ਦੱਖਣੀ ਅਫਰੀਕਾ ਇਕ ਅਜਿਹਾ ਮੁਲਕ ਹੈ ਜਿੱਥੇ ਕਿਸੇ ਸਮੇਂ ਬਹੁਤ ਜ਼ਿਆਦਾ ਨਸਲਵਾਦ ਸੀ। ਨੈਲਸਨ ਮੰਡੇਲਾ ਦੁਨੀਆ ਦੇ ਮਹਾਨ ਲੀਡਰਾਂ ਵਿੱਚੋਂ ਇਕ ਹੋਏ ਹਨ, ਜਿਨ੍ਹਾਂ ਨੂੰ ਨਸਲਵਾਦ ਦੇ ਖ਼ਿਲਾਫ਼ ਲੰਬੀ ਲੜਾਈ ਲੜਨੀ ਪਈ। ਜਦ 10 ਮਈ 1994 ਨੂੰ ਨੈਲਸਨ ਮੰਡੇਲਾ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਬਣੇ, ਤਾਂ ਕਿਤੇ ਨਸਲਵਾਦ ਦਾ ਖ਼ਾਤਮਾ ਹੋਇਆ। ਪਹਿਲਾਂ ਏਥੇ ਗੋਰੇ ਲੋਕਾਂ ਦੀ ਸਰਕਾਰ ਹੁੰਦੀ ਸੀ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਨੈਲਸਨ ਮੰਡੇਲਾ ਨੂੰ ਲੰਬਾ ਸਮਾਂ ਜੇਲ੍ਹ ਵਿਚ ਵੀ ਰਹਿਣਾ ਪਿਆ।

ਇਹ ਬਦਲਾਵ ਹੋਏ ਨੂੰ ਕੁਝ ਮਹੀਨੇ ਹੀ ਹੋਏ ਸਨ ਕਿ 5 ਅਕਤੂਬਰ 1994 ਨੂੰ ਮੈਨੂੰ ਦੱਖਣੀ ਅਫਰੀਕਾ ਜਾਣ ਦਾ ਮੌਕਾ ਮਿਲਿਆ। ‘ਥੌਰਨ ਹਿੱਲ’ ਨਾਮ ਦਾ ਮੇਰਾ ਸਮੁੰਦਰੀ ਜਹਾਜ਼ ਡਰਬਨ ਵਿਚ ਖੜ੍ਹਾ ਸੀ। ਡਰਬਨ, ਦੱਖਣੀ ਅਫਰੀਕਾ ਦਾ ਮਸ਼ਹੂਰ ਸ਼ਹਿਰ ਤੇ ਵੱਡੀ ਬੰਦਰਗਾਹ ਵੀ ਹੈ। ਜਹਾਜ਼ ਨੇ ਤਿੰਨ ਦਿਨ ਹੋਰ ਇੱਥੇ ਰੁਕਣਾ ਸੀ। ਅਗਲੇ ਦਿਨ ਅਸੀਂ ਕੁਝ ਸਾਥੀਆਂ ਨੇ ਬਾਹਰ ਘੁੰਮਣ ਜਾਣ ਦਾ ਪ੍ਰੋਗਰਾਮ ਬਣਾਇਆ। ਸੋਚਿਆ, ਦੇਖੀਏ ਤਾਂ ਸਹੀ ਲੋਕਾਂ ਤੇ ਨਸਲਵਾਦ ਦਾ ਹੁਣ ਕਿੰਨਾ ਕੁ ਅਸਰ ਹੈ। ਪੁਰਾਣੀਆਂ ਸੁਣੀਆਂ ਗੱਲਾਂ ਕਰਕੇ ਮਨ ਵਿਚ ਕੁਝ ਡਰ ਵੀ ਸੀ, ਪਰ ਕੰਪਨੀ ਏਜੰਟ ਨੇ ਦੱਸਿਆ ਕਿ ਹਾਲਾਤ ਬਹੁਤ ਬਦਲ ਗਏ ਹਨ।

