ਚੰਦ ਨੂੰ ਅਸੀਂ ਬਹੁਤ ਜ਼ਿਆਦਾ ਨਹੀਂ ਜਾਣਦੇ ਪਰ ਇੰਝ ਲਗਦਾ ਹੈ ਜਿਵੇਂ ਅੱਜ ਹਰ ਕੋਈ ਚੰਦ 'ਤੇ ਪਹੁੰਚਣਾ ਚਾਹੁੰਦਾ ਹੈ। ਭਾਰਤ ਦੀ ਕੋਸ਼ਿਸ਼ ਹੈ ਕਿ ਚੰਦ 'ਤੇ ਜਾ ਕੇ ਉਸ ਨਾਲ ਜੁੜੀਆਂ ਅਜਿਹੀਆਂ ਖੋਜਾਂ ਕਰੇ ਤਾਂ ਜੋ ਉਹ ਸਮੁੱਚੀ ਮਨੁੱਖੀ ਸੱਭਿਅਤਾ ਲਈ ਲਾਹੇਵੰਦ ਸਿੱਧ ਹੋਣ। ਇਨ੍ਹਾਂ ਖੋਜਾਂ ਤੋਂ ਹਾਸਲ ਤਜਰਬਾ ਪੂਰੀ ਦੁਨੀਆ ਨੂੰ ਦਿਸ਼ਾ ਅਤੇ ਸਮਝ ਦੇਵੇਗਾ ਜਿਸ ਦੇ ਆਧਾਰ 'ਤੇ ਚੰਦ ਨੂੰ ਅੱਗੇ ਦੇ ਅਧਿਐਨ ਅਤੇ ਪੁਲਾੜੀ ਮੁਹਿੰਮਾਂ ਕੀਤੀਆਂ ਜਾਇਆ ਕਰਨਗੀਆਂ। 2003 'ਚ ਜਦੋਂ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਦੇ ਵਿਗਿਆਨੀ ਚੰਦਰਮਾ 'ਤੇ ਮਿਸ਼ਨ ਭੇਜੇ ਜਾਣ ਦੀ ਯੋਜਨਾ ਬਣਾ ਰਹੇ ਸਨ ਤਾਂ ਉਨ੍ਹਾਂ ਦੀ ਟੀਮ ਨਾਲ ਮੁਲਾਕਾਤ ਵਿਚ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਨੇ ਕਿਹਾ ਸੀ ਕਿ ਇਕ ਦਿਨ ਜ਼ਰੂਰ ਆਵੇਗਾ ਕਿ ਦੇਸ਼ ਇਸ ਮਹਾਨ ਉਪਲਬਧੀ ਨੂੰ ਹਾਸਿਲ ਕਰ ਲਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਚੰਦ ਦੇ ਚੱਕਰ ਲਗਾਏ ਜਾ ਸਕਦੇ ਹਨ ਉੱਥੇ ਯਾਨ ਵੀ ਉਤਾਰਿਆ ਜਾ ਸਕਦਾ ਹੈ।

