ਸ੍ਰੀ ਗੁਰੂ ਰਵਿਦਾਸ ਜੀ ਨੇ ਆਪਣੇ ਜੀਵਨ ਕਾਲ ’ਚ ਦੇਸ਼ ’ਚੋਂ ਜਾਤ-ਪਾਤ ਤੇ ਛੂਆ-ਛਾਤ ਮਿਟਾਉਣ ਲਈ ਕ੍ਰਾਂਤੀਕਾਰੀ ਬਾਣੀ ਰਚਣ, ਸਮੇਂ ਦੇ ਹਾਕਮਾਂ ਨਾਲ ਮੱਥਾ ਲਾਉਣ ਤੋਂ ਇਲਾਵਾ ਆਦਿ ਸੱਚ ਦੀ ਇਲਾਹੀ ਬਾਣੀ ਦਾ ਉਪਦੇਸ਼ ਦਿੰਦੇ ਹੋਏ ਪੂਰੇ ਭਾਰਤ ’ਚ ਉਦਾਸੀਆਂ ਕੀਤੀਆਂ ਸਨ। ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਬਾਨੀ ਬਾਬਾ ਬੰਤਾ ਰਾਮ ਘੇੜਾ ਵੱਲੋਂ ਖੋਜੇ ਗਏ ਤੱਥਾਂ ਮੁਤਾਬਕ ਇਨ੍ਹਾਂ ਉਦਾਸੀਆਂ ਦੌਰਾਨ ਗੁਰੂ ਰਵਿਦਾਸ ਜੀ ਨੇ 1515 ਈਸਵੀ ਵਿਚ ਪੰਜਾਬ ਦੀ ਯਾਤਰਾ ਕੀਤੀ ਸੀ ਅਤੇ ਆਪਣੀ ਇਸ ਯਾਤਰਾ ਦੌਰਾਨ ਉਹ ਪਹਾੜੀ ਰਾਜੇ ਬੈਨ ਸਿੰਘ ਦੀ ਰਿਆਸਤ ਅਧੀਨ ਪੈਂਦੇ ਪਿੰਡ ਖੁਰਾਲੀ ਪੁੱਜੇ ਸਨ। ਮੌਜੂਦਾ ਸਮੇਂ ਸ਼ਿਵਾਲਿਕ ਦੀਆਂ ਪਹਾੜੀਆਂ ’ਚ ਪੈਂਦੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦੀ ਬੀਤ ’ਚ ਪੈਂਦੇ ਅਸਥਾਨ ਨੂੰ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮਿ੍ਰਤ ਕੁੰਡ) ਸੱਚਖੰਡ ਖੁਰਾਲਗੜ੍ਹ ਸਾਹਿਬ ਕਿਹਾ ਜਾਂਦਾ ਹੈ।

ਇਸ ਤੋਂ ਥੋੜ੍ਹੀ ਦੂਰੀ ’ਤੇ ਪਿੰਡ ਖੁਰਾਲੀ ਸਥਿਤ ਹੈ, ਜਿੱਥੇ ਗੁਰੂ ਸਾਹਿਬ 4 ਸਾਲ 2 ਮਹੀਨੇ 11 ਦਿਨ ਰਹੇ ਅਤੇ ਆਸ-ਪਾਸ ਦੇ ਇਲਾਕੇ ’ਚ ਵਿਚਰ ਕੇ ਸੰਗਤ ਨੂੰ ਗਿਆਨ ਉਪਦੇਸ਼ ਦੇ ਕੇ ਬਾਣੀ ਨਾਲ ਜੋੜਿਆ ਕਰਦੇ ਸਨ। ਇਸ ਅਸਥਾਨ ਦੀ ਸੇਵਾ-ਸੰਭਾਲ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਦੀ ਅਗਵਾਈ ਹੇਠ ਚੱਲ ਰਹੀ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਮੁਤਾਬਕ ਸ੍ਰੀ ਗੁਰੂ ਰਵਿਦਾਸ ਜੀ ਨੂੰ ਇਥੇ ਆਉਣ ਲਈ ਉਨ੍ਹਾਂ ਦੀ ਪਰਮ-ਭਗਤ ਚਿਤੌੜਗੜ੍ਹ ਦੀ ਰਾਣੀ ਮੀਰਾਂ ਬਾਈ ਨੇ ਵਿਸ਼ੇਸ਼ ਤੌਰ ’ਤੇ ਬੇਨਤੀ ਕੀਤੀ ਸੀ। ਇਸ ਦਾ ਮੁੱਖ ਕਾਰਨ ਇਹ ਸੀ ਕਿ ਰਾਜਾ ਬੈਨ ਸਿੰਘ ਮੀਰਾਂ ਬਾਈ ਦਾ ਮਾਸੜ ਲੱਗਦਾ ਸੀ ਤੇ ਉਹ ਸਾਧੂ-ਸੰਤਾਂ ਨੂੰ ਫੜ ਕੇ ਆਪਣੇ ਕੈਦਖਾਨੇ ਵਿਚ ਸੁੱਟ ਦਿੰਦਾ ਸੀ। ਮੀਰਾਂ ਬਾਈ ਆਪ ਵੀ ਉਥੇ ਸੇਵਕਾਂ ਨਾਲ ਆਈ ਹੋਈ ਸੀ। ਇਸ ਥਾਂ ’ਤੇ ਠਹਿਰਨ ਦੌਰਾਨ ਗੁਰੂ ਰਵਿਦਾਸ ਜੀ ਨੇ ਖੁਰਾਲਗੜ੍ਹ (ਖੁਰਾਲੀ) ਵਿਖੇ ਆਦਿ ਬਾਣੀ ਦਾ ਪਾਠ ਪੜ੍ਹਾ ਕੇ ਮਨੁੱਖਤਾ ਨੂੰ ਪਿਆਰ ਕਰਨ ਦੀ ਪ੍ਰੇਰਨਾ ਦਿੱਤੀ ਕਿ ਅਕਾਲ ਪੁਰਖ ਪਰਮਾਤਮਾ ਦੇ ਪੈਦਾ ਕੀਤੇ ਸਾਰੇ ਇਨਸਾਨ ਬਰਾਬਰ ਹਨ, ਕੋਈ ਉੱਚਾ-ਨੀਵਾਂ ਨਹੀਂ। ਇਨਸਾਨ ਦੀ ਕੋਈ ਜਾਤ ਨਹੀਂ, ਇਨਸਾਨ ਸਿਰਫ਼ ਇਨਸਾਨ ਹੈ।

