ਪੰਜਾਬ ਦਾ ਗੁਆਂਢੀ ਰਾਜ ਹੋਣ ਕਾਰਨ ਪੰਜਾਬੀਆਂ ਦਾ ਹਿਮਾਚਲ ਆਉਣਾ ਜਾਣਾ ਲੱਗਾ ਰਹਿੰਦਾ ਹੈ। ਬਚਪਨ ਤੋਂ ਹੁਣ ਤਕ ਮੈਂ ਸਾਰਾ ਹਿਮਾਚਲ ਗਾਹ ਮਾਰਿਆ ਹੈ। ਸ਼ਿਮਲਾ, ਡਲਹੌਜ਼ੀ, ਕੁੱਲੂ, ਮਨਾਹੀ, ਧਰਮਸ਼ਾਲਾ ਜਿਹੀਆਂ ਚਰਚਿਤ ਥਾਵਾਂ ਦੀ ਭੀੜ, ਪਾਰਕਿੰਗ ਸਮੱਸਿਆ ਤੋਂ ਡਰ ਲੱਗਣ ਲੱਗਾ ਹੈ। ਲੋਕ ਹੁਣ ਛੋਟੇ ਪਿਕਨਿਕ ਸਪੌਟ ਲੱਭਣ ਲੱਗੇ ਹਨ। ਮੈਂ ਕਈ ਸਾਲਾਂ ਤੋਂ ਕਸੌਲੀ ਜਾਂ ਪਾਲਮਪੁਰ ਤੇ ਇਸ ਦੇ ਇਰਦ ਗਿਰਦ ਨੱਢੀ, ਬੀੜ ਬਿਲਿੰਗ ਜਾਣ ਨੂੰ ਤਰਜੀਹ ਦਿੰਦਾ ਹਾਂ। ਜਦੋਂ-ਜਦੋਂ ਤੁਸੀਂ ਹਿਮਾਚਲ ਦੇ ਪਿੰਡਾਂ ਕਸਬਿਆਂ ਨੇੜੇ ਜਾਂਦੇ ਹੋ ਉਦੋਂ-ਉਦੋਂ ਤੁਸੀਂ ਕੁਦਰਤ ਦੋ ਕੋਲ-ਕੋਲ ਹੁੰਦੇ ਹੋ।

ਸ਼ਿਮਲਾ ਨੂੰ ਪਹਾੜਾਂ ਦੀ ਰਾਣੀ ਕਿਹਾ ਜਾਂਦਾ ਹੈ। ਮਨਾਲੀ ਐਡਵੈਂਚਰ ਪ੍ਰੇਮੀਆਂ ਦਾ ਗੜ੍ਹ ਹੈ। ਧਰਮਸ਼ਾਲਾ 'ਚ ਕੁਦਰਤ ਪੂਰੇ ਜੋਬਨ 'ਤੇ ਹੁੰਦੀ ਹੈ। ਮੈਕਲੌਡਗੰਜ ਨੂੰ ਲਿਟਲ ਲਹਾਸਾ ਕਰ ਕੇ ਜਾਣਿਆ ਜਾਂਦਾ ਹੈ। ਚਹਿਲ ਨੂੰ 'ਸਲਾਈਸ ਆਫ਼ ਪੈਰਾਡਾਈਜ਼' ਦਾ ਨਾਂ ਦਿੱਤਾ ਗਿਆ ਹੈ। ਕੁੱਲੂ ਗਰਮੀਆਂ ਦੀਆਂ ਐਡਵੈਂਚਰਸ ਖੇਡਾਂ ਲਈ ਪ੍ਰਸਿੱਧ ਹੈ। ਡਲਹੌਜ਼ੀ ਮਨੋਰੰਜਨ ਤੇ ਆਕਰਸ਼ਨ ਨਾਲ ਭਰੀ ਰਹਿੰਦੀ ਹੈ। ਚੰਬਾ ਨੂੰ ਹਿਮਾਚਲ ਦੇ ਅਦਭੁਤ ਤੇ ਮਹਾਨ ਸਥਾਨ ਵਜੋਂ ਜਾਣਿਆ ਜਾਂਦਾ ਹੈ। ਹਿਮਾਚਲ ਵਿਚ ਇਨ੍ਹਾਂ ਤੋਂ ਇਲਾਵਾ ਵੀ ਬਹੁਤ ਕੁਝ ਹੈ। ਅਨੇਕਾਂ ਛੋਟੇ-ਛੋਟੇ ਅਜਿਹੇ ਪਿਕਨਿਕ ਸਪੌਟ ਹਨ ਜਿਹੜੇ ਸੈਨਤਾਂ ਮਾਰਦੇ ਹਨ ਅਤੇ ਪਹੁੰਚਣ 'ਤੇ ਤੁਹਾਡਾ ਮਨ ਮੋਹ ਲੈਂਦੇ ਹਨ। ਅਜਿਹੀਆਂ ਹੀ ਕੁਝ ਯਾਦਾਂ, ਅਜਿਹੀਆਂ ਹੀ ਕੁਝ ਸੈਰਗਾਹਾਂ ਦੀ ਗੱਲ ਕਰਨ ਜਾ ਰਿਹਾ ਹਾਂ।

