ਮਹਾਤਮਾ ਦੇ ਚਿਹਰੇ ਦੀ ਮੁਸਕਾਨ ਦੀ ਇਹ ਟਰੇਡਮਾਰਕ ਸ਼ੈਲੀ ਉਨ੍ਹਾਂ ਦੀ ਸਾਦੀ ਸ਼ਖ਼ਸੀਅਤ ਦੀ ਨਿਸ਼ਾਨੀ ਹੈ। ਇਹ ਸਰਲਤਾ ਹੀ ਮਹਾਨਤਾ ਦੀ ਸਭ ਤੋਂ ਵੱਡੀ ਪਛਾਣ ਹੁੰਦੀ ਹੈ।' ਇਹ ਕਹਿੰਦੀ ਹੈ ਇਸ ਸਾਲ ਪ੍ਰਧਾਨ ਮੰਤਰੀ ਯੋਗ ਇਨਾਮ ਦਾ ਸਨਮਾਨ ਪ੍ਰਾਪਤ ਕਰਨ ਵਾਲੀ ਇਟਲੀ ਦੀ ਯੋਗ ਮਾਹਿਰ ਅੰਤੋਇੱਤਾ ਰੋਜੀ। ਉਹ ਭਾਰਤ ਨੂੰ ਆਪਣਾ ਦੂਜਾ ਘਰ ਮੰਨਦੀ ਹੈ। ਉਂਜ, ਭਾਰਤੀ ਕਰੰਸੀ ਉੱਤੇ ਗਾਂਧੀ ਦੀ ਇਸੇ ਟਰੇਡਮਾਰਕ ਸ਼ੈਲੀ ਵਾਲੀ ਮੁਸਕਾਨ ਨੂੰ ਵੇਖਕੇ ਅਸੀਂ-ਤੁਸੀਂ ਰੋਜ਼ਾਨਾ ਗਾਂਧੀ ਨਾਲ ਜੁੜੇ ਰਹਿੰਦੇ ਹਾਂ ਪਰ ਉਨ੍ਹਾਂ ਦੀ ਪ੍ਰਮੁੱਖ ਕਰਮਭੂਮੀ 'ਤੇ ਜਾਣ ਪਿੱਛੋਂ ਤੁਸੀਂ ਉਨ੍ਹਾਂ ਦੀਆਂ ਜੀਵੰਤ ਯਾਦਾਂ ਨਾਲ ਮੁਲਾਕਾਤ ਕਰ ਸਕੋਗੇ।

ਇਕੋ ਜਿਹਾ ਜੀਵਨ ਜਿਊਣ ਵਾਲਾ ਇਨਸਾਨ, ਅੱਜ ਦੇਸ਼-ਦੁਨੀਆ ਵਿਚ 'ਮਹਾਮਾਨਵ' ਦੇ ਰੂਪ ਵਿਚ ਕਿਵੇਂ ਜਾਣਿਆ ਜਾਂਦਾ ਹੈ, ਗਾਂਧੀ ਕਿਵੇਂ ਬਣ ਗਏ ਮਹਾਤਮਾ? ਸ਼ਾਂਤੀ ਨਾਲ ਭਰੇ ਉਨ੍ਹਾਂ ਬਹੁਤ ਸੁੰਦਰ ਸਥਾਨਾਂ 'ਤੇ ਟਹਿਲਦੇ ਹੋਏ ਇਹ ਸਵਾਲ ਤੇ ਜਿਗਿਆਸਾਵਾਂ ਵੀ ਤੁਹਾਡੇ ਨਾਲ- ਨਾਲ ਚੱਲਣ ਲੱਗਣਗੀਆਂ। ਜਿਉਂ ਹੀ ਤੁਸੀਂ ਬਾਹਰ ਆਉਂਦੇ ਹੋ, ਤੁਹਾਡੀ ਝੋਲੀ ਭਰ ਜਾਂਦੀ ਹੈ ਰੋਮਾਂਚਕ ਯਾਦਾਂ ਤੇ ਪ੍ਰੇਰਨਾ ਨਾਲ ਭਰੀਆਂ ਰੋਚਕ ਸੌਗਾਤਾਂ ਨਾਲ।

