ਆਮ ਆਦਮੀ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦਾ ਮਤਲਬ ਦੁਬਈ ਹੀ ਸਮਝਦਾ ਹੈ। ਕੁਝ ਜਾਣਕਾਰੀ ਰੱਖਣ ਵਾਲਾ ਬੰਦਾ ਇਸ ਵਿਚ ਆਬੂ ਧਾਬੀ ਅਤੇ ਸ਼ਾਰਜਾਹ ਵੀ ਸ਼ਾਮਲ ਕਰ ਲੈਂਦਾ ਹੈ। ਪਰ ਯੂ.ਏ.ਈ. ਤਾਂ ਸੱਤ ਅਮੀਰਾਤਾਂ ਦਾ ਸੰਘ ਹੈ। ਇਨ੍ਹਾਂ ਸੱਤਾਂ ਦੀ ਆਪੋ ਆਪਣੀ ਆਜ਼ਾਦ ਹਸਤੀ ਅਤੇ ਹਾਕਮ ਹਨ ਪਰ ਹੈ ਇਹ ਫੈਡਰੇਸ਼ਨ। ਇਸ ਦੀ ਇਕ ਫੈਡਰਲ ਸੁਪਰੀਮ ਕੌਂਸਲ ਹੈ। ਸੰਘ ਦਾ ਸਿੰਘਾਸਨ ਆਬੂ ਧਾਬੀ ਵਿਚ ਹੈ। ਛੇ ਅਮੀਰਾਤਾਂ ਨੇ ਤਾਂ 2 ਦਸੰਬਰ,1971 ਨੂੰ ਮਿਲ ਕੇ ਯੂ.ਏ.ਈ. ਬਣਾ ਲਈ ਸੀ ਪਰ ਰਸ ਅਲ ਖੈਮਾਹ 10 ਫਰਵਰੀ,1972 ਨੂੰ ਇਸ ਵਿਚ ਸ਼ਾਮਲ ਹੋਇਆ ਸੀ। ਪਰ ਬਹੁਤੇ ਲੋਕਾਂ ਨੂੰ ਬਾਕੀ ਦੇ ਚਾਰ ਅਮੀਰਾਤਾਂ ਬਾਰੇ ਘੱਟ ਹੀ ਪਤਾ ਹੈ ਜਾਂ ਬਿਲਕੁਲ ਹੀ ਨਹੀਂ ਪਤਾ। ਸਾਨੂੰ ਵੀ ਨਹੀਂ ਸੀ ਪਤਾ। ਬਲਕਿ ਅਸੀਂ ਤਾਂ ਬਾਕੀ ਚਾਰਾਂ ਦੇ ਨਾਂ ਤਕ ਨਹੀਂ ਸਨ ਸੁਣੇ, ਸ਼ਾਇਦ ਤੁਸੀਂ ਵੀ ਨਾ ਸੁਣੇ ਹੋਣ। ਇਹ ਅਮੀਰਾਤ ਹਨ-ਅਜਮਾਨ, ਉੱਮ ਅਲ ਕੁਵੈਨ, ਰਸ ਅੱਲ ਖੈਮਾਹ ਅਤੇ ਫੁਜੈਰਾਹ।

ਆਓ ਸਭ ਤੋਂ ਪਹਿਲਾਂ ਅਜਮਾਨ ਚਲਦੇ ਹਾਂ।

ਦੁਬਈ ਦੀ ਵੱਖੀ ਵਿਚ ਸ਼ਾਰਜਾਹ ਹੈ ਅਤੇ ਸ਼ਾਰਜਾਹ ਦੀ ਬਗਲ ਵਿਚ ਅਜਮਾਨ। ਇਹ ਸੰਯੁਕਤ ਅਰਬ ਅਮੀਰਾਤ ਦਾ ਸਭ ਤੋਂ ਛੋਟਾ ਅਮੀਰਾਤ ਹੈ। ਵਿੱਕੀਪੀਡੀਆ ਅਨੁਸਾਰ ਇਸ ਦਾ ਖੇਤਰਫਲ ਮਹਿਜ਼ 260 ਵਰਗ ਕਿਲੋ ਮੀਟਰ ਹੈ। ਇਸ ਦੀ ਜਨਸੰਖਿਆ ਬਾਰੇ ਵੱਖ-ਵੱਖ ਅੰਕੜੇ ਮਿਲਦੇ ਹਨ ਪਰ ਅੰਦਾਜ਼ਨ ਇਹ 2.5 ਲੱਖ ਤੋਂ 3.5 ਲੱਖ ਦੇ ਵਿਚ-ਵਿਚ ਹੈ। ਇਸ ਵਸੋਂ ਦਾ 95ਫ਼ੀਸਦੀ ਹਿੱਸਾ ਇਸ ਨਿਕਚੂ ਜਿਹੇ ਅਮੀਰਾਤ ਦੀ ਫਾਰਸ ਦੀ ਖਾੜੀ ਦੀ ਤੱਟਵਰਤੀ ਰਾਜਧਾਨੀ ਅਜਮਾਨ ਵਿਚ ਵਸਿਆ ਹੈ। ਅਮੀਰਾਤ ਦਾ ਨਾਂ ਇਸ ਰਾਜਧਾਨੀ ਦੇ ਨਾਂ ਉੱਪਰ ਹੀ ਹੈ। ਵਸੋਂ ਦਾ ਕੇਵਲ 16 ਫ਼ੀਸਦੀ ਹੀ ਐਮੀਰਾਤੀ, ਭਾਵ ਮੂਲ਼ ਵਸਨੀਕ ਹਨ, ਬਾਕੀ ਪਰਵਾਸੀ ਹਨ। ਅਜਮਾਨ ਵਿਚ ਹੀ ਇਸ ਦੇ ਹਾਕਮ ਰਹਿੰਦੇ ਹਨ। ਸ਼ੇਖ ਹੁਮੈਦ ਬਿਨ ਰਾਸ਼ਿਦ ਅਲ ਨੁਐਮੀ (ਤੀਸਰਾ) ਇਸ ਦਾ ਸ਼ਾਸਕ ਹੈ। ਸ਼ੇਖ ਅਮਰ ਬਿਨ ਹੁਮੈਦ ਅਲ ਨੁਐਮੀ ਇਸ ਦਾ ਕਰਾਊਨ ਪਰਿੰਸ ਹੈ। ਅਲ ਨੁਐਮੀ ਪਰਿਵਾਰ (ਕਬੀਲਾ) 1810 ਤੋਂ ਇਥੇ ਰਾਜ ਕਰ ਰਿਹਾ ਹੈ। ਨਿਰੰਕੁਸ਼ ਸ਼ੇਖਸ਼ਾਹੀ ਤਹਿਤ ਰਾਜ ਪ੍ਰਬੰਧ ਚਲਦਾ ਹੈ।

ਮੁਹੰਮਦ ਸੁਵੈਦ ਦੀ ਕਿਤਾਬ 'ਹਿਸਟੌਰੀਕਲ ਡਿਕਸ਼ਨਰੀ ਆਫ ਬੈਦੁਇਨਜ਼' ਅਨੁਸਾਰ ਇਥੇ ਕਦੀ ਕਾਹੇਨਾਈਟ ਕਬੀਲਾ, ਜੋ ਬਾਨੂ ਯਾਮ ਕਬੀਲੇ ਦੀ ਵੰਸ਼ਜ ਸੀ, ਕਿਆਮ ਕਰਦਾ ਸੀ। ਇਹ ਲੋਕ ਰਮਤੇ ਸਨ ਅਤੇ ਮੱਧ-ਪੂਰਬੀ ਅਰੇਬੀਅਨ ਪ੍ਰਾਏਦੀਪ ਵਿਚ ਫੈਲੇ ਸਨ। ਇਹ ਸਾਊਦੀ ਅਰਬ, ਕਤਰ, ਕੁਵੈਤ, ਯੂ.ਏ.ਈ. ਵਿਚ ਖਿਲਰੇ ਸਨ।

