12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਦੀ ਚਰਨ ਛੋਹ ਧਰਤੀ ਅਤੇ ਦੇਸ਼ ਦੀ ਅਮੀਰ ਵਿਰਾਸਤ ਨੂੰ ਸਾਂਭੀ ਬੈਠੀ ਫ਼ਰੀਦਕੋਟ ਦੀ ਸਿੱਖ ਰਿਆਸਤ ਦੁਨੀਆ ਦੇ ਇਤਿਹਾਸਕਾਰਾਂ ਦੀ ਨਜ਼ਰ ਵਿਚ ਹੁਣੇ ਹੀ ਪਈ ਹੈ। 12ਵੀਂ ਸਦੀ ਤਕ ਫ਼ਰੀਦਕੋਟ ਨੂੰ ਮੋਕਲ ਨਗਰ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਸੀ, ਉਸ ਸਮੇਂ ਰਾਜਾ ਮੋਕਲਦੇਵ ਇੱਥੋਂ ਦਾ ਸ਼ਾਸਕ ਸੀ ਅਤੇ ਉਨ੍ਹਾਂ ਨੇ ਬਾਬਾ ਫ਼ਰੀਦ ਦੀ ਫੇਰੀ ਦੌਰਾਨ ਇਸ ਸ਼ਹਿਰ ਦਾ ਨਾਮ ਫ਼ਰੀਦਕੋਟ ਰੱਖਿਆ। 16ਵੀਂ ਸਦੀ ਵਿਚ ਇਸ ’ਤੇ ਬਰਾੜ ਵੰਸ਼ ਦਾ ਕਬਜ਼ਾ ਹੋ ਗਿਆ।

ਦੁਨੀਆ ਭਰ ’ਚ ਆਪਣੀ ਵਿਲੱਖਣ ਪਛਾਣ ਵਾਲੀ ਫ਼ਰੀਦਕੋਟ ਰਿਆਸਤ ਸਤਲੁਜ ਦਰਿਆ ਦੇ ਦੱਖਣ ਵਾਲੇ ਕੰਢੇ ’ਤੇ ਸਥਾਪਿਤ ਕੀਤੀ ਗਈ ਸੀ ਅਤੇ ਇਹ ਲਾਹੌਰ ਤੋਂ 105 ਕਿਲੋਮੀਟਰ ਦੂਰ ਹੈ। ਮੁਗ਼ਲ ਰਾਜ ਭਾਗ ਦੀ ਸਮਾਪਤੀ ਤੋਂ ਬਾਅਦ ਸੰਨ 1827 ਵਿਚ ਇਸ ਉੱਪਰ ਬਰਾੜ ਵੰਸ਼ ਦੇ ਰਾਜਾ ਪਹਾੜਾ ਸਿੰਘ ਦਾ ਕਬਜ਼ਾ ਹੋ ਗਿਆ। 1849 ਵਿਚ ਪਹਾੜਾ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ 21 ਸਾਲਾ ਪੁੱਤਰ ਵਜ਼ੀਰ ਸਿੰਘ (1849-1874) ਇਸ ਰਿਆਸਤ ਦੇ ਰਾਜਾ ਰਹੇ। ਵਜ਼ੀਰ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਬਿਕਰਮ ਸਿੰਘ ਨੂੰ (1874-1898) ਨੂੰ ਫ਼ਰੀਦਕੋਟ ਸਿੱਖ ਰਿਆਸਤ ’ਤੇ ਰਾਜਭਾਗ ਕਰਨ ਦਾ ਮੌਕਾ ਮਿਲਿਆ। ਬਿਕਰਮ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਮਹਾਰਾਜਾ ਬਲਬੀਰ ਸਿੰਘ (1898-1906) ਫ਼ਰੀਦਕੋਟ ਦੇ ਸ਼ਕਤੀਸ਼ਾਲੀ ਸ਼ਾਸਕ ਵਜੋਂ ਉੱਭਰੇ। ਸੰਨ 1906 ਤੋਂ 1916 ਤਕ ਫ਼ਰੀਦਕੋਟ ਰਿਆਸਤ ਵਿਚ ਕੌਂਸਲ ਆਫ਼ ਰੀਜੰਸੀ ਦਾ ਕਬਜ਼ਾ ਰਿਹਾ। 1916 ਵਿਚ ਮਹਾਰਾਜਾ ਬਿ੍ਰਜਿੰਦਰ ਸਿੰਘ ਨੇ ਫ਼ਰੀਦਕੋਟ ਦਾ ਰਾਜ ਭਾਗ ਸੰਭਾਲਿਆ। ਇਸ ਮੌਕੇ ਦੂਜਾ ਵਿਸ਼ਵ ਯੁੱਧ ਛਿੜ ਚੁੱਕਾ ਸੀ ਅਤੇ ਮਹਾਰਾਜਾ ਬਿ੍ਰਜਿੰਦਰ ਸਿੰਘ ਨੇ ਬਿ੍ਰਟਿਸ਼ ਸਰਕਾਰ ਨੂੰ 17 ਲੱਖ ਰੁਪਏ ਕਰਜੇ ਵਜੋਂ ਦਿੱਤੇ ਅਤੇ ਬਿ੍ਰਟਿਸ਼ ਸਰਕਾਰ ਨੂੰ ਹਥਿਆਰ, ਘੋੜੇ, ਊਠ ਅਤੇ 2800 ਦੇ ਕਰੀਬ ਫ਼ੌਜੀ ਜਵਾਨ ਵੀ ਭੇਜੇ ਜਿਸ ਤੋਂ ਉਨ੍ਹਾਂ ਦੇ ਬਿ੍ਰਟਿਸ਼ ਸਰਕਾਰ ਨਾਲ ਸਬੰਧ ਹੋਰ ਵੀ ਗੂੜ੍ਹੇ ਹੋ ਗਏ। ਮਹਾਰਾਜਾ ਬਿ੍ਰਜਿੰਦਰ ਸਿੰਘ ਦੀ ਇਸ ਸਹਾਇਤਾ ਤੋਂ ਖ਼ੁਸ਼ ਹੋ ਕੇ ਬਿ੍ਰਟਿਸ਼ ਸਰਕਾਰ ਨੇ ਉਸ ਸਨਮਾਨ ਵਜੋਂ ਉਸ ਨੂੰ ਮੇਜਰ ਰੈਂਕ ਦੀ ਉਪਾਧੀ ਦੇ ਦਿੱਤੀ। ਪ੍ਰੰਤੂ ਉਹ ਬਹੁਤਾ ਸਮਾਂ ਰਾਜ ਭਾਗ ਨਹੀਂ ਕਰ ਸਕੇ ਅਤੇ 1918 ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸੰਨ 1918-1934 ਤਕ ਫ਼ਰੀਦਕੋਟ ਰਿਆਸਤ ਵਿਚ ਕੌਂਸਲ ਆਫ਼ ਐਡਮਨਿਸਟਰੇਸ਼ਨ ਦਾ ਕੰਮ ਚਲਾਊ ਪ੍ਰਬੰਧ ਰਿਹਾ। ਬਰਾੜ ਵੰਸ਼ ਦੇਆਖ਼ਰੀ ਰਾਜਾ ਹਰਿੰਦਰ ਸਿੰਘ ਨੇ 17 ਅਕਤੂਬਰ 1934 ਨੂੰ ਫ਼ਰੀਦਕੋਟ ਰਿਆਸਤ ਦੇ ਰਾਜੇ ਵਜੋਂ ਰਾਜ ਭਾਗ ਸੰਭਾਲਿਆ। ਉਨ੍ਹਾਂ ਨੇ ਆਪਣੇ ਸਮੇਂ ਵਿਚ ਫ਼ਰੀਦਕੋਟ ਸਿੱਖ ਰਿਆਸਤ ’ਚ ਵਿਲੱਖਣ ਇਮਾਰਤਾਂ ਦਾ ਨਿਰਮਾਣ ਕਰਵਾਇਆ। ਕਾਮਰਸ ਦਾ ਕਾਲਜ ਪਿਸ਼ਾਵਰ ਤੇ ਦਿੱਲੀ ਤੋਂ ਬਾਅਦ ਇਕੱਲੇ ਫ਼ਰੀਦਕੋਟ ਵਿਚ ਹੀ ਮੌਜੂਦ ਸੀ। ਰਾਜਾ ਹਰਿੰਦਰ ਸਿੰਘ ਨੇ ਬਿ੍ਰਜਿੰਦਰਾ ਕਾਲਜ, ਜੂਨੀਅਰ ਬੇਸਿਕ ਟਰੇਨਿੰਗ ਸਕੂਲ, ਬਿ੍ਰਕਰਮ ਕਾਲਜ ਆਫ਼ ਕਾਮਰਸ, ਖੇਤੀਬਾੜੀ ਕਾਲਜ, ਆਰਟ ਤੇ ਕਰਾਫ਼ਟ ਸਕੂਲ ਖੋਲ੍ਹੇ। ਉਸ ਸਮੇਂ ਫ਼ਰੀਦਕੋਟ ਰਿਆਸਤ ਵਿਚ 8 ਹਾਈ ਸਕੂਲ ਅਤੇ ਹਰ ਪਿੰਡ ਵਿਚ ਇਕ ਪ੍ਰਾਇਮਰੀ ਸਕੂਲ ਸਮੇਤ ਸਿਹਤ ਕੇਂਦਰਾਂ ਦਾ ਨਿਰਮਾਣ ਕਰਵਾਇਆ। ਫ਼ਰੀਦਕੋਟ ਵਿਚ ਤਿੰਨ ਦਰਜਨ ਤੋਂ ਵੱਧ ਖ਼ੂਬਸੂਰਤ ਇਮਾਰਤਾਂ ਦੇ ਨਿਰਮਾਣ ਨੇ ਇੱਥੋਂ ਦੀ ਭਵਨ ਨਿਰਮਾਣ ਕਲਾ ਨੂੰ ਦੁਨੀਆ ’ਚ ਖ਼ੂਬ ਪ੍ਰਸਿੱਧੀ ਦਿਵਾਈ। ਹਾਲਾਂਕਿ ਸਮਾਂ ਬੀਤਣ ਨਾਲ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਦਾ ਵਜੂਦ ਖ਼ਤਮ ਹੋ ਚੁੱਕਾ ਹੈ। ਪ੍ਰੰਤੂ ਸਕੱਤਰੇਤ, ਵਿਕਟੋਰੀਆ ਟਾਵਰ, ਲਾਲ ਕੋਠੀ, ਅਰਾਮ ਘਰ, ਅਸਤਬਲ, ਰਾਜ ਮਹਿਲ, ਸ਼ੀਸ਼ ਮਹਿਲ, ਮੋਤੀ ਮਹਿਲ, ਸ਼ਾਹੀ ਕਿਲ੍ਹਾ, ਸ਼ਾਹੀ ਸਮਾਧਾਂ ਆਦਿ ਇਮਾਰਤਾਂ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ। ਫ਼ਰੀਦਕੋਟ ਰਿਆਸਤ ਦੀਆਂ ਖ਼ੂਬਸੂਰਤ ਇਮਾਰਤਾਂ ਲਾਹੌਰ, ਸ਼ਿਮਲਾ ਅਤੇ ਦਿੱਲੀ ’ਚ ਵੀ ਸਨ। ਰਾਜਾ ਹਰਿੰਦਰ ਸਿੰਘ ਇਕ ਕੁਸ਼ਲ ਪ੍ਰਬੰਧਕ ਵਜੋਂ ਵੀ ਮਕਬੂਲ ਹੋਏ। ਉਨ੍ਹਾਂ ਨੇ ਆਪਣੀ ਰਿਆਸਤ ’ਚ ਭੀਖ ਮੰਗਣ ’ਤੇ ਮੁਕੰਮਲ ਪਾਬੰਦੀ ਲਾਈ ਹੋਈ ਸੀ ਅਤੇ ਦੇਸ਼ ਦੇ ਬਟਵਾਰੇ ਸਮੇਂ ਉਸ ਨੇ ਆਪਣੀ ਰਿਆਸਤ ਵਿਚ ਇਕ ਵੀ ਦੰਗਾ ਫ਼ਸਾਦ, ਲੁੱਟ-ਖੋਹ ਜਾਂ ਕਤਲ ਨਹੀਂ ਹੋਣ ਦਿੱਤਾ। ਪਾਕਿਸਤਾਨ ਜਾਣ ਵਾਲੇ ਪਰਿਵਾਰਾਂ ਨੂੰ ਪੂਰੀ ਹਿਫ਼ਾਜ਼ਤ ਨਾਲ ਭੇਜਿਆ ਗਿਆ।

ਮਹਾਰਾਜਾ ਹਰਿੰਦਰ ਸਿੰਘ ਨੇ ਆਪਣੇ ਰਾਜਭਾਗ ਦੌਰਾਨ ਫ਼ਰੀਦਕੋਟ ਸਿੱਖ ਰਿਆਸਤ ਬਾਰੇ ਇਕ ਵਸੀਅਤ ਕੀਤੀ ਸੀ, ਜਿਸ ਵਿਚ ਉਸ ਨੇ ਫ਼ਰੀਦਕੋਟ ਰਿਆਸਤ ਦੀਆਂ ਵਿਰਾਸਤੀ ਇਮਾਰਤਾਂ, ਖ਼ਜ਼ਾਨਾ, ਜਾਇਦਾਦ ਆਦਿ ਸੰਭਾਲਣ ਲਈ ਮਹਾਂਰਾਵਲ ਖੇਵਾ ਜੀ ਟਰੱਸਟ ਦੀ ਸਥਾਪਨਾ ਕੀਤੀ। ਅੱਜ ਕੱਲ੍ਹ ਇਹੀ ਟਰੱਸਟ ਫ਼ਰੀਦਕੋਟ ਰਿਆਸਤ ਦੀ ਵਿਰਾਸਤ ਨੂੰ ਸਾਂਭ ਰਿਹਾ ਹੈ। ਭਾਰਤ ਸਰਕਾਰ ਨੇ 15 ਜੁਲਾਈ 1948 ਨੂੰ ਫ਼ਰੀਦਕੋਟ ਰਿਆਸਤ ਨੂੰ ਖ਼ਤਮ ਕਰ ਕੇ ਇੱਥੇ ਲੋਕਤੰਤਰ ਸਰਕਾਰ ਦਾ ਗਠਨ ਕਰ ਦਿੱਤਾ ਸੀ। ਬਾਅਦ ਵਿਚ ਪੰਜਾਬ ਸਰਕਾਰ ਨੇ ਫ਼ਰੀਦਕੋਟ ਰਿਆਸਤ ਦਾ ਵੱਡਾ ਹਿੱਸਾ ਜਾਇਦਾਦ ਅਤੇ ਇਮਾਰਤਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਮਹਾਰਾਜਾ ਹਰਿੰਦਰ ਸਿੰਘ ਫ਼ਰੀਦਕੋਟ ਰਿਆਸਤ ਦੇ ਆਖ਼ਰੀ ਰਾਜਾ ਸਨ ਅਤੇ ਉਨ੍ਹਾਂ ਦਾ 16 ਅਕਤੂਬਰ 1989 ਨੂੰ ਦੇਹਾਂਤ ਹੋ ਗਿਆ ਸੀ। ਹੁਣ ਉਨ੍ਹਾਂ ਦੀ ਇਕਲੌਤੀ ਪੁੱਤਰੀ ਮਹਾਰਾਣੀ ਦੀਪਇੰਦਰ ਕੌਰ ਜੋ ਵਰਧਮਾਨ ਦੇ ਰਾਜਾ ਸਦਾ ਸਿੰਘ ਮਹਿਤਾਬ ਨਾਲ ਵਿਆਹੀ ਹੋਈ ਹੈ। ਫ਼ਰੀਦਕੋਟ ਰਿਆਸਤ ਦਾ ਰਾਜ ਮਹਿਲ ਅਤੇ ਸ਼ਾਹੀ ਕਿਲ੍ਹਾ ਅੱਜ ਵੀ ਆਪਣੀ ਸਦੀ ਪੁਰਾਣੀ ਦਿੱਖ ਨੂੰ ਸੁਰੱਖਿਅਤ ਸਾਂਭੀ ਬੈਠਾ ਹੈ।

ਇਸ ਅੰਦਰ ਆਮ ਲੋਕਾਂ ਦੇ ਜਾਣ ’ਤੇ ਮਨਾਹੀ ਹੈ। ਰਾਜ ਮਹਿਲ ਆਪਣੇ ਆਪ ਵਿਚ ਦੁਨੀਆ ਦੇ ਖ਼ੂਬਸੂਰਤ ਮਹਿਲਾਂ ਵਿੱਚੋਂ ਇਕ ਹੈ। ਸ਼ਾਹੀ ਕਿਲ੍ਹੇ ਦੇ ਤੋਸ਼ਖਾਨੇ ਵਿਚ ਰਿਆਸਤ ਦੇ ਹਥਿਆਰਾਂ ਸਮੇਤ ਦਸਮ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਦਾ ਖੜਗ ਅਤੇ ਢਾਲ ਅੱਜ ਵੀ ਪਈ ਹੈ ਜੋ ਉਨ੍ਹਾਂ ਨੇ ਚੌਧਰੀ ਕਪੂਰਾ ਸਿੰਘ ਨੂੰ ਬਖ਼ਸ਼ੀ ਸੀ। ਫ਼ਰੀਦਕੋਟ ਰਿਆਸਤ ਵਿਚ ਬਣਾਏ ਸਵਾਗਤੀ ਦਰਵਾਜ਼ੇ ਦੁਨੀਆ ਦੇ ਸਭ ਤੋਂ ਉੱਤਮ ਭਵਨ ਨਮੂਨਿਆਂ ਦੀ ਮਿਸਾਲ ਹਨ। ਇਸ ਸ਼ਹਿਰ ਵਿਚ ਬਾਬਾ ਫ਼ਰੀਦ ਜੀ ਦੀ ਫੇਰੀ ਨੇ ਇਸ ਦੀ ਵਿਰਾਸਤ ਨੂੰ ਦੁਨੀਆ ਭਰ ਵਿਚ ਮਕਬੂਲ ਕਰਨ ਲਈ ਅਹਿਮ ਯੋਗਦਾਨ ਪਾਇਆ ਹੈ। ਬਾਬਾ ਫ਼ਰੀਦ ਦੀ ਯਾਦ ਵਿਚ ਬਣੇ ਟਿਲਾ ਬਾਬਾ ਫ਼ਰੀਦ ਵਿਖੇ ਦੁਨੀਆ ਭਰ ਤੋਂ ਬਾਬਾ ਫ਼ਰੀਦ ਜੀ ਦੇ ਸ਼ਰਧਾਲੂ ਇੱਥੇ ਆਉੇਂਦੇ ਹਨ ਅਤੇ ਉਨ੍ਹਾਂ ਦੀ ਯਾਦ ਵਿਚ ਹਰ ਸਾਲ 19 ਤੋਂ 23 ਸਤੰਬਰ ਤੱਕ ਪੰਜ ਰੋਜ਼ਾ ਆਗਮਨ ਪੁਰਬ ਮਨਾਇਆ ਜਾਂਦਾ ਹੈ। ਇਸ ਉਤਸਵ ਨੇ ਵੀ ਫ਼ਰੀਦਕੋਟ ਦੀ ਅਮੀਰ ਵਿਰਾਸਤ ਨੂੰ ਦੁਨੀਆ ਦੇ ਰੂ-ਬ-ਰੂ ਕੀਤਾ ਹੈ। ਪੰਜਾਬ ਸਰਕਾਰ ਨੇ ਬਾਬਾ ਫ਼ਰੀਦ ਆਗਮਨ ਪੁਰਬ ਨੂੰ ਵਿਰਾਸਤ ਮੇਲੇ ਦਾ ਦਰਜਾ ਤਾਂ ਦੇ ਦਿੱਤਾ ਹੈ, ਪਰ ਵਿਰਾਸਤ ਨੂੰ ਸੰਭਾਲਣ ਲਈ ਕੁਝ ਨਹੀਂ ਕੀਤਾ।

ਪੰਜਾਬ ਸਰਕਾਰ ਨੇ ਫ਼ਰੀਦਕੋਟ ਸਿੱਖ ਰਿਆਸਤ ਦੀ ਅਰਬਾਂ ਰੁਪਏ ਦੀ ਜਾਇਦਾਦ ਅਤੇ ਇਮਾਰਤਾਂ ਨੂੰਸਰਪਲਸ ਕਾਨੂੰਨ ਤਹਿਤ ਆਪਣੇ ਕਬਜ਼ੇ ਵਿਚ ਲੈ ਲਿਆ, ਜਿੱਥੇ ਹੁਣ ਪੰਜਾਬ ਸਰਕਾਰ ਦੇ ਸਰਕਾਰੀ ਦਫ਼ਤਰ ਚੱਲ ਰਹੇ ਹਨ। ਰਿਆਸਤ ਦੀਆਂ ਜਾਇਦਾਦਾਂ ਨੂੰ ਹਥਿਆਉਣ ਵੇਲੇ ਸਰਕਾਰ ਨੇ ਤਰਕ ਦਿੱਤਾ ਸੀ ਕਿ ਹਥਿਆਏ ਗਏ ਆਰਥਿਕ ਸੋਮਿਆਂ ਨੂੰ ਉਸੇ ਇਲਾਕੇ ਦੀ ਸਾਂਭ ਸੰਭਾਲ ’ਤੇ ਖ਼ਰਚਿਆ ਜਾਵੇਗਾ ਪ੍ਰੰਤੂ ਸਾਲਾਂ ਦੇ ਇਤਿਹਾਸ ਵਿਚ ਸੂਬਾ ਦੀ ਕਿਸੇ ਵੀ ਸਰਕਾਰ ਨੇ ਰਿਆਸਤ ਦੀ ਅਮੀਰ ਵਿਰਾਸਤ ਨੂੰ ਸਾਂਭਣ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ। ਸ਼ਾਹੀ ਕਿਲ੍ਹੇ ਸਾਹਮਣੇ ਸਥਿੱਤ ਚਾਰ ਦਰਵਾਜ਼ੇ ਪੂਰੀ ਤਰ੍ਹਾਂ ਖ਼ਤਮ ਚੁੱਕੇ ਹਨ। ਇਸੇ ਤਰ੍ਹਾਂ ਵਿਕਟੋਰੀਆ ਟਾਵਰ ਸਾਹਮਣੇ ਬਣੇ ਆਲੀਸ਼ਾਨ ਗੁੰਬਦ ਨਗਰ ਕੌਂਸਲ ਨੇ ਵੇਚ ਦਿੱਤੇ ਜਿੱਥੇ ਹੁਣ ਬੇਤਰਤੀਬੀਆਂ ਦੁਕਾਨਾਂ ਤੇ ਹੋਟਲ ਬਣੇ ਹੋਏ ਹਨ। ਰਾਜ ਮਹਿਲ ਅਤੇ ਵਿਕਟੋਰੀਆ ਟਾਵਰ ਦੇ ਰਸਤੇ ਵਿਚ ਬਣਿਆ ਸ਼ਾਹੀ ਫੁਹਾਰਾ ਵੀ ਨਗਰ ਕੌਂਸਲ ਨੇ ਵੇਚ ਦਿੱਤਾ ਹੈ। ਪੈਸੇ ਅਤੇ ਅਣਦੇਖੀ ਦੀ ਘਾਟ ਕਾਰਨ ਫ਼ਰੀਦਕੋਟ ਰਿਆਸਤ ਦੀਆਂ ਇਕ ਦਰਜਨ ਇਮਾਰਤਾਂ ਢਹਿ ਢੇਰੀ ਹੋ ਚੁੱਕੀਆਂ ਹਨ ਅਤੇ ਇੱਥੇ ਹੁਣ ਸੀਮਿੰਟ ਨਾਲ ਆਧੁਨਿਕ ਇਮਾਰਤਾਂ ਉਸਾਰ ਦਿੱਤੀਆਂ ਗਈਆਂ ਹਨ। ਫ਼ਰੀਦਕੋਟ ਪ੍ਰਸ਼ਾਸ਼ਨ ਨੇ ਰਿਆਸਤ ਦੀਆਂ 52 ਇਤਿਹਾਸਕ ਇਮਾਰਤਾਂ ਨੂੰ ਸਾਂਭਣ ਲਈ ਪੁਰਾਤੱਤਵ ਵਿਭਾਗ ਤੋਂ 52 ਕਰੋੜ ਰੁਪਏ ਦੀ ਮੰਗ ਕੀਤੀ ਸੀ।

ਸ਼ਾਹੀ ਸਮਾਧਾਂ

ਫ਼ਰੀਦਕੋਟ ਰਿਆਸਤ ਦੇ ਪਹਿਲੇ ਰਾਜਾ ਪਹਾੜਾ ਸਿੰਘ ਤੋਂ ਲੈ ਕੇ ਆਖ਼ਰੀ ਰਾਜਾ ਹਰਿੰਦਰ ਸਿੰਘ ਦਾ ਅੰਤਿਮ ਸੰਸਕਾਰ ਇੱਥੇ ਹੀ ਕੀਤਾ ਗਿਆ ਸੀ। ਸ਼ਾਹੀ ਪਰਿਵਾਰ ਦੇ ਕਬਰਸਤਾਨ ਨੂੰ ਸ਼ਾਹੀ ਸਮਾਧਾਂ ਦਾ ਨਾਮ ਦਿੱਤਾ ਗਿਆ ਹੈ। ਸ਼ਾਹੀ ਸਮਾਧਾਂ ਦੇ ਹੱਕ ਨੂੰ ਲੈ ਕੇ ਰਾਜ ਘਰਾਣੇ ਦੇ ਮਹੰਤ ਬਲਦੇਵ ਦਾਸ ਅਤੇ ਰਿਆਸਤ ਦੀ ਸਾਂਭ ਸੰਭਾਲ ਕਰ ਰਹੇ ਟਰੱਸਟ ਦਰਮਿਆਨ ਕਾਨੂੰਨੀ ਲੜਾਈ ਚੱਲ ਰਹੀ ਹੈ। ਸ਼ਾਹੀ ਪਰਿਵਾਰ ਦੀਆਂ ਸਮਾਧਾਂ ਵਾਲੀ ਵਿਸ਼ਾਲ ਇਮਾਰਤ ਦੀ ਦਿੱਖ ਵੀ ਰਿਆਸਤ ਦਾ ਸ਼ਾਹੀ ਠਾਠ ਬਿਆਨ ਕਰਦੀ ਹੈ।

- ਹਰਪ੍ਰੀਤ ਸਿੰਘ ਚਾਨਾ

Posted By: Harjinder Sodhi