15 ਅਗਸਤ ਸੰਨ 1947 ਨੂੰ ਡਲਹੌਜ਼ੀ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਚਾਚਾ, ਮਹਾਨ ਕ੍ਰਾਂਤੀਕਾਰੀ ਅਜੀਤ ਸਿੰਘ ਜੀ ਦੇ ਅੰਤਿਮ ਸੁਆਸ ਚੱਲ ਰਹੇ ਸਨ। ਲੰਬੀ ਬਿਮਾਰੀ ਦੇ ਅੰਤਿਮ ਪਲਾਂ ’ਚ ਕਿਸੇ ਨੇ ਚਾਚਾ ਜੀ ਨੂੰ ਕਿਹਾ, ਸਰਦਾਰ ਜੀ, ਅੱਜ ਆਪਣਾ ਦੇਸ਼ ਅਜ਼ਾਦ ਹੋ ਗਿਆ। ਉਨ੍ਹਾਂ ਦਾ ਚਿਹਰਾ ਖ਼ੁਸ਼ੀ ਨਾਲ ਚਮਕ ਪਿਆ। ਬੜੀ ਮੁਸ਼ੱਕਤ ਨਾਲ ਮਿਲੀ ਆਜ਼ਾਦੀ ’ਚ ਉਨ੍ਹਾਂ ਨੇ ਕੁਝ ਘੰਟੇ ਆਜ਼ਾਦੀ ਵਿਚ ਬਿਤਾਏ ’ਤੇ ਫਿਰ ਸਦਾ ਲਈ ਮਿੱਠੀ ਨੀਂਦ ਸਂੌ ਗਏ।

ਇਸ ਮਹਾਨ ਧਰਤੀ ਡਲਹੌਜ਼ੀ ਨੂੰ ਸਲਾਮ। ਡਲਹੌਜ਼ੀ ਦੇ ਗਾਂਧੀ ਚੌਕ ਤੋਂ ਕੋਈ 2 ਕਿਲੋਮੀਟਰ ਦੂਰ ਪੰਜ ਪੁਲ ਵਿਖੇ ਦੇਸ਼ ਦੇ ਮਹਾਨ ਸਪੂਤ ਚਾਚਾ ਅਜੀਤ ਸਿੰਘ ਦੀ ਯਾਦਗਾਰ ਬਣੀ ਹੋਈ ਹੈ। ਦੇਸ਼ ਨੂੰ ਉਨ੍ਹਾਂ ’ਤੇ ਬੜਾ ਮਾਣ ਹੈ। 7 ਮਾਰਚ 2021 ਦਿਨ ਐਤਵਾਰ ਨੂੰ ਮੈਨੂੰ ਡਲਹੌਜ਼ੀ ਆਉਣ ਦਾ ਮੌਕਾ ਮਿਲਿਆ। ਵੈਸੇ ਮੈਂ ਪਹਿਲਾਂ ਵੀ ਦੋ ਵਾਰ ਆ ਚੁੱਕਾ ਹਾਂ। ਜੇ ਇਤਿਹਾਸ ਦਾ ਪੰਨਾ ਫਰੋਲ ਕੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਡਲਹੌਜ਼ੀ ਚੰਬਾ ਰਿਆਸਤ ਦੀ ਪ੍ਰਾਪਰਟੀ ਸੀ। ਸੰਨ 1864 ਵਿਚ ਇਹ ਜਗ੍ਹਾ ਅੰਗਰੇਜ਼ਾਂ ਨੇ ਲੀਜ਼ ’ਤੇ ਲਈ ਸੀ। ਇਸ ਜਗ੍ਹਾ ਦਾ ਨਾਮ ਭਾਰਤ ਦੇ ਵਾਇਸਰਾਏ ਲਾਰਡ ਡਲਹੌਜ਼ੀ ਦੇ ਨਾਂ ’ਤੇ ਰੱਖਿਆ ਗਿਆ। ਕਰਨਲ ਨੇਪੀਅਰ ਨੇ ਇਸ ਨੂੰ ਖੋਜਿਆ ਸੀ।