ਇਹ ਭਾਰਤ ਲਈ ਗੌਰਵਸ਼ਾਲੀ ਮੌਕਾ ਹੈ ਕਿ ਐੱਮਕੇ-3 ਦਾ 3.8 ਟਨ ਵਜ਼ਨੀ ਚੰਦਰਯਾਨ-2 ਨੂੰ ਲੈ ਕੇ ਸ੍ਰੀਹਰੀਕੋਟਾ ਤੋਂ ਚੰਦ ਦੇ ਦੱਖਣੀ ਧਰੁੱਵ ਵੱਲ ਉਡਾਣ ਭਰਨ ਜਾ ਰਿਹਾ ਹੈ। ਦੱਖਣੀ ਧਰੁਵ ਬਾਰੇ ਅਜੇ ਤਕ ਸਾਡੀ ਜਾਣਕਾਰੀ ਲਗਪਗ ਜ਼ੀਰੋ ਹੈ। ਭਾਰਤ ਦਾ ਚੰਦਰਯਾਨ-2 ਚੰਦ ਦੇ ਇਸੇ ਦੱਖਣੀ ਧਰੁਵ 'ਤੇ ਆਪਣੇ ਲੈਂਡਰ ਵਿਕਰਮ ਨੂੰ ਉਤਾਰਨ ਜਾ ਰਿਹਾ ਹੈ ਕਿਉਂਕਿ ਇੱਥੇ ਪਾਣੀ ਦੀ ਸੰਭਾਵਨਾ ਦੀ ਖੋਜ ਲਈ ਕੋਈ ਵੀ ਮਿਸ਼ਨ ਹੁਣ ਤਕ ਨਹੀਂ ਪਹੁੰਚਿਆ ਸੀ। ਹਨੇਰੇ 'ਚ ਰਹਿਣ ਵਾਲੇ ਇਸ ਖੇਤਰ ਵਿਚ ਉਤਰਨ ਦਾ ਸਾਹਸ ਅਜੇ ਤਕ ਕਿਸੇ ਦੇਸ਼ ਨੇ ਨਹੀਂ ਕੀਤਾ। ਇਹ ਭਾਰਤ ਹੀ ਹੈ ਜਿਸ ਨੇ ਚੰਦਰਯਾਨ-2 ਮਿਸ਼ਨ ਜ਼ਰੀਏ ਆਪਣੀ ਤਾਕਤ ਦੀ ਜ਼ੋਰ ਅਜ਼ਮਾਇਸ਼ ਕਰਨੀ ਹੈ। ਚੰਦਰਯਾਨ-1 ਨੇ ਪਾਣੀ ਦੇ ਕਣ ਖੋਜਦੇ ਹੋਏ, ਜਿੱਥੇ ਆਪਣੀ ਯਾਤਰਾ ਖ਼ਤਮ ਕੀਤੀ ਸੀ, ਚੰਦਰਯਾਨ-2 ਉਸ ਤੋਂ ਅੱਗੇ ਸ਼ੁਰੂਆਤ ਕਰੇਗਾ। ਇਸਰੋ ਅਨੁਸਾਰ ਚੰਦ 'ਤੇ ਕਿੰਨਾ ਪਾਣੀ ਹੈ, ਕਿੱਥੇ-ਕਿੱਥੇ ਹੈ, ਸਤ੍ਹਾ ਅਤੇ ਸਤ੍ਹਾ ਦੇ ਥੱਲੇ ਇਸ ਦੀਆਂ ਕੀ ਸੰਭਾਵਨਾਵਾਂ ਹਨ, ਇਸ ਲਈ ਅੱਗੇ ਦੇ ਅਧਿਐਨ ਕਰੇਗਾ। ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਨੂੰ 'ਮਾਨ ਜਿਨਸ-ਸੀ' ਅਤੇ 'ਸਿਪੀਲੀਅਨ-ਐਨ' ਨਾਂ ਦੇ ਦੋ ਕਰੇਟਰਾਂ (ਵਿਸ਼ਾਲ ਖੱਡ) ਵਿਚ ਸਾਫਟ ਲੈਂਡਿੰਗ ਕਰਵਾਈ ਜਾਵੇਗੀ। ਸਾਫਟ ਲੈਂਡਿੰਗ ਯਾਨਿ ਇੰਜਣ ਦੇ ਸਹਾਰੇ ਉਪਕਰਨਾਂ ਨੂੰ ਨਿਯੰਤਰਿਤ ਢੰਗ ਨਾਲ ਸਤ੍ਹਾ 'ਤੇ ਉਤਾਰਨਾ। ਇਸਰੋ ਅਨੁਸਾਰ ਚੰਦਰਯਾਨ-2 ਮਿਸ਼ਨ ਨੂੰ ਦੱਖਣ ਵਿਚ ਕੇਂਦਰਤ ਰੱਖਣ ਦਾ ਕਾਰਨ ਇੱਥੇ ਜ਼ਿਆਦਾਤਰ ਹਿੱਸੇ ਦਾ ਹਨੇਰੇ 'ਚ ਰਹਿਣਾ ਹੈ। ਇਥੋਂ ਚੰਦ ਦੇ ਉੱਤਰੀ ਧਰੁਵ ਤੋਂ ਵੀ ਜ਼ਿਆਦਾ ਹਨੇਰਾ ਹੈ ਅਤੇ ਸ਼ਾਇਦ ਇਹੀ ਵਜ੍ਹਾ ਹੈ ਕਿ ਚੰਦ ਦੇ ਇੰਨੇ ਦੂਰ ਦੱਖਣੀ ਕੋਨੇ 'ਚ ਅੱਜ ਤਕ ਕਿਸੇ ਮਿਸ਼ਨ ਨੇ ਇਥੇ ਪਹੁੰਚਣ ਦੀ ਹਿੰਮਤ ਨਹੀਂ ਕੀਤੀ। ਇਸ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਭਾਰਤੀ ਚੰਦਰਯਾਨ-2 ਮਿਸ਼ਨ ਇਥੇ ਕਈ ਨਵੀਆਂ ਖੋਜ ਕਰ ਸਕਦਾ ਹੈ।

ਹੁਣ ਤਕ ਚੰਦ ਤੋਂ ਕੀ ਕੁਝ ਹਾਸਲ ਕੀਤਾ?

ਪਾਣੀ, ਧਾਤਾਂ, ਗੁਫ਼ਾਵਾਂ ਤਕ ਖੋਜ ਛੱਡੀਆਂ ਸਨ ਸਾਡੇ ਚੰਦਰਯਾਨ-1 ਨੇ। ਚੰਦਰਯਾਨ ਯਾਨਿ ਚੰਦ ਲਈ ਵਾਹਨ। ਧਰਮ ਤੋਂ ਲੈ ਕੇ ਬੱਚਿਆਂ ਦੀਆਂ ਲੋਰੀਆਂ ਅਤੇ ਪ੍ਰੇਮਿਕਾਵਾਂ ਨੂੰ ਬਹਿਕਾਉਣ-ਬਹਿਲਾਉਣ ਤਕ ਵਿਚ ਸ਼ਾਮਲ ਰਹੇ ਚੰਦ ਤਕ ਪਹੁੰਚਣ ਦਾ ਸਾਡਾ ਇਹ ਪਹਿਲਾ ਯਤਨ ਸੀ। ਚੰਦ ਨੂੰ ਲੈ ਕੇ, ਭਾਰਤ ਦਾ ਇਹ ਪਹਿਲਾ ਮਿਸ਼ਨ ਸੀ। ਇਸ ਵਿਚ ਅਸੀਂ ਜੋ ਉਪਲਬਧੀਆਂ ਹਾਸਲ ਕੀਤੀਆਂ ਉਹ ਨਾ ਸਿਰਫ਼ ਸਾਡੇ ਦੇਸ਼ ਬਲਕਿ ਸਮੁੱਚੇ ਜਗਤ ਲਈ ਮਹੱਤਵਪੂਰਨ ਯੋਗਦਾਨ ਬਣਿਆ ਹੈ।

ਚੰਦਰਯਾਨ-1

1999 ਵਿਚ ਭਾਰਤ ਵਿਗਿਆਨ ਅਕਾਦਮੀ ਦੀ ਮੀਟਿੰਗ ਵਿਚ ਇਸ ਦਾ ਵਿਚਾਰ ਰੱਖਿਆ ਗਿਆ। ਭਾਰਤੀ ਖਗੋਲ ਸੋਸਾਇਟੀ ਨੇ ਇਸ ਨੂੰ ਵਿਵਹਾਰਿਕਤਾ ਪ੍ਰਦਾਨ ਕੀਤੀ ਅਤੇ 15 ਅਗਸਤ 2003 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦਿੱਤੀ, ਜਿਸ ਦੇ ਆਧਾਰ 'ਤੇ ਇਸਰੋ ਨੇ ਰਾਸ਼ਟਰੀ ਚੰਦਰ ਮਿਸ਼ਨ ਟਾਸਕ ਫੋਰਸ ਦਾ ਗਠਨ ਕੀਤਾ। ਮਿਸ਼ਨ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਇਸਰੋ ਕੋਲ ਚੰਦਰਯਾਨ ਨੂੰ ਸਫ਼ਲ ਕਰਨ ਦੀ ਤਕਨੀਕੀ ਸਮਰੱਥਾ ਹੈ।

