9 ਨਵੰਬਰ 2019 ਨੂੰ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨਾਲ ਸਿਰਫ਼ ਸਿੱਖਾਂ ਵਿਚ ਹੀ ਨਹੀਂ, ਸਗੋਂ ਸਾਰੇ ਗੁਰੂ ਨਾਨਕ ਨਾਮਲੇਵਾ ਜਗਤ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਹੁਣ ਹਰ ਕਿਸੇ ਦੀ ਇੱਛਾ ਹੈ ਕਿ ਜਿਸ ਸਥਾਨ 'ਤੇ ਗੁਰੁ ਨਾਨਕ ਦੇਵ ਜੀ ਨੇ ਆਪਣੇ ਸੰਸਾਰਕ ਜੀਵਨ ਦੇ ਅੰਤਿਮ 18 ਸਾਲ 'ਕਿਰਤ ਕਰੋ, ਨਾਮ ਜਪੋ, ਵੰਡ ਛਕੋ' ਦੇ ਬੁਨਿਆਦੀ ਉਪਦੇਸ਼ ਨੂੰ ਹਲ਼ ਵਾਹ ਕੇ, ਕੀਰਤਨ ਕਰ ਕੇ ਤੇ ਲੰਗਰ ਲਗਾ ਕੇ ਅਮਲੀ ਰੂਪ ਦਿੱਤਾ, ਉੱਥੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋ ਜਾਵੇ।

ਮੁੱਢਲੀ ਤਿਆਰੀ

ਬਠਿੰਡੇ ਵਿਚ ਸਾਡੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੀ 86-ਸਾਲਾ ਅਣਥੱਕ ਪ੍ਰਧਾਨ ਸਤਵੰਤ ਕੌਰ ਦੇ ਉਪਰਾਲੇ ਨਾਲ ਅਸੀਂ 3 ਮਾਰਚ ਨੂੰ ਦਰਸ਼ਨ ਕਰਨ ਲਈ ਜਾਣ ਦਾ ਫ਼ੈਸਲਾ ਕਰ ਲਿਆ। 17 ਫਰਵਰੀ ਨੂੰ 50-55 ਜਣਿਆਂ ਨੇ ਇਕ ਕੰਪਿਊਟਰ ਕੈਫੇ ਤੋਂ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਦਿੱਤੀ। 28 ਫਰਵਰੀ ਨੂੰ ਸਭ ਨੂੰ 3 ਤਰੀਕ ਨੂੰ ਯਾਤਰਾ ਕਰਨ ਦੀ ਪ੍ਰਵਾਨਗੀ ਦੇ ਮੈਸਿਜ ਆ ਗਏ। ਸਭ ਨੇ 'ਇਲੈੱਕਟ੍ਰੋਨਿਕ ਟਰੈਵਲ ਆਥੋਰਾਈਜ਼ੇਸ਼ਨ' ਦਾ ਰੰਗੀਨ ਸਰਟੀਫ਼ਿਕੇਟ ਡਾਊਨਲੋਡ ਕਰਵਾ ਲਿਆ। ਸਾਰੀ ਯਾਤਰਾ ਦੌਰਾਨ ਇਹ ਕਾਗਜ਼ ਹੀ ਪਾਸਪੋਰਟ ਦਾ ਕੰਮ ਦਿੰਦਾ ਹੈ ਤੇ ਦੋਹਾਂ ਦੇਸ਼ਾਂ ਵਿਚ ਇਸੇ ਕਾਗਜ਼ ਉੱਤੇ ਹੀ ਮੋਹਰਾਂ ਲਾਈਆਂ ਜਾਂਦੀਆਂ ਹਨ। ਵਾਪਸੀ ਵੇਲੇ ਇਹ ਲੈ ਲਿਆ ਜਾਂਦਾ ਹੈ। ਅਸਲੀ ਪਾਸਪੋਰਟ ਨਾਲ ਲੈ ਕੇ ਜਾਣਾ ਜ਼ਰੂਰੀ ਹੈ ਪਰ ਉਸ ਉੱਤੇ ਕੁਝ ਨਹੀਂ ਚੜ੍ਹਾਇਆ ਜਾਂਦਾ। ਇਹ ਵਹਿਮ ਬਿਲਕੁਲ ਗ਼ਲਤ ਹੈ ਕਿ ਇੱਥੇ ਦਰਸ਼ਨ ਕਰਨ ਜਾਣ ਨਾਲ ਹੋਰ ਦੇਸ਼ਾਂ ਦਾ ਵੀਜ਼ਾ ਨਹੀਂ ਮਿਲਦਾ। ਇਹ ਵੀ ਗ਼ਲਤ ਹੈ ਕਿ ਲਾਂਘਾ ਸਿਰਫ਼ ਸਿੱਖਾਂ ਲਈ ਖੁਲ੍ਹਿਆ ਹੈ; ਸਾਡੇ ਗਰੁੱਪ ਵਿਚ ਅੱਧੇ ਤੋਂ ਜ਼ਿਆਦਾ ਹਿੰਦੂ ਵੀਰ ਤੇ ਭੈਣਾਂ ਸਨ।

