ਕੀਰਤਪੁਰ ਸਾਹਿਬ ਦੇ ਬਾਹਰ ਮੇਨ ਸੜਕ ’ਤੇ ਮੈਂ ਲੰਘੀ 24 ਅਪ੍ਰੈਲ ਐਤਵਾਰ ਸਵੇਰੇ 6 ਵਜੇ ਚਾਹ ਪੀ ਰਿਹਾ ਸੀ। ਉਸ ਵਕਤ ਸਾਰੇ ਬਾਜ਼ਾਰ ’ਚ ਇਕੋ ਹੀ ਚਾਹ ਦੀ ਦੁਕਾਨ ਖੁੱਲ੍ਹੀ ਸੀ। ਇਸ ਤੋਂ ਪਹਿਲਾਂ, ਮੈਂ ਬੀਤੀ ਰਾਤ ਲੁਧਿਆਣੇ ਸਟੇਸ਼ਨ ਤੋਂ ਟਰੇਨ ਰਾਹੀਂ ਅੰਬਾਲਾ ਤੇ ਫਿਰ ਇੱਥੋਂ ਹਿਮਾਚਲ ਐਕਸਪ੍ਰੈਸ ਟਰੇਨ ਰਾਹੀਂ ਸਵੇਰੇ ਸਾਢੇ ਪੰਜ ਵਜੇ ਕੀਰਤਪੁਰ ਸਾਹਿਬ ਦੇ ਰੇਲਵੇ ਸਟੇਸ਼ਨ ’ਤੇ ਉੱਤਰਿਆ। ਮੇਰਾ ਮਨਪਸੰਦੀ ਦਾ ਸਫ਼ਰ ਦਾ ਸਾਧਨ ਰੇਲ ਗੱਡੀ ਹੈ। ਇਸ ਲਈ ਜਿੱਥੋੋਂ ਤਕ ਰੇਲ ਅੱਪੜਦੀ ਹੈ, ਮੈਂ ਇਸ ਨੂੰ ਪਹਿਲ ਦਿੰਦਾ ਹਾਂ।

ਹਿਮਾਚਲ ਡਿੱਪੂ ਦੀ ਮੰਡੀ ਜਾ ਰਹੀ ਬੱਸ ਮੇਰੇ ਅੱਗੇ ਆ ਕੇ ਰੁਕਦੀ ਹੈ। ਬੱਸ ’ਚ ਪੱਚੀ-ਤੀਹ ਸਵਾਰੀਆਂ ਹਨ। ਜਦੋੋਂ ਬੱਸ ਦੇ ਕੰਡਕਟਰ ਨੂੰ ਮੈਂ ਆਪਣੀ ਮੰਜ਼ਿਲ ਰਿਵਾਲਸਰ ਦੱਸਦਾ ਹਾਂ ਤਾਂ ਉਹ ਬੜਾ ਖ਼ੁਸ਼ ਹੁੰਦਾ ਹੈ, ਕਿਉਂਕਿ ਉਸ ਦਾ ਪਿੰਡ ਵੀ ਰਿਵਾਲਸਰ ਦੇ ਕੋਲ ਹੀ ਹੈ। ਕੀਰਤਪੁਰ ਸਾਹਿਬ ਤੋਂ ਨੈਰ ਚੌਕ ਦੀ ਟਿਕਟ 250 ਰੁਪਏ ਹੈ। ਨੈਰ ਚੌਕ ਤੋਂ ਰਿਵਾਲਸਰ ਲਈ ਬੱਸ ਬਦਲਣੀ ਪੈਂਦੀ ਹੈ। ਸਵਾਰੀਆਂ ਆਪੋ-ਆਪਣੇ ਮੋਬਾਈਲ ਫੋਨਾਂ ਵਿਚ ਰੁਝੀਆਂ ਹੋਈਆਂ ਨੇ, ਮੈਂ ਬਾਹਰਲੇ ਪਹਾੜੀ ਨਜ਼ਾਰਿਆਂ ’ਚ ਮਸ਼ਰੂਫ਼ ਹੋ ਜਾਂਦਾ ਹਾਂ। ਬਿਲਾਸਪੁਰ ਅਤੇ ਸੁੰਦਰ ਨਗਰ ਪਾਰ ਹੁੰਦਿਆਂ ਹੀ, ਬੱਸ ਮੈਨੂੰ ਨੈਰ ਚੌਕ ’ਚ ਉਤਾਰਦੀ ਹੈ।

ਨੈਰ ਚੌਕ ਮੰਡੀ ਸ਼ਹਿਰ ਤੋਂ ਥੋੜ੍ਹਾ ਪਹਿਲਾਂ ਮਸ਼ਹੂਰ ਚੌਕ ਹੈ। ਹਰ ਤਰ੍ਹਾਂ ਦੀਆਂ ਸ਼ਹਿਰੀ ਸਹੂਲਤਾਂ ਵਾਲੇ ਨੈਰ ਚੌਕ ਵਿੱਚੋਂ, ਕਈ ਦਿਸ਼ਾਵਾਂ ਨੂੰ ਬੱਸਾਂ ਚੱਲਦੀਆਂ ਹਨ। ਚਾਹ ਪਾਣੀ ਪੀਣ ਉਪਰੰਤ, ਇੱਥੋਂ ਮੈਨੂੰ ਰਿਵਾਲਸਰ ਦੀ ਬੱਸ ਮਿਲਦੀ ਹੈ। ਰਿਵਾਲਸਰ ਇੱਥੋਂ ਕਰੀਬ 17 ਕਿਲੋਮੀਟਰ ਅਤੇ ਮਿੰਨੀ ਬੱਸ ਦਾ ਕਿਰਾਇਆ 40 ਰੁਪਏ ਹੈ। ਸਾਰੇ ਦਿਨ ਵਿਚ ਕਰੀਬ 12-13 ਬੱਸਾਂ ਹੀ ਜਾਂਦੀਆਂ ਹਨ। ਸੜਕ ਦੀ ਚੌੜਾਈ ਘੱਟ ਹੋਣ ਕਰਕੇ ਡਰਾਵਿੰਗ ਸਾਵਧਾਨੀ ਨਾਲ ਕਰਨੀ ਪੈਂਦੀ ਹੈ।

