ਸਰਦੀਆਂ ਦਾ ਮੌਸਮ ਵੈਸੇ ਤਾਂ ਸਿਹਤ ਦੇ ਪੱਖ ਤੋਂ ਅਨੁਕੂਲ ਤੇ ਸਹੀ ਸਮਾਂ ਹੁੰਦਾ ਹੈ ਪਰ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਮੌਸਮ 'ਚ ਆਪਣਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਛੋਟੇ ਦਿਨ ਤੇ ਵੱਡੀਆਂ ਰਾਤਾਂ ਸਰੀਰ ਨੂੰ ਜ਼ਿਆਦਾ ਆਰਾਮ ਦੀ ਸਹੂਲਤ ਦਿੰਦੇ ਹਨ ਤੇ ਮਜ਼ਬੂਤ ਪਾਚਨ ਸ਼ਕਤੀ ਹਰ ਤਰ੍ਹਾਂ ਦੇ ਭੋਜਨ ਨੂੰ ਬਾਖ਼ੂਬੀ ਪਚਾ ਕੇ ਸਰੀਰ ਨੂੰ ਊਰਜਾ ਤੇ ਸ਼ਕਤੀ ਪ੍ਰਦਾਨ ਕਰਦੇ ਹਨ।

ਸ਼ੂਗਰ

ਸ਼ੂਗਰ ਰੋਗ ਨੂੰ ਜੇ ਸਧਾਰਨ ਸ਼ਬਦਾਂ 'ਚ ਪ੍ਰਭਾਸ਼ਿਤ ਕੀਤਾ ਜਾਵੇ ਤਾਂ ਇਸ ਬਿਮਾਰੀ ਦੌਰਾਨ ਸਰੀਰ ਦਾ ਪਾਚਨ-ਤੰਤਰ ਕਮਜ਼ੋਰ ਹੋ ਜਾਂਦਾ ਹੈ। ਸਰੀਰ ਗੁਲੂਕੋਜ਼ ਨੂੰ ਹੀ ਪਛਾਣਨ ਦੇ ਸਮਰੱਥ ਨਹੀਂ ਹੁੰਦਾ। ਭੋਜਨ 'ਚ ਖਾਧੇ ਜਾਣ ਵਾਲੇ ਪਦਾਰਥ ਠੀਕ ਤਰ੍ਹਾਂ ਨਾਲ ਪਚਾਏ ਨਾ ਜਾ ਸਕਣ ਕਾਰਨ ਮਰੀਜ਼ ਕਬਜ਼, ਗੈਸ ਅਤੇ ਕਮਜ਼ੋਰੀ ਤੋਂ ਪੀੜਤ ਹੋ ਜਾਂਦਾ ਹੈ।

ਪ੍ਰੋਟੀਨ ਦੀ ਮੰਗ

ਸ਼ੂਗਰ ਦੇ ਮਰੀਜ਼ਾਂ ਦੇ ਸਰੀਰ ਵਿਚ ਗੁਲੂਕੋਜ਼ ਦੀ ਥਾਂ ਪ੍ਰੋਟੀਨ ਦੇ ਪਾਚਨ ਕਾਰਨ ਸਰੀਰ ਨੂੰ ਊਰਜਾ ਮਿਲਦੀ ਹੈ, ਜਿਸ ਕਾਰਨ ਮਰੀਜ਼ ਪਤਲੇ ਤੇ ਕਮਜ਼ੋਰ ਹੋ ਜਾਂਦੇ ਹਨ। ਇਸ ਲਈ ਸ਼ੂਗਰ ਦੇ ਮਰੀਜ਼ਾਂ ਦਾ ਸੀਰਰ ਲਗਾਤਾਰ ਪ੍ਰੋਟੀਨ ਦੀ ਮੰਗ ਕਰਦਾ ਰਹਿੰਦਾ ਹੈ। ਰੋਗ ਨਾਲ ਲੜਨ ਦੀ ਸਮਰਥਾ ਬੇਹੱਦ ਕਮਜ਼ੋਰ ਹੋਣ ਕਾਰਨ ਮੌਸਮੀ ਤਬਦੀਲੀਆਂ 'ਚ ਵਾਰ-ਵਾਰ ਬਿਮਾਰ ਹੋਣਾ, ਜ਼ਖ਼ਮਾਂ ਦਾ ਜਲਦੀ ਠੀਕ ਨਾ ਹੋਣਾ ਆਦਿ ਤਕਲੀਫ਼ਾਂ ਤੋਂ ਮਰੀਜ਼ ਲਗਾਤਾਰ ਪੀੜਤ ਰਹਿਣ ਲਗਦਾ ਹੈ।

