ਦਿੱਲੀ ਤੋਂ ਤਕਰੀਬਨ 160 ਕਿਲੋਮੀਟਰ ਦੂਰ ਅਲਵਰ ਇਕ ਨਮੂਨੇ ਦਾ ਛੋਟਾ ਜਿਹਾ ਰਾਜਸਥਾਨੀ ਸ਼ਹਿਰ ਹੈ। ਜਾਂ ਉਦੋਂ ਹੋਇਆ ਕਰਦਾ ਸੀ ਜਦੋਂ ਮੈਂ ਕੁਝ ਸਾਲ ਪਹਿਲਾਂ ਉੱਥੇ ਜਾਣਾ ਸ਼ੁਰੂ ਕੀਤਾ ਤਾਂ ਉਦੋਂ ਤਕ ਉਥੇ ਸਾਈਕਲਾਂ ਦੇ ਸਿਵਾ ਹੋਰ ਕੁਝ ਵੀ ਆਧੁੁਨਿਕ ਨਹੀਂ ਸੀ। ਆਲੇ-ਦੁਆਲੇ ਦੇ ਪਿੰਡਾਂ ’ਚੋਂ ਲੋਕੀ ਊਠਾਂ, ਘੋੜਿਆਂ ਅਤੇ ਬੈਲਗੱਡੀਆਂ ’ਤੇ ਆਇਆ-ਜਾਇਆ ਕਰਦੇ ਸਨ। ਸਾਰਾ ਵਾਤਾਵਰਨ ਤਿੰਨ ਚਾਰ ਸੌ ਸਾਲ ਪੁਰਾਣਾ। ਮੈਨੂੰ ਵੀ ਇਸ ਤਰ੍ਹਾਂ ਅਨੁਭਵ ਹੁੰਦਾ ਜਿਵੇਂ ਮੈਂ ਸਤਾਰਵੀਂ-ਅਠਾਰਵੀਂ ਸਦੀ ’ਚ ਪਹੁੰਚ ਗਿਆ ਹੋਵਾਂ। ਦੁਕਾਨਾਂ ਦੇ ਬਾਹਰ ਰੰਗ ਬਰੰਗੇ ਘੱਗਰੇ, ਚੰੁਨੀਆਂ ਟੰਗੀਆਂ ਦਿਸਦੀਆਂ।

ਹਲਵਾਈ ਦੁੱਧ ਕਾੜ੍ਹ ਕੇ ਰਬੜੀ ਜਾਂ ਖੋਆ ਬਣਾ ਰਹੇ ਹੁੰਦੇ ਅਤੇ ਲੋਕੀਂ ਡੂਨੇ ਹੱਥਾਂ ’ਚ ਫੜੀ ਉਨ੍ਹਾਂ ਦਾ ਸੁਆਦ ਲੈ ਰਹੇ ਹੁੰਦੇ। ਸਲਵਾਰ ਜਾਂ ਪਤਲੂਨ ਹਾਲੇ ਉਸ ਸ਼ਹਿਰ ’ਚ ਘੱਟ ਵੱਧ ਹੀ ਦਿਸਦੀ। ਸ਼ਹਿਰ ਦੇ ਬਾਜ਼ਾਰ ’ਚ ਇਕ ਚਪੋਲਿਆ, ਜਿਸ ’ਚੋਂ ਚਾਰ ਸੜਕਾਂ ਨਿਕਲਦੀਆਂ ਸਨ। ਇਕ ਸੜਕ ਅਲਵਰ ਦੇ ਮਹਿਲਾਂ ਵੱਲ। ਅਲਵਰ ਸ਼ਹਿਰ ਦੇ ਆਲੇ ਦੁਆਲੇ ਵੀ ਮੇਰੇ ਲਈ ਸੈਰ ਕਰਨ ਅਤੇ ਵੇਖਣ ਲਈ ਬਹੁਤ ਕੁੱਝ ਸੀ।

ਦਿੱਲੀ ’ਚ ਬੈਠਿਆਂ ਜਦੋਂ ਜੀ ਕਰਦਾ, ਮੈਂ ਇਕੱਲਾ ਜਾਂ ਕੁੱਝ ਸਾਥੀਆਂ ਨਾਲ ਉਸ ਪਾਸੇ ਤੁਰ ਪੈਂਦਾ। ਮੇਰੇ ਕੋਲ ਕੈਮਰਾ ਹੁੰਦਾ, ਚਿੱਤਰ ਬਣਾਉਣ ਲਈ ਪੇਂਟਿੰਗ ਦਾ ਸਾਮਾਨ ਹੁੰਦਾ ਅਤੇ ਕਾਗਜ਼ ਕਲਮ ਵੀ। ਜਿਸ ਦਫ਼ਤਰ ’ਚ ਮੈਂ ਕੰਮ ਕਰਦਾ ਸੀ ਉਥੇ ਹਫ਼ਤੇ ’ਚ ਦੋ ਦਿਨ ਪੂਰੀ ਛੁੱਟੀ ਹੁੰਦੀ। ਸ਼ਨਿੱਚਰ ਅਤੇ ਐਤਵਾਰ। ਜੇ ਕਦੀ ਕੋਈ ਛੁੱਟੀ ਸ਼ੁੱਕਰਵਾਰ ਜਾਂ ਸੋਮਵਾਰ ਆ ਜਾਂਦੀ ਤਾਂ ਮੈਨੂੰ ਪੂਰੇ ਤਿੰਨ ਦਿਨ ਮਿਲ ਜਾਂਦੇ ਸਨ।

ਅਲਵਰ ਪਹੁੰਚਣ ਦੇ ਵੀ ਮੇਰੇ ਕਈ ਤਰੀਕੇ ਸਨ। ਪਹਿਲੇ ਦੋ ਤਿੰਨ ਵਾਰੀ ਸਾਇਕਲਾਂ ’ਤੇ ਪਰ ਇਹ 160 ਕਿਲੋਮੀਟਰ ਦੀ ਸਾਰੀ ਦੀ ਸਾਰੀ ਯਾਤਰਾ ਸਾਇਕਲਾਂ ’ਤੇ ਨਹੀਂ ਸੀ ਕਰਦੇ। ਕਦੀ ਅੱਧਾ ਕੁ ਰਸਤਾ ਸਾਇਕਲਾਂ ਨੂੰ ਬੱਸ ਉੱਪਰ ਲੱਦ ਕੇ। ਜਿਨ੍ਹਾਂ ਨੇ ਕਦੀ ਇਤਿਹਾਸ ’ਚ ਸ਼ੇਰਸ਼ਾਹ ਸੂਰੀ ਬਾਦਸ਼ਾਹ ਬਾਰੇ ਪੜ੍ਹਿਆ ਹੋਵੇ ਤਾਂ ਉਸ ਨੇ ਸਾਰੇ ਹਿੰਦੋਸਤਾਨ ’ਚ ਪਸ਼ੌਰ ਤੋਂ ਲੈ ਕੇ ਕਲਕੱਤਾ ਤਕ ਸ਼ੇਰਸ਼ਾਹ ਸੂਰੀ ਮਾਰਗ ਬਣਾਇਆ ਜਿਸ ਨੂੰ ਅੱਜ ਕੱਲ੍ਹ ਗਰਾਂਡ ਟਰੰਕ ਰੋਡ ਕਹਿੰਦੇ ਹਨ, ਪਰ ਇਸੇ ਤਰ੍ਹਾਂ ਦੀਆਂ ਪੰਜ ਹੋਰ ਸੜਕਾਂ ਵੀ ਬਣਵਾਈਆਂ। ਇਨ੍ਹਾਂ ’ਚੋਂ ਇਕ ਸੜਕ ਦਿੱਲੀ ਤੋਂ ਜੋਧਪੁਰ, ਅਲਵਰ, ਜੈਪੁਰ ਹੋ ਕੇ ਜਾਂਦੀ ਹੈ। ਇਸ ਸੜਕ ਦੀ ਇਕ ਸੁਵਿਧਾ ਇਹ ਕਿ ਹਰ ਸੱਤ-ਅੱਠ ਮੀਲ ’ਤੇ ਮੁਸਾਫਰਾਂ ਲਈ ਸਰਾਵਾਂ ਵੀ ਹੁੰਦੀਆਂ ਸਨ। ਸਰਾਵਾਂ ਦੇ ਇਕ ਪਾਸੇ ਖੂਹ ਵੀ। ਉਸ ਵੇਲੇ ਤਕ ਪੁਰਾਣੀ ਪ੍ਰੰਪਰਾ (ਜੋ ਸ਼ੇਰ ਸ਼ਾਹ ਸੂਰੀ ਨੇ ਹੀ ਆਰੰਭ ਕੀਤੀ ਸੀ) ਅਨੁਸਾਰ ਖਾਣਾ ਬਣਾਉਣ ਦੇ ਭਾਂਡੇ ਵੀ ਪਏ ਹੁੰਦੇ ਸਨ। ਇਨ੍ਹਾਂ ਸਰਾਵਾਂ ’ਚੋਂ ਹਾਲੇ ਵੀ ਉਸ ਸ਼ੇਰ ਸ਼ਾਹ ਸੂੁਰੀ ਮਾਰਗ ’ਤੇ ਕੁਝ ਪੁਰਾਣੀਆਂ ਸਰਾਵਾਂ ਅਤੇ ਕਈਆਂ ਦੇ ਖੰਡਰ ਵੇਖ ਸਕਦੇ ਹਾਂ।