ਰਿਆਸਤ ਦੇ ਦਰਬਾਰੀਆਂ ਨੇ ਰਾਜਾ ਬੈਨ ਸਿੰਘ ਨੂੰ ਸ਼ਿਕਾਇਤ ਕੀਤੀ ਕਿ ਇਕ ਸਾਧੂ ਲੋਕਾਂ ਨੂੰ ਕੁਰਾਹੇ ਪਾ ਰਿਹਾ ਹੈ। ਇਸ ’ਤੇ ਰਾਜਾ ਬੈਨ ਆਪਣੇ ਦਰਬਾਰੀਆਂ ਤੇ ਸਿਪਾਹੀਆਂ ਨਾਲ ਉਸ ਸਥਾਨ ’ਤੇ ਪੁੱਜਾ ਜਿੱਥੇ ਗੁਰੂ ਜੀ ਸੰਗਤ ਨੂੰ ਬੇਗਮਪੁਰੇ ਦੇ ਸਿਧਾਂਤ ਦਾ ਗਿਆਨ ਵੰਡ ਰਹੇ ਸਨ। ਗੁੱਸੇ ’ਚ ਆਏ ਰਾਜਾ ਬੈਨ ਸਿੰਘ ਨੇ ਗੁਰੂ ਜੀ ਨੂੰ ਕੈਦ ਕਰਕੇ ਆਪਣੇ ਕੈਦਖਾਨੇ ’ਚ ਬੰਦ ਕਰ ਦਿੱਤਾ, ਜਿੱਥੇ ਹੋਰ ਸੰਤ-ਮਹਾਪੁਰਸ਼ ਡੱਕੇ ਹੋਏ ਸਨ। ਰਾਜੇ ਨੇ ਗੁਰੂ ਰਵਿਦਾਸ ਜੀ ਨੂੰ ਖਰਾਸ ਨਾਲ ਰੋਜ਼ਾਨਾ 2 ਮਣ ਦਾਣੇ ਪੀਸਣ ਦਾ ਹੁਕਮ ਦਿੱਤਾ। ਜੇਲ੍ਹਖਾਨੇ ਅੰਦਰ ਸੰਤਰੀਆਂ ਵੱਲੋਂ ਦਿੱਤੇ ਗਏ ਅਨਾਜ ’ਚੋਂ ਇਕ ਬੁੱਕ ਗੁਰੂ ਜੀ ਨੇ ਖਰਾਸ ’ਚ ਪਾਈ ਤੇ ਆਪ ਇਕ ਪਾਸੇ ਹੋ ਕੇ ਭਗਤੀ ’ਚ ਲੀਨ ਹੋ ਗਏ। ਉਨ੍ਹਾਂ ਪਹਿਲਾਂ ਤੋਂ ਕੈਦ ਕੀਤੇ ਸਾਧੂ-ਸੰਤਾਂ ਨੂੰ ਕਿਹਾ ਕਿ ਉਹ ਵੀ ਬੈਠ ਕੇ ਪ੍ਰਭੂ ਦਾ ਸਿਮਰਨ ਕਰਨ ਤੇ ਚੱਕੀ ਨਹੀਂ ਪੀਸਣੀ। ਇਸ ਉਪਰੰਤ ਖਰਾਸ ਤੇ ਚੱਕੀਆਂ ਆਪਣੇ ਆਪ ਚੱਲਣ ਲੱਗੀਆਂ ਤੇ ਗੇਟ ’ਤੇ ਪਹਿਰਾ ਦੇਣ ਵਾਲੇ ਸੰਤਰੀ ਨੇ ਦੇਖਣ ਉਪਰੰਤ ਭੱਜ ਕੇ ਰਾਜਾ ਬੈਨ ਸਿੰਘ ਨੂੰ ਇਸ ਘਟਨਾ ਬਾਰੇ ਦੱਸਿਆ। ਓਧਰ ਰਾਜ ’ਚ ਅੰਨ ਤੇ ਕੁਦਰਤੀ ਜਲ ਲੋਪ ਹੋਣ ਲੱਗਾ ਤਾਂ ਰਾਜੇ ਨੂੰ ਆਪਣੇ ਦਰਬਾਰ ਦੇ ਧਾਰਮਿਕ ਦਰਬਾਰੀਆਂ ਦੇ ਕਹਿਣ ’ਤੇ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਉਹ ਆਪਣੇ ਪਰਿਵਾਰ ਸਮੇਤ ਕੈਦਖਾਨੇ ਪੁੱਜਾ ਤੇ ਆਪਣੀ ਗ਼ਲਤੀ ਲਈ ਗੁਰੂ ਜੀ ਤੋਂ ਮਾਫ਼ੀ ਮੰਗੀ। ਇਸ ਉਪਰੰਤ ਗੁਰੂ ਸਾਹਿਬ ਦੀ ਬਖ਼ਸ਼ਿਸ਼ ਸਦਕਾ ਬੈਨ ਸਿੰਘ ਦੇ ਰਾਜ ਵਿਚ ਅੰਨ ਦਾ ਪਿਆ ਅਕਾਲ ਦੂਰ ਹੋਇਆ।

ਕੁਦਰਤੀ ਜਲ ਲੋਪ ਹੋਣ ਨਾਲ ਪਾਣੀ ਸਮੱਸਿਆ ਪੈਦਾ ਹੋ ਗਈ, ਜਿਸ ਨੂੰ ਦੂਰ ਕਰਨ ਲਈ ਰਾਜੇ ਨੂੰ ਅਰਜੋਈ ਕੀਤੀ ਤਾਂ ਗੁਰੂ ਸਾਹਿਬ ਨੇ ਫੁਰਮਾਇਆ ਕਿ ਇਲਾਕੇ ’ਚ ਜਲ ਦੀ ਗੰਗਾ ਦਾ ਪ੍ਰਵਾਹ ਚੱਲ ਰਿਹਾ ਹੈ। ਰਾਜੇ ਵੱਲੋਂ ਉਕਤ ਗੰਗਾ ਬਾਰੇ ਦੱਸਣ ਲਈ ਕਿਹਾ ਗਿਆ ਤਾਂ ਗੁਰੂ ਜੀ ਸਮੂਹ ਸੰਗਤ ਨਾਲ ਪਿੰਡ ਖੁਰਾਲੀ ਤੋਂ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਸਥਾਨ ’ਤੇ ਪੁੱਜੇ ਜੋ ਕਿ ਚਾਰੇ ਪਾਸਿਓਂ ਹਰਿਆਵਲ ਤੇ ਮਨਮੋਹਕ ਪਹਾੜੀਆਂ ਨਾਲ ਘਿਰਿਆ ਹੋਇਆ ਸੀ। ਉੱਥੇ ਪੁੱਜ ਕੇ ਰਾਜੇ ਨੇ ਬੇਨਤੀ ਕੀਤੀ ਕਿ ਪਿਆਸ ਸਤਾ ਰਹੀ ਹੈ, ਜੇ ਪਾਣੀ ਮਿਲ ਜਾਵੇ ਤਾਂ ਮਨ ਨੂੰ ਚੈਨ ਮਿਲੇਗਾ। ਇਸ ’ਤੇ ਗੁਰੂ ਜੀ ਨੇ ਰਾਜੇ ਨੂੰ ਕਿਹਾ ਕਿ ਉਹ ਪੱਥਰ ਚੁੱਕੋ, ਉਥੇ ਪਾਣੀ ਮਿਲੇਗਾ ਪਰ ਉਹ ਪੱਥਰ ਕਿਸੇ ਕੋਲੋਂ ਚੁੱਕਿਆ ਨਹੀਂ ਗਿਆ, ਜਿਸ ’ਤੇ ਗੁਰੂ ਜੀ