ਡਲਹੌਜ਼ੀ ਦੇ ਗਾਂਧੀ ਚੌਕ ਤੋਂ ਬਨੀਖੇਤ 7 ਕਿਲੋਮੀਟਰ, ਚੰਬਾ 52 ਕਿਲੋਮੀਟਰ, ਭਰਮੌਰ 121 ਕਿਲੋਮੀਟਰ, ਖਜਿਆਰ 24 ਕਿਲੋਮੀਟਰ ਅਤੇ ਪਠਾਨਕੋਟ 80 ਕਿਲੋਮੀਟਰ ਹੈ। ਬਨੀਖੇਤ ਟੱਪਦਿਆਂ ਆਰਮੀ ਦੀ ਬਲੂਣ ਛਾਉਣੀ ਦੀ ਚੜ੍ਹਾਈ ਚੜ੍ਹਦਿਆਂ ਹੀ ਡਲਹੌਜ਼ੀ ਦੀਆਂ ਨਿਸ਼ਾਨੀਆਂ ਸ਼ੁਰੂ ਹੋ ਜਾਦੀਆਂ ਹਨ। ਠੰਢੀਆਂ ਹਵਾਵਾਂ ਕੰਬਣੀ ਛੇੜਦੀਆਂ ਹਨ। ਬੱਸ ਸਟੈਂਡ ’ਤੇ ਕੇਵਲ 5 ਜਾਂ 6 ਬੱਸਾਂ ਖੜ੍ਹਨ ਦੀ ਹੀ ਜਗ੍ਹਾ ਹੈ। ਬੱਸ ਸਟੈਂਡ ਤੋਂ ਥੋੜ੍ਹੀ ਜਿਹੀ ਉੱਚੀ ਚੜ੍ਹਾਈ ਚੜ੍ਹ ਕੇ ਮਸ਼ਹੂਰ ਸੁਭਾਸ਼ ਚੌਕ ਆਉਂਦਾ ਹੈ। ਸੁਭਾਸ਼ ਚੌਕ ਸੈਲਾਨੀਆਂ ਵਾਸਤੇ ਬੈਠਣ ਘੁੰਮਣ ਦੀ ਚੰਗੀ ਜਗ੍ਹਾ ਹੈ। ਸੈਲਾਨੀ ਆਪਣੀਆਂ ਕਾਰਾਂ ਵੀ ਮਾਲ ਰੋਡ ’ਤੇ ਲਿਜਾ ਸਕਦੇ ਹਨ। ਨੇਤਾ ਸੁਭਾਸ਼ ਚੰਦਰ ਜੀ ਦਾ ਆਦਮ ਕੱਦ ਬੁੱਤ ਵੀ ਇੱਥੇ ਲੱਗਾ ਹੋਇਆ ਹੈ। ਇਸ ਚੌਕ ’ਤੇ ਖੜ੍ਹ ਕੇ ਨੀਵਾਂ ਡਲਹੌਜ਼ੀ ਤੇ ਬਨੀਖੇਤ ਵੇਖੇ ਜਾ ਸਕਦੇ ਹਨ। ਦੂਰ ਉੱਚੇ ਪਰਬਤ ਅਤੇ ਬਨਸਪਤੀ ਦਾ ਸੁੰਦਰ ਨਜ਼ਾਰਾ ਵੀ ਇੱਥੋਂ ਦਿਸਦਾ ਹੈ। ਹੋਟਲਾਂ ਦੇ ਕਰਿੰਦੇ ਵੀ ਗਾਹਕਾਂ ਦੀ ਭਾਲ ਵਿਚ ਇੱਥੇ ਨਜ਼ਰ ਆਉਂਦੇ ਹਨ। ਹੋਟਲਾਂ ਦੇ ਕਮਰੇ 800 ਰੁਪਏ ਤੋਂ ਲੈ ਕੇ 5000 ਰੁਪਏ ਤਕ ਆਸਾਨੀ ਨਾਲ ਮਿਲ ਜਾਂਦੇ ਹਨ। ਸਸਤੇ ਰੈਣ ਬਸੇਰੇ ਵੀ ਹਨ।

