ਸਮੁੰਦਰ ਦੀ ਜ਼ਿੰਦਗੀ ਬੜੀ ਰੁਮਾਂਚਕ ਹੈ ਤੇ ਖ਼ਤਰਨਾਕ ਵੀ। ਸਮੁੰਦਰੀ ਜਹਾਜ਼ਾਂ ਦੀ ਨੌਕਰੀ ਦੌਰਾਨ ਮੈਨੂੰ ਵੱਖ-ਵੱਖ ਸਮੁੰਦਰਾਂ ਵਿਚ ਘੁੰਮਣ ਦਾ ਮੌਕਾ ਮਿਲਿਆ। ਬਹੁਤ ਮੁਲਕਾਂ ਤੇ ਬੰਦਰਗਾਹਾਂ ਵਿਚ ਜਾਣ, ਕਈ ਕੁਝ ਦੇਖਣ, ਜਾਣਨ ਤੇ ਮਾਣਨ ਦਾ ਮੌਕਾ ਮਿਲਿਆ। ਪੰਜਾਬ ਸਮੁੰਦਰ ਤੋਂ ਬਹੁਤ ਦੂਰੀ ’ਤੇ ਹੈ। ਪੰਜਾਬੀਆਂ ਨੇ ਅਜੇ ਤਕ ਸਮੁੰਦਰ ਵੱਲ ਦੀ ਖਿੜਕੀ ਦਾ ਕੋਈ ਖ਼ਾਸ ਨੋਟਿਸ ਨਹੀਂ ਲਿਆ। ਉਨ੍ਹਾਂ ਨੇ ਸਮੁੰਦਰ ਨੂੰ ਜ਼ਿਆਦਾਤਰ ਉਨ੍ਹਾਂ ਖਿੜਕੀਆਂ ਰਾਹੀਂ ਹੀ ਤੱਕਿਆ ਹੈ, ਜਿਨ੍ਹਾਂ ਰਾਹੀਂ ਉਸ ਨੂੰ ਆਪਣਾ ਆਲਾ-ਦੁਆਲਾ ਦਿਸਦਾ ਰਿਹਾ। ਇਹ ਸੁਭਾਵਿਕ ਵੀ ਹੈ ਕਿ ਉਹ ਆਪਣੇ ਆਲੇ-ਦੁਆਲੇ ਨੂੰ ਵੱਧ ਵੇਖੇ ਤੇ ਜਾਣੇ ਪਰ ਹੁਣ ਸਮਾਂ ਤੇ ਜ਼ਮਾਨਾ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਸਾਡੇ ਨੌਜਵਾਨ ਥੋਕ ’ਚ ਬਾਹਰ ਜਾ ਰਹੇ ਹਨ ਤੇ ਬਾਕੀ ਜਾਣ ਦੀ ਤਿਆਰੀ ਵਿਚ ਹਨ। ਸੱਤ ਸਮੁੰਦਰ ਪਾਰ ਦੀ ਕਹਾਣੀ ਸਿਰਫ਼ ਗੱਲਾਂ ’ਚ ਨਹੀਂ ਰਹੀ, ਹਕੀਕਤ ਬਣ ਰਹੀ ਹੈ। ਅੱਜ ਦੇ ਨੌਜਵਾਨਾਂ ਨੇ ਧਾਰਮਿਕ ਸਥਾਨਾਂ ਦੇ ਨਾਲ-ਨਾਲ ਸਮੁੰਦਰੀ ਟਾਪੂਆਂ, ਸਮੁੰਦਰੀ ਬੀਚਾਂ ਤੇ ਬਾਹਰ ਦਾ ਰੁਖ਼ ਵੀ ਕੀਤਾ ਹੋਇਆ ਹੈ।

ਦੁਨੀਆ ਇਕ ਅਜਿਹਾ ਸ਼ਬਦ ਹੈ ਜਿਸ ਵਿਚ ਸਾਰੀ ਮਨੁੱਖਤਾ, ਸਾਰੇ ਮੁਲਕ, ਸਾਰੀ ਧਰਤੀ ਤੇ ਹੋਰ ਬਹੁਤ ਕੁਝ ਆ ਜਾਂਦਾ ਹੈ। ਦੁਨੀਆ ਵਾਸਤੇ ਆਮ ਗੱਲਬਾਤ ਵਿਚ ਅਸੀਂ ਕਿੰਨੇ ਹੀ ਸ਼ਬਦ ਤੇ ਮੁਹਾਵਰੇ ਵਰਤਦੇ ਹਾਂ। ਦੁਨੀਆ ਬੜੀ ਅਜੀਬ, ਦੁਨੀਆ ਬੜੀ ਮਹਾਨ, ਦੁਨੀਆ ਦੀ ਕੋਈ ਥਾਹ ਨਹੀਂ ਆਦਿ ਅਸੀਂ ਆਮ ਹੀ ਕਹਿੰਦੇ ਰਹਿੰਦੇ ਹਾਂ। ਦੁਨੀਆ ਦਾ ਹੋਰ ਰਹੱਸ ਜਾਣਨ, ਇਸ ਨੂੰ ਭੋਗਣ ਤੇ ਮਾਣਨ, ਲਈ ਸਦੀਆਂ ਤੋਂ ਇਨਸਾਨ ਖੋਜਾਂ ਕਰਨ ’ਤੇ ਲੱਗਾ ਹੋਇਆ ਹੈ ਤੇ ਅੱਗੇ ਵੀ ਲੱਗਾ ਰਹੇਗਾ। ਹਰ ਕੋਈ ਆਪਣੀ ਸਮਰੱਥਾ ਅਨੁਸਾਰ ਧਰਤੀ ਉਪਰਲੀ ਇਸ ਦੁਨੀਆ ਨੂੰ ਵੱਧ ਤੋਂ ਵੱਧ ਘੁੰਮ ਫਿਰ ਕੇ ਦੇਖਣਾ ਚਾਹੁੰਦਾ ਹੈ।

ਧਰਤੀ ਉਪਰਲੀ ਦੁਨੀਆ ਵਾਂਗ ਹੀ ਇਕ ਦੁਨੀਆ ਸਮੁੰਦਰ ਦੀ ਵੀ ਹੈ, ਜੋ ਧਰਤੀ ਤੋਂ ਕੁਝ ਹਟਕੇ ਤੇ ਇਕ ਤਰ੍ਹਾਂ ਨਾਲ ਨਿਰਾਲੀ ਹੈ। ਭਾਵੇਂ ਤਿੰਨ ਹਿੱਸੇ ਪਾਣੀ ਤੇ ਇਕ ਹਿੱਸਾ ਧਰਤੀ ਦੀ ਗੱਲ ਤਾਂ ਸਾਰੇ ਜਾਣਦੇ ਹਨ ਪਰ ਸਮੁੰਦਰ ਦੀ ਦੁਨੀਆ ਬਾਬਤ ਲੋਕ ਘੱਟ ਹੀ ਜਾਣਦੇ ਹਨ। ਇਸ ਬਾਬਤ ਉਹੀ ਲੋਕ ਥੋੜ੍ਹਾ ਬਹੁਤ ਜਾਣਦੇ ਹਨ, ਜੋ ਸਮੁੰਦਰਾਂ ’ਚ ਘੁੰਮਦੇ ਜਾਂ ਸਮੁੰਦਰ ਕਿਨਾਰੇ ਰਹਿੰਦੇ ਹਨ। ਸਮੁੰਦਰ ਤੋਂ ਦੂਰ ਬੈਠੇ ਲੋਕਾਂ ’ਚ ਇਸ ਬਾਰੇ ਬਹੁਤੀ ਦਿਲਚਸਪੀ ਵੀ ਨਹੀਂ।

ਕੁਦਰਤ ਨੇ ਸਮੁੰਦਰ ਨੂੰ ਜੋ ਰੂਪ ਦਿੱਤਾ ਸੋ ਦਿੱਤਾ ਪਰ ਮਨੁੱਖ ਨੇ ਆਪਣੀ ਸਹੂਲਤ ਲਈ ਇਸ ਨੂੰ ਵੱਖ-ਵੱਖ ਨਾਵਾਂ ਨਾਲ ਬੋਲਣਾ ਤੇ ਜਾਣਨਾ ਸ਼ੁਰੂ ਕਰ ਦਿੱਤਾ। ਹਿੰਦ ਮਹਾਂਸਾਗਰ, ਪ੍ਰਸ਼ਾਂਤ ਮਹਾਂਸਾਗਰ, ਉੱਤਰੀ ਐਟਲਾਂਟਿਕ, ਦੱਖਣੀ ਐਟਲਾਂਟਿਕ, ਅੰਟਾਰਟਿਕਾ, ਅਰੈਕਟਿਕ ਸਾਗਰ ਆਦਿ ਨਾਂ ਮਨੁੱਖ ਨੇ ਦਿੱਤੇ। ਇਨ੍ਹਾਂ ਮਹਾਂਸਾਗਰਾਂ ਵਿਚ ਵੀ ਅੱਗੇ ਛੋਟੇ ਸਮੁੰਦਰ ਤੇ ਖਾੜੀਆਂ ਦੇ ਨਾਂ ਦੇ ਕੇ ਹੋੋਰ ਸਹੂਲਤ ਪੈਦਾ ਕਰ ਲਈ ਜਿਵੇਂ ਅਰਬ ਸਾਗਰ, ਲਾਲ ਸਾਗਰ, ਕਾਲਾ ਸਾਗਰ, ਕੈਸਪੀਅਨ ਸਮੁੰਦਰ, ਮੈਡੀਟੇਰੀਅਨ ਸਮੁੰਦਰ, ਕੈਰੇਬੀਅਨ ਸਮੁੰਦਰ, ਚਾਈਨਾ ਸਮੁੰਦਰ, ਬੰਗਾਲ ਦੀ ਖਾੜੀ, ਮੈਕਸੀਕੋ ਦੀ ਖਾੜੀ ਤੇ ਹੋਰ ਵੀ ਬਹੁਤ ਨਾਂ ਹਨ।

ਧਰਤੀ ਦੇ ਤਾਪਮਾਨ ਤੇ ਮੌਸਮ ਵਾਂਗ ਵੱਖ-ਵੱਖ ਮਹਾਸਾਗਰਾਂ ਤੇ ਅੱਗੇ ਛੋਟੇ ਸਮੁੰਦਰਾਂ ਵਿਚਲੇ ਪਾਣੀ ਦੇ ਵੀ, ਵੱਖ-ਵੱਖ ਤਾਪਮਾਨ ਹਨ ਤੇ ਇਹ ਬਦਲਦੇ ਵੀ ਰਹਿੰਦੇ ਹਨ। ਕਈ ਸਮੁੰਦਰ ਅਜਿਹੇ ਹਨ ਕਿ ਜੇ ਕੋਈ ਵਿਅਕਤੀ ਇਸ ਵਿਚ ਡਿੱਗ ਪਵੇ ਤਾਂ ਉਹ ਕਈ ਦਿਨਾਂ ਤਕ ਵੀ ਜਿਉਂਦਾ ਰਹਿ ਸਕਦਾ ਹੈ। ਇਸ ਨੂੰ ਆਮ ਬੋਲੀ ਵਿਚ ਨਿੱਘਾ ਸਮੁੰਦਰ ਵੀ ਕਹਿ ਦਿੰਦੇ ਹਨ ਤੇ ਕਈ ਸਮੁੰਦਰ ਐਨੇ ਠੰਢੇ ਹਨ ਕਿ ਉਸ ’ਚ ਡਿੱਗਿਆ ਵਿਅਕਤੀ ਕੁਝ ਘੰਟੇ ਮਸਾਂ ਕੱਟਦਾ ਹੈ।

ਸਮੁੰਦਰ ਦਾ ਪਾਣੀ ਆਮ ਅੱਖ ਨਾਲ ਕਈ ਵਾਰ ਖੜ੍ਹਾ ਨਜ਼ਰ ਆਉਂਦਾ ਹੈ ਪਰ ਇਹ ਪਾਣੀ ਕਦੇ ਵੀ ਖੜ੍ਹਾ ਨਹੀਂ ਸਗੋਂ ਹਰ ਵਕਤ ਹਿੱਲਦਾ ਤੇ ਵਗਦਾ ਰਹਿੰਦਾ ਹੈ। ਸਮੁੰਦਰੀ ਕਿਨਾਰਿਆਂ ਦੇ ਪਾਣੀ ਦਾ ਕਈ ਮੀਟਰ ਉੱਪਰ ਤਕ ਚੜ੍ਹ ਜਾਣਾ ਤੇ ਫੇਰ ਕਈ ਮੀਟਰ ਥੱਲੇ ਨੂੰ ਉਤਰ ਜਾਣਾ, ਇਸ ਜਵਾਰਭਾਟਾ ਕਿਰਿਆ ਨੂੰ ਤਾਂ ਸਾਰੇ ਹੀ ਜਾਣਦੇ ਹਾਂ। ਇਸ ਦੇ ਨਾਲ ਹੀ ਸਮੁੰਦਰ ਦੀ ਉੱਪਰਲੀ ਸਤ੍ਹਾ ਦੇ ਥੱਲੇ ਇਹ ਸਾਡੇ ਸੂਏ-ਨਹਿਰਾਂ ਦੇ ਪਾਣੀ ਵਾਂਗ ਵਗਦਾ ਵੀ ਰਹਿੰਦਾ ਹੈ। ਇਸ ਨੂੰ ਜਹਾਜ਼ੀ ਲੋਕ ‘ਸੀ-ਕਰੰਟ’ ਕਹਿੰਦੇ ਹਨ। ਉਹ ਪਾਣੀ ਕਿੰਨੀ ਗਤੀ ਨਾਲ ਵਗ ਰਿਹਾ ਹੈ ਉਸਨੂੰ ਕਰੰਟ-ਸਪੀਡ ਕਹਿੰਦੇ ਹਨ। ਸਮੁੰਦਰ ’ਚ ਚੱਲਦੇ ਜਹਾਜ਼ਾਂ ਨੂੰ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਪੈਂਦਾ ਹੈ ਕਿ ‘ਸੀ-ਕਰੰਟ’ ਕਿਸ ਦਿਸ਼ਾ ਵੱਲੋਂ ਹੈ ਤੇ ਉਸ ਕਰੰਟ ਦੀ ਸਪੀਡ ਕੀ ਹੈ। ਧਰਤੀ ਦੇ ਜੀਵਾਂ ਦੀ ਤਰ੍ਹਾਂ ਸਮੁੰਦਰ ਦੇ ਪਾਣੀਆਂ ਵਿਚ ਵੀ ਅਣਗਿਣਤ ਹੀ ਜਲ-ਜੀਵ ਹਨ। ਉਹ ਸਮੁੰਦਰ ਵਿਚ ਹੀ ਪੈਦਾ ਹੁੰਦੇ ਤੇ ਖ਼ਤਮ ਹੁੰਦੇ ਰਹਿੰਦੇ ਨੇ। ਕਈ ਪਾਣੀਆਂ ਵਿਚ ਬੜੇ ਖ਼ਤਰਨਾਕ ਜਲ-ਜੀਵ ਜਿਵੇਂ ਸ਼ਾਰਕ, ਮਗਰਮੱਛ ਤੇ ਪਰੇਤ ਆਦਿ ਹਨ ਤੇ ਕਈ ਪਾਣੀਆਂ ਵਿਚ ਮਨੁੱਖ ਦੇ ਮਿੱਤਰ ਜਲ-ਜੀਵ ਵੇਲ ਤੇ ਡਾਲਫਿਨ ਆਦਿ ਵੀ ਹਨ। ਪਰੇਤ (ਜਹਾਜ਼ੀ ਲੋਕਾਂ ਦੀ ਬੋਲੀ) ਕੱਛੂ ਜਾਤੀ ਦਾ ਬਹੁਤ ਖ਼ਤਰਨਾਕ ਜਲਜੀਵ ਹੈ, ਜੋ ਅਫਰੀਕਾ ਦੇ ਇਵਰੀ ਕੋਸਟ ’ਤੇ ਪਾਇਆ ਜਾਂਦਾ ਹੈ। ਇਸ ਦਾ ਵਜ਼ਨ ਤਕਰੀਬਨ ਦੋ ਕੁਇੰਟਲ ਤੋਂ ਵੀ ਵੱਧ ਹੁੰਦਾ ਹੈ। ਜਿਵੇਂ ਆਪਣੇ ਕਹਾਵਤ ਹੈ ‘ਤਕੜੇ ਦਾ ਸੱਤੀ ਵੀਹੀਂ ਸੌ’ ਉਸੇ ਤਰ੍ਹਾਂ ਇਹ ਸਮੁੰਦਰ ਵਿਚ ਵੀ ਹੈ ਤੇ ਵੱਡੀ ਮੱਛੀ, ਛੋਟੀ ਮੱਛੀ ਨੂੰ ਖਾਂਦੀ ਹੈ। ਸਮੁੰਦਰ ਦਾ ਪਾਣੀ ਕੁਝ ਖਾਰਾ ਹੋਣ ਕਰਕੇ ਸਿੱਧਾ ਪੀਣ ਦੇ ਲਾਇਕ ਨਹੀਂ ਪਰ ਜਹਾਜ਼ੀ ਲੋਕ ਇਸ ਨੂੰ ਸਾਫ਼ ਕਰ ਕੇ ਵਰਤੋਂ ਵਿਚ ਲੈਂਦੇ ਹਨ। ਦਰਿਆ ਦੇ ਪਾਣੀ ਨਾਲੋਂ ਸਮੁੰਦਰ ਦਾ ਪਾਣੀ ਕੁਝ ਭਾਰਾ ਹੁੰਦਾ ਹੈ ਤੇ ਤੈਰਨਾ ਸੌਖਾ। ਜੇ ਵਿਅਕਤੀ ਸਮੁੰਦਰ ਵਿਚ ਡਿੱਗ ਪਵੇ ਤਾਂ ਉਹ ਥੋੜ੍ਹੀ ਕੋਸ਼ਿਸ਼ ਕਰਨ ’ਤੇ ਵੀ ਤੈਰਦਾ ਰਹਿ ਸਕਦਾ ਹੈ।