ਸਾਬਰਮਤੀ ਦੇ ਸੰਤ ਸਾਬਰਮਤੀ ਆਸ਼ਰਮ, ਗੁਜਰਾਤ

ਦੱਖਣੀ ਅਫਰੀਕਾ ਤੋਂ ਗਾਂਧੀ ਜੀ 9 ਜਨਵਰੀ, 1915 ਨੂੰ ਆਪਣੇ ਦੇਸ਼ ਪਰਤੇ ਤਾਂ ਉਨ੍ਹਾਂ ਨਾਲ ਸੀ ਇਕ ਮਜ਼ਬੂਤ ਹਥਿਆਰ-ਸੱਤਿਆਗ੍ਰਹਿ। ਆਪਣੇ ਦੇਸ਼ ਵਿਚ ਉਨ੍ਹਾਂ ਦਾ ਪਹਿਲਾ ਕਦਮ ਜਿੱਥੇ ਪਿਆ ਉਹ ਸਥਾਨ ਸੀ ਅਹਿਮਦਾਬਾਦ। ਇੱਥੇ ਕਿਰਾਏ ਦਾ ਬੰਗਲਾ ਲੈ ਕੇ ਉਨ੍ਹਾਂ ਨੇ ਇਕ ਆਸ਼ਰਮ ਸ਼ੁਰੂ ਕੀਤਾ 'ਸੱਤਿਆਗ੍ਰਹਿ ਆਸ਼ਰਮ' ਜੋ ਹੁਣ ਸਾਬਰਮਤੀ ਜਾਂ ਗਾਂਧੀ ਆਸ਼ਰਮ ਦੇ ਨਾਂ ਨਾਲ ਲੋਕਾਂ ਨੂੰ ਪਿਆਰਾ ਹੈ। 17 ਜੂਨ, 1917 ਨੂੰ ਆਸ਼ਰਮ ਮੁੰਤਕਿਲ ਹੋਇਆ ਸਾਬਰਮਤੀ ਅਤੇ ਚੰਦਰਭਾਗਾ ਨਦੀ ਦੇ ਸੰਗਮ ਵਾਲੀ ਉਜਾੜ ਜ਼ਮੀਨ 'ਤੇ ਜਿੱਥੇ ਅੱਜ ਸੈਲਾਨੀਆਂ ਦਾ ਤਾਂਤਾ ਲੱਗਾ ਰਹਿੰਦਾ ਹੈ। ਇੱਥੇ ਗਾਂਧੀ ਜੀ 1917 ਤੋਂ 1930 ਤਕ ਰਹੇ ਅਤੇ ਜਦੋਂ ਸ਼ਹੀਦ ਹੋਏ ਤਾਂ ਸਾਲ 1951 ਵਿਚ ਉਨ੍ਹਾਂ ਦੀ ਯਾਦਾਂ ਨੂੰ ਸੰਜੋਈ ਰੱਖਣ ਦਾ ਕੰਮ ਸ਼ੁਰੂ ਹੋਇਆ। ਇਸ ਸੁੰਦਰ ਆਸ਼ਰਮ ਦਾ ਡਿਜ਼ਾਈਨ ਵਿਸ਼ਵ ਪ੍ਰਸਿੱਧ ਆਰਕੀਟੈਕਟ ਚਾਰਲਸ ੋਕੋਰੀਆ ਨੇ ਤਿਆਰ ਕੀਤਾ, ਜਿੱਥੇ ਹਰ ਪਾਸੇ ਸਿਮ੍ਰਤੀਆਂ ਦਾ ਵਿਸ਼ਾਲ ਸੰਸਾਰ ਨਜ਼ਰ ਆਉਂਦਾ ਹੈ। ਤੁਸੀਂ ਤਿੰਨ ਵੱਖ-ਵੱਖ ਗੈਲਰੀਆਂ ਵਿਚ ਮਹਾਤਮਾ ਦੀਆਂ ਸਿਮ੍ਰਤੀਆਂ ਨੂੰ ਵੱਖ-ਵੱਖ ਰੂਪ 'ਚ ਵੇਖ ਸਕਦੇ ਹੋ, ਜਿਵੇਂ-'ਤਿੰਨ ਬਾਂਦਰਾਂ ਵਾਲੀ ਸਿੱਖਿਆ, ਗਾਂਧੀ ਜਦੋਂ ਤਕ ਅਹਿਮਦਾਬਾਦ ਰਹੇ, ਉਨ੍ਹਾਂ ਸਾਰੇ ਘਟਨਾਕ੍ਰਮਾਂ ਦਾ ਵੇਰਵਾ ਜਿਨ੍ਹਾਂ ਨੂੰ ਕੁਲ ਪੰਜ ਬਲਾਕ ਵਿਚ ਕੀਤਾ ਗਿਆ ਹੈ, ਵੇਖ ਕੇ ਲਗਦਾ ਹੈ ਜਿਵੇਂ ਗਾਂਧੀ ਇਕ ਵਾਰ ਫਿਰ ਸਾਹਮਣੇ ਆ ਖੜ੍ਹੇ ਹੋਏ ਹੋਣ, ਅਜਿਹਾ ਅਨੁਭਵ ਹੁੰਦਾ ਹੈ।'

ਮੇਰਾ ਜੀਵਨ ਹੀ ਮੇਰਾ ਸੁਨੇਹਾ ਹੈ

ਮਹਾਤਮਾ ਗਾਂਧੀ ਦੇ ਇਸ ਕਥਨ ਨੂੰ ਤੁਸੀਂ ਬਚਪਨ ਤੋਂ ਲੈ ਕੇ ਅੰਤਮ ਦਿਨ ਤਕ ਦੀ 'ਫੋਟੋ ਗੈਲਰੀ' ਵੇਖੋਗੇ ਤਾਂ ਇਹ ਕਿਸੇ ਫਿਲਮ ਵਾਂਗ ਤੁਹਾਡੇ ਮਨ ਉੱਤੇ ਛਾ ਜਾਵੇਗਾ। ਬਾਪੂ ਜੀ ਅਤੇ ਬਾ ਦੇ ਕਮਰੇ ਨੂੰ ਵੇਖਣਾ ਵੀ ਆਪਣੇ ਆਪ ਵਿਚ ਇਕ ਰੋਚਕ ਅਨੁਭਵ ਹੈ। 'ਹਿਰਦੇਕੁੰਜ' ਜੋ ਬਾਪੂ ਜੀ ਦਾ ਕਮਰਾ ਹੋਇਆ ਕਰਦਾ ਸੀ ਅਤੇ ਬਾ ਦਾ ਕਮਰਾ ਬਾ-ਕਕਸ਼ ਦੇ ਨਾਂ 'ਤੇ ਹੀ ਹੈ। ਤੁਸੀਂ ਇਥੇ ਗਾਂਧੀ ਦੇ ਸਾਥੀ ਵਿਨੋਬਾ ਭਾਵੇ ਦਾ ਕਮਰਾ ਵਿਨੋਬਾ ਝੌਂਪੜੀ ਵੀ ਵੇਖ ਸਕਦੇ ਹੋ। ਸਾਬਰਮਤੀ ਆਸ਼ਰਮ ਵਿਚ ਪਿਛਲੇ ਸੱਤ ਸਾਲ ਤੋਂ ਉੱਤਮ ਤਕਨੀਕੀ ਮਾਹਿਰ ਦੇ ਤੌਰ 'ਤੇ ਕਾਰਜਸ਼ੀਲ ਵਿਰਾਟ ਕੋਠਾਰੀ ਕਹਿੰਦੇ ਹਨ-'ਆਸ਼ਰਮ ਗਾਂਧੀ ਦੇ ਜੀਵਨ ਵਿਚ ਰੁਚੀ ਰੱਖਣ ਵਾਲਿਆਂ ਲਈ ਤੀਰਥ ਸਥਾਨ ਹੈ। ਇੱਥੇ ਸਾਲਾਨਾ ਦਸ ਲੱਖ ਤੋਂ ਵੱਧ ਸੈਲਾਨੀ ਆਉਂਦੇ ਹਨ।

ਵਿਦੇਸ਼ੀ ਮਹਿਮਾਨਾਂ ਦੀ ਗਿਣਤੀ ਵੀ ਵੱਡੀ ਹੈ। ਯਾਤਰਾ ਤੋਂ ਮਿਲੇ ਉਨ੍ਹਾਂ ਦੇ ਰੁਮਾਂਚ ਨੂੰ ਤੁਸੀਂ ਇੱਥੇ ਵੀਵੀਆਈਪੀ ਸੂਚਨਾ ਛੋਟੀ ਪੁਸਤਕ ਵਿਚ ਆਨਲਾਈਨ ਕਦੇ ਵੀ ਪੜ੍ਹ ਸਕਦੇ ਹੋ।'

