ਇਤਿਹਾਸ ਦੀ ਸਿੱਖਿਆਰਥੀ ਅਤੇ ਅਧਿਆਪਕ ਹੋਣ ਕਾਰਨ ਮੈਨੂੰ ਜਦੋਂ ਕਦੇ ਵੀ ਘੁੰਮਣ ਫਿਰਨ ਦਾ ਮੌਕਾ ਮਿਲੇ ਤਾਂ ਮੈਂ ਨਹੀਂ ਖੁੰਝਾਉਂਦੀ। ਐੱਮ.ਟੈਕ. ਕਰ ਰਹੇ ਛੋਟੇ ਬੇਟੇ ਨੇ ਹੈਦਰਾਬਾਦ ਵਿਖੇ ਇਕ ਕਾਨਫਰੰਸ ਵਿਚ ਪੇਪਰ ਪੜ੍ਹਨ ਜਾਣਾ ਸੀ। ਆਪਣੀ ਆਦਤ ਮੁਤਾਬਕ ਮੈਂ ਵੀ ਸੋਲ੍ਹਵੀਂ ਸਦੀ ਵਿਚ ਬਣੀ ਇਤਿਹਾਸਕ ਇਮਾਰਤ ਚਾਰ ਮੀਨਾਰ ਨੂੰ ਦੇਖਣ ਦੇ ਮਕਸਦ ਲਈ ਉਸਦੇ ਨਾਲ ਇਸ ਇਤਿਹਾਸਕ ਸ਼ਹਿਰ ਦੀ ਯਾਤਰਾ ਦਾ ਲੁਤਫ਼ ਉਠਾਉਣ ਦੀ ਸੋਚੀ। ਮੈਂ ਉਸ ਨੂੰ ਮੇਰੀ ਵੀ ਟਿਕਟ ਆਪਣੇ ਨਾਲ ਹੀ ਬੁੱਕ ਕਰਵਾਉਣ ਲਈ ਕਹਿ ਦਿੱਤਾ। ਇਸ ਲਈ ਸ਼ਡਿਊਲ ਅਨੁਸਾਰ ਮਾਰਚ ਮਹੀਨੇ ਅਸੀਂ ਰੇਲ ਗੱਡੀ ’ਤੇ ਸਵਾਰ ਹੋ ਕੇ ਲੁਧਿਆਣੇ ਤੋਂ ਦਿੱਲੀ ਅਤੇ ਦਿੱਲੀ ਤੋਂ ਚੱਲ ਕੇ ਇਸ ਲੰਮੇਰੇ ਪੰਧ ਦੇ ਨਜ਼ਾਰੇ ਮਾਣਦੇ ਤੀਜੇ ਦਿਨ ਸ਼ਾਮ ਨੂੰ ਸਿਕੰਦਰਾਬਾਦ ਸਟੇਸ਼ਨ ’ਤੇ ਜਾ ਉੱਤਰੇ। ਹੋਟਲ ਪਹੁੰਚ ਕੇ ਤਿੰਨ ਦਿਨ ਦੇ ਸਫ਼ਰ ਦੀ ਥਕਾਵਟ ਹੋਣ ਕਰਕੇ ਜਲਦੀ ਹੀ ਸੌਂ ਗਏ। ਸਾਡੇ ਲਈ ਪਹਿਲਾਂ ਹੀ ਵੱਡੇ ਬੇਟੇ ਨੇ ਸਿਕੰਦਰਾਬਾਦ ਵਿਖੇ ਇਸਰੋ ਦਾ ਗੈਸਟ ਹਾਊਸ ਬੁੱਕ ਕਰਵਾ ਦਿੱਤਾ ਸੀ।

ਸਿਕੰਦਰਾਬਾਦ ਅਤੇ ਹੈਦਰਾਬਾਦ ਦੋਵੇਂ ਜੁੜਵੇਂ ਸ਼ਹਿਰ ਹਨ। ਬਸ ਹੁਸੈਨ ਸਾਗਰ ਝੀਲ ਨੇ ਹੀ ਇਨ੍ਹਾਂ ਨੂੰ ਅਲੱਗ ਕੀਤਾ ਹੋਇਆ ਹੈ। ਹੈਦਰਾਬਾਦ ਪੁਰਾਣਾ ਅਤੇ ਇਤਿਹਾਸਕ ਸ਼ਹਿਰ ਹੈ। ਮੁਸਲਮਾਨ ਵਸੋਂ ਵੱਧ ਹੈ ਅਤੇ ਤਹਿਜ਼ੀਬ ਵੀ ਉਹੀ ਹੈ ਜਦੋਂਕਿ ਸਿਕੰਦਰਾਬਾਦ ਆਧੁਨਿਕ ਸ਼ਹਿਰ ਹੈ। ਦੋਵੇਂ ਆਬਾਦੀ, ਰਹਿਣ ਸਹਿਣ, ਤੌਰ ਤਰੀਕਿਆਂ ਅਤੇ ਚਾਲ ਢਾਲ ਤੋਂ ਬਿਲਕੁਲ ਅਲੱਗ ਅਲੱਗ ਹਨ।