ਨੱਡੀ

ਮਕਲੌਡਗੰਜ ਦੇ ਐਨ ਨੇੜੇ ਚਾਂਦੀ ਰੰਗੀਆਂ ਧੌਲਧਾਰ ਪਹਾੜੀਆਂ ਦੇ ਪੈਰਾਂ ਵਿਚ ਵਸਿਆ ਪਿੰਡ ਨੱਡੀ ਆਪਣੀ ਕੁਦਰਤੀ ਖ਼ੂਬਸੂਰਤੀ ਕਾਰਨ ਅਕਸਰ ਚਰਚਾ ਵਿਚ ਰਹਿੰਦਾ ਹੈ ਅਤੇ ਸਮੇਂ ਨਾਲ ਹੁਣ ਉੱਥੇ ਚੰਗੀ ਚਹਿਲ ਪਹਿਲ ਰਹਿਣ ਲੱਗੀ ਹੈ। ਨੱਡੀ ਦਾ ਆਕਰਸ਼ਨ ਬਰਫ਼ ਲੱਦੀਆਂ ਪਹਾੜਾਂ ਦੀਆਂ ਟੀਸੀਆਂ ਦੇ ਦਿਸਣ ਕਾਰਨ ਹੈ। ਜਿੱਧਰ ਨਜ਼ਰ ਮਾਰੋਗੇ ਕੁਦਰਤ ਦੇ ਮਨਮੋਹਕ ਨਜ਼ਾਰੇ ਨਜ਼ਰ ਆਉਣਗੇ। ਕਦਮ-ਕਦਮ 'ਤੇ ਤਰ੍ਹਾਂ ਤਰ੍ਹਾਂ ਦੇ ਹੋਟਲ ਹਨ। ਖੁੱਲ੍ਹੀਆਂ ਹੱਟਸ ਹਨ-ਜਿਨ੍ਹਾਂ ਦੇ ਇਰਦ-ਗਿਰਦ ਘਾਹ ਦੇ ਮੈਦਾਨ ਛੋਟੇ ਜਿਹੇ ਨੱਡੀ ਵਿਚ ਵੀ ਖੁੱਲ੍ਹੇਪਨ ਦਾ ਅਹਿਸਾਸ ਕਰਵਾ ਜਾਂਦੇ ਹਨ। ਸਰਦੀਆਂ ਵਿਚ ਖੂਬ ਬਰਫ਼ ਪੈਂਦੀ ਹੈ ਅਤੇ ਗਰਮੀਆਂ ਵਿਚ ਸਰਦੀਆਂ ਦਾ ਭੁਲੇਖਾ ਪੈਂਦਾ ਹੈ। ਛੋਟੀ ਸੜਕ ਦੀ ਸਿੱਧੀ ਚੜ੍ਹਾਈ ਮਾੜੇ ਡਰਾਈਵਰ ਨੂੰ ਪਸੀਨਾ ਲਿਆ ਦਿੰਦੀ ਹੈ।