ਨੇ ਆਪਣੇ ਸੱਜੇ ਪੈਰ ਦੇ ਅੰਗੂਠੇ ਨਾਲ ਛੋਹਾ ਕੇ ਪੱਥਰ ਹਟਾ ਦਿੱਤਾ। ਪੱਥਰ ਹਟਾਉਣ ’ਤੇ ਉੱਥੋਂ (ਪਵਿੱਤਰ ਅੰਮਿ੍ਰਤ ਧਾਰਾ) ਪਾਣੀ ਨਿਕਲਣ ਲੱਗਾ। ਗੁਰੂ ਸਾਹਿਬ ਨੇ ਉਪਦੇਸ਼ ਕੀਤਾ ਕਿ ਸੰਗਤ ਨੂੰ ਗੰਗਾ ਜਾਣ ਦੀ ਬਜਾਏ ਇਥੇ ਗੰਗਾ ਦੀ ਅੰਮਿ੍ਰਤ ਧਾਰਾ ’ਚ ਇਸ਼ਨਾਨ ਕਰ ਕੇ ਦੁੱਖ ਦੂਰ ਕਰੋ। ਕਿਹਾ ਜਾਂਦਾ ਹੈ ਕਿ ਅੰਮਿ੍ਰਤ ਧਾਰਾ ਪ੍ਰਗਟ ਕਰਨ ਤੋਂ ਬਾਅਦ ਗੁਰੂ ਜੀ ਰਾਜੇ ਬੈਨ ਸਿੰਘ ਨੂੰ ਕਿਹਾ ਕਿ ਇਸ ਅੰਮਿ੍ਰਤ ਜਲ ਦੀ ਧਾਰਾ ਦੇ ਅੱਗੇ-ਅੱਗੇ ਚੱਲੋ, ਆਪ ਜਿੱਥੇ ਤਕ ਜਾਓਗੇ, ਇਹ ਜਲਧਾਰਾ ਉੱਥੇ ਤਕ ਚੱਲਦੀ ਰਹੇਗੀ ਪਰ ਪਿੱਛੇ ਮੁੜ ਕੇ ਨਹੀਂ ਦੇਖਣਾ।

ਗੁਰੂ ਸਾਹਿਬ ਦੇ ਕਹੇ ਮੁਤਾਬਕ ਰਾਜਾ ਬੈਨ ਸਿੰਘ ਅੰਮਿ੍ਰਤ ਧਾਰਾ ਦੇ ਅੱਗੇ-ਅੱਗੇ ਚੱਲ ਪਿਆ ਤੇ ਗੁਰੂ ਸਾਹਿਬ ਵੀ ਨਾਲ ਹੀ ਤੁਰ ਪਏ ਤੇ ਰਾਜੇ ਨੂੰ ਅਧਿਆਤਮਕ ਗਿਆਨ ਵੀ ਦੇ ਰਹੇ ਸਨ। 4-5 ਸੌ ਗਜ਼ ਤੁਰ ਕੇ ਰਾਜੇ ਦੇ ਮਨ ’ਚ ਸ਼ੰਕਾ ਪੈਦਾ ਹੋ ਗਈ ਕਿ ਜਲ ਪਿੱਛੇ ਹੀ ਰੁਕ ਗਿਆ ਤਾਂ ਉਹ ਪਿੱਛੇ ਮੁੜ ਕੇ ਵੇਖਣ ਲੱਗਾ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਅੰਮਿ੍ਰਤ ਧਾਰਾ ਇਥੇ ਤਕ ਹੀ ਚੱਲਿਆ ਕਰੇਗੀ ਤੇ ਉਸ ਤੋਂ ਬਾਅਦ ਧਰਤੀ ਅੰਦਰ ਲੋਪ ਹੋ ਜਾਵੇਗੀ। ਇਸ ਉਪਰੰਤ ਰਾਜਾ ਬੈਨ ਸਿੰਘ ਤੇ ਉਸ ਦਾ ਸਾਰਾ ਪਰਿਵਾਰ ਸ੍ਰੀ ਗੁਰੂ ਰਵਿਦਾਸ ਦਾ ਪੈਰੋਕਾਰ ਬਣ ਗਿਆ ਅਤੇ ਉਨ੍ਹਾਂ ਨੇ ਗੁਰੂ ਸਾਹਿਬ ਦੇ ਜਾਤ-ਪਾਤ ਰਹਿਤ ਸਮਾਜ ਸਥਾਪਤ ਕਰਨ ਦੇ ਸੰਕਲਪ ਨੂੰ ਅੱਗੇ ਤੋਰਨ ਲਈ ਯੋਗਦਾਨ ਪਾਇਆ। ਇਸ ਅੰਮਿ੍ਰਤ ਧਾਰਾ ਕੁੰਡ ਨੂੰ ਹੀ ਅੱਜਕੱਲ੍ਹ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮਿ੍ਰਤ ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਅਸਥਾਨ ’ਤੇ ਜਿੱਥੇ ਚਰਨ ਛੋਹ ਗੰਗਾ ਦਾ ਜਲ-ਸੋਮਾ ਫੁੱਟਦਾ ਹੈ, ਉਸ ਸਥਾਨ ਦੇ ਆਲੇ-ਦੁਆਲੇ ਸਰੋਵਰ ਦੀ ਉਸਾਰੀ 2008 ਵਿਚ ਉਸ ਸਮੇਂ ਦੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਅਮਰਜੀਤ ਗੁਰੂ (ਯੂਕੇ) ਵੱਲੋਂ ਕਰਵਾ ਕੇ ਸਰੋਵਰ ਦੇ ਪੱਛਮ ਵਾਲੇ ਸ੍ਰੀ ਗੁਰੂ ਰਵਿਦਾਸ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ ਹੈ। ਇਸ ਜਲ ਸੋਮੇ ’ਚ ਨਿਕਲਣ ਵਾਲਾ ਜਲ ਹੀ ਇਸ ਅਸਥਾਨ ਦੀ ਪਾਣੀ ਦੀ ਲੋੜ ਪੂਰੀ ਕਰਨ ਲਈ ਵਰਤਿਆ ਜਾਂਦਾ ਹੈ, ਜਿਸ ਲਈ ਸਰੋਵਰ ’ਚ ਪਾਈਪ ਪਾ ਕੇ ਪਾਣੀ ਮੋਟਰਾਂ ਰਾਹੀਂ ਟੈਂਕੀਆਂ ’ਚ ਪਾਇਆ ਜਾਂਦਾ ਹੈ।

ਇਸ ਤੋਂ ਇਲਾਵਾ ਸੰਗਤਾਂ ਲਈ ਬਣਾਏ ਗਏ ਇਨਸ਼ਾਨਘਰਾਂ ’ਚ ਲੋਕਾਂ ਦੇ ਇਸ਼ਨਾਨ ਕਰਨ ਲਈ ਇਹੀ ਪਵਿੱਤਰ ਜਲ ਵਰਤਿਆ ਜਾਂਦਾ ਹੈ। ਅਸਥਾਨ ਦੇ ਨਾਲ ਹੀ ਬਰਸਾਤੀ ਖੱਡ ਹੈ, ਜੋ ਕਿ ਬਰਸਾਤਾਂ ਦੌਰਾਨ ਹੀ ਭਰਦੀ ਹੈ ਜਦੋਂਕਿ ਬਾਕੀ ਸਾਰਾ ਸਾਲ ਇਸ ਦੇ ਅੱਧਾ-ਪੌਣਾ ਕਿਲੋਮੀਟਰ ਹਿੱਸੇ ’ਚ ਪਾਣੀ ਇਸੇ ਅੰਮਿ੍ਰਤ ਕੁੰਡ ਤੋਂ ਹੀ ਜਾਂਦਾ ਹੈ। ਖੱਡ ’ਚ ਹੀ ਪਾਣੀ ਇਕੱਠਾ ਕਰਨ ਲਈ ਕੱਚਾ ਸਰੋਵਰ ਤਿਆਰ ਕੀਤਾ ਗਿਆ ਹੈ, ਜਿਸ ਵਿਚ ਸੰਗਤ ਤੋਂ ਇਲਾਵਾ ਆਸ-ਪਾਸ ਦੇ ਲੋਕ ਇਨਸ਼ਾਨ ਕਰਨ ਲਈ ਆਉਂਦੇ ਹਨ।

ਆਦਿ ਧਰਮ ਮਿਸ਼ਨ ਦੇ ਬਾਨੀ ਬਾਬਾ ਬੰਤਾ ਰਾਮ ਘੇੜਾ ਨੇ ਕੀਤੀ ਸੀ ਖੋਜ

ਗੁਰੂ ਰਵਿਦਾਸ ਜੀ ਨਾਲ ਸਬੰਧਤ ਇਸ ਇਤਿਹਾਸਕ ਅਸਥਾਨ ਦੀ ਖੋਜ ਆਦਿ ਧਰਮ ਮਿਸ਼ਨ ਦੇ ਬਾਨੀ ਬਾਬਾ ਬੰਤਾ ਰਾਮ ਘੇੜਾ ਵੱਲੋਂ 29 ਮਈ 1983 ਨੂੰ ਆਪਣੇ ਮਿਸ਼ਨਰੀ ਸਾਥੀਆਂ ਦੇ ਸਹਿਯੋਗ ਨਾਲ ਕੀਤੀ ਗਈ ਸੀ, ਜੋ ਕਿ ਸਰਕਾਰੀ ਰਿਕਾਰਡ ’ਚ ਦਰਜ ਹੈ। ਬੰਤਾ ਰਾਮ ਘੇੜਾ ਨੇ ਇਕ ਇਤਿਹਾਸਕ ਪੁਸਤਕ ਲੱਭੀ ਸੀ, ਜਿਸ ਵਿਚ ਗੁਰੂ ਰਵਿਦਾਸ ਜੀ ਵੱਲੋਂ ਕੀਤੀਆਂ ਗਈਆਂ ਉਦਾਸੀਆਂ ਦੌਰਾਨ ਪੰਜਾਬ ’ਚ ਜਿਹੜੇ ਸਥਾਨਾਂ ’ਤੇ ਗਏ ਸਨ, ਉਨ੍ਹਾਂ ਦਾ ਜ਼ਿਕਰ ਮਿਲਦਾ ਸੀ। ਇਸ ਥਾਂ ਬਾਰੇ ਪਤਾ ਲੱਗਣ ਉਪਰੰਤ ਆਲ ਇੰਡੀਆ ਆਦਿ ਧਰਮ ਮਿਸ਼ਨ ਸੈਂਟਰਲ ਕਮੇਟੀ ਦੇ ਉੱਘੇ ਮੈਂਬਰਾਂ ਦੀ ਸਲਾਹ ਨਾਲ ਖੁਰਾਲਗੜ੍ਹ (ਖੁਰਾਲੀ) ਬਾਰੇ ਹੋਰ ਤੱਥ ਇਕੱਤਰ ਕਰਨ ਲਈ ਕਮੇਟੀ ਬਣਾਈ ਗਈ। ਇਸ ਕਮੇਟੀ ਦੀ ਅਗਵਾਈ ਹੇਠ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਇਥੇ ਪਹਿਲਾ ਮੇਲਾ 24-25 ਜੂਨ 1983 ਲਾਇਆ ਗਿਆ ਸੀ।

ਇਸ ਇਤਿਹਾਸਕ ਅਸਥਾਨ ’ਤੇ ਗੁਰੂ ਸਾਹਿਬ ਦੇ ਨਿਸ਼ਾਨ ਚਿੰਨ੍ਹ ਸਥਾਪਤ ਕਰਨ ਲਈ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਮੀਰਪੁਰ ਜੱਟਾਂ ਵਾਸੀ ਮਹਿੰਦਰ ਪਾਲ ਚੁੰਬਰ ਵੱਲੋਂ ਆਪਣੇ ਸਹਿਯੋਗੀਆਂ ਦੀ ਸਹਾਇਤਾ ਨਾਲ 306 ਕਨਾਲ 8 ਮਰਲੇ ਜ਼ਮੀਨ ਚਰਨ ਛੋਹ ਗੰਗਾ, ਦੌਰੀ, ਰੰਬੀ ਆਦਿ ਨਿਸ਼ਾਨ, ਸੋਹੰ ਸ਼ਬਦ, ਗੁਰੂ ਰਵਿਦਾਸ ਜੀ, ਚਮਾਰ ਕੌਮ ਆਦਿ ਧਰਮ ਮਿਸ਼ਨ ਦੇ ਨਾਂ ਹੇਠ ਰਜਿਸਟਰੀ ਕਰਵਾਈ ਬਾਬਾ ਬੰਤਾ ਰਾਮ ਘੇੜਾ ਵੱਲੋਂ ਇਸ ਅਸਥਾਨ ਤੋਂ ਇਲਾਵਾ ਸ੍ਰੀ ਗੁਰੂ ਰਵਿਦਾਸ ਜੀ ਨਾਲ ਸਬੰਧਤ ਹੋਰ ਕਈ ਅਸਥਾਨਾਂ ਦੀ ਖੋਜ ਕੀਤੀ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਰਵਿਦਾਸ ਜੀ ਨਾਲ ਸਬੰਧਤ ਬਨਾਰਸ ਵਿਚਲੇ ਸਥਾਨਾਂ ਦੀ ਭਾਲ ਕੀਤੀ, ਜਿਨ੍ਹਾਂ ਵਿਚ ਪੰਡਿਤ ਸ਼ਰਧਾ ਨੰਦ ਦੀ ਪਾਠਸ਼ਾਲਾ, ਜਿੱਥੇ ਕਿ ਸੰਨ 1421 ’ਚ ਪੈਂਤੀ ਅੱਖਰਾਂ ਦਾ ਉਚਾਰਣ ਕੀਤਾ, ਅਸੀ ਘਾਟ ਬਨਾਰਸ ਜਿੱਥੇ ਗੁਰੂ ਸਾਹਿਬ ਨੇ ਇਸ਼ਨਾਨ ਕਰਨੋ ਰੋਕੇ ਜਾਣ ’ਤੇ ਉਲਟੀ ਗੰਗਾ ਚਲਾਈ, ਦਾਸਾ ਅਸਮੇਦ ਘਾਟ ਜਿੱਥੇ ਸ੍ਰੀ ਗੁਰੂ ਜੀ ਨੇ ਪੱਥਰੀ ਤਰਾਈ, ਪੰਜ ਗੰਗਾਘਾਟ ਜਿੱਥੇ ਗੁਰੂ ਜੀ ਨੇ ਪੈਰ ਧਰੇ ਤੇ ਗੰਗਾ ਦੀ ਧਾਰਾ ਨਿਕਲੀ ਸ਼ਾਮਲ ਹਨ।

