ਸਰਕਾਰਾਂ ਵੱਲੋਂ ਬੇਸ਼ੱਕ ਵਿਰਾਸਤ ਨੂੰ ਸਾਂਭਣ ਦੇ ਹਮੇਸ਼ਾ ਦਾਅਵੇ ਕੀਤੇ ਜਾਂਦੇ ਹਨ, ਪਰ ਇਹ ਕਿਸੇ ਤੋਂ ਨਹੀਂ ਲੁਕਿਆ ਕਿ ਅੱਜ ਵੀ ਅਨੇਕਾਂ ਵਿਰਾਸਤੀ ਥਾਵਾਂ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹਨ। ਜੇਕਰ ਇੰਝ ਹੀ ਵਿਰਾਸਤੀ ਇਮਾਰਤਾਂ ਤੇ ਇਤਿਹਾਸ ਤੋਂ ਜਾਣੂ ਕਰਵਾਉਣ ਵਾਲੇ ਤੱਥਾਂ ਨੂੰ ਅੱਖੋਂ ਪਰੋਖੇ ਕਰਦੇ ਰਹੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਮੇਂ ਦੇ ਹੁਕਮਰਾਨਾਂ ਤੇ ਆਪਣੇ ਪੁਰਖਿਆਂ ਨੂੰ ਕਦੇ ਵੀ ਮਾਫ਼ ਨਹੀਂ ਕਰਨਗੇ। ਸਦੀਆਂ ਦੇ ਇਤਿਹਾਸ ਨੂੰ ਆਪਣੇ ਆਪ ਵਿਚ ਸਮੇਟੀ ਤੇ ਆਪਣੀ ਦੁਰਦਸ਼ਾ ਦੀ ਕਹਾਣੀ ਆਪ ਕਹਿੰਦੀ ਲੁਧਿਆਣਾ ਦੀ ਇਕ ਇਮਾਰਤ ਦੀ ਗੱਲ ਕਰੀਏ ਤਾਂ ਇਹ ਆਪਣੇ ਆਪ ਵਿਚ ਹੀ ਇਕ ਇਤਿਹਾਸ ਲੁਕੋਈ ਬੈਠੀ ਹੈ।

ਗੱਲ ਕਰਦੇ ਹਾਂ ਲੁੁਧਿਆਣਾ ਦੇ ਲੋਧੀ ਕਿਲ੍ਹੇ ਦੀ, ਜਿਸ ਨੇ ਲੁਧਿਆਣਾ ਸ਼ਹਿਰ ਨੂੰ ਇਸ ਦਾ ਨਾਂ ਦਿੱਤਾ ਹੈ। ਸਤਲੁਜ ਦੇ ਕੰਢੇ ’ਤੇ ਬਣੇ ਇਸ ਸ਼ਹਿਰ ਨੂੰ 1480 ਵਿਚ ਲੋਧੀ ਵੰਸ਼ ਦੇ ਦੂਜੇ ਸੁਲਤਾਨ ਸਿਕੰਦਰ ਲੋਧੀ ਨੇ ਵਸਾਇਆ ਜੋ ਉਸ ਸਮੇਂ ਦਿੱਲੀ ਸਲਤਨਤ ਦਾ ਸ਼ਾਸਕ ਸੀ। ਲੋਧੀ ਵੰਸ਼ 1451 ਤੋਂ ਲੈ ਕੇ 1526 ਤਕ ਦਿੱਲੀ ਦੇ ਤਖ਼ਤ ’ਤੇ ਕਾਬਜ਼ ਰਿਹਾ। 1489 ਵਿਚ ਆਪਣੇ ਪਿਤਾ ਬਹਿਲੋਲ ਖ਼ਾਨ ਲੋਧੀ ਦੀ ਮੌਤ ਤੋਂ ਬਾਅਦ ਦਿੱਲੀ ਦੀ ਸਲਤਨਤ ਨੂੰ ਸੰਭਾਲਿਆ। ਸਿਕੰਦਰ ਲੋਧੀ ਨੇ ਆਪਣੇ ਅਧੀਨ ਦੋ ਸ਼ਾਸਕਾਂ ਯੂਸਫ਼ ਖ਼ਾਨ ਅਤੇ ਨਿਹੰਦ ਖ਼ਾਨ ਨੂੰ ਪੰਜਾਬ ਵਿਚ ਦੋ ਕਿਲ੍ਹੇ ਬਣਾਉਣ ਦੇ ਆਦੇਸ਼ ਦਿੱਤੇ।

