ਸਤਲੁਜ ਦਰਿਆ ਦੇ ਖੱਬੇ ਪਾਸੇ ਸਥਿਤ ਰੂਪਨਗਰ ਸ਼ਹਿਰ ਪੁਰਾਤਨ ਤੇ ਇਤਿਹਾਸਕ ਸ਼ਹਿਰ ਹੈ। ਰੂਪਨਗਰ ਦੇ ਕੁਦਰਤੀ, ਦਿਲਕਸ਼ ਤੇ ਮਨਮੋਹਕ ਨਜ਼ਾਰਿਆਂ ਨੂੰ ਤੱਕ ਕੇ ਇੱਥੇ ਆਉਣ ਵਾਲਾ ਹਰ ਸੈਲਾਨੀ ਪ੍ਰਭਾਵਿਤ ਹੁੰਦਾ ਹੈ। 16 ਨਵੰਬਰ 1976 ਨੂੰ ਸੂਬਾ ਸਰਕਾਰ ਨੇ ਇਸ ਦਾ ਨਾਂ ਬਦਲ ਕੇ ਰੋਪੜ ਤੋਂ ਰੂਪਨਗਰ ਰੱਖਿਆ ਸੀ। ਰੂਪਨਗਰ ਜ਼ਿਲ੍ਹੇ ਨੂੰ ਧਾਰਮਿਕ ਸਥਾਨਾਂ ਦਾ ਗੜ੍ਹ ਤੇ ਇਤਿਹਾਸਕ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। 26 ਅਕਤੂਬਰ 1831 ਨੂੰ ਇੱਥੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਵਿਚਕਾਰ ਸ਼ਾਹੀ ਮੁਲਾਕਾਤ ਹੋਈ ਸੀ। ਇਸ ਤੋਂ ਇਲਾਵਾ ਸਤਲੁਜ ਦਰਿਆ ਕਿਨਾਰੇ ਵਿਰਾਸਤੀ ਪਹਾੜੀ 'ਤੇ ਨਿਸ਼ਾਨ-ਏ-ਖ਼ਾਲਸਾ ਨਾਮੀ ਨਿਗਰਾਨ ਚੌਕੀ ਵੀ ਬਣਾਈ ਸੀ ਅਤੇ ਮੋਰਚਾਬੰਦੀ ਹਿੱਤ ਅਸ਼ਟਧਾਤੂ ਤੇ ਸਤੰਭ ਸਥਾਪਤ ਕੀਤੇ ਗਏ ਹਨ। ਇਹ ਹੁਣ ਅਣਦੇਖੀ ਕਾਰਨ ਗਾਇਬ ਹੋ ਚੁੱਕੇ ਹਨ। ਸਤਲੁਜ ਦਰਿਆ ਕਿਨਾਰੇ ਹੀ ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਚ ਸਿੱਖ ਇਤਿਹਾਸ ਨੂੰ ਦਰਸਾਉਂਦਾ ਪੈਨੋਰਮਾ ਬਣਾਇਆ ਗਿਆ ਹੈ। ਇਸ ਸ਼ਹਿਰ ਦੀ ਪੁਰਾਤਨਤਾ ਦਾ ਪਤਾ ਇੱਥੇ ਹੋਈ ਖੁਦਾਈ ਕਰਨ 'ਤੇ ਹੜੱਪਾ ਤੇ ਮੋਹਿੰਜੋਦੜੋ ਦੀ ਸੱਭਿਅਤਾ ਨਾਲ ਸਬੰਧਤ ਸਿੱਕੇ ਮਿਲਣ ਤੋਂ ਲੱਗਦਾ ਹੈ। ਰੂਪਨਗਰ ਕਿਸੀ ਸਮੇਂ ਰੋਪੜੀ ਤਾਲੇ ਬਣਾਉਣ ਕਰਕੇ ਮਸ਼ਹੂਰ ਸੀ। ਸਰਕਾਰੀ ਕਾਗਜ਼ਾਂ ਵਿਚ ਰੂਪਨਗਰ ਸ਼ਹਿਰ ਅੰਕਿਤ ਹੋਣ ਤੋਂ ਬਾਦ ਵੀ ਸ਼ਹਿਰ ਦੀ ਪਛਾਣ ਰੋਪੜ ਕਰਕੇ ਹੀ ਹੈ।