ਇਸ ਤੋਂ ਇਲਾਵਾ ਬਨਾਰਸ ਦਾ ਉਹ ਮਹਾਨ ਸਥਾਨ ਜਿੱਥੇ ਸ੍ਰੀ ਗੁਰੂ ਰਵਿਦਾਸ ਜੀ, ਗੁਰੂ ਕਬੀਰ ਤੇ ਗੁਰੂ ਨਾਨਕ ਦੇਵ ਜੀ ਨੇ ਬੈਠ ਕੇ ਇਨਸਾਨੀਅਨ ਤੇ ਅਧਿਆਤਮਿਕ ਪ੍ਰਚਾਰ ਸਾਰੇ ਸੰਸਾਰ ’ਚ ਕਰਨ ਦੇ ਪ੍ਰੋਗਰਾਮ ਦੀ ਰੂਪ-ਰੇਖਾ ਉਲੀਕੀ। ਇਸ ਤੋਂ ਇਲਾਵਾ ਬਾਬਾ ਬੰਤਾ ਰਾਮ ਘੇੜਾ ਤੇ ਉਨ੍ਹਾਂ ਦੇ ਮਿਸ਼ਨਰੀ ਸਾਥੀਆਂ ਨੇ 14 ਮਈ 1964 ਨੂੰ ਗੁਰੂ ਸਾਹਿਬ ਦੇ ਅਸਲੀ ਜਨਮ ਅਸਥਾਨ ਸੀਰ ਗੋਵਰਧਨਪੁਰ ਦੀ ਖੋਜ ਕੀਤੀ। ਗੁਜਰਾਤ ਦੇ ਜ਼ਿਲ੍ਹਾ ਜੂਨਾਗੜ੍ਹ ਦੇ ਸਰਸੇ ਪਿੰਡ ਅਤੇ ਰਾਜਸਥਾਨ ਦੇ ਚਿਤੌੜਗੜ੍ਹ ਵਿਚਾਲੇ ਸਥਾਨ ਜਿੱਥੇ ਗੁਰੂ ਸਾਹਿਬ ਨੇ ਕਾਫੀ ਸਮਾਂ ਬਿਤਾਇਆ ਸੀ, ਦੀ ਖੋਜ ਵੀ ਬਾਬਾ ਬੰਤਾ ਰਾਮ ਘੇੜਾ ਨੇ

ਹੀ ਕੀਤੀ ਸੀ। ਮਿਸ਼ਨ ਦੇ ਗੁਰਬਾਣੀ ਖੋਜ ਵਿੰਗ ਨੇ ਗੁਰੂ ਸਾਹਿਬ ਦੀ ਬਾਣੀ ਦੇ ਸਾਢੇ ਤਿੰਨ ਸੌ ਸ਼ਬਦ ਤੇ ਢਾਈ ਸੌ ਦੇ ਕਰੀਬ ਦੋਹੇ ਪ੍ਰਾਪਤ ਕੀਤੇ।

ਸੁਸਤ ਚਾਲ ਚੱਲ ਰਿਹੈ ਮੀਨਾਰ-ਏ-ਬੇਗਮਪੁਰਾ ਦਾ ਕੰਮ

ਖੁਰਾਲਗੜ੍ਹ ਸਾਹਿਬ ਵਿਖੇ ਬਣਾਏ ਜਾਣ ਵਾਲੇ ਮੀਨਾਰੇ-ਏ-ਬੇਗਮਪੁਰਾ ਦੀ ਉਸਾਰੀ ਦਾ ਕੰਮ ਕਾਫੀ ਸੁਸਤ ਚਾਲੇ ਚੱਲ ਰਿਹਾ ਹੈ। ਗੁਰੂ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਸਮਾਜ ’ਚੋਂ ਜਾਤ-ਪਾਤ ਦੇ ਖਾਤਮੇ ਲਈ ਕੀਤੇ ਗਏ ਕ੍ਰਾਂਤੀਕਾਰੀ ਸੰਘਰਸ਼ ਤੇ ਲੋਕਾਈ ਦੇ ਸੁਧਾਰ ਲਈ ਕੀਤੇ ਗਏ ਕਾਰਜਾਂ ਦੀ ਯਾਦਾਗਰ ਸਥਾਪਤ ਕਰਨ ਲਈ ਵਿਰਾਸਤੀ ਇਮਾਰਤ ਉਸਾਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ’ਚ ਸਰਕਾਰ ਦੌਰਾਨ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਅਸਥਾਨ ਦੇ ਨੇੜੇ 16 ਏਕੜ ਰਕਬੇ ’ਚ ਮੀਨਾਰ-ਏ-ਬੇਗਮਪੁਰਾ ਦੀ ਉਸਾਰੀ ਲਈ 3 ਅਪ੍ਰੈਲ 2016 ਨੂੰ ਨੀਂਹ ਪੱਥਰ ਰੱਖਿਆ ਗਿਆ ਸੀ।

ਬਾਦਲ ਸਰਕਾਰ ਵੱਲੋਂ ਇਸ ਵਿਰਾਸਤੀ ਇਮਾਰਤ ਦੀ ਉਸਾਰੀ ਵਾਸਤੇ 110 ਕਰੋੜ ਰੁਪਏ ਖਰਚ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ’ਚ ਸਾਢੇ ਚਾਰ ਕਰੋੜ ਰੁਪਏ ਦੇ ਕਰੀਬ ਜ਼ਮੀਨ ’ਤੇ ਖਰਚੇ ਗਏ ਸਨ। ਇਸ ਲਈ 86.39 ਕਰੋੜ ਰੁਪਏ ਦਾ ਠੇਕਾ ਦਿੱਤਾ ਗਿਆ ਸੀ ਅਤੇ ਬਾਦਲ ਸਰਕਾਰ ਨੇ ਆਪਣੇ ਕਾਰਜਕਾਲ ਦੇ

ਆਖਰੀ ਸਮੇਂ ਦੌਰਾਨ ਇਸ ਪ੍ਰੋਜੈਕਟ ਲਈ 40 ਕਰੋੜ ਰੁਪਏ ਪੀਡਬਲਿਊਡੀ ਵਿਭਾਗ ਰਾਹੀਂ ਜਾਰੀ ਕਰ ਦਿੱਤੇ ਸਨ। 2017 ਵਿਚ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਸੂਬੇ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੋਂਦ ’ਚ ਆਈ। ਕੈਪਟਨ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ ਅਤੇ ਪਿਛਲੇ ਸਾਢੇ ਚਾਰ ਦੇ ਸਾਲਾਂ ਦੇ ਕਾਰਜਕਾਲ ਦੌਰਾਨ ਸਿਰਫ਼ 11 ਕਰੋੜ ਰੁਪਏ ਹੀ ਜਾਰੀ ਕੀਤੇ। ਇਸ ਲਈ ਹੁਣ ਤਕ ਸਿਰਫ਼ 55 ਕਰੋੜ ਰੁਪਏ ਹੀ ਖਰਚ ਕੀਤੇ ਗਏ ਹਨ। ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ 2 ਸਾਲ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ ਪਰ ਕੰਪਨੀ ਨੂੰ ਰਾਸ਼ੀ ਨਾ ਮਿਲਣ ਕਾਰਨ ਇਹ ਪ੍ਰੋਜੈਕਟ ਪੰਜ ਸਾਲਾਂ ਦੌਰਾਨ ਵੀ ਅੱਧਾ-ਅਧੂਰਾ ਹੀ ਹੈ।

