ਭਾਰਤ ਵਿਚ ਬਹੁਤ ਸਾਰੀਆਂ ਸੁੰਦਰ ਅਤੇ ਮਹੱਤਵਪੂਰਨ ਝੀਲਾਂ ਮੌਜੂਦ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਕੁਦਰਤੀ ਅਤੇ ਕੁਝ ਮਨੁੱਖ ਦੁਆਰਾ ਬਣਾਈਆਂ ਗਈਆਂ ਹਨ। ਹਿਮਾਚਲ ਪ੍ਰਦੇਸ਼ ਵਿਚ ਬਹੁਤ ਸੁੰਦਰ ਪਹਾੜਾਂ ਤੋਂ ਇਲਾਵਾ ਕਈ ਮਨਭਾਉਂਦੀਆਂ ਝੀਲਾਂ ਹਨ ਜਿੱਥੇ ਸਾਨੂੰ ਘੁੰਮਣ ਲਈ ਜ਼ਰੂਰ ਜਾਣਾ ਚਾਹੀਦਾ ਹੈ। ਜੂਨ ਮਹੀਨੇ ’ਚ ਹੰਪਟਾ ਪਾਸ ਦੀ ਟਰੈਕਿੰਗ ਦੌਰਾਨ ਚੰਦਰਤਾਲ ਝੀਲ ਦਾ ਅਨੰਦ ਮਾਨਣ ਲਈ ਆਪਣੇ ਸਾਥੀਆਂ ਨਾਲ ਘੁੰਮਣ ਦਾ ਮੌਕਾ ਮਿਲਿਆ।

ਭਾਰਤ ਵਿਚ ਬਹੁਤ ਸਾਰੀਆਂ ਸੁੰਦਰ ਅਤੇ ਮਹੱਤਵਪੂਰਨ ਝੀਲਾਂ ਮੌਜੂਦ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਕੁਦਰਤੀ ਅਤੇ ਕੁਝ ਮਨੁੱਖ ਦੁਆਰਾ ਬਣਾਈਆਂ ਗਈਆਂ ਹਨ। ਹਿਮਾਚਲ ਪ੍ਰਦੇਸ਼ ਵਿਚ ਬਹੁਤ ਸੁੰਦਰ ਪਹਾੜਾਂ ਤੋਂ ਇਲਾਵਾ ਕਈ ਮਨਭਾਉਂਦੀਆਂ ਝੀਲਾਂ ਹਨ ਜਿੱਥੇ ਸਾਨੂੰ ਘੁੰਮਣ ਲਈ ਜ਼ਰੂਰ ਜਾਣਾ ਚਾਹੀਦਾ ਹੈ। ਜੂਨ ਮਹੀਨੇ ’ਚ ਹੰਪਟਾ ਪਾਸ ਦੀ ਟਰੈਕਿੰਗ ਦੌਰਾਨ ਚੰਦਰਤਾਲ ਝੀਲ ਦਾ ਅਨੰਦ ਮਾਨਣ ਲਈ ਆਪਣੇ ਸਾਥੀਆਂ ਨਾਲ ਘੁੰਮਣ ਦਾ ਮੌਕਾ ਮਿਲਿਆ। ਚੰਦਰਤਾਲ ਝੀਲ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ ਵਿਚ ਸਥਿਤ ਇਕ ਸੁੰਦਰ ਉਚਾਈ ਵਾਲੀ ਝੀਲ ਹੈ। ਇਹ ਕੁੰਜਮ ਲਾ ਪਾਸ ਨੇੜੇ ਸਪਿਤੀ ਘਾਟੀ ਵਿਚ ਮੌਜੂਦ ਹੈ। ਚੰਦਰਤਾਲ ਝੀਲ ਸਮੁੰਦਰ ਤਲ ਤੋਂ ਲਗਪਗ 14100 ਫੁੱਟ ਦੀ ਉਚਾਈ ’ਤੇ ਹੈ। ਇੰਨੀ ਜ਼ਿਆਦਾ ਉੱਚਾਈ ਹੋਣ ਦੇ ਕਾਰਨ ਇਥੇ ਜੂਨ ਜੁਲਾਈ ਮਹੀਨਿਆਂ ਵਿਚ ਵੀ ਰਾਤ ਦਾ ਤਾਪਮਾਨ ਮਨਫ਼ੀ ਰਹਿੰਦਾ ਹੈ।
ਚੰਦਰਮਾ ਦੀ ਝੀਲ
ਝੀਲ ਦਾ ਆਕਾਰ ਅਰਧ ਚੰਦਰਮਾ ਵਰਗਾ ਹੋਣ ਕਰਕੇ ਇਸ ਨੂੰ ਚੰਦਰਮਾ ਦੀ ਝੀਲ ਕਿਹਾ ਜਾਂਦਾ ਹੈ। ਇਸ ਦਾ ਪਾਣੀ ਮਨੁੱਖੀ ਆਬਾਦੀ ਤੋਂ ਦੂਰ ਹੋਣ ਕਰਕੇ ਕਾਫ਼ੀ ਸਾਫ਼, ਮਿੱਠਾ ਅਤੇ ਨੀਲਾ ਹੁੰਦਾ ਹੈ ਜੋ ਦਿਨ ਦੇ ਸਮੇਂ ਅਨੁਸਾਰ ਆਪਣਾ ਰੰਗ ਬਦਲਦਾ ਰਹਿੰਦਾ ਹੈ। ਇਹ ਝੀਲ ਬਰਫ਼ੀਲੇ ਪਹਾੜਾਂ ਵਿਚ ਘਿਰੀ ਹੋਈ ਹੈ। ਕੁਦਰਤੀ ਨਜ਼ਾਰਿਆਂ ਕਾਰਨ ਚੰਦਰਤਾਲ ਝੀਲ ਕੁਦਰਤ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਹੈ। ਚੰਦਰਤਾਲ ਝੀਲ ਘੁੰਮਣ ਜਾਣ ਲਈ ਸਭ ਤੋਂ ਵਧੀਆ ਸਮਾਂ ਮਈ ਤੋਂ ਲੈ ਕੇ ਸਤੰਬਰ ਤੱਕ ਦਾ ਮੰਨਿਆ ਜਾਂਦਾ ਹੈ। ਬਾਕੀ ਮਹੀਨਿਆਂ ਵਿਚ ਇੱਥੇ ਬਰਫ਼ ਜੰਮੀ ਰਹਿੰਦੀ ਹੈ ਅਤੇ ਰਸਤੇ ਲਗਪਗ ਬੰਦ ਹੁੰਦੇ ਹਨ। ਇਸ ਸਾਲ ਜੂਨ ਵਿਚ ਹੰਪਟਾ ਪਾਸ ਦੀ ਟਰੈਕਿੰਗ ਦੌਰਾਨ ਅਸੀਂ ਛਤਰੂ ਤੋਂ ਚੰਦਰਤਾਲ ਝੀਲ ਗਏ।
ਨਿੱਕੀ ਨਿੱਕੀ ਕਣੀ ਦਾ ਮੀਂਹ
ਅਸੀਂ ਛਤਰੂ ਤੋਂ ਚੰਦਰਤਾਲ ਲਈ ਟਰੈਕਿੰਗ ਕੰਪਨੀ ਦੁਆਰਾ ਉਪਲਬਧ ਕਰਵਾਏ ਟੈਂਪੂ ਟਰੈਵਲ ’ਤੇ ਰਵਾਨਾ ਹੋਏ ਤਾਂ ਉਸ ਸਮੇਂ ਨਿੱਕੀ-ਨਿੱਕੀ ਕਣੀ ਦਾ ਮੀਂਹ ਪੈ ਰਿਹਾ ਸੀ ਅਤੇ ਮੌਸਮ ਬਹੁਤ ਹੀ ਸੁਹਾਵਣਾ ਸੀ। ਸਾਰੇ ਸਾਥੀ ਖ਼ੁਸ਼ੀ ਤੇ ਉਮੰਗ ਨਾਲ ਕੁਦਰਤ ਦੇ ਨਜ਼ਾਰਿਆਂ ਦਾ ਮੋਬਾਈਲ ਅਤੇ ਚਕਾਚੌਂਧ ਵਾਲੀ ਦੁਨੀਆ ਤੋਂ ਹੱਟ ਕੇ ਅਨੰਦ ਮਾਣ ਰਹੇ ਸਨ। ਛਤਰੂ ਤੋਂ ਅੱਗੇ ਲਗਪਗ 50 ਕਿਲੋਮੀਟਰ ਦਾ ਰਸਤਾ ਜ਼ਿਆਦਾ ਔਖਾ ਅਤੇ ਖ਼ਤਰਨਾਕ ਸੀ। ਇਹ ਸਾਰਾ ਰਸਤਾ ਕੱਚਾ ,ਚੁਣੌਤੀਪੂਰਨ ,ਉਬੜ-ਖਾਬੜ, ਖ਼ਤਰਨਾਕ ਮੋੜਾਂ ਅਤੇ ਕੁਦਰਤ ਦੇ ਮਨਮੋਹਕ ਦ੍ਰਿਸ਼ਾਂ ਵਾਲਾ ਸੀ। ਅਸੀਂ ਇਹ ਸਫ਼ਰ ਲਗਪਗ ਤਿੰਨ ਤੋਂ ਚਾਰ ਘੰਟਿਆਂ ਵਿਚ ਤੈਅ ਕੀਤਾ। ਸੜਕ ਦੇ ਇਕ ਪਾਸੇ ਉੱਚੇ-ਉੱਚੇ ਗਗਨ ਚੁੰਬੀ ਪਹਾੜ ਅਤੇ ਇਕ ਪਾਸੇ ਪਹਾੜਾਂ ਦੀ ਕੁੱਖ ਵਿੱਚੋਂ ਨਿਕਲਦਾ ਦਰਿਆ ਵਗ ਰਿਹਾ ਸੀ। ਦਰਿਆ ਦੇ ਦੂਜੇ ਪਾਸੇ ਬਰਫ਼ ਨਾਲ ਢੱਕੇ ਉੱਚੇ-ਉੱਚੇ ਪਹਾੜ ਮੌਜੂਦ ਸਨ। ਕਈ ਥਾਵਾਂ ’ਤੇ ਛੋਟੇ-ਵੱਡੇ ਝਰਨੇ ਵੀ ਸੜਕ ’ਤੇ ਵਗ ਰਹੇ ਸਨ। ਕਈ ਥਾਂਵਾਂ ਤੋਂ ਸੜਕ ਬਰਫ਼ ਨੂੰ ਹਟਾ ਕੇ ਸਾਫ਼ ਕੀਤੀ ਹੋਈ ਸੀ ਅਤੇ ਸੜਕ ਦੇ ਦੋਵੇਂ ਪਾਸੇ ਬਰਫ਼ ਦੇ ਵੱਡੇ-ਵੱਡੇ ਗਲੇਸ਼ੀਅਰ ਸਨ। ਕਈ ਥਾਵਾਂ ਤੋਂ ਸਾਡੀ ਗੱਡੀ ਪਾਣੀ ਵਿੱਚੋਂ ਵੀ ਲੰਘ ਕੇ ਗਈ। ਇਹ ਸਭ ਨਜ਼ਾਰੇ ਬੜੇ ਹੀ ਦਿਲਕਸ਼ ਅਤੇ ਮਨ ਨੂੰ ਮੋਹ ਲੈਣ ਵਾਲੇ ਸਨ। ਇਸ ਇਲਾਕੇ ਵਿਚ ਆਬਾਦੀ ਬਹੁਤ ਘੱਟ ਹੋਣ ਦੇ ਬਾਵਜੂਦ ਕੁਝ ਚਰਵਾਹੇ ਭੇਡਾਂ ਬਕਰੀਆਂ ਚਰਾ ਰਹੇ ਸਨ।
ਸ਼ਾਂਤਮਈ ਪੇਂਡੂ ਜ਼ਿੰਦਗੀ
ਇਥੋਂ ਦੀ ਸ਼ਾਂਤਮਈ ਪੇਂਡੂ ਜ਼ਿੰਦਗੀ ਬੜੀ ਹੀ ਸਕੂਨ ਭਰੀ ਸੀ। ਰਸਤੇ ਵਿਚ ਬਤਾਲ ਸਥਾਨ ’ਤੇ ਚਾਚਾ ਚਾਚੀ ਦੇ ਮਸ਼ਹੂਰ ਢਾਬੇ ’ਤੇ ਚਾਹ ਪੀਤੀ ਅਤੇ ਠੰਢੀ ਹਵਾ ਦੇ ਮੌਸਮ ਦਾ ਅਨੰਦ ਵੀ ਮਾਣਿਆ। ਇਸ ਸਥਾਨ ’ਤੇ ਪੁਲਿਸ ਕੰਟਰੋਲ ਰੂਮ ਵੀ ਮੌਜੂਦ ਸੀ ਤਾਂ ਜੋ ਮੁਸ਼ਕਿਲ ਹਾਲਾਤ ਵਿਚ ਸੈਲਾਨੀਆਂ ਦੀ ਮਦਦ ਕੀਤੀ ਜਾ ਸਕੇ। ਸ਼ਾਮ ਦੇ ਸਮੇਂ ਅਸੀਂ ਚੰਦਰਤਾਲ ਝੀਲ ’ਤੇ ਪਹੁੰਚ ਗਏ। ਵਾਹਨ ਲਗਪਗ ਇਕ ਦੋ ਕਿਲੋਮੀਟਰ ਪਿੱਛੇ ਹੀ ਰੁਕ ਜਾਂਦੇ ਹਨ ਤੇ ਅੱਗੇ ਝੀਲ ਤੱਕ ਪੈਦਲ ਹੀ ਜਾਣਾ ਪਿਆ। ਇਹ ਝੀਲ ਬਹੁਤ ਹੀ ਸੁੰਦਰ ਅਤੇ ਮਨਮੋਹਕ ਨਜ਼ਾਰਾ ਪੇਸ਼ ਕਰਦੀ ਹੈ।
ਧਰਤੀ ਦਾ ਸਵਰਗ
ਇਹ ਸੱਚਮੁੱਚ ਹੀ ਧਰਤੀ ’ਤੇ ਸਵਰਗ ਵਾਂਗ ਪ੍ਰਤੀਤ ਹੁੰਦੀ ਹੈ। ਇਹ ਝੀਲ ਐਸਾ ਸਥਾਨ ਹੈ ਜੋ ਆਤਮਿਕ ਸ਼ਾਂਤੀ, ਕੁਦਰਤੀ ਸੁੰਦਰਤਾ ਅਤੇ ਇਕ ਅਧਿਆਤਮਕ ਤਜਰਬਾ ਦਿੰਦਾ ਹੈ। ਇਹ ਝੀਲ ਦੀ ਯਾਤਰਾ ਬਹੁਤ ਹੀ ਮਨਮੋਹਕ ਸੀ।
ਸਾਡੇ ਸਾਥੀ ਬੇਅੰਤ ਸਿੰਘ ਸੋਢੀ ਨੇ ਆਪਣੇ ਯੂਟਿਊਬ ਚੈਨਲ ਲਈ ਵਲੋਗ ਤਿਆਰ ਕਰਨ ਲਈ ਕਈ ਵੀਡੀਓਜ਼ ਬਣਾਈਆਂ। ਸਾਰੇ ਸਾਥੀਆਂ ਨੇ ਝੀਲ ਤੇ ਆਲੇ-ਦੁਆਲੇ ਦੀ ਸੁੰਦਰਤਾ ਦਾ ਅਨੰਦ ਮਾਣਿਆ। ਇਸ ਝੀਲ ਦਾ ਪਾਣੀ ਨੀਲਾ ਹਰਾ ਹੁੰਦਾ ਹੈ ਅਤੇ ਪਾਣੀ ਦਿਨ ਵਿਚ ਕਈ ਰੰਗ ਬਦਲਦਾ ਹੈ। ਇਸ ਝੀਲ ਵਿਚ ਤੈਰਨਾ ਜਾਂ ਇਸ਼ਨਾਨ ਕਰਨਾ ਸਖ਼ਤ ਮਨ੍ਹਾਂ ਹੈ ਕਿਉਂਕਿ ਇਥੋਂ ਦੀ ਇਕ ਮਿੱਥ ਮਸ਼ਹੂਰ ਹੈ ਕਿ ਰਾਤ ਸਮੇਂ ਇਥੇ ਪਰੀਆਂ ਇਸ਼ਨਾਨ ਕਰਨ ਆਉਂਦੀਆਂ ਹਨ ਅਤੇ ਇਥੋਂ ਦੇ ਸਥਾਨਕ ਲੋਕਾਂ ਦੀ ਇਸ ਵਿੱਚ ਬਹੁਤ ਜਿਆਦਾ ਸ਼ਰਧਾ ਹੈ ਅਤੇ ਦੂਸਰਾ ਇਸ ਦੀ ਡੁੂੰਘਾਈ ਬਹੁਤ ਜ਼ਿਆਦਾ ਹੈ, ਜਿਸ ਨੂੰ ਕਿ ਅੱਜ ਤੱਕ ਕੋਈ ਵੀ ਨਹੀਂ ਮਾਪ ਸਕਿਆ ਹੈ। ਰਾਤ ਨੂੰ ਇਥੋਂ ਅਸਮਾਨ ਚੰਦਰਮਾ ਦੀ ਰੌਸ਼ਨੀ ਨਾਲ ਚਮਕਦਾ ਹੈ ਅਤੇ ਮਿਲਕੀ ਵੇ ਸਪੱਸ਼ਟ ਦਿਖਾਈ ਦਿੰਦੀ ਹੈ। ਰਾਤ ਸਮੇਂ ਚੰਦਰਤਾਲ ਝੀਲ ਉੱਪਰ ਰਹਿਣ ਨਹੀਂ ਦਿੰਦੇ ਤਾਂ ਜੋ ਇਸ ਦੀ ਕੁਦਰਤੀ ਸੁੰਦਰਤਾ ਵਿਚ ਕਿਸੇ ਕਿਸਮ ਦਾ ਕੋਈ ਪ੍ਰਦੂਸ਼ਣ ਪੈਦਾ ਨਾ ਹੋਵੇ। ਚੰਦਰਤਾਲ ਝੀਲ ਤੋਂ ਇਕ ਡੇਢ ਕਿਲੋਮੀਟਰ ਪਿੱਛੇ ਕਾਫ਼ੀ ਕੈਂਪ ਸਾਈਟਸ ਮੌਜੂਦ ਸਨ ਜਿੱਥੇ ਰਾਤ ਨੂੰ ਰਿਹਾ ਜਾ ਸਕਦਾ ਹੈ। ਇੱਥੇ ਗਰਮੀਆਂ ਵਿਚ ਕੁਝ ਫੁੱਲਾਂ ਅਤੇ ਜੰਗਲੀ ਜੀਵਾਂ ਦੀਆਂ ਪ੍ਰਜਾਤੀਆਂ ਵੀ ਮਿਲਦੀਆਂ ਹਨ। ਸਮੇਂ ਦੇ ਨਾਲ ਇਨ੍ਹਾਂ ਪ੍ਰਜਾਤੀਆਂ ਨੇ ਵਿਸ਼ੇਸ਼ ਸਰੀਰਕ ਵਿਸ਼ੇਸ਼ਤਾਵਾਂ ਵਿਕਸਿਤ ਕਰ ਲਈਆਂ ਹਨ ਜਿਨ੍ਹਾਂ ਕਰ ਕੇ ਇਹ ਠੰਢੇ,ਸੁੱਕੇ ਮੌਸਮ, ਤੀਬਰ ਰੇਡੀਏਸ਼ਨ ਅਤੇ ਆਕਸੀਜਨ ਦੀ ਕਮੀ ਵਿਚ ਜਿਉਂਦੀਆਂ ਰਹਿੰਦੀਆਂ ਹਨ। ਗਰਮੀਆਂ ਵਿਚ ਇਥੇ ਸੁਰਖ਼ਾਬ ਵਰਗੇ ਪ੍ਰਵਾਸੀ ਪੰਛੀਆਂ ਦੀਆਂ ਪ੍ਰਜਾਤੀਆਂ ਵੀ ਪਾਈਆਂ ਜਾਂਦੀਆਂ ਹਨ।