ਕਰੀਬ ਇਕ ਘੰਟੇ ਦੇ ਸਫ਼ਰ ਤੋਂ ਬਾਆਦ, ਬੱਸ ਰਿਵਾਲਸਰ ਦੇ ਬੱਸ ਸਟਾਪ ’ਤੇ ਰੁਕਦੀ ਹੈ। ਰਿਵਾਲਸਰ ਦੀ ਭਾਗਾਂ ਭਰੀ ਧਰਤੀ ’ਤੇ ਕਦਮ ਧਰਦਿਆਂ ਮੈਨੂੰ ਬੜਾ ਫਖ਼ਰ ਮਹਿਸੂਸ ਹੁੰਦਾ ਹੈ, ਕਿਉਂਕਿ ਇਸ ਪਾਵਨ ਧਰਤੀ ’ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਮਹੀਨਾ ਅਤੇ ਦੋ ਦਿਨ ਵਿਸ਼ਰਾਮ ਕੀਤਾ ਸੀ।

ਹਿਮਾਚਲ ਦੇ ਸਰਕਾਰੀ ਹੋਟਲ ਦੇ ਕਰਮਚਾਰੀ ਮਸ਼ਰੂਫ ਹਨ। ਥੋੜ੍ਹੀ ਦੇਰ ਬਾਅਦ ਮੈਨੂੰ ਕਮਰਾ ਮਿਲਦਾ ਹੈ। ਕਮਰਾ ਸਾਰੀਆਂ ਸਹੂਲਤਾਂ ਸਮੇਤ ਕਿਰਾਇਆ 1260 ਰੁਪਏ। ਤਰੋਤਾਜ਼ਾ ਹੋ ਕੇ ਸਭ ਤੋਂ ਪਹਿਲਾਂ, ਮੈਂ ਸਿਰ ਢਕ ਕੇ ਗੁਰਦੁਆਰਾ ਸਾਹਿਬ ਜਾਂਦਾ ਹਾਂ। ਕਰੀਬ 50 ਫੁੱਟ ਦੀ ਉੱਚਾਈ ’ਤੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਹੈ। ਗੁਰੂ ਜੀ ਦੀ ਚਰਨ-ਛੋਹ ਪਾਵਨ ਧਰਤੀ ’ਤੇ 30-40 ਪੌੜੀਆਂ ਚੜ੍ਹ ਕੇ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਅੱਗੇ ਮੱਥਾ ਟੇਕਦਾ ਹਾਂ। ਆਲੇ-ਦੁਆਲੇ ਕੁਦਰਤੀ ਰੂਹਾਨੀ ਖ਼ੁਸ਼ਬੂ ਦਾ ਅਹਿਸਾਸ ਹੁੰਦਾ ਹੈ। ਇਕ ਇਲਾਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਜੀ ਦੇ ਪ੍ਰਕਾਸ਼ ਦੇ ਨਾਲ ਬੈਠੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਜੀ ਨਾਲ ਵਾਰਤਾ ਹੁੰਦੀ ਹੈ। ਉਸ ਵਕਤ ਭਾਈ ਸਾਹਿਬ, ਮੈਂ ਅਤੇ ਇਕ ਹੋਰ ਸੇਵਾਦਾਰ ਹੀ ਹਨ। ਮੈਂ ਭਾਈ ਸਾਹਿਬ ਕੋਲੋਂ ਦਸਮ ਪਾਤਸ਼ਾਹ ਦੇ ਇਤਿਹਾਸ ਬਾਰੇ ਜਾਣਕਾਰੀ ਮੰਗਦਾ ਹਾਂ।

ਭਾਈ ਸਾਹਿਬ ਦੀਆਂ ਅੱਖਾਂ ’ਚ ਗੁਰੂ ਘਰ ਦਾ ਪਿਆਰ ਠਾਠਾਂ ਮਾਰਦਾ ਹੈ। ਉਹ ਬੜੀ ਖ਼ੁਸ਼ੀ ਨਾਲ ਮੈਨੂੰ ਦਸਮ ਪਾਤਸ਼ਾਹ ਦੇ ਇੱਥੇ ਹੋਏ ਕਿਯਾਮ ਦੀ ਜਾਣਕਾਰੀ ਦਿੰਦੇ ਹਨ। ਭਾਈ ਸਾਹਿਬ ਫਰਮਾਉਣ ਲੱਗੇ, ਸੰਨ 1721 ਵਿਚ ਦਸਮ ਪਾਤਸ਼ਾਹ ਆਪਣੇ ਪਰਿਵਾਰ ਸਮੇਤ ਇੱਥੇ ਪਧਾਰੇ ਸਨ, ਉਨ੍ਹਾਂ ਨਾਲ 500 ਘੋੜ ਸਵਾਰ ਸਿੰਘ ਵੀ ਆਏ ਸਨ। ਦਸਮ ਪਾਤਸ਼ਾਹੀ ਨੇ ਆਪਣੇ ਪਰਿਵਾਰ ਨਾਲ ਇੱਥੇ ਵਿਸਾਖੀ ਮਨਾਈ। ਪਾਤਸ਼ਾਹ ਇਕ ਮਹੀਨਾ ਦੋ ਦਿਨ ਇੱਥੇ ਰਹੇ। 22 ਧਾਰ ਦੇ ਪਹਾੜੀ ਰਾਜੇ, ਮਹਾਰਾਜ ਜੀ ਨੂੰ ਮਿਲਣ ਲਈ ਇੱਥੇ ਆਏ। ਖੰਡੇ ਬਾਟੇ ਦਾ ਅੰਮਿ੍ਰਤ ਤਿਆਰ ਕੀਤਾ ਗਿਆ। ਰਾਜਿਆਂ ਨੇ ਬੇਨਤੀ ਕੀਤੀ, ਮਹਾਰਾਜ ਜੀ, ਅਸੀਂ ਰਾਜੇ ਹਾਂ, ਸਾਡੇ ਵਾਸਤੇ ਵਿਸ਼ੇਸ਼ ਅੰਮਿ੍ਰਤ ਤਿਆਰ ਕੀਤਾ ਜਾਵੇ। ਗੁਰੂ ਜੀ ਨੇ ਇਨਕਾਰ ਕਰ ਦਿੱਤਾ ਤੇ ਕਿਹਾ,‘ਅੰਮਿ੍ਰਤ ਇਕ ਹੀ ਹੁੰਦਾ ਹੈ।’