ਗੁਰੂ ਰਵਿਦਾਸ ਜੀ ਨੇ ਆਗਮਨ ਸਮੇਂ ਭਾਰਤੀ ਸਮਾਜ ਜਾਤੀ ਵਿਵਸਥਾ ਦੀ ਬਹੁਤ ਖ਼ਤਰਨਾਕ ਵੰਡ ਦਾ ਸ਼ਿਕਾਰ ਸੀ। ਸਦੀਆਂ ਤੋਂ ਪਰੋਹਿਤਵਾਦ ਦੇ ਲਿਤਾੜੇ, ਪਛਾੜੇ ਤੇ ਵਿੱਦਿਆਹੀਣ ਸਮਾਜ ਦੀ ਹੋਂਦ ਨਾਂ ਦੇ ਬਰਾਬਰ ਸੀ। ਗੁਰੂ ਜੀ ਨੇ ਜਿੱਥੇ ਜਾਤ-ਪਾਤ ਵਿਰੁੱਧ ਆਵਾਜ਼ ਬੁਲੰਦ ਕੀਤੀ ਉੱਥੇ ਇਕ ਅਜਿਹੀ ਰਾਜ ਦੀ ਕਲਪਨਾ ਕੀਤੀ ਜਿਸ ਨੂੰ ਬੇਗਮਪੁਰਾ ਕਿਹਾ ਜਾਂਦਾ ਹੈ। ਗੁਰੂ ਜੀ ਦਾ ਬੇਗਮਪੁਰਾ ਕਾਰਲ ਮਾਰਕਸ ਦੇ ਸਮਾਜਵਾਦੀ ਲੋਕ ਰਾਜ ਦੇ ਸੰਕਲਪ ਤੋਂ 400 ਵਰ੍ਹੇ ਪਹਿਲਾਂ ਅਤੇ ਫਰਾਂਸ ਦੇ ਇਨਕਲਾਬ ਤੋਂ ਸਾਢੇ ਤਿੰਨ ਸੌ ਸਾਲ ਪਹਿਲਾਂ ਵਸਾਉਣ ਦੀ ਕਲਪਨਾ ਕੀਤੀ ਸੀ। ਉਹ ਇਕ ਅਜਿਹਾ ਰਾਜ ਚਾਹੁੰਦੇ ਸਨ ਜਿੱਥੇ ਨਾ ਕੋਈ ਛੋਟਾ ਅਤੇ ਨਾ ਹੀ ਵੱਡਾ ਹੋਵੇ, ਬਲਕਿ ਸਭ ਬਰਾਬਰ ਹੋਣ ਅਤੇ ਸਭ ਨੂੰ ਢਿੱਡ ਭਰਵੀਂ ਰੋਟੀ ਨਸੀਬ ਹੋਵੇ। ਗੁਰੂ ਰਵਿਦਾਸ ਜੀ ਲੋਕ ਹਿਤੈਸ਼ੀ ਰਾਜ ਪ੍ਰਣਾਲੀ ਦੇ ਹਾਮੀ ਸਨ। ਉਹ ਅਜਿਹੀ ਵਿਵਸਥਾ ਦੀ ਕਲਪਨਾ ਕਰਦੇ ਸਨ ਜਿਸ ’ਚ ਇਕ ਵਿਅਕਤੀ ਜਾਂ ਇਕ ਪਰਿਵਾਰ ਦੀ ਸੱਤਾ ਦੀ ਥਾਂ ਸਭ ਲੋਕਾਈ ਦੇ ਹਿੱਤਾਂ ਦੀ ਤਰਜਮਾਨੀ ਹੋਵੇ ਅਤੇ ਲੋਕ ਰਾਜੀ ਪ੍ਰਣਾਲੀ ਸਥਾਪਤ ਕੀਤੀ ਜਾਵੇ। ਆਪਣੀ ਬਾਣੀ ਵਿਚ ਉਨ੍ਹਾਂ ਨੇ ਅਜਿਹੇ ਰਾਜ ਦੀ ਕਲਪਨਾ ਇਸ ਤਰ੍ਹਾਂ ਕੀਤੀ ਹੈ।

ਸ੍ਰੀ ਚਰਨ ਛੋਹ ਗੰਗਾ ਸੱਚਖੰਡ ਵਿਖੇ ਕਰਵਾਏ ਜਾਣ ਵਾਲੇ ਸਮਾਗਮ

ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਕੈਸ਼ੀਅਰ ਅਮਿਤ ਕੁਮਾਰ ਪਾਲ ਮੁਤਾਬਕ ਇਸ ਅਸਥਾਨ ’ਤੇ ਹਰ ਸਾਲ ਆਲ ਇੰਡੀਆ ਆਦਿ ਧਰਮ ਮਿਸ਼ਨ, ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਪ੍ਰਬੰਧਕ ਕਮੇਟੀ ਅਤੇ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ਦੀ ਦੇਖ-ਰੇਖ ਹੇਠ ਹਰ ਸਾਲ 31 ਦਸੰਬਰ ਤੇ 1 ਜਨਵਰੀ ਨੂੰ ਬਾਬੂ ਮੰਗੂ ਰਾਮ ਮੂੰਗੋਵਾਲੀਆ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਏ ਜਾਂਦੇ ਹਨ। ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਸਾਲ ਪੰਜ ਰੋਜ਼ਾ ਸਮਾਗਮ ਹੁੰਦੇ ਹਨ। ਇਸ ਤੋਂ ਇਲਾਵਾ 11 ਅਪ੍ਰੈਲ ਨੂੰ ਬਾਬਾ ਜੋਤੀ ਬਾ ਫੂਲੇ ਦਾ ਜਨਮ ਦਿਨ ਸਮਾਗਮ, 12 ਤੇ 13 ਅਪ੍ਰੈਲ ਨੂੰ ਅੰਮਿ੍ਰਤ ਧਾਰਾ ਪ੍ਰਗਟ ਦਿਵਸ, 14 ਤੇ 15 ਅਪ੍ਰੈਲ ਨੂੰ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਜਨਮ ਦਿਨ ਸਮਾਗਮ ਅਤੇ 28, 29 ਤੇ 30 ਅਗਸਤ ਨੂੰ ਬਾਬਾ ਬੰਤਾ ਰਾਮ ਘੇੜਾ ਦਾ ਜਨਮ ਦਿਨ ਸਮਾਗਮ ਮਨਾਇਆ ਜਾਂਦਾ ਹੈ, ਜਿਸ ਵਿਚ ਦੇਸ-ਵਿਦੇਸ਼ ਤੋਂ ਸੰਗਤ ਪੁੱਜਦੀ ਹੈ। ਖੁਰਾਲੀ ਵਿਖੇ ਜਿੱਥੇ ਗੁਰੂ ਸਾਹਿਬ ਸਤਿਸੰਗ ਕਰਿਆ ਕਰਦੇ ਸਨ, ਉੱਥੇ ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਖੁਰਾਲੀ ਸੁਸ਼ੋਭਿਤ ਹੈ।

