ਸ਼ਿਮਲਾ ਭਾਰਤ ਦਾ ਇਕ ਖ਼ੂਬਸੂਰਤ ਤੇ ਇਤਿਹਾਸਿਕ ਸ਼ਹਿਰ ਹੈ, ਜਿੱਥੇ ਸਾਰਾ ਸਾਲ ਸ਼ੈਲਾਨੀਆਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ। ਜੇਕਰ ਇੱਥੇ ਆ ਕੇ ਕਿਸੇ ਨੇ ਐਡਵਾਂਸ ਸਟੱਡੀ ਸੈਂਟਰ ਨਾ ਵੇਿਖਆ ਤਾਂ ਸਮਝੋ-ਸ਼ਿਮਲੇ ਦੀ ਯਾਤਰਾ ਅਧੂਰੀ ਹੈ। ਇਹ ਇਕ ਇਤਿਹਾਸਿਕ ਇਮਾਰਤ ਹੈ। ਇਸ ਦੀ ਖ਼ੂਬਸੂਰਤ ਸਾਜੀ ਵੇਖਣ ਵਾਲੇ ਦੇ ਚੇਤਿਆਂ ਵਿੱਚ ਸਦਾ ਲਈ ਵਸ ਜਾਂਦੀ ਹੈ। ਇਸ ਸੰਸਥਾ ਨੂੰ ਪਹਿਲਾਂ ‘‘ਵਾਇਸਰੀਗਲ ਲੌਜ’’ ਦੇ ਨਾਂ ਨਾਲ ਅਤੇ ਫਿਰ ‘‘ਰਾਸ਼ਟਰਪਤੀ ਨਿਵਾਸ’’ ਦੇ ਨਾਂ ਨਾਲ ਜਾਣਿਆ ਜਾਂਦਾ ਰਿਹਾ। ਇਹ ਇਤਿਹਾਸਕ ਇਮਾਰਤ ਅਤੇ ਪੂਰੀ ਅਸਟੇਟ ਸੌ ਏਕੜ ਵਿਚ ਫੈਲੀ ਹੋਈ ਸ਼ਾਂਤ ਤੇ ਖ਼ੂਬਸੂਰਤ ਜਗ੍ਹਾ ਹੈ। ਇਹ ਇਮਾਰਤ ਲਾਰਡ ਡਫਰਿਨ ਦੀ ਦੇਖ-ਰੇਖ ਹੇਠ 1884-88 ਵਿਚ ਤਿਆਰ ਕੀਤੀ ਗਈ ਸੀ, ਜਿਸ ਦੀ ਅਨੁਮਾਨਤ ਲਾਗਤ ਉਸ ਵੇਲੇ 38 ਲੱਖ ਰੁਪਏ ਸੀ।

ਉਂਜ ਇਸ ਇਮਾਰਤ ਦਾ ਪਹਿਲਾਂ ਡਿਜ਼ਾਈਨ ਰਾਇਲ ਇੰਜਨੀਅਰ ਨਾਲ ਸਬੰਧਿਤ ਐੱਚ.ਐੱਚ.ਕੌਲ ਨੇ 1878 ਵਿਚ ਤਿਆਰ ਕੀਤਾ ਸੀ। ਹੈਨਰੀ ਇਰਵਿਨ ਨੂੰ ਮੁੱਖ ਆਰਕੀਟੈਕਟ ਨਿਯੁਕਤ ਕੀਤਾ ਗਿਆ ਸੀ। ਨੀਲੇ-ਭੂਰੇ ਪੱਥਰ ਦੀ ਇਸ ਇਮਾਰਤ ਵਿਚ ਲਾਰਡ ਡਫਰਿਨ 1888 ਵਿਚ ਰਹਿਣ ਲੱਗ ਪਏ। ਇਕ ਟਾਵਰ ਬਣਾ ਕੇ ਇਸ ਦੀ ਉਚਾਈ ਵਿਚ ਵਾਧਾ ਲਾਰਡ ਕਰਜਨ (1899-1905) ਨੇ ਕੀਤਾ। ਲਾਰਡ ਇਰਵਿਨ ਨੇ 1927 ਵਿਚ ਇਕ ਜਨਤਕ ਦਾਖ਼ਲਾ ਇਮਾਰਤ ਬਣਵਾਈ। ਬਾਅਦ ਵਿਚ ਲਿਟਨ ਤੋਂ ਲੈ ਕੇ ਮਾਊਂਟਬੇਟਨ ਤਕ ਕੁੱਲ 13 ਵਾਇਸਰਾਏਜ਼ ਇੱਥੇ ਬੈਠ ਕੇ ਅਹਿਮ ਫ਼ੈਸਲੇ ਕਰਦੇ ਰਹੇ।

