ਦੁਨੀਆ ਦਾ ਸਭ ਤੋਂ ਉੱਚਾ ਗੁਰਦੁਆਰਾ ਹੇਮਕੁੰਟ ਸਾਹਿਬ ਸਿਮਰਨ, ਭਗਤੀ, ਵਜੋਂ ਵੀ ਸਭ ਤੋਂ ਅੱਗੇ ਹੈ। ਇਹ ਅਸਥਾਨ ਸੱਤ ਉੱਚੀਆਂ ਪਹਾੜੀਆਂ ਵਿਚ ਘਿਰਿਆ ਹੋਇਆ ਹੈ। ਏਥੇ ਵੱਖ-ਵੱਖ ਕਿਸਮਾਂ ਦੇ ਫੁੱਲ ਆਪਣੀ ਠੰਢੀ ਸਮੀਰ ਇਸ ਦੇ ਆਲੇ ਦੁਆਲੇ ਬਿਖੇਰਦੇ ਰਹਿੰਦੇ ਹਨ ਕਿ ਮਨ ਆਪਣੇ ਆਪ ਇਸ ਦੇ ਕਰਤਾ ਨਾਲ ਸਿਫਤ ਸਲਾਹ ਵਿਚ ਜੁੜ ਜਾਂਦਾ ਹੈ। ਇਸ ਵਿਚ ਕੁਦਰਤ ਵਿੱਚੋਂ ਬਰਫ਼ਾਂ ਜਦੋਂ ਢਲਦੀਆਂ ਹਨ ਤਾਂ ਇਨ੍ਹਾਂ ਰਾਹੀਂ ਬਣੇ ਚਸ਼ਮਿਆਂ ਵਿੱਚੋਂ ਜੋ ਸੰਗੀਤ ਪੈਦਾ ਹੁੰਦਾ ਹੈ ਉਹ ਵੀ ਸ਼ਾਮਲ ਹੁੰਦਾ ਹੈ। ਇਸ ਦੀ ਯਾਤਰਾ ਕਰਨ ਲਈ ਮਈ ਤੇ ਅਕਤੂਬਰ ਦੇ ਮਹੀਨੇ ਵਿਸ਼ੇਸ਼ ਮੰਨੇ ਗਏ ਹਨ।

ਇਸ ਦੇ ਆਲੇ ਦੁਆਲੇ ਖ਼ੁਸ਼ਬੋਆਂ ਬਿਖੇਰਦੇ ਇੰਨੇ ਫੁੱਲ ਹਨ ਕਿ ਇਸ ਨੂੰ ਫੁੱਲਾਂ ਦੀ ਵਾਦੀ ਦਾ ਨਾਂ ਵੀ ਦਿੱਤਾ ਗਿਆ ਹੈ। ਇਸ ਦੀ ਕੁਦਰਤੀ ਆਭਾ ਨੂੰ ਮਹਿਸੂਸ ਕਰਦੇ ਹੋਏ ਇਸ ਨੂੰ ਹੈਰੀੇਟੇਜ ਸਥਾਨ ਦਾ ਦਰਜਾ ਵੀ ਦਿੱਤਾ ਗਿਆ ਹੈ। ਇੱਥੇੇ ਪਹੁੰਚਣ ਲਈ ਕਈ ਰਸਤੇ ਹਨ। ਕੁਦਰਤ ਦੀ ਅਨੂਠੀ ਗੋਦ ਵਿਚ ਬਣੇ ਹੋਏ ਇਸ ਅਸਥਾਨ ਦਾ ਆਨੰਦ ਮਾਣਨ ਲਈ ਕਈ ਰਸਤੇ ਹਨ।

