ਸਮੁੰਦਰ ਦਾ ਵੀ ਕੋਈ ਦੇਵਤਾ ਹੁੰਦਾ ਹੈ, ਇਹ ਗੱਲ ਮੈਨੂੰ ਇੰਡੀਅਨ-ਨੇਵੀ ’ਚ ਜਾਣ ਤੋਂ ਬਾਅਦ ਹੀ ਪਤਾ ਲੱਗੀ। ਇਸ ਦੇਵਤਾ ਨੂੰ ਲਾਰਡ-ਵਰੂਨਾ ਕਿਹਾ ਜਾਂਦਾ ਹੈ। ਇਸ ਦੇਵਤਾ ਨੂੰ ਖ਼ੁਸ਼ ਕਰਨ ਲਈ ਇੰਡੀਅਨ ਨੇਵੀ ਦੇ ਜਹਾਜ਼ ਜਦ ਵੀ ਭੂ-ਮੱਧ ਰੇਖਾ ਪਾਰ ਕਰਦੇ ਤਾਂ ਇਕ ਸਪੈਸ਼ਲ ਰਸਮ ਕੀਤੀ ਜਾਂਦੀ। ਜਹਾਜ਼ ਵਿਚ ‘ਲਾਰਡ ਵਰੂਨਾ’ ਦਾ ਦਰਬਾਰ ਸਜਦਾ। ਦਰਬਾਰ ਦੀ ਤਿਆਰੀ ਜਹਾਜ਼ ਦੇ ਭੂ-ਮੱਧ ਰੇਖਾ ਪਾਰ ਕਰਨ ਤੋਂ ਪਹਿਲਾਂ ਹੀ ਕਰ ਲਈ ਜਾਂਦੀ। ‘ਲਾਰਡ-ਵਰੂਨਾ’ ਦਾ ਦਰਬਾਰ ਸਜਾਉਣ ਲਈ ਜਹਾਜ਼ ਦੇ ਸਟਾਫ ਵਿੱਚੋਂ ਹੀ ਕੋਈ ਨੌ-ਸੈਨਿਕ ਲਾਰਡ-ਵਰੂਨਾ ਦਾ ਰੋਲ ਅਦਾ ਕਰਦਾ, ਤੇ ਕੋਈ ਦੂਸਰਾ ਲਾਰਡ ਵਰੂਨਾ ਦੀ ਮਹਾਰਾਣੀ ਦਾ ਰੋਲ ਅਦਾ ਕਰਦਾ। ਕਈ ਹੋਰ ਨੌ-ਸੈਨਿਕ ਉਸਦੇ ਦਰਬਾਰੀਆਂ ਦਾ ਰੋਲ ਅਦਾ ਕਰਦੇ। ਇਹ ਦਰਬਾਰ ਜਦ ਮੈਂ ਪਹਿਲੀ ਵਾਰ ਦੇਖਿਆ, ਮੇਰਾ ਮਨ ਬੜਾ ਰੁਮਾਂਚਤ ਸੀ। ਉਸ ਵਕਤ ਉਮਰ ਵੀ ਛੋਟੀ ਹੀ ਸੀ, ਨੇਵੀ ’ਚ ਗਿਆ ਤਿੰਨ ਸਾਲ ਹੀ ਹੋਏ ਸਨ।