ਇਸ ਅੰਦਰ ਲੱਗੀ ਲੱਕੜੀ ਬੈਲਜੀਅਮ ਤੋਂ ਲਿਆਂਦੀ ਗਈ ਸੀ। ਕੁੱਝ ਸਾਗਵਾਨ ਦੀ ਲੱਕੜ ਬਰਮਾਂ ਤੋਂ ਵੀ ਮੰਗਵਾਈ ਗਈ। ਛੱਤ ਉੱਪਰ ਕਿਤੇ-ਕਿਤੇ ਅਖਰੋਟ ਦੀ ਲੱਕੜ ਲਗਾਈ ਗਈ ਹੈ। ਲੱਕੜ ਉੱਪਰ ਕੀਤੀ ਗਈ ਮੀਨਾਕਾਰੀ ਬਹੁਤ ਹੀ ਖ਼ੂਬਸੂਰਤ ਹੈ ਤੇ ਲੱਕੜ ਲਿਸ਼ਕਾਂ ਮਾਰ ਰਹੀ ਹੈ। ਇਸ ਦੇ ਅੰਦਰ ਲੱਗਿਆਂ ਟਾਈਮਪੀਸ (ਘੜੀ) 132 ਸਾਲਾਂ ਬਾਅਦ ਵੀ ਜਿਉ ਦੀ ਤਿਉ ਚੱਲ ਰਹੀ ਹੈ। ਇਮਾਰਤ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਮੋਮ ਨੂੰ ਛੱਤਾਂ ਨਾਲ ਇਕ ਖ਼ਾਸ ਵਿਧੀ ਤਹਿਤ ਵਰਤਿਆਂ ਗਿਆ ਹੈ। ਰੇਨਵਾਟਰ ਹਾਰਡ ਵੈਸਟਿੰਗ ਤਕਨੀਕ ਰਾਹੀ ਮੀਂਹ ਦੇ ਪਾਣੀ ਨੂੰ ਆਸ-ਪਾਸ ਸਥਿਤ ਬਾਗ਼ਾਂ ਦੀ ਸਿੰਚਾਈ ਲਈ ਵਰਤਿਆਂ ਜਾਂਦਾ ਹੈ। ਇਹ ਪਾਣੀ ਵਾਲੇ ਤਲਾਬ ਇਮਾਰਤ ਦੇ ਬਿਲਕੁੱਲ ਸਾਹਮਣੇ ਹਨ, ਜਿਨ੍ਹਾਂ ਨੂੰ ਛੱਕਿਆਂ ਹੋਇਆ ਹੈ।