ਪਾਲਮਪੁਰ

ਅਸੀਂ ਅਕਸਰ ਪਾਲਮਪੁਰ ਜਾਂਦੇ ਰਹਿੰਦੇ ਹਾਂ। ਪਾਲਮਪੁਰ ਚਾਹ ਦੇ ਬਾਗ਼ਾਂ ਲਈ ਮਸ਼ਹੂਰ ਹੈ। ਖੇਤੀਬਾੜੀ ਯੂਨੀਵਰਸਿਟੀ ਵੀ ਯਾਤਰੀਆਂ ਦਾ ਧਿਆਨ ਖਿੱਚਦੀ ਹੈ। ਬਹੁਤੀ ਭੀੜ ਨਹੀਂ ਹੁੰਦੀ ਇਹ ਵੀ ਮੇਰੇ ਵਰਗਿਆਂ ਦੇ ਜਾਣ ਦਾ ਇਕ ਕਾਰਨ ਹੈ। ਪਾਲਮਪੁਰ ਵਿਚ ਅਕਸਰ ਰੁਕ ਰੁਕ ਕੇ ਵਰਖਾ ਹੁੰਦੀ ਰਹਿੰਦੀ ਹੈ। ਚਾਹ ਦੀ ਫ਼ਸਲ ਲਈ ਵਰਖਾ ਜ਼ਰੂਰੀ ਹੈ। ਪਾਲਮਪੁਰ ਦਾ ਨਾਂ ਵੀ ਸਥਾਨਕ ਸ਼ਬਦ 'ਪਾਲੁਮ' ਤੋਂ ਪਿਆ ਹੈ। ਜਿਸ ਦਾ ਅਰਥ ਹੈ-ਬਹੁਤ ਸਾਰਾ ਪਾਣੀ। ਹਰਿਆਵਲ, ਪਾਣੀ ਤੇ ਚਾਹ ਦੇ ਬਾਗ਼ ਇਸ ਨੂੰ ਨਿਵੇਕਲੀ ਨੁਹਾਰ ਪ੍ਰਦਾਨ ਕਰਦੇ ਹਨ। ਦੇਸ਼ ਵਿਦੇਸ਼ ਦੇ ਇਕਾਂਤ ਪਸੰਦ ਯਾਤਰੀ ਇਥੇ ਆਉਣਾ ਪਸੰਦ ਕਰਦੇ ਹਨ। ਇਸ ਦੇ ਇਰਦ-ਗਿਰਦ ਕਾਂਗੜਾ, ਧਰਮਸ਼ਾਲਾ, ਬੀੜ ਬਿਲਿੰਗ ਜਿਹੀਆਂ ਆਕਰਸ਼ਕ ਸੈਰਗਾਹਾਂ ਹਨ ਜਿੱਥੇ ਪਹੁੰਚ ਕੇ ਹਿਮਾਚਲ ਦੀ ਕੁਦਰਤੀ ਖ਼ੂਬਸੂਰਤੀ ਦੇ ਜੁਦਾ ਜੁਦਾ ਰੰਗ ਵੇਖੇ ਜਾ ਸਕਦੇ ਹਨ।

ਬਰੋਟ ਵਾਦੀ

ਜੋਗਿੰਦਰ ਨਗਰ ਤੋਂ 40 ਕਿਲੋਮੀਟਰ ਦੂਰ ਬਰੋਟ ਵਾਦੀ ਵੇਖਣ ਬਹੁਤ ਘੱਟ ਯਾਤਰੀ ਜਾਂਦੇ ਹਨ। ਪਰੰਤੂ ਜਿਹੜੇ ਜਾਂਦੇ ਹਨ ਉਨ੍ਹਾਂ ਨੂੰ ਉੱਥੇ ਪਹੁੰਚਣ ਉਪਰੰਤ ਹਿਮਾਚਲ ਦੇ ਵੱਡੇ ਸ਼ਹਿਰਾਂ ਨਾਲੋਂ ਵੱਖਰਤਾ ਤੇ ਵਿਲੱਖਣਤਾ ਦਾ ਅਨੁਭਵ ਹੁੰਦਾ ਹੈ। 1975 ਤੋਂ ਪਹਿਲਾਂ ਇਥੇ ਪਹੁੰਚਣਾ ਮਹਾਨ ਸੀ। 1975 ਵਿਚ ਸੜਕ ਸ਼ੁਰੂ ਹੋਈ ਤਾਂ ਘੁੰਮਣ ਫਿਰਨ ਦੇ ਸ਼ੌਕੀਨ ਲੋਕਾਂ ਦਾ ਧਿਆਨ ਇਸ ਵੱਲ ਖਿੱਚਿਆ ਗਿਆ। 1975 ਤੋਂ ਪਹਿਲਾਂ ਜੋਗਿੰਦਰ ਨਗਰ ਤੋਂ ਬਰੋਟ ਪਹੁੰਚਣ ਲਈ ਟਰਾਲੀ ਦੀ ਵਰਤੋਂ ਵਿਚ ਨਹੀਂ ਹੈ। ਬਰੋਟ ਵੈਲੀ ਦੀ ਕੁਦਰਤੀ ਸੁੰਦਰਤਾ ਵੇਖਿਆਂ ਹੀ ਬਣਦੀ ਹੈ। ਸ਼ਾਂਤ, ਸੁੰਦਰ ਇਕ ਦਿਨਾਂ ਸੈਰਗਾਹ। ਇਥੇ ਆ ਕੇ ਦੋ ਦਰਿਆ ਮਿਲਦੇ ਹਨ। ਕਾਹਲ, ਭੱਜ ਦੌੜ ਤੇ ਚਿੰਤਾਵਾਂ ਤੋਂ ਦੂਰ ਸਾਫ਼ ਸ਼ੁੱਧ ਹਵਾ, ਕਾਰੋਬਾਰੀ ਮਾਹੌਲ ਤੋਂ ਹਟਵੀਂ ਬਰੋਟ ਵੈਲੀ ਪਹੁੰਚਣ ਲਈ ਰਾਹ ਰਸਤਾ ਭਾਵੇਂ ਕਠਿਨ ਹੈ ਪਰ ਦਿੱਖ ਸੁਖਾਵੀਂ ਹੈ।