ਕਰਾਸਿੰਗ ਦਾ ਲਾਈਨ ਸੈਰੇਮਨੀ

ਭੂ-ਮੱਧ ਰੇਖਾ, ਜਿਸਨੂੰ ਇਕੁਏਟਰ ਵੀ ਕਹਿ ਲੈਂਦੇ ਹਾਂ, ਇਹ ਧਰਤੀ ਨੂੰ ਦੋ ਭਾਗਾਂ ਵਿਚ ਵੰਡਦੀ ਹੈ। ਭੂ-ਮੱਧ ਰੇਖਾ ਤੋਂ ਉਪਰਲਾ ਹਿੱਸਾ ਉੱਤਰੀ ਹੈਮੀ-ਸਫੀਅਰ, ਤੇ ਹੇਠਲਾ ਦੱਖਣੀ ਹੈਮੀ-ਸਫੀਅਰ ਕਹਿਲਾਉਂਦਾ ਹੈ। ਰਵਾਇਤ ਅਨੁਸਾਰ ਭੂ-ਮੱਧ ਰੇਖਾ ਨੂੰ ਪਾਰ ਕਰਦੇ ਸਮੇਂ, ‘ਲਾਰਡ-ਵਰੂਨਾ’ ਨੂੰ ਖ਼ੁਸ਼ ਕਰਨ ਲਈ ਇਹ ਰਸਮ ਅਦਾ ਕੀਤੀ ਜਾਂਦੀ। ਜਹਾਜ਼ੀ ਲੋਕ ਇਸ ਨੂੰ ‘ਕਰਾਸਿੰਗ ਦਾ ਲਾਈਨ ਸੈਰੇਮਨੀ’ ਜਾਂ ‘ਕਰਾਸਿੰਗ ਦਾ ਇਕੁਏਟਰ ਸੈਰੇਮਨੀ’ ਦੇ ਨਾਂ ਨਾਲ ਜਾਣਦੇ ਹਨ। ਇਸ ਰਸਮ ਲਈ ਲਾਰਡ-ਵਰੂਨਾ ਤੇ ਉਸਦੇ ਸਾਰੇ ਦਰਬਾਰੀਆਂ ਨੂੰ ਇਕ ਖ਼ਾਸ ਵੇਸ-ਭੂਸ਼ਾ ਦੇ ਵਸਤਰ ਪਹਿਨਾਏ ਜਾਂਦੇ। ਜਹਾਜ਼ ਦੇ ਸਾਰੇ ਨੌ-ਸੈਨਿਕ ਇਕੱਠੇ ਹੁੰਦੇ ਤੇ ਲਾਰਡ-ਵਰੂਨਾ ਦੇ ਸਜੇ ਦਰਬਾਰ ਵਿਚ ਤੇ ਆਲੇ-ਦੁਆਲੇ ਬੈਠ ਜਾਂਦੇ। ਸਾਰਾ ਦਰਬਾਰ ਸਜ ਜਾਣ ’ਤੇ, ਲਾਰਡ ਵਰੂਨਾ ਆਪਣੀ ਮਹਾਰਾਣੀ ਸਮੇਤ ਸਜੇ ਦਰਬਾਰ ਵਿਚ ਪ੍ਰਵੇਸ਼ ਕਰਦੇ। ਤਾਲੀਆਂ ਤੇ ਫੁੱਲਾਂ ਨਾਲ ਸਵਾਗਤ ਤੋਂ ਬਾਅਦ ਉਹ ਆਪਣੇ ਤਖ਼ਤ ’ਤੇ ਬਿਰਾਜਮਾਨ ਹੋ ਜਾਂਦੇ।

ਲਾਰਡ ਵਰੂਨਾ ਦੇ ਆਉਣ ’ਤੇ ਦਰਬਾਰ ਦੀ ਕਾਰਵਾਈ ਸ਼ੁਰੂ ਹੋ ਜਾਂਦੀ। ਕੈਪਟਨ ਤੋਂ ਲੈ ਕੇ ਹੇਠਲੇ ਰੈਂਕ ਤਕ, ਕਿਸੇ ਵੀ ਵਿਆਕਤੀ ਨੂੰ ਦਰਬਾਰ ਵਿਚ ਦੋਸ਼ੀ ਦੇ ਤੌਰ ’ਤੇ ਪੇਸ਼ ਕੀਤਾ ਜਾ ਸਕਦਾ। ਮੁੱਖ-ਦਰਬਾਰੀ, ਪੇਸ਼ ਕੀਤੇ ਮੁਲਜ਼ਮ ’ਤੇ ਲਗਾਏ ਹੋਏ ਦੋਸ਼ਾਂ ਨੂੰ ਪੜ੍ਹਦਾ, ‘‘ਹੇ ਲਾਰਡ ਇਸ ਵਿਅਕਤੀ ਵਿਸ਼ੇਸ਼ ਨੇ ਆਪਣਾ ਜਹਾਜ਼ ਲਾਰਡ ਵਰੂਨਾ ਦੀ ਸਲਤਨਤ ਦੇ ਇਲਾਕੇ ਵਿਚ ਲਿਆ ਕੇ ਗੁਸਤਾਖੀ ਕੀਤੀ ਹੈ, ਤੇ ਲਾਰਡ ਦੇ ਸਮੁੰਦਰਾਂ ਦੀ ਇਕਾਗਰਤਾ ਨੂੰ ਭੰਗ ਕੀਤਾ ਹੈ। ਇਸ ਦੋਸ਼ੀ ਨੂੰ ਬਣਦੀ ਸਜ਼ਾ ਦਿੱਤੀ ਜਾਵੇ।’’ ਇਸ ਤਰ੍ਹਾਂ ਕਿਸੇ ਹੋਰ ਤੇ ਕੋਈ ਹੋਰ ਇਲਜ਼ਾਮ ਲਾ ਦਿੱਤਾ ਜਾਂਦਾ। ਕਈ ਵਾਰ ਕਿਸੇ ਦੋਸ਼ੀ ਤੇ ਇਕ ਤੋਂ ਵੱਧ ਇਲਜ਼ਾਮ

ਵੀ ਲਗਾ ਦਿੱਤੇ ਜਾਂਦੇ। ਜੋ ਵੀ ਮੁਲਜ਼ਮ ਪੇਸ਼ ਕੀਤਾ ਜਾਂਦਾ, ਲਾਰਡ-ਵਰੂਨਾ ਉਸ ਦੀ ਜਵਾਬ ਤਲਬੀ ਕਰ ਕੇ ਉਸਨੂੰ ਕੋਈ ਨਾ ਕੋਈ ਸਜ਼ਾ ਸੁਣਾ ਦਿੰਦਾ।

ਸਜ਼ਾ ਦੇ ਰੂਪ ’ਚ ਸ਼ੁਗਲ ਮੇਲਾ

ਲਾਰਡ-ਵਰੂਨਾ ਤੇ ਉਸਦੇ ਦਰਬਾਰੀ ਕਈ ਵਾਰ ਆਪਣੇ ਲਈ ਖਾਣ-ਪੀਣ ਦਾ ਪ੍ਰਬੰਧ ਵੀ ਕਰ ਲੈਂਦੇ। ਕੈਪਟਨ ਜਾਂ ਕਿਸੇ ਹੋਰ ਸਹਿਯੋਗੀ ਅਫਸਰ ਨੂੰ ਸਜ਼ਾ ਦੇਣ ਸਮੇਂ ਉਸ ਨੂੰ ਕਿਸੇ ਖ਼ਾਸ ਵਿਸਕੀ ਦੀ ਪੇਟੀ ਜਾਂ ਕੁਝ ਬੋਤਲਾਂ ਦੀ ਸਜ਼ਾ ਲਗਾ ਦਿੱਤੀ, ਕਿਸੇ ਨੂੰ ਕੋਈ ਖ਼ਾਸ ਚਾਕਲੇਟ ਦੇ ਡੱਬਿਆਂ ਦੀ ਸਜ਼ਾ ਲਗਾ ਦਿੱਤੀ, ਜਾਂ ਕੋਈ ਹੋਰ ਖਾਣ-ਪੀਣ ਵਾਲੀ ਚੀਜ਼ ਆਦਿ। ਇਸ ਤਰ੍ਹਾਂ ਦਾ ਸ਼ੁਗਲ ਮੇਲਾ ਕਰ ਕੇ ਲਾਰਡ ਵਰੂਨਾ ਨੂੰ ਖ਼ੁਸ਼ ਕੀਤਾ ਜਾਂਦਾ। ਜਿਸ ਦਿਨ ਜਹਾਜ਼ ਨੇ ਭੂ-ਮੱਧ ਰੇਖਾ ਪਾਰ ਕਰਨੀ ਹੁੰਦੀ, ਉਸ ਦਿਨ ਜਹਾਜ਼ੀਆਂ ਲਈ ਜੋ ਖਾਣਾ ਬਣਦਾ, ਉਸ ਵਿਚ ਮੱਛੀ ਨਹੀਂ ਬਣਾਈ ਜਾਂਦੀ। ਇਹ ਜਲ ਜੀਵਾਂ ਦੇ ਸਤਿਕਾਰ ਵਜੋਂ ਹੁੰਦਾ। ਸਾਰੇ ਜਹਾਜ਼ੀ ਸਮੁੰਦਰ ਦੇ ਖਾਰੇ ਪਾਣੀ ਦੀਆਂ ਇਕ ਦੋ ਘੁੱਟਾਂ ਵੀ ਭਰਦੇ। ਜਹਾਜ਼ ਦੇ ਮਾਸਟ ’ਤੇ ਝੁੱਲ ਰਿਹਾ ਨੇਵੀ ਦਾ ਝੰਡਾ ਨੀਵਾਂ ਕੀਤਾ ਜਾਂਦਾ, ਇਹ ਲਾਰਡ ਵਰੂਨਾ ਨੂੰ ਇਕ ਤਰ੍ਹਾਂ ਨਾਲ ਸਲਾਮੀ ਹੁੰਦੀ ਹੈ। ਇਹ ਰਸਮਾਂ ਕਰ ਕੇ ਜਹਾਜ਼ ਭੂ-ਮੱਧ ਰੇਖਾ ਪਾਰ ਕਰ ਜਾਂਦੇ। ਇੱਥੇ ਇਹ ਵੀ ਦੱਸ ਦੇਵਾਂ ਕਿ ਦੇਵੀ ਦੇਵਤਿਆਂ ਨੂੰ ਖ਼ੁਸ਼ ਕਰਨਾ ਸਾਡੀ ਪੁਰਾਣੀ ਹਿੰਦੋਸਤਾਨੀ ਪਰੰਪਰਾ ਤਾਂ ਹੈ ਹੀ, ਪਰ ਇਹ ਰਸਮ ਬਾਹਰਲੇ ਮੁਲਕਾਂ ਦੇ ਨੇਵੀ ਜਹਾਜ਼ ਵੀ ਨਿਭਾਉਂਦੇ ਸਨ। ਕਈ ਵਾਰ ਜੇ ਕਿਸੇ ਨੇਵਲ-ਬੇਸ ਦਾ ਕੈਪਟਨ ਚਾਹੇ, ਤਾਂ ਨੇਵੀ ਸੱਭਿਆਚਾਰ ਦੇ ਤੌਰ ’ਤੇ, ਇਹ ਰਸਮ ਕਿਸੇ ਹੋਰ ਮੌਕੇ ਵੀ ਕਰ ਲਈ ਜਾਂਦੀ ਹੈ। ਜਦ ਮੈਂ ਜਾਮਨਗਰ ਦੇ ਨੇਵਲ-ਬੇਸ ‘ਵਲਸੂਰਾ’ ਵਿਚ, ਤਿੰਨ ਸਾਲ ਇਲੈਕਟ੍ਰੀਕਲ-ਇੰਜੀਨਅਰਿੰਗ ਦੀ ਟਰੇਨਿੰਗ ਕੀਤੀ, ਤਾਂ ਉਸ ਵਕਤ ਦੇ ਕੈਪਟਨ ਸਾਹਿਬ ਦੀ ਇੱਛਾ ਅਨੁਸਾਰ, ਜਾਮਨਗਰ ਦੇ ਬੇਸ ਵਿਚ ਹੀ ਲਾਰਡ-ਵਰੂਨਾ ਦਾ ਦਰਬਾਰ ਸਜਦਾ। ਉੱਥੇ ਹਰ ਸਾਲ ਦੀਵਾਲੀ ਵੇਲੇ ਖੁੱਲ੍ਹੇ ਗਰਾਉਂਡ ਵਿਚ ਮੇਲਾ ਲੱਗਦਾ ਹੁੰਦਾ, ਜਿਸਨੂੰ ‘ਦੀਵਾਲੀ ਮੇਲਾ’ ਦਾ ਨਾਂ ਦਿੱਤਾ ਜਾਂਦਾ। ਸਾਰੇ ਅਫਸਰ ਤੇ ਨੌ-ਸੈਨਿਕ, ਪਰਿਵਾਰਾਂ ਸਮੇਤ ਉਸ ਮੇਲੇ ਵਿਚ ਸ਼ਾਮਲ ਹੁੰਦੇ। ਇਹ ਦੀਵਾਲੀ ਮੇਲਾ ਕਰੀਬ ਹਰ ਵੱਡੇ ਨੇਵਲ-ਬੇਸ ਵਿਚ ਹੀ ਲੱਗਦਾ, ਜੋ ਸਵੇਰੇ 10 ਕੁ ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ ਚਾਰ-ਪੰਜ ਵੱਜੇ ਤਕ ਚੱਲਦਾ। ਇਹ ਇਕ ਕਿਸਮ ਨਾਲ ਖਾਣ-ਪੀਣ ਦਾ, ਬੱਚਿਆਂ ਦੀਆਂ ਖੇਡਾਂ ਦਾ ਤੇ ਸਭ ਦੇ ਮਨੋਰੰਜਨ ਦਾ ਬਾਜ਼ਾਰ ਹੀ ਹੁੰਦਾ ਹੈ। ਉਸ ਵਕਤ ਜਾਮਨਗਰ ਦੇ ਨੇਵਲ-ਬੇਸ ਵਿਚ ਲੱਗਦੇ ਇਸ ਮੇਲੇ ਵਿਚ ਸਭ ਲੋਕ ਬਾਕੀ ਚੀਜ਼ਾਂ ਦਾ ਆਨੰਦ ਤਾਂ ਲੈਂਦੇ ਹੀ, ਨਾਲ ਲਾਰਡ-ਵਰੂਨਾ ਦੇ ਦਰਬਾਰ ਦਾ ਵੀ ਖ਼ੂਬ ਆਨੰਦ ਮਾਣਦੇ। ਬੱਚਿਆਂ ਤੇ ਔਰਤਾਂ ਲਈ ਇਹ ਦਰਬਾਰ ਖ਼ਾਸ ਦਿਲਚਸਪੀ ਤੇ ਖਿੱਚ ਦਾ ਕੇਂਦਰ ਹੁੰਦਾ, ਕਿਉਂਕਿ ਉਨ੍ਹਾਂ ਲਈ ਇਹ ਨਵੀਂ ਚੀਜ਼ ਸੀ। ਮੈਂ ਤਿੰਨ ਸਾਲ ਉੱਥੇ ਰਿਹਾ ਤੇ ਤਿੰਨੇ ਸਾਲ ਹੀ ਮੈਨੂੰ ‘ਲਾਰਡ-ਵਰੂਨਾ’ ਦਾ ਰੋਲ ਕਰਨ ਦਾ ਮਾਣ ਹਾਸਲ ਹੁੰਦਾ ਰਿਹਾ। ਖੱਬੇ ਪਾਸੇ ਨਾਲ ਬੈਠੀ ਮਹਾਰਾਣੀ ਨੂੰ ਦੇਖ-ਦੇਖ, ਕੁਝ ਚਿਰ ਲਈ ਤਾਂ ਮਨ ਉੱਚੀਆਂ ਉਡਾਰੀਆਂ ਭਰਦਾ ਤੇ ਖ਼ੂਬ ਖ਼ੁਸ਼ੀ ਹੁੰਦੀ।

ਕੈਪਟਨ ਨੂੰ ਨਹੀਂ ਮਿਲਦੀ ਸਰੀਰਕ ਸਜ਼ਾ

ਕੈਪਟਨ ਸਾਹਿਬ ਖ਼ੁਦ ਆਪਣੀ ਫੈਮਲੀ ਨੂੰ ਨਾਲ ਲੈ ਕੇ ਦਰਬਾਰ ਵਿਚ ਆਉਂਦੇ ਤੇ ਅਖੀਰ ਤਕ ਬੈਠ ਕੇ ਸਾਰਾ ਪ੍ਰੋਗਰਾਮ ਦੇਖਦੇ। ਡੇਢ ਕੁ ਘੰਟੇ ਦੇ ਇਸ ਦਰਬਾਰ ਦੌਰਾਨ ਮੈਂ ਲਾਰਡ ਵਰੂਨਾ ਦੇ ਰੋਲ ਵਿਚ, ਕਈਆਂ ਨੂੰ ਵੱਖ-ਵੱਖ ਸਜ਼ਾਵਾਂ ਸੁਣਾਉਂਦਾ ਤੇ ਮੇਰੇ ਦਰਬਾਰ ਦੇ ਕਾਲੀਆਂ ਵਰਦੀਆਂ ਵਾਲੇ ਜਮਦੂਤ ਨੁਮਾਂ ਦਰਬਾਰੀ ਉਨ੍ਹਾਂ ਨੂੰ ਉਹ ਸਜ਼ਾ ਦਿੰਦੇ। ਜਨਾਨੀਆਂ, ਬੱਚਿਆਂ ਤੇ ਹੋਰਨਾਂ ਵਿਚ ਖ਼ੂਬ ਹਾਸੜ ਪੈਂਦਾ। ਤਿੰਨੇ ਸਾਲ ਅਸੀਂ ਕੈਪਟਨ ਸਾਹਿਬ ਨੂੰ ਵੀ ਕੋਈ ਨਾ ਕੋਈ ਦੋਸ਼ ਲਾ ਕੇ ਸਜ਼ਾ ਸੁਣਾ ਦਿੰਦੇੇ, ਪਰ ਕੈਪਟਨ ਸਾਹਿਬ ਨੂੰ ਕੋਈ ਸਰੀਰਕ ਸਜ਼ਾ ਨਾ ਦਿੰਦੇ। ਉਨ੍ਹਾਂ ਨੂੰ ਵਿਸਕੀ ਜਾਂ ਕੋਈ ਹੋਰ ਚੀਜ਼ ਦੀ ਸਜ਼ਾ ਲਾ ਦਿੰਦੇ ਤੇ ਬਾਅਦ ਵਿਚ ਮਿਲ ਕੇ ਪਾਰਟੀ ਕਰ ਲੈਂਦੇ। ਕੈਪਟਨ ਸਾਹਿਬ ਹਰ ਵਾਰ ਖ਼ੁਸ਼ੀ-ਖ਼ੁਸ਼ੀ ਉਸ ਨੂੰ ਸਵੀਕਾਰ ਕਰਦੇ।