ਯੂਸਫ਼ ਖ਼ਾਨ ਸਤਲੁਜ ਦਰਿਆ ਪਾਰ ਕਰਕੇ ਸੁਲਤਾਨ ਪੁਰ ਲੋਧੀ ਪਹੁੰਚਿਆ ਅਤੇ ਉਸਨੇ ਸੁਲਤਾਨਪੁਰ ਲੋਧੀ ਦੇ ਕਿਲ੍ਹੇ ਦੀ ਉਸਾਰੀ ਸ਼ੁਰੂ ਕੀਤੀ। ਨਿਹੰਦ ਖ਼ਾਨ ਨੇ ਅੱਜ ਦੇ ਲੁਧਿਆਣਾ ਸ਼ਹਿਰ ਜਿਸਦਾ ਨਾਮ ਪਹਿਲਾ ਮੀਰ ਹੋਤਾ ਸੀ, ਵਿਖੇ ਲੋਧੀ ਕਿਲ੍ਹੇ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ। ਲੋਧੀ ਵੰਸ਼ ਵੱਲੋਂ ਉਸਾਰੇ ਜਾ ਰਹੇ ਇਸ ਕਿਲ੍ਹੇ ਕਾਰਨ ਹੀ ਮੀਰ ਹੋਤਾ ਨਾਮਕ ਇਸ ਪਿੰਡ ਨੂੰ ਲੋਧੀ-ਆਣਾ ਤੋਂ ਲੁਧਿਆਣਾ ਨਾਂ ਮਿਲਿਆ। ਮੌਜੂਦਾ ਸਮੇਂ ਅੰਦਰ ਜੇਕਰ ਇਸ ਲੋਧੀ ਕਿਲ੍ਹੇ ਜਿਸ ਨੂੰ ਹੁਣ ਪੁਰਾਣਾ ਕਿਲ੍ਹਾ ਵੀ ਕਿਹਾ ਜਾਂਦਾ ਹੈ , ਤਕ ਪਹੁੰਚਣ ਲਈ ਰੇਲਵੇ ਸਟੇਸ਼ਨ ਤੋਂ ਪੁਰਾਣੇ ਜੀਟੀ ਰੋਡ ਤੋਂ ਹੁੰਦੇ ਹੋਏ ਪੁਰਾਣੀ ਸਬਜ਼ੀ ਮੰਡੀ ਵਿੱਚੋਂ ਲੰਘ ਕੇ ਦਰੇਸੀ ਗਰਾਉਂਡ ਦੇ ਸਾਹਮਣੇ ਜਾਣਾ ਪੈਂਦਾ ਹੈ।