ਸਾਂਗਲਾ ਵੈਲੀ

ਕਿਨੌਰ ਜ਼ਿਲ੍ਹੇ ਵਿਚ ਸਥਿਤ ਸਾਂਗਲਾ ਵੈਲੀ ਨੂੰ ਦੇਸ਼ ਦੀਆਂ ਖੂਬਸੂਰਤ ਵਾਦੀਆਂ ਵਿਚ ਸ਼ਾਮਲ ਕੀਤਾ ਜਾਂਦਾ ਹੈ। ਤਿਬਤੀਅਨ ਬਾਰਡਰ ਨੇੜੇ ਹੋਣ ਕਾਰਨ ਪਹਿਲਾਂ ਇਥੇ ਆਉਣ ਦੀ ਮਨਾਹੀ ਹੁੰਦੀ ਸੀ। ਦੂਰ ਦੁਰਾਡੇ ਹੋਣ ਕਾਰਨ ਇਥੇ ਮਾਰਚ ਤੋਂ ਅਕਤੂਬਰ ਦੌਰਾਨ ਜਾਣਾ ਹੀ ਠੀਕ ਸਮਝਿਆ ਜਾਂਦਾ ਹੈ। ਬਾਕੀ ਮਹੀਨੇ ਇਹ ਜਗ੍ਹਾ ਬਰਫ਼ ਨਾਲ ਢੱਕੀ ਰਹਿੰਦੀ ਹੈ। ਲੋਕ ਕੈਂਪਾਂ ਵਿਚ ਰੁਕਦੇ ਹਨ। ਐਡਵੈਨੱਚਰਸ ਖੇਡਾਂ 'ਚ ਹਿੱਸਾ ਲੈਂਦੇ ਹਨ। ਯੋਗਾ ਸਿੱਖਦੇ ਹਨ। ਮਿੱਠੇ ਤੇ ਰਸ ਭਰੇ ਸੇਬਾਂ ਦਾ ਆਨੰਦ ਉਠਾਉਂਦੇ ਹਨ। ਕੁਦਰਤ ਦੇ ਅੰਗ ਸੰਗ ਸਮਾਂ ਬਿਤਾਉਂਦੇ ਹਨ। ਮਿੱਠੀਆਂ ਯਾਦਾਂ ਮਨ ਵਿਚ ਸਮੋਈ ਵਾਪਸ ਆਉਂਦੇ ਹਨ।