ਇਕ ਖ਼ਾਸ ਰਸਤਾ ਦਿੱਲੀ ਹਰਿਦੁਆਰ ਰਿਸ਼ੀਕੇਸ਼ ਤੋਂ ਬੱਸ, ਕਾਰ ਰਾਹੀਂ ਜਾਂਦਾ ਹੈ, ਫਿਰ ਰਿਸ਼ੀਕੇਸ਼ ਤੋਂ ਜੱਥੇ ਪੈਦਲ ਯਾਤਰਾ ਕਰਦੇ ਹਨ। ਹੇਮਕੁੰਟ ਸਾਹਿਬ ਖ਼ਾਸ ਤੌਰ ’ਤੇ ਰਿਸ਼ੀਕੇਸ਼ ਨਾਲ ਜੁੜਿਆ ਹੋਇਆ ਹੈ। ਇਸ ਦੀ ਮਹੱਤਤਾ ਦਾ ਅਹਿਸਾਸ ਇਸ ਦੇ ਨਾਂ ਤੋਂ ਹੋ ਜਾਂਦਾ ਹੈ। ਇਹ ਧਰਤੀ ਨਿਰਸੰਦੇਹ ਹੀ ਰਿਸ਼ੀਆਂ-ਮੁਨੀਆਂ ਦੀ ਧਰਤੀ ਹੈ ਜਿੱਥੇ ਹਰ ਸਥਾਨ ’ਤੇ ਰਾਮ ਮੰਦਰ, ਸ਼ਿਵ ਮੰਦਰ ਜਾਂ ਕਿਸੇ ਦੇਵੀ ਦਾ ਕੋਈ ਦਰ ਮੂਰਤੀ ਰਾਹੀਂ ਦੇਖਣ ਨੂੰ ਮਿਲਦਾ ਹੈ। ਇਸ ਧਰਤੀ ਨੂੰ ਲੈਪ ਆਫ ਗੜਵਾਲ ਵੀ ਕਿਹਾ ਜਾਂਦਾ ਹੈ। ਇਹ ਹੀ ਕਾਰਨ ਹੈ ਕਿ ਇਸ ਰੂਹਾਨੀ ਥਾਂ ’ਤੇ ਸਿੱਖ ਧਰਮ ਦੇ ਕਈ ਪੂਜਾ ਸਥਾਨ ਦੇਖਣ ਨੂੰ ਮਿਲਦੇ ਹਨ। ਇਸ ਪ੍ਰਸੰਗ ਵਿਚ ਸਿੱਖਾਂ ਦਾ ਸੰਸਾਰ ਦੀ ਸਭ ਤੋਂ ਉੱਚੀ ਪਹਾੜੀ ’ਤੇ ਸਥਿਤ ਹੇਮਕੁੰਟ ਸਾਹਿਬ ਗੁਰਦੁਆਰਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਦਸ ਸਾਲ ਨਾਮ ਸਿਮਰਨ ਕੀਤਾ ਸੀ।

ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ “ਹੇਮ ਕੁੰਟ, ਹੇਮ ਕੁੰਡ, ਜਾਂ ਹੇਮ ਕੂਟ ਹਿਮਾਲਿਆ ਦੀ ਧਾਰਾ ਵਿਚ “ਇੰਦਦਯੁਮਨ ਪਾਸ ਹੇਮਕੁੰਟ ਇਕ ਪਰਬਤ ਹੈ, ਇਸ ਦਾ ਜ਼ਿਕਰ ਮਹਾਂਭਾਰਤ ਦੇ ਆਦਿ ਪਰਬ ਦੇ 119 ਵੇ ਅਧਿਆਏ ਵਿਚ ਆਇਆ ਹੈ।’’ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਵਿਚ ਲਿਖਿਆ ਹੇ “ਹੇਮ ਕੁੰਡ ਪਰਬਤ ਹੈ ਜਹਾਂ ’’ ਇਸ ਤਰ੍ਹਾਂ ਹੇਮਕੁੰਟ ਸਾਹਿਬ ਦੀ ਸਿੱਖ ਧਰਮ ਵਿਚ ਵਿਸ਼ੇਸ਼ ਮਾਨਤਾ ਹੈ। ਇਹ ਸ਼ਬਦ ਮੂਲ ਰੂਪ ਵਿਚ ਸੰਸਕਿ੍ਰਤ ਦਾ ਸ਼ਬਦ ਹੈ, ਹੇਮ ਕੁੰਡ ਸਾਹਿਬ ਹੇਮ ਅਰਥਾਤ ਬਰਫ਼ ਅਤੇ ਕੁੰਡ ਭਾਵ ਕਟੋਰਾ ਦੇ ਜੋੜ ਤੋਂ ਬਣਿਆ ਹੈ। ਇਸ ਸ਼ਬਦ ਨੂੰ ਮਹਿਸੂਸ ਕਰ ਕੇ ਇਸ ਦੀ ਠੰਢਕ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਜਦੋਂ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹੇ ਜਾਂਦੇ ਹਨ ਤਾਂ ਦੇਸ਼ ਦੀਆਂ ਸਾਰੀਆਂ ਅਖ਼ਬਾਰਾਂ ਵਿਚ ਇਹ ਸੁਰਖ਼ੀ ਬਣਦੀ ਹੈ। ਕੁੱਝ ਸਾਲ ਪਹਿਲਾਂ ਏਥੇ ਮੌਸਮ ਖ਼ਰਾਬ ਹੋਣ ਕਾਰਨ ਕਾਫੀ ਸਾਰਾ ਜਾਨ ਤੇ ਮਾਲ ਦਾ ਨੁਕਸਾਨ ਦੇਖਣਾ ਪਿਆ ਸੀ। ਏਥੇ ਬੱਦਲ ਫਟਣ ਦੀਆਂ ਘਟਨਾਵਾਂ ਜਾਂ ਲੈਂਡ ਸਲਾਈਡਿੰਗ ਹੋਣੀ ਇਕ ਆਮ ਜਿਹੀ ਗੱਲ ਹੈ। ਸਰਕਾਰ ਦੇ ਮੁਲਾਜ਼ਮ ਹਰ ਸਮੇਂ ਰਸਤਾ ਸਾਫ਼ ਕਰਦੇ ਰਹਿੰਦੇ ਹਨ ਪਰ ਕਈ ਵਾਰ ਕੁਦਰਤ ਦੀ ਕਰੋਪੀ ਇੰਨੀ ਵਧ ਜਾਂਦੀ ਹੈ ਕਿ ਫ਼ੌਜ ਦੀ ਮਦਦ ਲੈੇਣੀ ਪੈਂਦੀ ਹੈ ਤੇ ਕਈ ਸੇਵਾ ਸੰਗਠਨ ਮਦਦ ਕਰਨ ਲਈ ਬਹੁੜਦੇ ਹਨ। ਹੇਮਕੁੰਟ ਸਾਹਿਬ ਨਾਲ ਜੁੜਿਆ ਹੋਇਆ ਰਿਸ਼ੀ ਕੇਸ਼ ਵਿਚ ਇਕ ਆਲੀਸ਼ਾਨ ਬਹੁ-ਮੰਜ਼ਿਲੀ ਗੁਰਦੁਆਰਾ ਹੈ ਜਿੱਥੇ ਜਦੋਂ ਯਾਤਰਾ ਸ਼ੁਰੂ ਹੁੰਦੀ ਹੈ ਤਾਂ ਇੱਥੋਂ ਤਿਆਰ ਹੋ ਕੇ ਸੰਗਤਾਂ ਹੇਮਕੁੰਟ ਸਾਹਿਬ ਨੂੰ ਕੂਚ ਕਰਦੀਆਂ ਹਨ। ਰਿਸ਼ੀ ਕੇਸ਼ ਵਿਚ ਹਰ ਪ੍ਰਕਾਰ ਦੀਆਂ ਸਹੂਲਤਾਂ ਮਿਲਦੀਆਂ ਹਨ ਤੇ ਪਹਿਲਾਂ ਕੁਝ ਦਿਨ ਜੱਥੇ ਦੇ ਜਾਣ ਦੀ ਸੂਚਨਾ ਸੰਗਤਾਂ ਨੂੰ ਦੇ ਦਿੱਤੀ ਜਾਂਦੀ ਹੈ। ਇਸ ਸਾਰੀ ਯਾਤਰਾ ਨੂੰ ਨਿਰਵਿਘਨ ਖ਼ਤਮ ਹੋਣ ਤਕ ਇਸ ਗੁਰਦੁਆਰੇ ਦੀ ਸੇਵਾ ਅਦੁੱਤੀ ਹੁੰਦੀ ਹੈ।

ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਗੁਰੂ ਸਾਹਿਬ ਨੇ ਇਸ ਪਵਿੱਤਰ ਥਾਂ ’ਤੇ ਬਹੁਤ ਤਪੱਸਿਆ ਕੀਤੀ ਜਿਸ ਕਰਕੇ ਹਰ ਸਿੱਖ ਵਿਚ ਇਹ ਇੱਛਾ ਤੇ ਆਸ ਪੈਦਾ ਹੋ ਜਾਂਦੀ ਹੈ ਕਿ ਉਹ ਕੁਦਰਤ ਦੀ ਕਿਹੜੀ ਥਾਂ ਹੋ ਸਕਦੀ ਹੈ ਜਿਸ ਦੀ ਚੋਣ ਗੁਰੂ ਜੀ ਨੇ ਕੀਤੀ। ਇਹ ਹੇਮਕੁੰਟ ਸਾਹਿਬ ਦਾ ਗੁਰਦੁਆਰਾ ਹਿਮਾਲਾ ਦੀ ਸਭ ਤੋਂ ਉੱਚੀ ਪਹਾੜੀ ’ਤੇ 15 ਹਜ਼ਾਰ 200 ਫੁੱਟ ’ਤੇ ਬਣਿਆ ਹੋਇਆ ਹੈ।

ਇਹ ਹਿਮਾਲੀਆ ਵਿਚ ਵਸੇ ਹੋਏ ਉੱਤਰਾਖੰਡ ਵਿਚ ਚੋਮੋਲੀ ਜ਼ਿਲੇ੍ਹ ਵਿਚ ਸਥਿਤ ਹੈ। ਇਸ ਦੇ ਪ੍ਰਾਂਤ ਦੇ ਨਾਂ ਤਾਂ ਕਈ ਵਾਰ ਬਦਲੇ ਗਏ ਹਨ ਪਰ ਸਥਾਨ ਦੀ ਮਹਾਨਤਾ ਕੁਦਰਤ ਨੇ ਜੋ ਸੁੰਦਰਤਾ ਇਸ ਦੀ ਤਰਾਸ਼ ਦਿੱਤੀ ਹੈ, ਉਸ ਵਿਚ ਕਦੇ ਘਾਟ ਨਹੀਂ ਆਈ ਤੇ ਇਹ ਸਦਾ ਕਾਇਮ ਰਹਿੰਦੀ ਹੈ। ਇਹ ਅਸਥਾਨ ਸੱਤ ਪਹਾੜੀਆਂ ਵਿਚਕਾਰ ਘਿਰਿਆ ਹੋਇਆ ਹੈ ਤੇ ਸੱਤ ਨਿਸ਼ਾਨ ਸਾਹਿਬ ਝੂਲਦੇ ਹਨ। ਇਹ ਅਸਥਾਨ ਰਿਸ਼ੀਕੇਸ਼ ਬਦਰੀ ਨਾਥ ਸ਼ਾਹ ਰਾਹ ਉੱਤੇ ਹੈ। ਗੁਰੂ ਗੋਬਿੰਦ ਸਾਹਿਬ ਦੀ ਰਚਨਾ ਦਸਮ ਗ੍ਰੰਥ ਵਿਚ ਇਸ ਸਥਾਨ ਦਾ ਜ਼ਿਕਰ ਆਇਆ ਹੈ।

ਜਿਹੜੇ ਲੋਕ ਰਿਸ਼ੀਕੇਸ਼ ਦਾ ਰਸਤਾ ਅਪਣਾਉਂਦੇ ਹਨ ਉਹ ਪਹਿਲਾਂ ਰਿਸ਼ੀ ਕੇਸ਼ ਦੇ ਗੁਰਦੁਆਰਾ ਸਾਹਿਬ ’ਚ ਇਕੱਠੇ ਹੁੰਦੇ ਹਨ ਤੇ ਇਹ ਕਾਫ਼ਲਾ ਸ਼ਬਦ ਪੜ੍ਹਦਾ ਹੋਇਆ ਅੱਗੇ ਵਧਦਾ ਹੈ। ਇਥੇ ਉਨ੍ਹਾਂ ਲਈ ਪਹਿਲਾਂ ਹੀ ਕਮਰੇ ਬੁੱਕ ਕੀਤੇ ਗਏ ਹੁੰਦੇ ਹਨ ਤਾਂ ਜੋ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਇਹ ਗੁਰਦੁਆਰਾ ਰਿਸ਼ੀ ਕੇਸ਼ ਦੇ ਬਿਲਕੁਲ ਸ਼ਹਿਰ ਦੇ ਅੰਦਰੂਨੀ ਭਾਗ ਵਿਚ ਸਥਿਤ ਹੈ ਤੇ ਸਟੇਸ਼ਨ ਦੇ ਨਜ਼ਦੀਕ ਪੈਂਦਾ ਹੈ।