ਨਿੱਜੀ ਕੰਪਨੀਆਂ ਨਹੀਂ ਮਨਾਉਂਦੀਆਂ ਕੋਈ ਰਸਮ

ਇੰਡੀਅਨ-ਨੇਵੀ ਦੀ ਨੌਕਰੀ ਤੋਂ ਬਾਅਦ ਮੈਂ ਮਰਚੈਂਟ-ਨੇਵੀ ਦੇ ਵਪਾਰਕ ਜਹਾਜ਼ਾਂ ਦੀ ਨੌਕਰੀ ਕੀਤੀ। ਉਨ੍ਹਾਂ ਜਹਾਜ਼ਾਂ ਵਿਚ ਵੀ ਬਹੁਤ ਵਾਰ ਭੂ-ਮੱਧ ਰੇਖਾ ਪਾਰ ਕੀਤੀ, ਪਰ ਪ੍ਰਾਈਵੇਟ ਕੰਪਨੀਆਂ ਦੇ ਇਨ੍ਹਾਂ ਮਾਲ ਢੋਹਣ ਵਾਲੇ ਜਹਾਜ਼ਾਂ ਵਿਚ ਕਿਧਰੇ ਵੀ ਇਹ ਰਸਮ ਦੇਖਣ ਨੂੰ ਨਹੀਂ ਮਿਲੀ। ਸ਼ਾਇਦ ਪਦਾਰਥਵਾਦੀ ਯੁੱਗ ਆ ਜਾਣ ਕਰਕੇ ਪ੍ਰਾਈਵੇਟ ਮਾਲਕਾਂ ਨੇ ਤਾਂ ਵਪਾਰਕ ਬਿਰਤੀ ਨੂੰ ਹੀ ਮੁੱਖ ਰੱਖਣਾ ਹੁੰਦਾ ਹੈ। ਸੋ ਕਈਆਂ ਨੇ ਅਜਿਹੀਆਂ ਰਸਮਾਂ ਤੇ ਸਮਾਂ ਖ਼ਰਾਬ ਕਰਨਾ ਠੀਕ ਨਾ ਸਮਝਦੇ ਹੋਏ ਚੁੱਪ-ਚੁਪੀਤੇ ਇਸ ਪ੍ਰਥਾ ਨੂੰ ਖ਼ਤਮ ਕਰ ਦਿੱਤਾ। ਵੈਸੇ ਏਥੇ ਮੈਂ ਇਹ ਵੀ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ, ਵਪਾਰਕ ਜਹਾਜ਼ਾਂ ਵਿਚ ਵੀ ਕੋਈ ਟਾਵਾਂ ਕੈਪਟਨ ਇਹ ਰਸਮ ਨਿਭਾਉਣ ਦੀ ਪ੍ਰਥਾ ਕਰਦਾ ਆ ਰਿਹਾ ਹੈ। ਕਈ ਵਾਰ ਪੂਰਾ ਦਰਬਾਰ ਨਾ ਸਜਾ ਕੇ, ਆਪਣੇ-ਆਪਣੇ ਢੰਗ ਨਾਲ ਲਾਰਡ ਵਰੂਨਾ ਨੂੰ ਸਲਾਮੀ ਦੇ ਦਿੱਤੀ ਜਾਂਦੀ ਹੈ। ਲਾਰਡ ਵਰੂਨਾ, ਜਿੱਥੇ ਦੁਨੀਆ ਭਰ ਦੇ ਇਨਸਾਨਾਂ ਨੂੰ ਬੇਹਿਸਾਬ ਸੀ-ਫੂਡ ਤੇ ਹੋਰ ਪ੍ਰਦਾਨ ਕਰ ਰਿਹਾ ਹੈ, ਉੱਥੇ ਕਿਤੇ ਨਾ ਕਿਤੇ ਸਮੁੰਦਰੀ ਜਹਾਜਾਂ ਦੀ ਬਲੀ ਵੀ ਲੈਂਦਾ ਰਹਿੰਦਾ ਹੈ।