ਇਤਿਹਾਸਕ ਪੱਖ ਤੋਂ ਇਸ ਇਮਾਰਤ ਦਾ ਸਬੰਧ ਭਾਰਤ-ਪਾਕਿਸਤਾਨ ਬਟਵਾਰੇ ਨਾਲ ਵੀ ਜੁੜਿਆ ਹੋਇਆ ਹੈ। ਲਾਰਡ ਵੇਵਲ ਨੇ 14 ਜੂਨ 1945 ਨੂੰ ਦੇਸ਼ ਨੂੰ ਖ਼ੁਦਮੁਖਤਾਰੀ ਦੇਣ ਲਈ ਭਾਰਤੀ ਨੇਤਾਵਾਂ ਪੰਡਿਤ ਜਵਾਹਰ ਲਾਲ ਨਹਿਰੂ, ਮੌਲਾਨਾ ਆਜ਼ਾਦ, ਮਾਸਟਰ ਤਾਰਾ ਸਿੰਘ ਤੇ ਮੁਹੰਮਦ ਅਲੀ ਜਨਾਹ ਨਾਲ ਰੇਡੀਉ ਬਰਾਡਕਾਸਟ ਰਾਹੀਂ ਇਕ ਕਾਨਫਰੰਸ ਕੀਤੀ, ਪਰ ਇਹ ਕਾਨਫਰੰਸ ਕਿਸੇ ਤਣ-ਪੱਤਣ ਨਾ ਲੱਗੀ। ਫਿਰ 5 ਤੋਂ 12 ਮਈ ਨੂੰ ਬਿ੍ਰਟਿਸ਼ ਪ੍ਰਸ਼ਾਸਨ ਨਾਲ ਕਾਂਗਰਸ ਤੇ ਮੁਸਲਿਮ ਲੀਗ ਦੀ ਕਾਨਫਰੰਸ ਇਸ ਥਾਂ ’ ਤੇ ਹੋਈ। ਇਹ ਗੱਲਬਾਤ ਵੀ ਸਿਰੇ ਨਾ ਚੜ੍ਹੀ ਅਤੇ ਭਾਰਤ-ਪਾਕਿਸਤਾਨ ਦਾ ਬਟਵਾਰਾ ਰੋਕਣ ਦੇ ਸਾਰੇ ਯਤਨ ਅਸਫਲ ਹੋ ਗਏ। 1947 ਵਿੱਚ ਭਾਰਤ ਦੀ ਵੰਡ ਅਤੇ ਨਵੇਂ ਮੁਲਕ ਪਾਕਿਸਤਾਨ ਦੀ ਵੰਡ ਦਾ ਗਠਨ ਇੱਥੇ ਹੀ ਘੋਸ਼ਿਤ ਹੋਇਆ। ਜਿਸ ਮੇਜ਼ ’ਤੇ ਬੈਠ ਕੇ ਦੋਵਾਂ ਮੁਲਕਾਂ ਦੇ ਬਟਵਾਰੇ ਦੇ ਦਸਤਾਵੇਜ਼ਾਂ ਉੱਪਰ ਦਸਤਖ਼ਤ ਹੋਏ ਸਨ, ਉਹ ਗੋਲ ਮੇਜ ਦੇ ਦੋ ਟੁਕੜੇ ਕਰ ਦਿੱਤੇ ਸਨ। ਹੁਣ ਇਸ ਦੇ ਥੱਲੇ ਵੱਡਾ ਕਬਜ਼ਾ (ਮੋੜਨ ਵਾਲਾ) ਲਗਾਇਆ ਹੋਇਆ ਹੈ। ਇਮਾਰਤ ਦੇ ਅੰਦਰ ਫੋਟੋ ਗੈਲਰੀਆਂ ਹਨ, ਜਿੱਥੇ ਇਸ ਨਾਲ ਸਬੰਧਿਤ ਇਤਿਹਾਸ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।

ਇਸ ਇਮਾਰਤ ਨੂੰ ਵੇਖਣ ਲਈ ਟਿਕਟ ਲੈਣੀ ਪੈਂਦੀ ਹੈ ਤੇ ਸ਼ੈਲਾਨੀਆਂ ਦਾ ਦਾਖ਼ਲਾ ਸਿਰਫ਼ ਪਹਿਲੀ ਮੰਜ਼ਿਲ ਤਕ ਹੀ ਹੈ। ਅੰਦਰ ਫੋਟੋ ਖਿੱਚਣ ਦੀ ਮਨਾਹੀ ਹੈ ਤਾਂ ਜੋ ਕੈਮਰਿਆਂ ਦੀਆਂ ਰੋਸ਼ਨੀਆਂ ਨਾਲ ਇਸ ਦੀ ਲੱਕੜੀ ਪ੍ਰਭਾਵਿਤ ਨਾ ਹੋਵੇ। ਗਾਈਡ ਸਾਰੀ ਜਾਣਕਾਰੀ ਲੋਕਾਂ ਨਾਲ, ਹਿੰਦੀ ਤੇ ਅੰਗਰੇਜ਼ੀ ਵਿਚ ਸਾਂਝੀ ਕਰਦਾ ਹੈ।