ਚੈੱਕਪੋਸਟ

ਦਸ ਕੁ ਵਜੇ ਸਾਡੀ ਬੱਸ ਆਪਣੇ ਚੈੱਕਪੋਸਟ ਤੇ ਪਹੁੰਚ ਗਈ। ਸੁੰਦਰ ਇਮਾਰਤ ਦੇ ਬਾਹਰ ਲੰਗਰ ਦਾ ਦ੍ਰਿਸ਼ ਅਤੇ ਅੰਦਰ ਘੋੜਸਵਾਰ ਸਿੰਘ ਸੂਰਮਿਆਂ ਦੇ ਬੁੱਤ ਵੇਖ ਕੇ ਮਨ ਖ਼ੁਸ਼ ਹੋ ਗਿਆ। ਸੁਰੱਖਿਆ ਕਾਰਨਾਂ ਕਰਕੇ ਦੋਹਾਂ ਚੈੱਕਪੋਸਟਾਂ 'ਤੇ ਧਿਆਨ ਨਾਲ ਪੜਤਾਲ ਕਰਨੀ ਤਾਂ ਜ਼ਰੂਰੀ ਹੈ ਪਰ ਇਸ ਨਾਲ ਕੋਈ ਪਰੇਸ਼ਾਨੀ ਨਹੀਂ ਆਉਂਦੀ। 7 ਕਿਲੋ ਤੱਕ ਭਾਰ ਨਾਲ ਲੈ ਕੇ ਜਾਣ ਤੇ ਇੰਨਾ ਹੀ ਵਾਪਸ ਲਿਆਉਣ ਦੀ ਇਜਾਜ਼ਤ ਹੈ। ਪਹਿਲਾਂ ਬੈਗ ਪਟੇ 'ਤੇ ਧਰ ਕੇ ਮਸ਼ੀਨ ਹੇਠੋਂ ਲੰਘਾਇਆ ਜਾਂਦਾ ਹੈ। ਉਸ ਵਿਚ ਯਾਤਰੀ ਲੰਗਰ ਲਈ ਦਾਲ਼ਾਂ, ਖੰਡ ਤੇ ਚਾਹ ਪੱਤੀ ਹੀ ਲੈ ਕੇ ਜਾਂਦੇ ਹਨ। ਹੋਰ ਕੁਝ ਨਹੀਂ ਚਾਹੀਦਾ ਹੁੰਦਾ ਕਿਉਂਕਿ ਸ਼ਾਮ ਨੂੰ ਵਾਪਸ ਆਉਣਾ ਲਾਜ਼ਮੀ ਹੈ। ਫਿਰ ਸਾਰੇ ਸਰੀਰ ਉੱਤੇ ਬੱਲਾ ਜੇਹਾ ਘੁਮਾ ਕੇ ਚੈੱਕ ਕੀਤਾ ਜਾਂਦਾ ਹੈ। ਕਾਗਜ਼ ਚੈੱਕ ਕਰਨ ਤੋਂ ਬਾਅਦ ਹਰ ਯਾਤਰੀ ਦੀ ਜੀਭ ਤੇ ਪੋਲੀਓ ਦੀ ਦਵਾਈ ਦੀਆਂ ਦੋ ਬੂੰਦਾਂ ਪਾਈਆਂ ਜਾਂਦੀਆਂ ਹਨ ਕਿਉਂਕਿ ਪਾਕਿਸਤਾਨ ਵਿਚ ਪੋਲੀਓ ਅਜੇ ਖ਼ਤਮ ਨਹੀਂ ਹੋਈ। ਫਿਰ ਯਾਤਰੀ ਪਾਕਿਸਤਾਨ ਵੱਲ ਬਾਹਰ ਨਿਕਲ ਜਾਂਦੇ ਹਨ। ਉੱਥੋਂ ਬੈਟਰੀ ਨਾਲ ਚੱਲਣ ਵਾਲੇ ਛੋਟੇ-ਛੋਟੇ ਵਾਹਨ ਥੋੜ੍ਹੀ ਦੂਰ ਪਾਕਿਸਤਾਨ ਦੀ ਸਰਹੱਦ ਤਕ ਛੱਡ ਆਉਂਦੇ ਹਨ। ਅੱਗੇ ਪਾਕਿਸਤਾਨ ਦੇ ਅਜੇਹੇ ਹੀ ਵਾਹਨ ਪਾਕਿਸਤਾਨ ਦੀ ਚੈੱਕਪੋਸਟ ਤਕ ਲੈ ਜਾਂਦੇ ਹਨ। ਤੁਰਨਾ ਕਿਤੇ ਨਹੀਂ ਪੈਂਦਾ।