ਇਤਿਹਾਸ ਅਨੁਸਾਰ ਇੱਥੇ ਇਕ ਰਾਜਾ ਰੁਕੇਸ਼ਵਰ ਰਾਜ ਕਰਿਆ ਕਰਦਾ ਸੀ, ਜਿਸ ਨੇ ਇਸ ਨਗਰ ਦੀ ਬੁਨਿਆਦ ਰੱਖੀ ਅਤੇ ਆਪਣੇ ਪੁੱਤਰ ਰੂਪਸੈਨ ਦੇ ਨਾਂ 'ਤੇ ਇਸਦਾ ਨਾਂ ਰੂਪਨਗਰ ਰੱਖਿਆ ਸੀ। ਰਾਜਾ ਰੁਕੇਸ਼ਵਰ ਨੂੰ ਮੁਲਤਾਨ ਦੇ ਬਾਦਸ਼ਾਹ ਖ਼ਾਲਿਦ (ਖ਼ਲੀਲ) ਨੇ ਹਰਾਇਆ ਸੀ ਅਤੇ ਰੁਕੇਸ਼ਵਰ ਨੇ ਇਸਲਾਮ ਧਰਮ ਧਾਰ ਲਿਆ ਸੀ। ਇਸ ਤੋਂ ਬਾਦ ਇੱਥੇ ਇਸਲਾਮੀ ਰਾਜ ਸਥਾਪਤ ਹੋ ਗਿਆ ਸੀ। ਦੇਸ਼ ਦੀ ਵੰਡ ਸਮੇਂ ਰੋਪੜ ਸ਼ਹਿਰ ਅੰਬਾਲਾ ਜ਼ਿਲ੍ਹੇ ਦੀ ਇਕ ਤਹਿਸੀਲ ਸੀ ਅਤੇ ਨਵੰਬਰ 1966 ਵਿਚ ਰੋਪੜ ਸ਼ਹਿਰ ਨੂੰ ਜ਼ਿਲ੍ਹੇ ਦਾ ਹੈੱਡਕੁਆਰਟਰ ਬਣਾ ਦਿੱਤਾ ਗਿਆ। ਪੰਜਾਬ ਵਿਚ ਸਭ ਤੋਂ ਪਹਿਲਾਂ ਇੱਥੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਬਣਾਇਆ ਸੀ ਅਤੇ 26 ਅਕਤੂਬਰ 1973 ਨੂੰ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ। ਉਨ੍ਹਾਂ ਦੇ ਮੁੱਖ ਮੰਤਰੀ ਹੋਣ ਸਮੇਂ ਪੰਜਾਬ ਸਰਕਾਰ ਨੇ 16 ਨਵੰਬਰ 1976 ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਰੋਪੜ ਸ਼ਹਿਰ ਦਾ ਨਾਂ ਰੂਪਨਗਰ ਰੱਖ ਦਿੱਤਾ ਸੀ। 2006 ਦੇ ਅਪ੍ਰੈਲ ਮਹੀਨੇ ਵਿਚ ਰੂਪਨਗਰ ਜ਼ਿਲ੍ਹੇ ਵਿੱਚੋਂ ਮੋਹਾਲੀ ਨੂੰ ਕੱਟਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਨਵਾਂ ਜ਼ਿਲ੍ਹਾ ਬਣਾ ਦਿੱਤਾ ਸੀ। ਪੰਜਾਬ ਦੀ ਸੱਤਵੀਂ ਪੁਲਿਸ ਰੇਂਜ ਸਤੰਬਰ 2010 ਵਿਚ ਪੰਜਾਬ ਸਰਕਾਰ ਨੇ ਬਣਾਈ ਸੀ। ਰੂਪਨਗਰ ਨੂੰ ਪੰਜਾਬ ਦੀ ਪੰਜਵੀ ਡਿਵੀਜ਼ਨ ਵੀ ਬਣਾਇਆ ਗਿਆ ਹੈ। ਰੂਪਨਗਰ ਜ਼ਿਲ੍ਹੇ ਦੀ ਅਲੱਗ ਪਛਾਣ ਘਨੌਲੀ ਕੋਲ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਕਰਕੇ ਵੀ ਹੈ। ਇੱਥੇ ਹੀ ਅੰਬੁਜਾ ਸੀਮੈਂਟ ਫੈਕਟਰੀ ਹੈ ਜੋ ਕਿ ਪਿੰਡ ਦਬੁਰਜੀ ਕੋਲ ਸਥਿਤ ਹੈ। ਜ਼ਿਲ੍ਹੇ ਦੇ ਸ਼ਹਿਰ ਨੰਗਲ ਵਿਖੇ ਭਾਖੜਾ ਡੈਮ ਨੰਗਲ ਤੇ ਐੱਨਅੱੈਫਐੱਲ ਫੈਕਟਰੀ ਵੀ ਭਾਰਤ ਵਿਚ ਵਿਸ਼ੇਸ਼ ਮਹੱਤਵ ਰੱਖਦੀ ਹੈ। ਇੱਥੇ ਜ਼ਿਲ੍ਹਾ ਪੱਧਰ 'ਤੇ ਨਹਿਰੂ ਸਟੇਡੀਅਮ ਰੂਪਨਗਰ ਵਿਚ ਬਣਿਆ ਹੋਇਆ ਹੈ।

ਰੋਪੜ ਜ਼ਿਲ੍ਹੇ ਦੀ ਇਤਿਹਾਸਕ ਮਹੱਤਤਾ

ਖ਼ਾਲਸਾ ਪੰਥ ਦੀ ਸਿਰਜਣਾ ਰੂਪਨਗਰ ਜ਼ਿਲ੍ਹੇ ਵਿਚ ਸੁਸ਼ੋਭਿਤ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਤੋਂ 13 ਅਪ੍ਰੈਲ 1699 ਨੂੰ ਵਿਸਾਖੀ ਵਾਲੇ ਦਿਨ ਹੋਈ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਕੇ ਸਿੰਘ ਸਜਾਇਆ ਸੀ। ਜ਼ਿਲ੍ਹੇ ਦਾ ਸਿੱਖ ਇਤਿਹਾਸ ਵਿਚ ਵੀ ਵਿਸ਼ੇਸ਼ ਮਹੱਤਵ ਹੈ। ਹੋਲਾ ਮੁਹੱਲਾ ਤਿਉਹਾਰ ਮੌਕੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਦੇ ਹਨ। ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ, ਉੱਤਰ ਭਾਰਤ ਦੀ ਪ੍ਰਸਿੱਧ ਦਰਗਾਹ ਬਾਬਾ ਬੁੱਢਣ ਸ਼ਾਹ ਜੀ, ਗੁਰਦੁਆਰਾ ਬਾਬਾ ਗੁਰਦਿੱਤਾ ਜੀ ਤੇ ਦੇਸ਼ ਵਿਦੇਸ਼ਾਂ ਤੋਂ ਸੰਗਤ ਸਿਜਦਾ ਕਰਨ ਆਉਂਦੀਆਂ ਹਨ। ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਹਿਬ ਵਿਖੇ ਸੁਸ਼ੋਭਿਤ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਕੱਚੀ ਗੜੀ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਮੋਰਿੰਡਾ ਸ਼ਹਿਰ ਵਿਚ ਗੁਰਦੁਆਰਾ ਕੋਤਵਾਲੀ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਬੀਬੀ ਮੁਮਤਾਜ ਜੀ ਬੜੀ (ਪੁਰਖਾਲੀ), ਗੁਰਦੁਆਰਾ ਧੰਨ-ਧੰਨ ਬਾਬਾ ਅਮਰ ਨਾਥ ਜੀ ਬਿੰਦਰਖ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸੋਲਖੀਆਂ ਤੋਂ ਇਲਾਵਾ ਰੂਪਨਗਰ ਸ਼ਹਿਰ ਵਿਚ ਸਥਿਤ ਪੁਰਾਤਨ ਸ੍ਰੀ ਲਹਿਰਸ਼ਾਹ ਮੰਦਰ, ਰਾਮਾ ਮੰਦਰ, ਗੁੱਗਾ ਮਾੜੀ, ਡੇਰਾ ਬਾਬਾ ਬੀਰਮ ਦਾਸ ਜੀ ਪ੍ਰਤੀ ਸੰਗਤਾਂ ਵਿਚ ਬੜੀ ਆਸਥਾ ਹੈ। ਰੂਪਨਗਰ ਸ਼ਹਿਰ ਵਿਚ ਹੀ ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਗੁਰਦੁਆਰਾ ਸ੍ਰੀ ਗੁਰੂਗੜ੍ਹ ਸਾਹਿਬ ਸਦਾਵਰਤ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰਦੁਆਰਾ ਟਿੱਬੀ ਸਾਹਿਬ, ਸ੍ਰੀ ਕਲਗੀਧਰ, ਗੁਰਦੁਆਰਾ ਬਾਬਾ ਸਤਨਾਮ ਜੀ ਨੰਗਲ ਚੌਕ ਰੋਪੜ, ਗੁਰਦੁਆਰਾ ਗੁਰੂ ਰਵਿਦਾਸ ਜੀ ਅਤੇ ਸਤਲੁਜ ਦਰਿਆ ਕਿਨਾਰੇ ਸਥਿਤ ਗੁਰਦੁਆਰਾ ਹੈੱਡ ਦਰਬਾਰ ਟਿੱਬੀ ਸਾਹਿਬ (ਪੁਰਾਤਨ ਨਾਂ ਲੱਕੜ ਸਾਹਿਬ) ਦੇ ਦਰਸ਼ਨ ਕਰ ਕੇ ਅਤੇ ਇਸ ਦੇ ਆਸ ਪਾਸ ਦਾ ਹਰਿਆ ਭਰਿਆ ਵਾਤਾਵਰਨ ਦੇਖਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਰੋਪੜ ਸ਼ਹਿਰ ਦੇ ਵਾਰਡ ਨੰਬਰ 14 ਵਿਚ ਗੁਰਦੁਆਰਾ ਸ੍ਰੀ ਸਦਾਵਰਤ ਗੁਰੂਗੜ੍ਹ ਸਾਹਿਬ ਅਤੇ ਵਾਰਡ ਨੰਬਰ 16 ਵਿਚ ਸੁਸ਼ੋਭਿਤ ਹੈ। ਕਸਬਾ ਨੂਰਪੁਰ ਬੇਦੀ ਵਿਖੇ ਪੀਰ ਜਿੰਦਾ ਸ਼ਹੀਦ ਦਾ ਅਸਥਾਨ ਸੁਸ਼ੋਭਿਤ ਹੈ, ਜਿੱਥੇ ਹਰ ਵੀਰਵਾਰ ਵਾਲੇ ਦਿਨ ਹਜ਼ਾਰਾਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ ਅਤੇ ਮੰਨਤਾਂ ਪੂਰੀਆਂ ਹੁੰਦੀਆਂ ਹਨ। ਇੱਥੋਂ ਦਾ ਇਤਿਹਾਸ ਅਲੱਗ ਹੈ, ਇਥੇ ਹੀ ਪੁਲਿਸ ਥਾਣਾ ਹੈ, ਅਤੇ ਥਾਣੇ ਦੇ ਜ਼ਿਆਦਾਤਰ ਮਾਮਲੇ ਹੱਲ ਕਰਨ ਲਈ ਦੋਵੇਂ ਪੱਖਾਂ ਵਲੋਂ ਪੀਰ ਬਾਬਾ ਜ਼ਿੰਦਾ ਸ਼ਹੀਦ ਅਸਥਾਨ 'ਤੇ ਆ ਕੇ ਹੱਲ ਕਰ ਲਏ ਜਾਂਦੇ ਹਨ।