ਚੰਦਰਯਾਨ-1 ਕੁੱਲ 11 ਉਪਕਰਨ ਆਪਣੇ ਨਾਲ ਚੰਨ 'ਤੇ ਲੈ ਕੇ ਗਿਆ ਸੀ। ਇਨ੍ਹਾਂ ਵਿਚੋਂ 5 ਭਾਰਤੀ ਸੀ ਅਤੇ 6 ਨਾਸਾ, ਯੂਰੋਪੀਅਨ ਸਪੇਸ ਏਜੰਸੀ ਅਤੇ ਬੁਲਗਾਰੀਆ ਦੇ ਵੀ ਸਨ। ਵਿਦੇਸ਼ੀ ਉਪਕਰਨਾਂ ਨੂੰ ਚੰਦ 'ਤੇ ਪਹੁੰਚਾਉਣ ਦਾ ਭਾਰਤ ਨੇ ਇਨ੍ਹਾਂ ਦੇਸ਼ਾਂ ਤੋਂ ਕੋਈ ਪੈਸਾ ਨਹੀਂ ਲਿਆ ਸੀ।

ਚੰਦ 'ਤੇ ਧਾਤਾਂ

ਚੰਦ 'ਤੇ ਲੋਹਾ ਹੋਣ ਦੀ ਪੁਸ਼ਟੀ ਚੰਦਰਯਾਨ-1 ਮਿਸ਼ਨ ਜ਼ਰੀਏ ਹੋਈ। ਨਾਸਾ ਦੇ 'ਮੂਨ ਮਿਨਰਲਾਜੀ ਮੈਪਰ' (ਐੱਮ 3) ਨੇ ਇਥੇ ਚਟਾਨਾਂ ਵਿਚ ਲੋਹੇ ਦੀ ਪੜਤਾਲ ਕੀਤੀ। ਚੰਦ ਦੀ ਪੁਰਾਣੀ ਪੂਰਬੀ ਘਾਟੀ ਖੇਤਰ ਵਿਚ ਲੋਹੇ ਦੇ ਤੱਤ ਰੱਖਣ ਵਾਲੇ ਖਣਿਜ 'ਪਾਇਰੌਕਸਿਨ' ਦੀ ਬਹੁਤਾਤ ਪਾਈ ਗਈ।

ਚੰਦਰਯਾਨ ਨੇ ਚੰਦ ਦੀਆਂ 3000 ਪਰਿਕਰਮਾ ਕੀਤੀਆਂ, ਜਿਸ ਦੌਰਾਨ ਚੰਦ ਦੀ ਸਤ੍ਹਾ ਦੀਆਂ 70,000 ਤਸਵੀਰਾਂ ਖਿੱਚੀਆਂ ਗਈਆਂ। ਮਿਸ਼ਨ ਦੀ ਮੁੱਖ ਉਪਲਬਧੀ ਚੰਦ ਤੋਂ ਖਿੱਚੀ ਹੋਈ 'ਪੂਰੀ ਧਰਤੀ' ਦੀ ਤਸਵੀਰ ਸੀ। ਚੰਦਰਯਾਨ ਨੇ ਚੰਦ ਦੀ ਸਤ੍ਹਾ ਦੇ ਹੇਠ, ਲਾਵੇ ਨਾਲ ਬਣੀਆਂ ਦੋ ਗੁਫ਼ਾਵਾਂ ਖੋਜੀਆਂ, ਜਿਨ੍ਹਾਂ ਨੂੰ ਲਾਵਾ-ਟਿਊਬ ਕਿਹਾ ਗਿਆ। ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਵਿਚ ਜੀਵਨ ਦੇ ਅਨੁਕੂਲ ਵਾਤਾਵਰਨ ਬਣਾ ਕੇ ਮਨੁੱਖ ਨੂੰ ਰੱਖਣ ਦੀ ਸਮਰੱਥਾ ਵਿਕਸਿਤ ਕੀਤੀ ਜਾ ਸਕਦੀ ਹੈ।

ਐੱਮ-3 ਨੇ ਚੰਦ 'ਤੇ ਕਦੇ ਲਾਵੇ ਦਾ ਸਮੁੰਦਰ ਹੋਣ ਦੀ ਥਿਊਰੀ ਨੂੰ ਵੀ ਸਿੱਧ ਕੀਤਾ। ਚੰਦ 'ਤੇ ਲੋਹੇ ਅਤੇ ਮੈਗਨੀਸ਼ੀਅਮ ਦੀ ਮੌਜੂਦਗੀ ਨਾਲ ਵੀ ਇਸ ਦੀ ਪੁਸ਼ਟੀ ਹੋਈ। ਮਿਸ਼ਨ ਤੇ 312 ਵੇਂ ਦਿਨ, 28 ਅਗਸਤ 2009 ਚੰਦਰਯਾਨ-1 ਨਾਲ ਸੰਪਰਕ ਟੁਟ ਗਿਆ ਜਿਸ ਦਾ ਕਾਰਨ ਰੇਡੀਏੇਸ਼ਨਜ਼ ਦੀ ਬਹੁਤਾਤ ਅਤੇ ਸੂਰਜੀ ਤੂਫ਼ਾਨਾਂ ਨੂੰ ਮੰਨਿਆ ਗਿਆ।