ਅੰਤਰਰਾਸ਼ਟਰੀ ਪੱਧਰ ਦੀ ਰਾਮਸਰ ਸਾਈਟ
ਚੰਦਰਤਾਲ ਝੀਲ ਨੂੰ ਸਾਲ 2005 ਵਿਚ ਅੰਤਰਰਾਸ਼ਟਰੀ ਪੱਧਰ ਦੀ ਰਾਮਸਰ ਸਾਈਟ ਘੋਸ਼ਿਤ ਕੀਤਾ ਗਿਆ। ਇਸ ਘੋਸ਼ਣਾ ਤੋਂ ਪਹਿਲਾਂ ਇਸ ਨੂੰ 1994 ਵਿਚ ਰਾਸ਼ਟਰੀ ਪੱਧਰ ਦੀ ਵੈਟਲੈਂਡ ਘੋਸ਼ਿਤ ਕੀਤਾ ਗਿਆ ਸੀ। ਰਾਮਸਰ ਸਾਈਟਸ ਸਬੰਧੀ 2 ਫਰਵਰੀ 1971 ਨੂੰ ਈਰਾਨ ਦੇ ਸ਼ਹਿਰ ਰਾਮਸਰ ਵਿਖੇ ਵੱਧ ਜੈਵਿਕ ਵਿਭਿੰਨਤਾ ਵਾਲੀਆਂ ਵੈਟਲੈਂਡ ਸਬੰਧੀ ਸੰਮੇਲਨ ਹੋਇਆ ਸੀ। ਭਾਰਤ ਸਰਕਾਰ ਦੁਆਰਾ ਜੰਗਲੀ ਜੀਵ ਸੁਰੱਖਿਆ ਕਾਨੂੰਨ 1972 ਦੇ ਤਹਿਤ 14 ਮਈ 2007 ਨੂੰ ਚੰਦਰਤਾਲ ਝੀਲ ਨੂੰ ਜੰਗਲੀ ਜੀਵ ਰੱਖ ਆਰਜ਼ੀ ਤੌਰ ’ਤੇ ਬਣਾਇਆ ਗਿਆ ਅਤੇ ਜੂਨ 2013 ’ਚ ਇਸ ਨੂੰ ਪੱਕੇ ਤੌਰ ’ਤੇ ਜੰਗਲੀ ਜੀਵ ਰੱਖ ਘੋਸ਼ਿਤ ਕਰ ਦਿੱਤਾ ਗਿਆ ਤਾਂ ਜੋ ਇਥੋਂ ਦੀ ਜੈਵਿਕ ਵਿਭਿੰਨਤਾ ਦੀ ਰੱਖਿਆ ਹੋ ਸਕੇ। ਇਹ ਸਥਾਨ ਸੈਲਾਨੀਆਂ ਤੇ ਵੱਡੀਆਂ ਉੱਚਾਈਆਂ ਵਾਲੇ ਟਰੈਕਰਜ਼ ਲਈ ਇਕ ਪਸੰਦੀਦਾ ਸਥਾਨ ਹੈ। ਸ਼ੋਰ-ਸ਼ਰਾਬੇ ਅਤੇ ਭੀੜ-ਭਾੜ ਤੋਂ ਮੁਕਤ ਇਸ ਸਥਾਨ ’ਤੇ ਸਮਾਂ ਬਿਤਾਉਣਾ ਬਹੁਤ ਜ਼ਿਆਦਾ ਅਨੰਦਮਈ ਸੀ। ਰਾਤ ਨੂੰ ਅਸੀਂ ਵਾਪਸ ਛਤਰੂ ਆ ਗਏ ਅਤੇ ਅਗਲੇ ਦਿਨ ਮਨਾਲੀ ਅਤੇ ਫਿਰ ਘਰਾਂ ਨੂੰ ਵਾਪਸੀ ਕਰ ਲਈ । ਚੰਦਰਤਾਲ ਝੀਲ ਦੇ ਮਨਮੋਹਕ ਦ੍ਰਿਸ਼ ਅੱਜ ਵੀ ਦਿਲਾਂ ਵਿਚ ਤਾਜ਼ਾ ਹਨ।
• ਗੁਰਪ੍ਰੀਤ ਦੁੱਗਲ