ਕਿਸੇ ਆਦਮੀ ਨੇ ਬਚਪਨ ਵਿਚ ਬਠਿੰਡੇ ਦੇ ਟਿੱਬਿਆਂ ਦੀ ਉੱਡਦੀ ਰੇਤ ਤੇ ਵਾਅ-ਵਰੋਲੇ ਦੇਖੇ ਸਨ। ਬਚਪਨ ਦੇ ਉਸ ਮਨ ਵਿਚ ਇਹ ਧਾਰਨਾ ਵਸ ਗਈ ਕਿ ਸ਼ਾਇਦ ਹਰ ਥਾਂ ਏਹੋ ਕੁਝ ਹੁੰਦਾ ਹੋਵੇਗਾ। ਕਿਤੇ ਇਹ ਟਿੱਬੇ ਹੋਰ ਵੱਡੇ ਛੋਟੇ ਹੁੰਦੇ ਹੋਣਗੇ। ਹਰ ਥਾਂ ਸਾਡੇ ਵਰਗੀ ਧਰਤੀ ਤੇ ਸਾਡੇ ਵਰਗੇ ਹੀ ਲੋਕ ਹੋਣਗੇ। ਉਹ ਆਦਮੀ ਮੈਂ ਖ਼ੁਦ ਹੀ ਹਾਂ। ਪਰ ਕਿਸਮਤ ਇਨਸਾਨ ਨੂੰ ਪਤਾ ਨਹੀਂ ਕਿੱਥੋਂ-ਕਿੱਥੋਂ ਤਕ ਦਾ ਪਾਣੀ ਪਿਆ ਦਿੰਦੀ ਹੈ। ਕੀ ਪਤਾ ਸੀ ਇਕ ਦਿਨ ਮੈਂ ਜਹਾਜ਼ੀ ਬਣ ਕੇ ਦੁਨੀਆ ਦੇ ਵੱਖ-ਵੱਖ ਸਮੁੰਦਰਾਂ ਤੇ ਧਰਤੀਆਂ ਦੀ ਸੈਰ ਕਰਾਂਗਾ। ਤਰ੍ਹਾਂ-ਤਰ੍ਹਾਂ ਦੇ ਲੋਕਾਂ ਨੂੰ ਮਿਲਾਂਗਾ। ਜਦ ਮੈਂ ਪਹਿਲੀ ਵਾਰ ਕੈਰੇਬੀਅਨ ਸਮੁੰਦਰ ਵਿਚਲੇ ਟਾਪੂ ਕੁਰਾਸਾਓ ’ਤੇ ਪਹੁੰਚਿਆ, ਤਾਂ ਦੱਸ ਨਹੀਂ ਸਕਦਾ ਕਿ ਕਿੰਨਾ ਖ਼ੁਸ਼ ਸੀ। ਕਾਸ਼ ਉਸ ਖ਼ੁਸ਼ੀ ਦੀ ਮਿਣਤੀ ਕਰ ਸਕਦਾ ਤੇ ਰਿਕਾਰਡ ਵਜੋਂ ਸੰਭਾਲ ਲੈਂਦਾ ਪਰ ਖ਼ੁਸ਼ੀ ਦੀ ਇਹ ਮਿਣਤੀ ਕਰਦਾ ਕਿਹੜੇ ਯੰਤਰ ਨਾਲ। ਕੈਰੇਬੀਅਨ ਸਮੁੰਦਰ ਦਾ ਨਾਂ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਅਗਰ ਨਹੀਂ ਵੀ ਸੁਣਿਆ ਤਾਂ ਜਾਣਕਾਰੀ ਲਈ ਦੱਸ ਦੇਈਏ, ਕਿ ਇਹ ਇਲਾਕਾ ਐਟਲਾਂਟਿਕ ਮਹਾਂਸਾਗਰ ਵਿਚ ਹੈ। ਛੋਟੇ-ਵੱਡੇ ਟਾਪੂਆਂ ਦਾ ਇਹ ਇਕ ਸਮੂਹ ਹੈ ਤੇ ਇਨ੍ਹਾਂ ਟਾਪੂਆਂ ਨੂੰ ਹੀ ‘ਕੈਰੇਬੀਅਨ ਟਾਪੂ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕੁੱਝ ਟਾਪੂ ਆਜ਼ਾਦ ਮੁਲਕ ਦੀ ਹੈਸੀਅਤ ਰੱਖਦੇ ਹਨ ਪਰ ਬਹੁਤੇ ਕਿਸੇ ਨਾ ਕਿਸੇ ਹੋਰ ਮੁਲਕ ਦੇ ਅਧੀਨ ਹਨ। ਇਹ ਅਮਰੀਕਾ ਦੇ ਦੱਖਣ ਵੱਲ ਹਨ, ਪਰ ਵੈਨਜੁਏਲਾ ਮੁਲਕ ਦੇ ਤੱਟ ਤੋਂ ਨਜ਼ਦੀਕ ਪੈਂਦੇ ਹਨ।

ਹਰ ਟਾਪੂ ਸਮੁੰਦਰ ’ਚ ਖੜ੍ਹਾ ਕੋਈ ਪਹਾੜ ਲੱਗਦਾ ਹੈ। ਇਹ ਹਨ ਵੀ ਉੱਚੀਆਂ ਨੀਵੀਆਂ ਹਰੀਆਂ ਭਰੀਆਂ ਪਹਾੜੀਆਂ ਹੀ। ਆਲੇ-ਦੁਆਲੇ ਦਾ ਪਾਣੀ ਬਹੁਤ ਹੀ ਸਾਫ਼ ਹੈ। ਇਸ ਕੈਰੇਬੀਅਨ ਸਮੂਹ ਵਿਚ ਤਿੰਨ ਟਾਪੂ ਅਰੂਬਾ (ਅਰੁਬੳ), ਬੁਆਨੇਰ (ਭੋਨੳਰਿੲ) ਤੇ ਕੁਰਾਸਾਓ (ਛੁਰੳਚੳ) ਐਸੇ ਹਨ, ਕਿ ਇਹ ਆਪਣੇ ਨਾਂ ਕਰਕੇ ਹੀ ‘ਏ.ਬੀ.ਸੀ. ਟਾਪੂ’ ਦੇ ਤੌਰ ’ਤੇ ਮਸ਼ਹੂਰ ਹੋ ਗਏ। ਇਹ ਹਾਲੈਂਡ (ਨੀਦਰਲੈਂਡ) ਦੇ ਅਧੀਨ ਹਨ। ਜਹਾਜ਼ੀ ਨੌਕਰੀ ਦੌਰਾਨ ਮੈਨੂੰ ਤਿੰਨ ਵਾਰ ਕੁਰਾਸਾਓ ਦੇ ਟਾਪੂ ’ਤੇ ਜਾਣ ਦਾ ਮੌਕਾ ਮਿਲਿਆ।

ਸਦੀਆਂ ਪਹਿਲਾਂ ਅਮਰੀਕਾ ਦੇ ਦੱਖਣੀ ਹਿੱਸੇ ਤੋਂ ਅਰਾਵਾਕ ਜਾਤੀ ਦੇ ਲੋਕ, ਕੁਰਾਸਾਓ ਦੇ ਇਸ ਟਾਪੂ ’ਤੇ ਆ ਕੇ ਵਸਣ ਲੱਗੇ। ਪੰਦਰਵੀਂ ਸਦੀ ਦੇ ਅਖੀਰ ਤੇ ਸੋਲਵੀਂ ਦੇ ਸ਼ੁਰੂ ਵਿਚ ਯੂਰਪ ਤੋਂ ਸਪੇਨੀ ਲੋਕ ਆਏ। ਉਨ੍ਹਾਂ ਤੋਂ ਬਾਅਦ ਯੂਰਪ ਦੇ ਡੱਚ ਲੋਕ ਆਏ। ਡੱਚ ਲੋਕਾਂ ਨੇ ‘ਡੱਚ ਵੈਸਟ ਇੰਡੀਆ ਕੰਪਨੀ’ ਰਾਹੀਂ ਇਸ ਟਾਪੂ ਨੂੰ ਟਰੇਡ ਕੇਂਦਰ ਬਣਾ ਲਿਆ। ਸੋਲਵੀਂ ਤੇ ਸਤਾਰਵੀਂ ਸਦੀ ਵਿਚ ਇਹ ‘ਸਲੇਵ ਟਰੇਡ’ ਦਾ ਮੁੱਖ ਕੇਂਦਰ ਬਣਿਆ ਰਿਹਾ। ਜਹਾਜ਼ ਰਾਹੀਂ ਅਫਰੀਕਾ ਤੋਂ ਕਾਲੇ ਸਲੇਵ ਆਉਂਦੇ ਤੇ ਕੰਪਨੀ ਉਨ੍ਹਾਂ ਨੂੰ ਅੱਗੇ ਵੇਚ ਦਿੰਦੀ।

ਜਿੰਨਾ ਸੋਹਣਾ ਟਾਪੂ ਓਨੀ ਹੀ ਸੋਹਣੀ ਕੁਦਰਤੀ ਬਣੀ ਬੰਦਰਗਾਹ। ਬੰਦਰਗਾਹ ਵਿਚ ਜਾਣ ਲਈ ਦੋ ਪਹਾੜੀਆਂ ਦੇ ਵਿਚਕਾਰ ਦੀ ਰਸਤਾ ਹੈ। ਉੱਪਰੋਂ ਦੋਵਾਂ ਪਹਾੜੀਆਂ ਨੂੰ ਮਿਲਾਉਣ ਲਈ ਪੁਲ਼ ਬਣਿਆ ਹੋਇਆ ਹੈ। ਜਹਾਜ਼ ਪੁਲ਼ ਦੇ ਥੱਲੇ ਦੀ ਲੰਘ ਅੱਗੇ ਜਾ ਕੇ ਸੱਜੇ ਨੂੰ ਮੁੜਦਾ ਹੈ। ਸਾਹਮਣੇ ਖੁੱਲ੍ਹੀ ਬੰਦਰਗਾਹ ਹੈ ਜੋ ਬਾਹਰੋਂ ਦਿਖਾਈ ਨਹੀਂ ਦਿੰਦੀ। ਜਦ ਮੈਂ ਚਾਰ ਪੰਜ ਵੱਡੇ ਯਾਤਰੀ ਜਹਾਜ਼ ਬੰਦਰਗਾਹ ਵਿਚ ਖੜ੍ਹੇ ਦੇਖੇ ਤਾਂ ਅੰਦਾਜ਼ਾ ਹੋ ਗਿਆ ਕਿ ਕੁਰਾਸਾਓ ਵਿਚ ਸੈਲਾਨੀ ਬਹੁਤ ਆਉਂਦੇ ਹੋਣਗੇ। ਸਥਾਨਕ ਲੋਕਾਂ ਨੇ ਦੱਸਿਆ ਕਿ ਹਰ ਸਾਲ ਇਹ ਗਿਣਤੀ ਲੱਖਾਂ ਵਿਚ ਪਹੁੰਚ ਜਾਂਦੀ ਹੈ।