ਅਸਲੀ ਮਾਰਗ ਲਾਹੌਰ, ਅੰਮਿ੍ਰਤਸਰ ਤੋਂ ਤਰਨਤਾਰਨ ਵੈਹੋਵਾਲ (ਮੇਰਾ ਪਿੰਡ) ਹੁੰਦਿਆਂ ਹੋਇਆਂ ਬਿਆਸ ਦਰਿਆ ਨੂੰ ਬੇੜੀਆਂ ਦੇ ਪੁਲ ਰਾਹੀਂ ਪਾਰ ਕਰਕੇ ਫਲੌਰ ਵੀ ਜਾਂਦਾ ਸੀ। ਇਨ੍ਹਾਂ ਸਰਾਵਾਂ ਅਤੇ ਮੀਲ ਪੱਥਰਾਂ ਦੇ ਕੁਝ ਅਵਸ਼ੇਸ਼ ਹਾਲੇ ਵੀ ਵੇਖੇ ਜਾ ਸਕਦੇ ਹਨ। ਇਕ ਬਹੁਤ ਵੱਡੀ ਸਰਾਂ ਬਿਆਸ ਪਿੰਡ ਵਿਚ ਵੀ ਸੀ। ਸ਼ਾਇਦ ਇਸ ਪਾਸਿਓਂ ਵੀ ਲੋਕੀ ਦਰਿਆ ਬਿਆਸ ਪਾਰ ਕਰ ਕੇ ਕਰਤਾਰਪੁਰ ਹੁੰਦਿਆਂ ਹੋਇਆਂ ਦਿੱਲੀ ਵੀ ਜਾਂਦੇ ਹੋਣਗੇ। ਇਹ ਸਰਾਂ ਛੋਟੀ ਇੱਟ ਦੀ ਬਣੀ ਕਾਫ਼ੀ ਵੱਡੀ ਸੀ। ਉਸ ਥਾਂ ਜਿਥੇ ਹੁਣ ਰਾਧਾ ਸੁਆਮੀ ਹਸਪਤਾਲ ਹੈ। ਇਸ ਸਰਾਂ ਦਾ ਕਾਫ਼ੀ ਵੱਡਾ ਦਰਵਾਜ਼ਾ, ਖੁੱਲ੍ਹਾ ਵਿਹੜਾ ਅਤੇ ਤਿੰਨ ਪਾਸੇ ਮੁਸਾਫਰਾਂ ਲਈ ਕਮਰੇ ਬਣੇ ਹੋਏ ਸਨ। ਮੇਰੇ ਹੁੰਦਿਆਂ (ਮੇਰੇ ਬਚਪਨ ਦੇ) ਇਥੇ ਹਰ ਸਾਲ ਦੰਗਲ ਦਾ ਆਯੋਜਨ ਹੁੰਦਾ, ਜਿਸ ਦਾ ਸਾਰਾ ਪ੍ਰਬੰਧ ਮੇਰੇ ਮਾਮੇ ਕਰਦੇ ਸਨ। ਗੁਰਦਾਵਰ ਪਹਿਲਵਾਨ, ਕਿਕਰ ਸਿੰਘ ਅਤੇ ਗਾਮਾ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੁੰਦੀਆਂ। ਦੋ ਕੁ ਦੰਗਲ ਮੈਂ ਵੀ ਵੇਖੇ।

ਹਿੰਦੋਸਤਾਨ ਦੇ (ਅਤੇ ਪੰਜਾਬ ਦੇ) ਦਰਮਿਆਨ ਜਦੋਂ ਕੋਈ ਨਵੀਂ ਉਸਾਰੀ ਕਰਨ ਲਗਦੇ ਹਨ ਤਾਂ ਇਹ ਨਹੀਂ ਵੇਖਦੇ ਕਿ ਪੁਰਾਣੀਆਂ ਇਮਾਰਤਾਂ, ਖ਼ਾਸ ਕਰਕੇ ਇਤਿਹਾਸ ਨਾਲ ਸਬੰਧਿਤ ਇਮਾਰਤਾਂ ਦੀ ਵੀ ਕੋਈ ਕੀਮਤ, ਕੋਈ ਪਛਾਣ ਹੈ। ਇਸ ਸਰਾਂ ਨੂੰ ਉਸੇ ਤਰ੍ਹਾਂ ਕੁਝ ਸੰਵਾਰ ਸੰਭਾਲ ਕੇ ਵਰਤੋਂ ’ਚ ਲਿਆਂਦਾ ਜਾ ਸਕਦਾ ਸੀ। ਜਿਵੇਂ ਉੱਤਰ ਪ੍ਰਦੇਸ਼ ’ਚ ਤਕਰੀਬਨ ਹਰ ਸ਼ਹਿਰ ਗੰਗਾ ਜਾਂ ਜਮੁਨਾ, ਜਾਂ ਕਿਸੇ ਹੋਰ ਦਰਿਆ ਦੇ ਕੰਢੇ ਵਸੇ ਹੋਏ ਹਨ, ਇਸੇ ਤਰ੍ਹਾਂ ਰਾਜਸਥਾਨ ਦੇ ਬਹੁਤ ਸਾਰੇ ਪੁਰਾਣੇ ਸ਼ਹਿਰ ਸਰੋਵਰਾਂ ਦੇ ਕੰਢੇ ਜਾਂ ਕੋਲ-ਕੋਲ ਬਣੇ ਹੋਏ ਹਨ। ਪੰਜਾਹ ਕੁ ਸਾਲ ਪਹਿਲਾਂ ਮੈਂ ਇਕ ਦਿਨ ਦਿੱਲੀ ਤੋਂ ਬੱਸ ਵਿਚ ਬੈਠ ਕੇ ਅਲੇਵਰ ਜਾ ਪਹੁੰਚਦਾ ਹਾਂ। ਬੱਸ ਅੱਡੇ ਤੋਂ ਹੋ ਕੇ ਬਾਜ਼ਾਰ ’ਚੋਂ ਲੰਘਣ ਲੱਗਦਾ ਹਾਂ, ਚਪੋਲਾ ਦਰਵਾਜ਼ੇ ਤੋਂ ਖੱਬੇ ਪਾਸੇ ਵੱਲ ਮੁੜਦਾ ਹਾਂ ਤਾਂ ਹਲਵਾਈਆਂ ਦੀਆਂ ਦੁਕਾਨਾਂ ਤੇ ਲੋਹਿਆਂ ਦੀਆਂ ਵੱਡੀਆਂ-ਵੱਡੀਆਂ ਕੜ੍ਹਾਈਆਂ ’ਚ ਖੋਆ (ਖੋਏ ਨੂੰ ਇਥੇ ‘ਮਾਵਾ’ ਕਹਿੰਦੇ ਹਨ) ਬਣ ਰਿਹਾ ਹੈ। ਮੈਂ ਥੋੜ੍ਹਾ ਜਿਹਾ ਖੋਆ ਅਤੇ ਬੂਰਾ ਖੰਡ ਖ਼ਰੀਦਦਾ ਹਾਂ। ਜਲੇਬੀਆਂ ਖਾਂਦਾ ਅਤੇ ਸਾਹਮਣੇ ਦਿਸਦੇ ਮਹਿਲ ਦੇ ਦਰਵਾਜ਼ੇ ’ਚੋਂ ਲੰਘ ਕੇ ਮਹਿਲ ’ਚ ਵੜ ਜਾਂਦਾ ਹਾਂ। ਜਿਸ ਪਾਸੇ ਮੈਂ ਜਾਣਾ ਹੈ ਉਸ ਦਾ ਰਸਤਾ ਮਹਿਲ ’ਚੋਂ ਹੋ ਕੇ ਲੰਘਦਾ ਹੈ। (ਹੁਣ ਸ਼ਾਇਦ ਬਦਲ ਗਿਆ ਹੋਵੇ) ਇਸ ਸ਼ਹਿਰ ਦੁਆਲੇ ‘ਅਰਾਵਲੀ’ ਪਰਬਤ ਲੜੀ ਹੋਣ ਕਰਕੇ ਸੰਗਮਰਮਰ ਵੀ ਕਾਫ਼ੀ ਮਾਤਰਾ ’ਚ ਪਾਇਆ ਜਾਂਦਾ ਹੈ। ਸਾਰਾ ਮਹਿਲ ਜਿਵੇਂ ਪਰੀਆਂ ਦਾ ਮਹਿਲ ਸੰਗਮਰਮਰ ਦਾ ਬਣਿਆ ਹੋਇਆ। ਇਸ ਮਹਿਲ ਦੇ ਕਮਰਿਆਂ ’ਚ ਹੁਣ ਸਰਕਾਰੀ ਦਫ਼ਤਰ ਹਨ। ਮਹਿਲ ਦੇ ਪਿੱਛੇ ਕਰ ਕੇ ਛੋਟਾ ਜਿਹਾ ਸਰੋਵਰ ਹੈ ਅਤੇ ਉਸ ਸਰੋਵਰ ਕੋਲੋਂ ਪਹਾੜੀ ’ਤੇ ਬਣੇ ਹੋਏ ਕਿਲ੍ਹੇ ਵੱਲ ਜਾਂਦੀਆਂ ਪੌੜੀਆਂ। ਮੈਂ ‘ਆਟੇ ਪਾੜੇ’ ਦੇ ਜੰਗਲ ਦਾ ਰਸਤਾ ਪੁੱਛਦਿਆਂ ਉਸ ਪਗਡੰਡੀ ’ਤੇ ਤੁਰਨ ਲੱਗਦਾ ਹਾਂ। ਆਟੇ ਪਾੜੇ ਦੇ ਇਸ ਜੰਗਲ ’ਚ ਦਇਆ ਸਿੰਘ ਨਾਮ ਦੇ ਇਕ ਸਾਧੂ ਦਾ ਡੇਰਾ ਹੈ ਜੋ ਦੋ ਕੁ ਸਾਲ ਪਹਿਲਾਂ ਮੈਨੂੰ ਰਿਸ਼ੀਕੇਸ਼ ਬਦਰੀਨਾਥ ਦੀ ਪੈਦਲ ਯਾਤਰਾ ਵਾਲੇ ਮਾਰਗ ’ਤੇ ਮਿਲਿਆ ਸੀ ਅਤੇ ਮੇਰੇ ਪੁੱਛਣ ’ਤੇ ਉਸ ਨੇ ਅਲਵਰ ਦੇ ਜੰਗਲ ’ਚ ਆਪਣੇ ਡੇਰੇ ਆਟੇ ਪਾੜੇ ਦੇ ਮੰਦਿਰ ਦਾ ਪਤਾ ਵੀ ਦੱਸਿਆ ਸੀ।

