ਡਲਹੌਜ਼ੀ, ਹਿਮਾਚਲ ਪ੍ਰਦੇਸ਼ ਦੇ ਚੰਬਾ ਜਿਲ਼੍ਹੇ ਦਾ ਇਕ ਖ਼ੂਬਸੂਰਤ ਸ਼ਹਿਰ ਹੈ। ਡਲਹੌਜ਼ੀ ਸ਼ਹਿਰ ਨੂੰ ਬਿ੍ਰਟਿਸ਼ ਗਵਰਨਰ ਜਨਰਲ ਲਾਰਡ ਡਲਹੌਜ਼ੀ ਨੇ 1848 ਵਿਚ ਵਸਾਇਆ ਸੀ। ਇਸ ਸ਼ਹਿਰ ਨੂੰ ਕਿਸੇ ਵੀ ਜਾਣ-ਪਛਾਣ ਦੀ ਲੋੜ ਨਹੀਂ ਹੈ, ਇਹ ਕੁਦਰਤ ਦੀ ਗੋਦ ਵਿਚ ਵਸਿਆ ਹੋਇਆ ਹੈ। ਇਸ ਸ਼ਹਿਰ ਨੂੰ ਉਸ ਦੀ ਸੁੰਦਰਤਾ, ਸੁਹਾਵਣੇ ਅਤੇ ਆਨੰਦਮਈ ਮੌਸਮ ਕਰਕੇ ਜਾਣਿਆ ਜਾਂਦਾ ਹੈ। ਪੂਰਾ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਸ ਸ਼ਹਿਰ ਨੂੰ ਅਤੇ ਇਸ ਦੀ ਕੁਦਰਤੀ ਸੁੰਦਰਤਾ ਦਾ ਅਨੰਦ ਮਾਣਨ ਆਉਂਦੇ ਹਨ।

ਪਹਾੜੀ ਇਲਾਕੇ ਅਤੇ ਕੁਦਰਤ ਨੂੰ ਐਨੇ ਕੋਲ ਜਾ ਕੇ ਦੇਖਣ ਦਾ ਮੇਰਾ ਇਹ ਪਹਿਲਾ ਸਫ਼ਰ ਸੀ। ਡਲਹੌਜ਼ੀ ਸ਼ਹਿਰ ਪਹੁੰਚ ਕੇ ਸਾਡੀ ਸਫ਼ਰ ਦੀ ਸਾਰੀ ਥਕਾਵਟ ਹਵਾ ਦੇ ਠੰਢੇ ਬੁੱਲਿਆਂ ਅਤੇ ਇੱਥੋਂ ਦੀ ਖ਼ੂਬਸੂਰਤੀ ਦੇਖ ਕੇ ਦੂਰ ਹੋ ਗਈ। ਅਸੀਂ ਡਲਹੌਜ਼ੀ ਬੱਸ ਸਟੈਂਡ ਕੋਲ ਹੀ ਹੋਟਲ ਵਿਚ ਠਹਿਰ ਗਏ। ਸ਼ਾਮ ਨੂੰ ਅਸੀਂ ਪੈਦਲ ਹੀ ਸੁਭਾਸ਼ ਚੌਕ ਅਤੇ ਗਾਂਧੀ ਮਾਰਕਿਟ ਘੁੰਮਣ ਲਈ ਗਏ। ਬੱਸ ਸਟੈਂਡ ਤੋਂ ਸੁਭਾਸ਼ ਚੌਕ ਅਤੇ ਗਾਂਧੀ ਚੌਕ ਤਕ ਕਾਰਾਂ-ਗੱਡੀਆਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ।