ਹਾਲਾਂਕਿ ਇਸ ਨੇ 2 ਸਾਲ ਕੰਮ ਕਰਨਾ ਸੀ, ਪਰ ਵਿਗਿਆਨਕਾਂ ਅਨੁਸਾਰ ਇਸ ਨੇ ਆਪਣੇ 95 ਫ਼ੀਸਦੀ ਟੀਚੇ ਹਾਸਲ ਕਰ ਲਏ ਸਨ। ਚੰਦਰਯਾਨ ਨੇ 2012 ਦੇ ਅਖੀਰ ਤਕ ਚੰਦ ਦੀ ਸਤ੍ਹਾ 'ਤੇ ਡਿੱਗਣਾ ਸੀ ਪਰ 2016 ਵਿਚ ਨਾਸਾ ਨੇ ਇਸ ਨੂੰ ਚੰਦ ਦੀ ਪਰਿਕਰਮਾ ਕਰਦਾ ਹੋਇਆ ਹੀ ਪਾਇਆ ਸੀ। ਕੁਝ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਚੰਦਰਯਾਨ-2 ਦਾ ਚੰਦਰਯਾਨ-1 ਨਾਲ ਮਿਲਣ ਹੋ ਸਕਦਾ ਹੈ, ਕਿਉਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਚੰਦਰਯਾਨ-1 ਅਜੇ ਵੀ ਚੰਨ ਦੀ ਪਰਿਕਰਮਾ ਕਰ ਰਿਹਾ ਹੈ। ਹਾਲਾਂਕਿ ਇਸ ਦੇ ਸੱਚ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।

ਚੰਦ 'ਤੇ ਤਿਰੰਗਾ ਲਹਿਰਾਉਣ ਦੀ ਤਾਂਘ

ਜੀਐੱਸਐੱਲਵੀ ਮਾਰਕ 3 ਐੱਮ 1 ਯਾਨਿ ਬਾਹੂਬਲੀ ਚੰਦਰਯਾਨ-2 ਨੂੰ ਪੁਲਾੜ ਵਿਚ ਪਹੁੰਚਾਉਣ ਦਾ ਕੰਮ ਕੁਝ ਤਕਨੀਕੀ ਕਾਰਨਾਂ ਕਰਕੇ ਅਗਾਂਹ ਪਾ ਦਿੱਤਾ ਗਿਆ ਹੈ ਪਰ ਇਹ ਰੋਚਕ ਅਤੇ ਦਿਲਚਸਪ ਸਫ਼ਰ ਦੇ ਕੁਝ ਪੜਾਅ ਇੰਝ ਹੋਣੇ ਸਨ-

ਸ੍ਰੀਹਰੀਕੋਟਾ ਤੋਂ ਪ੍ਰਖੇਪਣ ਦੇ 973.7 ਸੈਕਿੰਡ 'ਤੇ ਰਾਕੇਟ ਦੇ ਸਾਰੇ ਭਾਗ ਯਾਨ ਤੋਂ ਵੱਖ ਹੋ ਜਾਣਗੇ ਅਤੇ ਯਾਨ ਧਰਤੀ ਦੀ ਪਰਿਕਰਮਾ ਸ਼ੁਰੂ ਕਰ ਦੇਵੇਗਾ, ਫਿਰ ਇਸ ਤੋਂ 54 ਵੇਂ ਦਿਨ, ਯਾਨ ਦੇ ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਨੂੰ ਚੰਦ ਦੀ ਸਤ੍ਹਾ 'ਤੇ ਉਤਾਰਿਆ ਜਾਵੇਗਾ। ਆਰਬਿਟਰ ਚੰਦ ਦੀ ਪਰਿਕਰਮਾ ਇਕ ਸਾਲ ਲਈ ਸ਼ੁਰੂ ਕਰ ਦੇਵੇਗਾ। ਇਸ ਦੌਰਾਨ ਚੰਦਰਯਾਨ-2 ਦੀ ਯਾਤਰਾ ਦੇ ਕਿਹੜੇ-ਕਿਹੜੇ ਪੜਾਅ ਹੋਣਗੇ, ਇਨ੍ਹਾਂ ਵਿੱਚੋਂ ਉਹ ਕਿਵੇਂ

ਗੁਜ਼ਰੇਗਾ -ਆਓ ਇਸ ਬੇਹੱਦ ਰੋਮਾਂਚਕ ਸਫ਼ਰ ਬਾਰੇ ਜਾਣੀਏ-

1 ਪ੍ਰਖੇਪਣ-ਠੋਸ ਈਂਧਣ ਦੇ ਰਾਕੇਟ ਬੂਸਟਰ ਐੱਸ-200 ਸਟ੍ਰੈਪ ਸ਼ੁਰੂ ਹੋਣਗੇ।

(ਵੇਗ-451.91ਮੀਟਰ ਪ੍ਰਤੀ ਸਕਿੰਟ)

2 110.82 ਸਕਿੰਟ-43.77 ਕਿ.ਮੀ. ਉਚਾਈ 'ਤੇ ਤਰਲ ਇੰਧਣ ਕੇ.ਐੱਲ.110 ਕੋਰ ਸਟੇਜ ਰਾਕੇਟ ਸ਼ੁਰੂ ਹੋਣਗੇ।

(ਵੇਗ-1752.64 ਮੀਟਰ ਪ੍ਰਤੀ ਸਕਿੰਟ)

3 131.30 ਸਕਿੰਟ- 61.977 ਕਿ.ਮੀ. ਉੱਚਾਈ 'ਤੇ ਯਾਨ, ਜਿੱਥੇ ਐੱਸ 200 ਸਟ੍ਰੈਪ ਵੱਖ ਹੋਣਗੇ।

(ਵੇਗ-1964.34ਮੀਟਰ ਪ੍ਰਤੀ ਸਕਿੰਟ)

4 203.94 ਸਕਿੰਟ-114.85 ਕਿਮੀ. ਉਚਾਈ 'ਤੇ ਪੇਲੋਡ ਫੇਅਰਿੰਗ (ਸਭ ਤੋਂ ਉੱਪਰੀ ਹਿੱਸਾ) ਵੱਖ ਹੋਵੇਗਾ

