ਜੁਲਾਈ ਦਾ ਮਹੀਨਾ ਸੈਲਾਨੀਆਂ ਲਈ ਆਫ਼ਤ ਭਰਿਆ ਸੀ। ਪਹਾੜਾਂ ’ਚ ਬੱਦਲ ਫੱਟ ਰਹੇ ਸਨ, ਹੜ੍ਹ ਆ ਗਏ ਸਨ। ਸੈਲਾਨੀ ਪਾਣੀ ਵਿਚ ਰੁੜ ਗਏ ਜਾਂ ਵੱਡੇ-ਵੱਡੇ ਪੱਥਰਾਂ ਥੱਲੇ ਆ ਕੇ ਮਰ ਗਏ। ਸੈਲਾਨੀਆਂ ਦੀਆਂ ਕਾਰਾਂ ਇਸ ਆਫਤ ’ਚ ਚਕਨਾ ਚੂਰ ਹੋ ਗਈਆਂ। ਬਹੁਤ ਸਾਰੇ ਵਹੀਕਲ ਅਜੇ ਤਕ ਵੀ ਲਾਪਤਾ ਹਨ। ਪਹਾੜਾਂ ਦੀ ਸੈਰ ਕਰਨ ਗਏ, ਕਈ ਸੈਲਾਨੀ ਘਰ ਨਹੀਂ ਮੁੜੇ। ਇਹ ਦੁਖਦਾਈ ਖ਼ਬਰਾਂ ਪੜ੍ਹ ਕੇ ਪਹਾੜਾਂ ’ਤੇ ਜਾਣ ਨੂੰ ਦਿਲ ਨਹੀਂ ਕੀਤਾ। ਸੋਚ-ਸੋਚ ਕੇ ਮੈਦਾਨੀ ਇਲਾਕੇ ਜੰਮੂ ਜਾਣ ਦਾ ਮਨ ਬਣਾਇਆ।

8 ਅਗਸਤ 2021 ਸਵੇਰੇ 5 ਵਜੇ, ਮੈਂ ਜੰਮੂ ਦੇ ਪਲੇਟ ਫਾਰਮ ਨੰ : 01 ’ਤੇ ਕਰੋਨਾ ਟੈਸਟਿੰਗ ਵਾਲੀ ਲਾਈਨ ਵਿਚ ਖੜ੍ਹਾ ਸਾਂ। ਮੇਰੇ ਹੱਥ ’ਚ ਫੜੇ ਡਬਲ ਵੈਕਸੀਨ ਵਾਲੇ ਸਰਟੀਫਿਕੇਟ ਨੂੰ ਵੇਖ ਕੇ, ਡਾਕਟਰ ਮੈਨੂੰ ਟੈਸਟਿੰਗ ਤੋਂ ਛੋਟ ਦਿੰਦਾ ਹੈ। ਸਟੇਸ਼ਨ ਦੇ ਬਾਹਰ ਸਾਫ਼ ਸੁਥਰੀ ਰੇੜੀ ਤੋਂ ਤਾਜ਼ੀ ਚਾਹ ਪੀਂਦਾ ਹਾਂ। ਕਲਕੱਤੇ ਵਰਗੀ ਗਰਮੀ ਨਾਲ ਇਥੇ ਬੁਰਾ ਹਾਲ ਹੈ। 6 ਵੱਜ ਗਏ, ਪਰ ਅਜੇ ਕਲਾਕ ਰੂਮ ਨਹੀਂ ਖੁੱਲ੍ਹਿਆ। ਇੱਧਰ-ਉਧਰ ਘੁੰਮ ਫਿਰ ਕੇ 7 ਵਜਦੇ ਹਨ। ਕਲਾਕ ਰੂਮ ਖੱੁਲ੍ਹਦਾ ਹੈ। ਆਪਣਾ ਬੈਗ ਜਮ੍ਹਾਂ ਕਰਵਾ ਕੇ ਭਾਰ ਤੋਂ ਮੁਕਤ ਹੁੰਦਾ ਹਾਂ।