ਪਾਕਿਸਤਾਨ ਵਿਚ ਸਭ ਤੋਂ ਪਹਿਲਾਂ 20 ਡਾਲਰ ਜਮ੍ਹਾਂ ਕਰਵਾਉਣ ਲਈ ਚੈੱਕਪੋਸਟ ਦੇ ਬਾਹਰ ਹੀ ਕੁਝ ਕਾਊਂਟਰ ਬਣਾਏ ਹੋਏ ਹਨ। ਨੇੜੇ ਚਾਰ-ਪੰਜ ਕਰਮਚਾਰੀ ਸੜਕ ਕਿਨਾਰੇ ਖੜ੍ਹੇ ਸਨ। ਇਕ ਨੇ ਮਾਈਕ ਵਰਗੀ ਛੋਟੀ ਜੇਹੀ ਮਸ਼ੀਨ ਮੱਥੇ ਤੇ ਫੇਰੀ। ਵਾਪਸੀ ਤੇ ਜਦ ਆਪਣੀ ਚੈੱਕਪੋਸਟ ਤੇ ਵੀ ਇਹ 'ਮੱਥਾ ਟੈਸਟ' ਹੋਇਆ ਤਾਂ ਪਤਾ ਲੱਗਿਆ ਕਿ ਇਹ ਕੋਰੋਨਾ ਵਾਇਰਸ ਦਾ ਟੈਸਟ ਸੀ। ਪਾਕਿਸਤਾਨ ਦੇ ਬੇਫ਼ਿਕਰ ਜਿਹੇ ਕਰਮਚਾਰੀਆਂ ਨਾਲ ਹੱਸਣ-ਖੇਡਣ ਨੂੰ ਜੀਅ ਕਰ ਪਿਆ। ਮੈਂ ਮਖੌਲ ਨਾਲ ਪੁੱਛਿਆ, ''ਮੇਰੀ ਕਿਸਮਤ ਪੜ੍ਹਦੇ ਹੋ?” ਉਸ ਨੇ ਹੱਸ ਕੇ ਉਰਦੂ ਵਿਚ ਕੁਝ ਕਿਹਾ। ਮੈਂ ਹੱਥ ਜੋੜ ਕੇ ਕਿਹਾ, ''ਭਰਾ, ਅਸੀਂ ਤੁਹਾਡੀ ਮਾਖਿਓਂ ਮਿੱਠੀ ਪੰਜਾਬੀ ਸੁਣਨ ਆਏ ਹਾਂ, ਉਰਦੂ ਨਹੀਂ।” ਫਿਰ ਸਾਰੀ ਗੱਲਬਾਤ ਪੰਜਾਬੀ 'ਚ ਸ਼ੁਰੂ ਹੋ ਗਈ। ਸ਼ੁਰੂ ਵਿਚ ਦੋ ਮਾਮੂਲੀ ਜੇਹੇ ਝਟਕੇ ਵੀ ਲੱਗੇ। ਫ਼ੀਸ ਜਮ੍ਹਾਂ ਕਰਨ ਵਾਲਾ ਕਲਰਕ ਮੇਰਾ ਲਿੱਸਾ ਜਿਹਾ 20 ਡਾਲਰ ਦਾ ਅਮਰੀਕਨ ਨੋਟ ਪੁੱਠਾ-ਸਿੱਧਾ ਕਰ ਕੇ ਵੇਖੀ ਜਾਵੇ। ਫਿਰ ਨਾਲ ਵਾਲੇ ਕਲਰਕ ਨੂੰ ਵਿਖਾਇਆ। ਉਸ ਨੇ ਸਹੀ ਕਹਿ ਦਿੱਤਾ। ਨਹੀਂ ਤਾਂ ਉੱਥੇ ਹੋਰ ਡਾਲਰ ਖਰੀਦਣ ਦਾ ਝਮੇਲਾ ਕਰਨਾ ਪੈਣਾ ਸੀ। ਫਿਰ ਮਸ਼ੀਨ ਰਾਹੀਂ ਬੈਗ ਦੀ ਸਕਰੀਨਿੰਗ ਕਰਵਾਉਣੀ ਸੀ। ਮੇਰੇ ਬੈਗ ਵਿਚ ਆਪਣੇ ਖੇਤਾਂ ਦੀ ਸਵਾ ਕਿੱਲੋ ਕਣਕ ਤੇ ਇੰਨਾ ਹੀ ਗੁੜ ਸੀ। ਉਨ੍ਹਾਂ ਨੇ ਟੋਹ ਕੇ ਇਸ ਬਾਰੇ ਪੁੱਛਿਆ। ਮੈਂ ਕਣਕ ਤੇ ਗੁੜ ਬਾਰੇ ਦੱਸ ਕੇ ਕਿਹਾ ਕਿ ਇਨ੍ਹਾਂ ਦਾ ਮੱਥਾ ਟੇਕ ਕੇ ਅਰਦਾਸ ਕਰਨੀ ਹੈ ਕਿ ਸਭ ਨੂੰ ਰੋਟੀ ਮਿਲੇ ਤੇ ਦੋਹਾਂ ਦੇਸ਼ਾਂ ਵਿਚਕਾਰ ਮਿੱਠੇ ਸਬੰਧ ਪੈਦਾ ਹੋਣ। ਉਹ ਮੁਸਕਰਾਏ ਤੇ ਖੋਲ੍ਹ ਕੇ ਵੇਖੇ ਬਿਨਾਂ ਅੱਗੇ ਜਾਣ ਦਾ ਇਸ਼ਾਰਾ ਕਰ ਦਿੱਤਾ। ਉੱਥੇ ਪਾਕਿਸਤਾਨ ਵਾਲੇ ਦਸਾਂ ਉਂਗਲਾਂ ਦੇ ਨਿਸ਼ਾਨ ਤੇ ਫੋਟੋ ਲੈਂਦੇ ਹਨ। ਦੂਜਾ ਝਟਕਾ ਤਦ ਲੱਗਾ ਜਦ ਵਾਰ-ਵਾਰ ਕੋਸ਼ਿਸ਼ ਕਰਨ ਤੇ ਵੀ ਮੇਰੀਆਂ ਉਂਗਲਾਂ ਦੇ ਨਿਸ਼ਾਨ ਨਾ ਆਏ। ਘਬਰਾਹਟ ਹੋ ਗਈ ਕਿ ਕਿਤੇ ਵਾਪਸ ਹੀ ਨਾ ਜਾਣਾ ਪਵੇ; ਪੈਸੇ ਵੀ ਜਮ੍ਹਾਂ ਹੋ ਚੁੱਕੇ ਸਨ। ਆਖ਼ਰ ਉਹ ਆਦਮੀ ਉੱਠ ਕੇ ਗਿਆ ਤੇ ਆਪਣੇ ਅਫਸਰ ਨਾਲ ਸਲਾਹ ਕਰ ਕੇ ਮੈਨੂੰ ਛੋਟ ਦੇ ਦਿੱਤੀ। ਫਿਰ ਸਾਨੂੰ ਲੰਬੇ ਰਿਬਨ ਵਾਲੇ ਗੱਤੇ ਦੇ ਬੈਜ ਦਿੱਤੇ ਗਏ ਜੋ ਸਾਰੀ ਯਾਤਰਾ ਦੌਰਾਨ ਗਲ਼ ਵਿਚ ਪਾ ਕੇ ਰੱਖਣੇ ਸਨ। ਉੱਥੋਂ ਬਾਹਰ ਨਿਕਲ ਕੇ ਅਸੀਂ ਲਾਲ ਰੰਗ ਦੀ ਚੀਨ ਦੀ ਬਣੀ ਵੱਡੀ ਬੱਸ ਵਿਚ ਬੈਠ ਗਏ। ਰਾਵੀ ਦਰਿਆ ਉੱਤੇ ਨਵਾਂ ਬਣਿਆ ਲਗਪਗ ਇਕ ਕਿਲੋਮੀਟਰ ਲੰਬਾ ਪੁਲ਼ ਲੰਘ ਕੇ ਤੇ ਕੁੱਲ ਸਾਢੇ ਕੁ ਚਾਰ ਕਿਲੋਮੀਟਰ ਚੱਲ ਕੇ ਬੱਸ ਦਰਬਾਰ ਸਾਹਿਬ ਪਹੁੰਚੀ। ਯਾਤਰੀਆਂ ਨੇ ਸਭ ਤੋਂ ਪਹਿਲਾਂ ਲੰਗਰ ਦਾ ਸਾਮਾਨ ਜਮ੍ਹਾਂ ਕਰਵਾਇਆ ਤੇ ਫਿਰ ਦਰਸ਼ਨੀ ਡਿਓੜੀ ਵੱਲ ਤੁਰ ਪਏ।

ਕੰਪਲੈਕਸ 'ਤੇ ਪੰਛੀ ਝਾਤ

ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਸਾਰੇ ਕੰਪਲੈਕਸ ਤੇ ਪੰਛੀ-ਝਾਤ ਮਰਵਾਉਣੀ ਤੇ ਕੁਝ ਦਿਸ਼ਾ-ਨਿਰਦੇਸ਼ ਦੇਣੇ ਲਾਭਕਾਰੀ ਹੋਣਗੇ। ਦਰਸ਼ਨੀ ਡਿਉਢੀ ਦੇ ਅੰਦਰ ਜਾਂਦਿਆਂ ਹੀ ਸੱਜੇ ਹੱਥ ਬਹੁਤ ਵੱਡਾ ਜੋੜਾ ਘਰ ਅਤੇ ਗਠੜੀ ਘਰ ਹੈ। ਉਸ ਦੇ ਸਾਹਮਣੇ ਖੱਬੇ ਪਾਸੇ ਦਫ਼ਤਰ ਹੈ ਅਤੇ ਇੱਧਰ ਹੀ ਕੁਝ ਦੂਰ ਤੇ ਸਰੋਵਰ ਹੈ। ਬੀਬੀਆਂ ਲਈ ਹਰ ਪਾਸੇ ਤੋਂ ਉੱਚੀਆਂ ਕੰਧਾਂ ਨਾਲ ਢਕਿਆ ਹੋਇਆ ਹਿੱਸਾ ਹੈ ਅਤੇ ਅੱਗੇ ਆਦਮੀਆਂ ਲਈ ਸਰੋਵਰ ਹੈ ਜੋ ਬਹੁਤਾ ਵੱਡਾ ਨਹੀਂ ਪਰ ਬਿਲਕੁਲ ਸ਼ੀਸ਼ੇ ਵਾਂਗ ਸਾਫ ਪਾਣੀ ਨੀਲੀ ਭਾਅ ਮਾਰਦਾ ਹੈ। ਪੌੜੀਆਂ ਤੇ ਪੱਥਰ ਦੀ ਜਗ੍ਹਾ ਦਾਣੇਦਾਰ ਟਾਈਲਾਂ ਲਾਈਆਂ ਹਨ ਤਾਂ ਕਿ ਪੈਰ ਨਾ ਤਿਲ੍ਹਕੇ। ਉੱਥੇ ਉਸ ਵੇਲੇ ਸਿਰਫ਼ ਇਕ ਪੇਂਡੂ ਬਜ਼ੁਰਗ ਇਸ਼ਨਾਨ ਕਰ ਰਿਹਾ ਸੀ। ਬਾਕੀ ਮੇਰੇ ਵਰਗੇ 'ਪੜ੍ਹੇ ਲਿਖੇ ਸ਼ਰਧਾਲੂ ਪੰਜ-ਇਸ਼ਨਾਨਾ ਕਰ ਕੇ ਅੱਗੇ ਤੁਰ ਗਏ। ਸਰੋਵਰ ਕੋਲ ਫੋਟੋ ਖਿੱਚਣਾ ਤੇ ਵੀਡੀਓ ਬਣਾਉਣਾ ਬਿਲਕੁਲ ਮਨ੍ਹਾਂ ਹੈ। ਟਿਕ ਟੌਕ ਬਣਾਉਣ ਦੀ ਹਰ ਜਗ੍ਹਾ ਸਖ਼ਤ ਮਨਾਹੀ ਹੈ। ਉਸ ਤੋਂ ਬਾਅਦ ਹਰ ਕੋਈ ਮੱਥਾ ਟੇਕਣ ਲਈ ਦਰਬਾਰ ਸਾਹਿਬ ਜਾਂਦਾ ਹੈ ਜੋ ਕਈ ਏਕੜ ਵਿੱਚ ਫੈਲੇ ਵਿਹੜੇ ਦੇ ਵਿਚਕਾਰ ਸਥਿਤ ਹੈ। ਸਾਰੇ ਵਿਹੜੇ ਵਿਚ ਸਿਰੈਮਿਕ ਟਾਈਲਾਂ ਲੱਗੀਆਂ ਹੋਈਆਂ ਹਨ ਜੋ ਮਾਰਚ ਦੇ ਆਰੰਭ ਵਿਚ ਹੀ ਤਪੀਆਂ ਹੋਈਆਂ ਸਨ। ਇਹ ਪਹਿਲੀ ਗਰਮ ਰੁੱਤ ਆਈ ਹੈ; ਜਲਦੀ ਹੀ ਉਹ ਟਾਟ ਜ਼ਰੂਰ ਵਿਛਾ ਦੇਣਗੇ। ਦਰਬਾਰ ਸਾਹਿਬ ਦੇ ਬੂਹੇ ਦੇ ਸਾਹਮਣੇ ਇਕ ਖੂਹ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਵੇਲੇ ਦਾ ਕਿਹਾ ਜਾਂਦਾ ਹੈ। ਸ਼ਰਧਾਲੂ ਉਸ ਉੱਪਰ ਲੱਗੀਆਂ ਟੂਟੀਆਂ 'ਚੋਂ ਜਲ ਲੈ ਕੇ ਆਉਂਦੇ ਹਨ। ਮੁੱਖ ਦੁਆਰ ਦੇ ਬਾਹਰ ਇਕ ਰੁੱਖ ਹੇਠ ਉਹ ਮਜ਼ਾਰ ਹੈ ਜਿੱਥੇ ਗੁਰੂ ਜੀ ਦੇ ਮੁਸਲਮਾਨ ਸ਼ਰਧਾਲੂਆਂ ਨੇ ਉਨ੍ਹਾਂ ਦੇ ਫੁੱਲ ਦਫ਼ਨ ਕੀਤੇ ਸਨ। ਜਿੱਥੇ ਸਿੱਖ ਤੇ ਹਿੰਦੂ ਸ਼ਰਧਾਲੂਆਂ ਨੇ ਫੁੱਲਾਂ ਦਾ ਸਸਕਾਰ ਕੀਤਾ ਸੀ, ਉਸ ਜਗ੍ਹਾ ਉੱਤੇ ਬਣੀ ਹੋਈ ਯਾਦਗਾਰ 1925 ਵਿਚ ਹੀ ਗੁਰਦੁਆਰੇ ਦੀ ਛੱਤ ਹੇਠ ਰੱਖੀ ਗਈ ਸੀ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦੂਜੀ ਮੰਜ਼ਿਲ 'ਤੇ ਹੈ, ਜਿੱਥੇ ਗੋਲ ਪੌੜੀਆਂ ਰਾਹੀਂ ਚੜ੍ਹਿਆ ਜਾਂਦਾ ਹੈ। ਤੀਜੀ ਮੰਜ਼ਿਲ ਤੇ ਗੁਰੂ ਗ੍ਰੰਥ ਸਾਹਿਬ ਦਾ ਅਤਿ ਸੁੰਦਰ ਸੁਖਾਸਨ ਸਥਾਨ ਸੁਸ਼ੋਭਿਤ ਹੈ। ਮੈਂ ਮੱਥਾ ਟੇਕਣ ਲਈ ਕਣਕ ਤੇ ਗੁੜ ਤੋਂ ਇਲਾਵਾ ਮੇਰੀਆਂ ਤਿੰਨ ਕਿਤਾਬਾਂ ਤੇ ਮੇਰੇ ਦੋਸਤ ਡਾ. ਉਪਕਾਰ ਸਾਗਰ ਭਾਰਦਵਾਜ ਦਾ ਜਪੁਜੀ ਸਾਹਿਬ ਦਾ ਹਿੰਦੀ ਕਾਵਿ-ਰੂਪਾਂਤਰਣ ਨਾਲ ਲੈ ਕੇ ਗਿਆ ਸੀ। ਉੱਥੇ ਗੁਰਮੁਖੀ ਤੇ ਦੇਵਨਾਗਰੀ ਲਿੱਪੀਆਂ ਪੜ੍ਹਨ ਵਾਲੇ ਸ਼ਾਇਦ ਵਿਰਲੇ ਹੀ ਹੋਣ ਪਰ ਮੈਂ ਗੁਰੂ ਸਾਹਿਬ ਪ੍ਰਤੀ ਸਾਡੇ ਸ਼ਰਧਾ ਦੇ ਫੁੱਲ ਭੇਂਟ ਕਰ ਆਇਆ। ਯਾਤਰੀਆਂ ਦੇ ਹਰ ਜਥੇ ਤੇ ਸ਼ਰਧਾਲੂ ਨੂੰ ਕੀਰਤਨ ਕਰਨ ਦੀ ਆਗਿਆ ਹੈ। ਸਾਡੇ ਜਥੇ ਵਿੱਚੋਂ ਅਮਰਜੀਤ ਕੌਰ ਖੁਰਮੀ ਨੂੰ ਵੀ ਇਹ ਸੁਭਾਗ ਪ੍ਰਾਪਤ ਹੋਇਆ।