ਫਿਲਮਾਂ ਦੀ ਸ਼ੂਟਿੰਗ

ਸੰਨ 1998 ਵਿਚ ਰਿਲੀਜ਼ ਹੋਈ, ਅਦਾਕਾਰ ਬੌਬੀ ਦਿਉਲ ਦੀ ਫਿਲਮ ‘ਕਰੀਬ’ ਦੀ ਸ਼ੂਟਿੰਗ ਇੱਥੇ ਗੁਰਦੁਆਰਾ ਸਾਹਿਬ ਅਤੇ ਰਿਵਾਲਸਰ ਵਿਚ ਹੋਈ ਸੀ। ਜਿਸ ’ਚ ਬੌਬੀ ਦਿਉਲ ਨੇ ਇਕ ਕੱਪੜੇ ਦੇ ਵਪਾਰੀ ਦੇ ਵਿਹਲੜ ਪੁੱਤਰ ਦੀ ਭੂਮਿਕਾ ਨਿਭਾਈ ਸੀ। ਭਾਈ ਕੁਲਵਿੰਦਰ ਸਿੰਘ ਜੀ ਨੇ ਮੈਨੂੰ ਉਹ ਸਫੈਦੇ ਦਾ ਰੁੱਖ਼ ਵੀ ਵਿਖਾਇਆ, ਜਿਹੜਾ ਫਿਲਮ ਇੰਡਸਟਰੀ ਵਾਲੇ, ਉੱਥੋਂ ਜਾਣ ਲੱਗਿਆਂ ਲਾ ਗਏ ਸਨ। ਪੰਜਾਬੀ ਫਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਦੀ ਸ਼ੂਟਿੰਗ ਵੀ ਇੱਥੇ ਹੋਈ ਸੀ। ਗੁਰਦੁਆਰਾ ਸਾਹਿਬ ਦੀ ਇਮਾਰਤ ਪਹਾੜੀ ’ਤੇ ਹੈ। ਇੱਥੇ ਠਹਿਰਨ ਲਈ ਯਾਤਰੀਆਂ ਲਈ ਕਮਰੇ ਵੀ ਬਣੇ ਹਨ। ਲੰਗਰ ਘਰ ’ਚ ਆਈ ਸੰਗਤ ਨੂੰ ਲੰਗਰ ਮਿਲਦਾ ਹੈ। ਇਹ ਗੁਰਦਵਾਰਾ ਮੰਡੀ ਦੇ ਰਾਜੇ ਜੋਗਿੰਦਰ ਸੈਨ ਨੇ ਬਣਵਾਇਆ ਸੀ। ਰਾਜਾ ਜੋਗਿੰਦਰ ਸੈਨ ਗੁਰੂ ਘਰ ਦਾ ਸੱਚਾ ਸ਼ਰਧਾਲੂ ਸੀ। ਬੜੇ ਮਿਲਾਪੜੇ ਸੁਭਾਅ ਦੇ ਭਾਈ ਕੁਲਵਿੰਦਰ ਸਿੰਘ ਨੇ ਮੈਨੂੰ ਆਪ ਲੰਗਰ ਛਕਾਇਆ ਅਤੇ ਬੜੀ ਖ਼ੁਸ਼ੀ ਨਾਲ ਆਗਿਆ ਲੈ ਕੇ ਮੈਂ ਉੱਥੋਂ ਵਾਪਸ ਆਇਆ।

ਇਤਿਹਾਸਕ ਸੁੰਦਰ ਝੀਲ

ਬੜੀ ਸਾਫ਼ ਸੁਥਰੀ ਝੀਲ ਦੇ ਆਲੇ ਦੁਆਲੇ ਮੈਂ ਘੁੰਮ ਰਿਹਾ ਹਾਂ। ਰਿਵਾਲਸਰ ਦੀ ਨਗਰ ਪੰਚਾਇਤ ਨੇ ਝੀਲ ਕਿਨਾਰੇ ਇਕ ਪੱਕਾ ਵਿਸ਼ਰਾਮ ਘਰ ਉਸਾਰਿਆ ਹੋਇਆ ਹੈ। ਬੈਠਣ ਲਈ ਸੀਮਿੰਟ ਦੇ ਕੁਝ ਬੈਂਚ ਵੀ ਲੱਗੇ ਹੋਏ ਹਨ। ਇੱਥੇ ਬੈਠ ਕੇ ਸੈਲਾਨੀ ਝੀਲ ਦਾ ਨਜ਼ਾਰਾ ਲੈ ਸਕਦੇ ਹਨ ਅਤੇ ਮੱਛੀਆਂ ਦੀਆਂ ਖਰਮਸਤੀਆਂ ਵੇਖ ਸਕਦੇ ਹਨ। ਝੀਲ ’ਚ ਬਹੁਤ ਮੱਛੀਆਂ ਹਨ। ਮੱਛੀਆਂ ਨੂੰ ਆਟਾ ਪਾਉਣ ਅਤੇ ਫੜਨ ਦੀ ਸਖ਼ਤ ਮਨਾਹੀ ਹੈ। ਝੀਲ ਦੇ ਆਲੇ-ਦੁਆਲੇ ਪਰਕਰਮਾ ਵਰਗੀ ਕੱਚੀ-ਪੱਕੀ ਸੜਕ ਹੈ। ਇਕ ਪਾਸੇ ਗੁਰਦੁਆਰਾ ਸਾਹਿਬ, ਝੀਲ ਪਾਰ ਦੂਜੇ ਪਾਸੇ, ਤਿੰਨ-ਚਾਰ ਮੰਦਰ ਹਨ। ਇਕ ਪ੍ਰਾਚੀਨ ਸ਼ਿਵ ਮੰਦਰ, ਲਕਸ਼ਮੀ ਨਰਾਇਣ ਮੰਦਰ ਅਤੇ ਇਕ ਲੋਮਸ਼ ਰਿਸ਼ੀ ਦਾ ਮੰਦਰ ਹੈ।