(ਵੇਗ-2628.14 ਮੀਟਰ ਪ੍ਰਤੀ ਸਕਿੰਟ)

5 305.40 ਸਕਿੰਟ-ਐੱਲ 110 ਕੋਰ ਸਟੇਜ ਬੰਦ ਹੋਣਗੇ, ਉਚਾਈ-169.09 ਕਿਮੀ

(ਵੇਗ-4573.97 ਮੀਟਰ ਪ੍ਰਤੀ ਸਕਿੰਟ)

6 308.50 ਸਕਿੰਟ-ਉਚਾਈ-170.80 ਕਿ.ਮੀ. ਤੇ ਐੱਲ 110 ਕੋਰ ਸਟੇਜ ਯਾਨ ਤੋਂ ਵੱਖ ਹੋਣਗੇ।

(ਵੇਗ-4609.84 ਮੀਟਰ ਪ੍ਰਤੀ ਸਕਿੰਟ)

7 958.70 ਸਕਿੰਟ-ਉਚਾਈ-176.38ਕਿ.ਮੀ. ਤੇ ਸੀ 25 ਕ੍ਰਾਇਓਜੈਨਿਕ ਸਟੇਜ ਬੰਦ ਹੋਵੇਗੀ

(ਵੇਗ-10296.06 ਮੀਟਰ ਪ੍ਰਤੀ ਸਕਿੰਟ)

8 973.70 ਸਕਿੰਟ-ਰਾਕੇਟ ਯਾਨ ਤੋਂ ਵੱਖ ਹੋ ਜਾਵੇਗਾ, ਪੁਲਾੜ ਵਿਚ ਧਰਤੀ ਤੋਂ 181.61 ਕਿ.ਮੀ. ਦੀ ਉਚਾਈ 'ਤੇ ਧਰਤੀ ਦੀ ਪਰਿਕਰਮਾ ਕਰੇਗਾ।

(ਵੇਗ-10304.66 ਮੀਟਰ ਪ੍ਰਤੀ ਸਕਿੰਟ)

ਅਤੇ ਫਿਰ ਅੱਗੇ ਦੀ ਅੱਗੇ...

17ਵੇਂ ਦਿਨ ਵਿਚ 5 ਵਾਰ ਧਰਤੀ ਦੀ ਪਰਿਕਰਮਾ ਕਰਦੇ ਹੋਏ ਚੰਦ ਵੱਲ ਵਧੇਗਾ।

ਪੜਾਅ-1 : ਪਹਿਲੇ 17 ਦਿਨ ਵਿਚ ਚੰਦਰਯਾਨ-2 ਧਰਤੀ ਦੀਆਂ 5 ਪਰਿਕਰਮਾ ਕਰੇਗਾ। ਸ਼ੁਰੂ ਵਿਚ ਪਰਿਕਰਮਾ ਪਥ 38,500 ਕਿ.ਮੀ. ਲੰਬਾ ਹੋਵੇਗਾ। ਚਤੁਰਾਈ ਨਾਲ ਧਰਤੀ ਦੇ ਗੁਰੂਤਾਕਰਸ਼ਣ ਨਾਲ ਅਤੇ ਆਪਣੀ ਮੋਟਰ ਦੇ ਧੱਕੇ ਦਾ ਸਹਾਰਾ ਲੈ ਕੇ ਯਾਨ ਪਰਿਕਰਮਾ ਪਥ ਨੂੰ ਚੰਨ ਵੱਲ ਵਿਸਤਾਰ ਦੇਵੇਗਾ। ਇਸ ਨੂੰ ਟ੍ਰਾਂਸ ਲੂਨਰ ਇੰਜੈਕਸ਼ਨ (ਟੀਐੱਲਆਈ) ਕਿਹਾ ਜਾਂਦਾ ਹੈ। ਧਰਤੀ ਦੀ ਪਰਿਕਰਮਾ ਦਾ ਪਥ 1 ਲੱਖ ਕਿ.ਮੀ. ਹੋਵੇਗਾ।

ਪੜਾਅ 2 : 17 ਵੇਂ ਦਿਨ ਤਕ ਟੀਐੱਲਆਈ ਦਾ ਸਹਾਰਾ ਲੈ ਕੇ ਚੰਦਰਯਾਨ-2 ਧਰਤੀ ਦੀ ਪਰਿਕਰਮਾ ਦਾ ਆਪਣਾ ਪਥ 1,05,292 ਕਿ.ਮੀ. ਲੰਬਾ ਕਰ ਚੁੱਕਿਆ ਹੋਵੇਗਾ ਅਤੇ ਹੁਣ ਉਹ ਧਰਤੀ ਦੀ ਪਰਿਕਰਮਾ ਛੱਡ ਕੇ ਚੰਦ ਵੱਲ ਵਧੇਗਾ।

ਪੜਾਅ 3 : 17ਵੇਂ ਤੋਂ 22 ਵੇਂ ਦਿਨ ਤਕ ਯਾਨ ਚੰਨ ਵੱਲ ਘੁਮਾਓਦਾਰ ਪਥ 'ਤੇ ਵਧੇਗਾ।

ਪੜਾਅ 4 : ਪ੍ਰਖੇਪਣ ਦੇ 22 ਵੇਂ ਦਿਨ ਯਾਨ, ਚੰਦ ਦੀ ਪਰਿਕਰਮਾ ਪਥ ਵਿਚ ਪ੍ਰਵੇਸ਼ ਕਰੇਗਾ।

ਪੜਾਅ 5 : ਅਗਲੇ 28 ਦਿਨ ਤਕ ਯਾਨ, ਚੰਦ ਦੀ ਪਰਿਕਰਮਾ ਕਰੇਗਾ ਅਤੇ ਹੌਲੀ-ਹੌਲੀ ਚੰਦ ਦੇ ਨੇੜੇ ਆਉਂਦਾ ਜਾਵੇਗਾ।