ਮੈਨੂੰ ਬਚਪਨ ਯਾਦ ਹੈ ਉਸ ਵਕਤ ਸਾਡੇ ਪਿੰਡਾਂ ਵਿਚ ਲੋਕ ਘਰ ਦੀ ਸ਼ਰਾਬ ਬਹੁਤ ਕੱਢਦੇ ਸਨ। ਸ਼ਾਮ ਨੂੰ ਬਹੁਤਿਆਂ ਦੀ ਘੁੱਟ ਲੱਗੀ ਹੁੰਦੀ। ਅਕੇਵਾਂ ਤੇ ਥਕੇਵਾਂ ਕਿਧਰੇ ਦੂਰ ਤੇ ਉਹ ਬੜੇ ਲੋਰ ’ਚ ਗੱਲਾਂ ਕਰਦੇ। ਉਹ ਬਾਈ ਸਿੰਆਂ --- ਉਹ ਬਾਈ --- ਕਹਿ ਕਹਿ ਕਈ ਤਾਂ ਇਕ ਦੂਜੇ ਨੂੰ ਜੱਫੀਆਂ ਹੀ ਪਾਈ ਜਾਂਦੇ। ਕਦੇ ਡਾਂਗ ਵੀ ਖੜਕ ਜਾਂਦੀ। ਬਾਪੂ ਜੀ ਸ਼ਰਾਬ ਨਹੀਂ ਸੀ ਪੀਂਦੇ ਤੇ ਨੌਕਰੀ ਵਿਚ ਜਾਣ ਤਕ ਮੈਂ ਵੀ ਨਹੀਂ ਸੀ ਪੀਤੀ। ਪਰ ਜਹਾਜ਼ੀ ਜ਼ਿੰਦਗੀ ’ਚ ਜਾਣ ਤੋਂ ਬਾਅਦ ਮੇਰਾ ਸੁਭਾਅ ਬਦਲ ਗਿਆ। ਮੈਂ ਬਾਰ\ਨਾਈਟ-ਕਲੱਬਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਬਹੁਤੇ ਜਹਾਜ਼ੀ ਤਾਂ ਪਾਣੀ ਦੀ ਥਾਂ ਬੀਅਰ ਦਾ ਕੇਨ ਖੋਲ੍ਹ ਕੇ ਹੀ ਪੀਂਦੇ ਨੇ। ਜਿਵੇਂ ਬੀਅਰ ਕੋਈ ਸ਼ਰਾਬ ਨਾ ਹੋ ਕੇ ਪਾਣੀ ਹੋਵੇ। ਜਹਾਜ਼ਾਂ ਵਿਚ ਕਈ ਬਰਾਂਡ ਦੀ ਸ਼ਰਾਬ ਤੇ ਬੀਅਰ ਸਾਡੀਆਂ ਕੈਬਿਨਾਂ ਵਿਚ ਆਮ ਹੀ ਪਈ ਰਹਿੰਦੀ।

ਕੁਰਾਸਾਓ ਦੀ ਇਕ ਬਾਰ ’ਚ ਬੈਠਾ ਮੈਂ ਦੋ ਯੂਰਪੀਅਨ ਟੂਰਿਸਟਾਂ ਨਾਲ ਗੱਲਾਂ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸਾਡੇ ਉੱਥੇ ਠੰਢ ਵਧ ਜਾਣ ਕਰਕੇ ਅਸੀਂ ਸਮੁੰਦਰ ਤੇ ਮੌਸਮ ਦਾ ਆਨੰਦ ਲੈਣ ਲਈ ਇੱਥੋਂ ਦੀਆਂ ਨਿੱਘੀਆਂ ਬੀਚਾਂ ’ਤੇ ਆਏ ਹਾਂ। ਉਹ ਦੋਵੇਂ ਜਰਮਨ ਤੋਂ ਸਨ ਤੇ ਹਰ ਸਾਲ ਆ ਰਹੇ ਸਨ। ਉਸ ਵਕਤ ਤਾਂ ਮੈਂ ਵੀ ਉੱਥੇ ਚੌੜਾ ਹੋਇਆ ਬੈਠਾ ਕਈ ਤਰ੍ਹਾਂ ਦੀਆਂ ਫੁਕਰੀਆਂ ਮਾਰਦਾ ਰਿਹਾ। ਪਰ ਮਨ ’ਚ ਇਹ ਵੀ ਆ ਰਿਹਾ ਸੀ ਕਿ ਮਿੱਤਰਾ ਇਹ ਤਾਂ ਜਹਾਜ਼ੀ ਜ਼ਿੰਦਗੀ ਨੇ ਇਹ ਟਾਪੂ ਵਿਖਾ ਦਿੱਤੇ, ਵਰਨਾ ਕਿੱਥੇ ਬਠਿੰਡੇ ਦੇ ਪਿੱਛੜੇ ਇਲਾਕੇ ਦਾ ਛੋਟਾ ਜਿਹਾ ਪਿੰਡ ਰੜ੍ਹ ਤੇ ਕਿੱਥੇ ਇਹ ਟਾਪੂ।

ਕੁਰਾਸਾਓ ਵਿਚ ਕਈ ਸੁੰਦਰ ਬੀਚ ਹਨ, ਪਰ ਮਾਂਬੋ-ਬੀਚ ਵੱਧ ਮਸ਼ਹੂਰ ਹੈ। ਬੀਚਾਂ ਦੀ ਰੇਤ ਤੇ ਪਾਣੀ ਬਹੁਤ ਹੀ ਸਾਫ਼। ਸੁਹਾਵਣਾ ਮੌਸਮ ਤੇ ਸੁੰਦਰ ਬੀਚਾਂ ਹੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹਨ। ਹਰ ਵਰਗ ਦੇ ਸੈਲਾਨੀਆਂ ਲਈ ਮਹਿੰਗੇ ਸਸਤੇ ਹੋਟਲ ਹਨ। ਸ਼ੁਗਲ ਲਈ ਵੱਡੀ ਗਿਣਤੀ ’ਚ ਬਾਰ ਤੇ ਨਾਈਟ-ਕਲੱਬ ਹਨ, ਜਿਨ੍ਹਾਂ ਦਾ ਮਾਹੌਲ ਬੜਾ ਰੁਮਾਂਚਕ ਸੀ। ਗੋਰੀਆਂ ਕੁੜੀਆਂ ਜਦ ਸ਼ਰਾਬ ਸਰਵ ਕਰਦੀਆਂ, ਕੁਝ ਚਿਰ ਲਈ ਤਾਂ ਅਸੀਂ ਆਪਣੇ ਆਪ ਨੂੰ ਕੋਈ ਰਾਜਕੁਮਾਰ ਸਮਝਣ ਦਾ ਭੁਲੇਖਾ ਪਾਲਦੇ। ਉਹ ਡਾਂਸ ਲਈ ਵੀ ਜਵਾਬ ਨਹੀਂ ਸੀ ਦਿੰਦੀਆਂ। ਜਿਸ ਦਾ ਜੀਅ ਕਰਦਾ ਉਹ ਡਾਂਸ ਵੀ ਕਰਦਾ। ਜਹਾਜ਼ੀ ਲੋਕਾਂ ਲਈ ਸਮੁੰਦਰ ਦੀ ਲੰਬੀ ਯਾਤਰਾ ਤੋਂ ਬਾਅਦ ਇਹੋ ਤਾਂ ਖ਼ੁਸ਼ੀ ਦੇ ਮਾਨਣਯੋਗ ਪਲ ਹੁੰਦੇ ਹਨ। ਅੱਧੀ ਰਾਤ ਤੋਂ ਬਾਅਦ ਤਕ ਖਾਣ-ਪੀਣ ਤੇ ਹੱਸਣ-ਨੱਚਣ ਦਾ ਮਾਹੌਲ ਬਣਿਆ ਰਹਿੰਦਾ। ਅਗਲੇ ਦਿਨ ਤੇਲ ਤੇ ਗਰੀਸ ਨਾਲ ਲਿਬੜੀ ਡਾਂਗਰੀ ਪਾ ਕੇ ਫੇਰ ਜਹਾਜ਼ੀ ਕਾਮੇ ਬਣ ਜਾਂਦੇ। ਵੈਸੇ ਗਲ ਤੋਂ ਲੈ ਕੇ ਗਿੱਟਿਆਂ ਤਕ ਪਾਈ ਡਾਂਗਰੀ ਵਿਚ ਕੰਮ ਕਰਦੇ ਫਿਰਨਾ, ਇਹ ਵੀ ਵੱਖਰਾ ਹੀ ਮਜ਼ਾ ਹੈ। ਆਖਰ ਭਾਈ ਡਾਲਰ ਤਾਂ ਕੰਮ ਕਰਕੇ ਹੀ ਮਿਲਣੇ ਨੇ। ਜੇ ਕੋਈ ਮਨਚਲਾ ਡਿਊਟੀ ਜਾਂ ਕਿਸੇ ਵਜ੍ਹਾ ਕਰਕੇ ਬਾਹਰ ਨਾ ਜਾ ਸਕਦਾ, ਤਾਂ ਉਹ ਹੋਰਾਂ ਦੀਆਂ ਗੱਲਾਂ ਸੁਣਕੇ ਝੂਰਦਾ। ਦੱਸਣ ਵਾਲਾ ਵੀ ਰਾਤ ਨੂੰ ਕਲੱਬ ’ਚ ਹੋਈਆਂ ਗੱਲਾਂ ਚਟਕਾਰੇ ਲਾ ਲਾ ਦੱਸਦਾ। ਇਸੇ ਤਰ੍ਹਾਂ ਖ਼ੁਸ਼ੀਆਂ ਗ਼ਮੀਆਂ ਵੰਡਦਿਆਂ ਟਾਇਮ ਪਾਸ ਕਰਨਾ ਪੈਂਦਾ ਹੈ। ਜਹਾਜ਼ੀ ਲੋਕਾਂ ਦੀ ਜ਼ਿੰਦਗੀ ਵਿਚ ਆਪਸੀ ਝਗੜੇ ਨਾਮਾਤਰ ਹਨ। ਸਖ਼ਤ ਕੰਮ, ਰੁਮਾਂਚ ਭਰੇ ਕੁਝ ਮਸਤੀ ਦੇ ਪਲ, ਪੀਣ ਵਾਲਿਆਂ ਲਈ ਦਾਰੂ, ਇਹ ਚੀਜ਼ਾਂ ਜਹਾਜ਼ੀਆਂ ਦੀ ਜ਼ਿੰਦਗੀ ਨੂੰ ਹੁਲਾਰਾ ਦਿੰਦੀਆਂ ਰਹਿੰਦੀਆਂ ਹਨ। ਪੁਰਾਣੇ ਸਮੇਂ ਵਿਚ ਇਕ ਕਹਾਵਤ ਬੜੀ ਮਸ਼ਹੂਰ ਸੀ : ‘‘ਸੇਲਰਜ਼ ਲਾਈਫ, ਨਿਊ ਪੋਰਟ ਨਿਊ ਵਾਈਫ’’। ਪਰ ਇਹ ਸਾਰਿਆਂ ’ਤੇ ਲਾਗੂ ਨਹੀਂ ਹੁੰਦੀ। (ਸੇਲਰਜ਼ ਮਤਲਬ ਜਹਾਜ਼ੀ)

