ ਵੀ ਛੱਡਣੇ ਪਏ । ਬੇਚਿੰਤ ਸੈਰ- ਸਫ਼ਰ ਤੇ ਸਮਾਂ ਬਚਾਉਣ ਲਈ ਪਹਿਲਾਂ ਹੀ ਰਹਿਣ-ਸੌਣ ਦੇ ਪ੍ਰਬੰਧ ਅਤਿ ਜ਼ਰੂਰੀ ਹਨ। ਦਸੰਬਰ ਤੋਂ ਫਰਵਰੀ ਮਹੀਨਾ ਜਾਣ ਦਾ ਵਧੀਆ ਸਮਾਂ ਹੈ । 25 ਤੋਂ 31 ਦਸੰਬਰ ਨੂੰ ਪੈਂਦੀ ਬਰਫ਼ ਪਹਾੜੀ ਖ਼ੂਬਸੂਰਤੀ ਵਿਚ ਚੋਖਾ ਵਾਧਾ ਕਰਦੀ ਹੈ । ਇਹ ਦਿਲ ਟੁੰਬਵੀਂ ਕਾਇਨਾਤ ਯਾਤਰੀਆਂ ਲਈ ਕਿਸੇ ਸੁਰਗ ਤੋਂ ਘੱਟ ਨਹੀਂ, ਜੋ ਸਾਨੂੰ ਕੁਦਰਤ ਦੇ ਅੰਗ-ਸੰਗ ਰਹਿਣ, ਮਾਣਨ ਤੇ ਬਚਾਉਣ ਲਈ ਪ੍ਰੇਰਦੀ ਹੈ । ਇਸ ਨਾਲ ਸਾਡੇ ਜੀਵਨ ਵਿਚ ਨਵੇਂ ਵਿਚਾਰ, ਉਮੀਦਾਂ ਤੇ ਊਰਜਾ ਦੀ ਕਮੀ ਨਹੀ ਰਹਿੰਦੀ ।

- ਰਵਿੰਦਰ ਸਿੰਘ ਧਾਲੀਵਾਲ

Posted By: Harjinder Sodhi