ਸੁਭਾਸ਼ ਚੌਕ ਤੋਂ ਗਾਂਧੀ ਚੌਕ ਕਰੀਬ 15 ਮਿੰਟ ਵਿਚ ਪਹੁੰਚਿਆ ਜਾ ਸਕਦਾ ਹੈ। ਗਾਂਧੀ ਚੌਕ ਸੈਲਾਨੀਆਂ ਦੀ ਮਨ ਪਸੰਦ ਜਗ੍ਹਾ ਹੈ। ਗਾਂਧੀ ਚੌਕ ’ਚ ਮਨਿਆਰੀ, ਖਿਡੌਣੇ, ਊਨੀ ਕੱਪੜੇ, ਲੱਕੜੀ ਦਾ ਸਾਮਾਨ, ਹਸਤ ਕਲਾ ਦਾ ਸਾਮਾਨ, ਪਹਾੜੀ ਟੋਪੀਆਂ, ਚੀਨ ਦਾ ਸਾਮਾਨ ਅਤੇ ਹੋਰ ਬਹੁਤ ਕੁਝ ਮਿਲਦਾ ਹੈ। ਹੋਟਲ, ਢਾਬੇ, ਰੈਸਟੋਰੈਂਟ, ਸਾਊਥ ਦੇ ਸਨੈਕਬਾਰ, ਵਾਈਨਸ਼ਾਪ ’ਤੇ ਸੈਲਾਨੀ ਨਜ਼ਰ ਆਉਂਦੇ ਹਨ। ਇਸੇ ਜਗ੍ਹਾ ’ਤੇ ਹੀ ਇਕ ਵੱਡੀ ਚਾਈਨਾ ਮਾਰਕੀਟ ਵੀ ਹੈ, ਜਿਸ ਨੂੰ ਤਿੱਬਤੀਆਂ ਦਾ ਇਕ ਵਰਗ ਚਲਾਉਂਦਾ ਹੈ। ਰਾਤ ਵੇਲੇ ਇਸ ਜਗ੍ਹਾ ’ਤੇ ਘੁੰਮਣ-ਫਿਰਨ ਦਾ ਇਕ ਅਲੱਗ ਹੀ ਆਨੰਦ ਹੈ।

ਗਾਂਧੀ ਚੌਕ ’ਚ ਬਹੁਤ ਪੁਰਾਣਾ ਚਰਚ ਵੀ ਹੈ। ਇਸ ਚੌਕ ਵਿੱਚ ਪੁਰਾਣਾ ਡਲਹੌਜ਼ੀ ਕੈਫੇ ਸੰਨ 1947 ਵਿੱਚ ਸ਼ੁਰੂ ਹੋਇਆ। ਇਸ ਦੇ ਮਾਲਕ ਸਾਲਿਗ ਰਾਮ ਖੰਨਾ, ਹੁਣ ਰੋਹਿਤ ਖੰਨਾ ਹਨ। ਸਾਲਿਗ ਰਾਮ ਖੰਨਾ ਦਾ ਪੁਰਾਣਾ ਡਲਹੌਜ਼ੀ ਹੋਟਲ, ਵਾਈਨ ਐਂਡ ਜਨਰਲ ਸ਼ਾਪ ਹੁਣ ਵੀ ਗਾਧੀਂ ਚੌਕ ਵਿੱਚ ਹਨ।