ਸਜ਼ਾ ਦੇ ਅਜੀਬੋ ਗ਼ਰੀਬ ਢੰਗ

ਇਹ ਸਜ਼ਾ ਬੜੀ ਅਜੀਬੋ ਗ਼ਰੀਬ ਹੁੰਦੀ। ਕਿਸੇ ਨੂੰ ਸਮੁੰਦਰ ਦਾ ਖਾਰਾ ਪਾਣੀ ਪੀਣ ਲਈ ਕਿਹਾ ਜਾਂਦਾ। ਕਿਸੇ ਨੂੰ ਖਾਰੇ ਪਾਣੀ ’ਚ ਚੁੱਭੀਆਂ ਲਵਾਈਆਂ ਜਾਂਦੀਆਂ। ਕਿਸੇ ਦੇ ਵਿੰਗੇ ਟੇਡੇ ਢੰਗ ਨਾਲ ਵਾਲ ਕੱਟ ਦਿੱਤੇ ਜਾਂਦੇ, ਕਿ ਉਹ ਕਿਸੇ ਜ਼ੋਕਰ ਵਰਗਾ ਦਿਸੇ। ਕਿਸੇ ’ਤੇ ਕੋਈ ਰੰਗ ਮਲਣ ਦੀ ਸਜ਼ਾ ਸੁਣਾ ਦਿੱਤੀ ਜਾਂਦੀ। ਕਿਸੇ ਦਾ ਚਿਹਰਾ ਚਿੱਕੜ ਜਾਂ ਕੋਈ ਹੋਰ ਚੀਜ਼ ਮਲ ਕੇ ਵਿਗਾੜ ਦਿੱਤਾ ਜਾਂਦਾ। ਕਿਸੇ ਨੂੰ ਕੋਈ ਖ਼ਾਸ ਐਕਟਿੰਗ ਕਰਕੇ ਲਾਰਡ ਵਰੂਨਾ ਤੇ ਉਸਦੇ ਦਰਬਾਰ ਨੂੰ ਖ਼ੁਸ਼ ਕਰਨ ਦੀ ਸਜ਼ਾ ਸੁਣਾਈ ਜਾਂਦੀ, ਵਗੈਰਾ ਵਗੈਰਾ। ਅਸਲ ਵਿਚ ਇਹ ਸਾਰਾ ਹਲਕਾ ਫੁਲਕਾ ਮਜ਼ਾਕ ਤੇ ਇਕ ਤਰ੍ਹਾਂ ਦਾ ਸ਼ੁਗਲ ਮੇਲਾ ਹੀ ਹੁੰਦਾ। ਕਦੇ ਕਦੇ ਇਸ ਸ਼ੁਗਲ ਮੇਲੇ ਵਿਚ ਕਿਸੇ ਨਾਲ ਥੋੜ੍ਹਾ ਧੱਕਾ ਵੀ ਹੋ ਜਾਂਦਾ, ਪਰ ਕੋਈ ਗੁੱਸਾ ਨਹੀਂ ਕਰਦਾ ਤੇ ਦਿੱਤੀ ਸਜ਼ਾ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰ ਲੈਂਦਾ। ਸਾਰੇ ਜਹਾਜ਼ੀ ਖੂਬ ਤਾੜੀਆਂ ਮਾਰਦੇ, ਸੀਟੀਆਂ ਵਜਾਉਂਦੇ, ਤੇ ਖ਼ੂਬ ਹੱਸਦੇ ਟੱਪਦੇ।

- ਪਰਮਜੀਤ ਮਾਨ

Posted By: Harjinder Sodhi