ਦਰਪੇਸ਼ ਸਮੱਸਿਆਵਾਂ

ਇਸ ਇਤਿਹਾਸਕ ਤੇ ਧਾਰਮਿਕ ਅਸਥਾਨ ਤਕ ਪੁੱਜਣ ਤੋਂ ਲੈ ਕੇ ਇੱਥੋਂ ਦੇ ਪ੍ਰਬੰਧਕਾਂ ਤੇ ਆਉਣ ਵਾਲੀ ਸੰਗਤ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੀਬ 40 ਸਾਲ ਪਹਿਲਾਂ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਇਸ ਪਾਵਨ ਧਰਤੀ ਦੀ ਖੋਜ ਕਰਨ ਤੋਂ ਲੈ ਕੇ ਅੱਜ ਤਕ ਇਸ ਅਸਥਾਨ ’ਤੇ ਸਮੇਂ ਦੀਆਂ ਸਰਕਾਰਾਂ ਦੀ ਕਦੇ ਵੀ ਸਵੱਲੀ ਨਜ਼ਰ ਨਹੀਂ ਪਈ। ਪਹਾੜਾਂ ’ਚ ਵੱਸੇ ਇਸ ਅਸਥਾਨ ’ਤੇ ਆਉਣ ਲਈ ਸੰਗਤ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਪਣੇ ਵਾਹਨ ਤੋਂ ਬਿਨਾਂ ਇਥੇ ਆਉਣ ਲਈ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ। ਇਸ ਅਸਥਾਨ ’ਤੇ ਪਾਣੀ ਦੀ ਵੀ ਵੱਡੀ ਸਮੱਸਿਆ ਹੈ ਕਿਉਂਕਿ ਇਥੇ ਵਰਤੇ ਜਾਣ ਵਾਲੇ ਪਾਣੀ ਦੀ ਲੋੜ ਸਿਰਫ਼ ਤੇ ਸਿਰਫ਼ ਚਰਨ ਛੋਹ ਗੰਗਾ ਵਾਲੇ ਜਲ-ਸੋਮੇ ’ਚੋਂ ਨਿਕਲਦੇ ਪਾਣੀ ਨਾਲ ਪੂਰੀ ਕੀਤੀ ਜਾਂਦੀ ਹੈ। ਕਿਸੇ ਵੀ ਸਰਕਾਰ ਜਾਂ ਇਲਾਕੇ ਦੇ ਵਿਧਾਇਕਾਂ ਨੇ ਕਦੇ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ।

ਸੰਤ ਸਤਵਿੰਦਰ ਹੀਰਾ ਦਾ ਕਹਿਣਾ ਹੈ ਕਿ ਇਸ ਪਵਿੱਤਰ ਅਸਥਾਨ ’ਤੇ ਆਉਣ ਲਈ ਕਰੀਬ 5 ਰੂਟ ਲੱਗਦੇ ਹਨ ਪਰ ਕਿਸੇ ਵੀ ਰੂਟ ਰਾਹੀਂ ਇਥੇ ਆਉਣ ਲਈ ਬੱਸ ਦਾ ਪ੍ਰਬੰਧ ਨਹੀਂ ਹੈ। ਪਾਣੀ ਦੀ ਸਮੱਸਿਆ ਹੱਲ ਕਰਨ ਲਈ ਕਈ ਸਰਕਾਰੀ ਨੁਮਾਇੰਦਿਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤਕ ਪਹੁੰਚ ਕਰ ਚੁੱਕੇ ਹਨ ਪਰ ਹਾਲੇ ਤਕ ਕਿਸੇ ਨੇ ਹੱਥ-ਪੱਲ੍ਹਾ ਨਹੀਂ ਫੜਾਇਆ। ਧਾਰਮਿਕ ਅਸਥਾਨ ਬਾਰੇ ਪ੍ਰਸ਼ਾਸਨ ਵੱਲੋਂ ਕਿਤੇ ਵੀ ਕੋਈ ਮੀਲ ਪੱਥਰ ਜਾਂ ਬੋਰਡ ਆਦਿ ਨਹੀਂ ਲਾਇਆ ਗਿਆ।

ਬੇਗਮ ਪੁਰਾ ਸਹਰ ਕੋ ਨਾਉ

ਗੁਰੂ ਰਵਿਦਾਸ ਜੀ ਦੇ ਆਗਮਨ ਸਮੇਂ ਭਾਰਤੀ ਸਮਾਜ ਜਾਤੀ ਵਿਵਸਥਾ ਦੀ ਬਹੁਤ ਖ਼ਤਰਨਾਕ ਵੰਡ ਦਾ ਸ਼ਿਕਾਰ ਸੀ। ਸਦੀਆਂ ਤੋਂ ਪਰੋਹਿਤਵਾਦ ਦੇ ਲਿਤਾੜੇ, ਪਛਾੜੇ ਤੇ ਵਿੱਦਿਆਹੀਣ ਸਮਾਜ ਦੀ ਹੋਂਦ ਨਾਂ ਦੇ ਬਰਾਬਰ ਸੀ। ਗੁਰੂ ਜੀ ਨੇ ਜਿੱਥੇ ਜਾਤ-ਪਾਤ ਵਿਰੁੱਧ ਆਵਾਜ਼ ਬੁਲੰਦ ਕੀਤੀ ਉੱਥੇ ਇਕ ਅਜਿਹੇ ਰਾਜ ਦੀ ਕਲਪਨਾ ਕੀਤੀ ਜਿਸ ਨੂੰ ਬੇਗਮਪੁਰਾ ਕਿਹਾ ਜਾਂਦਾ ਹੈ। ਗੁਰੂ ਜੀ ਨੇ ਬੇਗਮਪੁਰਾ ਦੀ ਕਲਪਨਾ ਕਾਰਲ ਮਾਰਕਸ ਦੇ ਸਮਾਜਵਾਦੀ ਲੋਕ ਰਾਜ ਦੇ ਸੰਕਲਪ ਤੋਂ ਕਈ ਸੌ ਸਾਲ ਪਹਿਲਾਂ ਅਤੇ ਫਰਾਂਸ ਦੇ ਇਨਕਲਾਬ ਤੋਂ ਸਾਢੇ ਤਿੰਨ ਸੌ ਸਾਲ ਪਹਿਲਾਂ ਕੀਤੀ ਸੀ। ਉਹ ਇਕ ਅਜਿਹਾ ਰਾਜ ਚਾਹੁੰਦੇ ਸਨ ਜਿੱਥੇ ਨਾ ਕੋਈ ਛੋਟਾ ਅਤੇ ਨਾ ਹੀ ਵੱਡਾ ਹੋਵੇ ਬਲਕਿ ਸਭ ਬਰਾਬਰ ਹੋਣ ਅਤੇ ਸਭ ਨੂੰ ਢਿੱਡ ਭਰਵੀਂ ਰੋਟੀ ਨਸੀਬ ਹੋਵੇ।