ਮੈਂ ਆਪਣੇ ਪਰਿਵਾਰ ਨਾਲ ਇੱਥੇ ਤਿੰਨ ਦਿਨ ਰਹੀ। ਇਨ੍ਹਾਂ ਤਿੰਨ ਦਿਨਾਂ ਵਿਚ ਮੈਂ ਇਹ ਮਹਿਸੂਸ ਕੀਤਾ ਕਿ ਇੱਥੇ ਦੇ ਲੋਕ ਬਹੁਤ ਹੀ ਹਿੰਮਤੀ ਅਤੇ ਮਿਹਨਤੀ ਹਨ। ਉਹ ਲੋਕ ਬਹੁਤ ਹੀ ਹਿੰਮਤ ਅਤੇ ਮਿਹਨਤ ਨਾਲ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ। ਕਿਉਂਕਿ ਪਹਾੜੀ ਇਲਾਕਿਆਂ ਵਿਚ ਪਾਣੀ ਤੋਂ ਲੈ ਕੇ ਹਰ ਖਾਣ-ਪੀਣ ਵਾਲੀ ਵਸਤੂ ਨੂੰ ਲੋਕ ਬਹੁਤ ਹੀ ਮੁਸ਼ੱਕਤ ਨਾਲ ਆਪਣੇ ਘਰਾਂ ਅਤੇ ਦੁਕਾਨਾਂ ਤਕ ਪਹੁੰਚਾਉਂਦੇ ਹਨ। ਸਵੇਰ ਤੋਂ ਹੀ ਪਾਣੀ ਨਾਲ ਭਰੇ ਟੈਂਕਰ ਹੋਟਲਾਂ ਵਿਚ ਪਾਣੀ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੰਦੇ ਹਨ। ਸਾਰਾ ਦਿਨ ਮਹਿਲਾ ਅਤੇ ਪੁਰਸ਼ ਪੁਲਿਸ ਅਧਿਕਾਰੀ ਸਵੇਰ ਤੋਂ ਸ਼ਾਮ ਤਕ ਟਰੈਫਿਕ ਨੂੰ ਬੜੇ ਵਧੀਆ ਢੰਗ ਨਾਲ ਕੰਟਰੋਲ ਕਰ ਰਹੇ ਸਨ।

ਮੈਨੂੰ ਇੱਥੋਂ ਦੇ ਲੋਕਾਂ ਦੀ ਇਕ ਗੱਲ ਬਹੁਤ ਚੰਗੀ ਲੱਗੀ ਕਿ ਇਸ ਸ਼ਹਿਰ ਵਿਚ ਸਾਨੂੰ ਇਕ ਵੀ ਭਿਖਾਰੀ ਨਹੀਂ ਮਿਲਿਆ। ਪਹਾੜੀ ਇਲਾਕੇ ਵਿਚ ਲੋਕਾਂ ਦੀ ਆਮਦਨ ਦਾ ਮੁੱਖ ਜ਼ਰੀਆ ਇੱਥੇ ਘੁੰਮਣ ਆਏ ਲੋਕਾਂ ਤੋਂ ਹੀ ਚਲਦਾ ਹੈ। ਇੱਥੋਂ ਦਾ ਹਰ ਇਕ ਇਨਸਾਨ ਆਪਣੀ ਮਿਹਨਤ ਨਾਲ ਆਪਣਾ ਰੁਜ਼ਗਾਰ ਚਲਾਉਂਦਾ ਹੈ। ਜਦਕਿ ਆਪਣੇ ਪੰਜਾਬ ਜਾਂ ਹੋਰ ਵੱਡੇ ਸ਼ਹਿਰਾਂ ਵਿਚ ਜਿੱਥੇ ਅਸਾਨੀ ਨਾਲ ਕੋਈ ਨਾ ਕੋਈ ਕੰਮ ਮਿਲ ਜਾਂਦਾ ਹੈ ਫਿਰ ਵੀ ਬਹੁਤ ਸਾਰੇ ਲੋਕ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਹਨ। ਇਸ ਚੀਜ਼ ਦਾ ਅਹਿਸਾਸ ਮੈਨੂੰ ਉਸ ਸਮੇਂ ਹੋਇਆ ਜਦੋਂ ਅਸੀਂ ਡੈਨ ਕੁੰਡ ਅਤੇ ਖਜਿਆਰ ਦੇ ਸਥਾਨ ’ਤੇ ਘੁੰਮਣ ਗਏ। ਉੱਥੇ ਬੱਚੇ, ਨੌਜਵਾਨ ਅਤੇ ਬਜ਼ੁਰਗ ਕੋਈ ਵੀ ਭੀਖ ਦੇ ਰੂਪ ਵਿਚ ਘੁੰਮਣ ਵਾਲਿਆਂ ਤੋਂ ਕੋਈ ਪੈਸਾ ਨਹੀਂ ਮੰਗ ਰਹੇ ਸਨ। ਉਸ ਸਥਾਨ ਤੇ ਨੌਜਵਾਨ ਕੁੜੀਆਂ-ਮੁੰਡੇ ਸਾਡੇ ਬੱਚਿਆਂ ਨੂੰ ਪਿੱਠੂ ਚੱਕ ਕੇ ਉੱਪਰ ਚੜ੍ਹਾਉਣ ਲਈ ਕਹਿ ਰਹੇ ਸਨ। ਬਹੁਤ ਛੋਟੇ-ਛੋਟੇ ਬੱਚੇ ਜਿਨ੍ਹਾਂ ਦੀ ਉਮਰ 7 ਤੋਂ 10 ਸਾਲ ਦੇ ਦਰਮਿਆਨ ਹੋਵੇਗੀ ਉਹ ਚਾਕਲੇਟ, ਜੂਸ ਅਤੇ ਪਾਣੀ ਦੀਆਂ ਬੋਤਲਾਂ ਵੇਚ ਰਹੇ ਸਨ। ਬਜ਼ੁਰਗ ਟੋਕਰੀਆਂ ਵਿਚ ਖਰਗੋਸ਼ ਰੱਖ ਕੇ ਬੱਚਿਆਂ ਅਤੇ ਔਰਤਾਂ ਨੂੰ 20-20 ਰੁਪਏ ਵਿਚ ਫੋਟੋਆਂ ਖਿਚਵਾਉਣ ਲਈ ਕਹਿ ਰਹੇ ਸਨ।

ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਸੀ ਕਿਉਂਕਿ ਅਸੀਂ ਆਪਣੇ ਨਾਲ ਪਾਣੀ ਦੀਆਂ ਬੋਤਲਾਂ ਅਤੇ ਖਾਣ ਪੀਣ ਦਾ ਸਮਾਨ ਪਹਿਲਾਂ ਹੀ ਨਾਲ ਲੈ ਕੇ ਗਏ ਸੀ। ਉੱਥੇ ਹੋਰ ਵੀ ਬੱਚੇ ਸਨ ਜੋ ਸਾਨੂੰ ਸਮਾਨ ਖ਼ਰੀਦਣ ਲਈ ਵਾਰ-ਵਾਰ ਕਹਿ ਰਹੇ ਸਨ। ਇਕ ਵਾਰ ਤਾਂ ਮੇਰਾ ਦਿਲ ਕੀਤਾ ਕਿ ਮੈਂ ਆਪਣੇ ਪਤੀ ਨੂੰ ਕਹਾਂ ਕਿ ਤੁਸੀਂ ਇਨ੍ਹਾਂ ਬੱਚਿਆਂ ਨੂੰ 10-10 ਰੁਪਏ ਵੈਸੇ ਹੀ ਦੇ ਦਿਉ। ਪਰ ਜਲਦੀ ਹੀ ਮੇਰੇ ਦਿਲ ਨੂੰ ਇਹ ਗੱਲ ਸਮਝ ਆ ਗਈ ਕਿ ਪੈਸੇ ਦੇ ਕੇ ਅਸੀਂ ਇਨ੍ਹਾਂ ਬੱਚਿਆਂ ਨੂੰ ਮਿਹਨਤ ਕਰਨ ਤੋਂ ਹਟਾਅ ਕੇ ਇਕ ਮੰਗਤਾ ਬਣਾ ਕੇ ਛੱਡ ਸਕਦੇ ਹਾਂ, ਇਹ ਸੋਚ ਕੇ ਮੈਂ ਚੁੱਪ ਕਰ ਗਈ। ਕਿਉਂਕਿ ਜੇ ਅੱਜ ਅਸੀਂ ਇਨ੍ਹਾਂ ਬੱਚਿਆਂ ਨੂੰ ਪੈਸੇ