ਲੋਮਸ਼ ਰਿਸ਼ੀ ਨੂੰ ਝੀਲਾਂ ਦਾ ਦੇਵਤਾ ਵੀ ਕਿਹਾ ਜਾਂਦਾ ਹੈ। ਕਈ ਤਰ੍ਹਾਂ ਦੇ ਸ਼ੂੁਖ਼ਸ਼ਮ ਪ੍ਰਾਣੀ, ਗੰਧਰਵ, ਕਿੰਨਰ, ਮੁੰਜਲਾ, ਪੰਚਪੁਰੀ ਆਦਿ ਲੋਮਸ਼ ਰਿਸ਼ੀ ਦੇ ਅਧੀਨ ਹਨ। ਇਕ ਬੀਬੀ ਲੋਮਸ਼ ਰਿਸ਼ੀ ਦੇ ਮੰਦਰ ਅੰਦਰ, ਹਰ ਆਏ ਵਿਅਕਤੀ ਨੂੰ ਪ੍ਰਸ਼ਾਦ ਦੇ ਰਹੀ ਸੀ। ਦੁਪਹਿਰ ਢਲੀ ਤੇ ਸ਼ਾਮ ਦੇ ਚਾਰ ਵਜ ਗਏ। ਸ਼ਿਮਲਾ ਦੇ ਕਿਸੇ ਸਰਕਾਰੀ ਸਕੂਲ ਦੇ ਆਏ ਕੁੱਝ ਕੁੜੀਆਂ-ਮੰੁਡੇ ਰਿਵਾਲਸਰ ਦੇ ਬਾਜ਼ਾਰ ’ਚ ਘੁੰਮ ਰਹੇ ਹਨ। ਬੱਚਿਆਂ ਦੇ ਟੀਚਰ ਸਮੇਤ ਮੈਂ ਕੁੱਝ ਫੋਟੂਆਂ ਉਨ੍ਹਾਂ ਦੀਆਂ ਖਿੱਚਦਾ ਹਾਂ। ਬੱਚੇ ਬੜੇ ਖ਼ੁਸ਼ ਹੁੰਦੇ ਨੇ। ਰਿਵਾਲਸਰ ਛੋਟਾ ਜਿਹਾ ਸੈਲਾਨੀ ਕੇਂਦਰ ਹੈ, ਜੋ ਕਿ ਬੜਾ ਖ਼ੂਬਸੂਰਤ ਹੈ। ਇਸ ਦੀ ਉੱਚਾਈ 1360 ਮੀਟਰ (4460 ਫੁੱਟ) ਹੈ। ਇੱਥੋਂ ਮੰਡੀ 24 ਕਿਲੋਮੀਟਰ, ਪਰਾਸ਼ਰ ਝੀਲ 80 ਕਿਲੋਮੀਟਰ, ਮਨਰੇਗਾ ਪਾਰਕ 65 ਕਿਲੋਮੀਟਰ, ਬੀਰ ਬੀਲਿੰਗ 105 ਅਤੇ ਮਨਾਲੀ 130 ਕਿਲੋਮੀਟਰ ਹੈ। ਪੰਜਾਬ ਵਿੱਚੋਂ ਆਉਣ ਦਾ ਸੌਖਾ ਰਾਹ, ਕੀਰਤਪੁਰ ਸਾਹਿਬ ਤੋਂ ਚੱਲ ਕੇ ਬਿਲਾਸਪੁਰ, ਸੁੰਦਰ ਨਗਰ ਲੰਘ ਕੇ, ਮੰਡੀ ਤੋਂ ਥੋੜ੍ਹਾ ਜਿਹਾ ਪਹਿਲਾਂ, ਨੈਰ ਚੌਕ ਤੋਂ ਖੱਬੇ ਪਾਸੇ ਮੁੜਦੀ ਸੜਕ ’ਤੇ ਹੈ। ਵੈਸੇ ਹੁਸ਼ਿਆਰਪੁਰ, ਕਾਂਗੜਾ, ਪਾਲਮਪੁਰ, ਜੋਗਿੰਦਰ ਨਗਰ ਹੁੰਦੇ ਹੋਏ ਵੀ ਮੰਡੀ ਰਾਹੀਂ ਰਿਵਾਲਸਰ ਪਹੁੰਚਿਆ ਜਾ ਸਕਦਾ ਹੈ।

ਤਿੱਬਤੀ ਮੰਦਰ (ਮੱਠ)