ਅਸੀਂ ਚਾਰ ਜਹਾਜ਼ੀ ਸਾਥੀ ਡਰਬਨ ਦੇ ਇਕ ਇਲਾਕੇ ਵੱਲ ਘੁੰਮ ਰਹੇ ਸੀ। ਨਾਂ ਤਾਂ ਹੁਣ ਯਾਦ ਨਹੀਂ ਪਰ ਇਲਾਕਾ ਕਾਫ਼ੀ ਸਾਫ਼ ਸੁਥਰਾ ਸੀ। ਖੁੱਲ੍ਹੀਆਂ ਚੌੜੀਆਂ ਸੜਕਾਂ ਤੇ ਆਲੇ ਦੁਆਲੇ ਕਾਫ਼ੀ ਸਜਾਵਟ। ਮੈਂ ਇਕ ਗੋਰੇ ਆਦਮੀ ਨਾਲ ਗੱਲਬਾਤ ਕਰ ਕੇ ਡਰਬਨ ਅਤੇ ਮੁਲਕ ਦੇ ਤਾਜ਼ਾ ਹਾਲਾਤ ਬਾਰੇ ਜਾਣਨਾ ਚਾਹਿਆ। ਉਸਨੇ ਦੱਸਿਆ ਕਿ ਸਾਊਥ-ਅਫਰੀਕਾ ਦੀ ਆਬਾਦੀ ਹੁਣ ਕਰੀਬ 26 ਮਿਲੀਅਨ ਹੈ। ਇਸ ਵਿਚ 19 ਮਿਲੀਅਨ ਕਾਲੇ ਲੋਕ ਹਨ, 4 ਮਿਲੀਅਨ ਗੋਰੇ ਲੋਕ ਤੇ 3 ਮਿਲੀਅਨ ਹਿੰਦੋਸਤਾਨੀ ਹਨ। ਪਹਿਲਾਂ ਇੱਥੇ ਬਹੁਤ ਮਾਰਾ-ਮਾਰੀ ਚੱਲਦੀ ਰਹਿੰਦੀ ਸੀ। ਕਾਲਿਆਂ ਤੇ ਗੋਰਿਆਂ ਵਿਚ ਆਪਸੀ ਈਰਖਾ ਬਹੁਤ ਜ਼ਿਆਦਾ ਸੀ। ਪਰ ਹੁਣ ਸ਼ਾਂਤੀ ਹੈ। ਪਹਿਲਾਂ ਸਿਰਫ਼ ਗੋਰੇ ਲੋਕ ਰਾਜ ਕਰਦੇ ਸੀ। ਹੁਣ ਨੈਲਸਨ ਮੰਡੇਲਾ ਦੇ ਆਉਣ ਨਾਲ ਬਹੁਤ ਫ਼ਰਕ ਪੈ ਗਿਆ ਹੈ। ਲੋਕ ਇਕ ਦੂਜੇ ਨਾਲ ਮਿਲਣ ਜੁਲਣ ਲੱਗ ਪਏ ਹਨ। ਕਾਲਿਆਂ ਤੇ ਗੋਰਿਆਂ ਦੀ ਆਪਸੀ ਨਫ਼ਰਤ ਘਟਣੀ ਸ਼ੁਰੂ ਹੋ ਗਈ ਹੈ।