ਖ਼ੂਬਸੂਰਤ ਉੱਚੇ-ਨੀਵੇਂ ਜੰਮੂ ਨੂੰ ਇਕ ਸ਼ਖ਼ਸ ਜੰਬੂ ਲੋਚਨ ਨੇ ਵਸਾਇਆ ਸੀ। ਜੰਮੂ ਕਸ਼ਮੀਰ ਰਿਆਸਤ ਦੇ ਬਾਦਸ਼ਾਹ ਰਣਵੀਰ ਸਿੰਘ ਨੇ ਆਪਣੇ ਕਾਰਜ ਕਾਲ ਦੌਰਾਨ, ਜੰਮੂ ’ਚ ਕਈ ਮੰਦਰ ਬਣਵਾਏ। ਇਸ ਲਈ ਜੰਮੂ ਨੂੰ ਮੰਦਰਾਂ ਦਾ ਸ਼ਹਿਰ ਕਿਹਾ ਜਾਣ ਲੱਗਾ। ਜੰਮੂ ’ਚ ਆਟੋ ਬਹੁਤ ਘੱਟ ਚੱਲਦੇ ਹਨ। ਮੈਟਾਡੋਰ ਜ਼ਿਆਦਾ ਚੱਲਦੀਆਂ ਹਨ। ਜੰਮੂ ਤਵੀ ਰੇਲਵੇ ਸਟੇਸ਼ਨ ਦੇ ਗੇਟ ਨਾਲ ਸੱਜੇ ਪਾਸੇ ਸ਼ਰਾਇਨ ਬੋਰਡ (ਕੱਟੜਾ) ਨੇ ਬਹੁਤ ਸੁੰਦਰ ਕੰਪਲੈਕਸ ਬਣਾਇਆ ਹੋਇਆ ਹੈ। ਪੰਜ ਤਲਾ ਇਸ ਕੰਪਲੈਕਸ ’ਚ ਡੀਲਕਸ ਰੂਮ, ਸਧਾਰਨ ਰੂਮ, ਕਾਮਨ-ਬੈੱਡ ਹਾਲ, ਏ.ਸੀ. ਆਲੀਸ਼ਾਨ ਸੂਟਸ ਅਤੇ ਸਨੈਕਸ ਬਾਰ ਹਨ। ਕਿਰਾਇਆ ਪਰ ਸੂਟਸ 1700/- ਰੁਪਏ, ਡਬਲ ਬੈਡ 1250 ਰੁਪਏ, ਸਿੰਗਲ ਬੈਡ ਏ.ਸੀ. 150/-ਰੁਪਏ ਅਤੇ ਸਧਾਰਨ ਬੈਡ 100/-ਰੁਪਏ ਸਹੂਲਤਾਂ ਸਮੇਤ। ਜੰਮੂ ਆਉਣ ਵਾਲੇ ਵਪਾਰੀ ਅਤੇ ਸੈਲਾਨੀ ਇਸ ਸਹੂਲਤ ਦਾ ਫ਼ਾਇਦਾ, ਉਠਾ ਸਕਦੇ ਹਨ। ਇੱਥੇ ਸਨੈਕਸ ਬਾਰ ’ਚ ਮੈਂ ਇਡਲੀ ਸਾਂਬਰ ਤੇ ਚਾਹ ਨਾਲ ਨਾਸ਼ਤਾ ਕਰਦਾ ਹਾਂ।

ਸਟੇਸ਼ਨ ਤੋਂ ਵਿਕਰਮ ਚੌਕ ਲਈ, ਮੈਟਾਡੋਰ ਦਾ ਕਿਰਾਇਆ 10/-ਰੁਪਏ। ਵਿਕਰਮ ਚੌਕ ਤੋਂ ਚਾਰ ਦਿਸ਼ਾਵਾਂ ਨੂੰ ਬੱਸਾਂ ਜਾਂਦੀਆਂ ਹਨ। ਯਾਤਰੀ ਆਪਣੀ ਮੰਜ਼ਿਲ ਲਈ ਇੱਥੋਂ ਬੱਸ ਫੜਦੇ ਹਨ। ਬਾਹੂ ਫੋਰਟ ਲਈ ਮੈਟਾਡੋਰ ’ਚ ਬੈਠਦਾ ਹਾਂ। ਥੋੜ੍ਹੀ ਦੇਰ ਬਾਅਦ ਮੈਂ ਬਾਗ਼-ਏ-ਬਾਹੂ ਪਾਰਕ ਦੇ ਗੇਟ ’ਤੇ ਹੁੰਦਾ ਹਾਂ।