ਪੜਾਅ 6 : ਪ੍ਰਖੇਪਣ ਦੇ 50ਵੇਂ ਦਿਨ ਚੰਦ ਦੇ 100 ਕਿ.ਮੀ. ਨਜ਼ਦੀਕ ਪਹੁੰਚਣ 'ਤੇ ਯਾਨ ਦੇ ਆਰਬਿਟਰ ਅਤੇ ਲੈਂਡਰ ਵਿਕਰਮ, ਵੱਖ ਹੋ ਜਾਣਗੇ। ਵਿਕਰਮ, ਚੰਦ ਵੱਲ ਵਧਦਾ ਜਾਵੇਗਾ ਅਤੇ ਆਰਬਿਟਰ ਅਗਲੇ 1 ਸਾਲ ਲਈ, ਚੰਦ ਦੀ ਪਰਿਕਰਮਾ ਸ਼ੁਰੂ ਕਰ ਦੇਵੇਗਾ।

ਪੜਾਅ 7: 51ਵੇਂ ਦਿਨ ਵਿਕਰਮ ਦੀ ਡੀ-ਬੂਸਟਿੰਗ ਹੋਵੇਗੀ, ਯਾਨਿ ਗਤੀ ਨੂੰ ਘਟਾਇਆ ਜਾਵੇਗਾ। ਉਸ ਨੂੰ ਚੰਦ ਦੀ ਸਤ੍ਹਾ 'ਤੇ 30 ਕਿ.ਮੀ. ਨਜ਼ਦੀਕ ਪਹੁੰਚਾਇਆ ਜਾਵੇਗਾ। ਵਿਕਰਮ ਇਸ ਦੂਰੀ ਤੋਂ 4 ਦਿਨ ਚੰਦ ਦੀ ਪਰਿਕਰਮਾ ਕਰੇਗਾ।

ਪੜਾਅ 8 : 54 ਵੇਂ ਦਿਨ ਵਿਕਰਮ ਨੂੰ ਨਿਯੰਤਰਿਤ ਢੰਗ ਨਾਲ ਚੰਨ ਦੀ ਸਤ੍ਹਾ 'ਤੇ ਉਤਾਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਆਰਬਿਟਰ ਵਿਚ ਲੱਗਿਆ ਹੋਇਆ ਓ.ਐੱਚ.ਆਰ. ਕੈਮਰਾ ਚੰਦ ਦੇ ਦੱਖਣੀ ਧਰੁਵ 'ਤੇ ਯਾਨ ਦੀ ਲੈਂਡਿੰਗ ਲਈ ਢੁਕਵੀਂ ਥਾਂ ਦੀ ਤਲਾਸ਼ ਕਰੇਗਾ। ਇਹ ਤਸਵੀਰਾਂ ਖਿੱਚ ਕੇ ਧਰਤੀ 'ਤੇ ਭੇਜੇਗਾ। ਇਸ ਦੇ ਆਧਾਰ 'ਤੇ ਲੈਂਡਿੰਗ ਵਾਲੀ ਜਗ੍ਹਾ ਦਾ ਨਕਸ਼ਾ ਤਿਆਰ ਕਰ ਕੇ ਵਿਕਰਮ ਨੂੰ ਭੇਜਿਆ ਜਾਵੇਗਾ।

ਪੜਾਅ 9 : 54 ਵੇਂ ਹੀ ਦਿਨ ਵਿਕਰਮ ਲੈਂਡਰ ਚੰਦ ਦੀ ਸਤ੍ਹਾ 'ਤੇ ਉਤਰੇਗਾ। ਇਸ ਤੋਂ ਪਹਿਲਾਂ ਇਹ ਸਤ੍ਹਾ ਤੋਂ 100 ਮੀਟਰ ਦੀ ਉਚਾਈ 'ਤੇ ਮੰਡਰਾਏਗਾ ਅਤੇ ਦੱਸੀ ਗਈ ਜਗ੍ਹਾ 'ਤੇ ਉਤਰੇਗਾ ਤੇ ਇਸ ਦੇ ਨਾਲ ਹੀ ਆਪਣਾ ਕੰਮ ਸ਼ੁਰੂ ਕਰੇਗਾ।

ਸਾਡੇ ਲਈ 14 ਦਿਨ ਲੇਕਿਨ ਚੰਦ 'ਤੇ ਇਕ ਦਿਨ ਦੇ ਬਰਾਬਰ ਚੱਲੇਗਾ। ਵਿਕਰਮ ਦੇ ਅੰਦਰੋਂ ਉਤਰ ਕੇ ਰੋਵਰ ਪ੍ਰਗਿਆਨ ਵੀ ਚੰਦ ਦੀ ਸਤ੍ਹਾ 'ਤੇ ਆਪਣੇ 6 ਪਹੀਆਂ ਦੇ ਸਹਾਰੇ ਚੱਲੇਗਾ ਅਤੇ ਪ੍ਰਯੋਗਾਂ/ਖੋਜਾਂ ਨੂੰ ਅੰਜਾਮ ਦੇਵੇਗਾ।

