ਉਤਰਾਖੰਡ ਵਿਚ ਨੈਨੀਤਾਲ ਤੋਂ 66 ਕਿਲੋਮੀਟਰ ਅੱਗੇ ਅਲਮੋੜਾ ਕੁਦਰਤੀ ਸੁੰਦਰਤਾ ਨਾਲ ਭਰਪੂਰ ਖ਼ੂਬਸੂਰਤ ਜਗ੍ਹਾ ਹੈ। ਸਮੁੰਦਰੀ ਤਲ ਤੋਂ 5200 ਫੁੱਟ ਦੀ ਉਚਾਈ ’ਤੇ ਸਥਿਤ ਅਲਮੋੜਾ ਦੇ ਚਾਰੇ-ਪਾਸੇ, ਦੂਰ-ਦੂਰ ਤਕ ਬਰਫ਼ ਨਾਲ ਢੱਕੀਆਂ ਪਹਾੜੀਆਂ, ਘਾਹ ਦੇ ਮੈਦਾਨ, ਜੰਗਲ ਅਤੇ ਕੁਦਰਤੀ ਸੁੰਦਰਤਾ ਨਾਲ ਭਰਪੂਰ ਥਾਵਾਂ ਇਸ ਦੀ ਸੁੰਦਰਤਾ ਨੂੰ ਚਾਰ-ਚੰਨ ਲਾਉਂਦੀਆਂ ਹਨ। ਉਤਰਾਖੰਡ ਵਿਚ ਦੋ ਭਾਸ਼ਾਵਾਂ ਕੁਮਾਉਨੀ ਤੇ ਗੜ੍ਹਵਾਲੀ ਬੋਲੀਆਂ ਜਾਂਦੀਆਂ ਹਨ, ਪਰ ਅਲਮੋੜਾ ਵਿਚ ਕੁਮਾਉਨੀ ਭਾਸ਼ਾ ਬੋਲੀ ਜਾਂਦੀ ਹੈ। ਸੁਰਅਤਾ ਤੋਂ ਬੱਸ ਰਾਹੀਂ ਪਹਾੜੀ ਰਸਤਿਆਂ ਦਾ ਆਨੰਦ ਲੈਂਦਿਆਂ ਇੱਥੇ ਪਹੁੰਚਿਆ ਜਾ ਸਕਦਾ ਹੈ। ਹਲਦਾਨੀ ਕਾਠਗੁਦਾਮ ਰੇਲਵੇ ਸਟੇਸ਼ਨ ਤੋਂ ਸੈਲਾਨੀ ਕਾਰ ਜਾਂ ਟੈਕਸੀ ਰਾਹੀਂ ਵੀ ਜਾ ਸਕਦੇ ਹਨ। ਰੇਲ ਰਾਹੀਂ ਸਿਰਫ਼ ਕਾਠਗੁਦਾਮ ਤਕ ਹੀ ਜਾਇਆ ਜਾ ਸਕਦਾ ਹੈ।