ਏਥੇ ਹਰ ਵਰਗ ਦੇ ਲੋਕਾਂ ਦੀ ਸਹੂਲਤ ਦਾ ਖ਼ਿਆਲ ਰਖਿਆ ਜਾਂਦਾ ਹੈ। ਨੇੜੇ ਕਈ ਆਲੀਸ਼ਾਨ ਹੋਟਲ ਵੀ ਹਨ। ਇੱਥੇ ਨੇੜੇ ਹੀ ਇਕ ਨੀਰਜ ਹੋਟਲ ਹੈ ਜਿੱਥੇ ਜਦੋਂ ਕੋਈ ਸਿੱਖ ਮਰਿਯਾਦਾ ਅਨੁਸਾਰ ਵਿਆਹ ਕੀਤਾ ਜਾਂਦਾ ਹੈ ਤਾਂ ਲਾਵਾਂ ਫੇਰੇ ਇਸ ਗੁਰਦੁਆਰੇ ਵਿਚ ਹੀ ਹੁੰਦੇ ਹਨ। ਇਕ ਨਿਸ਼ਚਿਤ ਸਮੇਂ ਅਨੁਸਾਰ ਏਥੇ ਜੱਥਾ ਹੇਮਕੁੰਟ ਦੀ ਯਾਤਰਾ ਆਰੰਭ ਹੁੰਦੀ ਹੈ ਤੇ ਜੈਕਾਰਿਆਂ ਦੀ ਗੂੰਜ ਵਿਚ ਇਹ ਰੂਹਾਨੀਅਤ ਦੀ ਰੰਗ ਵਿਚ ਰੰਗਿਆ ਹੋਇਆ ਜੱਥਾ ਹੇਮਕੁੰਟ ਵਲ ਵਧਦਾ ਹੈ। ਅੱਜ ਕੱਲ੍ਹ ਦੇ ਤਕਨੀਕੀ ਤੇ ਸੂਚਨਾ ਪ੍ਰਣਾਲੀ ਦੇ ਵਿਆਪਕ ਹੋ ਜਾਣ ਕਾਰਨ ਹੁਣ ਹੇਮਕੁੰਟ ਦਾ ਨੈੱਟਵਰਕ ਬਹੁਤ ਵਿਸ਼ਾਲ ਹੋ ਗਿਆ ਹੈ। ਲੁਧਿਆਣਾ ਵਰਗੇ ਸ਼ਹਿਰ ਵਿਚ ਪਹਿਲਾਂ ਹੇਮਕੁੰਟ ਦੇ ਜੱਥੇ ਨਾਲ ਜਾਣ ਵਾਲੇ ਲੋਕ ਇਕ ਕੀਰਤਨ ਸਮਾਗਮ ਵਿਚ ਇਕੱਠੇ ਹੁੰਦੇ ਹਨ, ਅਖੰਡ ਪਾਠ ਦਾ ਭੋਗ ਪਾਇਆ ਜਾਂਦਾ ਹੈ ਤੇ ਫਿਰ ਪਹਿਲਾਂ ਇਕ ਜੱਥੇ ਦੇ ਰੂਪ ਵਿਚ ਰਿਸ਼ੀ ਕੇਸ਼ ਪਹੁੰਚਿਆ ਜਾਂਦਾ ਹੈ, ਜਿੱਥੇ ਪਹਿਲਾਂ ਹੀ ਸੂਚਿਤ ਕੀਤਾ ਗਿਆ ਹੁੰਦਾ ਹੈ।

- ਪ੍ਰੋ. ਜਤਿੰਦਰ ਬੀਰ ਸਿੰਘ ਨੰਦਾ

Posted By: Harjinder Sodhi