ਸ੍ਰੀ ਕਰਤਾਰਪੁਰ ਸਾਹਿਬ ਲਾਂਘੇ (Sri Kartarpur Sahib corridor) ਤੋਂ ਰਾਵੀ ਦਰਿਆ ਪਾਰ ਕਰ ਕੇ 14 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ ਪਿੰਡ ਘਣੀਏਕੇਬੇਟ। ਗੁਰਦਾਸਪੁਰ ਜ਼ਿਲ੍ਹੇ ਦੇ ਕੱਸੋਵਾਲ ਖੇਤਰ ’ਚ ਬੀਐੱਸਐੱਫ਼ ਦੀ ਨੰਗਲੀ ਪੋਸਟ ਤੋਂ ਅਗਾਂਹ ਸਥਿਤ ਇਹ ਪਿੰਡ ਪੂਰੀ ਤਰ੍ਹਾਂ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਸਥਿਤ ਹੈ, ਜੋ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਤਿੰਨ ਵਾਰ ਉੱਜੜ ਕੇ ਮੁੜ ਵਸਿਆ ਹੈ। ਦਰਅਸਲ, ਇਹ ਇਲਾਕਾ ਤਿੰਨ ਪਾਸਿਓਂ ਪਾਕਿਸਤਾਨ ਨਾਲ ਘਿਰਿਆ ਹੋਇਆ ਹੈ। ਪਹਿਲੀ ਵਾਰ ਇੱਥੋਂ ਦੇ ਬਾਸ਼ਿੰਦੇ 1947 ਦੇ ਫ਼ਿਰਕੂ ਦੰਗਿਆਂ ਵੇਲੇ ਉੱਜੜੇ, ਉਸ ਤੋਂ ਬਾਅਦ 1965 ਤੇ 1971 ’ਚ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਈਆਂ ਜੰਗਾਂ ਦੌਰਾਨ ਉਨ੍ਹਾਂ ਨੂੰ ਖ਼ਾਨਾ ਬਦੋਸ਼ਾਂ ਵਾਲਾ ਜੀਵਨ ਬਤੀਤ ਕਰਨਾ ਪਿਆ ਸੀ। ਉਨ੍ਹਾਂ 24 ਸਾਲਾਂ ’ਚ ਤਿੰਨ ਵਾਰ ਉੱਜੜਨ ਦਾ ਦਰਦ ਉਹੀ ਜਾਣ ਸਕਦਾ ਹੈ, ਜਿਸ ਨੇ ਅਜਿਹਾ ਕੁਝ ਭੋਗਿਆ ਹੋਵੇ। ਦੋ ਜੰਗਾਂ ਤੋਂ ਬਾਅਦ ਇਸ ਇਲਾਕੇ ਦੇ ਪਿੰਡ ਗੁਣੀਆ, ਸਹਾਰਨਪੁਰ, ਗੰਗੂਵਾਲ, ਨੰਗਲੀ, ਸਹਾਰਨ ਜਿਹੇ ਪਿੰਡ ਹੁਣ ਬੇਚਿਰਾਗ਼ੇ ਹੋ ਕੇ ਰਹਿ ਗਏ ਹਨ; ਜਦ ਕਿ 1947 ਤੋਂ ਪਹਿਲਾਂ ਇਹ ਸਾਰੇ ਬੇਹੱਦ ਖ਼ੁਸ਼ਹਾਲ ਸਨ।

ਆਜ਼ਾਦੀ ਦੇ 75 ਵਰ੍ਹੇ ਬੀਤ ਜਾਣ ਦੇ ਬਾਵਜੂਦ ਦੁੱਖਾਂ ਦਾ ਦਰਦ ਉਸ ਵੇਲੇ ਹੋਰ ਵੀ ਉਛਾਲ਼ੇ ਮਾਰਨ ਲੱਗਦਾ ਹੈ, ਜਦੋਂ ਕੋਈ ਬਾਹਰੋਂ ਆ ਕੇ ਉਨ੍ਹਾਂ ਨਾਲ ਹਮਦਰਦੀ ਪ੍ਰਗਟਾਉਣ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਦੇ ਇਨ੍ਹਾਂ ਬਿਖੜੇ ਪੈਂਡਿਆਂ ਦੀ ਦਾਸਤਾਨ ਇੱਥੋਂ ਦੇ ਨਾਗਰਿਕਾਂ ਨਾਲ ਗੱਲਬਾਤ ਕਰ ਕੇ ਹੀ ਜਾਣੀ ਜਾ ਸਕਦੀ ਹੈ। ਬਹੁਤ ਵਾਰ ਇੱਥੇ ਰਾਤਾਂ ਨੂੰ ਸੂਹ ਲੈਣ ਲਈ ਪਾਕਿਸਤਾਨੀ ਡ੍ਰੋਨ ਆ ਜਾਂਦੇ ਹਨ। ਪਹਿਲਾਂ ਉਨ੍ਹਾਂ ਦੀਆਂ ਲਾਈਟਾਂ ਜਗਦੀਆਂ ਹੁੰਦੀਆਂ ਸਨ ਤੇ ਉਹ ਦੂਰੋਂ ਵਿਖਾਈ ਦੇ ਜਾਂਦੇ ਸਨ ਪਰ ਜਦ ਤੋਂ ਬੀਐੱਸਐੱਫ਼ ਦੇ ਜਵਾਨਾਂ ਨੇ ਉਨ੍ਹਾਂ ਨੂੰ ਫ਼ੁੰਡਣਾ ਸ਼ੁਰੂ ਕਰ ਦਿੱਤਾ, ਤਾਂ ਹੁਣ ਲਾਈਟਾਂ ਉੱਤੇ ਟੇਪਾਂ ਲਾ ਕੇ ਡ੍ਰੋਨ ਭੇਜੇ ਜਾ ਰਹੇ ਹਨ। ਹਫ਼ਤੇ ’ਚ ਇਕਅੱਧੀ ਵਾਰ ਰਾਤ ਸਮੇਂ ਕੋਈ ਨਾ ਕੋਈ ਡ੍ਰੋਨ ਇਸ ਇਲਾਕੇ ਦੀਆਂ ਗਤੀਵਿਧੀਆਂ ਦੀ ਸੂਹ ਲੈਣ ਆ ਹੀ ਵੜਦਾ ਹੈ। ਜਿਵੇਂ ਹੀ ਬੀਐੱਸਐੱਫ਼

ਦੇ ਜਵਾਨਾਂ ਨੂੰ ਰਾਤ ਦੇ ਸੰਨਾਟੇ ’ਚ ਉਨ੍ਹਾਂ ਦੀ ਘਰਰਘਰਰ ਦੀ ਆਵਾਜ਼ ਸੁਣਦੀ ਹੈ, ਤਦ ਉਨ੍ਹਾਂ ਡ੍ਰੋਨਾਂ ਦੀ ਸ਼ਾਮਤ ਆ ਜਾਂਦੀ ਹੈ।

ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ ’ਤੇ ਮੌਜੂਦ ਪਿੰਡ ਘਣੀਏਕੇਬੇਟ ਜਾਣ ਦਾ ਸਬੱਬ ਬਣਿਆ। ਕਾਫ਼ੀ ਫ਼ੌਜੀ ਚੈਕਿੰਗ ਤੋਂ ਬਾਅਦ ਪਿੰਡ ’ਚ ਗਏ। ਇੱਥੇ ਪਹਿਲੀ ਵਾਰ ਤੁਹਾਨੂੰ ਅਜੀਬ ਕਿਸਮ ਦੀ ਸ਼ਾਂਤੀ ਮਹਿਸੂਸ ਹੋਵੇਗੀ। ਤੁਹਾਨੂੰ ਇੱਥੇ ਹਰ ਛਿਣ ਇਹੋ ਮਹਿਸੂਸ ਹੁੰਦਾ ਰਹਿੰਦਾ ਹੈ ਕਿ ਕੋਈ ਤੁਹਾਨੂੰ ਵੇਖ ਰਿਹਾ ਹੈ। ਸੱਚਮੁਚ ਇੱਥੇ ਹਰੇਕ ਵਿਅਕਤੀ ’ਤੇ ਬੜੀ ਚੌਕਸ ਨਜ਼ਰ ਰਹਿੰਦੀ ਹੈ ਬੀਐੱਸਐੱਫ਼ (ਸੀਮਾ ਸੁਰੱਖਿਆ ਬਲ) ਦੇ ਜਵਾਨਾਂ ਦੀ। ਇੱਥੇ ਚੁਪਾਸੇ ਸੁਰੱਖਿਆ ਬਲ ਦੀਆਂ ਚੌਕੀਆਂ ਹਨ, ਜਿੱਥੇ ਤੋਪਾਂ ਤੋਂ ਲੈ ਕੇ ਹਰ ਤਰ੍ਹਾਂ ਦਾ ਗੋਲ਼ੀਸਿੱਕਾ ਮੌਜੂਦ ਹੈ ਕਿਉਂਕਿ ਬਿਲਕੁਲ ਅੱਧਾ ਕਿਲੋਮੀਟਰ ਦੀ ਦੂਰੀ ’ਤੇ ਪਾਕਿਸਤਾਨ ਦੀ ਸਰਹੱਦ ਨਾਲ਼ ਲੱਗਦੀ ਹੈ ਤੇ ਉੱਧਰ ਵੀ ਪਾਕਿਸਤਾਨੀ ਰੇਂਜਰਾਂ ਦੀ ਚੌਕਸੀ ਪੂਰੀ ਤਰ੍ਹਾਂ ਸਖ਼ਤ ਹੋਵੇਗੀ। ਵਿਚਕਾਰ ਧੁੱਸੀ ਬੰਨ੍ਹ ਹੈ ਤੇ ਉਸ ਤੋਂ ਅੱਗੇ ਕੌਮਾਂਤਰੀ ਸਰਹੱਦ ਨੂੰ ਦਰਸਾਉਂਦੀ ਕੰਡਿਆਲ਼ੀ ਤਾਰ ਹੈ, ਜੋ 10 ਫੁੱਟ ਚੌੜੀ ਹੈ। ਇਹ ਤਾਰ ਅੱਤਵਾਦ ਦੇ ਕਾਲ਼ੇ ਦੌਰ ਦੌਰਾਨ 1980ਵਿਆਂ ਦੌਰਾਨ ਲਾਈ ਗਈ ਸੀ। ਉਸ ਤੋਂ ਪਹਿਲਾਂ ਇਹ ਸਰਹੱਦ ਪੂਰੀ ਤਰ੍ਹਾਂ ਖੁੱਲ੍ਹੀ ਹੀ ਸੀ। ਘਣੀਏਕੇਬੇਟ ਨੂੰ ਜਾਣ ਲਈ ਜੇ ਡੇਰਾ ਬਾਬਾ ਨਾਨਕ (Dera Baba Nanak) ਵਾਲੇ ਪਾਸਿਓਂ ਕਿਸ਼ਤੀ ਰਾਹੀਂ ਆਉਣਾ ਹੋਵੇ, ਤਾਂ ਫ਼ੌਜੀ ਚੌਕੀ ਦੀ ਚੈਕਿੰਗ, ਨਿਗਰਾਨੀ ਤੇ ਚੌਕਸੀ ’ਚੋਂ ਹੀ ਲੰਘ ਕੇ ਆਉਣਾ ਪੈਂਦਾ ਹੈ। ਉੱਥੇ ਫ਼ੌਜ ਦੀਆਂ ਮੋਟਰਬੋਟਸ ਵੀ ਚੱਲਦੀਆਂ ਹਨ।