ਅੱਜ ਤਾਂ ਪਤਾ ਨਹੀਂ ਪਰ ਉਸ ਟਾਇਮ ਕੁਰਾਸਾਓ ਵਿਚ ਕਰਾਈਮ ਵਾਲੀ ਕੋਈ ਗੱਲ ਨਹੀਂ ਲੱਗੀ। ਅਸੀਂ ਜਦ ਵੀ ਬਾਰ ਜਾਂ ਨਾਈਟ ਕਲੱਬ ਵਿਚ ਜਾਂਦੇ, ਦੇਰ ਰਾਤ ਤਕ ਬੇਖ਼ੌਫ਼ ਘੁੰਮ ਕੇ ਆਉਂਦੇ। ਪੁਲਿਸ ਨੇ ਕਿਤੇ ਤੰਗ ਨਹੀਂ ਕੀਤਾ, ਸਗੋਂ ਲੋੜ ਪੈਣ ’ਤੇ ਮਦਦ ਹੀ ਕਰਦੀ। ਦੇਰ ਰਾਤ ਤਕ ਸੈਲਾਨੀ ਆਮ ਹੀ ਘੁੰਮਦੇ ਫਿਰਦੇ ਰਹਿੰਦੇ। ਇੱਥੇ ਦੀ ਆਬਾਦੀ ਗੋਰੇ ਤੇ ਕਾਲੇ ਰਲੀ ਮਿਲੀ ਹੈ, ਪਰ ਕਾਲੇ ਘੱਟ ਹਨ। ਇਕ ਸਥਾਨਕ ਕਾਲੇ ਆਦਮੀ ਨਾਲ ਵੀ ਗੱਲਾਂ ਹੋਈਆਂ। ਉਹ ਸਿਸਟਮ ਤੋਂ ਪੂਰਾ ਖ਼ੁਸ਼ ਸੀ। ਉਸਨੇ ਦੱਸਿਆ ਕਿ ਏਥੇ ਨਸਲੀ ਵਿਤਕਰੇ ਵਾਲੀ ਕੋਈ ਗੱਲ ਨਹੀਂ। ਕਾਨੂੰਨ ਸਭ ਲਈ ਬਰਾਬਰ ਹੈ। ਇਸ ਗੱਲ ’ਤੇ ਮੈਨੂੰ ਅਮਰੀਕਾ ਦੀ ਇਕ ਕਾਲੀ ਔਰਤ ਯਾਦ ਆ ਗਈ, ਜਿਸ ਨੇ ਮੈਨੂੰ ਉੱਥੇ ਹੁੰਦੇ ਨਸਲੀ ਵਿਤਕਰੇ ਬਾਰੇ ਕਈ ਗੱਲਾਂ ਦੱਸੀਆਂ ਸਨ।

ਮੈਂ ਅੰਦਾਜ਼ਾ ਲਾਇਆ ਕਿ ਇਹ ਸਿਸਟਮ ਸਾਡੇ ਭਾਰਤ ਦੇ ਸੂਬਿਆਂ ਦੀ ਤਰ੍ਹਾਂ ਹੈ ਪਰ ਬਾਅਦ ਵਿਚ ਪਤਾ ਲੱਗਾ, ਇਹ ਹਾਲੈਂਡ ਦੇ ਨਾਗਰਿਕ ਜ਼ਰੂਰ ਹਨ, ਪਰ ਸਾਡੇ ਸੂਬਿਆਂ ਨਾਲੋਂ ਇਨ੍ਹਾਂ ਕੋਲ ਬਹੁਤ ਵੱਧ ਹੱਕ ਤੇ ਆਜ਼ਾਦੀ ਹੈ। ਸਾਡੇ ਤਾਂ ਹਰ ਗੱਲ ਵਿਚ ਦਿੱਲੀ ਦਾ ਦਖ਼ਲ ਹੈ। ਸੂਬੇ ਗੱਲ-ਗੱਲ ’ਤੇ ਦਿੱਲੀ ਵੱਲ ਦੇਖਦੇ ਹਨ। ਪਰ ਇਹ ਆਪਣੇ ਸਾਰੇ ਫ਼ੈਸਲੇ ਲੈਣ ਲਈ ਪੂਰਨ ਤੌਰ ’ਤੇ ਆਜ਼ਾਦ ਹਨ। ਇਸ ਟਾਪੂ ’ਤੇ ਕੋਈ ਖੇਤੀਬਾੜੀ ਨਹੀਂ, ਪਰ ਭੁੱਖਮਰੀ ਵੀ ਨਹੀਂ। ਕਿਸੇ ਸਮੇਂ ਸਲੇਵ ਟਰੇਡ ਲਈ ਮਸ਼ਹੂਰ ਇਹ ਟਾਪੂ ਹੁਣ ਵੱਡਾ ਸੈਲਾਨੀ ਹੱਬ ਬਣ ਚੁੱਕਾ ਹੈ। ਆਰਥਿਕਤਾ ਦਾ ਮੁੱਖ ਸਰੋਤ ਟੂਰਿਸਟ ਹਨ ਅਤੇ ਦੂਸਰੇ ਨੰਬਰ ’ਤੇ ਤੇਲ। ਸੋਚਦਾ ਹਾਂ ਭਾਰਤ ਕਦ ਅੰਡੇਮਾਨ-ਨਿੱਕੋਬਾਰ ਟਾਪੂਆਂ ਨੂੰ ਟੂਰਿਸਟ ਹੱਬ ਦੇ ਤੌਰ ’ਤੇ ਵਿਕਸਤ ਕਰੇਗਾ। ਸਾਡੇ ਤਿੰਨ ਪਾਸੇ ਸਮੁੰਦਰ ਹੈ ਪਰ ਅਸੀਂ ਇਸਦਾ ਪੂਰਾ ਲਾਹਾ ਨਹੀਂ ਲੈ ਸਕੇ।

ਬੋਲੀ ਦੀ ਨਹੀਂ ਕੋਈ ਸਮੱਸਿਆ

ਕੁਰਾਸਾਓ ਦੀ ਮੇਨ ਬੋਲੀ ਡੱਚ ਭਾਸ਼ਾ ਹੈ ਪਰ ਸਥਾਨਕ ਲੋਕ ਅੰਗਰੇਜ਼ੀ ਭਾਸ਼ਾ ਆਮ ਬੋਲਦੇ ਤੇ ਸਮਝਦੇ ਹਨ। ਬੋਲੀ ਦੀ ਕੋਈ ਸਮੱਸਿਆ ਨਹੀਂ ਆਉਂਦੀ। ਇਕ ਵਾਰ ਇਕ ਸਥਾਨਕ ਆਦਮੀ ਨਾਲ ਇੱਥੋਂ ਦੇ ਪ੍ਰਬੰਧ ਬਾਰੇ ਗੱਲਾਂ ਹੋਈਆਂ। ਉਸ ਨੇ ਦੱਸਿਆ ਕਿ ਕੁਰਾਸਾਓ, ਬੁਆਨੇਰ ਤੇ ਤਿੰਨ ਹੋਰ ਟਾਪੂ ਮਿਲ ਕੇ ਸਰਕਾਰ ਚੁਣਦੇ ਹਨ। ਇਨ੍ਹਾਂ ਪੰਜਾਂ ਟਾਪੂਆਂ ਦੀ ਸਰਕਾਰ ਦਾ ਹੈੱਡ-ਕੁਆਟਰ (ਰਾਜਧਾਨੀ) ਕੁਰਾਸਾਓ ਵਿਚ ਹੈ। ਇਹ ਸਰਕਾਰ ਹਰ ਫ਼ੈਸਲਾ ਲੈਣ ਲਈ ਪੂਰਨ ਤੌਰ ’ਤੇ ਆਜ਼ਾਦ ਹੈ ਪਰ ਮੁੱਖ ਬਾਹਰੀ ਕੰਟਰੋਲ ਹਾਲੈਂਡ ਕੋਲ ਹੈ। ਅਸੀਂ ਆਜ਼ਾਦ ਤਾਂ ਹਾਂ ਪਰ ਹਾਲੈਂਡ ਦੇ ਹੀ ਨਾਗਰਿਕ ਹਾਂ। ਸਾਡੀ ਬਾਹਰੀ ਸੁਰੱਖਿਆ ਹਾਲੈਂਡ ਕਰਦਾ ਹੈ।

- ਪਰਮਜੀਤ ਮਾਨ

Posted By: Harjinder Sodhi