ਤਿੱਬਤੀਆਂ ਦੇ ਪਾਵਨ ਗੁਰੂ ਪਦਮ ਸੰਮਭਵ ਦਾ ਮੁਕਾਮ ਇੱਥੇ ਰਿਵਾਲਸਰ ਵਿਚ ਹੀ ਸੀ। ਮੰਡੀ ਦੇ ਰਾਜੇ ਅਸ਼ਰਧਰ ਨੂੰ ਇਹ ਜਾਣਕਾਰੀ ਮਿਲੀ ਕਿ ਉਨ੍ਹਾਂ ਦੀ ਬੇਟੀ ਨੇ ਗੁਰੂ ਪਦਮਸੰਮਭਵ ਕੋਲੋਂ ਆਤਮ ਦੀਕਸ਼ਾ ਲਈ ਹੈ, ਤਾਂ ਰਾਜਾ ਗੁੱਸੇ ’ਚ ਲਾਲ-ਪੀਲਾ ਹੋ ਗਿਆ। ਉਨ੍ਹਾਂ ਦਿਨਾਂ ਵਿਚ ਲਾਮਿਆਂ ਦਾ ਧਰਮ ਨਵਾਂ ਹੀ ਪ੍ਰਚੱਲਿਤ ਹੋਇਆ ਸੀ। ਇਸ ਧਰਮ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ। ਰਾਜੇ ਨੇ ਗੁਰੂ ਪਦਮਸੰਮਭਵ ਨੂੰ ਜਿੰਦਾ ਸਾੜਨ ਦਾ ਹੁਕਮ ਸੁਣਾ ਦਿੱਤਾ। ਬਹੁਤ ਸਾਰੀ ਲੱਕੜ ਦੀ ਵਰਤੋਂ ਕਰ ਕੇ, ਇਕ ਵੱਡੀ ਚਿਤਾ ਬਣਾਈ ਗਈ। ਇਹ ਚਿਤਾ 7 ਦਿਨ ਬਲਦੀ ਰਹੀ, ਜਲਦੀ ਹੀ ਇਸ ਰਾਖ ਨੇ ਇਕ ਵੱਡੀ ਝੀਲ ਦਾ ਰੂਪ ਧਾਰ ਲਿਆ। ਦੱਸਿਆ ਜਾਂਦਾ ਹੈ ਕਿ ਝੀਲ ਵਿੱਚੋਂ ਕਮਲ ਦੇ ਫੁੱਲ ’ਤੇ ਬੈਠੇ ਗੁਰੂ ਪਦਮਸੰਮਭਵ ਇਕ ਛੋਟੇ ਜਿਹੇ ਬੱਚੇ ਦੇ ਰੂਪ ਵਿਚ ਪ੍ਰਗਟ ਹੋਏ। ਇਸ ਲਈ ਤਿਬਤੀ ਲਾਮਿਆਂ ਦਾ ਇਸ ਰਿਵਾਲਸਰ ਦੀ ਧਰਤੀ ਨਾਲ ਅੰਤਾਂ ਦਾ ਪਿਆਰ ਹੈ।

ਮੈਰੂਨ ਵਸਤਰ ਵਾਲੇ (ਆਤਮ ਦੀਕਸ਼) ਲਾਮੇ, ਰਿਵਾਲਸਰ ’ਚ ਪ੍ਰਥਾਨਾ ਚੱਕਰ ਘੁਮਾਉਂਦੇ ਆਮ ਵੇਖੇ ਜਾ ਸਕਦੇ ਹਨ। ਘੋਨ-ਮੋਨ ਮੈਰੂਨ ਕੱਪੜੇ ਪਾਈ ਇਸਤਰੀਆਂ (ਅਣੀ) ਵੀ ਨਜ਼ਰ ਆਉਦੀਆਂ ਹਨ। ਲਾਮਿਆਂ ਦੇ ਚਾਰ ਭਵਨ ਹਨ। ਤਿੱਬਤੀ ਸ਼ੈਲੀ ’ਚ ਬਣੇ, ਇਹ ਭਵਨ ਬਹੁਤ ਸੁੰਦਰ ਹਨ, ਇਨ੍ਹਾਂ ’ਚ ਵੱਡਾ ਪ੍ਰਥਾਨਾ ਸਭਾ (ਮੱਠ) ਬਹੁਤ ਉਚਾਈ ’ਤੇ ਹੈ। ਕੁੱਝ ਪਹਾੜੀ ਘਰਾਂ ’ਚੋਂ ਹੁੰਦਾ ਹੋਇਆ, ਅਣਗਿਣਤ ਪੌੜੀਆਂ ਚੜ੍ਹਦਿਆਂ ਲਗਪਗ 1000 ਫੱੁਟ ਦੀ ਉਚਾਈ ’ਤੇ ਮੈਂ ਇਸ ਪ੍ਰਾਰਥਨਾ ਮੰਦਰ ਵਿਚ ਪਹੁੰਚਦਾ ਹਾਂ। ਉੱਥੇ ਕੋਈ ਵੀ ਨਹੀਂ, ਸਿਰਫ਼ ਦੋ-ਤਿੰਨ ਬੱਚੇ ਕਿ੍ਰਕਟ ਖੇਡ ਰਹੇ ਸਨ। ਇਕ ਬੱਚਾ ਹਿੰਦੀ ’ਚ ਪੁੱਛਦਾ ਹੈ, ਆਪ ਦੇਖਣਾ ਚਾਹਤੇ ਹੈਂ? ਮੇਰੀ ਹਾਂ ਸੁਣ ਕੇ ਉਹ ਆਲੀਸ਼ਾਨ ਮੰਦਰ ਦਾ ਸੁੰਦਰ ਦਰਵਾਜ਼ਾ ਮੇਰੇ ਵਾਸਤੇ ਖੋਲ੍ਹ ਦਿੰਦਾ ਹੈ। ਜੁੱਤੀ ਲਾਹ ਕੇ ਜਦੋਂ ਮੈਂ ਅੰਦਰ ਜਾਂਦਾ ਹਾਂ, ਮੇਰੇ ਮੁੂੰਹੋ ਵਾਹ ਨਿਕਲਦਾ ਹੈ, ਏਨਾ ਸੁੰਦਰ ਭਵਨ! ਸਾਹਮਣੇ ਮਹਾਤਮਾ ਬੁੱਧ ਦੀ ਆਦਮ-ਕੱਦ ਮੂਰਤੀ ਪਈ ਹੈ। ਮੰਦਰ ਦੀਆਂ ਦੀਵਾਰਾਂ ਅਤੇ ਛੱਤ ਦੀ ਚਿੱਤਰਕਾਰੀ ’ਚ ਤਿੱਬਤ ਧਰਮ ਦਾ ਇਤਿਹਾਸ ਲੁਕਿਆ ਹੋਇਆ ਹੈ। ਫ਼ਰਸ਼ ’ਤੇ ਕਲੀਨ ਅਤੇ ਲੱਕੜ ਦੀਆਂ ਪ੍ਰਾਰਥਨਾ ਚੌਕੀਆਂ ਰੱਖੀਆਂ ਹੋਈਆਂ ਸਨ।