ਇਸ ਤਰ੍ਹਾਂ ਸਟੇਸ਼ਨ ਤੋਂ ਇਹ ਦੂਰੀ ਤਕਰੀਬਨ 3 ਕਿਲੋਮੀਟਰ ਦੇ ਕਰੀਬ ਹੈ। ਮਿਲੀ ਜਾਣਕਾਰੀ ਮੁਤਾਬਕ ਕਿਸੇ ਸਮੇਂ 5.6 ਏਕੜ ਵਿਚ ਫੈਲੇ ਇਸ ਕਿਲ੍ਹੇ ਦੀ ਜ਼ਮੀਨ ਹੁਣ ਸੁੰਗੜ ਕੇ ਬਹੁਤ ਹੀ ਘੱਟ ਖੇਤਰ ਵਿਚ ਰਹਿ ਗਈ ਹੈ। ਸਤਲੁਜ ਦਰਿਆ ਦੇ ਕੰਢੇ ਤਕ ’ਤੇ ਕਾਬਜ਼ ਰਿਹਾ ਇਹ ਕਿਲ੍ਹਾ ਹੁਣ ਆਪਣੀ ਹੋਂਦ ਬਚਾਉਣ ਲਈ ਵੀ ਤਰਸ ਰਿਹਾ ਹੈ। ਵਿਲੱਖਣ ਇਮਾਰਤ ਕਲਾਂ ਤੇ ਬਾਰੀਕ ਕਾਰੀਗਰੀ ਦਾ ਨਮੂਨਾ ਕਿਲ੍ਹੇ ਦੀ ਇਹ ਇਮਾਰਤ ਮੌਜੂਦਾ ਸਮੇਂ ਵਿਚ ਖਸਤਾ ਹਾਲ ਹੋਣ ਦੇ ਬਾਵਜੂਦ ਦਰਸ਼ਕਾਂ ਨੂੰ ਦੰਦਾਂ ਹੇਠ ਉਂਗਲ ਦੱਬਣ ਲਈ ਮਜਬੂਰ ਕਰਦੀ ਹੈ। ਕਿਲ੍ਹੇ ਦੀ ਬਣਤਰ ਇਸ ਹਿਸਾਬ ਨਾਲ ਬਣਾਈ ਗਈ ਹੈ ਕਿ ਸੁਰੱਖਿਆ ਦੇ ਹਰ ਪੱਖ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਸ਼ਹਿਰ ਨਾਲੋਂ ਕਾਫ਼ੀ ਉਚਾਈ ਉਪਰ ਬਣੇ ਕਿਲ੍ਹੇ ਦੇ ਮੁੱਖ ਮਾਰਗ ਤੋਂ ਦਾਖ਼ਲ ਹੋਣ ਲਈ ਤਿੰਨ ਵੱਡੇ ਦਰਵਾਜ਼ਿਆਂ ਤੋਂ ਗੁਜ਼ਰਨਾ ਪੈਂਦਾ ਹੈ। ਕਿਲ੍ਹੇ ਅੰਦਰ ਦਾਖ਼ਲ ਹੋਣ ਲਈ ਬਣੇ ਆਖਰੀ ਦਰਵਾਜ਼ੇ ਤੋਂ ਪਹਿਲਾਂ ਫੌਜੀਆਂ ਦੀਆਂ ਬੈਰਕਾਂ, ਅਸਤਬਲ ਆਦਿ ਬਣੇ ਹੋਏ ਹਨ, ਜਿਨ੍ਹਾਂ ਵਿਚ ਆਸ-ਪਾਸ ਦੇ ਰਿਹਾਇਸ਼ੀ ਇਲਾਕਿਆਂ ਵੱਲੋ ਸੇਂਧ ਮਾਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਕਿਲ੍ਹੇ ਦੇ ਚਾਰੇ ਪਾਸੇ ਬਣੀ ਵਿਸ਼ਾਲ ਦੀਵਾਰ ’ਤੇ ਚਾਰ ਵਿਸ਼ਾਲ ਬੁਰਜ, ਜਿਨ੍ਹਾਂ ਉਪਰ ਵਿਸ਼ਾਲ ਤੋਪਾਂ ਤੈਨਾਤ ਰਹਿੰਦੀਆਂ ਸਨ, ਇਸ ਦੀ ਮਜ਼ਬੂਤ ਸੁਰੱਖਿਆ ਪ੍ਰਣਾਲੀ ਦੀ ਮੂੰਹ ਬੋਲਦੀ ਦਾਸਤਾਨ ਹਨ। ਕੁਝ ਸਾਲ ਪਹਿਲਾਂ ਇਹ ਤੋਪਾਂ ਜੋ ਅਸ਼ਟ ਧਾਤਾਂ ਨਾਲ ਤਿਆਰ ਸਨ, ਨੂੰ ਪੁਰਾਤਤਵ ਵਿਭਾਗ ਵੱਲੋਂ ਆਪਣੇ ਕਬਜ਼ੇ ਵਿਚ ਲੈ ਕੇ ਇਨ੍ਹਾਂ ਨੂੰ ਚੰਡੀਗੜ੍ਹ ਸਥਿਤ ਦਫ਼ਤਰ ਵਿਖੇ ਸੁਰੱਖਿਅਤ ਕਰ ਲਿਆ ਗਿਆ ਹੈ। ਤਿੰਨ ਤਰ੍ਹਾਂ ਦੀਆਂ ਇੱਟਾਂ ਜਿਨ੍ਹਾਂ ਵਿਚ ਨਾਨਕਸ਼ਾਹੀ ਆਕਾਰ, ਮੱਧਮ ਆਕਾਰ ਤੇ ਤਕਰੀਬਨ ਇਕ ਫੁੱਟ ਲੰਬੀ ਆਕਾਰ ਵਾਲੀਆਂ ਚੂਨੇ ਨਾਲ ਤਿਆਰ ਇੱਟਾਂ ਦਾ ਇਸਤੇਮਾਲ ਕੀਤਾ ਗਿਆ ਹੈ। ਕਿਲ੍ਹੇ ਦੀ ਇਮਾਰਤ ਅੰਦਰ ਉਸ ਸਮੇਂ ਦੇ ਉੱਚ ਅਧਿਕਾਰੀਆਂ ਦੀ ਰਿਹਾਇਸ਼ ਲਈ ਵਿਸ਼ੇਸ਼ ਕਮਰਿਆਂ ਸਮੇਤ ਕਈ ਹੋਰ ਰਿਹਾਇਸ਼ੀ ਕਮਰੇ ਵੀ ਬਣਾਏ ਗਏ ਹਨ। ਕਈ ਗੁਪਤ ਤਹਿਖਾਨੇ ਤੇ ਪੌੜੀਆਂ ਨਾਲ ਲੈਸ ਇਸ ਕਿਲ੍ਹੇ ਅੰਦਰ ਇਕ ਵਿਸ਼ਾਲ ਦਰਬਾਰ ਹਾਲ ਵੀ ਬਣਿਆ ਹੋਇਆ ਹੈ, ਜੋ ਗਵਾਹੀ ਭਰਦਾ ਹੈ ਕਿ ਕਿਸੇ ਸਮੇਂ ਨਵਾਬ ਇਸ ਵਿਚ ਆਪਣਾ ਸ਼ਾਹੀ ਦਰਬਾਰ ਲਗਾਉਂਦੇ ਹੋਣਗੇ, ਪਰ ਅਜ ਇਸ ਦਾ ਇਕ ਹਿੱਸਾ ਢਹਿ-ਢੇਰੀ ਹੋਣ ਕੰਢੇ ਹੈ।

ਕਿਲ੍ਹੇ ’ਚ ਬਣੀਆਂ ਤਿੰਨ ਰਹੱਸਮਈ ਸੁਰੰਗਾਂ

ਕਿਲ੍ਹੇ ਦੇ ਅੰਦਰ ਤਿੰਨ ਸੁਰੰਗਾਂ ਹਨ, ਜਿਨ੍ਹਾਂ ਬਾਰੇ ਅਕਸਰ ਕਈ ਚਰਚਾਵਾਂ ਰਹਿੰਦੀਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਇਕ ਸੁਰੰਗ ਦਰਿਆ ਸਤਲੁਜ ਵੱਲੋਂ ਫਿਲੌਰ ਵੱਲ ਜਾਂਦੀ ਹੈ, ਜਦਕਿ ਇਕ ਫ਼ਿਰੋਜ਼ਪੁਰ ਅਤੇ ਇਕ ਸੁਰੰਗ ਮੰਨਿਆ ਜਾਂਦਾ ਹੈ ਕਿ ਸ਼ਾਇਦ ਦਿੱਲੀ ਵੱਲ ਨੂੰ ਜਾਂਦੀ ਹੈ। ਇਨ੍ਹਾਂ ਸੁਰੰਗਾਂ ਦੇ ਦਰਵਾਜ਼ੇ ਤੋਂ ਇਸ ਦੀ ਗਹਿਰਾਈ ਦੇਖੀ ਜਾ ਸਕਦੀ ਹੈ। ਪੁਰਾਤਤਵ ਵਿਭਾਗ ਹੀ ਇਸ ਦੀ ਸੰਪੂਰਨ ਖੋਜ ਕਰ ਕੇ ਇਨ੍ਹਾਂ ਦੇ ਸੱਚ ਨੂੰ ਆਮ ਲੋਕਾਂ ਸਾਹਮਣੇ ਲਿਆ ਸਕਦਾ ਹੈ। ਇਨ੍ਹਾਂ ਸੁਰੰਗਾਂ ਨੂੰ ਲੈ ਕੇ ਅਨੇਕਾਂ ਦੰਦ ਕਥਾਵਾਂ ਪ੍ਰਚੱਲਿਤ ਹਨ, ਜੋ ਇਨ੍ਹਾਂ ਸੁਰੰਗਾਂ ਨੂੰ ਹੋਰ ਵੀ ਰਹੱਸਮਈ ਬਣਾ ਦਿੰਦੀਆਂ ਹਨ।

ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਨੇ ਕੀਤੀ ਸਾਂਭ- ਸੰਭਾਲ

ਤਕਰੀਬਨ 500 ਸਾਲ ਪੁਰਾਣੇ ਇਸ ਕਿਲ੍ਹੇ ਨੂੰ ਆਪਣੇ ਅਸਲ ਰੂਪ ਵਿਚ ਬਣਾਈ ਰੱਖਣ ਲਈ ਇਸ ਦੀ ਸਾਂਭ-ਸੰਭਾਲ ਮਹਾਰਾਜਾ ਰਣਜੀਤ ਸਿੰਘ ਵੱਲੋਂ ਸ਼ੁਰੂ ਕੀਤੀ ਗਈ। ਮੰਨਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਏ ਗਏ ਫਿਲੌਰ ਦੇ ਕਿਲ੍ਹੇ ਸਮੇਂ ਇਸ ਦੀ ਹੋਂਦ ਨੂੰ ਬਚਾਉਣ ਲਈ ਜਤਨ ਕੀਤੇ ਗਏ। ਸ਼ਾਇਦ ਉਸ ਸਮੇਂ ਹੀ ਇਸ ਕਿਲ੍ਹੇ ਤੋਂ ਫਿਲੌਰ ਕਿਲ੍ਹੇ ਨੂੰ ਜਾਂਦੀ ਸੁਰੰਗ ਦੀ ਉਸਾਰੀ ਕੀਤੀ ਗਈ ਹੋਵੇਗੀ। ਇਸ ਤੋਂ ਬਾਅਦ ਬਿ੍ਰਟਿਸ਼ ਸਰਕਾਰ ਵੱਲੋਂ 1916 ਵਿਚ ਇਸ ਕਿਲ੍ਹੇ ਅੰਦਰ ਗੌਰਮਿੰਟ ਡਾਇੰਗ ਸਕੂਲ ਦੀ ਸ਼ੁਰੂਆਤ ਕੀਤੀ ਗਈ। ਫਿਰ 1923 ਵਿਚ ਇਸ ਵਿਚ ਕੇਲਿਕੋ ਪਿ੍ਰੰਟਿੰਗ ਨੂੰ ਸ਼ੁਮਾਰ ਕਰ ਕੇ ਇਸਦਾ ਨਾਂ ਬਦਲਕੇ ਗੌਰਮਿੰਟ ਇੰਸਟੀਚਿਊਟ ਆਫ ਡਾਇੰਗ ਐਂਡ ਕੇਲਿਕੋ ਪਿ੍ਰੰਟਿੰਗ ਕਰ ਦਿੱਤਾ ਗਿਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਲ੍ਹੇ ਅੰਦਰ ਸਥਿਤ ਇਸ ਕਾਲਜ ਵਿਚ ਵਿਸਥਾਰ ਕਰਦਿਆਂ 1967 ’ਚ ਇਸਨੂੰ ਪੌਲੀਟੈਕਨਿਕ ਕਾਲਜ ਬਣਾ ਦਿੱਤਾ ਗਿਆ ਅਤੇ ਮੁੜ ਇਸ ਦਾ ਨਾਂ ਬਦਲਕੇ ਗੌਰਮਿੰਟ ਇੰਸਟੀਚਿਊਟ ਆਫ ਟੈਕਸਟਾਈਲ ਕੈਮਿਸਟਰੀ ਐਂਡ ਨਿਟਿੰਗ ਟੈਕਨੋਲਾਜੀ ਕਰ ਦਿੱਤਾ ਗਿਆ। ਮੌਜੂਦਾ ਸਮੇਂ ’ਚ ਕਿਲ੍ਹੇ ਅੰਦਰ ਚੱਲ ਰਹੇ ਕਾਲਜ ਵਿਚ ਆਈਟੀਆਈ ਕੋਰਸਾਂ ਨੂੰ ਛੱਡ ਕੇ ਬਾਕੀ ਟੈਕਸਟਾਈਲ ਨਾਲ ਸਬੰਧਿਤ ਕੋਰਸ ਰਿਸ਼ੀ ਨਗਰ ਵਿਖੇ ਨਵੇਂ ਕਾਲਜ ਵਿਚ ਕਰਵਾਏ ਜਾਣ ਲੱਗੇ।