ਅਸੀਂ ਬਾਜ਼ਾਰ ਵਿਚ ਘੁੰਮ ਹੀ ਰਹੇ ਸੀ ਕਿ ਅੱਗੇ ਇਕ ਪੁਲਿਸ ਵਾਲਾ ਮਿਲ ਗਿਆ। ਉਹ ਇੰਡੀਅਨ ਸੀ। ਮੈਂ ਉਸ ਨਾਲ ਵੀ ਤਾਜ਼ਾ ਹਾਲਾਤ ਬਾਰੇ ਗੱਲਾਂ ਕੀਤੀਆਂ। ਉਸਨੇ ਵੀ ਦੱਸਿਆ ਕਿ ਹੁਣ ਨਸਲਵਾਦ ਬਹੁਤ ਘਟ ਗਿਆ ਹੈ। ਪਹਿਲਾਂ ਕੁਝ ਥਾਵਾਂ ਅਤੇ ਇਲਾਕੇ ਅਜਿਹੇ ਸਨ ਜਿੱਥੇ ਸਿਰਫ਼ ਗੋਰੇ ਲੋਕ ਹੀ ਰਹਿੰਦੇ ਸਨ। ਉਹ ਹੀ ਉਸ ਇਲਾਕੇ ਵਿਚ ਜਾ ਸਕਦੇ ਸੀ, ਕੋਈ ਦੂਸਰਾ ਨਹੀਂ। ਕਾਲੇ ਤੇ ਹੋਰਨਾਂ ਲੋਕਾਂ ਲਈ ਬਹੁਤ ਥਾਵਾਂ ਬੰਦ ਸਨ। ਕਾਲੇ ਲੋਕਾਂ ਦੀ ਨੌਜਵਾਨ ਪੀੜੀ ਵਿਚ ਅਜਿਹੀਆਂ ਗੱਲਾ ਪ੍ਰਤੀ ਬਹੁਤ ਗੁੱਸਾ ਸੀ, ਕਿ ਆਪਣੇ ਹੀ ਮੁਲਕ ਵਿਚ ਉਨ੍ਹਾਂ ’ਤੇ ਪਾਬੰਦੀਆਂ ਹਨ। ਪਰ ਹੁਣ ਪਹਿਲਾਂ ਵਾਲੀ ਗੱਲ ਨਹੀਂ ਹੈ। ਹੁਣ ਕਾਲਾ, ਗੋਰਾ, ਇੰਡੀਅਨ, ਹਰ ਕੋਈ ਕਿਤੇ ਵੀ ਆ ਜਾ ਸਕਦਾ ਹੈ। ਹਰ ਕੋਈ ਸਕੂਲ ਜਾ ਸਕਦਾ ਹੈ। ਜੋ ਮਰਜ਼ੀ ਪੜ੍ਹਾਈ ਕਰ ਸਕਦਾ ਹੈ। ਨੈਲਸਨ ਮੰਡੇਲਾ ਦੇ ਰਾਸ਼ਟਰਪਤੀ ਬਣ ਜਾਣ ਨਾਲ ਬਹੁਤ ਕੁਝ ਬਦਲ ਗਿਆ ਹੈ। ਸਾਰੇ ਲੋਕ ਹੀ ਖ਼ੁਸ਼ ਹਨ। ਗੋਰੇ ਵੀ ਸਥਿਤੀ ਨੂੰ ਸਮਝਣ ਲੱਗ ਪਏ ਹਨ ਤੇ ਆਮ ਮੇਲ ਜੋਲ ਵਧ ਰਿਹਾ ਹੈ।

ਇਹੋ ਜਿਹੀਆਂ ਗੱਲਾਂ ਸੁਣ ਕੇ ਮਨ ਨੂੰ ਤਸੱਲੀ ਹੋਈ ਤੇ ਹੁਣ ਮਨ ਸ਼ਾਂਤ ਸੀ। ਅਸੀਂ ਚਾਰਾਂ ਸਾਥੀਆਂ ਵਿਚ ਦੋ ਹਿੰਦੋਸਤਾਨੀ, ਇਕ ਸ੍ਰੀਲੰਕਨ ਤੇ ਇਕ ਫਿਲੀਪੀਨੋ ਸੀ। ਇਕ ਜਗ੍ਹਾ ਕੈਸ਼ੀਨੋ ਦਾ ਬੋਰਡ ਦੇਖ ਫਿਲੀਪੀਨੋ ਦੋਸਤ ਕਹਿਣ ਲੱਗਾ ਚਲੋ ਕੈਸ਼ੀਨੋ ਚੱਲਦੇ ਹਾਂ। ਅਸੀਂ ਇਕ ਦੂਜੇ ਵੱਲ ਝਾਕੇ ਤੇ ਕੁਝ ਝਿਜਕ ਮਹਿਸੂਸ ਕੀਤੀ। ਫਿਲੀਪੀਨੋ ਕਹਿਣ ਲੱਗਾ ਸਿਰਫ਼ ਅੱਧਾ ਘੰਟਾ, ਜ਼ਿਆਦਾ ਤੋਂ ਜ਼ਿਆਦਾ ਇਕ ਘੰਟਾ, ਬਸ। ਸਾਡੇ ਬਾਕੀ ਤਿੰਨਾਂ ’ਚੋਂ ਕੋਈ ਵੀ ਪਹਿਲਾਂ ਕੈਸ਼ੀਨੋ ਨਹੀਂ ਸੀ ਗਿਆ, ਪਰ ਐਨਾ ਪਤਾ ਸੀ ਕਿ ਉੱਥੇ ਜੂਆ ਖੇਡਦੇ ਹਨ ਤੇ ਹੋਰ ਖਾਣ ਪੀਣ ਹੁੰਦਾ ਹੈ। ਫਿਲੀਪੀਨੋ ਦੋਸਤ ਦਾ ਮਨ ਸੀ ਤਾਂ ਅਸੀਂ ਵੀ ਨਾਲ ਚੱਲ ਪਏ। ਕੈਸ਼ੀਨੋ ਦਾ ਨਾਮ ‘ਡਰਬਨ ਕੈਸ਼ੀਨੋ’ ਸੀ। ਅੰਦਰ ਗਏ ਤਾਂ ਇਹ ਕਾਫ਼ੀ ਵੱਡਾ ਸੀ। ਕਈ ਟੇਬਲਾਂ ’ਤੇ ਜੂਏ ਦੀ ਖੇਡ ਚੱਲ ਰਹੀ ਸੀ, ਤੇ ਕਈ ਅਜੇ ਖ਼ਾਲੀ ਸਨ। ਸਾਨੂੰ ਤਾਂ ਖੇਡਣਾ ਨਹੀਂ ਸੀ ਆਉਂਦਾ, ਫਿਲੀਪੀਨੋ ਝੱਟ ਇਕ ਟੇਬਲ ’ਤੇ ਬੈਠ ਕੇ ਖੇਡ ਵਿਚ ਸ਼ਾਮਲ ਹੋ ਗਿਆ।

ਮੈਂ ਨੋਟ ਕੀਤਾ ਉਸ ਕੈਸ਼ੀਨੋ ਵਿਚ ਗੋਰੇ, ਕਾਲੇ, ਤੇ ਹੋਰ, ਹਰ ਤਰ੍ਹਾਂ ਦੇ ਲੋਕ ਸ਼ਾਮਲ ਸਨ ਤੇ ਇਕ ਦੂਜੇ ਨਾਲ ਹੱਸ ਖੇਡ ਰਹੇ ਸਨ। ਕੁਝ ਬਾਹਰ ਲੋਕਾਂ ਦੀਆਂ ਸੁਣੀਆਂ ਗੱਲਾਂ ਤੇ ਕੁਝ ਅੰਦਰ ਦਾ ਮਾਹੌਲ ਦੇਖ, ਅਸੀਂ ਤਿੰਨੋਂ ਅੰਦਰ ਹੀ ਬਣੀ ਇਕ ਬਾਰ ਕਮ ਕੈਫੈ ਵਿਚ ਜਾ ਬੈਠੇ। ਅਸੀਂ ਇਕ ਇਕ ਬੀਅਰ ਲਈ ਤੇ ਪੀਣ ਲੱਗ ਪਏ। ਬੀਅਰ ਦੇ ਸਿੱਪ ਮਾਰਦਾ ਮੈਂ ਸੋਚਣ ਲੱਗਾ ਕਿੰਨੀ ਅਜੀਬ ਗੱਲ ਹੈ ਕਿ ਬਾਰ, ਨਾਈਟ-ਕਲੱਬ, ਕੈਸ਼ੀਨੋ ਤੇ ਹੋਰ ਅਜਿਹੀਆਂ ਥਾਵਾਂ ’ਤੇ ਹਰ ਤਰ੍ਹਾਂ ਦੇ ਲੋਕ ਇਕੱਠੇ ਹੋ ਜਾਂਦੇ ਹਨ। ਕਿਸੇ ਦਾ ਰੱਬ ਕਿਸੇ ਨੂੰ ਨਹੀਂ ਰੋਕਦਾ। ਸਭ ਰਲ ਮਿਲ ਕੇ ਖਾਂਦੇ, ਪੀਂਦੇ, ਖੇਡਦੇ ਤੇ ਮਸਤੀ ਕਰਦੇ ਨੇ। ਪਰ ਧਾਰਮਿਕ ਸਥਾਨਾਂ ’ਤੇ ਜੁੜੇ ਲੋਕ ਕਿੰਨਾ ਅਲੱਗ ਵਿਵਹਾਰ ਕਰਦੇ ਨੇ। ਇਕ ਦੂਜੇ ਨੂੰ ਸ਼ੱਕੀ ਨਜ਼ਰਾਂ ਨਾਲ ਦੇਖਦੇ ਨੇ। ਇਕ ਗੱਲੋਂ ਤਾਂ ਇਹ ਥਾਵਾਂ ਹੀ ਚੰਗੀਆਂ ਹੋਈਆਂ, ਭਾਵੇਂ ਧਰਮ ਦੇ ਪੁਜਾਰੀਆਂ ਲਈ ਅਜਿਹੀਆਂ ਥਾਵਾਂ ਨਰਕ ਦੇ ਅੱਡੇ ਹੀ ਹਨ।

ਸਾਡਾ ਫਿਲੀਪੀਨੋ ਦੋਸਤ ਠੀਕ ਅੱਧੇ ਘੰਟੇ ਬਾਅਦ ਆ ਕੇ ਕਹਿਣ ਲੱਗਾ ਚਲੋ ਚੱਲੀਏ। ਸਾਡੇ ਪੁੱਛਣ ’ਤੇ ਦੱਸਣ ਲੱਗਾ ਕਿ ਮੈਂ 100 ਡਾਲਰ ਖੇਡਿਆ ਸੀ ਤੇ 230 ਡਾਲਰ ਬਣ ਗਏ ਨੇ। ਬਸ, ਹੁਣ ਮੈਂ ਹੋਰ ਨਹੀਂ ਖੇਡਣਾ। ਉਹ ਖ਼ੁਸ਼ੀ ਦੇ ਮੂਡ ਵਿਚ ਸੀ ਤੇ ਖੇਡ ਦੌਰਾਨ ਹੀ ਬੀਅਰ ਵੀ ਪੀਅ ਆਇਆ ਸੀ। ਅਸੀਂ ਵੀ ਸ਼ਹਿਰ ’ਚ ਅਜੇ ਹੋਰ ਘੁੰਮਣ ਦਾ ਇਰਾਦਾ ਰੱਖਦੇ ਸੀ, ਸੋ ਜਾਣ ਲਈ ਉਠ ਖੜ੍ਹੇ ਹੋਏੇ। ਜਦ ਬੀਅਰ ਦੇ ਪੈਸੇ ਦੇਣ ਲੱਗੇ, ਅਸੀਂ ਹੈਰਾਨ ਕਿ ਉਨ੍ਹਾਂ ਕੋਈ ਪੈਸਾ ਹੀ ਨਾ ਲਿਆ। ਕਹਿੰਦੇ ਇੱਥੇ ਐਂਟਰੀ ਟਿਕਟ ਵਿਚ ਹੀ ਹਿਸਾਬ ਕਿਤਾਬ ਹੋ ਜਾਂਦਾ ਹੈ। ਟਿਕਟ ਲੈ ਕੇ ਕੈਸ਼ੀਨੋ ਦੇ ਅੰਦਰ ਆ ਜਾਣ ਤੇ ਕੋਲਡ-ਡਰਿੰਕ, ਬੀਅਰ ਅਤੇ ਸਨੈਕਸ ਮੁਫ਼ਤ ਹਨ। ਮੇਰੇ ਲਈ ਇਹ ਇਕ ਨਵੀਂ ਜਾਣਕਾਰੀ ਸੀ।

ਬਾਹਰ ਆ ਕੇ ਅਸੀਂ ਕੁਝ ਚਿਰ ਹੋਰ ਸ਼ਹਿਰ ਵਿਚ ਘੁੰਮਦੇ ਰਹੇ। ਸ਼ਾਮ ਕਾਫੀ ਢਲ ਚੁੱਕੀ ਸੀ ਤੇ ਲੋਕ ਆਮ ਹੀ ਘੁੰਮ ਫਿਰ ਰਹੇ ਸਨ। ਲੱਗਦਾ ਸੀ ਜਿਵੇਂ ਬਹੁਤੇ ਲੋਕ ਘੁੰਮਣ ਫਿਰਨ ਹੀ ਨਿਕਲੇ ਹੋਣ। ਅਸੀਂ ਦੇਖਿਆ ਦੋ-ਤਿੰਨ ਜਗ੍ਹਾ ਨੌਜਵਾਨ ਕਾਲੇ ਮੁੰਡਿਆਂ ਦੇ ਗਰੁੱਪ ਜਿਹੇ ਜੁੜਨੇ ਸ਼ੁਰੂ ਹੋ ਗਏ। ਉਹ ਆਪਸ ਵਿਚ ਹੱਸ ਹੱਸ ਗੱਲਾਂ ਕਰ ਰਹੇ ਸਨ ਤੇ ਮਸਤੀ ਵਿਚ ਸਨ। ਸ਼ਾਇਦ ਉਹ ਆਮ ਘਰਾਂ ਦੇ ਹੀ ਨੌਜਵਾਨ ਹੋਣ, ਤੇ ਹਰ ਰੋਜ਼ ਏਸੇ ਤਰ੍ਹਾਂ ਇਕੱਠੇ ਹੋ ਕੇ ਘੁੰਮਦੇ ਹੋਣ, ਪਰ ਸਾਨੂੰ ਇਹ ਗਰੁੱਪ ਦੇਖ ਕੁਝ ਫ਼ਿਕਰ ਜਿਹਾ ਹੋਣ ਲੱਗਾ। ਬਾਹਰਲੇ ਬੰਦੇ ਤਾਂ ਅਲੱਗ ਹੀ ਪਛਾਣੇ ਜਾਂਦੇ ਹਨ, ਕਿਤੇ ਇਹ ਲੁੱਟ ਖੋਹ ਦੇ ਚੱਕਰ ਵਿਚ ਸਾਨੂੰ ਹੀ ਨਾ ਘੇਰ ਲੈਣ। ਆਲੇ ਦੁਆਲੇ ਕਿਧਰੇ ਕੋਈ ਪੁਲਿਸ ਵਾਲੇ ਵੀ ਨਾ ਦਿਸੇ। ਪਤਾ ਨਹੀਂ ਕਿਉਂ ਜਿਵੇਂ-ਜਿਵੇਂ ਹਨੇਰਾ ਵਧ ਰਿਹਾ ਸੀ, ਸਾਡਾ ਘੁੰਮਣ ਦਾ ਚਾਅ ਮੱਠਾ ਪੈਣ ਲੱਗਿਆ। ਅਸੀਂ ਚੋਰ ਅੱਖ ਨਾਲ ਉਨ੍ਹਾਂ ਗਰੁੱਪਾਂ ਵੱਲ ਦੇਖ ਲੈਂਦੇ, ਤੇ ਫੇਰ ਅਸੀਂ ਚੁੱਪ ਚਾਪ ਇਕ ਦੂਜੇ ਵੱਲ ਦੇਖਦੇ।