ਇਸ ਪ੍ਰਾਰਥਾਨਾ ਸਭਾ ਦੀ ਉੱਪਰਲੀ ਛੱਤ ’ਤੇ ਤਿੱਬਤ ਦੇ ਗੁਰੂ ਦੀ ਬੜੀ ਉੱਚੀ ਅਤੇ ਚੌੜੀ ਮੂਰਤੀ ਬਣੀ ਹੋਈ ਹੈ। ਇਹ ਮੂਰਤੀ ਸਾਰੇ ਰਿਵਾਲਸਰ ਵਿੱਚੋਂ ਕਿਤੋਂ ਵੀ ਖੜ੍ਹੇ ਹੋ ਕੇ ਤੁਸੀਂ ਵੇਖ ਸਕਦੇ ਹੋ। ਪ੍ਰਾਰਥਨਾ ਸਭਾ ਦੀ ਉੱਚਾਈ ਤੋਂ ਥੱਲੇ ਰਿਵਾਲਸਰ ਬੜਾ ਸੁੰਦਰ ਲੱਗਦਾ ਹੈ। ਇਹ ਤਿੱਬਤੀ ਪ੍ਰਾਰਥਨਾ ਮੰਦਰ, ਭੂਟਾਨ ਕਲਾ ਦਾ ਬੇਜੋੜ ਨਮੂਨਾ ਹੈ। ਇਸ ਨੂੰ ਦੋਬਾਰਾ ਪੇਂਟ ਕਰਨ ਲਈ ਹੁਸ਼ਿਆਰਪੁਰ ਦੇ ਕੁਸ਼ਲ ਕਾਰੀਗਰ ਪਹੁੰਚੇ ਹੋਏ ਸਨ।

ਇਕ ਤਿਬੱਤੀ ਮੰਦਰ ਮਾਰਕੀਟ ’ਚ ਬਣਿਆ ਹੋਇਆ ਹੈ। ਦੋ ਵੱਡੀਆਂ ਅਖੰਡ ਜੋਤਾਂ ਲਟ-ਲਟ ਬਲ਼ ਰਹੀਆਂ ਹਨ। ਦੇਗੀ ਲੋਹੇ ਦਾ ਬਣਿਆ ਵੱਡਾ ਟੱਲ ਇਕ ਚਬੂਤਰੇ ’ਤੇ ਫਿੱਟ ਹੈ, ਜਿਸ ’ਤੇ ਤਿਬੱਤੀ ਭਾਸ਼ਾ ’ਚ ਮੰਤਰ ਲਿਖੇ ਹੋਏ ਹਨ। ਇਹ ਮੰਦਰ ਵੀ ਸੁੰਦਰ ਹੈ ਅਤੇ ਸਫ਼ਾਈ ਨੂੰ ਪਹਿਲਾ ਦਰਜਾ ਦਿੱਤਾ ਜਾ ਸਕਦਾ ਹੈ।

ਦੋ ਤਿੱਬਤੀ ਭਵਨ ਗੁਰਦੁਆਰਾ ਸਾਹਿਬ ਦੇ ਨੇੜੇ ਹਨ। ਇਨ੍ਹਾਂ ਵਿਚ ਤਿੱਬਤ ਧਰਮ ਦੀ ਸਿੱਖਿਆ ਦਿੱਤੀ ਜਾਂਦੀ ਹੈ। ਰਿਵਾਲਸਰ 3 ਧਰਮਾਂ ਦੀ ਤਿ੍ਰਵੈਣੀ ਹੈ। ਹਿੰਦੂ, ਸਿੱਖ ਅਤੇ ਤਿੱਬਤੀ ਲੋਕ ਅਮਨ-ਅਮਾਨ ਨਾਲ ਰਹਿੰਦੇ ਹਨ। ਇੱਥੇ ਤਿਬੱਤੀ, ਪਹਾੜੀ ਅਤੇ ਹਿੰਦੀ ਬੋਲੀ ਜਾਂਦੀ ਹੈ। ਵਿਸਾਖੀ ਇੱਥੇ ਧੂਮ-ਧਾਮ ਨਾਲ ਮਨਾਈ ਜਾਂਦੀ ਹੈ। ਤਿੱਬਤੀਆਂ ਦਾ ਸ਼ਿਸ਼ੂ ਮੇਲਾ ਵੀ ਰਲ ਮਿਲ ਕੇ ਮਨਾਇਆ ਜਾਂਦਾ ਹੈ। ਇੱਥੇ ਦਾ ਮੌਸਮ ਸਾਰਾ ਸਾਲ ਠੰਢਾ ਰਹਿੰਦਾ ਹੈ। ਜ਼ਿਆਦਾ ਸਰਦੀ ’ਚ ਬਰਫ਼ ਪੈਂਦੀ ਹੈ। ਤੁਹਾਨੂੰ ਰਿਵਾਲਸਰ ਵਿਚ ਕਿੱਧਰੇ ਵੀ-ਕੂਲਰ, ਏ-ਸੀ ਨਜ਼ਰ ਨਹੀਂ ਆਏਗਾ। ਘਰਾਂ ਅਤੇ ਹੋਟਲਾਂ ’ਚ ਪੱਖੇ ਹੀ ਲੱਗੇ ਹੋਏ ਹਨ।