ਮੱਥਾ ਟੇਕਣ ਤੋਂ ਬਾਅਦ ਮੈਂ ਇਕੱਲਾ ਹੀ ਇਕ ਪਾਸੇ ਤੁਰ ਗਿਆ। ਸਾਰਾ ਕੰਮ ਬਹੁਤ ਵਧੀਆ ਸਾਮਾਨ ਲਗਾ ਕੇ ਕੀਤਾ ਗਿਆ ਹੈ। ਦਰਵਾਜ਼ਿਆਂ 'ਤੇ ਲੱਗੀ ਲੱਕੜ ਇੰਨੀ ਮੋਟੀ ਤੇ ਭਾਰੀ ਹੈ ਕਿ ਉਹ ਸਿਰਫ਼ ਪੱਕੀ ਟਾਹਲੀ ਜਾਂ ਵਿਦੇਸ਼ੀ ਸਾਗਵਾਨ ਹੀ ਹੋ ਸਕਦੀ ਹੈ। ਪੂਰਬ ਵਾਲੇ ਵਰਾਂਡੇ ਦੇ ਦੋਹਾਂ ਕੋਨਿਆਂ 'ਤੇ ਵੱਡੇ ਬਾਥਰੂਮ ਹਨ। ਪੂਰਬੀ ਬਾਹੀ ਤੇ ਬਹੁਤ ਵੱਡਾ ਦਿਵਾਨ ਹਾਲ, ਮਹਿਮਾਨਖਾਨਾ ਅਤੇ ਹੋਰ ਇਮਾਰਤਾਂ ਹਨ। ਉੁੱਤਰ ਵਾਲੀ ਬਾਹੀ ਤੇ ਇਕ ਹਾਲ ਹੈ ਜਿਸ ਵਿਚ ਸਿੱਖ ਧਾਰਮਿਕ ਚਿੰਨ੍ਹਾਂ, ਗੁਰੂ ਸਾਹਿਬਾਨ ਅਤੇ ਹੋਰ ਧਾਰਮਿਕ ਸ਼ਖਸੀਅਤਾਂ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਦਲੀਪ ਸਿੰਘ ਆਦਿ ਦੇ ਬਹੁਤ ਹੀ ਕਲਾਤਮਕ ਚਿੱਤਰ ਲੱਗੇ ਹੋਏ ਹਨ। ਇਕ ਧਾਰਮਿਕ ਵਿਚਾਰ ਵਟਾਂਦਰਾ ਰੂਮ ਵੀ ਬਣਿਆ ਹੋਇਆ ਹੈ। ਦੋਹਾਂ ਪਾਸਿਆਂ ਦੇ ਵਰਾਂਡਿਆਂ ਦੇ ਪਿਛਲੇ ਪਾਸੇ ਸਰਾਵਾਂ ਦੇ ਬੋਰਡ ਲੱਗੇ ਹੋਏ ਹਨ ਪਰ ਅਜੇ ਕਿਸੇ ਨੂੰ ਉੱਥੇ ਰਾਤ ਰਹਿਣ ਦੀ ਇਜਾਜ਼ਤ ਨਹੀਂ।

ਇਸ ਦੇ ਪਿੱਛੇ ਬਹੁਤ ਵੱਡਾ ਲੰਗਰ ਹਾਲ ਹੈ। ਇੱਥੇ ਸਥਾਨਕ ਬੀਬੀਆਂ ਰੁਮਾਲੀ ਰੋਟੀਆਂ ਵਰਗੇ ਵੱਡੇ, ਪਤਲੇ ਤੇ ਨਰਮ ਪ੍ਰਸ਼ਾਦੇ ਤੇ ਸਵਾਦੀ ਦਾਲ ਤਿਆਰ ਕਰਦੀਆਂ ਹਨ। ਸੇਵਾਦਾਰ ਸਭ ਧਰਮਾਂ ਦੇ ਨੌਜਵਾਨ ਹੁੰਦੇ ਹਨ। ਬਹੁਤ ਸਾਰੇ ਮੁਸਲਮਾਨ ਲੜਕੇ ਲੜਕੀਆਂ ਵੀ ਸਿਰ ਢਕ ਕੇ, ਪੰਗਤ 'ਚ ਬੈਠ ਕੇ ਲੰਗਰ ਛਕਦੇ ਹਨ। ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੀ ਇਸ ਤਰ੍ਹਾਂ ਸੱਚੀ-ਸੁੱਚੀ ਪਾਲਣਾ ਵੇਖ ਕੇ ਰੂਹ ਖ਼ੁਸ਼ ਹੋ ਜਾਂਦੀ ਹੈ। ਲੰਗਰ ਹਾਲ ਦੇ ਪਿੱਛੇ ਯਾਤਰੀਆਂ ਵਾਸਤੇ 15-20 ਲੱਕੜ ਦੇ ਖੋਖਿਆਂ ਨੂੰ ਦੁਕਾਨਾਂ ਦਾ ਰੂਪ ਦਿੱਤਾ ਹੋਇਆ ਹੈ। ਯਾਤਰੀ ਦੱਸਦੇ ਸਨ ਕਿ ਉੱਥੇ ਥੋੜ੍ਹਾ ਬਹੁਤ ਸਾਮਾਨ ਹੀ ਹੈ। ਜ਼ਿਆਦਾ ਯਾਤਰੀ ਡਰਾਈ ਫਰੂਟ ਹੀ ਲਿਆਉਂਦੇ ਹਨ। ਇੱਥੇ ਸਾਬਤ ਅਖ਼ਰੋਟ ਵੇਚਣ ਦੀ ਇਸ ਲਈ ਮਨਾਹੀ ਹੈ ਕਿ ਕੋਈ ਉਨ੍ਹਾਂ ਵਿੱਚ ਨਸ਼ੇ ਵਾਲੀ ਚੀਜ਼ ਲੁਕੋ ਕੇ ਨਾ ਵੇਚ ਦੇਵੇ।

ਪਹਿਲੀ ਵਾਰ ਜਦੋਂ ਮੈਂ 2001 ਵਿਚ ਵਿਸਾਖੀ ਮਨਾਉਣ ਵਾਲੇ ਜਥੇ ਨਾਲ ਨਨਕਾਣਾ ਸਾਹਿਬ, ਪੰਜਾ ਸਾਹਿਬ ਅਤੇ ਡੇਹਰਾ ਸਾਹਿਬ ਦੇ ਦਰਸ਼ਨ ਕਰਨ ਗਿਆ ਸੀ ਤਾਂ ਫ਼ਿਜ਼ਾ ਕੁਝ ਹੋਰ ਸੀ ਅਤੇ ਹੁਣ 2020 'ਚ ਕੁਝ ਹੋਰ। ਉਸ ਸਮੇਂ ਸਾਨੂੰ ਕੈਮਰੇ ਲੈ ਕੇ ਜਾਣ ਦੀ ਇਜਾਜਤ ਨਹੀਂ ਸੀ; ਹੁਣ ਮੋਬਾਈਲ ਉੱਤੇ ਫੋਟੋ ਹੀ ਨਹੀਂ, ਬਿਨਾ ਰੋਕ ਟੋਕ ਵੀਡੀਓ ਵੀ ਬਣਾ ਲਿਆਏ। ਉਸ ਸਮੇਂ ਕੱਟੜਪੁਣੇ ਦੀ ਹਵਾ ਸੀ; ਇਕ ਜਵਾਨ ਲੜਕੇ ਦੇ 'ਅਸ-ਸਲਾਮੂ ਲੇਕਮ' ਦੇ ਜਵਾਬ ਵਿਚ ਮੈਂ ਤਾਂ 'ਵਾ ਲੇਕਮ ਸਲਾਮ' ਕਹਿ ਦਿੱਤਾ ਸੀ ਪਰ ਉਹ ਮੈਨੂੰ ਗੁਰ ਫ਼ਤਹਿ ਬੁਲਾਉਣ ਤੋਂ ਇਹ ਕਹਿ ਕੇ ਸਾਫ਼ ਮੁੱਕਰ ਗਿਆ ਕਿ ਇਹ ਮੇਰੇ ਮਜ਼ਹਬ ਦੇ ਖ਼ਿਲਾਫ਼ ਹੈ। ਹੁਣ ਗੁਰਦੁਆਰੇ ਦੇ ਦਰਸ਼ਨ ਕਰਨ ਆਏ ਲੜਕੇ ਲੜਕੀਆਂ ਆਪਣੇ ਆਪ ਸਤਿ ਸ੍ਰੀ ਅਕਾਲ ਬੁਲਾਉਂਦੇ ਤੇ ਬੇਨਤੀ ਕਰ ਕੇ ਸਾਡੇ ਨਾਲ ਸੈਲਫ਼ੀਆਂ ਖਿੱਚਦੇ ਰਹੇ।