ਅਣਗੌਲੇ ਵਿਰਾਸਤੀ ਤੇ ਇਤਿਹਾਸਕ ਕਿਲ੍ਹੇ

ਰੂਪਨਗਰ ਜ਼ਿਲ੍ਹੇ ਦੇ ਵਿਰਾਸਤੀ ਕਿਲ੍ਹਿਆਂ ਵਿੱਚੋਂ ਜ਼ਿਆਦਾਤਰ ਕਿਲ੍ਹੇ ਢਹਿਢੇਰੀ ਹੋ ਚੁੱਕੇ ਹਨ। ਇਹ ਪੁਰਾਤਨ ਕਿਲ੍ਹੇ ਸਾਡੇ ਇਤਿਹਾਸ ਤੋਂ ਵੀਂ ਵਾਕਿਫ ਕਰਵਾਉਂਦੇ ਹਨ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸ਼ਰਧਾਲੂ ਪਠਾਣ ਨਿਹੰਗ ਖ਼ਾਂ ਨਾਲ ਸਬੰਧਤ ਕਰੀਬ 350 ਸਾਲ ਪੁਰਾਤਨ ਕਿਲ੍ਹਾ ਫ਼ਤਹਿਪੁਰ (ਪੁਰਖਾਲੀ) ਆਪਣੀ ਹੋਂਦ ਹੀ ਗੁਵਾ ਚੁੱਕਿਆ ਹੈ। ਰੋਪੜ ਤੋਂ ਮਾਜਰੀ ਜੱਟਾਂ-ਪੁਰਖਾਲੀ ਮਾਰਗ 'ਤੇ ਪੈਂਦੇ ਪਿੰਡ ਫ਼ਤਹਿਪੁਰ ਦਾ ਨਾਂ ਵੀ ਇਸ ਕਿਲ੍ਹੇ ਦੇ ਨਾਂ ਵਜੋਂ ਰੱਖਿਆ ਗਿਆ ਹੈ। ਪਿੰਡ ਫ਼ਤਹਿਪੁਰ ਤੋਂ ਕਰੀਬ ਇਕ ਕਿਲੋਮੀਟਰ ਅੱਗੇ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਅਣਗੌਲੇ ਇਸ ਕਿਲ੍ਹੇ ਵਾਲੇ ਸਥਾਨ 'ਤੇ ਪਹੁੰਚਣਾ ਕਾਫੀ ਮੁਸ਼ਕਲ ਹੈ। ਇਸੇ ਤਰ੍ਹਾਂ ਰੂਪਨਗਰ ਸ਼ਹਿਰ ਦੇ ਕੋਲ ਪੈਂਦੇ ਪਿੰਡ ਕੋਟਲਾ ਨਿਹੰਗ ਵਿਚ ਸਥਿਤ ਪੁਰਾਤਨ ਕਿਲ੍ਹਾ ਕੋਟਲਾ ਨਿਹੰਗ ਖ਼ਾਂ ਦੀ ਸੰਭਾਲ ਨਾ ਹੋਣ ਕਰਕੇ ਢਹਿਢੇਰੀ ਹੋਣ ਕਿਨਾਰੇ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਇਸ ਪੁਰਾਤਨ ਕਿਲ੍ਹੇ ਦੇ ਮਾਲਕਾਂ ਨਾਲ ਗੱਲਬਾਤ ਕਰ ਕੇ ਇਸ ਨੂੰ ਖ਼ਰੀਦਣ ਦੀ ਗੱਲ ਵੀ ਚੱਲੀ ਸੀ ਪਰ ਅਜੇ ਤਕ ਕਿਲ੍ਹੇ ਦੀ ਕੀਮਤ ਤੈਅ ਨਾ ਹੋਣ ਕਰਕੇ ਸ਼੍ਰੋਮਣੀ ਕਮੇਟੀ ਇਸ ਨੂੰ ਖ਼ਰੀਦ ਨਹੀਂ ਸਕੀ ਹੈ। ਇਹ ਕਿਲ੍ਹਾ ਖੰਡਰ ਦਾ ਰੂਪ ਧਾਰਨ ਕਰ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਨੌਰੰਗ ਖ਼ਾਂ ਤੇ ਨਿਹੰਗ ਖ਼ਾਂ ਦੋਵੇਂ ਪਿਉ-ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਆ ਕੇ ਚੰਗੀ ਨਸਲ ਦੇ ਘੋੜੇ ਲਿਆਕੇ ਵੇਚਦੇ ਸਨ ਤੇ ਧਨ ਪ੍ਰਾਪਤ ਕਰਦੇ ਸਨ। 1947 ਵਿਚ ਦੇਸ਼ ਦੀ ਵੰਡ ਹੋਣ ਦੇ ਨਾਲ-ਨਾਲ ਨਿਹੰਗ ਖ਼ਾਂ ਦਾ ਪਰਿਵਾਰ ਸਭ ਕੁਝ ਛੱਡ ਕੇ ਪਾਕਿਸਤਾਨ ਚਲਿਆ ਗਿਆ ਸੀ। ਸਾਡੀ ਇਹ ਵਿਰਾਸਤ ਸਾਥੋਂ ਵਿਛੜ ਰਹੀ ਹੈ। ਇਸ ਤੋਂ ਇਲਾਵਾ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਣਾਏ ਗਏ ਪੰਜ ਕਿਲ੍ਹਿਆਂ ਵਿੱਚੋਂ ਕਿਲ੍ਹਾ ਅਨੰਦਗੜ੍ਹ ਸਾਹਿਬ ਦਾ ਪ੍ਰਬੰਧ ਕਾਰਸੇਵਾ ਵਲੋਂ ਚੱਲ ਰਿਹਾ ਹੈ। ਅਨੰਦਪੁਰ ਸਾਹਿਬ ਵਿਚ ਹੀ ਕਿਲ੍ਹਾ ਹੋਲਗੜ੍ਹ ਸਾਹਿਬ, ਕਿਲ੍ਹਾ ਤਾਰਾਗੜ੍ਹ ਸਾਹਿਬ, ਕਿਲ੍ਹਾ ਲੋਹਗੜ੍ਹ ਸਾਹਿਬ, ਕਿਲ੍ਹਾ ਫ਼ਤਹਿਗੜ੍ਹ ਸਾਹਿਬ ਸਥਿਤ ਹੈ ਅਤੇ ਹੁਣ ਸ਼੍ਰੋਮਣੀ ਕਮੇਟੀ ਵਲੋਂ ਇਨ੍ਹਾਂ ਕਿਲ੍ਹਿਆਂ ਨੂੰ ਪੁਰਾਤਨ ਦਿੱਖ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰੂਪਨਗਰ ਸ਼ਹਿਰ ਵਿਚ ਜਮਾਲ ਖ਼ਾਨ ਦਾ ਪੁਰਾਤਨ ਮਕਬਰਾ ਹੈ। ਇਹ ਬੇਲਾ ਰੋਡ ਰੂਪਨਗਰ ਦੇ ਕੋਲ ਸਥਿਤ ਹੈ। ਵਕਫ ਬੋਰਡ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਦੀ ਸੰਭਾਲ ਨਾ ਹੋਣ ਕਰਕੇ ਇਹ ਮਕਬਰਾ ਹੁਣ ਖੰਡਰ ਬਣ ਚੁੱਕਿਆ ਹੈ। ਦੱਸਿਆ ਜਾਂਦਾ ਹੈ ਕਿ ਇਸ ਮਕਬਰੇ ਹੇਠ ਸੁਰੰਗ ਹੁੰਦੀ ਸੀ ਜੋ ਕਿ ਬੰਦ ਹੋ ਗਈ ਹੈ।

ਸੈਰ ਸਪਾਟੇ ਵਜੋਂ ਨਹੀਂ ਹੋ ਸਕਿਆ ਵਿਕਸਿਤ

ਕੁਦਰਤ ਦੇ ਹੁਸੀਨ ਪਲਾਂ ਨੂੰ ਮਾਣਨ ਲਈ ਰੂਪਨਗਰ ਦਾ ਆਸਪਾਸ ਦਾ ਇਲਾਕਾ ਕੁਦਰਤੀ ਨਜ਼ਾਰਿਆਂ ਨਾਲ ਭਰਿਆ ਪਿਆ ਹੈ। ਦੂਰ ਦਰਾਜ ਤੋਂ ਆਉਣ ਵਾਲੇ ਸੈਲਾਨੀ ਸਤਲੁਜ ਦਰਿਆ ਕਿਨਾਰੇ ਆ ਕੇ ਸ਼ਾਂਤ ਚਿੱਤ ਹੋ ਜਾਂਦੇ ਹਨ ਅਤੇ ਅਲੱਗ ਤਰ੍ਹਾਂ ਦੀ ਖ਼ੁਸ਼ੀ ਮਹਿਸੂਸ ਕਰਦੇ ਹਨ। ਸਵੇਰੇ ਤੇ ਸ਼ਾਮ ਨੂੰ ਰੂਪਨਗਰ ਵਾਸੀਆਂ ਦੀ ਦਰਿਆ ਕਿਨਾਰੇ ਕਾਫੀ ਭੀੜ ਇਕੱਠੀ ਹੁੰਦੀ ਹੈ ਅਤੇ ਤਰੋ ਤਾਜ਼ੀ ਹਵਾ ਤੇ ਸੁੰਦਰ ਵਾਤਾਵਰਨ ਦਾ ਆਨੰਦ ਲੈਂਦੇ ਹਨ। ਸਤਲੁਜ ਦਰਿਆ ਕਿਨਾਰੇ ਦੇ ਹਿੱਸੇ ਨੂੰ ਅੰਤਰ ਰਾਸ਼ਟਰੀ ਵੈਟਲੈਂਡ ਐਲਾਨਿਆ ਗਿਆ ਹੈ ਪਰ ਸਮੇਂ ਦੇ ਨਾਲ-ਨਾਲ ਅੰਤਰਰਾਸ਼ਟਰੀ ਵੈਟਲੈਂਡ ਦੀ ਸੰਭਾਲ ਨਹੀਂ ਹੋ ਸਕੀ ਹੈ। ਦੇਸ਼ ਵਿਦੇਸ਼ਾਂ ਤੋਂ ਹਰ ਸਾਲ ਅਕਤੂਬਰ ਨਵੰਬਰ ਮਹੀਨੇ ਵਿਚ ਇੱਥੇ ਪਰਵਾਸੀ ਪੰਛੀਆਂ ਦੀਆਂ ਡਾਰਾਂ ਆਉਂਦੀਆਂ ਹਨ। ਅੰਤਰਰਾਸ਼ਟਰੀ ਵੈਟਲੈਂਡ ਨੂੰ ਸੁਧਾਰਨ ਦੀ ਜ਼ਰੂਰਤ ਹੈ। ਦਰਿਆ ਕਿਨਾਰੇ ਪਿੰਕਾਸ਼ੀਆ ਟੂਰਿਜ਼ਮ ਹੋਟਲ ਨੂੰ 2009 'ਚ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਹਟਾ ਦਿੱਤਾ ਗਿਆ ਸੀ ਅਤੇ ਮੁੜ ਕੇ ਇੱਥੇ ਕੋਈ ਨਵਾਂ ਹੋਟਲ ਨਹੀਂ ਬਣ ਸਕਿਆ। ਜ਼ਿਲ੍ਹਾ ਪ੍ਰਸ਼ਾਸਨ ਰੋਪੜ ਵਲੋਂ ਆਪਣੇ ਪੱਧਰ 'ਤੇ ਕੁਝ ਮਹੀਨੇ ਪਹਿਲਾਂ ਹੀ ਕਰੀਬ 20 ਲੱਖ ਰੁਪਏ ਖ਼ਰਚ ਕਰ ਕੇ ਦਰਿਆ ਦੇ ਕਿਨਾਰੇ ਇਕ ਵੱਡਾ ਪਾਰਕ ਜ਼ਰੂਰ ਤਿਆਰ ਕਰਵਾਇਆ ਗਿਆ ਹੈ। ਰੂਪਨਗਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਵਿਧਾਇਕ ਤੇ ਟੂਰਿਜ਼ਮ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ 'ਚ ਆਪਣੀ ਸੇਵਾ ਨਿਭਾ ਰਹੇ ਹਨ, ਪਰ ਉਸ ਵਲੋਂ ਹਾਲੇ ਤਕ ਕੋਈ ਵੱਡਾ ਪ੍ਰਾਜੈਕਟ ਰੋਪੜ ਦੀ ਝੋਲੀ ਨਹੀਂ ਪਿਆ।

