ਇਤਿਹਾਸ ਦੇ ਪੰਨਿਆਂ 'ਤੇ ਖ਼ੂਬਸੂਰਤੀ ਦੇ ਮੁਜੱਸਮੇ ਵਜੋਂ ਨੂਰਜਹਾਂ ਦਾ ਨਾਂ ਸੁਨਹਿਰੇ ਅੱਖਰਾਂ 'ਚ ਉਕਰਿਆ ਹੋਇਆ ਹੈ। ਨੂਰਜਹਾਂ ਕੌਣ ਸੀ ਤੇ ਕਿਵੇਂ ਜਹਾਂਗੀਰ ਦੀ ਜਾਨਸ਼ੀਨ ਬਣੀ, ਆਓ ਇਤਿਹਾਸ ਦੀ ਤਵਾਰੀਖ ਤੋਂ ਜਾਣੂ ਕਰਵਾਉਂਦੇ ਹਾਂ। ਅਕਬਰ ਦੇ ਮਹਿਲਾਂ 'ਚ ਕੰਮ ਕਰਨ ਵਾਲੇ ਮਿਰਜ਼ਾ ਕਿਆਸ ਬੇਗ ਦੀ ਚੌਥੀ ਬੇਟੀ ਮਹਿਰੂ-ਉਨ-ਨਿਸਾ ਦਾ ਜਨਮ ਕੋਟ ਕਹਿਲੂਰ 'ਚ 31 ਮਈ 1577 ਈ. 'ਚ ਹੋਇਆ। ਜਹਾਂਗੀਰ ਦੇ ਮਹਿਲਾਂ 'ਚ ਦਾਸੀ ਵਜੋਂ ਕੰਮ ਕਰਦੀ ਮਹਿਰੂ-ਉਨ-ਨਿਸਾ ਦਾ ਨੂਰ ਜਹਾਂਗੀਰ 'ਤੇ ਭਾਰੂ ਪੈ ਗਿਆ ਤੇ ਉਹ ਦਾਸੀ ਤੋਂ ਮਹਾਰਾਣੀ ਬਣ ਗਈ। ਮਹਿਰੂ ਦੀ ਖ਼ੂਬਸੂਰਤੀ ਦਾ ਦੀਵਾਨਾ ਹੋਇਆ ਜਹਾਂਗੀਰ ਇਸ ਕਦਰ ਉਸ ਦੇ ਪਿਆਰ 'ਚ ਰੰਗਿਆ ਗਿਆ ਤੇ ਮਹਿਰੂ ਨੂੰ ਨੂਰਜਹਾਂ ਦੇ ਖਿਤਾਬ ਨਾਲ ਨਿਵਾਜਿਆ। ਕੋਟ ਕਹਿਲੂਰ ਜਿਸ ਨੂੰ ਅੱਜ ਨੂਰ ਮਹਿਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਨੂਰਾ ਜਹਾਂ 17 ਸਾਲ ਦੀ ਸੀ ਜਦੋਂ ਉਸ ਦਾ ਵਿਆਹ ਸ਼ੇਰ ਅਫਗਾਨ ਅਲੀ ਖ਼ਾਨ ਇਸਤਾਜੁੱਲ ਨਾਲ ਹੋਇਆ ਸੀ। 1607ਈ 'ਚ ਮਹਿਰੂ ਨਿਸਾ ਦੇ ਪਤੀ ਦੀ ਮੌਤ ਹੋ ਗਈ। ਪਤੀ ਦੀ ਮੌਤ ਤੋਂ ਬਾਅਦ ਨੂਰਜਹਾਂ ਜਹਾਂਗੀਰ ਦੇ ਮਹਿਲ 'ਚ ਦਾਸੀ ਵਜੋਂ ਕੰਮ ਕਰਨ ਲੱਗ ਪਈ। 1611ਈ. 'ਚ ਜਹਾਗੀਰ ਨੇ ਨੂਰ ਜਹਾਂ ਨਾਲ ਵਿਆਹ ਕਰਵਾ ਲਿਆ। ਮਹਿਰੂ-ਉਨ-ਨਿਸਾ ਨੂੰ ਜਹਾਂਗੀਰ ਨੇ ਨੂਰ-ਏ-ਜਹਾਂ ਦਾ ਖ਼ਿਤਾਬ ਦਿੱਤਾ ਸੀ ਜਿਸ ਤੋਂ ਬਾਅਦ ਉਹ ਨੂਰਜਹਾਂ ਦੇ ਨਾਂ ਨਾਲ ਪ੍ਰਸਿੱਧ ਹੋ ਗਈ।