ਇਕ ਬਜ਼ੁਰਗ ਦੇ ਨਾਲ ਆਏ ਉਸ ਦੇ ਛੋਟੇ-ਛੋਟੇ ਪੋਤਿਆਂ ਨੇ ਸਾਡੇ ਨਾਲ ਫੋਟੋ ਖਿੱਚੇ ਤੇ ਸੈਲਫੀਆਂ ਬਣਾਈਆਂ। ਲੜਕੀਆਂ ਵਿਚਕਾਰ ਪੜ੍ਹਾਈ ਤੇ ਖੁੱਲ੍ਹ ਵਧ ਰਹੀ ਜਾਪਦੀ ਹੈ ਕਿਉਂਕਿ ਬਹੁਤ ਸਾਰੀਆਂ ਸਕੂਲ ਵਿਦਿਆਰਥਣਾਂ ਹੱਸਦੀਆਂ ਖੇਡਦੀਆਂ ਤੇ ਸਮਾਰਟ ਫੋਨਾਂ 'ਤੇ ਫੋਟੋ ਖਿੱਚਦੀਆਂ ਵੇਖੀਆਂ ਗਈਆਂ। ਕਾਲਜਾਂ ਦੇ ਜਿਹੜੇ ਵਿਦਿਆਰਥੀਆਂ ਨੇ ਸਾਡੇ ਨਾਲ ਫੋਟੋ ਖਿੱਚੇ ਉਹ ਸਾਰੇ ਹੀ ਸਾਇੰਸ ਦੇ ਵਿਦਿਆਰਥੀ ਸਨ। 200 ਰੁਪਏ ਫੀਸ ਭਰ ਕੇ ਹੋਰਾਂ ਦੇ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਆਉਣਾ ਤੇ ਸ਼ਰਧਾਪੂਰਵਕ ਲੰਗਰ ਛਕਣਾ ਵੀ ਵਧ ਰਹੀ ਸਹਿਣਸ਼ੀਲਤਾ ਦੀ ਨਿਸ਼ਾਨੀ ਹੈ। ਕੋਈ ਵੀ ਕਿਸੇ ਕਿਸਮ ਦੀ ਸਿਆਸਤ ਦੀ ਗੱਲ ਨਹੀਂ ਕਰਦਾ ਤੇ ਮੁਸਕਰਾਉਂਦੇ ਚਿਹਰੇ ਪ੍ਰਗਟ ਕਰਦੇ ਹਨ ਕਿ ਹੁਣ ਉਨ੍ਹਾਂ ਦੇ ਮਨਾਂ ਵਿਚ ਕੋਈ ਕੜਵਾਹਟ ਨਹੀਂ। ਲਗਦਾ ਹੈ ਕਿ ਸਮਾਰਟ ਫੋਨ ਤੇ ਮਿਲਦੇ ਵੀਡੀਓ ਉਨ੍ਹਾਂ ਨੂੰ ਧਾਰਮਿਕ ਕੱਟੜਪੰਥੀਆਂ ਦੇ ਚੁੰਗਲ 'ਚੋਂ ਕੱਢ ਲਿਆਏ ਹਨ।

