ਏਜੰਸੀ, ਨਵੀਂ ਦਿੱਲੀ : ਦੁਬਈ ਵਿਚ ਦੁਨੀਆ ਦਾ ਸਭ ਤੋਂ ਗਹਿਰਾ ਸਵੀਮਿੰਗ ਪੂਲ ਹੈ। ਇਸ ਦਾ ਨਾਂ ਡੀਪ ਡਾਈਵ ਦੁਬਈ ਰੱਖਿਆ ਗਿਆ ਹੈ। ਇਹ ਨਾਦ ਅਲ ਸ਼ੇਬਾ ਏਰੀਆ ਵਿਚ ਬਣਾਇਆ ਗਿਆ ਹੈ। ਇਸ ਪੂਲ ਦੀ ਗਹਿਰਾਈ ਰਿਕਾਰਡ 60 ਮੀਟਰ ਹੈ, ਜੋ ਓਲੰਪਿਕ ਸਾਈਜ਼ ਦੇ ਛੇ ਸਵੀਮਿੰਗ ਪੂਲ ਦੇ ਬਰਾਬਰ ਹੈ। ਇਸ ਵਿਚ 1 ਕਰੋੜ 40 ਲੱਖ ਲੀਟਰ ਪਾਣੀ ਆਉਂਦਾ ਹੈ। ਇਸ ਪੂਲ ਨੂੰ ਜਲਮਗਨ ਸ਼ਹਿਰ ਵਾਂਗ ਬਣਾਇਆ ਗਿਆ ਹੈ।

ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਇਸ ਪੂਲ ਦੀ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਲਿਖਿਆ, ‘ਡੀਪ ਡਾਈਵ ਦੁਬਈ ਵਿਚ ਇਕ ਪੂਰੀ ਦੁਨੀਆ ਤੁਹਾਡਾ ਇੰਤਜ਼ਾਰ ਕਰ ਰਹੀ ਹੈ।’

ਇਸ ਪੂਲ ਦਾ ਆਕਾਰ ਵਿਸ਼ਾਲ ਸੀਪ ਵਾਂਗ ਬਣਾਇਆ ਗਿਆ ਹੈ। 1500 ਵਰਗਮੀਟਰ ਵਿਚ ਫੈਲੇ ਇਸ ਇਲਾਕੇ ਵਿਚ ਇਕ ਡਾਈਵ ਸ਼ਾਪ, ਗਿਫਟ ਸ਼ਾਪ ਅਤੇ 80 ਸੀਟਾਂ ਵਾਲਾ ਰੈਸਟੋਰੈਂਟ ਵੀ ਹੈ ਜੋ ਇਸ ਸਾਲ ਦੇ ਆਖਰ ਤਕ ਖੁੱਲ੍ਹ ਜਾਵੇਗਾ। ਸੁਰੱਖਿਆ ਦੇ ਉਦੇਸ਼ਾਂ ਲਈ ਪੂਲ ਵਿਚ 50 ਤੋਂ ਜ਼ਿਆਦਾ ਕੈਮਰੇ ਲਾਏ ਗਏ ਹਨ। ਇਸ ਵਿਚ 2 ਅੰਡਰਵਾਟਰ ਡਰਾਈ ਚੈਂਬਰ ਵੀ ਹਨ, ਜਿਨ੍ਹਾਂ ਵਿਚ ਬੈਠ ਕੇ ਸਵੀਮਿੰਗ ਪੂਲ ਦਾ ਖੂਬਸੂਰਤ ਨਜ਼ਾਰਾ ਦੇਖਿਆ ਜਾ ਸਕੇਗਾ। ਇਸ ਤੋਂ ਇਲਾਵਾ ਗੋਤਾਖੋਰਾਂ ਲਈ ਹੇਠਾਂ ਟੇਬਲ ਫੁੱਟਬਾਲ ਅਤੇ ਹੋਰ ਗੇਮਾਂ ਖੇਡਣ ਦੀ ਸਹੁੂਲਤ ਵੀ ਦਿੱਤੀ ਗਈ ਹੈ। ਇਸ ਲਈ ਤੁਹਾਨੂੰ ਇਕ ਘੰਟੇ ਲਈ 10000 ਤੋਂ ਲੈ ਕੇ 30000 ਰੁਪਏ ਦੇਣੇ ਪੈਣਗੇ।

ਗਿੰਨੀਜ਼ ਵਰਲਡ ਰਿਕਾਰਡ ਦੇ ਆਫੀਸ਼ਿਅਲ ਇੰਸਟਾਗ੍ਰਾਮ ਅਕਾਉਂਟ ’ਤੇ ਵੀ ਪੂਲ ਦਾ ਵੀਡੀਓ ਸ਼ੇਅਰ ਕੀਤਾ ਗਿਆ ਹੈ। ਸੀਪ ਦੇ ਆਕਾਰ ਦੀ ਬਣਤਰ ਸੰਯੁਕਤ ਅਰਬ ਅਮੀਰਾਤ ਦੀ ਮੋਤੀ ਗੋਤਾਖੋਰੀ ਪਰੰਪਰਾ ਨੂੰ ਸ਼ਰਧਾਂਜਲੀ ਦਿੱਤੀ ਹੈ, ਜਿਸ ਦਾ ਦੁਬਈ ਇਕ ਮੈਂਬਰ ਹੈ। ਪੂਲ ਵਿਚ ਭਰੇ ਹੋਏ 14 ਮਿਲੀਅਨ ਪਾਣੀ ਨੂੰ ਨਾਸਾ ਵੱਲੋਂ ਵਿਕਸਿਤ ਕੀਤੀ ਗਈ ਟੈਕਨਾਲੋਜੀ ਜ਼ਰੀਏ ਹਰ 6 ਘੰਟੇ ਵਿਚ ਫਿਲਟਰ ਕੀਤਾ ਜਾਂਦਾ ਹੈ।

Posted By: Tejinder Thind