ਬਾਪੂ ਦੀ ਸ਼ਖ਼ਸੀਅਤ ਦਾ ਦਰਪਣ

ਸੇਵਾਗਰਾਮ, ਵਰਧਾ, ਮਹਾਰਾਸ਼ਟਰ

ਵਰਧਾ ਸ਼ਹਿਰ ਤੋਂ ਤਕਰੀਬਨ 8 ਕਿਮੀ. ਦੂਰ ਤਕਰੀਬਨ 300 ਏਕੜ ਜ਼ਮੀਨ 'ਤੇ ਬਣਿਆ ਹੈ ਸੇਵਾਗਰਾਮ, ਜਿੱਥੇ ਪਰਵੇਸ਼ ਕਰਨਾ ਕਿਸੇ ਮੰਦਰ 'ਚ ਦਾਖ਼ਲ ਹੋਣ ਵਾਂਗ ਹੀ ਆਤਮਕ ਉਲਾਸ ਨਾਲ ਭਰਿਆ ਅਨੁਭਵ ਹੈ। ਵਰਧਾ ਆਸ਼ਰਮ ਵਿਚ ਗਾਂਧੀ ਜੀ ਦੀ ਉਹੀ ਸਾਦਗੀ, ਰੋਜ਼ਾਨਾ ਦੇ ਕੰਮ ਕਾਜ, ਅਨੁਸ਼ਾਸਨ ਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ। ਇੱਥੇ ਉਨ੍ਹਾਂ ਨੇ ਜੀਵਨ ਦੇ 12 ਸਾਲ ਬਿਤਾਏ ਸਨ। ਆਸ਼ਰਮ ਵਿਚ ਮੌਜੂਦ ਜਿਸ ਅਮਰੂਦ ਦੇ ਦਰੱਖ਼ਤ ਹੇਠਾਂ ਆਸਰਾ ਲਿਆ ਸੀ ਉੱਥੇ ਕੁਟੀਆ ਆਦਿ ਨਿਵਾਸ ਬਣੀ ਹੈ। ਇਹ ਕੁਟੀਆ ਉਨ੍ਹਾਂ ਨੇ ਆਪਣੀਆਂ ਸ਼ਰਤਾਂ ਉੱਤੇ ਬਣਵਾਈ ਸੀ ਜਿਸ ਵਿਚ ਉਸ ਸਮੇਂ ਸਿਰਫ਼ 500 ਰੁਪਏ ਦਾ ਖ਼ਰਚ ਆਇਆ ਸੀ।

ਆਸ਼ਰਮ ਵਿਚ ਬਾਪੂ ਜੀ ਦਾ ਦਫ਼ਤਰ, ਅਰਦਾਸ ਖੇਤਰ, ਚਰਚਾ ਹਾਲ, ਕਿਤਾਬਾਂ ਦਾ ਸੰਗ੍ਰਹਿ, ਬੈੱਡਰੂਮ ਅਤੇ ਇਥੋਂ ਤਕ ਕਿ ਬਾਥਰੂਮ ਅਤੇ ਉਹ ਸਾਰੀਆਂ ਥਾਵਾਂ ਜਿੱਥੇ ਬਾਪੂ ਜੀ ਸਰਗਰਮ ਰਹੇ ਉਨ੍ਹਾਂ ਨਾਲ ਸਬੰਧਤ ਚੀਜ਼ਾਂ ਉਸੇ ਰੂਪ 'ਚ ਰੱਖੀਆਂ ਗਈਆਂ ਹਨ। ਉਨ੍ਹਾਂ ਦੇ ਦਫ਼ਤਰ ਦੇ ਕਮਰੇ ਵਿਚ ਉਨ੍ਹਾਂ ਦਾ ਟੈਲੀਫੋਨ ਅਤੇ ਟਾਈਪਰਾਈਟਰ ਰੱਖਿਆ ਹੋਇਆ ਹੈ, ਜਿਨ੍ਹਾਂ ਦੀ ਉਹ ਵਰਤੋਂ ਕਰਦੇ ਸਨ। ਵੇਖਿਆ ਜਾਵੇ ਤਾਂ ਇਹ ਆਸ਼ਰਮ ਬਾਪੂ ਜੀ ਦੀ ਸ਼ਖ਼ਸੀਅਤ ਨੂੰ ਇਕ ਨਜ਼ਰ ਵਿਚ ਸਾਹਮਣੇ ਰੱਖ ਦਿੰਦਾ ਹੈ। ਇੱਥੇ ਸੈਲਾਨੀਆਂ ਦੇ ਇਲਾਵਾ ਗਾਂਧੀ ਦਰਸ਼ਨ ਨਾਲ ਜੁੜੇ ਖੋਜਾਰਥੀਆਂ ਅਤੇ ਜਿਗਿਆਸੂਆਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ।