ਨਾਲਾਗੜ੍ਹ ਟਿੱੱਬੀ ਰੂਪਨਗਰ ਤੋਂ ਮਿਲੀਆਂ ਦੁਰਲੱਭ ਵਸਤਾਂ

ਪੁਰਾਤਨ ਸ਼ਹਿਰ ਰੂਪਨਗਰ ਵਿਚ ਸਥਿਤ ਨਾਲਾਗੜ ਟਿੱਬੀ ਦੀ ਖੁਦਾਈ ਉਪਰੰਤ ਹੜੱਪਾ ਸੱਭਿਅਤਾ ਦੀਆਂ ਕੱਚੀਆਂ ਇੱਟਾ, ਕੰਕਰ, ਪੱਥਰ ਤੇ ਮਿੱਟੀ ਗਾਰੇ ਨਾਲ ਬਣੀਆਂ ਘਰੇਲੂ ਵਰਤੋਂ ਦੀਆਂ ਵਸਤਾਂ, ਕੰਸ ਦੇ ਬਰਤਨ, ਪਸ਼ੂ ਪੰਛੀਆਂ ਦੀਆਂ ਮੂਰਤੀਆਂ, ਮਣਕੇ ਆਦਿ ਮਿਲੇ ਸਨ। ਇਸ ਤੋਂ ਇਲਾਵਾ ਵੀਣਾ ਵਜਾਉਂਦੀ ਕਲਾਕਾਰ ਦੀ ਮੂਰਤੀ, ਪੁਰਾਤਨ ਬਰਤਨ, ਕੁੰਡਲਦਾਰ (ਰਿੰਗ ਖੂਹ), ਧੂਪਦਾਨ), ਕਾਂਸੀ ਦੀ ਤਸਕਰੀ, ਕੰਸ ਦੀ ਕੁਹਾੜੀ, ਕਾਂਸ਼ੀ ਦਾ ਬਰਤਨ, ਤਾਂਬੇ ਤੇ ਕਾਂਸੀ ਦੇ ਸੰਦ ਆਦਿ ਪੁਰਾਤਨ ਵਸਤਾਂ ਮਿਲੀਆਂ ਸਨ। ਸਾਰੀ ਖੁਦਾਈ ਦਾ ਇਤਿਹਾਸ ਅਤੇ ਪ੍ਰਾਪਤ ਹੋਈਆਂ ਦੁਰਲੱਭ ਵਸਤੂਆਂ ਨੂੰ ਰੂਪਨਗਰ ਦੇ ਸਰਕਾਰੀ ਕਾਲਜ ਦੇ ਸਾਹਮਣੇ ਬਣੇ ਅਜਾਇਬ ਘਰ ਵਿਚ ਸੁਰੱਖਿਅਤ ਸੰਭਾਲਿਆ ਹੋਇਆ ਹੈ। ਅਜਾਇਬ ਘਰ ਵਿਚ ਸੰਭਾਲੀਆਂ ਇਹ ਦੁਰਲੱਭ ਵਸਤੂਆਂ ਸਾਨੂੰ ਰੂਪਨਗਰ ਦੇ ਪੁਰਾਤਨ ਇਤਿਹਾਸ ਤੋਂ ਵਾਕਿਫ ਕਰਵਾਉਂਦੀਆਂ ਹਨ।