ਗੁਰੂ ਰਵਿਦਾਸ ਜੀ ਲੋਕ ਹਿਤੈਸ਼ੀ ਰਾਜ ਪ੍ਰਣਾਲੀ ਦੇ ਹਾਮੀ ਸਨ। ਉਨ੍ਹਾਂ ਅਜਿਹੀ ਵਿਵਸਥਾ ਦੀ ਕਲਪਨਾ ਕੀਤੀ ਜਿਸ ’ਚ ਇਕ ਵਿਅਕਤੀ ਜਾਂ ਇਕ ਪਰਿਵਾਰ ਦੀ ਸੱਤਾ ਦੀ ਥਾਂ ਸਭ ਲੋਕਾਈ ਦੇ ਹਿੱਤਾਂ ਦੀ ਤਰਜਮਾਨੀ ਹੋਵੇ ਅਤੇ ਲੋਕ ਰਾਜੀ ਪ੍ਰਣਾਲੀ ਸਥਾਪਤ ਕੀਤੀ ਜਾਵੇ। ਆਪਣੀ ਬਾਣੀ ਵਿਚ ਉਨ੍ਹਾਂ ਨੇ ਅਜਿਹੇ ਰਾਜ ਦੀ ਕਲਪਨਾ ਇਸ ਤਰ੍ਹਾਂ ਕੀਤੀ ਹੈ :

ਬੇਗਮ ਪੁਰਾ ਸਹਰ ਕੋ ਨਾਉ।

ਦੂਖੁ ਅੰਦੋਹੁ ਨਹੀ ਤਿਹਿ ਠਾਉ।

ਨਾ ਤਸਵੀਸ ਖਿਰਾਜੁ ਨ ਮਾਲੁ

ਖਉਫੁ ਨ ਖਤਾ ਨ ਤਰਸੁ ਜਵਾਲੁ

ਅਬ ਮੋਹਿ ਖੂਬ ਵਤਨ ਗਹ ਪਾਈ।

ਊਹਾ ਖੈਰਿ ਸਦਾ ਮੇਰੇ ਭਾਈ।

ਕਾਇਮੁ ਦਾਇਮ ਸਦਾ ਪਾਤਿਸਾਹੀ॥

ਦੋਮ ਨ ਸੇਮ ਏਕ ਸੋ ਆਹੀ॥

ਆਬਾਦਾਨੁ ਸਦਾ ਮਸਹੂਰ

ਊਹਾਂ ਗਨੀ ਬਸਹਿ ਮਾਮੂਰ॥

ਤਿਉ ਤਿਉ ਸੈਲ ਕਰਹਿ ਜਿਉ ਭਾਵੈ॥

ਮਹਰਮ ਮਹਲ ਨ ਕੋ ਅਟਕਾਵੈ॥

ਕਹਿ ਰਵਿਦਾਸ ਖਲਾਸ ਚਮਾਰਾ॥

ਜੋ ਹਮ ਸਹਰੀ ਸੁ ਮੀਤ ਹਮਾਰਾ॥

ਗੁਰੂ ਰਵਿਦਾਸ ਜੀ ਨੇ ਅਜਿਹੇ ਜਾਤ ਤੇ ਵਰਗ ਰਹਿਤ ਸਮਾਜ ਦੀ ਕਲਪਨਾ ਕੀਤੀ ਹੈ ਜਿੱਥੇ ਕਿਸੇ ਨੂੰ ਕੋਈ ਚਿੰਤਾ ਜਾਂ ਦੁੱਖ ਤਕਲੀਫ਼ ਨਾ ਹੋਵੇ ਅਤੇ ਸਾਰੇ ਭਰਾਤਰੀ ਭਾਵ ਨਾਲ ਰਹਿਣ। ਅਜਿਹੀ ਵਿਵਸਥਾ ਲਈ ਉਨ੍ਹਾਂ ਨੂੰ ਕਿਸੇ ਟੈਕਸ, ਮਾਲੀਆ ਜਾਂ ਜਜ਼ੀਆ ਆਦਿ ਦੀ ਅਦਾਇਗੀ ਨਾ ਕਰਨੀ ਪਵੇ। ਉੱਥੋਂ ਦੇ ਨਾਗਰਿਕਾਂ ਨਾਲ ਪਹਿਲੇ ਜਾਂ ਦੂਜੇ ਦਰਜੇ ਦੇ ਸ਼ਹਿਰੀ ਵਾਲਾ ਵਿਤਕਰਾ ਨਾ ਕੀਤਾ ਜਾਂਦਾ ਹੋਵੇ। ਉਹ ਆਪਣੀ ਇੱਛਾ ਮੁਤਾਬਕ ਘੁੰਮ ਫਿਰ ਸਕਣ :

ਐਸਾ ਚਾਹੂੰ ਰਾਜ ਮੈਂ

ਜਹਾਂ ਮਿਲੈ ਸਭਨ ਕੋ ਅੰਨ।

ਛੋਟ ਬੜੇ ਸਭ ਸਮ ਬਸੈ

ਰਵਿਦਾਸ ਰਹੇ ਪ੍ਰਸੰਨ।

ਪਹੁੰਚ ਮਾਰਗ

ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦੇ ਬੀਤ ਇਲਾਕੇ ’ਚ ਪੈਂਦੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਅਸਥਾਨ ਚਰਨ ਛੋਹ ਗੰਗਾ (ਅੰਮਿ੍ਰਤ-ਕੁੰਡ) ਸੱਚਖੰਡ ਖੁਰਾਲਗੜ੍ਹ ਸਾਹਿਬ ਨੂੰ ਜਾਣ ਲਈ ਪੰਜ ਰਸਤੇ ਲੱਗਦੇ ਹਨ। ਇਸ ਅਸਥਾਨ ’ਤੇ ਪਹੁੰਚਣ ਲਈ ਗੜ੍ਹਸ਼ੰਕਰ ਤੋਂ ਵਾਇਆ ਬਾਥੜੀ ਬਗ਼ੀਚੀ 23 ਕਿਲੋਮੀਟਰ ਦੀ ਦੂਰੀ ’ਤੇ ਹੈ ਜਦੋਂਕਿ ਆਨੰਦਪੁਰ ਸਾਹਿਬ ਤੋਂ 24 ਕਿਲੋਮੀਟਰ (ਵਾਇਆ ਕਾਨ੍ਹਪੁਰ ਖੂਹੀ), ਟਾਹਲੀਆਣਾ ਤੋਂ 7 ਕਿ.ਮੀ. (ਵਾਇਆ ਬਾਥੜੀ ਬਗੀਚੀ), ਸੰਤੋਖਗੜ੍ਹ ਤੋਂ 10 ਕਿਲੋਮੀਟਰ (ਵਾਇਆ ਬਾਥੜੀ ਬਗ਼ੀਚੀ) ਅਤੇ ਨੰਗਲ ਤੋਂ 16 ਕਿ.ਮੀ. (ਵਾਇਆ ਬਾਥੜੀ ਬਗ਼ੀਚੀ) ਦੂਰ ਪੈਂਦਾ ਹੈ।

- ਜਤਿੰਦਰ ਪੰਮੀ

Posted By: Harjinder Sodhi