ਭਾਰਤ ਦੇ ਰਾਸ਼ਟਰਪਤੀ ਰਾਧਾ ਿਸ਼ਨਨ ਨੇ 1964 ਵਿਚ ਇਸ ਨੂੰ ਇਕ ਸੁਸਾਇਟੀ ’ਚ ਤਬਦੀਲ ਕਰਕੇ ‘‘ਇੰਡੀਅਨ ਇੰਸਟੀਚਿਊਟ ਆਫ ਸਟੱਡੀਜ’’ ਦਾ ਨਾਂ ਦੇ ਦਿੱਤਾ ਸੀ, ਜਿੱਥੇ ਪੀ.ਐੱਚ.ਡੀ.ਕਰਨ ਵਾਲੇ ਖੋਜਾਰਥੀ ਆਪਣੀ ਪੜ੍ਹਾਈ ਪੂਰੀ ਕਰਦੇ ਹਨ। ਇਸ ਇੰਸਟੀਚਿਊਟ ਦੀ ਲਾਇਬਰੇਰੀ ਵਿਚ ਲਗਪਗ ਪੌਣੇ ਦੋ ਲੱਖ ਕਿਤਾਬਾਂ ਪਈਆਂ ਹਨ।

ਭਾਰਤੇ ਦੇ ਪ੍ਰਸਿੱਧ ਨੇਤਾ ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ, ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਮਦਨ ਮੋਹਨ ਮਾਲਵੀਆ, ਸੀ.ਆਰ. ਗੋਪਾਲਚਾਰੀ ਤੇ ਇੰਦਰਾ ਗਾਂਧੀ ਸਮੇਂ-ਸਮੇਂ’ ਇੱਥੇ ਆਉਂਦੇ ਰਹੇ। ਮੁਲਕ ਦੇ ਬਟਵਾਰੇ ਤੋਂ ਬਾਅਦ 3 ਜੁਲਾਈ 1972 ਵਿਚ ਇੱਥੇ ਹੀ ਭਾਰਤ ਤੇ ਪਾਕਿਸਤਾਨ ਵਿਚਾਲੇ ‘‘ਸ਼ਿਮਲਾ ਸਮਝੌਤਾ’’ ਤੇ ਦਸਤਖਤ ਕੀਤੇ, ਜਿਸਦੇ ਅਨੁਸਾਰ ਨਿਰਣਾ ਹੋਇਆ ਕਿ ਸਾਰੇ ਵਿਵਾਦਪੂਰਨ ਮਾਮਲੇ ਆਪਸੀ ਗੱਲਬਾਤ ਨਾਲ ਸੁਲਝਾਏ ਜਾਣਗੇ।

1947 ਤੋਂ ਲੈ ਕੇ 1956 ਤਕ ਸ਼ਿਮਲਾ ਪੰਜਾਬ ਦੀ ਰਾਜਧਾਨੀ ਰਿਹਾ। 1 ਨਵੰਬਰ 1966 ਨੂੰ ਭਾਰਤੀ ਪੰਜਾਬ ਦੀ ਵੰਡ ਹੋਣ ਕਰਕੇ ਇਹ ਖ਼ੂਬਸੂਰਤ ਸ਼ਹਿਰ ਤੇ ਇਤਿਹਾਸਕ ਇਮਾਰਤ ਪੰਜਾਬ ਕੋਲੋਂ ਸਦਾ ਲਈ ਖੁੱਸ ਗਈ। ਇਸ ਇਮਾਰਤ ਦਾ ਆਲਾ-ਦੁਆਲਾ ਕੁਦਰਤੀ ਖ਼ੂਬਸੂਰਤੀ ਤੇ ਬਾਗ਼ਾਂ ਨਾਲ ਭਰਿਆ ਪਿਆ ਹੈ।

- ਮੇਜਰ ਸਿੰਘ ਜਖੇਪਲ

Posted By: Harjinder Sodhi