ਪਾਰਕ ਦੇ ਖੁੱਲ੍ਹਣ ਦਾ ਸਮਾਂ ਸਰਦੀਆਂ ’ਚ ਸਵੇਰੇ 8 ਵਜੇ ਤੋਂ ਰਾਤ 8 ਵਜੇ, ਗਰਮੀਆਂ ਦਾ ਸਮਾਂ ਸਵੇਰੇ 9 ਵਜੇ ਤੋਂ ਰਾਤ ਦੇ 9 ਵਜੇ ਤਕ ਦਾ ਹੈ। ਰਿਸੈਪਸ਼ਨ ’ਤੇ 24 ਰੁਪਏ ਦੀ ਪ੍ਰਤੀ ਵਿਅਕਤੀ ਟਿਕਟ ਕੱਟੀ ਜਾਂਦੀ ਹੈ। ਟਿਕਟ ਲੈਣ ਸਮੇਂ ਮੈ ਰਿਸੈਪਸ਼ਨ ਵਾਲੇ ਨੂੰ ਪੁੱਛਦਾ ਹਾਂ, ਅੰਦਰ ਕਿੰਨੀ ਭੀੜ ਹੈ। ਅੱਗੋਂ ਕਲਰਕ ਕਹਿੰਦਾ ਹੈ, ਪਹਿਲੇ ਵਿਅਕਤੀ ਤੁਸੀਂ ਹੋ।

ਬਾਗ਼-ਏ ਬਾਹੂ ਪਾਰਕ ਜੰਮੂ ਤਵੀ ’ਚ ਪੈਂਦਾ ਹੈ। ਇਹ ਪਾਰਕ ਇਕ ਉੱਚੀ-ਨੀਵੀਂ ਪਹਾੜੀ ’ਤੇ ਪੈਂਦਾ ਹੈ। ਬਾਹੂ ਲੋਚਨ ਇਸ ਇਲਾਕੇ ਦਾ ਇਕ ਮਹੱਤਵਪੂਰਨ ਵਿਅਕਤੀ ਸੀ। ਇਸ ਲਈ ਇਸ ਪਾਰਕ ਦਾ ਨਾਮ ਬਾਹੂ ਦੇ ਨਾਮ ’ਤੇ ਰੱਖਿਆ ਗਿਆ। ਜੰਮੂ-ਕਸ਼ਮੀਰ ਦੇ ਜਨਾਬ ਸ਼ੇਰੇ-ਏ-ਕਸ਼ਮੀਰ ਸ਼ੇਖ਼ ਮੁਹੰਮਦ ਅਬਦੱੁਲਾ ਨੇ 26 ਅਗਸਤ ਸੰਨ 1981 ਨੂੰ ਇਸ ਪਾਰਕ ਨੂੰ ਸ਼ੁਰੂ ਕੀਤਾ ਸੀ। ਪਾਰਕ ਵਿਚ ਖੜ੍ਹ ਕੇ ਤੁਸੀਂ ਤਵੀ ਨਦੀ ਅਤੇ ਅੱਧਾ ਜੰਮੂ ਵੇਖ ਸਕਦੇ ਹੋ।