ਕਸੌਲੀ

ਸੋਲਨ ਜ਼ਿਲ੍ਹੇ ਵਿਚ ਸਥਿਤ ਕਸੌਲੀ ਇਕ ਆਕਰਸ਼ਕ ਪਹਾੜੀ ਸਥਾਨ ਹੈ। ਨਜ਼ਦੀਕ ਹੋਣ ਕਾਰਨ ਇਹ ਪੰਜਾਬ ਤੇ ਚੰਡੀਗੜ੍ਹ ਵਾਸੀਆਂ ਦੀ ਮਨਭਾਉਂਦੀ ਸੈਰਗਾਹ ਹੈ। ਚੰਡੀਗੜ੍ਹ ਤੋਂ 65 ਕਿਲੋਮੀਟਰ ਦੂਰ ਇਸ ਸੈਰਗਾਹ ਨੂੰ ਬ੍ਰਿਟਿਸ਼ ਰਾਜ ਵਿਚ 1842 ਵਿਚ ਵਸਾਇਆ ਗਿਆ ਸੀ। ਇਸ ਨੂੰ ਛੋਟਾ ਆਰਾਮਦਾਇਕ ਹਿਲ-ਸਟੇਸ਼ਨ ਕਿਹਾ ਜਾਂਦਾ ਹੈ। ਭੀੜ ਤੋਂ ਦੂਰ ਇਕ ਆਦਰਸ਼ਕ ਪਹਾੜੀ ਸਥਾਨ। ਕਸੌਲੀ ਵਿਚ ਨਾ ਚਹਿਲ ਪਹਿਲ ਹੁੰਦੀ ਹੈ, ਨਾ ਕੋਈ ਹੋਰ ਵੱਡੀਆਂ ਸਰਗਰਮੀਆਂ। ਬੱਸ ਇਹ ਤੁਹਾਨੂੰ ਸ਼ਾਂਤ ਵਾਤਾਵਰਨ ਤੇ ਦਿਨ ਦੇ ਵੱਖ-ਵੱਖ ਸਮੇਂ, ਵੱਖ-ਵੱਖ ਤਰ੍ਹਾਂ ਦੇ ਮਨਮੋਹਕ ਦ੍ਰਿਸ਼ ਮੁਹੱਈਆ ਕਰਦੀ ਹੈ। ਉੱਘਾ ਕਾਲਮ ਨਵੀਸ ਤੇ ਲੇਖਕ ਖੁਸ਼ਵੰਤ ਸਿੰਘ ਇਨ੍ਹਾਂ ਵਿਸ਼ੇਸ਼ਤਾਵਾਂ ਕਾਰਨ ਹੀ ਦਿੱਲੀ ਦੀ ਭੱਜ ਦੌੜ ਤੋਂ ਭੱਜ ਕੇ ਹਰੇਕ ਸਾਲ ਦੋ ਹਫਤਿਆਂ ਲਈ ਕਸੌਲੀ ਆਣ ਪੁੱਜਦਾ ਸੀ। ਵੱਡੀ ਕਿਤਾਬਾਂ ਦੀ ਦੁਕਾਨ ਪੜ੍ਹਨ ਲਿਖਣ ਦੇ ਸ਼ੌਕੀਨ ਲੋਕਾਂ ਦਾ ਧਿਆਨ ਖਿੱਚਦੀ ਹੈ।

ਅੰਦਰੇਟਾ ਤੇ ਬੀੜ ਬਿਲਿੰਗ

ਅੰਦਰੇਟਾ ਤੇ ਬੀੜ ਬਿਲਿੰਗ ਦੋ ਆਪਣੀ ਕਿਸਮ ਦੇ ਟਿਕਾਣੇ ਹਨ। ਅੰਦਰੇਟਾ ਨੂੰ ਕਲਾਕਾਰਾਂ ਦੀ ਧਰਤੀ ਕਰ ਕੇ ਜਾਣਿਆ ਜਾਂਦਾ ਹੈ ਅਤੇ ਬੀੜ ਬਿਲਿੰਗ ਪੈਰਾ ਗਲਾਈਡਿੰਗ ਕਰਨ ਵਾਲਿਆਂ ਨੂੰ ਬਦੋ ਬਦੀ ਖਿੱਚ ਲਿਆਉਂਦਾ ਹੈ। ਅੰਦਰੇਟਾ ਨਾਟਕ ਦੀ ਨੱਕੜਦਾਦੀ ਨੌਰਾ ਰਿਚਰਡਜ਼, ਆਰਟਿਸਟ ਸੋਭਾ ਸਿੰਘ ਅਤੇ ਭਾਂਡੇ ਬਣਾਉਣ ਦੀ ਕਲਾ ਕਰਕੇ ਪ੍ਰਸਿੱਧ ਹੈ। ਮੈਂ ਅਕਸਰ ਹੈਰਾਨ ਹੁੰਦਾ ਸਾਂ ਕਿ ਇਹ ਲੋਕ ਇਥੇ ਆ ਕੇ ਕਿਉਂ ਟਿਕੇ। ਇਹ ਜਾਣਨ ਦੀ ਜਗਿਆਸਾ ਨਾਲ ਜਦ ਮੈਂ ਵਾਰ-ਵਾਰ ਅੰਦਰੇਟਾ ਗਿਆ ਤਾਂ ਸਮਝ ਆਇਆ ਕਿ ਇਹ ਅਜਿਹਾ ਟਿਕਾਣਾ ਹੈ ਜਿੱਥੇ ਇਕ ਪਾਸੇ ਦੂਰ ਉੱਚੀਆਂ ਧੌਲਧਾਰ ਦੀਆਂ ਚਾਂਦੀ ਰੰਗੀਆਂ ਪਹਾੜੀਆਂ ਨਜ਼ਰ ਆਉਂਦੀਆਂ ਹਨ ਅਤੇ ਦੂਜੇ ਪਾਸੇ, ਹਰੇ ਭਰੇ ਪਹਾੜ ਹਨ। ਸ਼ਾਂਤ ਸਾਫ਼ ਵਾਤਾਵਰਨ। ਅਜਿਹੇ ਕਲਾਕਾਰਾਂ ਨੂੰ ਹੋਰ ਕੀ ਚਾਹੀਦਾ ਹੈ।