ਰਾਧਾ ਸੁਆਮੀ ਸਤਿਸੰਗ ਬਿਆਸ ਦਾ ਵੱਡਾ ਸਤਿਸੰਗ ਸੈਂਟਰ, ਗਾਂਧੀ ਚੌਕ ਨਾਲ ਉੱਚੀ ਪਹਾੜੀ ’ਤੇ ਸਥਿਤ ਹੈ। ਇਸ ਸਤਿਸੰਗ ਘਰ ’ਚ ਮੌਜੂਦਾ ਬਾਬਾ ਜੀ ਦਾ ਗੈਸਟ ਹਾਊਸ ਵੀ ਬਣਿਆ ਹੋਇਆ ਹੈ। ਇਥੇ ਸਤਿਸੰਗ ਅਤੇ ਸੇਵਾ ਨਿਰਵਿਘਨ ਚੱਲਦੀ ਰਹਿੰਦੀ ਹੈ ਪਰ ਹੁਣ ਕਰੋਨਾ ਕਰਕੇ ਬੰਦ ਹਨ। ਰਾਧਾ ਸੁਆਮੀ ਸਤਿਸੰਗ ਬਿਆਸ ਦੇ ਨਿਰਮਾਤਾ ਬਾਬਾ ਸਾਵਣ ਸਿੰਘ ਮਹਾਰਾਜ ਨੂੰ ਇਹ ਜਗ੍ਹਾ ਬੜੀ ਪਸੰਦ ਆਈ ਸੀ। ਉਨ੍ਹਾਂ ਜਗ੍ਹਾ ਖ਼ਰੀਦ ਲਈ। ਗਰਮੀਆਂ ’ਚ ਆ ਕੇ ਉਹ ਇੱਥੇ ਸਿਮਰਨ ਦਾ ਅਭਿਆਸ ਕਰਦੇ ਅਤੇ ਸੰਗਤ ਦੇ ਖਤਾਂ ਦੇ ਜਵਾਬ ਲਿਖਦੇ ਹੁੰਦੇ ਸਨ। ਬਾਅਦ ’ਚ ਇਹ ਡਲਹੌਜ਼ੀ ਵਾਲੀ ਕੋਠੀ ਗੱਦੀ ਨਸ਼ੀਨ ਹੁੰਦੇ ਹੀ ਮਹਾਰਾਜ ਚਰਨ ਸਿੰਘ ਜੀ ਨੇ ਇਹ ਸਾਰੀ ਜਗ੍ਹਾ ਡੇਰਾ ਟਰੱਸਟ ਨੂੰ ਸੌਂਪ ਦਿੱਤੀ ਅਤੇ ਸਾਰੀ ਜਗ੍ਹਾ ਸਤਿਸੰਗ ਘਰ ’ਚ ਤਬਦੀਲ ਹੋ ਗਈ।

ਡਲਹੌਜ਼ੀ ’ਚ ਸਾਰਾ ਸਾਲ ਮੌਸਮ ਠੰਢਾ ਰਹਿੰਦਾ ਹੈ। ਦਸੰਬਰ ਅਤੇ ਜਨਵਰੀ ਵਿਚ ਭਾਰੀ ਬਰਫ਼ ਪੈਂਦੀ ਹੈ। ਇਕ ਹੋਟਲ ਦੇ ਮੈਨੇਜਰ ਨੂੰ ਮੈਂ ਪੁੱਛਿਆ, ‘ਤੁਹਾਡੇ ਹੋਟਲ ਵਿਚ ਏਨਾ ਸਲਾਬ੍ਹਾ ਕਿਉਂ ਹੈ। ਉਹ ਕਹਿੰਦਾ, ਬਾਊ ਜੀ ਇੱਥੇ ਬਰਫ਼ ਕਿਤੇ ਥੋੜ੍ਹੀ ਪੈਂਦੀ ਏ। ਸਾਰਾ ਸਾਲ ਇੱਥੇ ਸੈਲਾਨੀ ਆਉਂਦੇ ਰਹਿੰਦੇ ਹਨ। ਮਈ-ਜੂਨ ਦੀਆਂ ਛੁੱਟੀਆਂ ’ਚ ਸਾਰੇ ਹੋਟਲ ਫੁੱਲ ਹੋ ਜਾਂਦੇ ਹਨ।