ਹੈਦਰਾਬਾਦ ਇਕ ਵੱਡਾ ਸ਼ਹਿਰ ਹੈ ਜੋ ਮੂਸੀ ਦਰਿਆ ਕਿਨਾਰੇ ਵਸਿਆ ਹੋਇਆ ਹੈ। ਆਬਾਦੀ ਪੱਖੋਂ ਇਹ ਭਾਰਤ ਦਾ ਚੌਥਾ ਵੱਡਾ ਸ਼ਹਿਰ ਹੈ। 1591 ਵਿਚ ਮੁਹੰਮਦ ਕੁਲੀ ਕੁਤਬ ਸ਼ਾਹ ਨੇ ਇਸ ਸ਼ਹਿਰ ਦੀ ਸਥਾਪਨਾ ਕੀਤੀ। ਇਸ ਹਕੂਮਤ ਅਧੀਨ ਇਸ ਸ਼ਹਿਰ ਨੇ ਮੁਗ਼ਲਾਂ ਅਤੇ ਨਿਜ਼ਾਮਸ਼ਾਹੀ ਵੀ ਆਪਣੇ ਪਿੰਡੇ ’ਤੇ ਹੰਢਾਈ ਹੋਈ ਹੈ। 1948 ਵਿਚ ਇਸ ਰਿਆਸਤ ਨੂੰ ਭਾਰਤ ਵਿਚ ਸ਼ਾਮਲ ਕਰ ਲਿਆ ਗਿਆ। ਫਿਰ 1956 ਈ. ਵਿਚ ਇਸ ਨੂੰ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਬਣਾ ਦਿੱਤਾ ਗਿਆ ਅਤੇ 2014 ਈ. ਵਿਚ ਆਂਧਰਾ ਪ੍ਰਦੇਸ਼ ਨੂੰ ਵੰਡ ਕੇ ਤਿਲੰਗਾਨਾ ਨਵਾਂ ਸੂਬਾ ਬਣਾ ਦਿੱਤਾ ਗਿਆ ਅਤੇ ਹੈਦਰਾਬਾਦ ਹੁਣ ਨਵੇਂ ਬਣੇ ਰਾਜ ਤਿਲੰਗਾਨਾ ਦੀ ਰਾਜਧਾਨੀ ਹੈ। ਆਂਧਰਾ ਪ੍ਰਦੇਸ਼ ਅਮਰਾਵਤੀ ਸ਼ਹਿਰ ਵਿਖੇ ਆਪਣੀ ਰਾਜਧਾਨੀ ਕਾਇਮ ਕਰ ਰਿਹਾ ਹੈ।

ਸਿਕੰਦਰਾਬਾਦ ਬਾਰੇ ਜੋ ਜਾਣਕਾਰੀ ਮਿਲੀ ਉਸ ਅਨੁਸਾਰ ਇਸ ਸ਼ਹਿਰ ਦਾ ਨਾਂ ਆਸਿਫ਼ ਸ਼ਾਹੀ ਖ਼ਾਨਦਾਨ ਦੇ ਤੀਜੇ ਨਿਜ਼ਾਮ ਸਿਕੰਦਰ ਜਾਹ ਦੇ ਨਾਂ ’ਤੇ ਪਿਆ। 1806 ਵਿਚ ਇਸ ਦੀ ਸਥਾਪਨਾ ਅੰਗਰੇਜ਼ੀ ਛਾਉਣੀ ਵਜੋਂ ਹੋਈ। ਇਸ ਸ਼ਹਿਰ ਦਾ ਸਭ ਤੋਂ ਦਿਲਖਿੱਚ ਪੱਖ ਇਸ ਦਾ ਰੇਲਵੇ ਸਟੇਸ਼ਨ ਹੈ ਜੋ ਰੇਲ ਹੱਬ ਹੈ ਅਤੇ ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ। ਰੇਲਵੇ ਸਟੇਸ਼ਨ ਦੇ ਦਸ ਪਲੇਟਫਾਰਮ ਹਨ ਅਤੇ ਭੀੜ ਇੰਨੀ ਜਿਵੇਂ ਸਾਰਾ ਦੇਸ਼ ਇੱਥੇ ਘੁੰਮ ਰਿਹਾ ਹੋਵੇ। ਅੰਗਰੇਜ਼ੀ ਰਾਜ ਵੇਲੇ 1874 ਈ. ਵਿਚ ਹੈਦਰਾਬਾਦ ਦੇ ਨਿਜ਼ਾਮ ਨੇ ਇਸ ਨੂੰ ਬਣਾਇਆ। ਇਸ ਦੀ ਸ਼ਕਲ ਇਕ ਕਿਲ੍ਹੇ ਵਰਗੀ ਹੈ ਅਤੇ ਸੈਲਾਨੀਆਂ ਲਈ ਸਭ ਤੋਂ ਢੁਕਵੀਂ, ਦਿਲਚਸਪ ਅਤੇ ਆਕਰਸ਼ਕ ਜਗ੍ਹਾ ਹੈ। ਇਸ ਦੀ ਵਿਸ਼ਾਲਤਾ, ਸਾਂਭ ਸੰਭਾਲ ਅਤੇ ਸਫ਼ਾਈ ਦੇਖ ਕੇ ਇਨਸਾਨ ਹੈਰਾਨ ਹੋ ਜਾਂਦਾ ਹੈ।

ਸਰਕਾਰੀ ਪੈਮਾਨੇ ਮੁਤਾਬਕ ਹੈਦਰਾਬਾਦ ਅਤੇ ਸਿਕੰਦਰਾਬਾਦ ਸ਼ਹਿਰਾਂ ਵਿਚ ਅੱਠ ਕਿਲੋਮੀਟਰ ਦੀ ਦੂਰੀ ਹੈ ਪਰ ਉਂਜ ਇਹ ਜੁੜਵੇਂ ਹੀ ਹਨ। ਇਨ੍ਹਾਂ ਵਿਚਾਲਿਉਂ ਲੰਘਦੀ ਹੁਸੈਨ ਸਾਗਰ ਝੀਲ ਹੀ ਇਨ੍ਹਾਂ ਨੂੰ ਅੱਡ ਕਰਦੀ ਹੈ। ਸਿਕੰਦਰਾਬਾਦ ਹੈਦਰਾਬਾਦ ਦਾ ਹੀ ਹਿੱਸਾ ਹੈ ਅਤੇ ਦੋਵੇਂ ਇਕ ਹੀ ਮਿਉਂਸਪਲ ਇਕਾਈ ‘ਗਰੇਟਰ ਹੈਦਰਾਬਾਦ ਮਿਊੁਂਸਪਲ ਕਾਰਪੋਰੇਸ਼ਨ’ ਅਧੀਨ ਆਉਂਦੇ ਹਨ।

ਦੂਜੇ ਦਿਨ ਬੇਟਾ ਆਪਣੇ ਸੈਮੀਨਾਰ ਦੇ ਸਬੰਧ ਵਿਚ ਯੂਨੀਵਰਸਿਟੀ ਚਲਿਆ ਗਿਆ ਅਤੇ ਮੈਂ ਬਾਜ਼ਾਰ ਦੀ ਗੇੜੀ ਲਾਉਣ ਲਈ ਅਤੇ ਸ਼ਹਿਰ ਦਾ ਜਾਇਜ਼ਾ ਲੈਣ ਲਈ ਚੱਲ ਪਈ, ਜੋ ਉੱਥੇ ਨੇੜੇ ਹੀ ਸੀ। ਬਾਜ਼ਾਰ ਖੁੱਲ੍ਹਾ ਡੁੱਲ੍ਹਾ ਹੋਣ ਦੇ ਬਾਵਜੂਦ ਭੀੜ ਭੜੱਕਾ ਬਹੁਤ ਸੀ ਪਰ ਸਲੀਕਾ ਸਪੱਸ਼ਟ ਨਜ਼ਰ ਆ ਰਿਹਾ ਸੀ। ਦੁਕਾਨਾਂ ਦੇ ਅੱਗੇ ਕਿਸੇ ਵੀ ਦੁਕਾਨਦਾਰ ਨੇ ਸੜਕ ਮੱਲੀ ਹੋਈ ਨਹੀਂ ਸੀ। ਸਾਰਾ ਸਾਮਾਨ ਦੁਕਾਨਾਂ ਦੇ ਅੰਦਰ ਹੀ ਸਜਾਇਆ ਗਿਆ ਸੀ। ਮੈਂ ਵੀ ਦੋ ਚਾਰ ਚੀਜ਼ਾਂ ਖ਼ਰੀਦ ਲਈਆਂ, ਚਮੜੇ ਦਾ ਇਕ ਪਰਸ, ਬਾਟਾ ਦੇ ਸਲੀਪਰ ਅਤੇ ਇਕ ਸਾਊਥ ਕਾਟਨ ਦਾ ਸੂਟ, ਜੋ ਬੜੇ ਵਧੀਆ ਨਿੱਕਲੇ। ਦੋ ਵਜੇ ਤਕ ਬੇਟਾ ਆਪਣਾ ਕੰਮ ਖ਼ਤਮ ਕਰ ਕੇ ਆਉਂਦਾ ਮੈਨੂੰ ਮਿਲ ਗਿਆ ਅਤੇ ਅਸੀਂ ਲੰਚ ਕਰ ਕੇ ਕੁਝ ਦੇਰ ਆਰਾਮ ਕੀਤਾ। ਸ਼ਾਮ ਨੂੰ ਅਸੀਂ ਬਾਜ਼ਾਰ ਦੇ ਦੂਜੇ ਪਾਸੇ ਦਾ ਨਜ਼ਾਰਾ ਦੇਖਿਆ ਅਤੇ ਇਕ ਹੋਟਲ ਤੋਂ ਚਾਹ ਪੀਤੀ। ਭੋਰਾ ਜਿੰਨੀਆਂ ਗਲਾਸੀਆਂ ਵਿਚ ਮਸਾਂ ਦੋ ਘੁੱਟ ਚਾਹ, ਪਰ ਹੈ ਸੀ ਸੁਆਦ। ਤੁਰਦੇ-ਤੁਰਦੇ ਸਬਜ਼ੀ ਮੰਡੀ ਤਕ ਪਹੁੰਚ ਗਏ, ਅੱਗੇ ਮੱਛੀ ਮਾਰਕੀਟ ਆ ਗਈ।

ਮੱਛੀ ਦੀ ਦੁਰਗੰਧ ਨੇ ਪਿੱਛੇ ਮੁੜਨ ਲਈ ਮਜਬੂਰ ਕਰ ਦਿੱਤਾ। ਮੱਛੀ ਬਾਜ਼ਾਰ ਦਾ ਜ਼ਿਆਦਾ ਧੰਦਾ ਔਰਤਾਂ ਕੋਲ ਹੈ। ਮੱਛੀਆਂ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਸਨ ਜਿਵੇਂ ਆਪਣੇ ਆਲੂ ਗੋਭੀ ਦੇ ਹੁੰਦੇ ਹਨ। ਬਹੁਤ ਸਾਰੇ ਲੋਕ ਇਸ ਕੰਮ ਵਿਚ ਲੱਗੇ ਹੋਏ ਹਨ ਅਤੇ ਉਸ ਤੋਂ ਵੱਧ ਖ਼ਰੀਦਦਾਰੀ ਕਰ ਰਹੇ ਸਨ। ਕਿਸੇ ਨੂੰ ਦੁਰਗੰਧ ਦੀ ਪਰਵਾਹ ਨਹੀਂ ਸੀ ਜਦੋਂਕਿ ਅਸੀਂ ਉੱਥੇ ਖੜ੍ਹ ਵੀ ਨਹੀਂ ਸੀ ਸਕਦੇ। ਔਰਤਾਂ ਬੜੀ ਹੀ ਹੁਸ਼ਿਆਰੀ ਅਤੇ ਨਿਪੁੰਨਤਾ ਨਾਲ ਮੱਛੀ ਕੱਟ ਕੇ ਅਤੇ ਤੋਲ ਕੇ ਦੇ ਰਹੀਆਂ ਸਨ। ਬਾਜ਼ਾਰ ਵਿਚ ਪੈਂਦੀ ਕਾਵਾਂਰੌਲੀ ਸੁਣ ਕੇ ਮੈਨੂੰ ਅਧਿਆਪਕਾਂ ਦਾ ਰੌਲਾ ਪਾਉਂਦੇ ਬੱਚਿਆਂ ਨੂੰ ਝਿੜਕਣਾ, ‘‘ਕਿਵੇਂ ਮੱਛੀ ਬਾਜ਼ਾਰ ਬਣਾ ਛੱਡਿਆ’’, ਯਾਦ ਆ ਗਿਆ। ਅੱਠ ਵੱਜ ਚੁੱਕੇ ਸਨ ਅਤੇ ਅਸੀਂ ਹੋਟਲ ਵਾਪਸ ਆ ਗਏ।

ਅਗਲੇ ਦਿਨ ਅਸੀਂ ਇਤਿਹਾਸਕ ਚਾਰ ਮੀਨਾਰ ਦੇਖਣ ਗਏ ਅਤੇ ਊਬਰ ਬੁੱਕ ਕਰਵਾ ਕੇ ਹੈਦਰਾਬਾਦ ਨੂੰ ਚਾਲੇ ਪਾਏ। ਪਰ ਹੈਦਰਾਬਾਦ ਸ਼ਹਿਰ ਦੇਖਣ ਦਾ ਚਾਅ ਮੱਠਾ ਪੈ ਗਿਆ ਜਦੋਂ ਸ਼ਹਿਰ ਵਿਚ ਦਾਖ਼ਲ ਹੋਏ। ਸਫ਼ਾਈ ਪੱਖੋਂ ਸ਼ਹਿਰ ਦਾ ਬੁਰਾ ਹਾਲ ਸੀ। ਸੜਕਾਂ ’ਤੇ ਥਾਂ-ਥਾਂ ਪਾਨ ਖਾ ਕੇ ਲਾਲ ਜਿਹਾ ਥੁੱਕ ਸੁੱਟਦੇ ਲੋਕ ਦੇਖ ਕੇ ਦਿਲ ਨੂੰ ਕਾਣਤ ਆਉਣ ਲੱਗੀ। ਹਾਲਾਂਕਿ ਪ੍ਰਸ਼ਾਸਨ ਨੇ ਸੜਕਾਂ ਕਿਨਾਰੇ ਕੂੜਾ ਦਾਨ ਵੀ ਰੱਖੇ ਹੋਏ ਸਨ, ਸਫ਼ਾਈ ਕਾਮੇ ਕੰਮ ਵੀ ਕਰ ਰਹੇ ਸਨ ਪਰ ਲੋਕ ਲਾਪਰਵਾਹੀ ਨਾਲ ਸ਼ਹਿਰ ਨੂੰ ਨਰਕ ਦਾ ਨਮੂਨਾ ਬਣਾਉਣ ’ਤੇ ਤੁਲੇ ਹੋਏ ਜਾਪੇ। ਸ਼ਾਕਾਹਾਰੀ ਹੋਣ ਕਰਕੇ ਥਾਂ-ਥਾਂ ਖੁੱਲ੍ਹੀਆਂ ਮੀਟ ਦੀਆਂ ਦੁਕਾਨਾਂ ਵੀ ਮੈਨੂੰ ਆਪਣੀ ਬਰਦਾਸ਼ਤ ਤੋਂ ਬਾਹਰ ਹੀ ਲੱਗੀਆਂ। ਆਖ਼ਰ ਚਾਰ ਮੀਨਾਰ ਪਹੁੰਚ ਗਏ ਅਤੇ ਕਿਤਾਬਾਂ ਵਿਚ ਫੋਟੋ ਵਿਚ ਦੇਖੀ ਇਸ ਇਮਾਰਤ ਨੂੰ ਅੱਖਾਂ ਸਾਹਮਣੇ ਪ੍ਰਕਾਸ਼ਮਾਨ ਦੇਖ ਕੇ ਮਾਯੂਸੀ ਹੀ ਪੱਲੇ ਪਈ। ਕੋਈ ਸਾਂਭ ਸੰਭਾਲ ਨਹੀਂ, ਸਫ਼ਾਈ ਨਹੀਂ, ਮੈਲੇ ਕੁਚੈਲੇ ਕੱਪੜੇ ਪਹਿਨੀ ਦੋ ਤਿੰਨ ਬਜ਼ੁਰਗ ਔਰਤ ਮਰਦ ਛਾਬੇ ਲਾ ਕੇ ਨਿੱਕਾ ਮੋਟਾ ਸਮਾਨ ਵੇਚ ਰਹੇ ਸਨ, ਕੁੱਝ ਫੁੱਲ ਬੂਟੇ ਵੀ ਲਾਏ ਹੋਏ ਹਨ। ਕੁੱਲ ਮਿਲਾ ਕੇ ਇਹ ਇਤਿਹਾਸਕ ਵਿਰਾਸਤ ਪ੍ਰਸ਼ਾਸਨ ਵੱਲੋਂ ਅਣਗੌਲੀ ਦਿਖਾਈ ਦਿੰਦੀ ਹੈ ਹਾਲਾਂਕਿ ਸੈਲਾਨੀਆਂ ਦੀ ਗਿਣਤੀ ਕਾਫ਼ੀ ਸੀ। ਚਾਰ ਪਾਸੇ ਚੜ੍ਹਦੀਆਂ ਪੌੜੀਆਂ ਵਿੱਚੋਂ ਦੋ ਮੁਰੰਮਤ ਅਧੀਨ ਸਨ ਅਤੇ ਚਾਲੂ ਹਾਲਤ ਵਾਲੀਆਂ ਪੌੜੀਆਂ ਦੇ ਸਟੈੱਪ ਅਰਾਮਦਾਇਕ ਨਹੀਂ ਸਨ। ਉੱਪਰ ਜਾ ਕੇ ਇਕ ਖੁੱਲ੍ਹਾ ਇਬਾਦਤ ਹਾਲ ਹੈ। ਸਿਖਰਲੀ ਮੰਜ਼ਿਲ ਤੋਂ ਸਾਰਾ ਸ਼ਹਿਰ ਤੱਕਿਆ ਜਾ ਸਕਦਾ ਹੈ। ਉੱਥੇ ਨੇੜੇ ਹੀ ‘ਮੱਕਾ ਮਸਜਿਦ’ ਨਾਂ ਦੀ ਵਿਸ਼ਾਲ ਮਸਜਿਦ ਹੈ। ਉੱਥੇ ਕਾਲਾ ਲਿਬਾਸ ਪਾਈ ਦੋ ਮਹਿਲਾ ਪੁਲਿਸ ਮੁਲਾਜ਼ਮ ਹਾਜ਼ਰ ਸਨ ਜਿਨ੍ਹਾਂ ਦਾ ਵਤੀਰਾ ਅਜੀਬ ਜਿਹੀ ਕਿਸਮ ਦਾ ਸੀ, ਉਨ੍ਹਾਂ ਨੂੰ ਅੱਧੀ ਬਾਂਹ ਦੇ ਕਮੀਜ਼ ਵੀ ਗਵਾਰਾ ਨਹੀਂ ਸਨ ਜੋ ਹੈਦਰਾਬਾਦ ਦੀ ਗਰਮੀ ਨੂੰ ਮੁੱਖ ਰੱਖ ਕੇ ਪਾਏ ਗਏ ਸਨ। ਵੁਜੂ ਕਰਨ ਲਈ ਵਰਤਿਆ ਜਾਂਦਾ ਪਾਣੀ ਦਾ ਤਲਾਬ ਵੀ ਸਾਫ਼ ਨਹੀਂ ਲੱਗਾ। ਅੰਦਰਲੀ ਜਾਲੀਦਾਰ, ਸੋਹਣੀ ਦਿੱਖ ਵਾਲੀ ਤੇ ਪ੍ਰਭਾਵਸ਼ਾਲੀ ਇਮਾਰਤ ਵਿਚ ਔਰਤਾਂ ਨੂੰ ਜਾਣ ਦੀ ਮਨਾਹੀ ਸੀ। ਬਾਹਰ ਖੁੱਲ੍ਹੀ ਥਾਂ ਵਿਚ ਲੋਕ ਕਬੂਤਰਾਂ ਨੂੰ ਦਾਣੇ ਪਾ ਰਹੇ ਸਨ ਅਤੇ ਪੰਛੀ ਖ਼ੁਸ਼ ਹੋ ਕੇ ਹਵਾ ਵਿਚ ਕਲਾਬਾਜ਼ੀਆਂ ਦਿਖਾ ਰਹੇ ਸਨ ਜੋ ਬੜਾ ਸੁਖਨਮਈ ਸੀ। ਅਸੀਂ ਵੀ ਦਾਣੇ ਖਿਲਾਰ ਕੇ ਮਾਸੂਮ ਪੰਛੀਆਂ ਦਾ ਪਿਆਰ ਹਾਸਲ ਕੀਤਾ।

ਇੱਥੇ ਇਕ ਹੋਰ ਗੱਲ ਦੀ ਵੀ ਪੁਸ਼ਟੀ ਹੋ ਗਈ ਕਿ ਮੁਸਲਮਾਨਾਂ ਵਿਚ ਬਹੁ ਵਿਆਹ ਦੀ ਪ੍ਰਥਾ ਅਜੇ ਵੀ ਕਾਇਮ ਹੈ, ਹੁਣ ਤਕ ਪੜ੍ਹਿਆ ਹੀ ਸੀ ਪਰ ਹੈਦਰਾਬਾਦ ਜਾ ਕੇ ਅੱਖੀਂ ਵੇਖ ਲਿਆ। ਅੱਧਖੜ ਉਮਰ ਅਤੇ ਹੇਠਲੇ ਵਰਗ ਦੇ ਜੋੜਿਆਂ ਵਿਚ ਇਹ ਰੀਤ ਵੱਧ ਪ੍ਰਚਲਿਤ ਹੈ, ਨਵੀਂ ਪੀੜ੍ਹੀ ਸ਼ਾਇਦ ਇਸ ਨੂੰ ਛੱਡ ਰਹੀ ਹੈ। ਬਾਹਰ ਆ ਕੇ ਇਕ ਹੋਟਲ ਤੋਂ ਚਾਹ ਪੀਣ ਦੀ ਕੋਸ਼ਿਸ਼ ਕੀਤੀ ਪਰ ਹੋਟਲ ਵਿਚਲੇ ਹਾਲ ਦੇ ਨਜ਼ਾਰੇ ਨੂੰ ਦੇਖ ਕੇ ਜੀ ਨਾ ਕੀਤਾ, ਬਾਹਰ ਇਕ ਫੜੀ ਵਾਲੇ ਤੋਂ ਕੈਰੀ ਮਤਲਬ ਕੱਚੇ ਅੰਬਾਂ ਦੀ ਚਾਟ ਖਾ ਕੇ ਗੁਜ਼ਾਰਾ ਕੀਤਾ।

ਚਾਰ ਮੀਨਾਰ ਦੇ ਨਾਲ ਹੀ ਲਾਡ ਮਾਰਕੀਟ ਹੈ ਜਿੱਥੇ ਪਰਲਜ਼ ਦਾ ਵਪਾਰ ਵੱਡੀ ਪੱਧਰ ’ਤੇ ਹੁੰਦਾ ਹੈ। ਇੱਥੋਂ ਗਹਿਣੇ, ਸਟੋਨ, ਮੂੰਗੇ ਮਣਕੇ, ਰੁਦ੍ਰਾਕਸ਼ ਦੀਆਂ ਮਾਲਾਵਾਂ, ਰੰਗ ਬਰੰਗੀਆਂ ਵੰਗਾਂ, ਲੈਸਾਂ, ਸਿਲਕ ਦੀਆਂ ਸਾੜ੍ਹੀਆਂ ਅਤੇ ਪੇਂਟਿੰਗਜ਼ ਦੀ ਖ਼ਰੀਦਦਾਰੀ ਕੀਤੀ ਜਾ ਸਕਦੀ ਹੈ। ਹੈਦਰਾਬਾਦ ਬਹੁਤ ਵੱਡਾ ਵਿਉਪਾਰਕ ਕੇਂਦਰ ਹੈ। ਲੋਕਲ ਅਤੇ ਬਾਹਰਲੇ ਕਾਰੀਗਰ ਮਿਲ ਜੁਲ ਕੇ ਇਸ ਨੂੰ ਬੁਲੰਦੀਆਂ ’ਤੇ ਪਹੁੰਚਾ ਰਹੇ ਹਨ। ਸ਼ਹਿਰ ਦਾ ਅਮੀਰ ਸੱਭਿਆਚਾਰ, ਕਰਾਫ਼ਟ, ਸਾਹਿਤ, ਦਵਾਈਆਂ, ਬਾਇਓਟੈਕਨਾਲੋਜੀ ਇਸ ਦੇ ਜਾਹੋ ਜਲਾਲ ਦੀ ਮੂੰਹ ਬੋਲਦੀ ਤਸਵੀਰ ਹਨ। ਇਸ ਦੇ ਬੜੇ ਵੱਡੇ-ਵੱਡੇ ਬਾਜ਼ਾਰ ਹਨ, ਜੇਬ ਭਾਰੀ ਹੋਣੀ ਚਾਹੀਦੀ ਹੈ, ਜੋ ਮਰਜ਼ੀ ਖ਼ਰੀਦ ਲਵੋ ਪਰ ਐਡੇ ਵੱਡੇ ਸ਼ਹਿਰ ਵਿਚ ਮੇਰੇ ਵਰਗੇ ਸ਼ਾਕਾਹਾਰੀ ਇਨਸਾਨ ਨੂੰ ਸਾਰਾ ਦਿਨ ਫਲ ਖਾ ਕੇ ਹੀ ਸਾਰਨਾ ਪਿਆ ਕਿਉਂਕਿ ਮੈਨੂੰ ਇਕ ਵੀ ਹੋਟਲ ਅਜਿਹਾ ਨਜ਼ਰ ਨਹੀਂ ਆਇਆ ਜਿੱਥੇ ਉੱਥੋਂ ਦਾ ਮਸ਼ਹੂਰ ਖਾਣਾ ਬਿਰਿਆਨੀ ਸ਼ਾਕਾਹਾਰੀ ਰੂਪ ਵਿਚ ਮਿਲਦੀ ਹੋਵੇ। ਵੈਸੇ ਇੱਥੋਂ ਦੇ ਪੈਰਾਡਾਈਜ਼ ਹੋਟਲ ਦੀ ਬਿਰਿਆਨੀ ਦੂਰ-ਦੂਰ ਤੱਕ ਮਸ਼ਹੂਰ ਹੈ।

ਅਗਲੇ ਦਿਨ ਅਸੀਂ ‘‘ਸਲਾਰ ਜੰਗ’’ ਮਿਊਜ਼ੀਅਮ ਦੇਖਣ ਗਏ। ਇਹ ਇਕ ਬਹੁਤ ਵੱਡੀ ਪ੍ਰਾਈਵੇਟ ਕੁਲੈਕਸ਼ਨ ਹੈ ਜਿਸ ਵਿਚ ਵਿਚਰਦਿਆਂ ਅੱਧਾ ਦਿਨ ਨਿਕਲ ਜਾਂਦਾ ਹੈ। ਇਸ ਦੀ ਖ਼ਾਸੀਅਤ ਇਹ ਹੈ ਕਿ ਇੱਥੇ ਨਵਾਬਾਂ ਦੇ ਅੰਗਰੇਜ਼ਾਂ ਨਾਲ ਸਬੰਧਾਂ ਨਾਲ ਸਬੰਧਤ ਫੋਟੋਆਂ, ਮਿਲਟਰੀ ਸ਼ਾਨੋਸ਼ੌਕਤ ਅਤੇ ਹੋਰ ਜੰਗੀ ਸਾਜੋਸਮਾਨ ਦੀ ਨੁਮਾਇਸ਼ ਲਾਈ ਹੋਈ ਹੈ। ਉਸ ਸਮੇਂ ਦੀ ਇਕ ਤੋਪ ਵੀ ਇੱਥੇ ਪਈ ਹੈ, ਸਫ਼ਾਈ ਤੇ ਸਾਂਭ ਸੰਭਾਲ ਪੂਰੀ ਹੈ।

ਸ਼ਾਮ ਨੂੰ ਅਸੀਂ ਪ੍ਰਸਿੱਧ ਝੀਲ ਹੁਸੈਨ ਸਾਗਰ ਦੇਖਣ ਗਏ। ਵੈਸੇ ਤਾਂ ਹੈਦਰਾਬਾਦ ਵਿਚ ਉਸਮਾਨ ਸਾਗਰ, ਗੰਡੀਪੇਟ, ਸ਼ਮੀਪੇਟ ਅਤੇ ਰੁਕਨਉਦਦੌਲਾ ਆਦਿ ਕਾਫੀ ਝੀਲਾਂ ਹਨ ਪਰ ਹੁਸੈਨ ਸਾਗਰ ਬੜੀ ਵੱਡੀ ਅਤੇ ਖ਼ੂਬਸੂਰਤ ਝੀਲ ਹੈ। ਇਸ ਦੇ ਵਿਚਕਾਰ ਮਹਾਤਮਾ ਬੁੱਧ ਦੀ ਵਿਸ਼ਾਲ ਮੂਰਤੀ ਹੈ। ਸ਼ਾਮ ਨੂੰ ਝੀਲ ’ਤੇ ਬਹੁਤ ਰੌਣਕ ਹੁੰਦੀ ਹੈ, ਸੈਲਾਨੀਆਂ ਦੇ ਨਾਲ-ਨਾਲ ਹੈਦਰਾਬਾਦੀ ਵੀ ਹੁੰਮ ਹੁਮਾ ਕੇ ਪਹੁੰਚਦੇ ਹਨ। ਇਸ ਵਿਚ ਬੋਟਿੰਗ ਅਤੇ ਪਾਣੀ ਦੀਆਂ ਖੇਡਾਂ ਮੁੱਖ ਆਕਰਸ਼ਣ ਦਾ ਕੇਂਦਰ ਹਨ। ਖਾਣ ਪੀਣ ਲਈ ਚੰਗੇ ਹੋਟਲ ਹਨ। ਇਸ ਦੇ ਨੇੜੇ ਬਹੁਤ ਵੱਡਾ ਐਨ. ਟੀ ਆਰ. ਬਾਗ਼ ਹੈ, ਜਿੱਥੇ ਉੱਚੇ ਲੰਮੇ ਰੁੱਖ, ਫੁੱਲਾਂ ਭਰੇ ਵੇਲ ਬੂਟੇ, ਝਾੜੀਆਂ, ਪਾਣੀ ਦੇ ਫ਼ੁਹਾਰੇ ਅਤੇ ਚਹਿਚਹਾਉਂਦੇ ਪੰਛੀ ਕਿਸੇ ਹੋਰ ਹੀ ਮਨਮੋਹਕ ਦੁਨੀਆ ਦਾ ਨਜ਼ਾਰਾ ਸਿਰਜ ਦਿੰਦੇ ਹਨ। ਨੈਕਲਸ ਰੋਡ ’ਤੇ ਲੁਬਿੰਨੀ ਪਾਰਕ ਮਹਾਤਮਾ ਬੁੱਧ ਦੀ ਯਾਦ ਸਾਂਭੀ ਬੈਠਾ ਹੈ ਜਿੱਥੋਂ ਬੋਟ ਰਾਹੀਂ ਮਹਾਤਮਾ ਬੁੱਧ ਦੀ ਮੂਰਤੀ ਤਕ ਜਾ ਸਕਦੇ ਹੋ। ਸ਼ਾਮ ਹੋ ਚੁੱਕੀ ਸੀ, ਲੋਕਾਂ ਦੇ ਨਾਲ-ਨਾਲ ਅਸੀਂ ਵੀ ਵਾਪਸ ਹੋਟਲ ਆ ਗਏ, ਅਗਲੀ ਸਵੇਰ ਗੱਡੀ ਫੜ ਕੇ ਘਰ ਨੂੰ ਚਾਲੇ ਪਾ ਦਿੱਤੇ।

ਹੈਦਰਾਬਾਦ ਟੂਰਿਜ਼ਮ ਦਾ ਵੀ ਵੱਡਾ ਕੇਂਦਰ ਹੈ। ਯੂਨੈਸਕੋ ਨੇ ਇਸ ਸ਼ਹਿਰ ਨੂੰ ‘ਕਰੀਏਟਿਵ ਸਿਟੀ’ ਦਾ ਦਰਜਾ ਦਿੱਤਾ ਹੈ। ਇੱਥੇ ਗੈਸਟਰੋਨੌਮੀ ਤੈਲਗੂ ਫਿਲਮ ਇੰਡਸਟਰੀ, ਐਨ. ਟੀ.ਆਰ.ਰਾਮੋਜੀ ਫਿਲਮ ਸਿਟੀ, ਇਤਿਹਾਸਕ ਇਮਾਰਤਾਂ, ਮਿਊਜ਼ੀਅਮ ਝੀਲਾਂ, ਗੈਲਰੀਆਂ, ਲਾਇਬ੍ਰੇਰੀਆਂ ਅਨੇਕਾਂ ਧਰੋਹਰਾਂ ਹਨ ਜੋ ਨਵਾਬਾਂ ਦੇ ਇਸ ਸ਼ਹਿਰ ਨੂੰ ਖ਼ੂਬਸੂਰਤੀ ਪ੍ਰਦਾਨ ਕਰਦੀਆਂ ਹਨ। ਇਸ ਇਤਿਹਾਸਕ ਸ਼ਹਿਰ ਦੀ ਯਾਤਰਾ ਨੇ ਮੇਰੇ ਇਸ ਸ਼ਹਿਰ ਬਾਰੇ ਕਿਤਾਬੀ ਗਿਆਨ ਨੂੰ ਅਤੇ ਜਗਿਆਸੂ ਸੁਭਾਅ ਨੂੰ ਖ਼ੂਬ ਤਸੱਲੀ ਮਿਲੀ।

- ਗੁਰਸ਼ਰਨ ਕੌਰ ਮੋਗਾ

Posted By: Harjinder Sodhi