ਸਮੁੰਦਰ ਨੂੰ ਮਨੁੱਖ ਦੀ ਕਿੰਨੀ ਕੁ ਲੋੜ ਹੈ ਕਹਿ ਨਹੀਂ ਸਕਦਾ, ਪਰ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮਨੁੱਖ ਨੂੰ ਸਮੁੰਦਰ ਦੀ ਬਹੁਤ ਲੋੜ ਹੈ। ਦੁਨੀਆ ਦੀ ਆਰਥਿਕਤਾ ਦਾ ਵੱਡਾ ਹਿੱਸਾ ਸਮੁੰਦਰ ’ਤੇ ਨਿਰਭਰ ਹੋ ਚੁੱਕਾ ਹੈ। ਮੱਛੀ, ਝੀਂਗਾ, ਕੇਕੜੇ ਤੇ ਅਨੇਕਾਂ ਹੀ ਜਲ-ਜੀਵ ਮਨੁੱਖੀ ਖੁਰਾਕ ਤੇ ਖਾਣਪੀਣ ਦਾ ਹਿੱਸਾ ਬਣ ਚੁੱਕੇ ਹਨ, ਜੋ ਸਮੁੰਦਰ ਤੋਂ ਪ੍ਰਾਪਤ ਹੁੰਦੇ ਹਨ। ਸਾਰੀ ਦੁਨੀਆ ਵਿਚ ਸਮੁੰਦਰ ਕੰਢੇ ਵੱਸਦੇ ਸ਼ਹਿਰਾਂ ਤੇ ਪਿੰਡਾਂ ਦੇ ਲੱਖਾਂ ਲੋਕ ਕਿਸ਼ਤੀਆਂ, ਮੋਟਰ-ਬੋਟ ਤੇ ਸਟੀਮਰਾਂ ਆਦਿ ਰਾਹੀਂ ਮੱਛੀਆਂ ਫੜਕੇ ਆਪਣੀ ਰੋਜ਼ੀ ਰੋਟੀ ਚਲਾ ਰਹੇ ਹਨ। ਹਰ ਦਰਮਿਆਨੇ ਤੇ ਵੱਡੇ ਹੋਟਲਾਂ ਜਾਂ ਰੈਸਟੋਰੈਂਟਾਂ ਵਿਚ ਜੋ ਸਮੁੰਦਰੀ ਭੋਜਨ (ਸੀ-ਫੂਡ) ਮਿਲ ਰਿਹਾ ਹੈ, ਉਹ ਸਮੁੰਦਰ ਤੋਂ ਆ ਰਿਹਾ ਹੈ। ਦੁਨੀਆ ਭਰ ਵਿਚ ਇਸ ਭੋਜਨ ਦੀ ਮੰਗ ਹੈ ਤੇ ਇਹਦੀ ਆਪਣੀ ਇਕ ਵੱਡੀ ਮਾਰਕਿਟ ਚੇਨ ਬਣ ਚੁੱਕੀ ਹੈ, ਜਿਸਨੂੰ ਅੱਜ ਦੇ ਸਮੇਂ ਵਿਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਸਮੁੰਦਰੀ ਲੂਣ ਤੇ ਸਮੁੰਦਰਾਂ ਹੇਠੋਂ ਨਿਕਲਣ ਵਾਲੇ ਗੈਸ ਤੇ ਤੇਲ, ਤਾਂ ਹੁਣ ਆਮ ਗੱਲ ਹੋ ਗਈ ਹੈ ਤੇ ਸਭ ਨੂੰ ਪਤਾ ਹੈ। ਹੁਣ ਤਾਂ ਸਮੁੰਦਰ ਤੋਂ ਸੈਂਕੜੇ ਮੀਲ ਦੂਰ ਬੈਠੇ ਲੋਕ ਵੀ ਇਹ ਗੱਲਾਂ ਜਾਨਣ ਲੱਗ ਪਏ ਹਨ। ਦੁਨੀਆ ਦੇ ਵਪਾਰ ਦਾ ਵੱਡਾ ਹਿੱਸਾ ਸਮੁੰਦਰ ਰਾਹੀਂ ਚੱਲ ਰਿਹਾ ਹੈ। ਨਵੀਆਂ ਬੰਦਰਗਾਹਾਂ ਦਾ ਨਿਰਮਾਣ ਹੋਇਆ ਜੋ ਆਰਥਿਕਤਾ ਵਿਚ ਵੱਡਾ ਯੋਗਦਾਨ ਪਾ ਰਹੀਆਂ ਹਨ। ਲੱਖਾਂ ਲੋਕਾਂ ਨੂੰ ਇਨ੍ਹਾਂ ਬੰਦਰਗਾਹਾਂ ਤੇ ਸਮੁੰਦਰੀ ਜਹਾਜ਼ਾਂ ਵਿਚ ਰੁਜ਼ਗਾਰ ਮਿਲਿਆ ਹੈ। ਘੁੰਮਣ ਫਿਰਨ ਦੇ ਸ਼ੌਕੀਨ ਲੱਖਾਂ ਲੋਕ ਪੈਸੰਜਰ ਜਹਾਜ਼ਾਂ ਵਿਚ ਘੁੰਮਦੇ ਹਨ ਤੇ ਵੱਖ-ਵੱਖ ਟਾਪੂਆਂ ਤੇ ਸਮੁੰਦਰੀ ਬੀਚਾਂ ’ਤੇ ਜਾ ਕੇ ਜੀਵਨ ਦਾ ਆਨੰਦ ਮਾਣਦੇ ਹਨ। ਸਮੁੰਦਰੀ ਟਾਪੂਆਂ ਦੀ ਆਪਣੀ ਇਕ ਵੱਖਰੀ ਹੀ ਆਭਾ ਹੈ, ਤੇ ਅਨੇਕਾਂ ਟਾਪੂ ਤਾਂ ਸੈਲਾਨੀਆਂ ਲਈ ਸਵਰਗ ਵਾਂਗ ਹਨ। ਸਮੁੰਦਰ ਵਿਚ ਚੜ੍ਹਦੇ ਸੂਰਜ ਤੇ ਛਿਪਦੇ ਸੂਰਜ ਨੂੰ ਦੇਖਣ ਦਾ ਆਪਣਾ ਇਕ ਵੱਖਰਾ ਹੀ ਨਜ਼ਾਰਾ ਹੈ। ਸਵੇਰ ਸਮੇਂ ਸਮੁੰਦਰ ਦੀ ਸਤਹਿ ਵਿੱਚੋਂ ਹੌਲੀ-ਹੌਲੀ ਨਿਕਲ ਰਿਹਾ ਸੰਤਰੇ ਰੰਗ ਦਾ ਗੋਲਾ (ਸੂਰਜ) ਅਤੇ ਸ਼ਾਮ ਨੂੰ ਹੌਲੀ-ਹੌਲੀ ਸਮੁੰਦਰ ਦੀ ਸਤਹਿ ਵਿਚ ਸਮਾ ਰਿਹਾ ਇਹ ਗੋਲਾ, ਦੇਖ ਕੇ ਮਨ ਨੂੰ ਕੋਈ ਅਜੀਬ ਜਿਹੀ ਖ਼ੁਸ਼ੀ ਮਿਲਦੀ ਹੈ। ਕਦੇ ਸਮੁੰਦਰ ਦੀ ਸਤਹਿ ਤੋਂ ਆਕਾਸ਼ ਤਕ ਬਣਿਆ ਪਾਣੀ ਦਾ ਫੁਆਰਾ, ਤੇ ਕਿਤੇ ਸਮੁੰਦਰ ਵਿਚ ਪਹਾੜੀ ਨੁਮਾ ਉਭਰੇ ਛੋਟੇ ਜਿਹੇ ਟਾਪੂ ਦੇ ਉਸ ਪਹਾੜ ’ਚੋਂ ਨਿਕਲ ਰਿਹਾ ਗਰਮ ਲਾਵਾ, ਦੇਖ ਕੇ ਕੁਦਰਤ ਅੱਗੇ ਸਿਰ ਝੁਕਦਾ ਹੈ। ਮੈਂ ਆਪਣੀ ਜਹਾਜ਼ੀ ਜ਼ਿੰਦਗੀ ਦੌਰਾਨ ਇਹ ਨਜ਼ਾਰੇ ਆਪਣੀ ਅੱਖੀਂ ਨੇੜੇ ਤੋਂ ਦੇਖੇ ਹਨ, ਜੋ ਕਦੇ ਵੀ ਨਹੀਂ ਭੁੱਲ ਸਕਦੇ। ਸਮੁੰਦਰ ਦੀ ਜ਼ਿੰਦਗੀ ਵਿਚ ਅਗਰ ਰੁਮਾਂਚ ਹੈ ਤਾਂ ਨਾਲ ਖ਼ਤਰੇ ਵੀ ਬਹੁਤ ਹਨ। ਸਮੁੰਦਰ ਜਦ ਆਪਣਾ ਗੁੱਸਾ ਤੇ ਨਾਰਾਜ਼ਗੀ ਪ੍ਰਗਟ ਕਰਦਾ ਹੈ ਤਾਂ ਖ਼ੂਬ ਤਬਾਹੀ ਮਚਾਉਂਦਾ ਹੈ। ਸਮੁੰਦਰ ਕਿਨਾਰੇ ਵੱਸੇ ਲੋਕਾਂ ਨੂੰ ਪਤਾ ਹੈ ਕਿਵੇਂ ਕਈ ਮੀਟਰ ਉੱਚੀਆਂ ਛੱਲਾਂ ਦਨ-ਦਨਾਉਂਦੀਆਂ ਆ ਕੇ ਕਿੰਨਾ ਨੁਕਸਾਨ ਕਰਦੀਆਂ ਹਨ। ਜਹਾਜ਼ ਜਦ ਤੂਫ਼ਾਨ ਵਿਚ ਫਸ ਜਾਂਦੇ ਹਨ, ਤਾਂ ਉਨ੍ਹਾਂ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ। ਕਈ ਲੰਬੇ ਜਹਾਜ਼ ਵਿਚਕਾਰੋਂ ਟੁੱਟ ਦੋ ਹਿੱਸੇ ਹੋ ਜਾਂਦੇ ਹਨ। ਕਈ ਘੁੰਮਣ ਘੇਰੀਆਂ ਵਿਚ ਫਸ ਜਾਂਦੇ ਹਨ। ਹਰ ਸਾਲ ਕਈ ਜਹਾਜ਼ ਸਮੁੰਦਰ ਵਿਚ ਡੁੱਬਦੇ ਹਨ, ਜਿਸ ਨਾਲ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਛੋਟੀ ਕਿਸ਼ਤੀ ਵਾਲਿਆਂ ਮਛੇਰਿਆਂ ਤੇ ਹੋਰ ਵੀ ਮਾੜਾ ਅਸਰ ਪੈਂਦਾ ਹੈ ਤੇ ਇਨ੍ਹਾਂ ਦਾ ਬਹੁਤ ਨੁਕਸਾਨ ਹੁੰਦਾ ਹੈ।

ਇਨਸਾਨ ਧਰਤੀ ’ਤੇ ਹੋਵੇ, ਆਕਾਸ਼ ’ਚ ਜਾਂ ਸਮੁੰਦਰ ’ਚ, ਉਹ ਹਮੇਸ਼ਾ ਔਕੜਾਂ ਤੇ ਮੁਸ਼ਕਿਲਾਂ ਨਾਲ ਦੋ ਹੱਥ ਕਰਦਾ ਆਇਆ ਹੈ ਤੇ ਕਰਦਾ ਰਹੇਗਾ। ਹਰ ਮੁਸੀਬਤ ਦਾ ਸਾਹਮਣਾ ਕਰਦਿਆਂ ਇਨਸਾਨ ਨੇ ਸਮੁੰਦਰਾਂ ਦਾ ਹਰ ਕੋਨਾ ਛਾਣ ਮਾਰਿਆ। ਸਮੁੰਦਰ ਦੇ ਚੱਪੇ-ਚੱਪੇ ਦੇ ਨਕਸ਼ੇ ਬਣ ਚੁੱਕੇ ਹਨ। ਨਵੀਆਂ ਤਕਨੀਕਾਂ ਦੀ ਬਦੌਲਤ ਸਮੁੰਦਰਾਂ ਵਿਚ ਕਿਤੇ ਵੀ ਘੁੰਮ ਰਿਹਾ ਜਹਾਜ਼ ਹਰ ਵਕਤ ਆਪਣੇ ਹੈੱਡ-ਕੁਆਟਰ ਜਾਂ ਕੰਪਨੀ ਨਾਲ ਸੰਪਰਕ ਵਿਚ ਬਣਿਆ ਰਹਿੰਦਾ ਹੈ। ਪਰ ਇਸ ਸਭ ਦੇ ਬਾਵਜੂਦ ਐਕਸੀਡੈਂਟ ਵੀ ਹੁੰਦੇ ਰਹਿੰਦੇ ਹਨ, ਜਹਾਜ਼ ਡੁੱਬਦੇ ਵੀ ਹਨ, ਜਾਨੀ ਤੇ ਮਾਲੀ ਨੁਕਸਾਨ ਹੁੰਦਾ ਰਹਿੰਦਾ ਹੈ। ਮੇਰੀਆਂ ਕਹਾਣੀਆਂ ਦੀ ਕਿਤਾਬ ‘ਸਮੁੰਦਰ ਦਾ ਆਦਮੀ’ ਆਉਣ ਤੋਂ ਬਾਅਦ ਕਖਈ ਦੋਸਤ ਮਿੱਤਰ ਤੇ ਹੋਰ ਮੈਨੂੰ ਸਮੁੰਦਰ ਦਾ ਆਦਮੀ ਕਹਿਣ ਲੱਗ ਪਏ। ਸਮੁੰਦਰ ਸਾਨੂੰ ਨਜ਼ਰਅੰਦਾਜ਼ ਕਰ ਸਕਦਾ ਹੈ ਪਰ ਅਸੀਂ ਸਮੁੰਦਰ ਨੂੰ ਨਹੀਂ।

ਸਮੁੰਦਰ ਦੇ ਪਾਣੀ ਦੇ ਕਈ ਰੰਗ

ਰੰਗਾਂ ਦੇ ਹਿਸਾਬ ਨਾਲ ਵੀ ਸਮੁੰਦਰ ਦੇ ਪਾਣੀ ਦੇ ਕਈ ਰੰਗ ਹਨ। ਕਈ ਥਾਵਾਂ ’ਤੇ ਇਹ ਪਾਣੀ ਹਰੀ ਭਾਅ ਮਾਰਦਾ ਹੈ ਤੇ ਇੰਝ ਲੱਗਦਾ ਹੈ ਜਿਵੇਂ ਕੋਈ ਵੱਡੀ ਹਰੀ ਚਾਦਰ ਵਿਛਾਈ ਪਈ ਹੋਵੇ। ਹੋਰ ਕਿਸੇ ਥਾਂ ’ਤੇ ਇਹ ਪਾਣੀ ਨੀਲੀ ਭਾਅ ਮਾਰਦਾ ਹੈ ਜਿਵੇਂ ਗੂੜ੍ਹੀ ਨੀਲੀ ਚਾਦਰ ਵਿਛੀ ਪਈ ਹੋਵੇ। ਕਿਤੇ ਇਹ ਪਾਣੀ ਬੜਾ ਘਸਮੈਲਾ ਜਿਹਾ ਨਜ਼ਰ ਪੈਂਦਾ ਹੈ ਤੇ ਕਿਤੇ ਐਨਾ ਸਾਫ਼ ਤੇ ਸਪੱਸ਼ਟ ਹੈ ਕਿ ਕਈ ਮੀਟਰ ਹੇਠਾਂ ਤਕ ਸਭ ਕੁਝ ਨਜ਼ਰ ਪੈਂਦਾ ਹੈ। ਸੋ ਜੇ ਸਾਡੀ ਧਰਤੀ ਦੀ ਦੁਨੀਆ ਰੰਗ-ਬਿਰੰਗੀ ਹੈ ਤਾਂ ਸਮੁੰਦਰ ਦੀ ਦੁਨੀਆ ਵੀ ਰੰਗ-ਬਿਰੰਗੀ ਹੀ ਹੈ।

- ਪਰਮਜੀਤ ਮਾਨ

Posted By: Harjinder Sodhi