ਨੌਰਾ ਰਿਚਰਡਜ਼ ਨੇ ਜ਼ਿੰਦਗੀ ਦਾ ਲੰਬਾ ਹਿੱਸਾ ਇਥੇ ਰਹਿ ਕੇ ਨਾਟਕ ਸਰਗਰਮੀਆਂ ਜਾਰੀ ਰੱਖੀਆਂ ਅਤੇ ਸੋਭਾ ਸਿੰਘ ਨੇ ਵਿਸ਼ਵ ਪ੍ਰਸਿੱਧ ਕਲਾ-ਕਿਰਤਾਂ ਦੀ ਸਿਰਜਣਾ ਕੀਤੀ। ਇਨ੍ਹਾਂ ਖੇਤਰਾਂ ਨਾਲ ਜੁੜੇ ਲੋਕ, ਵਿਦਿਆਰਥੀ ਅਕਸਰ ਇਥੇ ਗੇੜਾ ਲਾਉਂਦੇ ਰਹਿੰਦੇ ਹਨ। ਬੀੜ ਬਿਲਿੰਗ ਦੀ ਸਭ ਤੋਂ ਵੱਡੀ ਖਿੱਚ ਪੈਰਾਗਲਾਈਡਿੰਗ ਹੈ। ਇਥੇ ਪੈਰਾ-ਗਲਾਈਡਿੰਗ ਦੇ ਜਦ ਕੌਮੀ ਤੇ ਕੌਮਾਂਤਰੀ ਮੁਕਾਬਲੇ ਹੁੰਦੇ ਹਨ ਤਾਂ ਦ੍ਰਿਸ਼ ਦੇਖਣ ਵਾਲਾ ਹੁੰਦਾ ਹੈ। ਆਲੇ ਦੁਆਲੇ ਪਹਾੜੀਆਂ ਅਤੇ ਵਿਚਾਲੇ ਲੈਂਡ ਕਰਨ ਲਈ ਖੁੱਲ੍ਹਾ ਵਿਸ਼ਾਲ ਮੈਦਾਨ। ਜਿਵੇਂ ਕੁਦਰਤ ਨੇ ਇਹ ਥਾਂ ਇਸੇ ਮਕਸਦ ਨਾਲ ਬਣਾਈ ਹੋਵੇ। ਆਲਮਪੁਰ ਤੋਂ ਹਾਈਵੇ 'ਤੇ ਜਾਂਦਿਆਂ ਕੁਝ ਸਮੇਂ ਦੀ ਦੂਰੀ 'ਤੇ ਖੱਬੇ ਪਾਸੇ ਸਥਿਤ ਹੈ ਬੀੜ ਬਿਲਿੰਗ। ਕੁਦਰਤ ਦਾ ਬਹੁਮੱਲਾ ਤੋਹਫ਼ਾ।

