ਉੱਨ੍ਹੀਵੀਂ ਸਦੀ ਦੇ ਅਖੀਰ ਵਿਚ ਕੁਈਨਜ਼ਲੈਂਡ ਦੇ ਉੱਤਰ ਵਿਚ ਪੰਜਾਬੀਆਂ ਦੀ ਆਮਦ ਸ਼ੁਰੂ ਹੋਈ। ਬੈਂਸ, ਮਝੈਲ, ਅਟਵਾਲ ਅਤੇ ਜੌਹਲ ਪਰਿਵਾਰ ਉੱਨੀ ਸੌ ਤੋਂ ਪਹਿਲਾਂ ਆ ਕੇ ਇੱਥੇ ਵਸੇ। ਅੱਸੀਵੇਂ ਦਹਾਕੇ ਵਿਚ ਬ੍ਰਿਸਬੇਨ ਦੇ ਇਲਾਕੇ ਵਿਚ ਵੀ ਪੰਜਾਬੀ ਸਿੱਖਾਂ ਦੀ ਆਮਦ ਸ਼ੁਰੂ ਹੋਈ। 1983 ਵਿਚ ਪਹਿਲਾਂ ਗੁਰਦੁਆਰਾ ਸਾਹਿਬ ਬਣਾਇਆ ਗਿਆ। ਅੱਜ ਨਾਰਥ ਕੁਈਨਜ਼ਲੈਂਡ ਵਿਚ ਗੰਨੇ ਅਤੇ ਕੇਲੇ ਦੀ ਖੇਤੀ ਵਿਚ ਸਿੱਖ ਪਰਿਵਾਰ ਮੋਹਰੀ ਰੋਲ ਅਦਾ ਕਰ ਰਹੇ ਹਨ ਇਸ ਤੋਂ ਇਲਾਵਾ ਬਾਕੀ ਕੁਈਨਜ਼ਲੈਂਡ ਵਿਚ ਪੰਜਾਬੀ ਡਾਕਟਰੀ, ਸਾਇੰਸ ਰਿਸਰਚ, ਵਪਾਰ, ਛੋਟੇ ਅਤੇ ਵੱਡੇ ਉਦਯੋਗ ਵਣਜ ਅਤੇ ਬੈਂਕਿੰਗ ਸੇਵਾਵਾਂ ਆਦਿ ਵਿਚ ਮੋਹਰੀ ਰੋਲ ਨਿਭਾ ਰਹੇ ਹਨ। ਛੇ ਦੇ ਕਰੀਬ ਗੁਰਦੁਆਰੇ ਕੁਈਨਜ਼ਲੈਂਡ ਵਿਚ ਹਨ ਅਤੇ ਤਿੰਨ ਮੰਦਰ ਵੀ ਇੱਥੇ ਮੌਜੂਦ ਹਨ।

ਪਿਛਲੇ ਦਹਾਕੇ ਦੌਰਾਨ ਪੰਜਾਬੀਆਂ ਦੀ ਹੋਈ ਆਮਦ ਕਾਰਨ ਗੋਲਡ ਕੋਸਟ ਵਿਚ ਦੋ ਗੁਰਦੁਆਰੇ ਇਸ ਵੇਲੇ ਉਸਾਰੀ ਅਧੀਨ ਹਨ। ਇਨ੍ਹਾਂ ਸਭ ਗੱਲਾਂ ਦੇ ਬਾਵਜੂਦ ਕੁਈਨਜ਼ਲੈਂਡ ਵਿਚ ਪੰਜਾਬੀ ਭਾਈਚਾਰਾ ਰਾਜਨੀਤਕ ਤੌਰ 'ਤੇ ਯਤੀਮ ਨਜ਼ਰ ਆ ਰਿਹਾ ਹੈ। ਇੱਥੇ ਰਾਜਨੀਤਕ ਨੁਮਾਇੰਦਗੀ ਨਾਂਹ ਦੇ ਬਰਾਬਰ ਹੈ। ਜ਼ਰੂਰੀ ਸੇਵਾਵਾਂ ਜਿਵੇਂ ਪੁਲਸ, ਟਰਾਂਸਪੋਰਟ, ਰੈਸਟੋਰੈਂਟ, ਰੀਅਲ ਅਸਟੇਟ, ਸਿਹਤ, ਸੁਰੱਖਿਆ ਅਤੇ ਬਿਰਧ ਘਰ ਜਿਹੇ ਖ਼ਿੱਤਿਆਂ ਵਿਚ ਪੰਜਾਬੀ ਆਪਣਾ ਬਹੁਤ ਅਹਿਮ ਯੋਗਦਾਨ ਪਾ ਰਹੇ ਹਨ। ਦੱਖਣ ਪੂਰਬੀ ਕੁਈਨਜ਼ਲੈਂਡ ਵਿਚ ਗੋਲਡ ਕੋਸਟ ਆਸਟ੍ਰੇਲੀਆ ਦੀ ਟੂਰ ਰਾਜਧਾਨੀ ਹੈ। ਦੁਨੀਆਂ ਭਰ ਦੇ ਲੋਕਾਂ ਦਾ ਗੋਲਡ ਕੋਸਟ ਵਿਚ ਛੁੱਟੀ ਮਨਾਉਣਾ ਇਕ ਸੁਪਨਾ ਹੈ। ਸਾਰੀ ਦੁਨੀਆ ਦੇ ਗੋਲਫ ਖੇਡਣ ਦੇ ਸ਼ੌਕੀਨ ਇੱਥੇ ਆ ਕੇ ਗੋਲਫ ਖੇਡਣ ਦੀ ਇੱਛਾ ਰੱਖਦੇ ਹਨ। ਪੰਜਾਬੀਆਂ ਦੇ ਆਪਣੇ ਵੀ ਬਹੁਤ ਸਾਰੇ ਖੇਡ ਕਲੱਬ ਇੱਥੇ ਆਪਣਾ ਬਣਦਾ ਫ਼ਰਜ਼ ਨਿਭਾ ਰਹੇ ਹਨ। ਬਹੁਤ ਸਾਰੀਆਂ ਸਾਹਿਤਕ ਸਰਗਰਮੀਆਂ ਵੀ ਇੱਥੇ ਵੇਲੇ-ਵੇਲੇ ਸਿਰ ਹੁੰਦੀਆਂ ਰਹਿੰਦੀਆਂ ਹਨ। ਅੱਜ ਪੰਜਾਬੀ ਮੀਡੀਆ ਵੀ ਇੱਥੇ ਆਪਣੇ ਪੈਰ ਪਸਾਰ ਚੁੱਕਾ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਨਾਲ-ਨਾਲ ਪੰਜਾਬੀ ਮੀਡੀਆ ਦੀਆਂ ਪੈੜਾਂ ਇੱਥੇ ਤਕਰੀਬਨ 30 ਸਾਲ ਪਹਿਲਾਂ ਰਸ਼ਪਾਲ ਸਿੰਘ ਹੇਅਰ, ਸੱਤਪਾਲ ਸਿੰਘ ਸੱਤੀ, ਕ੍ਰਿਸ਼ਨ ਨਾਗਿਆ, ਮਨਜੀਤ ਬੋਪਾਰਾਏ, ਵੱਲੋਂ ਲਗਾਈਆਂ ਗਈਆਂ ਸਨ ਤੇ ਪੰਜਾਬੀ ਸੱਭਿਆਚਾਰ ਤੇ ਲੋਕ ਨਾਚਾਂ ਨੂੰ ਅੱਗੇ ਵਧਾਉਣ ਦਾ ਕੰਮ ਪ੍ਰਣਾਮ ਹੇਅਰ, ਅਵਨਿੰਦਰ ਲਾਲੀ, ਗੁਰਦੀਪ ਨਿੱਝਰ ਹੋਰਾਂ ਨੇ ਕੀਤਾ। ਅੱਜ ਕੱਲ੍ਹ ਬਹੁਤ ਸਾਰੇ ਨੌਜਵਾਨ ਰੇਡੀਉ ਟੀ.ਵੀ. ਰਾਹੀਂ ਦੁਨੀਆ ਭਰ ਨਾਲ ਕੁਈਨਜ਼ਲੈਂਡ ਨੂੰ ਜੋੜ ਰਹੇ ਹਨ।

ਤੇ ਹੁਣ ਗੱਲ ਕਰੀਏ ਬ੍ਰਿਸਬੇਨ ਨਾਲ ਲਗਦੇ ਸ਼ਹਿਰ ਗੋਲਡ ਕੋਸਟ ਦੀ ਇੱਥੋਂ ਦੀਆਂ ਬੀਚਾਂ ਆਪਣੇ ਪੰਜੀਰੀ ਵਰਗੀ ਮਿੱਟੀ ਲਈ ਮਸ਼ਹੂਰ ਹਨ। ਗੋਲਡ ਕੋਸਟ ਹਿੰਟਰਲੈਂਡ ਦੇ ਵਰਖਾ ਵਣਾਂ ਦੀ ਮਿਸਾਲ ਦੁਨੀਆ ਵਿਚ ਹੋਰ ਕਿਧਰੇ ਨਹੀਂ ਮਿਲਦੀ। ਕੁਈਨਜ਼ਲੈਂਡ ਬ੍ਰਿਸਬੇਨ ਦੇ ਦੋਵੇਂ ਪਾਸੇ ਵਿਸ਼ਵ ਦੇ ਪ੍ਰਸਿੱਧ ਸੈਰ ਸਪਾਟਾ ਕੇਂਦਰ 'ਸਨਸ਼ਾਈਨ ਕੋਸਟ ਅਤੇ ਗੋਲ਼ਡ ਕੋਸਟ' ਪੈਂਦੇ ਹਨ। ਬ੍ਰਿਸਬੇਨ ਦਾ ਮੌਸਮ ਸਾਰੇ ਆਸਟ੍ਰੇਲੀਆ ਵਿਚ ਵਧੀਆ ਅਤੇ ਸਾਰਾ ਸਾਲ ਕੰਮ ਕਰਦੇ ਰਹਿਣ ਲਈ ਢੁਕਵਾਂ ਮੰਨਿਆ ਜਾਂਦਾ ਹੈ। ਬ੍ਰਿਸਬੇਨ ਵਿਚ 'ਸਟੋਰੀ-ਬ੍ਰਿਜ਼' ਨਾਂ ਦਾ ਪੁਲ਼ ਇਸ ਸ਼ਹਿਰ 'ਚ ਵੱਡਾ ਪੁਲ਼ ਹੈ, ਇਹ ਤੋਂ ਇਲਾਵਾ ਮਾਊਂਟ-ਕੁਥਾ, ਕੋਯਾਲਾ ਜਾਨਵਰ ਰੱਖ, ਸਾਊਥ ਬੈਂਕ, ਸਿਟੀ ਹਾਲ, ਕੈਂਗਰੂ-ਪੁਆਇੰਟ, ਕਲਚਰਲ ਸੈਂਟਰ ਆਰਟ ਗੈਲਰੀ, ਕਨਵੈੱਨਸ਼ਨ ਸੈਂਟਰ, ਬੋਗੋ ਰੋਡ ਜੇਲ੍ਹ ਮਿਊਜ਼ੀਅਮ, ਆਸਟ੍ਰੇਲੀਅਨ ਜ਼ੂ ਆਦਿ ਇਸ ਸ਼ਹਿਰ ਦੇ ਹੋਰ ਵੇਖਣਯੋਗ ਕੇਂਦਰ ਹਨ। ਇੰਨਾ ਸ਼ੁੱਧ ਵਾਤਾਵਰਨ ਤੇ ਹਵਾ ਦੁਨੀਆ ਵਿਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ।

ਦੂਰ ਦੁਰਾਡੇ ਦੇ ਕੁਈਨਜ਼ਲੈਂਡ ਵਜੋਂਂ ਜਾਣੇ ਜਾਂਦੇ ਕੇਨਜ਼ ਅਤੇ ਇਸ ਦੇ ਨਾਲ ਲਗਦੇ ਏਰੀਆ 'ਚ ਪੰਜਾਬੀਆਂ ਦੀਆਂ ਪੈੜਾਂ ਦੋ ਸਦੀਆਂ ਤੋਂ ਵੀ ਪੁਰਾਣੀਆਂ ਹਨ। ਸ਼ੁਰੂਆਤੀ ਦੌਰ 'ਚ ਆਏ ਪੰਜਾਬੀਆਂ ਨੇ ਗੰਨੇ ਦੀ ਖੇਤੀ 'ਚ ਹੱਥੀਂ ਕੰਮ ਕਰ ਕੇ ਸਖ਼ਤ ਮਿਹਨਤਾਂ ਕੀਤੀਆਂ। ਅੱਜ-ਕੱਲ੍ਹ ਜੋ ਹਜ਼ਾਰਾਂ ਕਿੱਲਿਆਂ 'ਚ ਮਸ਼ੀਨਾਂ ਨਾਲ ਖੇਤੀ ਕਰਦੇ ਪੰਜਾਬੀ ਦਿਖਾਈ ਦਿੰਦੇ ਹਨ ਇਹ ਉਨ੍ਹਾਂ ਮਿਹਨਤਾਂ ਦੇ ਨਤੀਜੇ ਹਨ। ਹੁਣ ਲੋਕੀਂ ਗੰਨੇ ਦੇ ਨਾਲ-ਨਾਲ ਕੇਲੇ, ਪਪੀਤੇ, ਆਲੂ ਅਤੇ ਮੱਕੀ ਜਿਹੀਆਂ ਫ਼ਸਲਾਂ ਵੀ ਪੈਦਾ ਕਰ ਰਹੇ ਹਨ। 1983 'ਚ ਪਹਿਲੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਈ ਗਈ, ਹੁਣ ਇਸ ਇਲਾਕੇ 'ਚ ਤਿੰਨ ਗੁਰੂ ਘਰ ਸਥਾਪਤ ਹੋ ਚੁੱਕੇ ਹਨ। ਤਕਰੀਬਨ ਪੰਦਰਾਂ ਕੁ ਸੌ ਪਰਿਵਾਰ ਇੱਥੇ ਰਹਿੰਦੇ ਹਨ। ਦੋ ਗੁਰਦੁਆਰਾ ਸਾਹਿਬ ਕੇਨਜ਼ ਅਤੇ ਇਕ ਇੰਨੀਸਫੈਲ ਵਿਖੇ ਸੁਸ਼ੋਭਿਤ ਹਨ।

ਗੁਰਦੁਆਰਾ ਇੰਨੀਸਫਲ ਬਾਰੇ ਉੱਥੋਂ ਦੀਆਂ ਸੰਗਤਾਂ ਨੇ ਦੱਸਿਆ ਕਿ ਜਦੋਂ ਗੁਰੂਦੁਆਰਾ ਹੋਂਦ ਵਿਚ ਆਇਆ ਉਦੋਂ ਇੱਥੇ ਬਹੁਤ ਘੱਟ ਪਰਿਵਾਰਾਂ ਦੀ ਗਿਣਤੀ ਸੀ। ਕੁਝ ਪਰਿਵਾਰਾਂ ਨੇ ਪੈਸੇ ਜਮ੍ਹਾਂ ਕਰ ਕੇ ਇਮਾਰਤ ਖ਼ਰੀਦੀ ਅਤੇ ਗੁਰਦੁਆਰੇ ਦੀ ਸ਼ੁਰੂਆਤ ਹੋਈ। ਹੁਣ ਸੁੱਖ ਨਾਲ ਬਹੁਤ ਸੰਗਤ ਹੈ। ਇੱਥੇ ਦੀ ਸੰਗਤ ਵੱਲੋਂ ਆਸਟ੍ਰੇਲੀਆ ਲਈ ਸਿੱਖ ਫ਼ੌਜੀਆਂ ਦਾ ਹਿੱਸਾ ਪ੍ਰਚਾਰਿਆ ਜਾਂਦਾ ਹੈ। ਹਰ ਪੱਚੀ ਅਪ੍ਰੈਲ ਨੂੰ ਇੱਥੇ ਦੇ ਸਿੱਖਾਂ ਨੂੰ ਫ਼ੌਜੀਆਂ ਦੇ ਸ਼ਰਧਾਂਜਲੀ ਸਮਰਪਿਤ ਸਮਾਰੋਹ ਵਿਚ ਬੁਲਾਇਆ ਜਾਂਦਾ ਹੈ ਅਤੇ ਸਿੱਖਾਂ ਵੱਲੋਂ ਸ਼ਰਧਾਂਜਲੀ ਸਮਾਰੋਹ ਵਿਚ ਫੁੱਲ ਸਮਰਪਿਤ ਕੀਤੇ ਜਾਂਦੇ ਹਨ। ਇਸ ਮੌਕੇ ਸਿੱਖ ਸੰਗਤ ਵੱਲੋਂ ਪਾਣੀ ਦੀਆਂ ਬੋਤਲਾਂ ਦੀ ਛਬੀਲ ਲਗਾਈ ਜਾਂਦੀ ਹੈ। ਇਹ ਸਿਲਸਿਲਾ ਪਿਛਲੇ ਕੁਝ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਇੱਥੇ ਦੀ ਲਾਇਬ੍ਰੇਰੀ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੇਧ ਅਨੁਸਾਰ ਲਿਖੀਆਂ ਇਤਿਹਾਸਕ ਕਿਤਾਬਾਂ ਵੀ ਹਨ।

J ਹਰਪ੍ਰੀਤ ਸਿੰਘ ਕੋਹਲੀ

Posted By: Harjinder Sodhi