ਦੇ ਦਿੰਦੇ ਤਾਂ ਇਨ੍ਹਾਂ ਬੱਚਿਆਂ ਨੇ ਮਿਹਨਤ ਕਰ ਕੇ ਕਮਾਉਣ ਦੀ ਜਗ੍ਹਾ ਤੇ ਘੰੁਮਣ ਆਉਣ ਵਾਲਿਆਂ ਤੋਂ ਪੈਸੇ ਮੰਗਣੇ ਸ਼ੁਰੂ ਕਰ ਦੇਣੇ ਸੀ। ਅਸੀਂ ਇਨ੍ਹਾਂ ਬੱਚਿਆਂ ਨੂੰ ਪੈਸੇ ਦੇ ਕੇ ਗ਼ਲਤ ਆਦਤ ਪਾ ਸਕਦੇ ਸੀ। ਇਸ ਲਈ ਲੋੜ ਨਾ ਹੋਣ ’ਤੇ ਵੀ ਮੈਂ ਇਨ੍ਹਾਂ ਤੋਂ ਚਾਕਲੇਟ ਅਤੇ ਜੂਸ ਦੀਆਂ ਬੋਤਲਾਂ ਖ਼ਰੀਦ ਲਈਆਂ, ਤਾਂ ਜੋ ਇਹ ਇਸੇ ਤਰ੍ਹਾਂ ਮਿਹਨਤ ਕਰ ਕੇ ਕਮਾਉਂਦੇ ਰਹਿਣ। ਬਜ਼ਾਰ ਵਿਚ ਇੱਥੋਂ ਦੀਆਂ ਔਰਤਾਂ ਨੇ ਛੋਟੀਆਂ-ਛੋਟੀਆਂ ਰੇਹੜੀਆਂ ਲਗਾਈਆਂ ਹੋਈਆਂ ਸਨ।

ਕਈ ਔਰਤਾਂ ਆਪਣੇ ਪਤੀ ਨਾਲ ਦੁਕਾਨਾਂ ’ਚ ਸਮਾਨ ਬਣਾਉਣ ਅਤੇ ਵੇਚਣ ਵਿਚ ਮਦਦ ਕਰ ਰਹੀਆਂ ਸਨ। ਬਜ਼ੁਰਗ ਟੋਕਰੀ ਵਿਚ ਖ਼ਰਗੋਸ਼ ਅਤੇ ਕਬੂਤਰ ਰੱਖ ਕੇ ਬੱਚਿਆਂ ਅਤੇ ਔਰਤਾਂ ਨੂੰ ਫੋਟੋ ਖਿਚਵਾਉਣ ਲਈ ਬਾਜ਼ਾਰ ਵਿਚ ਤੁਰ ਫਿਰ ਰਹੇ ਸਨ। ਕਈ ਬਜ਼ੁਰਗ ਆਪਣੇ ਖੱਚਰਾਂ ਅਤੇ ਘੋੜਿਆਂ ’ਤੇ ਬੱਚਿਆਂ ਨੂੰ ਪਿੱਠੂ ’ਤੇ ਬਿਠਾ ਰਹੇ ਸਨ। ਇੱਥੋਂ ਦੇ ਸਥਾਨਕ ਲੋਕਾਂ ਦੀ ਮਿਹਨਤ ਦੇਖ ਕੇ ਮੇਰਾ ਦਿਲ ਬਾਗੋ-ਬਾਗ ਹੋ ਗਿਆ। ਮੈਂ ਆਉਂਦੇ ਹੋਏ ਸਾਰੇ ਰਾਸਤੇ ਇਨ੍ਹਾਂ ਲੋਕਾਂ ਦੀ ਹਿੰਮਤ ਅਤੇ ਮਿਹਨਤ ਬਾਰੇ ਸੋਚਦੀ ਰਹੀ।

- ਰੁਪਿੰਦਰ ਕੌਰ ਪਮਾਲ

Posted By: Harjinder Sodhi