ਜ਼ਿਲ੍ਹੇ 'ਚ ਸਿੱਖਿਆ ਦਾ ਪੱਧਰ ਉੱਚਾ ਹੋਇਆ

ਰੂਪਨਗਰ ਜ਼ਿਲ੍ਹਾ ਹੁਣ ਸਿੱਖਿਆ ਦੇ ਖੇਤਰ ਵਿਚ ਹੱਬ ਬਣ ਚੁੱਕਿਆ ਹੈ। ਰੂਪਨਗਰ ਸ਼ਹਿਰ ਵਿਚ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਬਲਦੇਵ ਸਿੰਘ ਦੁੱਮਣਾ ਦੇ ਉਪਰਾਲਿਆਂ ਨਾਲ 1951 ਵਿਚ ਸਰਕਾਰੀ ਕਾਲਜ ਹੋਂਦ ਵਿਚ ਆਇਆ ਸੀ। ਇਸ ਤੋਂ ਇਲਾਵਾ ਭਾਰਤ ਦੀ ਤੀਸਰੀ ਨੈਸ਼ਨਲ ਅਕੈਡਮੀ, ਪੰਜਾਬੀ ਦੀ ਪਹਿਲੀ ਆਈਆਈਟੀ ਰੋਪੜ (ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ), ਆਈਈਟੀ ਭੱਦਲ (ਪਿੰਡ ਭੱਦਲ), ਸਰਕਾਰੀ ਆਈਟੀਆਈ ਅਤੇ ਆਨੰਦਪੁਰ ਸਾਹਿਬ ਵਿਖੇ ਸ੍ਰੀ ਦਸਮੇਸ਼ ਅਕੈਡਮੀ ਵੀ ਦੇਸ਼ ਭਰ 'ਚ ਚਮਕ ਰਹੀ ਹੈ। ਇਸ ਤੋਂ ਇਲਾਵਾ ਅੰਬੁਜਾ ਫਾਉਂਡੇਸ਼ਨ ਵਲੋਂ ਪਿੰਡ ਸਲੋਰਾ ਵਿਚ ਮੰਦਬੁੱਧੀ ਬੱਚਿਆਂ ਲਈ ਸਕੂਲ ਚਲਾਇਆ ਜਾ ਰਿਹਾ ਹੈ। ਰੋਪੜ ਸ਼ਹਿਰ ਵਿਚ ਸ੍ਰੀ ਕਲਗੀਧਰ ਕੰਨਿਆ ਪਾਠਸ਼ਾਲਾ ਰੂਪਨਗਰ, ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਡੀਏਵੀ ਪਬਿਲਕ ਸਕੂਲ, ਗਾਂਧੀ ਮੈਮੋਰੀਅਲ ਸਕੂਲ ਪੁਰਾਣੇ ਸਕੂਲ ਹਨ। ਇਸ ਤੋਂ ਇਲਾਵਾ ਸ਼ਿਵਾਲਿਕ ਪਬਿਲਕ ਸਕੂਲ, ਹੋਲੀ ਫੈਮਿਲੀ ਕਾਨਵੈਂਟ ਸਕੂਲ ਸਿੱਖਿਆ ਦੇ ਖੇਤਰ ਵਿਚ ਰੂਪਨਗਰ ਦਾ ਨਾਂ ਰੋਸ਼ਨ ਕਰ ਰਹੇ ਰਨ।

ਸ਼ਹੀਦਾਂ ਦੀ ਯਾਦ 'ਚ ਥੀਮ ਪਾਰਕ ਪ੍ਰਾਜੈਕਟ 15 ਸਾਲ ਤੋਂ ਅਧੂਰਾ

ਸ੍ਰੀ ਚਮਕੌਰ ਸਾਹਿਬ ਵਿਖੇ ਸਾਲ 2006 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਸ਼ਹੀਦਾਂ ਦੀ ਯਾਦ ਵਿਚ ਥੀਮ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਹ ਪਾਰਕ ਪਿਛਲੇ 15 ਸਾਲਾਂ ਤੋਂ ਲਟਕ ਰਿਹਾ ਹੈ। ਥੀਮ ਪਾਰਕ ਨੂੰ ਲੈ ਕੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ 'ਚ ਰੱਜ ਕੇ ਰਾਜਨੀਤੀ ਵੀ ਹੋਈ ਹੈ ਅਤੇ ਇਸ ਦਾ ਖਮਿਆਜ਼ਾ ਹਰ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਹਲਕੇ ਤੋਂ ਚੋਣਾਂ ਵਿਚ ਹਾਰ ਦੇ ਰੂਪ ਵਜੋਂ ਭੁਗਤਣਾ ਪਿਆ ਹੈ, ਜਦੋਂ ਕਿ ਇਹ ਥੀਮ ਪਾਰਕ ਦਾ ਕੰਮ ਕਾਂਗਰਸ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਸੀ ਅਤੇ ਨੁਕਸਾਨ ਅਕਾਲੀ ਦਲ ਨੂੰ ਹੋਇਆ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸ਼ਹੀਦਾਂ ਦੇ ਨਾਂ 'ਤੇ ਬਣਨ ਵਾਲੇ ਕਰੋੜਾਂ ਰੁਪਏ ਦੇ ਥੀਮ ਪਾਰਕ ਪ੍ਰਾਜੈਕਟ ਨੂੰ ਲੈ ਕੇ ਰਾਜਨੀਤੀ ਹੁੰਦੀ ਰਹੀ ਹੈ।

ਸਿਹਤ ਸਹੂਲਤਾਂ ਪੱਖੋਂ ਪੱਛੜਿਆ

ਰੂਪਨਗਰ ਜ਼ਿਲ੍ਹਾ ਸਿਹਤ ਸਹਲੂਤਾਂ ਪੱਖੋਂ ਬਹੁਤ ਪੱਛੜਿਆ ਹੋਇਆ ਹੈ। ਇਥੇ ਜ਼ਿਲ੍ਹਾ ਸਦਰ ਮੁਕਾਮ 'ਤੇ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੀ ਘਾਟ ਰੜਕਦੀ ਆ ਰਹੀ ਹੈ। ਆਲਮ ਇਹ ਹੈ ਕਿ ਰੋਪੜ ਵਾਸੀਆਂ ਨੂੰ ਦਿਲ ਦੀਆਂ ਬਿਮਾਰੀਆਂ, ਚਮੜੀ ਰੋਗ ਲਈ ਪੀਜੀਆਈ ਚੰਡੀਗੜ੍ਹ ਜਾਣਾ ਪੈਂਦਾ ਹੈ। ਮੈਡੀਕਲ ਮਾਹਿਰਾਂ ਦੀ ਵੀ ਘਾਟ ਹੈ। ਇਸ ਤੋਂ ਇਲਾਵਾ ਅਲਟਰਾਸਾਊਂਡ ਮਸ਼ੀਨ ਦੀ ਸਹੂਲਤ ਤਾਂ ਹੈ ਪਰ ਪੱਕਾ ਡਾਕਟਰ ਤਾਇਨਾਤ ਨਹੀਂ ਹੋ ਸਕਿਆ ਹੈ ਜਿਸ ਕਾਰਨ ਲੋਕਾਂ ਨੂੰ ਨਿੱਜੀ ਸੈਂਟਰਾਂ ਵਿਚ ਜਾਣਾ ਪੈਂਦਾ ਹੈ।