ਖਜਿਆਰ

ਡਲਹੌਜ਼ੀ ਜਾਣ ਵਾਲੇ ਯਾਤਰੀਆਂ ਨੂੰ ਖਜਿਆਰ ਜਾਣ ਦੀ ਚਾਹਤ ਰਹਿੰਦੀ ਹੈ। ਖਜਿਆਰ ਕੁਦਰਤ ਦੀ ਅਜਿਹੀ ਸਿਰਜਣਾ ਹੈ ਜਿਸ ਨੂੰ ਮਨੁੱਖ ਵੇਖਦਾ ਹੀ ਰਹਿ ਜਾਂਦਾ ਹੈ। ਹਿਮਾਚਲ ਪ੍ਰਦੇਸ਼ ਦੀਆਂ 35 ਥਾਵਾਂ ਵਿੱਚੋਂ ਇਸ ਨੂੰ ਚੌਥਾ ਸਥਾਨ ਪ੍ਰਾਪਤ ਹੈ। ਇਸ ਨੂੰ ਭਾਰਤ ਦਾ 'ਮਿੰਨੀ ਸਵਿਟਜ਼ਰਲੈਂਡ' ਕਿਹਾ ਜਾਂਦਾ ਹੈ। ਖਜਿਆਰ ਜੰਗਲਾਂ, ਝੀਲਾਂ ਤੇ ਘਾਹ ਦਾ ਸੁੰਦਰ ਸੁਮੇਲ ਹੈ। ਚਾਰੇ ਪਾਸੇ ਪਸਰੀ ਹਰਿਆਵਲ ਮਨ ਮੋਹ ਲੈਂਦੀ ਹੈ ਅਤੇ ਵਿਸ਼ਾਲ ਮੈਂਦਾਨ ਦੇ ਐਨ ਵਿਚਾਲੇ ਛੋਟੀ ਝੀਲ ਪਹੁੰਚਦਿਆਂ ਹੀ ਤੁਹਾਡਾ ਧਿਆਨ ਖਿੱਚਦੀ ਹੈ। ਭਰ ਸਰਦੀਆਂ ਵਿਚ ਭਾਰੀ ਬਰਫ਼ ਕਾਰਨ ਕਈ ਵਾਰ ਖਜਿਆਰ ਜਾਣ ਵਾਲਾ ਰਸਤਾ ਬੰਦ ਕਰ ਦਿੱਤਾ ਜਾਂਦਾ ਹੈ। ਰਾਹ ਮਹੀਨ ਹੈ ਪਰ ਖਜਿਆਰ ਪਹੁੰਚ ਕੇ ਬੰਦਾ ਸਭ ਭੁੱਲ ਭੁਲਾ ਜਾਂਦਾ ਹੈ।

ਚਹਿਲ

ਸ਼ਿਮਲਾ ਤੋਂ 44 ਕਿਲੋਮੀਟਰ ਦੀ ਦੂਰੀ 'ਤੇ ਚਹਿਲ ਛੋਟਾ ਜਿਹਾ ਆਪਣੀ ਤਰ੍ਹਾਂ ਦਾ ਹਿਲ-ਸਟੇਸ਼ਨ ਹੈ। ਬ੍ਰਿਟਿਸ਼ ਰਾਜ ਸਮੇਂ ਮਹਾਰਾਜਾ ਪਟਿਆਲਾ ਵਲੋਂ ਬਣਾਇਆ ਮਹਿਲ ਅਤੇ ਕ੍ਰਿਕਟ ਗਰਾਊਂਡ ਵਿਸ਼ੇਸ਼ ਆਕਰਸ਼ਨ ਹਨ। ਇਹ ਸ਼ਾਂਤ ਪਹਾੜੀ ਸਥਾਨ ਦੁਨੀਆ ਦੀ ਸਭ ਤੋਂ ਉੱਚੀ ਥਾਂ ਬਣੀ ਉਸ ਕ੍ਰਿਕਟ ਗਰਾਊਂਡ ਕਰਨ ਪ੍ਰਸਿੱਧ ਹੈ। ਮਹਿਲ ਨੂੰ ਹੁਣ ਹੋਟਲ ਤੇ ਰੈਸਟੋਰੈਂਟ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਮਹਾਰਾਜਾ ਭੁਪਿੰਦਰ ਸਿੰਘ ਨੇ ਚਹਿਲ ਨੂੰ ਗਰਮੀਆਂ ਦੀ ਰਾਜਧਾਨੀ ਬਣਾਇਆ ਸੀ। ਕਿਉਂਕਿ ਉਹ ਕ੍ਰਿਕਟ ਦਾ ਸ਼ੌਕੀਨ ਸੀ ਇਸ ਲਈ ਉਸ ਨੇ ਪਹਾੜੀ ਕ੍ਰਿਕਟ ਗਰਾਊਂਡ ਬਣਵਾ ਲਈ। ਇਹ ਸਮੁੰਦਰ ਤਲ ਤੋਂ ਕਰੀਬ 7332 ਫੁੱਟ ਉੱਚੀ ਹੈ।

