ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰੋਪੜ ਨਾਲ ਪੁਰਾਣੀ ਸਾਂਝ ਰਹੀ ਹੈ। ਇਤਿਹਾਸ ਅਨੁਸਾਰ ਸਤਲੁਜ ਦਰਿਆ ਰੋਪੜ ਕਿਨਾਰੇ ਹੀ ਪਿੱਪਲ ਦੇ ਰੁੱਖ ਥੱਲੇ 26 ਅਕਤੂਬਰ 1831 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਭਾਰਤ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਨਾਲ ਇਤਿਹਾਸਿਕ ਸ਼ਾਹੀ ਮੁਲਾਕਾਤ ਕੀਤੀ ਸੀ ਤੇ ਦਰਿਆ ਪਾਰ ਵਿਰਾਸਤੀ ਪਹਾੜੀ ਉੱਤੇ ਨਿਸ਼ਾਨ ਏ ਖ਼ਾਲਸਾ ਨਾਮ ਦੀ ਨਿਗਰਾਨ ਚੌਕੀ ਵੀ ਬਣਾਈ ਸੀ ਜਿੱਥੇ ਅੱਠ ਧਾਤੂ ਦੇ ਸਤੰਬ ਸਥਾਪਿਤ ਕੀਤੇ ਸੀ ਪ੍ਰੰਤੁੂ ਪੰਜਾਬ ਸਰਕਾਰ ਦੁਆਰਾ ਇਸਦੀ ਸੰਭਾਲ ਨਾ ਕਰਨ ਕਰਕੇ ਇਹ ਸਤੰਭ ਕਈ ਸਾਲਾਂ ਤੋ ਚੋਰੀ ਹੋ ਚੁੱਕੇ ਹਨ।

ਰੋਪੜ ਵਿੱਚ ਖ਼ਾਲਸਾ ਏ ਸਰਕਾਰ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਯਾਦਗਾਰਾਂ ਨੂੰ ਸਰਕਾਰ ਨੇ ਬੜੀ ਦੇਰੀ ਨਾਲ ਸੰਭਾਲਿਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੀ ਚੌਕੀ ‘ਨਿਸ਼ਾਨ ਏ ਖ਼ਾਲਸਾ’ ਜੋ ਕਿ ਸਤਲੁਜ ਦਰਿਆ ਕਿਨਾਰੇ ਲਗਦੀ ਵਿਰਾਸਤੀ ਪਹਾੜੀ ਉਤੇ ਸਥਾਪਿਤ ਹੈ। ਇਸ ਵਿਰਾਸਤੀ ਪਹਾੜੀ ਦੀ ਸੁੰਦਰਤਾ ਲਈ 19 ਅਕਤੂਬਰ 2001 ਨੂੰ ਸਾਬਕਾ ਕੈਬਨਿਟ ਮੰਤਰੀ ਭਾਰਤ ਸਰਕਾਰ ਤੇ ਪੰਜਾਬ ਹੈਰੀਟੇਜ ਫਾਊਂਡੇਸ਼ਨ ਤੇ ਵਾਤਾਵਰਨ ਸੋਸਾਇਟੀ ਦੇ ਚੇਅਰਮੈਨ ਸੁਖਦੇਵ ਸਿੰਘ ਢੀਂਡਸਾ ਨੇ ਹੈਰੀਟੇਜ ਹਿਲ ਪਾਰਕ ਬਣਾਉਣ ਲਈ ਨੀਂਹ ਪੱਥਰ ਰੱਖਿਆ ਸੀ ਪਰ 20 ਸਾਲ ਬਾਅਦ ਵੀ ਇੱਥੇ ਹੈਰੀਟੇਜ ਹਿਲ ਪਾਰਕ ਨਹੀਂ ਬਣ ਸਕੀ ਹੈ। ਸਤਲੁਜ ਦਰਿਆ ਦੇ ਕਿਨਾਰੇ ਵਿਰਾਸਤੀ ਪਹਾੜੀ ਉਤੇ ‘ਨਿਸ਼ਾਨ ਏ ਖ਼ਾਲਸਾ’ ਦੀ ਸੰਭਾਲ ਹੁਣ ਸਵਰਾਜ ਮਾਜਦਾ ਫੈਕਟਰੀ ਵੱਲੋਂ ਕੀਤੀ ਜਾ ਰਹੀ ਹੈ। ਇਥੇ ਹਰੇਕ ਵਿਅਕਤੀ ਆ ਕੇ ਨਿਸ਼ਾਨ ਏ ਖ਼ਾਲਸਾ ਦੇ ਦੀਦਾਰ ਕਰ ਸਕਦਾ ਹੈ।

ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿਕ ਨਾਲ ਰੋਪੜ ਵਿਚ ਹੋਈ ਸ਼ਾਹੀ ਮੁਲਾਕਾਤ ਸਥਾਨ ਦੀ ਪੰਜਾਬ ਸਰਕਾਰ ਵੱਲੋਂ ਸੰਭਾਲ ਕੀਤੀ ਗਈ ਹੈ ਅਤੇ ਇੱਥੇ 2 ਕਰੋੜ ਦੀ ਲਾਗਤ ਨਾਲ ਮਹਾਰਾਜਾ ਰਣਜੀਤ ਸਿੰਘ ਬਾਗ਼ ਬਣਾਇਆ ਗਿਆ ਹੈ। ਇਸ ਬਾਗ਼ ਵਿਚ ਹੀ ਸ਼ਾਹੀ ਮੁਲਾਕਾਤ ਸਥਾਨ ਕੋਲ ਬਣਾਏ ਪੈਨੋਰਮਾ ਵਿਚ 12 ਸਿੱਖ ਮਿਸਲਾਂ ਦਾ ਇਤਿਹਾਸ ਲਿਖਿਆ ਹੋਇਆ ਹੈ। ਅੱਜ ਕੱਲ੍ਹ ਇਥੇ ਮਹਾਰਾਜਾ ਰਣਜੀਤ ਸਿੰਘ ਬਾਗ਼ ਨੂੰ ਪੰਜਾਬ ਸਰਕਾਰ ਸੰਭਾਲ ਰਹੀ ਹੈ ਪਰ ਇਥੇ ਲਗਾਏ ਗਏ ਫੁਆਰੇ ਨਹੀਂ ਚੱਲ ਰਹੇ ਅਤੇ ਰਾਤ ਨੂੰ ਲਾਈਟ ਦਾ ਵੀ ਪ੍ਰਬੰਧ ਨਹੀਂ ਹੈ। ਇਥੇ ਬਣਾਏ ਗਏ ਜਨਤਕ ਪਖਾਨੇ ਵੀ ਬੰਦ ਕੀਤੇ ਹੋਏ ਹਨ। ਇਥੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਵੀ ਲਗਾਇਆ ਗਿਆ ਸੀ ਪਰ ਸ਼ਰਾਰਤੀ ਅਨਸਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਵਿਚ ਫੜੀ ਤਲਵਾਰ ਨਾਲ ਤੋੜਫੋੜ ਕਰ ਦਿੱਤੀ। ਜਿਸ ਤੋਂ ਬਾਅਦ ਸਰਕਾਰ ਵਲੋਂ ਬੁੱਤ ਦੀ ਸੰਭਾਲ ਨਹੀਂ ਕੀਤੀ ਗਈ। ਇਥੇ ਵੱਡੀ ਗਿਣਤੀ ਵਿਚ ਲੋਕ ਸਵੇਰੇ ਸ਼ਾਮ ਸੈਰ ਕਰਨ ਆਉਦੇ ਹਨ।

ਇਲਾਕਾ ਵਾਸੀ ਬਾਬਾ ਹਰਦੀਪ ਸਿੰਘ ਗੁਰਦੁਆਰਾ ਬਾਬਾ ਸਤਨਾਮ ਜੀ, ਸਮਾਜਸੇਵੀ ਰਣਜੀਤ ਸਿੰਘ ਚੱਕਢੇਰਾ, ਨਿਰਮਲ ਸਿੰਘ ਲੋਦੀਮਾਜਰਾ, ਜੱਥੇਦਾਰ ਭਾਗ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਬਾਗ਼ ਦੀ ਸੰਭਾਲ ਕੀਤੀ ਜਾਵੇ।

- ਸਰਬਜੀਤ ਸਿੰਘ

Posted By: Harjinder Sodhi