ਨੂਰਜਹਾਂ ਜਹਾਂਗੀਰ ਦੇ ਸ਼ਾਸਨ ਕਾਲ ਦੌਰਾਨ ਇਕਲੌਤੀ ਬੁੱਧੀਮਾਨ, ਤਾਕਤਵਾਰ, ਇਮਾਰਤਸਾਜ਼ੀ ਤੇ ਸ਼ਿਕਾਰ ਕਰਨ 'ਚ ਮਾਹਿਰ ਸੀ। ਇਸ ਨੇ ਆਗਰੇ 'ਚ ਮਾਤਾ-ਪਿਤਾ ਦੀ ਯਾਦ 'ਚ ਬਣਾਇਆ ਮਕਬਰਾ ਖ਼ੁਦ ਹੀ ਡਿਜ਼ਾਇਨ ਕੀਤਾ ਸੀ। ਇਸ ਮਕਬਰੇ ਨੂੰ ਆਧਾਰ ਬਣਾ ਕੇ ਸ਼ਾਹ ਜਹਾਂ ਨੇ ਮੁਮਤਾਜ ਦੀ ਯਾਦ 'ਚ ਤਾਜ ਮਹਿਲ ਬਣਾਇਆ ਸੀ।

ਨੂਰਜਹਾਂ ਨੇ ਕਈ ਮਸਜਿਦ, ਮਕਬਰੇ ਤੇ ਮਹਿਲ ਬਣਵਾਏ ਜਿਸ ਕਾਰਨ ਉਹ ਅੱਜ ਵੀ ਬੰਗਲਾ ਦੇਸ਼ ਤੇ ਪਾਕਿਸਤਾਨ ਦੇ ਲੋਕ ਸਾਹਿਤ 'ਚ ਜ਼ਿੰਦਾ ਹੈ। ਨੂਰਾਜਹਾਂ ਜਹਾਂਗੀਰ ਦੀ 20ਵੀਂ ਤੇ ਆਖ਼ਰੀ ਪਤਨੀ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਨੂਰਜਹਾਂ ਨੇ ਇਕ ਫਰਮਾਨ ਜਾਰੀ ਕੀਤਾ ਜਿਸ ਵਿਚ ਕਰਮਚਾਰੀਆਂ ਦੀ ਜ਼ਮੀਨ ਦੀ ਸੁਰੱਖਿਆ ਦੀ ਗੱਲ ਕੀਤੀ ਗਈ ਸੀ। ਇਸ ਫਰਮਾਨ 'ਤੇ ਨੂਰਜਹਾਂ ਬਦਸ਼ਾਹ ਬੇਗ਼ਮ ਦੇ ਦਸਤਖ਼ਤ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਨੂਰਜਹਾਂ ਦਾ ਉਸ ਸਮੇਂ ਕਿੰਨਾ ਪ੍ਰਭਾਵ ਰਿਹਾ ਹੋਵੇਗਾ। 1617ਈ. 'ਚ ਚਾਂਦੀ ਦੇ ਸਿਕੇ ਜਾਰੀ ਕੀਤੇ ਗਏ ਜਿਨ੍ਹਾਂ ਉੱਤੇ ਜਹਾਂਗੀਰ ਦੇ ਨਾਲ-ਨਾਲ ਨੂਰਜਹਾਂ ਦਾ ਨਾਂ ਵੀ ਸੀ।