ਗਾਂਧੀ ਸਿਮਰਤੀ ਅਤੇ ਦਰਸ਼ਨ ਕਮੇਟੀ, ਦਿੱਲੀ

ਜਿੱਥੇ ਗੁਜ਼ਰੇ ਜੀਵਨ ਦੇ ਆਖ਼ਰੀ 144 ਦਿਨ

ਇਸ ਦਾ ਪਰਵੇਸ਼ ਦੁਆਰ ਹੀ ਆਉਣ ਵਾਲਿਆਂ ਦੇ ਮਨ ਨੂੰ ਬੇਚੈਨ ਕਰ ਦੇਣਾ ਵਾਲਾ ਹੈ। ਦਰਅਸਲ, ਇਹ ਦੁਆਰ ਇਤਿਹਾਸਕ ਮਹੱਤਵ ਵਾਲਾ ਹੈ, ਕਿਉਂਕਿ ਇਥੋਂ ਹੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਦੁਨੀਆ ਨੂੰ ਬਾਪੂ ਜੀ ਦੀ ਮੌਤ ਹੋ ਜਾਣ ਦੀ ਸੂਚਨਾ ਦਿੱਤੀ ਸੀ '... ਸਾਡੀ ਜ਼ਿੰਦਗੀ 'ਚੋਂ ਪ੍ਰਕਾਸ਼ ਚਲਾ ਗਿਆ ਹੈ ਅਤੇ ਹਰ ਜਗ੍ਹਾ ਹਨੇਰ ਛਾ ਗਿਆ ਹੈ...।'

05, ਤੀਹ ਜਨਵਰੀ ਮਾਰਗ, ਨਵੀਂ ਦਿੱਲੀ ਦੇ ਪੁਰਾਣੇ ਬਿਰਲਾ ਭਵਨ 'ਤੇ ਸਥਿਤ ਗਾਂਧੀ ਸਿਮਰਤੀ ਉਹ ਪਵਿੱਤਰ ਥਾਂ ਹੈ ਜਿੱਥੇ ਬਾਪੂ ਜੀ ਨੇ ਆਪਣੇ ਨਾਸ਼ਵਾਨ ਸਰੀਰ ਦਾ 30 ਜਨਵਰੀ, 1948 ਨੂੰ ਤਿਆਗ ਕੀਤਾ ਸੀ। ਮਹਾਤਮਾ ਗਾਂਧੀ ਇਸ ਘਰ ਵਿਚ 9 ਸਤੰਬਰ, 1947 ਤੋਂ 30 ਜਨਵਰੀ, 1948 ਤਕ ਰਹੇ ਸਨ। ਇਸ ਭਵਨ ਵਿਚ ਉਨ੍ਹਾਂ ਦੇ ਜੀਵਨ ਦੇ ਉਨ੍ਹਾਂ ਅੰਤਮ 144 ਦਿਨਾਂ ਦੀਆਂ ਯਾਦਾਂ ਸੰਜੋਈ ਹੋਈਆਂ ਹਨ। ਪੁਰਾਣੇ ਬਿਰਲਾ ਭਵਨ ਨੂੰ ਭਾਰਤ ਸਰਕਾਰ ਨੇ 1971 ਵਿਚ ਕਬਜ਼ੇ ਹੇਠ ਕਰ ਲਿਆ ਅਤੇ ਇਸ ਨੂੰ ਰਾਸ਼ਟਰ ਪਿਤਾ ਦੇ ਰਾਸ਼ਟਰੀ ਸਮਾਰਕ ਦੇ ਰੂਪ 'ਚ ਤਬਦੀਲ ਕਰ ਦਿੱਤਾ, ਜਿਸ ਨੂੰ 15 ਅਗਸਤ, 1973 ਨੂੰ ਆਮ ਜਨਤਾ ਲਈ ਖੋਲ੍ਹਿਆ ਗਿਆ ਸੀ।