ਮਸਲੇ ਘਣੀਏ ਕੇ ਬੇਟ ਦੇ

ਪਿੰਡ ਘਣੀਏ ਕੇ ਬੇਟ ਦੀਆਂ ਆਪਣੀਆਂ ਵਿਲੱਖਣ ਕਿਸਮ ਦੀਆਂ ਪਰੇਸ਼ਾਨੀਆਂ ਹਨ। ਪਿੰਡ ਵਾਸੀਆਂ ਸਾਬਕਾ ਫ਼ੌਜੀ ਸਤਨਾਮ ਸਿੰਘ, ਸੁਖਵਿੰਦਰ ਸਿੰਘ (75), ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਡਾ. ਦਲਜੀਤ ਸਿੰਘ, ਕੁਲਦੀਪ ਸਿੰਘ, ਮਨਜੀਤ ਸਿੰਘ ਰੰਧਾਵਾ ਨੂੰ ਰੋਸ ਹੈ ਕਿ ਇੱਥੇ ਜਦੋਂ ਮੀਂਹ ਪੈਂਦਾ ਹੈ, ਤਾਂ ਚੁਪਾਸੇ ਜਲਥਲ ਹੋ ਜਾਂਦਾ ਹੈ। ਗਲ਼ੀਆਂ ਪੂਰੀ ਤਰ੍ਹਾਂ ਕੱਚੀਆਂ ਹਨ, ਉਨ੍ਹਾਂ ਨੂੰ ਪੱਕੀਆਂ ਕਰਨ ਬਾਰੇ ਕਦੇ ਕਿਸੇ ਨੇ ਸੋਚਿਆ ਹੀ ਨਹੀਂ। ਬਰਸਾਤਾਂ ਦੇ ਦਿਨਾਂ ’ਚ ਦੋਪਹੀਆ ਤੇ ਚੌਪਹੀਆ ਵਾਹਨਾਂ ਨੂੰ ਇੱਕਦੋ ਕਿਲੋਮੀਟਰ ਦੂਰ ਹੀ ਛੱਡ ਕੇ ਦੋ ਤੋਂ ਚਾਰ ਫੁੱਟ ਤੱਕ ਪਾਣੀ ’ਚੋਂ ਲੰਘ ਕੇ ਆਉਣਾ ਪੈਂਦਾ ਹੈ। ਇੱਥੇ ਹੁਣ ਡੰਗਰਾਂ ਦਾ ਹਸਪਤਾਲ ਹੈ। ਆਂਗਨਵਾੜੀ ਕੇਂਦਰ ਦੀ ਇਕ ਡਿਸਪੈਂਸਰੀ ਵੀ ਖੁੱਲ੍ਹੀ ਹੋਈ ਹੈ ਪਰ ਉੱਥੇ ਕਦੇ ਕੋਈ ਡਾਕਟਰ ਨਹੀਂ ਪੁੱਜਾ। ਇੱਥੇ ਪਹਿਲਾਂ ਕਿਸੇ ਵੇਲੇ ਪ੍ਰਾਇਮਰੀ ਸਕੂਲ ਹੁੰਦਾ ਸੀ ਪਰ ਹੁਣ ਉਹ ਬੰਦ ਹੋ ਚੁੱਕਾ ਹੈ। ਇੱਕ ਹੋਰ ਸਭ ਤੋਂ ਵੱਡੀ ਸਮੱਸਿਆ ਇਸ ਇਲਾਕੇ ਦੇ ਕਿਸਾਨਾਂ ਦੀ ਇਹ ਹੈ ਕਿ ਰਾਵੀ ਦਰਿਆ ਹਰ ਸਾਲ ਕਿਸਾਨਾਂ ਦੇ ਖੇਤ ਤੇ ਫ਼ਸਲਾਂ ਦੋਵਾਂ ਨੂੰ ਖਾਂਦਾ ਜਾ ਰਿਹਾ ਹੈ। ਇਸੇ ਲਈ ਹੌਲ਼ੀ-ਹੌਲ਼ੀ ਇਸ ਇਲਾਕੇ ’ਚ ਵਾਹੀਯੋਗ ਰਕਬਾ ਘਟਦਾ ਹੀ ਜਾ ਰਿਹਾ ਹੈ। ਰਾਵੀ ਦਰਿਆ ਆਪਣੇ ਵਹਾਅ ਦੇ ਸੱਜੇ ਪਾਸੇ ਨੂੰ ਖੋਰਾ ਲਾ ਰਿਹਾ ਹੈ, ਜਿਸ ਪਾਸੇ ਘਣੀਏ-ਕੇ-ਬੇਟ ਤੇ ਹੋਰ ਪਿੰਡ ਹਨ।