ਇਹ ਕਬਾਇਲੀ ਲੋਕ ਬਲਸ਼ਾਲੀ ਜੰਗਬਾਜ਼ ਸਨ ਅਤੇ ਇਨ੍ਹਾਂ ਦੀ ਔਟੋਮਨ ਟਰਕਾਂ ਅਤੇ ਸਾਊਦੀਆਂ ਨਾਲ ਅਕਸਰ ਲੜਾਈ ਹੁੰਦੀ ਰਹਿੰਦੀ ਸੀ। 19 ਵੀਂ ਸਦੀ ਦਾ ਜਾਂਬਾਜ਼ ਰਕਨ ਬਿਨ ਹਿਥਾਲਾਇਨ ਅੱਜ ਵੀ ਅਰਬੀ ਕਬਾਇਲੀ ਫੋਕਲੋਰ ਦਾ ਹੀਰੋ ਹੈ। ਇਨ੍ਹਾਂ ਰਮਤਾਗੀਰੀ ਤਜ ਕੇ ਇਕ ਸੰਗਠਤ ਸੱਭਿਅਕ ਸਮਾਜ ਵਜੋਂ ਵਿਕਾਸ ਕੀਤਾ। ਇਨ੍ਹਾਂ ਦੀ ਬਹੁਤਾਤ ਅਜਮਾਨ ਵਿਚ ਵਸ ਗਈ। ਅਜਮਾਨ ਉੱਤਰੀ ਅਮੀਰਾਤਾਂ ਦਾ ਗੇਟਵੇ ਹੈ। ਇਸ ਦੀ ਧਰਤੀ ਨਾਲ ਲਗਦੇ ਇਲਾਕੇ ਦੇ ਉੱਤਰ, ਪੂਰਬ, ਦੱਖਣ ਵੱਲ ਸ਼ਾਰਜਾਹ ਹੈ। ਹਟਵੇਂ ਜਿਹੇ ਦੋ ਟਾਪੂ ਮਨਾਮਾ ਅਤੇ ਮਸਫੌਤ ਵੀ ਅਜਮਾਨ ਦੇ ਕੰਟਰੋਲ ਵਿਚ ਹਨ। ਮਨਾਮਾ 60 ਕਿ.ਮੀ. ਪੂਰਬ ਵਿਚ ਹੈ ਅਤੇ ਇਸ ਦਾ ਬਾਡਰ ਫੁਜੈਰਾ ਤੇ ਸ਼ਾਰਜਾਹ ਨਾਲ ਲਗਦਾ ਹੈ ਜਦ ਕਿ ਮਸਫੌਤ ਦਾ ਬਾਡਰ ਉਮਾਨ, ਦੁਬਈ ਤੇ ਰਸ ਅਲ ਖੈਮਾਹ ਨਾਲ ਲਗਦੈ। ਨਾਮਾ ਹਜਰ ਪਹਾੜਾਂ ਦੇ ਪੈਰਾਂ ਵਿਚ ਹੈ। ਦੋਵੇਂ ਬਹੁਤ ਉਪਜਾਊ ਹਨ ਅਤੇ ਖੇਤੀਬਾੜੀ, ਖਜੂਰਾਂ ਅਤੇ ਹੋਰ ਫਲਾਂ ਦੇ ਉਤਪਾਦਨ ਲਈ ਜਾਣੇ ਜਾਂਦੇ ਹਨ।

ਅਜਮਾਨ ਦਾ ਬਾਹਰਲਾ ਇਲਾਕਾ ਰੇਤੀਲਾ ਹੈ। ਥਾਂ-ਥਾਂ ਰੇਗਿਸਤਾਨੀ ਧੋੜੇ ਹਨ, ਕਿਤੇ ਕਿਤੇ ਜੰਗਲੀ ਊਠ ਵੀ ਦਿਖਾਈ ਦਿੰਦੇ ਹਨ, ਦੂਰ-ਦੂਰ ਤਕ ਵਸੋਂ ਨਹੀ। ਉਂਜ ਲੋਕ ਪ੍ਰਾਹੁਣਚਾਰ ਹਨ। ਅਜਮਾਨ ਦੀ ਅਰਥ ਵਿਵਸਥਾ ਪੰਜ ਪ੍ਰਮੁੱਖ ਸੈਕਟਰਾਂ ਗਿਰਦ ਘੁੰਮਦੀ ਹੈ-ਉਤਪਾਦ, ਉਸਾਰੀ, ਰੀਅਲ ਐਸਟੇਟ/ਬਿਜ਼ਨੈੱਸ ਸੇਵਾਵਾਂ/ਟਰਾਂਸਪੋਰਟ, ਥੋਕ ਤੇ ਪ੍ਰਚੂਨ ਖ਼ਰੀਦੋ-ਫਰੋਖਤ, ਭੰਡਾਰਨ ਤੇ ਸੰਚਾਰ ਸੇਵਾਵਾਂ। ਇਹ ਟੈਕਸਟਾਈਲ ਉਦਯੋਗ ਦਾ ਕੇਂਦਰ ਹੈ। ਸੰਯੁਕਤ ਅਰਬ ਅਮੀਰਾਤ ਦੀਆਂ 15ਫ਼ੀਸਦੀ ਉਤਪਾਦ ਫਰਮਾਂ ਇਥੇ ਹਨ।