ਇੱਥੇ ਗਾਂਧੀ ਦੇ ਕਮਰੇ ਅਤੇ ਅਰਦਾਸ ਮੈਦਾਨ ਦੇ ਦਰਸ਼ਨ ਕਰ ਸਕਦੇ ਹੋ। ਇਸ ਅਰਦਾਸ ਮੈਦਾਨ ਵਿਚ ਜਿੱਥੇ ਆਮ ਜਨਸਭਾ ਹੁੰਦੀ ਸੀ, ਬਾਪੂ ਜੀ ਹਤਿਆਰੇ ਦੀਆਂ ਗੋਲੀਆਂ ਦੇ ਸ਼ਿਕਾਰ ਹੋਏ। ਜਿੱਥੇ ਰਾਸ਼ਟਰਪਿਤਾ ਦੀ ਹੱਤਿਆ ਹੋਈ ਸੀ, ਉੱਥੇ ਇਕ ਸ਼ਹੀਦੀ ਸਤੰਭ ਬਣਾਇਆ ਗਿਆ ਹੈ। ਸਤੰਭ ਦੇ ਨਜ਼ਦੀਕ ਹੇਠਲੇ ਮੈਦਾਨ ਉੱਤੇ ਗੁਰੂਦੇਵ ਟੈਗੋਰ ਦੇ ਸ਼ਬਦ ਹਨ,'ਉਹ ਹਰ ਇਕ ਝੌਂਪੜੀ ਦੀ ਦੇਹਰੀ ਉੱਤੇ ਰੁਕੇ ਸਨ।' ਗਾਂਧੀ ਸਿਮਰਤੀ ਵਿਚ ਬਾਪੂ ਜੀ ਦੇ ਕਮਰੇ ਨੂੰ ਠੀਕ ਉਸੇ ਤਰ੍ਹਾਂ ਰੱਖਿਆ ਗਿਆ ਹੈ ਜਿਹੋ ਜਿਹਾ ਇਹ ਉਨ੍ਹਾਂ ਦੀ ਹੱਤਿਆ ਦੇ ਦਿਨ ਸੀ। ਉਨ੍ਹਾਂ ਦੀਆਂ ਸਾਰੀਆਂ ਚੀਜ਼ਾਂ, ਉਨ੍ਹਾਂ ਦਾ ਚਸ਼ਮਾ, ਟਹਿਲਣ ਵਾਲੀ ਛੜੀ, ਇਕ ਚਾਕੂ, ਕਾਂਟਾ ਅਤੇ ਚਮਚਾ, ਉਹ ਖੁਰਦੁਰਾ ਪੱਥਰ ਜਿਸ ਦੀ ਵਰਤੋਂ ਉਹ ਸਾਬਣ ਦੀ ਜਗ੍ਹਾ ਕਰਦੇ ਸਨ, ਨੁਮਾਇਸ਼ ਲਈ ਰੱਖੀਆਂ ਗਈਆਂ ਹਨ। ਉਨ੍ਹਾਂ ਦਾ ਬਿਸਤਰਾ ਫ਼ਰਸ਼ ਉੱਤੇ ਵਿਛੀ ਇਕ ਚਟਾਈ ਉੱਤੇ ਸੀ, ਜੋ ਸਫ਼ੈਦ ਅਤੇ ਸਾਦਾ ਸੀ ਜਿਸ ਦੀ ਬਗਲ ਵਿਚ ਲੱਕੜੀ ਦੀ ਇਕ ਨੀਵੀਂ ਤਖ਼ਤੀ ਰੱਖੀ ਰਹਿੰਦੀ ਸੀ। ਭਗਵਦ ਗੀਤਾ ਦੀ ਇਕ ਪੁਰਾਣੀ ਅਤੇ ਉਨ੍ਹਾਂ ਦੁਆਰਾ ਵਰਤੋਂ ਵਿਚ ਆ ਚੁੱਕੀ ਇਕ ਪ੍ਰਤੀ ਵੀ ਰੱਖੀ ਹੋਈ ਹੈ।