ਅਲਮੋੜਾ ਦਾ ਖੇਤਰਫਲ 11.9 ਕਿਲੋਮੀਟਰ ਹੈ। ਕੋਸੀ ਤੇ ਸ਼ਾਲਮਈ ਨਦੀ ਦੇ ਵਿਚਕਾਰ ਪਰਬਤ ’ਤੇ ਅਲਮੋੜਾ ਸਥਿਤ ਹੈ। ਇਸ ਸਥਾਨ ਦਾ ਸੰਸਿਤੀ, ਇਤਿਹਾਸਕ ਤੇ ਭੂਗੋਲਿਕ ਮਹੱਤਵ ਹੈ। ਵਿਦਵਾਨਾਂ ਅਨੁਸਾਰ ਸੰਨ 1563 ਈ. ਵਿਚ ਚੰਦਰਵੰਸ਼ ਰਾਜਾ ਬਾਲੋ ਕਲਿਆਣ ਚੰਦ ਨੇ ਆਲਮਨਗਰ ਨਾਂ ਦਾ ਇਕ ਨਗਰ ਵਸਾਇਆ ਸੀ। ਉਂਜ ਤਾਂ ਚੰਦਰਵੰਸ ਦੀ ਰਾਜਧਾਨੀ ਚੰਪਾਵਤ ਸੀ, ਪਰ ਰਾਜਾ ਬਾਲੋ ਨੂੰ ਇਹ ਸਥਾਨ ਬਹੁਤ ਸੁੰਦਰ ਤੇ ਰਮਣੀਕ ਲੱਗਿਆ। ਉਸਨੇ ਇਸ ਨੂੰ ਆਪਣੀ ਰਾਜਧਾਨੀ ਬਣਾ ਲਿਆ ਤੇ ਇਹ ਅਲਮੋੜਾ ਨਾਂ ਨਾਲ ਪ੍ਰਸਿੱਧ ਹੋ ਗਿਆ। ਸੰਨ 1790 ਵਿਚ ਇਸ ਜਗ੍ਹਾ ’ਤੇ ਗੋਰਖਿਆਂ ਦਾ ਦਬਦਬਾ ਸੀ, ਪਰ 1816 ਵਿਚ ਗੋਰਖਿਆਂ ਨੂੰ ਹਰਾ ਕੇ, ਇੱਥੇ ਅੰਗਰੇਜ਼ ਹਕੂਮਤ ਕਾਬਜ਼ ਹੋ ਗਈ। ਪਹਾੜੀ ਸੈਲਾਨੀ ਸਥਾਨ ਬਣਾਉਣ ਦਾ ਸਿਹਰਾ ਅੰਗਰੇਜ਼ਾਂ ਨੂੰ ਹੀ ਜਾਂਦਾ ਹੈ, ਪਰ ਇਸ ਨੂੰ ਵਿਕਸਿਤ ਕਰਨ ਵਿਚ ਇੱਥੇ ਦੇ ਸਥਾਨਕ ਲੋਕਾਂ ਦੀ ਭੂਮਿਕਾ ਵੀ ਖ਼ਾਸ ਹੈ। ਅਲਮੋੜਾ ਵਿਚ ਇਕ ਜ਼ਿਲ੍ਹਾ ਜੇਲ੍ਹ ਵੀ ਹੈ, ਜਿੱਥੇ ਭਾਰਤ ਦੇ ਸਵਰਗੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੀ ਰਹੇ ਹਨ। ਉਂਜ ਤਾਂ ਅਲਮੋੜਾ ਵਿਚ ਸਾਰਾ ਸਾਲ ਹੀ ਸੈਲਾਨੀ ਆਉਂਦੇ ਰਹਿੰਦੇ ਹਨ, ਪਰ ਬਸੰਤ ਰੁੱਤ ਤੋਂ ਲੈ ਕੇ ਜੂਨ ਮਹੀਨੇ ਤੇ ਇੱਥੋਂ ਦਾ ਮੌਸਮ ਸੁਹਾਵਣਾ ਤੇ ਸੈਲਾਨੀਆਂ ਨੂੰ ਲੁਭਾਉਂਦਾ ਹੈ। ਸਰਦੀਆਂ ਵਿਚ ਬਰਫ਼ ਪੈਣ ਨਾਲ ਸਾਰੀਆਂ ਪਹਾੜੀਆਂ ਬਰਫ਼ ਦੀ ਚਿੱਟੀ ਚਾਦਰ ਨਾਲ ਢੱਕੀਆਂ ਜਾਂਦੀਆਂ ਹਨ। ਜਦੋਂ ਰਾਤ ਨੂੰ ਇਕ ਕੋਨੇ ਤੋਂ ਖੜ੍ਹ ਕੇ ਅਲਮੋੜਾ ਨੂੰ ਵੇਖੀਦਾ ਹੈ ਤਾਂ ਪੂਰਾ ਸ਼ਹਿਰ ਰੋਸ਼ਨੀਆਂ ਨਾਲ ਨਹਾਇਆ ਲਗਦਾ ਹੈ। ਰਾਤ ਨੂੰ ਹੋਟਲਾਂ ਤੇ ਘਰਾਂ ਦੀਆਂ ਟਿਮ-ਟਿਮਾਉਂਦੀਆਂ ਲਾਈਟਾਂ ਇਸ ਤਰ੍ਹਾਂ ਲੱਗਦੀਆਂ ਹਨ, ਜਿਵੇਂ ਆਕਾਸ਼ ਦੇ ਸਾਰੇ ਤਾਰੇ ਧਰਤੀ ਉੱਤੇ ਆ ਗਏ ਹੋਣ।

ਅਲਮੋੜਾ ਵਿਚ ਪਲਟਨ ਬਾਜ਼ਾਰ, ਜੋਹਰੀ ਬਾਜ਼ਾਰ, ਕਾਰਖਾਨਾ ਬਾਜ਼ਾਰ ਤੇ ਲਾਲ ਬਾਜ਼ਾਰ ਹਨ। ਲਾਲ ਬਾਜ਼ਾਰ ਪੱਥਰਾਂ ਦਾ ਬਣਿਆ ਹੋਇਆ ਹੈ, ਪਰ ਆਧੁਨਿਕਤਾ ਇਸ ਬਾਜ਼ਾਰ ਦੀ ਹੋਂਦ ਨੂੰ ਖ਼ਤਮ ਕਰਦੀ ਜਾ ਰਹੀ ਹੈ। ਪਲਟਨ ਬਾਜ਼ਾਰ ਦੇ ਕੋਲ ਕਤਊਰੀ ਸ਼ਾਸਕਾਂ ਦੁਆਰਾ ਬਣਾਇਆ ਗਿਆ ਕਿਲ੍ਹਾ ਖਗਸਰਾ ਹੈ। ਚੰਦ ਰਾਜੇ ਦੁਆਰਾ ਬਣਾਇਆ ਗਿਆ ਮਾਲਾਤਾਲ ਵੀ ਹੈ। ਅਲਮੋੜਾ ਵਿਚ ਚਿਤਾਈ ਮੰਦਰ ਵੇਖੇ ਬਿਨਾਂ ਸੈਲਾਨੀਆਂ ਦੀ ਯਾਤਰਾ ਅਧੂਰੀ ਸਮਝੀ ਜਾਂਦੀ ਹੈ।

ਇਹ ਮੰਦਰ ਰਾਜਿਆਂ ਦੇ ਵੀਰ ਸੈਨਾਪਤੀ ਅੰਸ਼ਦੇਵ ਗੋਲ ਦੀ ਯਾਦ ਵਿਚ ਬਣਾਇਆ ਗਿਆ। ਮੰਦਰ ਵਿਚ ਤਰ੍ਹਾਂ-ਤਰ੍ਹਾਂ ਦੀਆਂ, ਪਿੱਤਲ ਦੀਆਂ ਛੋਟੀਆਂ-ਵੱਡੀਆਂ ਘੰਟੀਆਂ ਲੱਗੀਆਂ ਹੋਈਆਂ ਹਨ। ਇਨ੍ਹਾਂ ਵਿਸ਼ਾਲ ਘੰਟੀਆਂ ਦੀ ਆਵਾਜ਼ ਸਾਰਾ ਦਿਨ ਗੂੰਜਦੀ ਰਹਿੰਦੀ ਹੈ। ਇੱਥੇ ਸੈਲਾਨੀ ਵੱਡੀ ਗਿਣਤੀ ਵਿਚ ਆਉਂਦੇ ਰਹਿੰਦੇ ਹਨ।

ਅਲਮੋੜਾ ਤੋਂ ਸਿਰਫ਼ ਦੋ ਕਿਲੋਮੀਟਰ ਦੂਰ ਬਾਈਟਨ ਐਂਡ ਕਾਰਨਰ ਜਗ੍ਹਾ ਹੈ, ਜਿੱਥੋਂ ਸਵੇਰੇ ਸੂਰਜ ਤੇ ਛਿਪਣ ਵੇਲੇ ਵੀ ਹਿਮਾਲਾ ਪਰਬਤ ਦੀਆਂ ਪਹਾੜੀਆਂ ਤੇ ਸੂਰਜ ਦੀਆਂ ਭਿੰਨ-ਭਿੰਨ ਰੰਗਾਂ ਦੀਆਂ ਕਿਰਨਾਂ ਦਾ ਬਹੁਤ ਵਧੀਆ ਦਿ੍ਰਸ਼ ਵੇਖਿਆ ਜਾ ਸਕਦਾ ਹੈ। ਇੱਥੋਂ ਹਿਮਾਲਾ ਪਰਬਤ ਦੀ ਸੁੰਦਰਤਾ ਨੂੰ ਵੀ ਰੱਜ ਕੇ ਵੇਖਣਾ ਚਾਹੀਦਾ ਹੈ। ਦੋ ਕਿਲੋਮੀਟਰ ਦੂਰ ਹੀ ਸਿਮਤੋਲਾ, ਚੀੜ ਦੇ ਦਰੱਖ਼ਤਾਂ ਨਾਲ ਘਿਰਿਆ ਖ਼ੂਬਸੂਰਤ ਸਥਾਨ ਹੈ।