ਇਸ ਪਾਰਕ ਦੀ ਸੁੰਦਰਤਾ ਅਤੇ ਸਫ਼ਾਈ ਦਾ ਹਾਲ, ਬੜਾ ਮਾੜਾ ਸੀ। ਬਾਗ਼ਵਾਨੀ ਪੂਰੀ ਤਰ੍ਹਾਂ ਫੇਲ੍ਹ ਸੀ। ਫੁਹਾਰਿਆਂ ’ਚ ਮਿੱਟੀ ਜੰਮੀ ਪਈ ਸੀ। ਘਾਹ ਦੀ ਕਟਾਈ ਵੀ ਨਹੀਂ ਹੋਈ ਸੀ। ਇਸ ਪਾਰਕ ਦੀਆਂ ਤਿੰਨ ਅਲੱਗ-ਅਲੱਗ ਉਚਾਈਆਂ ਹਨ। ਪਾਰਕ ਦੇ ਇਕ ਕਰਮਚਾਰੀ ਨੂੰ ਮੈਂ ਪੁੱਛਿਆ, ਯਾਰ ਬੜਾ ਮਾੜਾ ਹਾਲ ਹੈ। ਕਰਮਚਾਰੀ ਨੇ ਦੱਸਿਆ ਸਰ, ਕੋਰੋਨਾ ਕਰਕੇ ਸਫ਼ਾਈ ਅਤੇ ਬਾਗ਼ਬਾਨੀ ਦਾ ਸਟਾਫ਼ ਨਹੀਂ ਆ ਰਿਹਾ। ਬਸ ਇਸ ਕਰਕੇ ਹੀ ਸਫ਼ਾਈ ਨਹੀਂ ਹੋ ਰਹੀ। ਤੁਸੀਂ ਨਿਰਾਸ਼ ਨਾ ਹੋਵੋ, ਥੋੜ੍ਹੀਆਂ ਜਿਹੀਆਂ ਪੌੜੀਆਂ ਚੜ੍ਹ ਕੇ ਅੱਗੇ ਵੱਡਾ ਕਿਲ੍ਹਾ ਹੈ, ਉਹ ਵੇਖ ਲਵੋ।

ਥੋੜ੍ਹੀਆਂ ਜਿਹੀਆਂ ਪੌੜੀਆਂ ਉਪਰ ਚੜ੍ਹਦਾ ਹਾਂ। ਇਕ ਬਹੁਤ ਹੀ ਵੱਡੇ ਸੰਗੀਤਕ ਫੁਹਾਰੇ ਦਾ ਨਿਰਮਾਣ ਹੋ ਰਿਹਾ ਹੈ। ਕੁਰਸੀਆਂ ਵਾਲੀ ਵੱਡੀ ਗੈਲਰੀ ਬਣ ਰਹੀ ਹੈ। ਅੱਗੇ ਜਾਂਦਾ ਹਾਂ, ਅੱਗੇ ਮੱਛੀਆਂ ਦਾ ਐਕੁਏਰੀਅਮ ਆਉਂਦਾ ਹੈ। ਇਹ ਭਾਰਤ ਦਾ ਸਭ ਤੋਂ ਵੱਡਾ ਅੰਡਰ ਗਰਾਉੂਂਡ ਮੱਛੀ ਐਕੁਏਰੀਅਮ ਹੈ। ਇਸ ਨੂੰ ਵੇਖਣ ਲਈ ਟਿਕਟ ਲੈਣੀ ਪੈਂਦੀ ਹੈ ਪਰ ਕਰੋਨਾ ਕਰਕੇ ਸਭ ਕੁੱਝ ਬੰਦ ਪਿਆ ਹੈ। ਸੁਣਨ ਨੂੰ ਮਿਲਦਾ ਹੈ, ਇਸ ਮੱਛੀ ਐਕੁਏਰੀਅਮ ਨੂੰ ਵੇਖਣ ਲਈ, ਲੋਕ ਦੂਰੋਂ-ਦੂਰੋਂ ਆਉਂਦੇ ਹਨ। ਬਾਗ਼-ਏ-ਬਾਹੂ ਪਾਰਕ ਖ਼ਤਮ ਹੁੰਦਿਆਂ ਹੀ ਕਿਲ੍ਹੇ ਦੀ ਦੀਵਾਰ ਸ਼ੁਰੂ ਹੁੰਦੀ ਹੈ। ਕੰਡਿਆਲੀਆਂ ਤਾਰਾਂ ਟੱਪ ਕੇ, ਮੈਂ ਕਿਲ੍ਹੇ ਵਾਲੇ ਪਾਸੇ ਜਾਂਦਾ ਹਾਂ। ਲੋਕਾਂ ਦੀ ਬੜੀ ਭੀੜ ਹੈ। ਇਹ ਕਿਲ੍ਹਾ ਤਵੀ ਨਦੀ ਦੇ ਕਿਨਾਰੇ ਅਤੇ ਉੱਚੀ ਥਾਂ ’ਤੇ ਹੈ। ਜੰਮੂ-ਕਸ਼ਮੀਰ ਦੇ ਮਹਾਰਾਜਾ ਗੁਲਾਬ ਸਿੰਘ ਨੇ ਇਸ ਦਾ ਨਿਰਮਾਣ ਕਰਵਾਇਆ ਸੀ। ਕਿਲ੍ਹਾ ਵੇਖਣ ਤੋਂ ਪਹਿਲਾਂ ਮੈਨੂੰ ਪਤਾ ਲੱਗਦਾ ਹੈ, ਕਿ ਇਹ ਲੋਕ ਕਿਲ੍ਹਾ ਵੇਖਣ ਲਈ ਨਹੀਂ ਆਏ, ਦਰਅਸਲ ਇਸ ਕਿਲੇ੍ਹ ’ਚ ਮਾਤਾ ਕਾਲੀ ਦਾ ਮੰਦਰ ਹੈ। ਹਰ ਐਤਵਾਰ ਤੇ ਮੰਗਲਵਾਰ ਇੱਥੇ ਪੈਰ ਰੱਖਣ ਲਈ ਜਗ੍ਹਾ ਨਹੀਂ ਹੁੰਦੀ।

ਮਹਾਰਾਜ ਗੁਲਾਬ ਸਿੰਘ ਨੇ ਸੰਨ 1822 ਵਿਚ ਕਲਕੱਤੇ ਤੋਂ ਮਾਤਾ ਕਾਲੀ ਦੀ ਜੋਤ ਲਿਆ ਕੇ ਇਸ ਕਿਲ੍ਹੇ ਵਿਚ ਸਥਾਪਿਤ ਕੀਤੀ ਸੀ। ਇਸ ਤਰ੍ਹਾਂ ਸ਼ਰਧਾ ਦੇ ਨਾਲ, ਕਿਲ੍ਹੇ ਵਿਚ ਮਾਤਾ ਕਾਲੀ ਦਾ ਵੱਡਾ ਮੰਦਰ ਬਣ ਗਿਆ।

ਹਿਮਾਚਲ ਦੇ ਮਾਤਾ ਚਿੰਤਪੂਰਨੀ ਵਰਗੇ ਬਾਜ਼ਾਰ ’ਚ ਲੋਕ ਆ ਜਾ ਰਹੇ ਹਨ। ਬਾਜ਼ਾਰ ਬੜਾ ਵੱਡਾ ਹੈ। ਬਾਜ਼ਾਰ ਦੇ ਦੋਵੇਂ ਪਾਸੇ ਦੁਕਾਨਾਂ ਹਨ। ਚਾਟ, ਦਹੀ ਭੱਲੇ, ਪਕੌੜੇ, ਟਿੱਕੀ, ਛੋਲੇ ਭਟੂਰੇ ਅਤੇ ਚਾਹ ਦੀਆਂ ਦੁਕਾਨਾਂ, ਪ੍ਰਸ਼ਾਦ ਅਤੇ ਮਾਤਾ ਦੇ ਸਰੂਪ ਦੇ ਵਸਤਰ। ਹੈਰਾਨੀ ਹੁੰਦੀ ਹੈ, ਇੱਥੇ ਪਾਨ ਦੀਆਂ ਵੰਨ ਸੁਵੰਨੀਆਂ ਦੁਕਾਨਾਂ ਹਨ। ਪੁੱਛਣ ’ਤੇ ਜਵਾਬ ਮਿਲਦਾ ਹੈ, ਪਾਨ ਮਾਤਾ ਦੀ ਪਹਿਲੀ ਭੇਟ ਹੈ। ਇਸ ਲਈ ਭਗਤ ਪਾਨ ਨੂੰ ਪ੍ਰਸ਼ਾਦ ਸਮਝ ਕੇ ਖ਼ਰੀਦਦੇ ਹਨ। ਬਾਜ਼ਾਰ ਵਿਚ ਇਕ ਬੰਦਾ ਬੱਕਰੇ ਲੈ ਕੇ ਖੜ੍ਹਾ ਹੈ। ਮੈਂ ਇਕ ਪ੍ਰਬੰਧਕ ਨੂੰ ਪੁੱਛਦਾ ਹਾਂ ਕਿ ਇੱਥੇ ਬਲੀ ਵੀ ਦਿੱਤੀ ਜਾਂਦੀ ਹੈ। ਪ੍ਰਬੰਧਕ ਦੱਸਦਾ ਹੈ ਕਿ ਪਹਿਲਾਂ ਇੱਥੇ ਬਲੀ ਦਿੱਤੀ ਜਾਂਦੀ ਸੀ ਪਰ ਹੁਣ ਇਸ ਨੂੰ ਬੰਦ ਕਰ ਦਿੱਤਾ ਹੈ। ਬਸ ਹੁਣ ਮੰਦਰ ਅੱਗੇ ਬੱਕਰੇ ਨੂੰ ਖੜ੍ਹਾ ਕਰ ਕੇ ਮੱਥਾ ਟੇਕਿਆ ਜਾਂਦਆ ਹੈ। ਜੁੱਤੀਆਂ, ਮੋਬਾਈਲ ਫੋਨ ਅਤੇ ਕੈਮਰੇ ਬਾਹਰ ਜਮ੍ਹਾਂ ਕੀਤੇ ਜਾਂਦੇ ਹਨ। ਕਿਲ੍ਹੇ ਦੇ ਅੰਦਰ ਜਾਂਦਾ ਹਾਂ। ਬਹੁਤ ਲੰਬੀ ਲਾਈਨ ਲੱਗੀ ਹੋਈ ਹੈ। ਭੀੜ ਜ਼ਿਆਦਾ ਹੈ। ਕੰਡਿਆਲੀ ਤਾਰ ਟੱਪ ਕੇ, ਵਾਪਸ ਪਾਰਕ ਵਿਚ ਆ ਜਾਂਦਾ ਹਾਂ। ਕੁਝ ਪਰਿਵਾਰ ਅਤੇ ਕਈ ਪੇ੍ਰਮੀ ਜੋੜੇ ਇਸ ਪਾਰਕ ਵਿਚ ਮਸਤੀ ਮਾਣ ਰਹੇ ਹਨ। ਇਕ ਫੁਹਾਰਾ ਚੱਲ ਰਿਹਾ ਹੈ। ਮਖਮਲੀ ਘਾਹ ’ਤੇ ਕਾਫ਼ੀ ਦੇਰ ਆਰਾਮ ਕਰਨ ਤੋਂ ਬਾਅਦ ਇੱਥੋਂ ਹੀ ਵਾਪਸ ਮੁੜਦਾ ਹਾਂ। ਇਸ ਪਾਰਕ ਦੀ ਖ਼ੂਬੀ ਇਹ ਹੈ, ਇਹ ਉੱਚੀ ਨੀਵੀਂ ਪਹਾੜੀ ’ਤੇ ਬਣਿਆ ਹੋਇਆ ਹੈ। ਇਸ ਦੇ ਇਕ ਕਿਨਾਰੇ ’ਤੇ ਬੈਠ ਕੇ ਤਵੀ ਨਦੀ ਅਤੇ ਜੰਮੂ ਦੇ ਉਂਚੇ ਨੀਵੇਂ ਮਕਾਨਾਂ ਦਾ ਨਜ਼ਾਰਾ ਲਿਆ ਜਾ ਸਕਦਾ ਹੈ।

- ਤਰਸੇਮ ਲਾਲ ਸ਼ੇਰਾ

Posted By: Harjinder Sodhi