ਮੈਂ ਦਇਆ ਸਿੰਘ ਦੁਆਰਾ ਦੱਸੇ ਰਸਤੇ ’ਤੇ ਤੁਰ ਪੈਂਦਾ ਹਾਂ। ਕੁਝ ਦੇਰ ਬਾਅਦ ਪਗਡੰਡੀ ਇਕ ਜੰਗਲ ’ਚੋਂ ਲੰਘਣ ਲਗਦੀ ਹੈ। ਕੰਡੇਦਾਰ ਝਾੜੀਆਂ ਅਤੇ ਟਾਵੇਂ-ਟਾਵੇਂ ਰੁੱਖ। ਕਿਤੇ-ਕਿਤੇ ਬੱਕਰੀਆਂ ਚਰਾਉਦੀਆਂ ਤੀਵੀਆਂ ਦੇ ਇਲਾਵਾ ਹੋਰ ਕੋਈ ਨਹੀਂ ਦਿਸਦਾ। ਇਕ ਕਾਰਨ ਇਹ ਕਿ ਇਸ ਦੇ ਥੋੜ੍ਹੀ ਦੂਰੀ ’ਤੇ ਰਾਜੇ ਦੀ ਸ਼ਿਕਾਰਗਾਹ ਸ਼ੁਰੂ ਹੋ ਜਾਂਦੀ ਹੈ। ਇਸ ਲਈ ਇਸ ਪਾਸੇ ਬਾਹਰਲਾ ਆਦਮੀ ਨਹੀਂ ਆਉਦਾ। ਮੈਨੂੰ ਵੇਖ ਕੇ ਬੱਕਰੀਆਂ ਚਰਾਉਦੀਆਂ ਤੀਵੀਆਂ ’ਚੋਂ ਇਕ ਪੁੱਛਦੀ ਹੈ,‘ਕਿੱਧਰ ਨੂੰ ਜਾ ਰਿਆ ਸੈਂ ? ਮੈਂ ਆਟੇ ਪਾੜੇ ਦੇ ਮੰਦਿਰ ਦਾ ਨਾਮ ਲੈਂਦਾ ਹਾਂ। ਧੋਰੈ ਧੋਰੈ ਕਹਿੰਦਿਆਂ ਉਹ ਇਕ ਪਾਸੇ ਇਸ਼ਾਰਾ ਕਰ ਕੇ ਕਹਿੰਦੀਆਂ ਹਨ। ਵੈ ਰਿਆ ਆਟੋ ਪਾੜੋ ਕਾ ਮੰਦਿਰ, ਕੁਏ ਕੇ ਗੈਲ।

ਇਹ ਮੰਦਿਰ ਨਾਓ ਦਾ ਹੀ ਮੰਦਿਰ ਸੀ। ਪੱਥਰ ਦੀਆਂ ਪੰਜ ਛੇ ਫੁੱਟ ਉੱਚੀਆਂ ਕੰਧਾਂ, ਵਿਚ ਲੱਕੜੀ ਦੇ ਫੱਟਿਆਂ ਦਾ ਦਰਵਾਜ਼ਾ, ਇਕ ਦੋ ਕਮਰੇ ਜਿਹੇ। ਬੂਹੇ ਕੋਲ ਜਾ ਕੇ ਧੱਕਾ ਮਾਰਦਾ ਹਾਂ। ਬੂਹਾ ਖੁੱਲ੍ਹ ਜਾਂਦਾ ਹੈ। ਵੇਖਦਾ ਹਾਂ ਕਿ ਵਿਹੜੇ ’ਚ ਹਲਕੀ ਹਲਕੀ ਅੱਗ ਦੁਆਲੇ ਦੋ ਸਾਧੂ ਸੁਲਫੇ ਦੇ ਕਸ਼ ਲਾਉਦਿਆਂ ਬੈਠੇ ਹਨ। ਮੈਂ ਇਨ੍ਹਾਂ ’ਚੋਂ ਦਇਆ ਸਿੰਘ ਨੂੰ ਪਛਾਣਨ ਦਾ ਯਤਨ ਕਰਦਾ ਹਾਂ। ਮੈਂ ਉਨ੍ਹਾਂ ਵੱਲ ਅਤੇ ਉਹ ਮੇਰੇ ਵੱਲ ਗਹੁ ਨਾਲ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਤੱਕਦੇ ਹਨ। ਇਨ੍ਹਾਂ ’ਚੋਂ ਮੇਰੇ ਅਨੁਮਾਨ ਅਨੁਸਾਰ ਲੰਮੀ ਦਾਹੜੀ ਅਤੇ ਸਿਰ ਦੁਆਲੇ ਭਗਵੇਂ ਰੰਗ ਦੀ ਪੱਗ ਵਾਲਾ ਹੀ ਦਇਆ ਸਿੰਘ ਹੋ ਸਕਦਾ ਹੈ। ਜਿਵੇਂ ਉਸ ਨੇ ਮੈਨੂੰ ਪਛਾਣ ਲਿਆ ਹੋਵੇ ਅਤੇ ਉਹ ਕੁੱਝ ਹੈਰਾਨੀ ਭਰੀ ਆਵਾਜ਼ ’ਚ ਕਹਿੰਦਾ ਹੈ, ਬੜੀ ਹਿੰਮਤ ਕੀਤੀ ਜਵਾਨ। ਆ ਬਹਿਜਾ। ਫੇਰ ਢਲਦੇ ਜਾ ਰਹੇ ਸੂਰਜ ਵੱਲ ਤੱਕਦਿਆਂ ਕਹਿੰਦਾ ਹੈ। ਹੁਣ ਵਾਪਸ ਅਲਵਰ ਤਾਂ ਜਾ ਨਹੀਂ ਹੋਣਾ। ਥੋੜ੍ਹੀ ਦੇਰ ’ਚ ਸੂਰਜ ਵੀ ਛਿਪ ਜਾਏਗਾ। ਚਲ ਕੋਈ ਗੱਲ ਨਹੀਂ....।

ਮੈਂ ਰਾਤ ਉਥੇ ਹੀ ਰਹਿੰਦਾ ਹਾਂ। ਸੂਰਜ ਛਿਪਣ ਤੋਂ ਕੁਝ ਦੇਰ ਪਹਿਲਾਂ ਫੁੱਲਦਾਰ ਬੂਟੀਆਂ ਵਾਲੇ ਘਗਰੇ ਪਾਈ ਦੋ ਤੀਵੀਆਂ ਆਉਦੀਆਂ ਅਤੇ ਕਪੜੇ ’ਚ ਲਪੇਟੀਆਂ ਰੋਟੀਆਂ ਦੇ ਜਾਂਦੀਆਂ ਹਨ। ਬਾਜਰੇ ਦੀਆਂ ਰੋਟੀਆਂ, ਉੱਪਰ ਮਿਰਚਾਂ ਦੀ ਚਟਣੀ। ਹਨੇਰਾ ਹੋਣ ਤੋਂ ਪਹਿਲਾਂ ਧੂਣੀ ਸਾਹਮਣੇ ਬੈਠ ਕੇ ਅਤੇ ਲੱਕੜੀ ਦੇ ਕੋਲਿਆਂ ਤੇ ਰੋਟੀਆਂ ਗਰਮ ਕਰ ਕੇ ਖਾਂਦੇ ਹਾਂ। ਇਥੇ ਦੋ ਛੋਟੇ-ਛੋਟੇ ਕਮਰੇ ਹਨ। ਇਕ ’ਚ ਦੋ ਤਖ਼ਤਪੋਸ਼ ਜਿਨ੍ਹਾਂ ਉੱਪਰ ਮੈਲੇ ਜਿਹੇ ਬਿਸਤਰੇ ਵਿਛੇ ਹੋਏ। ਦੂਸਰੇ ’ਚ ਸੁੱਕੀਆਂ ਲੱਕੜਾਂ ਅਤੇ ਨਿੱਕ ਸੁੱਕ। ਇਕ ਮੰਜਾ ਜਿਹਾ ਵੀ ਕੰਧ ਦੇ ਸਹਾਰੇ ਖੜ੍ਹਾ ਦਿਸਦਾ ਹੈ। ਦਿਆ ਸਿੰਘ ਨਿੱਕ ਸੁੱਕ ਹਟਾ ਕੇ ਮੇਰੇ ਲਈ ਮੰਜਾ ਢਾਹ ਕੇ ਉੱਪਰ ਬਿਸਤਰਾ ਵਿਛਾ ਦਿੰਦਾ ਹੈ, ਪਰ ਅਸੀਂ ਛੇਤੀ ਨਹੀਂ ਸੌਂਦੇ। ਗਈ ਰਾਤ ਤਕ ਦਇਆ ਸਿੰਘ ਇਥੋਂ ਦੇ ਜੰਗਲੀ ਜਾਨਵਰਾਂ ਦੀਆਂ ਗੱਲਾਂ ਸੁਣਾਉਦਾ ਰਹਿੰਦਾ ਹੈ। ਜੋ ਮੈਨੂੰ ਉਸ ਦੀਆਂ ਗੱਲਾਂ ਤੋਂ ਪਤਾ ਲਗਦਾ ਹੈ, ਉਹ ਇਹ ਕਿ ਇਸ ਤੋਂ ਜ਼ਰਾ ਕੁ ਦੂਰ ਅਲਵਰ ਦੇ ਰਾਜੇ ਦੀ ਸ਼ਿਕਾਰਗਾਹ ਹੈ, ਜਿੱਥੇ ਦੋ ਕੁ ਸ਼ੇਰ ਅਤੇ ਹੋਰ ਜੰਗਲੀ ਜਾਨਵਰ ਰਹਿੰਦੇ ਹਨ। ਅੱਧੀ ਕੁ ਰਾਤ ਵੇਲੇ ਮੈਨੂੰ ਲੱਗਿਆ ਜਿਵੇਂ ਬਾਹਰਲੇ ਬੂਹੇ ’ਤੇ ਆ ਕੇ ਕੋਈ ਠੱਕ-ਠੱਕ ਕਰਦਾ ਜਾਂ ਬੂਹਾ ਖੋਲ੍ਹਣ ਦਾ ਯਤਨ ਕਰ ਰਿਹਾ ਹੈ। ਸਵੇਰ ਹੋਇਆ ਜਦ ਮੈਂ ਦਿਆ ਸਿੰਘ ਨਾਲ ਇਸ ਬਾਰੇ ਗੱਲ ਕਰਦਾ ਹਾਂ ਤਾਂ ਉਹ ਕਹਿੰਦਾ ਹੈ ਕੁਝ ਨਹੀਂ ਕਦੀ ਕਦੀ ਇਕ ਸ਼ੇਰ ਆ ਕੇ ਬੂਹੇ ’ਤੇ ਪੰਜੇ ਮਾਰਦਾ ਰਹਿੰਦਾ ਹੈ।

ਦਇਆ ਸਿੰਘ ਕਿਸੇ ਵੇਲੇ ਫ਼ੌਜ ਵਿਚ ਰਿਹਾ ਾਂਸੀ। ਅਗਲੀ ਸਵੇਰ ਜਦੋਂ ਮੈਂ ਪੁੱਛਦਾ ਹਾਂ ਕਿ ਉਹ ਸਾਧ ਕਿਵੇਂ ਅਤੇ ਕਦੋਂ ਬਣਿਆ ਤਾਂ ਜੋ ਕੁਝ ਉਸ ਨੇ ਬੜੇ ਵਿਸਤਾਰ ਨਾਲ ਦੱਸਿਆ ਉਹ ਕਾਫੀ ਲੰਮਾ ਅਤੇ ਰੌਚਕਤਾ ਭਰਪੂਰ ਸੀ। ਦੂਸਰੇ ਵਿਸ਼ਵ ਯੁੱਧ ਸਮੇਂ ਇਹ ਅੰਗ੍ਰੇਜ਼ਾਂ ਦੀ ਫ਼ੌਜ ’ਚ ਹੌਲਦਾਰ ਸੀ। ਬਸਰੇ ਬਗਦਾਦ ’ਚ ਜਰਮਨ ਦੀਆਂ ਫ਼ੌਜਾਂ ਨਾਲ ਲੜਾਈਆਂ ਹੁੰਦੀਆਂ ਰਹੀਆਂ। ਮੈਨੂੰ ਨੰਦ ਲਾਲ ਨੂਰਪੁਰੀ ਦਾ ਗੀਤ ਯਾਦ ਆ ਜਾਂਦਾ ਹੈ। ਮੋੜੀਂ ਬਾਬਾ ਡਾਂਗ ਵਾਲਿਆ ਸਰਦਾਰਾ, ਰਨ ਗਈ ਬਸਰੇ ਨੂੰ ਗਈ....। ਇਸ ਤੁੱਕ ਦਾ ਭਾਵ ਮੈਨੂੰ ਜੋ ਪਤਾ ਲਗਿਆ ਉਹ ਇਹ ਕਿ ਜਦੋਂ ਪਹਿਲੇ ਵਿਸ਼ਵ ਯੁੱਧ ’ਚ ਹਿੰਦੋਸਤਾਨੀ (ਸਿੱਖ) ਫ਼ੌਜਾਂ ਬਸਰੇ ਬਗ਼ਦਾਦ ਵੱਲ ਗਈਆਂ ਤਾਂ ਕੁਝ ਸਿੱਖ ਸਿਪਾਹੀਆਂ ਨੇ ਉਥੋਂ ਦੀਆਂ ਤੀਵੀਆਂ ਨਾਲ ਯਾਰੀ ਗੰਢ ਲਈ ਅਤੇ ਉਨ੍ਹਾਂ ਨਾਲ ਸ਼ਾਇਦ ਵਿਆਹ ਵੀ ਕਰਵਾ ਲਿਆ।

