ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਇਸ ਧਰਤੀ ਦੇ ਹਰ ਕਣ ’ਚੋਂ ਪ੍ਰਕਿਰਤੀ ਦੀ ਖੁਸ਼ਬੋ ’ਚ ਵਿਚਰ ਰਹੇ ਹਰ ਜੀਵ ਨੂੰ ਅਜਿਹਾ ਸਰਸ਼ਾਰ ਕਰਦੀ ਹੈ ਕਿ ਉਹ ਸਦਾ ਲਈ ਉਸ ਧਰਤੀ ਦੀ ਆਭਾ ਮਾਣਨ ਦਾ ਇੱਛੁਕ ਹੋ ਜਾਂਦਾ ਹੇੇ।

ਇਸ ਪਵਿੱਤਰ ਥਾਂ ਦੇ ਇਤਿਹਾਸ ਬਾਰੇ ਇਹ ਪ੍ਰਸਿੱਧ ਹੈ ਕਿ ਜਦੋਂ ਇਕ ਵਾਰੀ ਗੁਰੂ ਗੋਬਿੰਦ ਸਿੰਘ ਆਪਣੇ ਘੋੜੇ ’ਤੇ ਸਵਾਰ ਹੋ ਕੇ ਇੱਥੋਂ ਲੰਘੇ ਤਾਂ ਗੁਰੂ ਜੀ ਦਾ ਘੋੜਾ ਕੁੱਝ ਮੱਠਾ ਹੋ ਗਿਆ ਤੇ ਇੱਥੋਂ ਦੀ ਸੁੰਦਰਤਾ ਨੂੰ ਦੇਖ ਕੇ ਗੁਰੂ ਜੀ ਦਾ ਮਨ ਵੀ ਕੁਝ ਲਿਖਣ ਨੂੰ ਕੀਤਾ। ਗੁਰੂ ਜੀ ਨੇ ਇਸ ਥਾਂ ਨੂੰ ਚੁਣ ਕੇ ਫਿਰ ਇਸ ਥਾਂ ’ਤੇ ਚਾਰ ਦਿਨ ਰਹਿਣ ਦਾ ਫ਼ੈਸਲਾ ਕੀਤਾ ਤੇ ਇਤਿਹਾਸ ਅਨੁਸਾਰ ਇਥੇ ਦਸਮ ਗ੍ਰੰਥ ਦੀ ਰਚਨਾ ਕੀਤੀ। ਇਸ ਥਾਂ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਸ ਥਾਂ ਦਸਤਾਰ ਮੁਕਾਬਲੇ ਕਰਾਏ ਜਾਂਦੇ ਹਨ। ਦਸਤਾਰ ਦਾ ਸਿੱਧਾ ਸਬੰਧ ਸਿੱਖੀ ਨਾਲ ਹੈ। ਜੋ ਮਨੁੱਖ ਕੇਸ ਰੱਖਦਾ ਹੈ, ਉਹ ਦਸਤਾਰ ਵੀ ਬੰਨ੍ਹਦਾ ਹੈ। ਦਸਤਾਰ ਸਾਡੇ ਵਾਲਾਂ ਨੂੰ ਢਕ ਕੇ ਰੱਖਦੀ ਹੈ। ਇਹ ਸਾਡੀ ਪੁਸ਼ਾਕ ਦਾ ਇਕ ਅਹਿਮ ਭਾਗ ਬਣ ਗਈ ਹੈ ਤੇ ਸਿੱਖ ਸੱਭਿਆਚਾਰ ਦਾ ਇਕ ਪ੍ਰਤੱਖ ਨਿਸ਼ਾਨ ਹੈ। ਇਹ ਸਥਾਨ ਕਵੀਆਂ ਨਾਲ ਵਿਸ਼ੇਸ਼ ਢੰਗ ਨਾਲ ਜੁੜਿਆ ਹੋਇਆ ਹੈ। ਇੱਥੇ ਹੀ 52 ਕਵੀਆਂ ਦੀ ਚੋਣ ਹੋਈ। ਇਸ ਸਥਾਨ ਦੀ ਇਹ ਪ੍ਰੰਪਰਾ ਰਹੀ ਹੈ ਕਿ ਇੱਥੇ ਹਰ ਸਾਲ ਕਵੀ ਦਰਬਾਰ ਕਰਵਾਇਆ ਜਾਂਦਾ ਹੈੇ ਤੇ ਕਵੀ ਆਪਣੀਆਂ ਰਚਨਾਵਾਂ ਸੁਣਾੳਂੁਦੇ ਸਨ ।