ਚੰਦ ਸਭ ਨੂੰ ਚਾਹੀਦੈ

ਇਕ ਦਹਾਕੇ ਬਾਅਦ ਚੰਦ ਦੇ ਗੁੱਝੇ ਰਹੱਸਾਂ ਦੀ ਖੋਜ ਵਿਚ ਦੂਜਾ ਅਭਿਆਨ ਪੁਲਾੜ ਵਿਗਿਆਨ ਦੇ ਖੇਤਰ ਵਿਚ ਸਾਡੀ ਵਧਦੀ ਸ਼ਕਤੀ ਦਾ ਪ੍ਰਮਾਣ ਤਾਂ ਹੈ ਹੀ, ਉਮੀਦ ਕਰਨੀ ਚਾਹੀਦੀ ਹੈ ਕਿ ਇਹ ਆਪਣੇ ਨਕਸ਼ੇ ਕਦਮਾਂ 'ਤੇ ਪੂਰਾ ਉਤਰਦੇ ਹੋਏ ਚੰਨ ਦੇ ਕਈ ਰਹੱਸਾਂ ਤੋਂ ਪਰਦੇ ਉਠਾਏਗਾ। ਇਸ ਦੀ ਖ਼ਾਸੀਅਤ ਹੈ ਕਿ ਇਸ ਵਿਚ ਮਹਿਲਾਵਾਂ ਦੀ ਵੀ ਮਹੱਤਵਪੂਰਨ ਭੂਮਿਕਾ ਹੈ। ਇਸ ਤਹਿਤ ਚੰਦ 'ਤੇ ਪਾਣੀ ਦੇ ਨਾਲ-ਨਾਲ ਖਣਿਜਾਂ ਦੀ ਖੋਜ, ਚੰਨ ਦੀ ਬਾਹਰੀ ਪਰਤ ਦੀ ਜਾਂਚ, ਹੀਲੀਅਮ ਗੈਸ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕੀਤੀ ਜਾਵੇਗੀ, ਜੋ ਭਵਿੱਖ ਵਿਚ ਉੱਥੇ ਊਰਜਾ ਦਾ ਵੱਡਾ ਸਰੋਤ ਹੋ ਸਕਦੀ ਹੈ। ਅਜੇ ਤਕ ਚਲਾਏ ਗਏ 28 ਅਭਿਆਨਾਂ ਦੇ ਬਾਵਜੂਦ, ਜਿਨ੍ਹਾਂ ਵਿੱਚੋਂ 6 ਮਨੁੱਖੀ-ਮਿਸ਼ਨ ਸਨ, ਕੋਈ ਪੁਲਾੜ ਯਾਨ ਚੰਦ ਦੇ ਦੱਖਣੀ ਧਰੁਵ 'ਤੇ ਨਹੀਂ ਉਤਰਿਆ, ਜਿੱਥੇ ਚੰਦਰਯਾਨ-2 ਨੇ ਉਤਰਨਾ ਹੈ। ਸਾਲ 2007 ਵਿਚ ਐਕਸ-ਪ੍ਰਾਈਜ਼ ਫਾਊਂਡੇਸ਼ਨ ਨੇ ਐਲਾਨ ਕੀਤਾ ਕਿ ਉਹ ਚੰਦ 'ਤੇ ਉਤਰਨ ਵਾਲੀ ਪਹਿਲੀ ਨਿੱਜੀ ਟੀਮ ਨੂੰ 2 ਕਰੋੜ ਡਾਲਰ ਇਨਾਮ ਦੇਵੇਗਾ, ਪਰ ਇਨਾਮ ਦੀ ਸਮਾਂ ਸੀਮਾ ਕਈ ਵਾਰ ਵਧਾਉਣ ਤੋਂ ਬਾਅਦ ਵੀ ਕਿਸੇ ਨੇ ਦਿਲਚਸਪੀ ਨਹੀਂ ਦਿਖਾਈ ਪਰ ਇਸ ਦੇ ਬਾਵਜੂਦ ਚੰਦ ਪ੍ਰਤੀ ਲੋਕਾਂ ਦਾ ਆਕਰਸ਼ਣ ਘੱਟ ਨਹੀਂ ਹੋਇਆ। ਹੁਣ ਕਿਉਂਕਿ ਸੂਰਜ ਮੰਡਲ ਵਿਚ ਜਾਣ ਲਈ ਚੰਦ ਬਾਰੇ ਪੂਰੀ ਜਾਣਕਾਰੀ ਜ਼ਰੂਰੀ ਹੈ ਤੇ ਇਸ ਅਭਿਆਨ ਦੀ ਸਫ਼ਲਤਾ 'ਤੇ ਭਵਿੱਖ ਵਿਚ ਸਾਡੇ ਪੁਲਾੜ ਅਭਿਆਨਾਂ ਦੀਆਂ ਸੰਭਾਵਨਾਵਾਂ ਵੀ ਨਿਰਭਰ ਕਰਦੀਆਂ ਹਨ। ਚੰਦਰਯਾਨ-2 ਨਾਲ ਜਿੱਥੇ ਭਾਰਤ ਦੇ ਪੁਲਾੜ ਵਿਚ ਪਦ ਚਿੰਨ੍ਹ ਸਥਾਪਤ ਹੋਣਗੇ, ਉੱਥੇ ਭਵਿੱਖ ਦੇ ਵਿਗਿਆਨਕ, ਇੰਜੀਨੀਅਰ ਅਤੇ ਖੋਜੀ-ਪੀੜ੍ਹੀ ਵੀ ਪ੍ਰੇਰਿਤ ਹੋਵੇਗੀ ਅਤੇ ਅਸੀਂ ਕੌਮਾਂਤਰੀ ਪੱਧਰ 'ਤੇ ਇਕ ਖ਼ਾਸ ਮੀਲ ਦਾ ਪੱਥਰ ਕਾਇਮ ਕਰ ਸਕਾਂਗੇ।

ਅਦੁੱਤੀ ਹੈ ਚੰਦ ਦਾ ਸਫ਼ਰ

1. ਸਟੀਕ ਰਸਤੇ 'ਤੇ ਲੈ ਕੇ ਜਾਣਾ

ਧਰਤੀ ਤੋਂ ਚੰਦ ਦੀ ਦੂਰੀ 3.844 ਲੱਖ ਕਿ.ਮੀ. ਹੈ। ਸਹੀ ਮਾਰਗ-ਪੰਧ ਦੀ ਚੋਣ ਨਾਲ ਹੀ ਚੰਦਰਯਾਨ-2 'ਤੇ ਧਰਤੀ, ਚੰਦ ਦੀ ਸਥਿਤੀ, ਰਸਤੇ 'ਚ ਗੁਰੂਤਾਕਰਸ਼ਣ, ਸੂਰਜੀ ਵਿਕਿਰਣ ਅਤੇ ਚੰਦ ਦੇ ਘੁੰਮਣ ਦੀ ਗਤੀ ਦਾ ਘੱਟ ਪ੍ਰਭਾਵ ਪਵੇਗਾ।