ਇਸ ਤੋਂ ਬਾਅਦ ਸੰਖੇਪ ’ਚ ਜੋ ਕੁੱਝ ਉਸ ਨੇ ਦੱਸਿਆ ਉਹ ਕਾਫ਼ੀ ਰੋਚਕਤਾ ਭਰਪੂਰ ਸੀ। ਲੜਾਈ ਖ਼ਤਮ ਹੋ ਜਾਣ ਤੋਂ ਬਾਅਦ ਦਇਆ ਸਿੰਘ ਵਾਲਾ ਫ਼ੌਜੀ ਦਸਤਾ ਬਸਰੇ ਤੋਂ ਪਾਣੀ ਦੇ ਜਹਾਜ਼ ਦੁਆਰਾ ਬੰਬਈ ਪਹੁੰਚ ਗਿਆ। ਉਥੋਂ ਉਨ੍ਹਾਂ ਦੀ ਰੇਲਗੱਡੀ ਬੰਬਈ ਤੋਂ ਪੰਜਾਬ ਵੱਲ ਤੁਰਨ ’ਚ ਦੋ ਤਿੰਨ ਦਿਨ ਰਹਿੰਦੇ ਸਨ ਇਕ ਦਿਨ ਦਇਆ ਸਿੰਘ ਸਮੰੁਦਰ ਦੇ ਕੰਢੇ ਸੈਰ ਕਰ ਰਿਹਾ ਸੀ ਕਿ ਉਸ ਨੇ ਇਕ ਪਾਰਸੀ ਤੀਵੀਂ ਨੂੰ ਖ਼ੁਦਕੁਸ਼ੀ ਕਰਨ ਦੀ ਨੀਅਤ ਨਾਲ ਸਮੰੁਦਰ ’ਚ ਛਾਲ ਮਾਰਦਿਆਂ ਵੇਖਿਆ। ਦਇਆ ਸਿੰਘ ਨੇ ਨੱਸ ਕੇ ਉਸ ਨੂੰ ਬਚਾ ਲਿਆ। ਉਸ ਪਾਰਸੀ ਔਰਤ ਦੀ ਜੋ ਵੀ ਕਹਾਣੀ ਸੀ, ਉਹ ਵਾਪਸ ਆਪਣੇ ਘਰ ਨਹੀਂ ਸੀ ਜਾਣਾ ਚਾਹੁੰਦੀ। ਦਇਆ ਸਿੰਘ ਆਪਣੀ ਫ਼ੌਜ ਦੇ ਸੂਬੇਦਾਰ ਤੋਂ ਇਜਾਜ਼ਤ ਲੈ ਉਸ ਤੀਵੀਂ ਨੂੰ ਆਪਣੇ ਪਿੰਡ ਲੈ ਗਿਆ। ਕੁਝ ਮਹੀਨੇ ਉਹ ਉਸ ਦੇ ਘਰ ਰਹੀ। ਪਿੰਡ ਦੀਆਂ ਤੀਵੀਆਂ ਉਸ ਗੋਰੀ ਚਿੱਟੀ ਪਾਰਸੀ ਔਰਤ ਨੂੰ ਵੇਖਣ ਆਉਦੀਆਂ। ਉਸ ਤੀਵੀਂ ਨੇ ਉਸ ਪਿੰਡ ਦੇ ਰਹਿੰਦਿਆਂ ਦਇਆ ਸਿੰਘ ਨਾਲ ਕਿਵੇਂ ਅਤੇ ਕਿੰਨੇ ਦਿਨ ਗੁਜ਼ਾਰੇ? ਇਹ ਤਾਂ ਯਾਦ ਨਹੀਂ ਪਰ ਛੇਤੀ ਹੀ ਉਸ ਤੀਵੀਂ ਦੀ ਮੌਤ ਹੋ ਗਈ। ਕਮਾਈ ਕਰਨ ਲਈ ਉਹ ਦਿੱਲੀ ਆ ਗਿਆ। ਕੁਝ ਦਿਨ ਦਿੱਲੀ ਦੇ ਸਦਰ ਬਾਜ਼ਾਰ ’ਚ ਚੌਕੀਦਾਰੀ ਕਰਦਾ ਰਿਹਾ। ਚੌਕੀਦਾਰੀ ਕਰਦਿਆਂ ਉਹ ਆਪ ਹੀ ਚੋਰਾਂ ਦੀ ਇਕ ਜੁੰਡਲੀ ਨਾਲ ਰਲ ਗਿਆ। ਕਿੰਨੀਆਂ ਕੁ ਚੋਰੀਆਂ ਕੀਤੀਆਂ? ਇਹ ਤਾਂ ਪਤਾ ਨਹੀਂ ਪਰ ਉਸ ਵਿਚਕਾਰ ਉਸ ਦੀ ਮੁਲਾਕਾਤ ਗੁਰਦੁਆਰੇ ਦੇ ਇਕ ਭਾਈ ਨਾਲ ਹੋ ਗਈ। ਭਾਈ ਜੀ ਦੇ ਕਹਿਣ ’ਤੇ ਉਸ ਨੇ ਚੋਰੀ ਕਰਨੀ ਛੱਡ ਦਿੱਤੀ ਅਤੇ ਸਾਧ ਬਣ ਗਿਆ।

- ਮਨਮੋਹਨ ਬਾਵਾ

Posted By: Harjinder Sodhi