ਇਸ ਅਸਥਾਨ ਦਾ ਵਾਤਾਵਰਨ ਬਹੁਤ ਹੀ ਰਮਣੀਕ ਹੈ। ਯਮੁਨਾ ਨਦੀ ਇਸ ਪਵਿੱਤਰ ਥਾਂ ਨਾਲ ਟਕਰਾ ਕੇ ਲੰਘਦੀ ਹੈ। ਇਸ ਨਦੀ ਦੇ ਆਲੇ-ਦੁਆਲੇ ਜੋ ਪਹਾੜੀਆਂ ਹਨ, ਉਹ ਰਾਤ ਨੂੰ ਜਦੋਂ ਪਹਾੜੀਆਂ ’ਚ ਰੋਸ਼ਨੀ ਹੁੰਦੀ ਹੈ ਤਾਂ ਇਵੇਂ ਜਾਪਦਾ ਹੈ ਕਿ ਆਕਾਸ਼ ਵਿਚ ਜਿਵੇਂ ਤਾਰੇ ਟਿਮਕਦੇ ਹੋਏ ਨਜ਼ਰ ਆਉਂਦੇ ਹਨ। ਇਹ ਨਜ਼ਾਰਾ ਬੜਾ ਅਲੌਕਿਕ ਹੁੰਦਾ ਹੈ ਤੇ ਮਨ ਆਪਣੇ ਆਪ ਹੀ ਉਸ ਕਰਤਾਰ ਨਾਲ ਜੁੜਦਾ ਹੈ, ਜੋ ਇਸ ਸਥਾਨ ਦਾ ਸਿਰਜਕ ਹੈ। ਪਾਉਂਟਾ ਸਾਹਿਬ ਦੀ ਧਰਤੀ ਜਦੋਂ ਦੀ ਨਿਰਮਾਣ ਵਿਚ ਆਈ ਹੈ, ਕਈ ਵਾਰ ਇਹ ਰਾਜਨੀਤਕ ਕਾਰਨਾਂ ਕਰਕੇ ਕਿਸੇ ਵੱਖਰੇ ਰਾਜ ਦੇ ਰੂਪ ਵਿਚ ਬਦਲੀ ਹੈ । ਲੰਮੇ ਸਮੇਂ ਤੋਂ ਇਹ ਉੱਤਰ ਪ੍ਰਦੇਸ਼ ਦਾ ਭਾਗ ਰਹੀ ਹੈ। ਕਦੇ ਇਹ ਉਤਰਾਂਚਲ ਤੇ ਝਾਰਖੰਡ ਦੇ ਰਾਜ ਦਾ ਸ਼ਿੰਗਾਰ ਬਣ ਜਾਂਦੀ ਹੈ।

ਪਾਉਂਟਾ ਸਾਹਿਬ ਨੂੰ ਪੰਜਾਬ ਤੋਂ ਜਾਣ ਦੇ ਮੁੱਖ ਦੋ ਰਸਤੇ ਹਨ । ਇਕ ਰਸਤਾ ਜੋ ਸਭ ਤੋਂ ਵੱਧ ਆਰਾਮਦੇਹ ਹੈ, ਉਹ ਰੇਲ ਰਾਹੀਂ ਸਵੇਰ ਵੇਲੇ ਨੌਂ ਵਜੇ ਇਕ ਗੱਡੀ ਚਲਦੀ ਹੈ ਜੋ ਦੁਪਹਿਰ ਵੇਲੇ 2 ਵਜੇ ਹਰਿਦੁਆਰ ਪਹੁੰਚ ਜਾਂਦੀ ਹੈ ਤੇ ਫਿਰ ਅਗਲਾ ਸਟੇਸ਼ਨ ਰਿਸ਼ੀਕੇਸ਼ ਹੈ। ਸਟੇਸ਼ਨ ਤੋਂ ਬਾਹਰ ਆ ਕੇ ਟੈਕਸੀਆਂ ਤੇ ਟੈਂਪੂ ਆਰਾਮ ਨਾਲ ਹਰ ਥਾਂ ’ਤੇ ਜਾਣ ਲਈ ਮਿਲ ਜਾਂਦੇ ਹਨ। ਦੂਸਰਾ ਰਸਤਾ ਬੱਸ ਰਾਹੀਂ ਹੈ ਜੋ ਚੰਡੀਗੜ੍ਹ ਦੇ ਨਜ਼ਾਰੇ ਦੇਖਦੇ ਹੋਏ ਤੁਸੀਂ ਹਿਮਾਚਲ ਦੀਆਂ ਵਾਦੀਆਂ ਨੂੰ ਮਾਣਦੇ ਹੋਏ ਗੁਰਦੁਆਰਾ ਨਾਡਾ ਸਾਹਿਬ ਦੇ ਦਰਸ਼ਨ ਕਰਦੇ ਹੋਏ ਕਾਲਾ ਅੰਬ ਤੋਂ ਰਸਤਾ ਬਦਲਦੇ ਹੋਏ ਹਿਮਾਚਲ ਤੋਂ ਉਤਰਾਂਚਲ ਵਿਚ ਪ੍ਰਵੇਸ਼ ਕਰ ਜਾਂਦੇ ਹੋ । ਇਹ ਰਸਤਾ ਵਧੇਰੇ ਤੌਰ ’ਤੇ ਪਹਾੜੀ ਹੈ ਤੇ ਇੱਥੇ ਕਈ ਸੈਲਾਨੀ ਥਾਵਾਂ ਦਾ ਆਨੰਦ ਤੁਸੀਂ ਮਾਣ ਸਕਦੇ ਹੋ। ਇੱਥੇ ਆਮ ਜਾਣ ਵਾਲੇ ਸੈਲਾਨੀਆਂ ਦਾ ਇਹ ਕਹਿਣਾ ਹੈ ਕਿ ਜੇ ਕਿਤੇ ਵਿਦਿਆਰਥੀਆਂ ਦਾ ਟੂਰ ਬਣਾ ਕੇ ਜਾ ਰਹੇ ਹੋ ਤਾਂ ਜਾਓ ਤੁਸੀਂ ਚੰਡੀਗੜ੍ਹ ਦੇ ਰਸਤੇ ’ਤੇ ਵਾਪਸੀ ਹਰਿਦੁਆਰ ਵਾਲਾ ਰਸਤਾ ਅਪਣਾ ਸਕਦੇ ਹੋ, ਜਿੱਥੇ ਹਰਿਦੁਆਰ ਦੇ ਕਈ ਅਣਗਿਣਤ ਸੈਲਾਨੀ ਸਥਾਨ ਹਨ, ਜੋ ਤੁਸੀਂ ਦੇਖਣਾ ਚਾਹੋਗੇ ਜਿਨ੍ਹਾਂ ਵਿਚ ਹਰਿ ਕੀ ਪਾਉੜੀ ਖ਼ਾਸ ਹੋ ਸਕਦੀ ਹੈ । ਜੇ ਤੁਸੀਂ ਦਰਿਆ ਗੰਗਾ ਦਾ ਬਹੁਤ ਹੀ ਪਵਿੱਤਰ ਰੂਪ ਮਾਣਨ ਦੇ ਹੀ ਇੱਛੁਕ ਹੋ ਤਾਂ ਰਿਸ਼ੀਕੇਸ ਦੇ ਰਸਤੇ ਰਾਹੀਂ ਆ ਸਕਦੇ ਹੋ ਤੇ ਲਛਮਣ ਝੂੁਲੇ ਦਾ ਆਨੰਦ ਮਾਣ ਸਕਦੇ ਹੋ। ਇਸ ਥਾਂ ’ਤੇ ਜਾ ਕੇ ਇਵੇਂ ਜਾਪੇਗਾ ਜਿਵੇਂ ਮਾਂ ਦੇ ਪੰਘੂੜੇ ਦਾ ਆਨੰਦ ਮਾਣ ਰਹੇ ਹੋ ।

ਪਾਉਂਟਾ ਸਾਹਿਬ ਦੀ ਸੁਹਾਵਣੀ ਧਰਤੀ ਨੂੰ ਲੋਕ ਦੇਵ ਭੂਮੀ ਦਾ ਨਾਂ ਦਿੰਦੇ ਹਨ। ਇਸ ਧਰਤੀ ’ਤੇ ਅਨੇਕਾਂ ਪੂਜਾ ਸਥਾਨਾਂ ਦੀ ਭਰਮਾਰ ਨਜ਼ਰ ਆਉਂਦੀ ਹੈ। ਕਈ ਇਨ੍ਹਾਂ ’ਚੋਂ ਸੈਲਾਨੀ ਸਥਾਨ ਬਣ ਜਾਣ ਦੀ ਸਮਰੱਥਾ ਰੱਖਦੇ ਹਨ । ਇਹ ਸਾਰੀਆਂ ਥਾਵਾਂ ਕੁਦਰਤੀ ਸੁੰਦਰਤਾ ਨਾਲ ਭਰਪੂਰ ਹਨ ਤੇ ਕਈ ਆਪਣੇ ਆਪ ਵਿਚ ਕਈ ਗੁਣ ਸਮੋਈ ਬੈਠੇ ਹਨ ਕਿ ਇਹ ਲੋਕਾਂ ਨੂੰ ਇੰਨਾ ਆਕਰਸ਼ਿਤ ਕਰਦੇ ਹਨ ਕਿ ਲੋਕਾਂ ਦੀਅਂਾ ਭੀੜਾਂ ਇੱਥੇ ਜਾਣ ਲਈ ਸਦਾ ਤਿਆਰ ਰਹਿੰਦੀਆਂ ਹਨ। ਸਰਕਾਰ ਨੂੰ ਇਹ ਥਾਵਾਂ ਦੇਖਣ ਲਈ ਨਿਯਮ ਬਣਾਉਣੇ ਪੈਂਦੇ ਹਨ। ਮੁੱਖ ਸਥਾਨ ਤਾਂ ਪਾਉਂਟਾ ਸਾਹਿਬ ਹੀ ਹੈ ਪਰ ਜੋ ਨੇੜੇ ਦੇ ਸੈਲਾਨੀ ਸਥਾਨ ਹਨ, ਉਹ ਇਸ ਤਰ੍ਹਾਂ ਹਨ।

ਆਸਨ ਲੇਕ

ਦੁਨੀਆ ਵਿਚ ਅਨੇਕਾਂ ਪ੍ਰਕਾਰ ਦੀਆ ਝੀਲਾਂ ਹਨ, ਜਿਨ੍ਹਾਂ ਨੂੰ ਦੇਖਣ ਲਈ ਲੋਕ ਸਦਾ ਤੱਤਪਰ ਰਹਿੰਦੇ ਹਨ। ਜੋ ਝੀਲ ਕੁਦਰਤੀ ਸਾਧਨਾਂ ਨਾਲ ਬਣ ਜਾਂਦੀ ਹੈ,ਉਹ ਦਿਲ ’ਤੇ ਬਹੁਤ ਪ੍ਰਭਾਵ ਛੱਡਦੀ ਹੈ। ਇਹ ਝੀਲ ਪਾਉਂਟਾ ਸਾਹਿਬ ਦੇ ਬਹੁਤ ਨੇੜੇ ਕੇਵਲ ਚਾਰ ਮੀਲ ’ਤੇ ਹੈ ਤੇ ਏਥੇ ਜਾਣ ਲਈ ਕਈ ਰਸਤੇ ਬਣੇ ਹੋਏ ਹਨ ਤੇ ਸਾਧਨ ਮਿਲ ਜਾਂਦੇ ਹਨ। ਇਸ ਝੀਲ ’ਤੇ ਪਾਣੀ ਵਾਲੀਆਂ ਖੇਡਾਂ ਕਰਵਾਈਆਂ ਜਾਂਦੀਆਂ ਹਨ ਤੇ ਸੈਲਾਨੀ ਅਡਵੈਂਚਰ ਵਾਲੀਆਂ ਖੇਡਾਂ ਵੀ ਖੇਡ ਸਕਦੇ ਹਨ।