ਨੂਰ ਮਹਿਲ ਦੀ ਹੋਂਦ

ਨੂਰਜਹਾਂ ਦੀ ਸਰਾਂ 1618 ਦੇ ਆਸਪਾਸ ਜਹਾਂਗੀਰ ਦੀ ਨਿਗਰਾਨੀ ਹੇਠ ਦੋਆਬ ਦੇ ਗਵਰਨਰ ਨਵਾਬ ਜ਼ਕਰੀਆ ਖ਼ਾਨ ਨੇ ਸ਼ਾਹੀ ਸਰਾਂ ਦੀ ਉਸਾਰੀ ਕਰਵਾਈ ਸੀ। ਸਰਾਂ ਨੂਰਜਹਾਂ ਦੀ ਯਾਦ 'ਚ ਬਣਾਈ ਗਈ ਸੀ। ਇਸ ਸਰਾਂ ਨੂੰ ਬਣਾਉਣ ਲਈ ਲਾਖੌਰੀ ਇੱਟਾਂ ਦੀ ਵਰਤੋਂ ਕੀਤੀ ਗਈ ਹੈ। ਸ਼ੇਰ ਸ਼ਾਹ ਸੂਰੀ ਮਾਰਗ ਨਕੋਦਰ ਤੋਂ ਫਿਲੌਰ ਜਾਂਦੇ ਰਸਤੇ 'ਤੇ ਸਥਿਤ ਹੈ।

ਸਰਾਂ 'ਚ ਕੁੱਲ 128 ਕੋਠੜੀਆਂ ਸੀ ਜਿਨ੍ਹਾਂ 'ਚੋਂ ਜ਼ਿਆਦਾਤਰ ਕੋਠੜੀਆਂ ਦੀ ਹਾਲਤ ਅੱਜ ਖਸਤਾ ਹੋ ਚੁੱਕੀ ਹੈ। ਦੱਖਣੀ ਸਰਾਂ ਵਾਂਗ ਹੀ ਇਸ ਦੇ ਦੋ ਗੇਟ ਹਨ, ਦਿੱਲੀ ਤੇ ਲਾਹੌਰੀ ਗੇਟ। ਸਰਾਂ ਦੀ ਉਸਾਰੀ ਲਗਪਗ 51 ਕਨਾਲ ਤੇ 11 ਮਰਲੇ (ਸਾਢੇ ਛੇ ਏਕੜ) 'ਚ ਕੀਤੀ ਗਈ ਹੈ। ਸਰਾਂ ਦੇ ਖੁੱਲ੍ਹੇ ਵਿਹੜੇ 'ਚ ਖੱਬੇ ਹੱਥ ਮਸੀਤ ਦੇ ਅੱਗੇ ਖੂਹ ਵੀ ਬਣਿਆ ਹੋਇਆ ਹੈ ਜਿਸ ਦੀ ਵਰਤੋਂ ਸੈਨਿਕ ਪਾਣੀ ਪੀਣ ਤੇ ਨਹਾ ਕੇ ਨਮਾਜ਼ ਅਦਾ ਕਰਨ ਲਈ ਕਰਿਆ ਕਰਦੇ ਸੀ। ਮਸੀਤ ਤੋਂ ਥੋੜ੍ਹੀ ਦੂਰ ਹਮਾਮ ਬਣਿਆ ਹੋਇਆ ਹੈ ਤੇ ਇਸ ਦੇ ਸੱਜੇ ਹੱਥ ਰੰਗ ਮਹਿਲ ਵੀ ਬਣਿਆ ਹੋਇਆ ਹੈ ਜਿੱਥੇ ਜਹਾਂਗੀਰ ਰੁਕਦਾ ਸੀ ਜੋ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ। ਦਿੱਲੀ ਗੇਟ ਨਾਲ ਲੱਗਦੀਆਂ ਕੋਠੜੀਆਂ ਪੂਰੀ ਤਰ੍ਹਾਂ ਢਹਿ ਗਈਆਂ ਹਨ। ਪੁਰਾਤਤਵ ਵਿਭਾਗ ਵੱਲੋਂ ਸਰਾਂ ਨੂੰ ਸੁੰਦਰ ਬਣਾਉਣ ਸਰਾਂ ਦੇ ਵਿਹੜੇ 'ਚ ਹਰਿਆ ਘਾਹ, ਫੁੱਲਦਾਰ ਤੇ ਫਲ਼ਦਾਰ ਪੌਦੇ ਲਾਏ ਗਏ ਹਨ। ਸਰਾਂ ਦੇ ਅੰਦਰ ਦੋ ਖੂਹ ਹਨ ਇਕ ਮਸੀਤ ਦੇ ਅੱਗੇ ਜਿਸ ਨੂੰ ਸੀਖਾਂ ਨਾਲ ਢੱਕ ਦਿੱਤਾ ਗਿਆ ਹੈ। ਇਕ ਖੂਹ ਲਾਹੌਰ ਗੇਟ ਰਾਹੀਂ ਅੰਦਰ ਜਾਂਦਿਆਂ ਹੀ ਖੱਬੇ ਹੱਥ ਹੈ ਜੋ ਉਸੇ ਤਰ੍ਹਾਂ ਮੌਜੂਦ ਹੈ। ਲਾਹੌਰ ਗੇਟ 'ਤੇ ਕਲਾਕ੍ਰਿਤੀਆਂ ਬਣਾਉਣ ਲਈ ਚੂਨੇ ਤੇ ਪੱਥਰ ਦੀ ਵਰਤੋਂ ਕੀਤੀ ਗਈ ਹੈ। ਡਿਊਢੀ ਦੀ ਛੱਤ 'ਤੇ ਬਨੇਰੇ, ਛੋਟੇ-ਛੋਟੇ ਚਾਰ ਮੀਨਾਰ ਤੇ ਦੋ ਝਰੋਖੇ ਵੀ ਬਣੇ ਹੋਏ ਹਨ। ਗੇਟ ਨੂੰ ਬਹੁਤ ਮਨਮੋਹਕ ਢੰਗ ਨਾਲ ਬਣਿਆ ਗਿਆ ਹੈ।