2. ਡੂੰਘੇ ਪੁਲਾੜ 'ਚ ਸੰਚਾਰ

ਧਰਤੀ ਤੋਂ ਜ਼ਿਆਦਾ ਦੂਰੀ ਹੋਣ ਨਾਲ ਰੇਡੀਓ ਸਿਗਨਲ ਦੇਰੀ ਨਾਲ ਪਹੁੰਚਣਗੇ, ਜਵਾਬ ਦੇਰੀ ਨਾਲ ਮਿਲੇਗਾ, ਪੁਲਾੜ 'ਚ ਹੋਣ ਵਾਲੀਆਂ ਆਵਾਜ਼ਾਂ ਵੀ ਸੰਚਾਰ ਵਿਚ ਵਿਘਨ ਪੈਦਾ ਕਰ ਸਕਦੀਆਂ ਹਨ।

3. ਚੰਦ ਦੀ ਜਮਾਤ 'ਚ ਪਹੁੰਚਣਾ

ਸਹੀ ਜਮਾਤ ਵਿਚ ਪਹੁੰਚਣ 'ਤੇ ਹੀ ਨਿਸ਼ਚਿਤ ਥਾਂ 'ਤੇ ਲੈਂਡਿੰਗ ਹੋ ਸਕੇਗੀ। ਬਦਲਦੀਆਂ ਜਮਾਤੀ ਗਤੀਵਿਧੀਆਂ ਦੀ ਵਜ੍ਹਾ ਨਾਲ ਚੰਦਰਯਾਨ-2 ਨੂੰ ਚੰਦ ਦੀ ਜਮਾਤ ਵਿਚ ਪਹੁੰਚਾਉਣ ਲਈ ਜ਼ਿਆਦਾ ਸਟੀਕਤਾ ਦੀ ਜ਼ਰੂਰਤ ਹੋਵੇਗੀ।

4. ਜਮਾਤ 'ਚ ਘੁੰਮਣਾ ਸੁਖਾਲਾ ਨਹੀਂ...

ਚੰਦ ਦੇ ਚਾਰੇ ਪਾਸੇ ਗੁਰੂਤਾ ਇਕੋ ਜਿਹੀ ਨਹੀਂ ਹੈ ਜਿਸ ਦਾ ਪ੍ਰਭਾਵ ਚੰਦਰਯਾਨ-2 ਦੇ ਇਲੈਕਟ੍ਰਾਨਿਕਸ 'ਤੇ ਪਵੇਗਾ, ਸੋ ਚੰਦ ਦੀ ਗੁਰੂਤਾ ਦੀ ਬਰੀਕੀ ਨਾਲ ਗਿਣਤੀ ਕਰਨੀ ਪਵੇਗੀ।

5. ਚੰਦ 'ਤੇ ਸਹਿਜ ਲੈਂਡਿੰਗ ਹੈ ਵੱਡੀ ਚੁਣੌਤੀ

ਦੱਖਣੀ ਧਰੁਵ 'ਤੇ ਰੋਵਰ ਅਤੇ ਲੈਂਡਰ ਦੀ ਸਹਿਜ ਲੈਂਡਿੰਗ ਕਰਵਾਉਣ ਲਈ ਪ੍ਰੋਪਲਸ਼ਨ ਸਿਸਟਮ ਅਤੇ ਆਨਬੋਰਡ ਕੰਪਿਊਟਰ ਦਾ ਕੰਮ ਮੁੱਖ ਹੋਵੇਗਾ।

6. ਧੂੜ, ਮਿੱਟੀ-ਘੱਟਾ ਤੇ ਬਦਲਦੇ ਤਾਪਮਾਨ ਦੀ ਚੁਣੌਤੀ

ਚੰਦ ਦੀ ਸਤ੍ਹਾ 'ਤੇ ਕਈ ਖੱਡੇ, ਪੱਥਰ, ਧੂੜ-ਕਣ ਅਤੇ ਇਥੇ ਤਾਪਮਾਨ ਵੀ ਬਹੁਤ ਤੇਜ਼ੀ ਨਾਲ ਬਦਲਦਾ ਹੈ ਜਿਸ ਨਾਲ ਪ੍ਰੋਪਲਸ਼ਨ ਸਿਸਟਮ ਆਨ ਕਰਦੇ ਸਾਰ ਹੀ ਸਤ੍ਹਾ 'ਤੇ ਤੇਜ਼ੀ ਨਾਲ ਧੂੜ ਉੱਡੇਗੀ। ਲੈਂਡਰ ਦੇ ਸੋਲਰ ਪੈਨਲ 'ਤੇ ਧੂੜ ਜੰਮਣ ਨਾਲ ਬਿਜਲੀ-ਸਪਲਾਈ 'ਚ ਵਿਘਨ ਪੈ ਸਕਦਾ ਹੈ ਅਤੇ ਆਨਬੋਰਡ ਸੈਂਸਰਾਂ 'ਤੇ ਵੀ ਅਸਰ ਪੈ ਸਕਦਾ ਹੈ। ਚੰਦ ਦਾ ਇਕ ਦਿਨ ਜਾਂ ਇਕ ਰਾਤ ਧਰਤੀ ਦੇ 14 ਦਿਨ ਦੇ ਬਰਾਬਰ ਹੁੰਦੇ ਹਨ ਜਿਸ ਕਾਰਨ ਚੰਦ ਦੀ ਸਤ੍ਹਾ 'ਤੇ ਤਾਪਮਾਨ ਤੇਜ਼ੀ ਨਾਲ ਬਦਲਦਾ ਹੈ।

- ਮਨਿੰਦਰ ਕੌਰ

98145-33319

Posted By: Harjinder Sodhi