ਇਸ ਝੀਲ ’ਤੇ ਪ੍ਰਕਿਰਤੀ ਸਦਾ ਆਪਣੀ ਖੁਸ਼ਬੋ ਖਿਲਾਰਦੀ ਹੋਈ ਨਜ਼ਰ ਆਉਂਦੀ ਹੈ ਤੇ ਨਾਲ ਮਨੁੱਖ ਦੀ ਕਲਾ ਦਾ ਵੀ ਅਹਿਸਾਸ ਵੀ ਇੱਥੇ ਹੁੰਦਾ ਹੈ। ਝੀਲ ਦੇ ਨੇੜੇ ਕਈ ਸੁੰਦਰ ਪਾਰਕ ਮਨੁੱਖ ਲਈ ਬਣਾਏ ਗਏ ਹਨ, ਜਿਨ੍ਹਾਂ ਨੂੰ ਦੇਖਣ ਨਾਲ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ।

ਖੋਡਰਾ ਡਾਕ ਪੱਥਰ

ਇਹ ਸੈਲਾਨੀ ਸਥਾਨ ਪਾਉਂਟਾ ਸਾਹਿਬ ਤੋਂ 25 ਮੀਲ ਦੀ ਦੂਰੀ ’ਤੇ ਹੈ। ਇਹ ਇਸ ਖੇਤਰ ਦੀ ਸਭ ਤੋਂ ਵੱਧ ਸ਼ਾਂਤੀ ਵਾਲੀ ਥਾਂ ਹੈ। ਸਰਕਾਰ ਨੇ ਇਸ ਦੇ ਨੇੜੇ ਹੀ ਪਾਰਕ ਬਣਾ ਕੇ ਇਸ ਨੁੂੰ ਲੋਕਾਂ ਲਈ ਇੱਥੇ ਕੁਝ ਰਾਹਤ ਵਾਲੇ ਸਥਾਨ ਬਣਾ ਦਿੱਤੇ। ਸਿਰਮੋਰ, ਨਾਗੂਨਾ ਮੰਦਰ, ਕਾਟਸ਼ਨ ਦੇਵੀ ਮੰਦਰ, ਯਮੁਨਾ ਮੰਦਰ, ਗੁਰਦੁਆਰਾ ਤੀਰਗ੍ਹੜ ਸਾਹਿਬ , ਭੰਗਾਣੀ ਸਾਹਿਬ, ਸ਼ਿਵ ਮੰਦਰ, ਸ਼ੇਰਗੜ੍ਹ ਤੇ ਰਾਮ ਮੰਦਰ ਆਦਿ ਸਥਾਨ ਹਨ, ਜਿੱਥੇ ਲੋਕ ਆਪਣੀ ਸ਼ਰਧਾ ਭੇਂਟ ਕਰਦੇ ਹਨ ਤੇ ਨਾਲ ਪ੍ਰਕਿ੍ਰਤੀ ਦੀ ਸੁੰਦਰਤਾ ਦਾ ਆਨੰਦ ਮਾਣਦੇ ਹਨ।

- ਪ੍ਰੋ ਜਤਿੰਦਰ ਬੀਰ ਸਿੰਘ ਨੰਦਾ

Posted By: Harjinder Sodhi