ਰਾਸ਼ਟਰੀ ਕੁਦਰਤੀ ਚਿਕਿਤਸਾ ਸੰਸਥਾ, ਪੁਣੇ

ਇੱਥੇ ਮਿਲੋ ਚਿਕਿਤਸਕ ਗਾਂਧੀ ਨੂੰ ਇਹ ਸੰਸਥਾ ਅੱਜ ਸਭ ਤਰ੍ਹਾਂ ਦੀਆਂ ਬਿਮਾਰੀਆਂ ਵਿਚ ਕੁਦਰਤੀ ਚਿਕਿਤਸਾ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ। ਇਸ ਨੂੰ ਪ੍ਰਸਿੱਧ ਕੁਦਰਤੀ ਚਿਕਿਤਸਾ ਦੇ ਵਿਦਵਾਨ ਡਾ. ਦਿਨਸ਼ਾ ਦੇ ਮਹਿਤਾ ਦੁਆਰਾ ਸ਼ੁਰੂ ਕੀਤਾ ਗਿਆ ਸੀ। ਧਿਆਨ ਯੋਗ ਹੈ ਕਿ ਦਿਨਸ਼ਾ ਮਹਿਤਾ 'ਤੇ ਹੁਣੇ ਜਿਹੇ ਹੀ ਆਯੂਸ਼ ਮੰਤਰਾਲਾ, ਭਾਰਤ ਸਰਕਾਰ ਦੇ ਵਿਸ਼ੇਸ਼ ਪ੍ਰਬੰਧ ਹੇਠ ਪ੍ਰਧਾਨ ਮੰਤਰੀ ਨੇ ਡਾਕ ਟਿਕਟ ਵੀ ਜਾਰੀ ਕੀਤਾ ਹੈ। ਖ਼ੁਦ ਪ੍ਰਧਾਨ ਮੰਤਰੀ ਨੇ ਦਿਨਸ਼ਾ ਮਹਿਤਾ ਤੇ ਮਹਾਤਮਾ ਗਾਂਧੀ ਦੇ ਖ਼ਾਸ ਰਿਸ਼ਤੇ ਦਾ ਜ਼ਿਕਰ ਕੀਤਾ ਹੈ। ਇਸ ਨੂੰ ਤੁਸੀਂ ਜੀਵੰਤ ਰੂਪ ਵਿਚ ਅਜ ਵੀ ਰਾਸ਼ਟਰੀ ਕੁਦਰਤੀ ਚਿਕਿਤਸਾ ਸੰਸਥਾ, ਪੁਣੇ ਵਿਚ ਵੇਖ ਸਕਦੇ ਹੋ। ਇੱਥੇ ਆ ਕੇ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਖ਼ੁਦ ਗਾਂਧੀ ਜੀ ਕੁਦਰਤੀ ਚਿਕਿਤਸਾ ਵਿਚ ਭਰੋਸਾ ਕਰਦੇ ਸਨ, ਇਸ ਲਈ ਦਿਨਸ਼ਾ ਮਹਿਤਾ ਨਾਲ ਉਨ੍ਹਾਂ ਦੀ ਚੰਗੀ ਬਣਦੀ ਸੀ। ਗਾਂਧੀ ਨੇ ਇੱਥੇ ਰਹਿ ਕੇ ਦਿਨਸ਼ਾ ਮਹਿਤਾ ਦੀ ਨਿਗਰਾਨੀ ਵਿਚ ਮਰੀਜ਼ਾਂ ਦਾ ਇਲਾਜ ਵੀ ਕੀਤਾ ਸੀ। ਰਾਸ਼ਟਰੀ ਕੁਦਰਤੀ ਚਿਕਿਤਸਾ ਸੰਸਥਾਨ ਇਤਿਹਾਸਿਕ ਬਾਪੂ ਭਵਨ ਵਿਚ ਸਥਿਤ ਹੈ। ਇਹ ਸਥਾਨ ਪੁਣੇ ਰੇਲਵੇ ਸਟੇਸ਼ਨ ਦੇ ਪਿੱਛੇ ਤਾਡਿਆਵਾਲਾ ਰੋਡ ਉੱਤੇ ਬਣਿਆ ਹੈ। ਗਾਂਧੀ ਨੇ ਇਸ ਜਗ੍ਹਾ ਯਾਨੀ ਅੱਜ ਜੋ ਬਾਪੂ ਭਵਨ ਹੈ, ਉਸ ਨੂੰ ਆਪਣਾ ਘਰ ਬਣਾਇਆ ਸੀ। ਇਸ ਤੋਂ ਪਹਿਲਾਂ ਇਸ ਜਗ੍ਹਾ 'ਨੇਚਰ ਕਯੋਰ ਕਲੀਨਿਕ ਐਂਡ ਸੈਨੋਟੋਰੀਅਮ' ਦੇ ਨਾਂ ਨਾਲ ਚਰਚਿਤ ਸੀ। ਇੱਥੇ ਬਾਅਦ ਵਿਚ 'ਆਲ ਇੰਡੀਆ ਨੇਚਰ ਕਯੋਰ ਫਾਉੂਂਡੇਸ਼ਨ ਟਰਸਟ' ਦੀ ਸਥਾਪਨਾ ਹੋਈ। ਇਸ ਟਰਸਟ ਦੇ ਮਹਾਤਮਾ ਗਾਂਧੀ ਤਾਉਮਰ ਚੇਅਰਮੈਨ ਬਣਾਏ ਗਏ ਸਨ। ਉਹ ਇੱਥੇ ਕੁਲ 156 ਦਿਨ ਠਹਿਰੇ ਸਨ, ਉਸ ਪੂਰੇ ਸਮੇਂ ਦੀਆਂ ਸਾਰੀਆਂ ਯਾਦਾਂ ਇਥੇ ਅੱਜ ਵੀ ਜੀਵੰਤ ਰੂਪ ਵਿਚ ਸੰਜੋਈਆਂ ਪਈਆਂ ਹਨ।