ਨਾਚ (ਨਿ੍ਰਤ) ਦੇ ਸਮਰਾਟ ਊਦੇਸ਼ੰਕਰ ਨੂੰ ਇਹ ਜਗ੍ਹਾ ਐਨੀ ਪਸੰਦ ਆਈ ਕਿ ਉਸਨੇ ਇੱਥੇ ਨਾਚਸ਼ਾਲਾ ਬਣਾਈ ਤੇ ਇੱਥੇ ਸ਼ਾਸਤਰੀ ਨਾਚ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇੱਥੇ ਗੁਰੂ ਰਾਵਿੰਦਰ ਨਾਥ ਟੈਗੋਰ ਤੇ ਸਵਾਮੀ ਵਿਵੇਕਾਨੰਦ ਜਿਹੀਆਂ ਸ਼ਖ਼ਸੀਅਤਾਂ ਵੀ ਆਈਆਂ ਸਨ, ਜੋ ਆਪਣੀਆਂ ਕੁੱਝ ਯਾਦਾਂ ਇੱਥੇ ਛੱਡ ਗਏ। ਨਿਆਂ ਦਾ ਦੇਵਤਾ ਮੰਦਰ, ਕਸਾਰ ਦੇਵੀ, ਕਾਲੀਮੱਠ ਤੇ ਮੋਹਣ ਜੋਸ਼ੀ ਪਾਰਕ ਤੇ ਕਟਾਰਮੱਲ ਦਾ ਸੂਰਜ ਮੰਦਰ ਵੀ ਵੇਖਣਯੋਗ ਥਾਵਾਂ ਹਨ।

ਅਲਮੋੜਾ ਵਿਚ ਰਹਿਣ ਲਈ ਹੋਟਲ ਉਪਲਬੱਧ ਹਨ। ਇਸ ਤੋਂ ਇਲਾਵਾ ਹੋਲੀ ਤੇ ਹੋਮ, ਸਰਕਿਟ ਹਾਊਸ ਤੇ ਲੋਕ ਨਿਰਮਾਣ ਵਿਭਾਗ ਦੇ ਵਿਸ਼ਰਾਮ ਘਰ ਵਿਚ ਵੀ ਠਹਿਰਿਆ ਜਾ ਸਕਦਾ ਹੈ।

ਪ੍ਰਾਚੀਨ ਭਵਨ

ਅਲਮੋੜਾ ਦੀ ਮੁੱਖ ਵਿਸ਼ੇਸ਼ਤਾ ਇੱਥੋਂ ਦੇ ਪੁਰਾਣੇ ਭਵਨ ਹਨ। ਇਸ ਸ਼ਹਿਰ ਦੇ ਨੇੜੇ-ਤੇੜੇ ਜੰਗਲ ਹੀ ਜੰਗਲ ਹਨ। ਇੱਥੋਂ ਦੇ ਭਵਨਾਂ ਵਿਚ ਚੀੜ, ਦੇਵਾਦਾਰ ਤੇ ਤੂਣ ਆਦਿ ਦਰੱਖ਼ਤਾਂ ਦੀਆਂ ਲੱਕੜਾਂ ਤੋਂ ਕੀਤੀ ਭਵਨ ਨਿਰਮਾਣ ਕਲਾ ਵੇਖੀ ਜਾ ਸਕਦੀ ਹੈ। ਇੱਥੇ ਤਾਂਬੇ ਦੇ ਬਰਤਨ ਅਤੇ ਹੋਰ ਕਲਾਤਮਕ ਸਮਾਨ ਵੀ ਤਿਆਰ ਕੀਤਾ ਜਾਂਦਾ ਹੈ। ਤਾਂਬੇ ਦਾ ਸਾਮਾਨ ਬਣਾਉਣ ਵਾਲਿਆਂ ਨੂੰ ਇੱਥੋਂ ਦੀ ਬੋਲੀ ਵਿਚ ‘‘ਟਮਟਾ’’ ਕਿਹਾ ਜਾਂਦਾ ਹੈ। ਅਲਮੋੜਾ ਵਿਚ ਸੇਬ, ਆੜੂ ਤੇ ਸਟਰਾਬੇਰੀ ਫਲ ਵੱਡੀ ਮਾਤਰਾ ਵਿਚ ਪੈਦਾ ਹੁੰਦੇ ਹਨ। ਇੱਥੋਂ ਦੇ ਲੋਕਾਂ ਨੇ ਕੁਝ ਹੱਦ ਤਕ ਆਪਣੇ ਪੁਰਾਤਨ ਸੱਭਿਆਚਾਰ ਨੂੰ ਵੀ ਸਾਂਭ ਕੇ ਰੱਖਿਆ ਹੋਇਆ ਹੈ।

- ਮੇਜਰ ਸਿੰਘ ਜਖੇਪਲ

Posted By: Harjinder Sodhi