ਮਾਰਕੀਟ

ਦੋ-ਤਿੰਨ ਮਾਰਕੀਟਾਂ ਨੂੰ ਰਿਵਾਲਸਰ ਮਾਰਕੀਟ ਹੀ ਕਿਹਾ ਜਾਂਦਾ ਹੈ। ਜ਼ਿਆਦਾ ਦੁਕਾਨਾਂ ਚਾਈਨਾ ਫੂਡ ਦੀਆਂ ਹਨ। ਜਨਰਲ ਸਟੋਰ, ਮੂਰਤੀਆਂ ਦੀਆਂ ਦੁਕਾਨਾਂ, ਕਰਿਆਨਾ ਸਟੋਰ, ਲੱਕੜੀ ਦਾ ਸਾਮਾਨ, ਤਿੱਬਤ ਦੇ ਮਖੌਟੇ, ਬੁੱਧ ਦੀਆਂ ਮੂਰਤੀਆਂ, ਸਨੈਕਬਾਰ ਅਤੇ ਹੋਟਲ ਹਨ। ਹਿਮਾਚਲ ਟੂਰਿਜ਼ਮ ਦਾ ਸਰਕਾਰੀ ਹੋਟਲ ਪਾਰਕਿੰਗ ਸਮੇਤ, ਜਿੱਥੇ ਮੈਂ ਠਹਰਿਆ ਹੋਇਆ ਹਾਂ ਉਹ ਪੂਰਾ ਪ੍ਰਾਇਮ ਲੋਕੇਸ਼ਨ ’ਤੇ ਹੈ।

ਮਾਤਾ ਨੈਣਾ ਦੇਵੀ ਮੰਦਰ

ਹਿਮਾਚਲ ਪ੍ਰਦੇਸ਼ ’ਚ ਮਾਤਾ ਨੈਣ ਦੇਵੀ ਦੇ ਦੋ ਮੰਦਰ ਹਨ। ਇਕ ਮੰਦਰ ਸ੍ਰੀ ਅੰਨਦਪੁਰ ਸਾਹਿਬ ਕੋਲ ਹੈ, ਦੂਸਰਾ ਮੰਦਰ ਇੱਥੇ ਰਿਵਾਲਸਰ ਤੋਂ ਸਿਖ਼ਰ ਦੀ ਉੱਚਾਈ ’ਤੇ 11 ਕਿਲੋਮੀਟਰ ਦੀ ਦੂਰੀ ’ਤੇ ਹੈ। ਉੱਪਰ ਜਾਣ ਵਾਸਤੇ ਸਿੰਗਲ ਸੜਕ ਬਣੀ ਹੋਈ ਹੈ। ਪੌਰਾਣਿਕ ਕਥਾ ਮੁਤਾਬਿਕ ਮਹਾਭਾਰਤ ਜੰਗ ਤੋਂ ਪਹਿਲਾਂ ਅਰਜਨ ਨੇ ਇੱਥੇ ਤੀਰ ਮਾਰ-ਕੇ ਧਰਤੀ ਵਿੱਚੋਂ ਪਾਣੀ ਕੱਢ ਕੇ, ਸਭ ਦੀ ਪਿਆਸ ਬੁਝਾਈ ਸੀ। ਬਹੁਤ ਰੌਣਕ ਭਰਿਆ ਮੰਦਰ ਹੈ। ਖਾਣ-ਪੀਣ ਦੀਆਂ ਚੀਜ਼ਾਂ, ਠਹਿਰਨ ਵਾਸਤੇ ਅਤੇ ਹੋਰ ਸਹੂਲਤਾਂ ਹਨ। ਇਸ਼ਨਾਨ ਕਰਨ ਵਾਸਤੇ ਕੁੰਤੀ ਸਰੋਵਰ ਹੈ। ਰਿਵਾਲਸਰ ਤੋਂ ਦਿਨ ’ਚ ਇਕ ਜਾਂ ਦੋ ਬੱਸਾਂ ਜਾਂਦੀਆਂ ਹਨ। ਆਪਣੇ ਵਹੀਕਲਾਂ ’ਤੇ ਹੀ ਜਾਇਆ ਜਾ ਸਕਦਾ ਹੈ। ਅਗਰ ਕੋਈ ਚੜ੍ਹਾਈ ਚੜ੍ਹ ਸਕਦਾ ਹੈ, ਤਾਂ ਮਾਤਰ ਢਾਈ ਕਿਲੋਮੀਟਰ ਸ਼ਾਰਟ ਕਟ ਰਸਤੇ ਰਾਹੀਂ ਉੱਥੇ ਪਹੁੰਚ ਸਕਦਾ ਹੈ। ਇਸ ਮੰਦਰ ਦੇ ਲਹਿਰਾਉਂਦੇ ਲਾਲ ਝੰਡੇ ਥੱਲੇ ਰਿਵਾਲਸਰ ਤੋਂ ਵਿਖਾਈ ਦੇਂਦੇ ਹਨ।