ਕਾਂਗੜਾ ਆਰਟ ਮਿਊਜ਼ੀਅਮ

ਕਾਂਗੜਾ ਆਰਟ ਮਿਊਜ਼ੀਅਮ ਧਰਮਸ਼ਾਲਾ ਦੇ ਐਨ ਵਿਚਕਾਰ ਸਥਿਤ ਹੈ। ਇਹ ਇਤਿਹਾਸ ਫੋਟੋਗਰਾਫ਼ੀ ਦੇ ਜਾਣਕਾਰੀ ਪੱਖੋਂ ਵਿਸ਼ੇਸ਼ ਮਹੱਤਵ ਰੱਖਦਾ ਹੈ। ਕਲਾ-ਪ੍ਰੇਮੀ ਉਚੇਚ ਨਾਲ ਇਸ ਨੂੰ ਵੇਖਣ ਪਹੁੰਚਦੇ ਹਨ। ਇਹ ਇਤਿਹਾਸਕ ਜਾਣਕਾਰੀ ਦਾ ਖਜ਼ਾਨਾ ਹੀ ਨਹੀਂ ਬਲਕਿ ਕਲਾ-ਕਿਰਤਾਂ ਦੀ ਸਾਂਭ ਸੰਭਾਲ ਪੱਖੋਂ ਵੀ ਮਹਾਨ ਹੈ। ਕੁਝ ਥਾਂ ਰਾਖਵੀਂ ਰੱਖੀ ਗਈ ਹੈ ਜਿੱਥੇ ਅਜੋਕੇ ਕਲਾਕਾਰ ਆਪਣੀ ਪ੍ਰਦਰਸ਼ਨੀ ਜਾਂ ਵਰਕਸ਼ਾਪ ਆਯੋਜਤ ਕਰ ਸਕਦੇ ਨ।

ਅਜਿਹੇ ਕਲਾਕਾਰ ਕੋਰਸ ਜਾਇਨ ਕਰ ਕੇ ਆਰਟ-ਵਰਕ ਸਬੰਧੀ ਵਿਸਥਾਰ ਵਿਚ ਜਾਣਕਾਰੀ ਵੀ ਹਾਸਲ ਕਰ ਸਕਦੇ ਹਨ ਅਤੇ ਸਰਟੀਫਿਕੇਟ ਲੈ ਸਕਦੇ ਹਨ। ਇਹ ਆਰਟ ਮਿਊਜ਼ੀਅਮ 1990 ਵਿਚ ਲੋਕਾਂ ਲਈ ਖੋਲ੍ਹਿਆ ਗਿਆ ਸੀ। ਇਥੇ 17 ਵੀ ਸਦੀ ਤੋਂ ਲੈ ਕੇ ਅੱਜ ਤਕ ਦੇ ਕਲਾਕਾਰਾਂ ਦੀਆਂ ਪੇਂਟਿੰਗਾਂ ਮੌਜੂਦ ਹਨ। 1905 ਵਿਚ ਆਏ ਭਿਆਨਕ ਭੂਚਾਲ ਨੇ ਕਾਂਗੜਾ ਵੈਲੀ ਵਿਚ ਵੱਡਾ ਨੁਕਸਾਨ ਕੀਤਾ ਸੀ। ਉਸ ਸਮੇਂ ਦੀਆਂ ਕੁਝ ਤਸਵੀਰਾਂ ਵੀ ਉਪਲਬਧ ਹਨ। ਲੱਕੜ ਅਤੇ ਕੱਪੜੇ 'ਤੇ ਉੱਕਰੇ ਇਲਾਕੇ ਦੇ ਆਦਿਵਾਸੀ ਕਲਚਰ ਦੇ ਨਮੂਨੇ ਵੇਖਣਯੋਗ ਹਨ।

ਪ੍ਰੋ. ਕੁਲਬੀਰ ਸਿੰਘ

94171-53513

Posted By: Harjinder Sodhi