ਨਾਜਾਇਜ਼ ਕਬਜ਼ਿਆਂ ਦੇ ਘੇਰੇ ’ਚ ਆਈ ਬਹੁਮੁੱਲੀ ਵਿਰਾਸਤ

ਸ਼ਹਿਰ ਦੀ ਇਤਿਹਾਸਕ ਇਮਾਰਤ ਲੋਧੀ ਕਿਲ੍ਹੇ ਪ੍ਰਤੀ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੇਹੱਦ ਤਰਸਯੋਗ ਹਾਲਤ ਵਿਚ ਢਹਿ-ਢੇਰੀ ਹੋਣ ਕੰਢੇ ਬਣੀ ਇਸ ਇਮਾਰਤ ਤਕ ਪਹੁੰਚਣ ਦਾ ਰਸਤਾ ਹੀ ਇਸ ਦੀ ਬੇਕਦਰੀ ਦੀ ਕਹਾਣੀ ਆਪ ਕਹਿੰਦਾ ਹੈ। ਹੋਣਾ ਤਾਂ ਇੰਝ ਚਾਹੀਦਾ ਸੀ ਕਿ ਇਸ ਕਿਲ੍ਹੇ ਦੀ ਇਮਾਰਤ ਨੂੰ ਸੈਲਾਨੀਆਂ ਲਈ ਸੈਰ-ਸਪਾਟੇ ਵਾਲੀ ਥਾਂ ਵਜੋਂ ਵਿਕਸਿਤ ਕੀਤਾ ਜਾਵੇ, ਪਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਕਿਲ੍ਹੇ ਦੀ ਇਸ ਇਮਾਰਤ ਵਿਚ ਬਣੇ ਅਨੇਕਾਂ ਕਮਰਿਆਂ ਅੰਦਰ ਨਸ਼ਾ ਕਰਦੇ ਨੌਜਵਾਨਾਂ ਦੀ ਭਰਮਾਰ ਦੇਖੀ ਗਈ ਹੈ।