ਮਹਾਨ ਕ੍ਰਾਂਤੀਕਾਰੀ ਅਜੀਤ ਸਿੰਘ (ਭਗਤ ਸਿੰਘ ਦੇ ਚਾਚਾ) ਇੱਥੇ ਰੂਪੋਸ਼ ਹੋਏ ਸਨ। ਨੇਤਾ ਸੁਭਾਸ਼ ਚੰਦਰ ਬੋਸ ਨੇ ਵੀ ਇਕ ਵਾਰ ਇੱਥੇ ਕਿਆਮ ਕੀਤਾ ਸੀ। ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਨੇ ਆਪਣੇ ਸਾਰੇ ਨਾਵਲ ਡਲਹੌਜ਼ੀ ’ਚ ਲਿਖੇ ਸਨ। ਪਰਬਤਾਰੋਹੀ ਤੇ ਪੰਜਾਬੀ ਲੇਖਕ ਮਨਮੋਹਨ ਬਾਵਾ ਦਾ ਡਲਹੌਜ਼ੀ ਮਾਲ ਰੋਡ ’ਤੇ ਹੋਟਲ ਅਤੇ ਰਿਹਾਇਸ਼ ਹੈ। ਕਲਾਕਾਰਾਂ ਅਤੇ ਪੰਜਾਬੀ ਲੇਖਕਾਂ ਦੀ ਪਹਿਲੀ ਪਸੰਦ ਡਲਹੌਜ਼ੀ ਅੱਜਕੱਲ੍ਹ ਕਰੋਨਾ ਕਰਕੇ ਨਿਰਾਸ਼ ਜਾਪਦੀ ਹੈ।

ਘੁੰਮਣ-ਫਿਰਨ ਨੂੰ ਇੱਥੇ, ਮਾਲ ਰੋਡ, ਸੁਭਾਸ਼ ਚੌਕ, ਗਾਂਧੀ ਚੌਕ, ਚਾਈਨਾ ਮਾਰਕੀਟ (ਡਿਪਟੀ ਮਾਰਕੀਟ) ਕੋਰਟ ਰੋਡ ਅਤੇ ਸਦਰ ਬਾਜ਼ਾਰ ਹਨ। ਟੂਰਸਿਟ ਸੂਚਨਾ ਕੇਂਦਰ ਬੱਸ ਸਟੈਂਡ ਦੇ ਸਾਹਮਣੇ ਹੈ। ਡਲਹੌਜ਼ੀ ਵਿਖੇ ਮੈਡੀਟੇਸ਼ਨ ਕਰਨ ਲਈ ਰਾਤ ਦੀ ਇਕਾਗਰਤਾ ਅਤੇ ਸਵੇਰ ਦੀ ਸੈਰ ਨਵੀਂ ਊਰਜਾ ਭਰਦੀ ਹੈ। ਡਲਹੌਜ਼ੀ ਦੇ ਨਾਲ ਆਰਮੀ ਦੀ ਵੱਡੀ ਬਲੂਣ ਛਾਊਣੀ ਹੈ, ਇਸ ਲਈ ਡਲਹੌਜ਼ੀ ਪਹੁੰਚਣ ਲਈ ਸੜਕ ਦੀ ਗੁਣਵੱਤਾ ਪਹਿਲੇ ਦਰਜੇ ਦੀ ਹੈ। ਕੁੱਝ ਵੱਸੋ ਬੋਧੀ-ਲਾਮਿਆਂ ਦੀ ਵੀ ਹੈ। ਡਲਹੌਜ਼ੀ ਦੇ ਨੇੜੇ ਘੁੰਮਣ-ਫਿਰਨ ਲਈ ਬਹੁਤ ਸਥਾਨ ਹਨ। ਪੰਚ-ਪੁਲਾਂ, ਸੁਭਾਸ਼ ਬਾਊਲੀ, ਬਕਰੋਟਾ ਹਿਲ, ਸੱਚਪਾਸ, ਖਜਿਆਰ, ਸੱਤਧਾਰਾ ਝਰਨਾ, ਡੈਨ ਕੁੰਡ ਪੀਕ, ਚਮੇਰਾ ਝੀਲ, ਗੰਜੀ ਪਹਾੜੀ (ਬਿਨਾਂ ਦਰੱਖ਼ਤ), ਬੜਾ ਪੱਥਰ (ਕਿਲ੍ਹਾ ਦਰਵਾਜ਼ਾ) ਲਕਸ਼ਮੀ ਨਰਾਇਣ ਟੈਂਪਲ (ਵਿਸ਼ਨੂੰ-ਸ਼ਿਵ ਦਾ ਮੰਦਿਰ) ਰਾਕ ਗਾਰਡਨ, ਕਾਲਾ ਟਾਪ (ਟਰੈਕਿੰਗ ਸਥਾਨ) ਚੰਬਾ ਟਾਊਨ। ਇਨ੍ਹਾਂ ਵਿਚ ਕੁੱਝ ਰਸਤੇ ਪੈਦਲ ਹਨ ਅਤੇ ਕੁੱਝ ਮਾਰਗ ਕਾਰਾਂ ਜਾਂ ਬੱਸ ’ਤੇ ਜਾਣ ਵਾਲੇ।