ਸ਼ੂਗਰ ਨਾਲ ਸਰੀਰ 'ਚ ਹੋਏ ਨੁਕਸਾਨ ਦੀ ਪੂਰਤੀ ਕਰਨ ਦਾ ਸਭ ਤੋਂ ਸਹੀ ਸਮਾਂ ਸਰਦੀਆਂ ਦਾ ਮੌਸਮ ਹੀ ਹੁੰਦਾ ਹੈ, ਕਿਉਂਕਿ ਪ੍ਰੋਟੀਨ ਦੇ ਸਾਰੇ ਸੋਮੇ ਤੇ ਖ਼ੁਦ ਪ੍ਰੋਟੀਨ ਭਾਰੀ ਪਦਾਰਥਾਂ ਦੀ ਸ਼੍ਰੇਣੀ 'ਚ ਆਉਂਦਾ ਹੈ। ਹਰ ਤਰ੍ਹਾਂ ਦੀਆਂ ਸੁੱਕੀਆਂ ਦਾਲਾਂ, ਸੁੱਕੇ ਮੇਵੇ-ਕਾਜੂ, ਬਦਾਮ, ਅਖਰੋਟ, ਮੂੰਗਫਲੀ ਆਦਿ ਭੋਜਨ ਪਦਾਰਥਾਂ ਦਾ ਸਹੀ ਤਰੀਕੇ ਨਾਲ ਪਾਚਨ ਸਿਰਫ਼ ਸਰਦੀਆਂ ਦੇ ਮੌਸਮ 'ਚ ਹੀ ਹੋ ਸਕਦਾ ਹੈ। ਸ਼ੂਗਰ ਦੇ ਰੋਗੀਆਂ ਨੂੰ ਇਸ ਮੌਸਮ ਦਾ ਭਰਪੂਰ ਫ਼ਾਇਦਾ ਉਠਾਉਂਦਿਆਂ ਪ੍ਰੋਟੀਨ ਵਾਲੇ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦਾ ਹੈ। ਪ੍ਰੋਟੀਨ ਯੁਕਤ ਪਦਾਰਥਾਂ ਦੇ ਸੇਵਨ ਸਮੇਂ ਕਸਰਤ ਅਤੇ ਪੈਦਲ ਚੱਲਣ ਨਾਲ ਸਰੀਰ ਠੀਕ ਰਹਿੰਦਾ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ। ਇਸ ਲਈ ਇਸ ਮੌਸਮ 'ਚ ਹਲਕੀ ਕਸਰਤ ਅਤੇ ਸਵੇਰੇ-ਸ਼ਾਮ ਸੈਰ ਕਰਨਾ ਬੇਹੱਦ ਲਾਭਦਾਇਕ ਹੈ। ਸ਼ੂਗਰ ਰੋਗ 'ਚ ਰੋਗਾਂ ਨਾਲ ਲੜਨ ਦੀ ਸਮਰਥਾ ਘਟਣ ਕਾਰਨ ਰੋਗੀ ਨੂੰ ਅਨੇਕਾਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਮਿਊਨਿਟੀ ਵਧਾਉਣ ਵਾਲੇ ਖ਼ੁਰਾਕੀ ਪਦਾਰਥ

ਸ਼ੂਗਰ ਦੇ ਰੋਗੀਆਂ ਲਈ ਸਰਦੀਆਂ ਦੇ ਮੌਸਮ 'ਚ ਔਲੇ, ਹਲਦੀ, ਕਾਲੀ ਮਿਰਚ, ਤੁਲਸੀ ਵਰਗੀਆਂ ਇਮਿਊਨਿਟੀ ਜਾਂ ਰੋਗਾਂ ਨਾਲ ਲੜਨ ਦੀ ਸਮਰਥਾ ਵਧਾਉਣ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਬੇਹੱਦ ਫ਼ਾਇਦੇਮੰਦ ਹੈ। ਇਸ ਬਿਮਾਰੀ ਦੌਰਾਨ ਹੱਥਾਂ-ਪੈਰਾਂ ਦੀਆਂ ਉਂਗਲੀਆਂ 'ਚ ਸੁੰਨਾਪਨ ਮਹਿਸੂਸ ਹੁੰਦਾ ਹੈ। ਇਹ ਸਾਰੀਆਂ ਅਲਾਮਤਾਂ ਦੇਖਣ-ਸੁਣਨ 'ਚ ਬਹੁਤ ਸਧਾਰਨ ਲਗਦੀਆਂ ਹੋਣ ਦੇ ਬਾਵਜੂਦ ਵਿਸ਼ੇਸ਼ ਤਵੱਜੋ ਮੰਗਦੀਆਂ ਹਨ। ਇਸ ਲਈ ਇਮਿਊਨਿਟੀ ਵਧਾਉਣ ਵਾਲੇ ਖ਼ੁਰਾਕੀ ਪਦਾਰਥਾਂ ਦੀ ਵਰਤੋਂ ਨਾਲ ਸ਼ੂਗਰ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।