ਰੰਗਕਰਮੀ ਕਰ ਰਹੇ ਵਿਰਸੇ ਦੀ ਸੇਵਾ

ਰੂਪਨਗਰ ਜ਼ਿਲ੍ਹੇ ਵਿਚ ਰੰਗਮੰਚ ਦੇ ਉਭਾਰ ਲਈ ਵੱਖ-ਵੱਖ ਕਲਾਕਾਰ ਮੰਡਲੀਆਂ ਤੇ ਸੰਸਥਾਵਾਂ ਬੜੇ ਉਤਸ਼ਾਹ ਨਾਲ ਕੰਮ ਕਰ ਰਹੀਆਂ ਹਨ। ਜਿਨ੍ਹਾਂ ਵਿੱਚੋਂ ਮੁੱਖ ਤੌਰ 'ਤੇ ਪ੍ਰਫਾਮਰਜ਼ ਐਸੋਸੀਏਸ਼ਨ ਪੰਜਾਬ, ਚੇਤਨਾ ਕਲਾ ਮੰਚ ਚਮਕੌਰ ਸਾਹਿਬ, ਸੱਜਰੀ ਸਵੇਰ ਕਲਾ ਕਲੱਬ, ਅਵੇਅਰਨੱੈਸ ਆਰਟ ਆਰਗੇਨਾਈਜੇਸ਼ਨ ਝੱਲੀਆਂ ਖੁਰਦ, ਜਾਗ੍ਰਤਿ ਕਲਾ ਮੰਚ ਤਖ਼ਤਗੜ੍ਹ, ਜਾਗ੍ਰਤਿ ਕਲਾ ਮੰਚ ਅਨੰਦਪੁਰ ਸਾਹਿਬ ਵਲੋਂ ਨੌਜਵਾਨਾਂ ਨੂੰ ਰੰਗਮੰਚ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਰੋਪੜ ਦਾ ਆਲਮੀ ਪੱਧਰ 'ਤੇ ਨਾਂ ਚਮਕਾਉਣ ਵਾਲੇ ਖਿਡਾਰੀ

ਖੇਡਾਂ ਦੇ ਖੇਤਰ 'ਚ ਰੂਪਨਗਰ ਕੋਲ ਪੈਂਦੇ ਪਿੰਡ ਖੈਰਾਬਾਦ ਦੇ ਨੌਜਵਾਨ ਧਰਮਵੀਰ ਨੇ ਭਾਰਤੀ ਹਾਕੀ ਟੀਮ ਰਾਹੀਂ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਰੂਪਨਗਰ ਦੀ ਹੀ ਕਿਰਨਵੀਰ ਕੌਰ ਬਾਸਕਿਟਬਾਲ ਦੀ ਕੌਮਾਂਤਰੀ ਖਿਡਾਰਨ ਹੈ ਤੇ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਵੀ ਮਿਲ ਚੁੱਕਾ ਹੈ।

ਇਸ ਤੋਂ ਇਲਾਵਾ ਸ਼ੂਟਿੰਗ ਰੇਂਜ ਮੁਕਾਬਲੇ ਰਾਹੀਂ ਰੋਪੜ ਸ਼ਹਿਰ ਦੀ ਖਿਡਾਰੀ ਜੈਸਮੀਨ ਤੇ ਖ਼ੁਸ਼ੀ ਸੈਣੀ ਨੇ ਏਸ਼ੀਅਨ ਚੈਂਪੀਅਨਸ਼ਿਪ 'ਚ ਹਿੱਸਾ ਲੈ ਕੇ ਰੋਪੜ ਦਾ ਨਾਂ ਚਮਕਾ ਦਿੱਤਾ ਹੈ। ਦੋਹਾ ਕਤਰ 'ਚ ਹੋਈ ਏਸ਼ੀਅਨ ਚੈਂਪੀਅਨਸ਼ਿਪ 'ਚ ਜੈਸਮੀਨ ਨੇ ਸੋਨੇ ਦਾ ਮੈਡਲ ਤੇ ਖੁਸ਼ੀ ਸੈਣੀ ਨੇ ਚਾਂਦੀ ਦਾ ਮੈਡਲ ਜਿੱਤਿਆ ਸੀ। ਇਸ ਤੋਂ ਇਲਾਵਾ ਨੂਰਪੁਰ ਬੇਦੀ ਦੇ ਪਿੰਡ ਰਾਏਪੁਰ ਦੀ ਕੌਮਾਂਤਰੀ ਕਬੱਡੀ ਖਿਡਾਰਨ ਹਰਵਿੰਦਰ ਕੌਰ ਨੋਨਾ ਨੇ ਨੇਪਾਲ 'ਚ ਹੋਈਆਂ 13ਵੀਂਆਂ ਸਾਊਥ ਏਸ਼ੀਅਨ ਗੇਮਜ਼ ਕਬੱਡੀ ਮੁਕਾਬਲੇ 'ਚ ਭਾਰਤ ਦੀ ਟੀਮ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਕਬੱਡੀ ਕੱਪ ਜਿੱਤ ਕੇ ਰੋਪੜ ਦਾ ਨਾਂ ਚਮਕਾਇਆ।

- ਸਰਬਜੀਤ ਸਿੰਘ

94648-20881

Posted By: Harjinder Sodhi