ਸ਼ਾਂਤ ਮਨ ਅਚਾਨਕ ਅਸ਼ਾਂਤ ਹੋ ਗਏ। ਮਨਾਂ ਦੇ ਕੋਨੇ ਵਿਚ ਸੁੱਤਾ ਪਿਆ ਕੋਈ ਡਰ ਜਾਗ ਪਿਆ। ਅੰਦਰੋਂ ਹੀ ਕੋਈ ਆਵਾਜ਼ ਜਿਹੀ ਆਉਣ ਲੱਗੀ, ‘ਸਾਵਧਾਨ, ਹਨੇਰੇ ਵਿਚ ਕੋਈ ਵਾਰਦਾਤ ਵੀ ਹੋ ਸਕਦੀ ਹੈ’। ਨਾ ਚਾਹੁੰਦਿਆਂ ਵੀ ਸਾਡੀ ਨਿਗਾਹ ਮੱਲੋ ਮੱਲੀ ਉਨ੍ਹਾਂ ਨੌਜਵਾਨਾਂ ਵੱਲ ਜਾ ਰਹੀ ਸੀ। ਅਸੀਂ ਬਹੁਤਾ ਹਨੇਰਾ ਹੋਣ ਤੋਂ ਪਹਿਲਾਂ ਹੀ ਬੰਦਰਗਾਹ ਵੱਲ ਵਾਪਸ ਚੱਲ ਪਏ। ਰਸਤੇ ਵਿਚ ਦੋ ਤਿੰਨ ਵਾਰ ਪਿੱਛੇ ਸਿਰ ਘੁਮਾ ਕੇ ਵੀ ਦੇਖਿਆ, ਕਿਤੇ ਕੋਈ ਗਰੁੱਪ ਸਾਡੇ ਮਗਰ ਤਾਂ ਨਹੀਂ ਆ ਰਿਹਾ। ਪਰ ਸਾਡੇ ਮਗਰ ਤਾਂ ਕੋਈ ਵੀ ਨਹੀਂ ਸੀ ਆਇਆ। ਇਹ ਸਾਡਾ ਵਹਿਮ ਹੀ ਸੀ। ਉਸ ਮੁਲਕ ਵਿਚ ਤਾਂ ਨਸਲਵਾਦ ਖ਼ਤਮ ਹੋ ਰਿਹਾ ਸੀ, ਤੇ ਹੁਣ ਸ਼ਾਂਤੀ ਸੀ। ਪਰ ਸਾਡੇ ਮਨਾਂ ਦੇ ਕਿਸੇ ਕੋਨੇ ਵਿਚ ਡਰ ਅਜੇ ਬਰਕਰਾਰ ਸੀ। ਉਹ ਹੱਸਦੇ ਖੇਡਦੇ ਨੌਜਵਾਨਾਂ ਨੂੰ ਅਸੀਂ ਕੋਈ ਗੁੰਡੇ ਹੀ ਸਮਝੀ ਜਾ ਰਹੇ ਸੀ। ਅੱਜ ਵੀ ਜਦ ਕਦੇ ਇਹ ਗੱਲ ਯਾਦ ਆਉਂਦੀ ਹੈ ਤਾਂ ਬੜਾ ਅਜੀਬ ਮਹਿਸੂਸ ਹੁੰਦਾ ਹੈ। ਇਕ ਵਾਰ ਸੁਣਿਆ ਸੀ ਕਿ ਅਮਰੀਕਾ ਵਿਚ ਇਕ ਕਾਲੇ ਲੜਕੇ ਨੇ ਇਕ ਗੋਰੀ ਲੜਕੀ ਨੂੰ ਇਸ ਕਰਕੇ ਛੁਰਾ ਮਾਰ ਦਿੱਤਾ, ਕਿ ਗੋਰੀ ਲੜਕੀ ਕਾਲੇ ਨੂੰ ਦੇਖ ਕੇ ਘਬਰਾ ਤੇ ਡਰ ਗਈ ਸੀ।

