ਸਰਦੀਆਂ 'ਚ ਜ਼ੁਕਾਮ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਆਮ ਅਲਾਮਤ ਹੈ। 100 ਤੋਂ ਜ਼ਿਆਦਾ ਅਜਿਹੇ ਵਾਇਰਸ ਹਨ, ਜੋ ਇਸ ਦੇ ਲਈ ਜ਼ਿੰਮੇਵਾਰ ਹੋ ਸਕਦੇ ਹਨ ਅਤੇ ਇਹ ਬਹੁਤ ਤੇਜ਼ੀ ਨਾਲ ਫ਼ੈਲਦਾ ਹੈ। ਇਸ ਲਈ ਜ਼ੁਕਾਮ ਫੈਲਾਉਣ ਵਾਲੇ ਵਾਇਰਸ ਦੀ ਲਾਗ ਤੋਂ ਬਚਣਾ ਕਾਫ਼ੀ ਮੁਸ਼ਕਲ ਹੋ ਜਾਂਦਾ ਹੈ। ਸਰੀਰ 'ਚ ਪਹੁੰਚਣ ਤੋਂ ਬਾਅਦ ਇਹ ਵਾਇਰਸ ਗਿਣਤੀ ਵਿਚ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਹੇਠਾਂ ਦਿੱਤੇ ਲੱਛਣ ਦਿਖਾਈ ਦੇਣੇ ਸ਼ੁਰੂ ਹੁੰਦੇ ਹਨ :

- ਗਲੇ 'ਚ ਖਾਰਿਸ਼, ਛਿੱਕਾਂ ਆਉਣਾ ਅਤੇ ਨੱਕ ਵਗਣਾ।

- ਅੱਖਾਂ 'ਚੋਂ ਪਾਣੀ ਨਿਕਲਣਾ।

- ਸਰੀਰ ਦਰਦ ਅਤੇ ਖੰਘ।

- ਸਾਹ ਲੈਣ 'ਚ ਪਰੇਸ਼ਾਨੀ ਤੇ ਹਲਕਾ ਬੁਖ਼ਾਰ ਹੋਣਾ।

ਆਮ ਤੌਰ 'ਤੇ ਜ਼ੁਕਾਮ ਇਕ ਹਫ਼ਤੇ 'ਚ ਠੀਕ ਹੋ ਜਾਂਦਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਇਸ ਵਾਇਰਸ ਦੀ ਉਮਰ 7 ਦਿਨ ਦੀ ਹੁੰਦੀ ਹੈ। ਆਮ ਤੌਰ 'ਤੇ ਇਹ ਕਿਸੇ ਦਵਾਈ ਨਾਲ ਨਹੀਂ ਮਰਦਾ। ਦਵਾਈਆਂ ਸਿਰਫ਼ ਲੱਛਣਾਂ ਨੂੰ ਠੀਕ ਕਰਨ ਲਈ ਦਿੱਤੀਆਂ ਜਾਂਦੀਆਂ ਹਨ। ਇਹ ਕਹਾਵਤ ਆਮ ਹੈ ਕਿ ਜ਼ੁਕਾਮ ਦਵਾਈਆਂ ਖਾਓ ਤਾਂ ਵੀ ਇਕ ਹਫ਼ਤੇ 'ਚ ਠੀਕ ਹੁੰਦਾ ਹੈ ਤੇ ਨਾ ਖਾਓ ਤਾਂ ਵੀ ਇਕ ਹਫ਼ਤੇ 'ਚ ਠੀਕ ਹੁੰਦਾ ਹੈ।

ਬਚਾਅ

ਸਰਦੀ ਜਾਂ ਜ਼ੁਕਾਮ ਹੋਣ 'ਤੇ ਬਿਨਾਂ ਵਜ੍ਹਾ ਮਿਹਨਤ ਤੋਂ ਬਚਣਾ ਚਾਹੀਦਾ ਹੈ। ਰੁਟੀਨ ਦੇ ਕੰਮ ਕਰ ਸਕਦੇ ਹੋ ਪਰ ਇਸ ਦੌਰਾਨ ਧੂੜ ਅਤੇ ਧੂੰਏ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਹਾਲਤ ਵਿਗੜ ਸਕਦੀ ਹੈ। ਤਰਲ ਪਦਾਰਥ ਲੈਣੇ ਚਾਹੀਦੇ ਹਨ, ਵਿਸ਼ੇਸ਼ ਕਰਕੇ ਫਲਾਂ ਦਾ ਜੂਸ ਜ਼ਰੂਰ ਲਵੋ।

ਜ਼ੁਕਾਮ ਕਾਰਨ ਪਾਚਨ-ਤੰਤਰ ਵੀ ਕਮਜ਼ੋਰ ਪੈ ਜਾਂਦਾ ਹੈ। ਇਸ ਲਈ ਹਲਕੇ, ਪਚਣਯੋਗ ਪਦਾਰਥ ਥੋੜ੍ਹੀ-ਥੋੜ੍ਹੀ ਮਾਤਰਾ 'ਚ ਲਵੋ। ਕਫ਼-ਸਿਰਪ ਆਦਿ ਦਵਾਈਆਂ ਨਾਲ ਲੱਛਣਾਂ ਤੋਂ ਰਾਹਤ ਮਿਲ ਸਕਦੀ ਹੈ ਪਰ ਜ਼ੁਕਾਮ ਦਾ ਬਚਾਅ ਜਾਂ ਇਲਾਜ ਨਹੀਂ ਹੁੰਦਾ, ਨਾ ਹੀ ਇਸ ਨਾਲ ਬਿਮਾਰੀ ਠੀਕ ਹੁੰਦੀ ਹੈ।

ਉਪਾਅ

- ਬਿਮਾਰ ਨਾ ਹੋਈਏ, ਇਸ ਲਈ ਕੁਝ ਉਪਾਅ ਜ਼ਰੂਰ ਕੀਤੇ ਜਾ ਸਕਦੇ ਹਨ। ਆਪਣੇ ਭੋਜਨ ਵੱਲ ਧਿਆਨ ਦਿਓ। ਰੋਜ਼ਾਨਾ ਅਜਿਹਾ ਭੋਜਨ ਲਵੋ, ਜਿਸ 'ਚ ਸਾਰੇ ਜ਼ਰੂਰੀ ਪੋਸ਼ਕ ਤੱਤ ਮੌਜੂਦ ਹੋਣ, ਪੂਰੀ ਨੀਂਦ ਲਵੋ ਅਤੇ ਕਸਰਤ ਕਰੋ। ਇਸ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰਥਾ ਵਧੇਗੀ।

- ਬੱਚਿਆਂ ਅਤੇ ਬਜ਼ੁਰਗਾਂ ਨੂੰ ਹੀਟਰ ਅੱਗੇ ਨਹੀਂ ਬੈਠਣਾ ਚਾਹੀਦਾ, ਕਿਉਂਕਿ ਇਸ ਨਾਲ ਚਮੜੀ ਖ਼ੁਸ਼ਕ ਹੋ ਕੇ ਫਟ ਸਕਦੀ ਹੈ। ਚਮੜੀ ਦੀਆਂ ਦਰਾਰਾਂ ਰਾਹੀਂ ਇਨਫੈਕਸ਼ਨ ਸਰੀਰ ਅੰਦਰ ਦਾਖ਼ਲ ਹੋ ਸਕਦੀ ਹੈ।