ਮਹਾਤਮਾ ਗਾਂਧੀ ਸਾਡੇ ਪ੍ਰੇਰਨਾ ਸਰੋਤ


ਆਯੂਸ਼ ਮੰਤਰਾਲਾ ਭਾਰਤ ਸਰਕਾਰ ਬਾਪੂ ਜੀ ਅਤੇ ਦਿਨਸ਼ਾ ਮਹਿਤਾ ਦੇ ਰਿਸ਼ਤਿਆਂ ਦੀ ਦਾਸਤਾਂ ਸੁਣਾਉਂਦੀ ਹੈ ਇਹ ਸੰਸਥਾ। ਹਾਲਾਂਕਿ ਗਾਂਧੀ ਇਕ ਮਰੀਜ਼ ਦੇ ਰੂਪ ਵਿਚ ਦਿਨਸ਼ਾ ਮਹਿਤਾ ਨੂੰ ਮਿਲੇ ਅਤੇ ਜਦੋਂ ਉਨ੍ਹਾਂ 'ਚ ਲਗਾਤਾਰ ਮੀਟਿੰਗਾਂ ਹੋਣ ਲੱਗੀਆਂ ਤਾਂ ਇਹ ਸਬੰਧ ਇਕ ਨਵੇਂ ਰੂਪ ਵਿਚ ਸਾਹਮਣੇ ਆਇਆ। ਫਿਰ ਦਿਨਸ਼ਾ ਮਹਿਤਾ ਨੇ ਗਾਂਧੀ ਉੱਤੇ ਇਕ ਕਿਤਾਬ ਵੀ ਲਿਖੀ - 'ਮਾਈ ਬਿਲਵਡ ਪੇਸ਼ੰਟ ਗਾਂਧੀ'। ਇਸ ਸੰਸਥਾਨ ਵਿਚ ਅੱਜ ਵੀ ਗਾਂਧੀ ਦੀ ਜੀਵਨ ਜਾਚ 'ਤੇ ਆਧਾਰਿਤ ਚਿਕਿਤਸਾ ਸ਼ੈਲੀ ਵੇਖੀ ਜਾ ਸਕਦੀ ਹੈ। ਹਾਇਡਰੋਥੈਰੇਪੀ, ਏਕਿਊਪ੍ਰੇਸ਼ਰ, ਅੰਕਿਊਪੰਕਚਰ ਟਰੀਟਮੈਂਟ ਕੀਤਾ ਜਾਂਦਾ ਹੈ। ਜੋ ਵੀ ਇੱਥੇ ਆਉਂਦੇ ਹਨ ਸੈਲਾਨੀ ਦੇ ਰੂਪ ਵਿਚ ਹੀ ਨਹੀਂ ਇਕ ਕੁਦਰਤੀ ਚਿਕਿਤਸਾ ਦੇ ਲਾਭਾਰਥੀ ਦੇ ਰੂਪ ਵਿਚ ਵੀ ਆਉਂਦੇ ਹਨ। ਵਿਦੇਸ਼ ਤੋਂ ਵੀ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵੀ ਕਾਫ਼ੀ ਹੁੰਦੀ ਹੈ। ਉਹ ਜ਼ਿਆਦਾਤਰ ਅਮਰੀਕਾ, ਜਰਮਨੀ ਅਤੇ ਜਾਪਾਨ ਤੋਂ ਹੁੰਦੇ ਹਨ।

-ਡਾਕਟਰ ਸਤਿਆ ਲਕਸ਼ਮੀ

ਨਿਰਦੇਸ਼ਕ, ਰਾਸ਼ਟਰੀ ਕੁਦਰਤੀ ਚਿਕਿਤਸਾ ਸੰਸਥਾਨ

Posted By: Harjinder Sodhi