ਅਜਮਾਨ ਪੋਰਟ ਅਤੇ ਅਜਮਾਨ ਫਰੀ ਜ਼ੋਨ ਦਾ ਅਰਥ ਵਿਵਸਥਾ ਵਿਚ ਭਾਰੀ ਯੋਗਦਾਨ ਹੈ। ਫਰੀ ਜ਼ੋਨ ਵਿਚ 256 ਉਦਯੋਗਿਕ ਇਕਾਈਆਂ ਚਲ ਰਹੀਆਂ ਹਨ। ਸੈਰ-ਸਪਾਟਾ ਅਤੇ ਪ੍ਰਾਪਰਟੀ ਵਿਚ ਵੀ ਬੜਾ ਉਭਾਰ ਆ ਰਿਹਾ ਹੈ। ਦੁਬਈ ਅਤੇ ਸ਼ਾਰਜਾਹ ਵਿਚ ਪ੍ਰਾਪਰਟੀ ਅਤੇ ਕਿਰਾਏ ਦੇ ਫਲੈਟ/ਘਰਾਂ ਦਾ ਰੇਟ ਅਸਮਾਨ ਛੂੰਹਵਾਂ ਹੋਣ ਕਾਰਨ ਉਥੋਂ ਦੇ ਬਹੁਤੇ ਲੋਕ ਏਧਰ ਸ਼ਿਫਟ ਕਰ ਰਹੇ ਹਨ। ਸੈਲਾਨੀਆਂ ਨੂੰ ਆਕਰਸ਼ਤ ਕਰਨ ਲਈ ਖਾੜੀ ਨਾਲ 16 ਕਿ.ਮੀ.ਲੰਮਾ ਬੀਚ ਅਤੇ ਕੋਰਨੀਚ ਹਨ। ਬੀਚ ਸਮੁੰਦਰ ਕਿਨਾਰੇ ਰੇਤੀਲੇ ਇਲਾਕੇ ਅਤੇ ਕੋਰਨੀਚ ਤੱਟਵਰਤੀ/ਪਹਾੜੀ ਟਰੈਕ ਜਾਂ ਪੱਕੇ ਰਾਹ/ਸੜਕ ਨੂੰ ਕਹਿੰਦੇ ਹਨ ਜਿੱਥੇ ਪੈਦਲ ਚੱਲਣ ਵਾਲੇ ਸਮੁੰਦਰੀ ਦ੍ਰਿਸ਼ਾਂ ਦਾ ਆਨੰਦ ਮਾਣਦੇ ਹਨ। ਕੋਰਨੀਚ ਉੱਪਰ ਖਾਣ-ਪੀਣ ਅਤੇ ਚਾਹ-ਕੌਫ਼ੀ ਦੇ ਕਾਫ਼ੀ ਸਟਾਲ ਹਨ ਜਿਥੇ ਸੈਲਾਨੀ ਸੁਸਤਾ ਸਕਦੇ ਹਨ। ਅਜਮਾਨ ਫੋਰਟ, ਰੈੱਡ ਫੋਰਟ, ਮਨਾਮਾ ਮਿਊਜ਼ੀਅਮ, ਅਲ ਮੁਰਾਬਾ ਵਾਚ ਟਾਵਰ ਹੋਰ ਦੇਖਣਯੋਗ ਥਾਵਾਂ ਹਨ।

ਅਜਮਾਨ ਦੁਬਈ ਤੋਂ ਵੱਖ-ਵੱਖ ਸੜਕੀ ਰੂਟਾਂ ਰਾਹੀਂ 40-45 ਕਿ.ਮੀ. ਦੂਰ ਹੈ ਅਤੇ ਅੱਧੇ-ਪੌਣੇ ਘੰਟੇ ਵਿਚ ਪਹੁੰਚ ਜਾਈਦੈ। ਇਸ ਦਾ ਮੇਨ ਇਲਾਕਾ ਤਾਂ ਟੀਪ ਟਾਪ ਵਾਲਾ (ਪੌਸ਼) ਹੈ ਪਰ ਬਾਕੀ ਅਜੇ ਉਜਾੜ-ਬੀਆਬਾਨ ਹੀ ਹੈ। ਦੁਬਈ ਦੀਆਂ ਗਗਨ-ਚੁੰਬੀ ਇਮਾਰਤਾਂ ਦੀ ਤਾਮ-ਝਾਮ ਅਤੇ ਸ਼ਾਰਜਾਹ ਦੀਆਂ ਸ਼ਾਨਦਾਰ ਬਿਲਡਿੰਗਾਂ ਉਪਰੰਤ ਜਦ ਮੁਕਾਲਬਤਨ ਸਾਦਾ ਜਿਹੇ, ਠਿੰਗਣੇ-ਠਿੰਗਣੇ ਮਕਾਨਾਂ ਵਾਲਾ ਅਜਮਾਨ ਦਾ ਇਲਾਕਾ ਅਚਾਨਕ ਆ ਜਾਂਦੈ ਤਾਂ ਹੋਰੂੰ-ਹੋਰੂੰ ਲਗਦੈ!

- ਪ੍ਰੋ. ਜਸਵੰਤ ਸਿੰਘ ਗੰਢਮ

98766-55055

Posted By: Harjinder Sodhi