ਪੁਰਾਤਤਵ ਵਿਭਾਗ 'ਚ ਕੰਮ ਕਰਦੇ ਮੁਲਾਜ਼ਮ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਕੁੱਲ 128 ਕੋਠੜੀਆਂ 'ਚੋਂ 64 ਕੋਠੜੀਆਂ ਮੌਜੂਦ ਹਨ ਤੇ 32 ਕਮਰਿਆਂ 'ਤੇ ਲੋਕਾਂ ਵੱਲੋਂ ਕਬਜ਼ਾ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ 15 ਸਾਲ ਪਹਿਲਾਂ ਇੱਥੇ ਪਟਵਾਰਖਾਨਾ, ਪੁਲਿਸ ਚੌਕੀ, ਸਕੂਲ ਦੀਆਂ ਬਿਲਡਿੰਗਾਂ ਸਨ ਜਿਨ੍ਹਾਂ ਨੂੰ ਢਾਹ ਦਿੱਤਾ ਗਿਆ। ਪੁਰਾਤਤਵ ਵਿਭਾਗ ਵੱਲੋਂ ਸਰਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੀਆਂ ਵਿਰਾਸਤੀ ਥਾਵਾਂ ਨੂੰ ਸੰਭਾਲ ਕੇ ਰੱਖਿਆ ਜਾ ਸਕੇ ਤੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਰਹੇ। ਅਜਿਹੀਆਂ ਸਰਾਵਾਂ ਨੂੰ ਮੈਰਿਜ ਪੈਲੇਸ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ।

- ਰਵਨੀਤ ਕੌਰ

Posted By: Harjinder Sodhi