ਜੰਗਲੀ ਜੀਵਾਂ ਦਾ ਵਣ ਸਥਾਨ

ਰਿਵਾਲਸਰ ’ਚ ਚਿੜੀਆ ਘਰ ਵਾਂਗ ਹੀ ਛੋਟਾ ਜਿਹਾ ਵਣ ਸਥਾਨ ਹੈ। ਉੱਚਾਈ ਵਾਲੀ ਮਾਤਾ ਨੈਣਾ ਦੇਵੀ ਮੰਦਰ ਅਤੇ ਵਣ ਸਥਾਨ, ਮੈਂ ਸਮੇਂ ਦੀ ਘਾਟ ਕਾਰਨ, ਨਹੀਂ ਵੇਖ ਸਕਿਆ। ਝੀਲ ਦੇ ਕੰਢੇ ’ਤੇ ਬਣੇ ਤਿੰਨ ਮੰਦਰਾਂ ’ਚ ਰਾਤ ਦੀ ਆਰਤੀ ਹੋ ਰਹੀ ਹੈ, ਦੋ ਪੁਜਾਰੀ ਬੜੀ ਸ਼ਰਧਾ ਨਾਲ ਆਰਤੀ ਕਰ ਰਹੇ ਹਨ। ਛੋਟਾ ਜਿਹਾ ਰਿਵਾਲਸਰ ਰਾਤ ਦੀਆਂ ਲਾਈਟਾਂ ਨਾਲ ਰੋਸ਼ਨ ਹੈ। ਸੈਲਾਨੀ ਅਤੇ ਨਾਗਰਿਕ ਆਪਣੇ ਆਪਣੇ ਰੈਣ-ਬਸੇਰੇ ਵੱਲ ਪਰਤ ਰਹੇ ਹਨ। ਰਾਤ ਦੇ ਕਰੀਬ 9 ਵੱਜਣ ਵਾਲੇ ਹਨ, ਘੁੰਮ-ਘੁੰਮ ਕੇ, ਮੈਂ ਮੰਦਰਾਂ ਦੇ ਲਾਗੇ, ਝੀਲ ਦੇ ਕਿਨਾਰੇ ਇਕ ਚਾਹ-ਪਕੌੜੇ ਵਾਲੀ ਦੁਕਾਨ ’ਤੇ ਬੈਠਦਾ ਹਾਂ। ਹਿਮਾਚਲੀ ਦੁਕਾਨਦਾਰ ਬੜੇ ਕਰਾਰੇ ਪਕੌੜੇ ਤਲਦਾ ਹੈ, ਨਾਲੋ-ਨਾਲੋ ਵਿਕ ਜਾਂਦੇ ਹਨ। ਪਕੌੜਿਆਂ ਨੂੰ ਹਿਮਾਚਲੀ ਪ੍ਰਾਹੁਣਚਾਰੀ ’ਚ ਪਹਿਲਾ ਸਥਾਨ ਪ੍ਰਾਪਤ ਹੈ। ਦੁਕਾਨਦਾਰ ਮੈਨੂੰ ਬੜੀ ਕਰਾਰੀ ਫਿੱਕੀ ਚਾਹ-ਬਣਾ ਕੇ ਦਿੰਦਾ ਹੈ, ਸਾਰੀ ਥਕਾਵਟ ਉਤਰ ਜਾਂਦੀ ਹੈ। ਆਪਣੇ ਹੋਟਲ ’ਚ ਪਹੁੰਚਦਾ ਹਾਂ, ਕਮਰੇ ਦੀ ਵੱਡੀ ਸ਼ੀਸ਼ੇ ਵਾਲੀ ਬਾਰੀ ਵਿੱਚੋਂ ਅੱਧਾ ਰਿਵਾਲਸਰ ਦਿਸਦਾ ਹੈ। ਵਿੰਡੋ ਕੋਲ ਕੁਰਸੀ ਰੱਖ ਕੇ, ਰਾਤ ਦਾ ਨਜ਼ਾਰਾ ਦੇਖਦਾ ਹਾਂ। ਅੱਖਾਂ ਝਪਕਣ ਨੂੰ ਦਿਲ ਨਹੀਂ ਕਰਦਾ। ਪਹਾੜਾਂ ’ਚ ਜਗਦੀਆਂ ਲਾਈਟਾਂ ਦਾ ਅਨੋਖਾ ਵਾਯੂ ਮੰਡਲ, ਅਤਿ ਸੁੰਦਰ ਲੱਗਦਾ ਹੈ।

ਚੰਬੇ ਦੀ ਰਾਜਕੁਮਾਰੀ ਪਤਵੰਤੀ

ਜਦੋਂ ਦਸਮ ਪਾਤਸ਼ਾਹ ਦੇ ਆਉਣ ਦੀ ਖ਼ਬਰ, ਚੰਬੇ ਦੀ ਰਾਜਕੁਮਾਰੀ ਪਤਵੰਤੀ ਨੂੰ ਮਿਲੀ, ਤਾਂ ਉਹ ਗੁਰੂ ਜੀ ਨੂੰ ਮਿਲਣ ਲਈ ਰਿਵਾਲਸਰ ਆਈ। ਗੁਰੂ ਜੀ ਨੂੰ ਪਰਖਣ ਵਾਸਤੇ, ਉਸ ਨੇ ਆਪਣਾ ਪ੍ਰਸ਼ਨ ਕਵਿਤਾ ’ਚ ਲਿਖਿਆ। ਪੜ੍ਹਨ ਤੋਂ ਬਾਅਦ ਗੁਰੂ ਜੀ ਨੇ ਉਸ ਦਾ ਜਵਾਬ ਕਵਿਤਾ ’ਚ ਹੀ ਦਿੱਤਾ। ਮੰਡੀ ਦੇ ਰਾਜੇ ਪਾਲੀ ਸਿੰਧ ਅਤੇ ਰਾਜਾ ਸਿੰਧ ਸੈਨ ਨੇ ਗੁਰੂ ਜੀ ਨੂੰ ਆਪਣੇ ਘਰ ਲਿਜਾਉਣ ਵਾਸਤੇ, ਇਕ ਸੁੰਦਰ ਪਾਲਕੀ ਤਿਆਰ ਕੀਤੀ। ਰਾਜੇ ਦੇ ਪੁੱਤਰਾਂ ਨੇ ਜਦੋਂ ਗੁਰੂ ਜੀ ਦੀ ਪਾਲਕੀ ਆਪਣੇ ਮੋਢਿਆਂ ’ਤੇ ਰੱਖੀ, ਤਾਂ ਇਤਿਹਾਸ ਦੱਸਦਾ ਹੈ ਕਿ ਗੁਰੂ ਜੀ ਦੀ ਪਾਲਕੀ ਮੋਢਿਆਂ ਤੋਂ ਸਵਾ ਗਿੱਠ ਉੱਚੀ ਹੋ ਗਈ। ਇਸ ਤਰ੍ਹਾਂ ਭਾਰ-ਮੁਕਤ ਪਾਲਕੀ, ਰਾਜੇ ਦੇ ਪੁੱਤਰ ਆਪਣੇ ਘਰ ਮੰਡੀ ਦੇ ਮਹੱਲਾਂ ’ਚ ਲੈ ਗਏ। ਜਿੱਥੇ ਗੁਰੂ ਜੀ ਕਾਫ਼ੀ ਦੇਰ ਰਹੇ। ਉਹ ਸੁੰਦਰ ਪਾਲਕੀ ਅੱਜ ਵੀ ਮੰਡੀ ਦੇ ਮਹੱਲਾਂ ’ਚ ਸੁਸ਼ੋਬਿਤ ਹੈ।

- ਤਰਸੇਮ ਲਾਲ ਸ਼ੇਰਾ

Posted By: Harjinder Sodhi