ਯਾਦ ਆ ਗਿਆ ਭਗਤਾ ਭਾਈ ਵਾਲਾ ਭੂਤਾਂ ਵਾਲਾ ਖੂਹ


ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੀ ਪੁਰਾਣੀ ਸਥਿਤੀ ਮੈਂ ਵੇਖੀ ਨਹੀਂ ਸੀ ਪਰ ਇਸ ਬਾਰੇ ਪੜ੍ਹਿਆ ਸੁਣਿਆ ਕਾਫ਼ੀ ਸੀ। ਸਰਦੂਲਗੜ੍ਹ ਦੇ ਮੇਰੇ ਦੋਸਤ ਡਾ. ਜਲੌਰ ਸਿੰਘ ਨੇ ਦੱਸਿਆ ਸੀ ਕਿ ਅਪ੍ਰੈਲ 2018 'ਚ ਜਦ ਉਹ ਉੱਥੇ ਦਰਸ਼ਨ ਕਰਨ ਗਏ ਸਨ ਤਾਂ ਬੱਸ ਇਕ ਤੰਗ ਜਿਹੀ, ਟੁੱਟੀ-ਭੱਜੀ ਪੇਂਡੂ ਲਿੰਕ ਰੋਡ ਰਾਹੀਂ ਜਾ ਕੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੇਤ ਵਿਚ ਰੁਕੀ ਸੀ। ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਅਗਸਤ 2018 ਵਿਚ ਸਹੁੰ ਚੁੱਕਣ ਤੋਂ ਪਹਿਲਾਂ ਇੱਥੇ ਸਿਰਫ਼ 1925 ਵਿਚ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਦੁਆਰਾ 1,35,600 ਰੁਪਏ ਦੀ ਸੇਵਾ ਨਾਲ ਬਣਵਾਈ ਗਈ ਗੁਰਦੁਆਰਾ ਸਾਹਿਬ ਦੀ ਵਰਤਮਾਨ ਇਮਾਰਤ ਅਤੇ ਦੋ ਕੁ ਕਮਰੇ ਸਨ। 1995 ਤੋਂ 2004 ਤਕ ਇਨ੍ਹਾਂ ਦੀ ਮੁਰੰਮਤ ਕਰਵਾਈ ਗਈ ਸੀ। ਕੋਈ ਚਾਰਦੀਵਾਰੀ ਨਹੀਂ ਸੀ। ਗੁਰਦੁਆਰੇ ਦੇ ਬਿਲਕੁਲ ਨੇੜੇ ਤਕ ਖੇਤੀ ਹੁੰਦੀ ਸੀ ਪਰ ਮੁਸਲਮਾਨ ਕਿਸਾਨ ਗੁਰੂ ਘਰ ਦਾ ਪੂਰਾ ਸਤਿਕਾਰ ਕਰਦੇ ਸਨ। ਹੁਣ ਸਾਡੇ ਸਾਹਮਣੇ ਸਿਰਫ਼ ਨੌਂ-ਦਸ ਮਹੀਨਿਆਂ ਵਿਚ 42 ਏਕੜ ਜ਼ਮੀਨ ਉੱਤੇ ਗੁਰਦੁਆਰੇ ਦੇ ਆਲੇ-ਦੁਆਲੇ ਦੇ ਦੂਰ ਤਕ ਫੈਲੇ ਵਿਹੜੇ ਦੇ ਚਾਰੇ ਪਾਸੇ ਜਾਦੂ ਦੀ ਛੜੀ ਨਾਲ ਉਸਾਰਿਆ ਗਿਆ ਇਕ ਵਿਸ਼ਾਲ ਕੰਪਲੈਕਸ ਖੜ੍ਹਾ ਸੀ ਜਿਸ ਵਿਚ ਹਰ ਪਾਸੇ 300 ਗਜ਼ ਤੋਂ ਵੀ ਵੱਧ ਲੰਬੇ ਸਿੱਖ ਭਵਨ ਕਲਾ ਅਨੁਸਾਰ ਬਣਾਏ ਗਏ ਸੁੰਦਰ ਵਰਾਂਡੇ ਤੇ ਕਈ ਬਹੁਤ ਵੱਡੇ ਹਾਲ ਸਨ। ਸ਼ੀਸ਼ੇ ਵਾਂਗ ਚਮਕਦੇ ਫ਼ਰਸ਼ਾਂ ਉੱਤੇ ਰੇਤ ਦਾ ਇਕ ਕਿਣਕਾ ਵੀ ਨਹੀਂ ਸੀ। ਇਸ ਕ੍ਰਿਸ਼ਮੇ ਨੂੰ ਵੇਖ ਕੇ ਇਕ ਦਮ ਬਠਿੰਡੇ ਜ਼ਿਲ੍ਹੇ ਦਾ ਭਗਤਾ ਭਾਈ ਕਾ ਪਿੰਡ ਯਾਦ ਆ ਗਿਆ ਜਿੱਥੇ ਇਕ 'ਭੂਤਾਂ ਵਾਲਾ ਖੂਹ’ ਹੈ। ਕਹਿੰਦੇ ਹਨ ਕਿ ਬਹੁਤ ਪਹਿਲਾਂ ਉੱਥੇ ਪੀਣ ਵਾਲੇ ਪਾਣੀ ਦੀ ਕਮੀ ਸੀ। ਧਰਤੀ ਹੇਠਲਾ ਪਾਣੀ ਪੀਣਯੋਗ ਸੀ ਪਰ ਪਿੰਡ ਵਿਚ ਧੜੇਬਾਜ਼ੀ ਕਾਰਨ ਕੋਈ ਖੂਹ ਨਹੀਂ ਸੀ ਲੱਗ ਸਕਿਆ। ਕਿਸੇ ਨੇਕ ਆਦਮੀ ਦੇ ਪ੍ਰਭਾਵ ਹੇਠ ਪਿੰਡ ਵਾਲਿਆਂ ਵਿਚ ਏਕਾ ਹੋ ਗਿਆ ਤੇ ਮੋਹ-ਪਿਆਰ ਦੀ ਐਸੀ ਜ਼ਬਰਦਸਤ ਚਿਣਗ ਫੁੱਟੀ ਕਿ ਸਾਰਾ ਪਿੰਡ ਖੂਹ ਪੁੱਟਣ ਵਿਚ ਇਸ ਤਰ੍ਹਾਂ ਜੁਟ ਗਿਆ ਕਿ ਦਿਨ ਚੜ੍ਹਨ ਤਕ ਪਾਣੀ ਕੱਢ ਲਿਆ। ਇਲਾਕੇ ਵਿਚ ਅਫ਼ਵਾਹ ਫੈਲ ਗਈ ਕਿ ਭਗਤੇ ਭੂਤਾਂ ਨੇ ਖੂਹ ਲਾ ਦਿੱਤਾ ਹੈ। ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਅਤੇ ਉੱਥੇ ਇੰਨੇ ਥੋੜੇ ਸਮੇਂ ਵਿਚ ਇੰਨਾ ਹੈਰਾਨੀਜਨਕ ਨਿਰਮਾਣ ਦਾ ਕੰਮ ਮੋਹ ਪਿਆਰ ਦੀ ਕੋਈ ਗ਼ੈਬੀ ਸ਼ਕਤੀ ਹੀ ਕਰਵਾ ਸਕਦੀ ਹੈ।

ਪ੍ਰੋ. ਬਸੰਤ ਸਿੰਘ ਬਰਾੜ

98149-41214

Posted By: Harjinder Sodhi