ਬਾਅਦ ਵਿਚ ਉਸ ਕਾਲੇ ਲੜਕੇ ਨੇ ਦੱਸਿਆ ਸੀ ਕਿ ਇਹ ਔਰਤ ਆਰਾਮ ਨਾਲ ਸਾਹਮਣੇ ਤੋਂ ਆ ਰਹੀ ਸੀ। ਮੈਂ ਵੀ ਜਾ ਰਿਹਾ ਸੀ। ਕੋਲ ਦੀ ਲੰਘ ਜਾਂਦੀ ਕੁਝ ਵੀ ਨਹੀਂ ਸੀ ਹੋਣਾ। ਪਰ ਮੈਨੂੰ ਦੇਖ ਇਸਨੇ ਹੋਰ ਹੀ ਤਰ੍ਹਾਂ ਦਾ ਚਿਹਰਾ ਬਣਾ ਲਿਆ ਤੇ ਪਰੇ ਦੀ ਹੋ ਕੇ ਲੰਘਣ ਦੀ ਕੋਸ਼ਿਸ਼ ਕੀਤੀ। ਬਸ ਇਸੇ ਗੱਲ ਤੋਂ ਮੈਨੂੰ ਗੁੱਸਾ ਆ ਗਿਆ ਕਿ ਕਾਲਾ ਹੋਣ ਕਰਕੇ ਇਹ ਮੇਰੇ ਪ੍ਰਤੀ ਘਟੀਆ ਤੇ ਨਫ਼ਰਤ ਦੀ ਸੋਚ ਰੱਖਦੀ ਹੈ ਆਖਰ ਕਿਉਂ? ਤੇ ਮੈਂ ਇਸ ਨੂੰ ਛੁਰਾ ਮਾਰ ਦਿੱਤਾ।

ਜਹਾਜ਼ਾਂ ਵਿਚ ਅਕਸਰ ਅਲੱਗ ਅਲੱਗ ਤਰ੍ਹਾਂ ਦੇ ਲੋਕ ਇਕੱਠੇ ਮਿਲ ਕੇ ਕੰਮ ਕਰਦੇ ਹਨ। ਇਹ ਗੱਲ ਮੈਂ ਆਪਣੀ ‘ਸਮੁੰਦਰ ਦਾ ਆਦਮੀ’ ਕਿਤਾਬ ਵਿਚਲੀਆਂ ਕਹਾਣੀਆਂ ਰਾਹੀਂ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਵੀ ਕਿਸੇ ਵਕਤ, ਕਿਸੇ ਜਗ੍ਹਾ, ਕਿਸੇ ਡਰ ’ਚ ਗ੍ਰੱਸਿਆ ਬੰਦਾ ਕਿਵੇਂ ਅਲੱਗ ਵਿਵਹਾਰ ਕਰਨ ਲੱਗਦਾ ਹੈ, ਡਰਬਨ ਵਾਲੀ ਇਹ ਘਟਨਾ ਉਸਦੀ ਇਕ ਉਦਾਹਰਣ ਮਾਤਰ ਹੈ। ਡਰਬਨ ਵਿਚ ਉਹ ਕਾਲੇ ਨੌਜਵਾਨਾਂ ਦੇ ਗਰੁੱਪ ਦੇਖ ਕੇ ਸ਼ਾਇਦ ਸਾਨੂੰ/ਮੈਨੂੰ ਵੀ ਇਹੀ ਕੁਝ ਤਾਂ ਹੋ ਗਿਆ ਸੀ।

- ਪਰਮਜੀਤ ਮਾਨ

Posted By: Harjinder Sodhi