ਕਿਲ੍ਹੇ ਦੇ ਮੁੱਖ ਦਰਵਾਜ਼ੇ ’ਤੇ ਭਾਵੇਂ ਆਈਟੀਆਈ ਕਾਲਜ ਦੇ ਸਕਿਉਰਟੀ ਗਾਰਡ ਤੇ ਹੋਰ ਸਟਾਫ ਹੋਣ ਕਾਰਨ ਕੋਈ ਅਣਜਾਣ ਵਿਅਕਤੀ ਦਾਖ਼ਲ ਨਹੀਂ ਹੁੰਦਾ, ਪਰ ਕਿਲ੍ਹੇ ਦੇ ਚਾਰੋ ਪਾਸੇ ਸੰਘਣੀ ਆਬਾਦੀ ਹੈ ਅਤੇ ਕਿਲ੍ਹੇ ਦੀ ਚਾਰਦੀਵਾਰੀ ’ਚ ਸੰਨ੍ਹ ਲਗਾ ਕੇ ਕਈ ਅਜਿਹੇ ਰਸਤੇ ਬਣਾ ਲਏ ਗਏ ਹਨ, ਜਿਨ੍ਹਾਂ ਵਿੱਚੋਂ ਆਸਾਨੀ ਨਾਲ ਕੋਈ ਵੀ ਦਾਖ਼ਲ ਹੋ ਕੇ ਕਿਸੇ ਵੀ ਗ਼ੈਰ-ਕਾਨੂੰਨੀ ਕਾਰੇ ਨੂੰ ਅੰਜਾਮ ਦੇ ਸਕਦਾ ਹੈ। ਇੰਨਾ ਹੀ ਨਹੀਂ ਕਿਲ੍ਹੇ ਦੀ ਚਾਰਦੀਵਾਰੀ ਨੂੰ ਕਈ ਜਗ੍ਹਾ ਖੋਰਾ ਲੱਗ ਚੁੱਕਾ ਹੈ ਅਤੇ ਨਜਾਇਜ਼ ਕਬਜ਼ਿਆਂ ਕਾਰਨ ਕਿਲ੍ਹੇ ਦਾ ਆਕਾਰ ਸੁੰਗੜਦਾ ਜਾ ਰਿਹਾ ਹੈ। ਜੇਕਰ ਪ੍ਰਸ਼ਾਸਨ ਵੱਲੋਂ ਕਿਲ੍ਹੇ ਦੀ ਇਮਾਰਤ ਦੀ ਸਾਂਭ ਸੰਭਾਲ ਨਾ ਕੀਤੀ ਗਈ ਤਾਂ ਆਉਣ ਵਾਲੀਆਂ ਪੀੜ੍ਹੀਆਂ ਕੇਵਲ ਕਿਤਾਬਾਂ ਦੇ ਪੰਨਿਆਂ ਉਪਰ ਹੀ ਇਸ ਇਤਿਹਾਸਕ ਇਮਾਰਤ ਨੂੰ ਦੇਖ ਸਕਣਗੀਆਂ।

ਪੰਜਾਬ ਵਿਚ ਸੈਰ-ਸਪਾਟਾ ਉਦਯੋਗ ਨੂੰ ਪ੍ਰਫੁਲਿਤ ਕਰਨ ਲਈ ਪੰਜਾਬ ਦੀਆਂ ਇਤਿਹਾਸਕ ਇਮਰਤਾਂ ਦੀ ਹੀ ਜੇਕਰ ਸਾਂਭ-ਸੰਭਾਲ ਕਰ ਲਈ ਜਾਵੇ ਤਾਂ ਸੈਲਾਨੀ ਸੂਬਾ ਸਰਕਾਰ ਦੇ ਮਾਲੀਏ ਵਿਚ ਚੋਖਾ ਵਾਧਾ ਕਰ ਸਕਦੇ ਹਨ। ਇਸ ਤੋਂ ਪਹਿਲਾਂ ਪੰਜਾਬੀ ਜਾਗਰਣ ਵੱਲੋ ਜੀਟੀ ਰੋਡ ਉਪਰ ਸਥਿਤ 15ਵੀਂ ਸਦੀ ’ਚ ਬਣੇ ਕੋਸ ਮਿਨਾਰਾਂ ਬਾਰੇ ਵੀ ਰਿਪੋਰਟ ਪੇਸ਼ ਕੀਤੀ ਗਈ ਸੀ। ਇਸ ਤਰ੍ਹਾਂ ਦੀਆਂ ਸੈਂਕੜੇ ਇਮਾਰਤਾਂ ਅਣਦੇਖੀ ਦਾ ਸ਼ਿਕਾਰ ਹੋ ਰਹੀਆਂ ਹਨ।

ਬਹੁਤੀਆਂ ਇਤਿਹਾਸਕ ਇਮਾਰਤਾਂ ਤਾਂ ਖ਼ਤਮ ਹੋਣ ਕੰਢੇ ਹਨ ਪਰ ਪਤਾ ਨਹੀਂ ਕਦੋਂ ਜਾਗੇਗੀ ਸਰਕਾਰ?

- ਭੁਪਿੰਦਰ ਸਿੰਘ ਬਸਰਾ

Posted By: Harjinder Sodhi