ਡਲਹੌਜ਼ੀ ਦੇ ਪੈਰਾਂ ਵਿਚ ਬਨੀਖੇਤ ਇਕ ਛੋਟਾ ਜਿਹਾ ਸ਼ਹਿਰ ਹੈ। ਇਥੇ ਕਾਫੀ ਸਾਰੇ ਹੋਟਲ ਵੀ ਹਨ। ਆਧੁਨਿਕ ਸਹੂਲਤਾਂ ਵਾਲਾ ਬਨੀਖੇਤ ਸ਼ਹਿਰ ਸੈਲਾਨੀਆਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਹੈ। ਡਲਹੌਜ਼ੀ ਦੇ ਸਥਾਨਕ ਲੋਕ ਆਪਣੇ ਮਕਾਨ ਅਤੇ ਕੋਠੀਆਂ ਮਾਸਿਕ ਕਿਰਾਏ ’ਤੇ ਵੀ ਦਿੰਦੇ ਹਨ। ਕਿਰਾਇਆ 7500 ਰੁਪਏ ਤੋਂ ਲੈ ਕੇ 20000 ਰੁਪਏ ਪ੍ਰਤੀ ਮਹੀਨਾ/ਮਹੀਨਿਆ ਬੱਧੀ ਰਹਿਣ ਵਾਲੇ ਇਸ ਦਾ ਫ਼ਾਇਦਾ ਉਠਾ ਸਕਦੇ ਹਨ।

ਪਠਾਨਕੋਟ ਕੈਂਟ ਰੇਲ ਮਾਰਗ ਅਤੇ ਸੜਕੀ ਆਵਾਜਾਈ ਨਾਲ ਸਾਰੇ ਭਾਰਤ ਨਾਲ ਜੁੜਿਆ ਹੋਇਆ ਹੈ। ਪਠਾਨਕੋਟ ਤੋਂ ਕਾਰ ਵਿੱਚ 2 ਘੰਟੇ ਤੇ ਬੱਸ ’ਚ 3 ਘੰਟੇ ਦਾ ਸਫ਼ਰ ਕਰ ਕੇ, ਡਲਹੌਜ਼ੀ ਸਹਿਜੇ ਹੀ ਪਹੁੰਚਿਆ ਜਾ ਸਕਦਾ ਹੈ। ਜੇ ਤੁਸੀਂ ਪਹਾੜ, ਝੀਲਾਂ, ਝਰਨਿਆਂ ਅਤੇ ਕੁਦਰਤੀ ਨਜ਼ਾਰਿਆਂ ਦੇ ਸ਼ੌਕੀਨ ਹੋ, ਜੇਕਰ ਤੁਸੀਂ ਸੈਰਸਪਾਟਾ ਦਾ ਸ਼ੌਕ ਰੱਖਦੇ ਹੋ, ਤਾਂ ਫਿਰ ਕਿਧਰੇ ਡਲਹੌਜ਼ੀ ਵੇਖਣਾ ਭੁੱਲ ਨਾ ਜਾਣਾ।

- ਤਰਸੇਮ ਲਾਲ ਸ਼ੇਰਾ

Posted By: Harjinder Sodhi