ਫੇਲ੍ਹ ਰਿਹਾ ਸੀ ਭਾਰਤ ਦਾ ਆਪਰੇਸ਼ਨ

ਗੁਰਦਾਸਪੁਰ ਜ਼ਿਲ੍ਹੇ ਦੇ ਇਤਿਹਾਸਕ ਤੱਥਾਂ ਦੇ ਮਾਹਿਰ ਖੇਤਰੀ ਇਤਿਹਾਸਕਾਰ ਪ੍ਰੋ. ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ 1947 ’ਚ ਮੁਸਲਿਮ ਬਹੁਗਿਣਤੀ ਵਾਲੇ ਗੁਰਦਾਸਪੁਰ ਜ਼ਿਲ੍ਹੇ ’ਚ ਚਾਰ ਤਹਿਸੀਲਾਂ ਬਟਾਲਾ, ਸ਼ੱਕਰਗੜ੍ਹ, ਗੁਰਦਾਸਪੁਰ ਤੇ ਪਠਾਨਕੋਟ ਸਨ। ਸ਼ੱਕਰਗੜ੍ਹ ਤਹਿਸੀਲ ਨਾਲ ਕੋਈ ਸਿੱਧਾ ਸੜਕੀ ਜਾਂ ਰੇਲ ਸੰਪਰਕ ਨਹੀਂ ਸੀ। ਉਂਝ ਗੁਰਦਾਸਪੁਰ ਜ਼ਿਲ੍ਹਾ ਜੰਮੂਕਸ਼ਮੀਰ ਨੂੰ ਪੰਜਾਬ ਤੇ ਹਿਮਾਚਲ ਪ੍ਰਦੇਸ਼ ਨਾਲ ਜੋੜਦਾ ਸੀ। ਵੰਡ ਸਮੇਂ ਦੋਵੇਂ ਦੇਸ਼ਾਂ ਵਿਚਾਲੇ ਹੱਦਬੰਦੀ ਕਰਵਾਉਣ ਲਈ ਨਿਯੁਕਤ ਕਮਿਸ਼ਨ ਦੇ ਚੇਅਰਮੈਨ ਸਾਇਰਿਲ ਰੈਡਕਲਿਫ਼ ਨੂੰ ਹਰ ਤਰ੍ਹਾਂ ਦਾ ਫ਼ੈਸਲਾ ਲੈਣ ਦਾ ਪੂਰਾ ਅਧਿਕਾਰ ਦੇ ਦਿੱਤਾ ਗਿਆ ਸੀ। ਸ਼ਕਰਗੜ੍ਹ ਤਹਿਸੀਲ ਪਾਕਿਸਤਾਨ ਨੂੰ ਦੇ ਦਿੱਤੀ ਗਈ ਸੀ।

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (Gurdwara Sri Kartarpur Sahib) ਵੀ ਇਸੇ ਤਹਿਸੀਲ ’ਚ ਸੀ, ਇਸੇ ਲਈ ਉਹ ਵੀ ਪਾਕਿਸਤਾਨ ਵਾਲੇ ਪਾਸੇ ਰਹਿ ਗਿਆ। ਉਸੇ ਦੌਰਾਨ ਭਾਰਤ ਤੇ ਪਾਕਿਸਤਾਨ ਦੀਆਂ ਫ਼ੌਜਾਂ ਨੇ ਐਂਵੇਂ ਹੀ ਧੱਕੇ ਨਾਲ ਇੱਕਦੂਜੇ ਦੀਆਂ ਕਈ ਥਾਵਾਂ ਮੱਲ ਲਈਆਂ ਸਨ। ਉਸ ਤੋਂ ਬਾਅਦ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੇ ਲੈਂਡ ਰੈਵੇਨਿਊ ਰਿਕਾਰਡ ਦੇ ਆਧਾਰ ਉੱਤੇ ਸਹੀ ਸਰਹੱਦੀ ਰੇਖਾ ਤੈਅ ਕੀਤੀ ਜਾਵੇ। ਫਿਰ ਦੁਵੱਲੇ ਅਧਿਕਾਰੀਆਂ ਦੀਆਂ ਮੀਟਿੰਗਾਂ ਹੋਈਆਂ ਤੇ ਬਾਊਂਡਰੀ ਲਾਈਨ ਨੂੰ ਦਰੁਸਤ ਕੀਤਾ ਗਿਆ। ਇਹ ਸਭ ਕਰਨ ਵਿਚ 1213 ਵਰ੍ਹੇ ਲੱਗ ਗਏ ਸਨ। ਇੰਝ ਘਣੀਏ ਕੇ ਬੇਟ ਸਮੇਤ ਹੋਰ ਕਈ ਪਿੰਡਾਂ ਦੇ ਵਾਸੀਆਂ ਨੂੰ ਆਪਣੀਆਂ ਪੁਰਾਣੀਆਂ ਥਾਵਾਂ ’ਤੇ 1960 ’ਚ ਆਉਣ ਦਾ ਮੌਕਾ ਮਿਲ ਸਕਿਆ।

ਪ੍ਰੋ. ਸ਼ਰਮਾ ਨੇ ਦੱਸਿਆ ਕਿ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ‘ਚ ਪਿੰਡ ਗੰਡਾ ਸਿੰਘਵਾਲਾ ਪਹਿਲਾਂ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਸੀ ਪਰ ਬਾਅਦ ’ਚ ਉਹ ਭਾਰਤ ਹਵਾਲੇ ਕਰ ਦਿੱਤਾ ਗਿਆ ਸੀ। ਅਜਿਹਾ ਕੁਝ ਕਰਨ ਦੇ ਅਧਿਕਾਰ ਤਦ ਸਿਰਫ਼ ਰੈਡਕਲਿਫ਼ ਕਮਿਸ਼ਨ ਕੋਲ ਹੀ ਸਨ। ਅਜਿਹਾ ਹੀ ਰਾਵੀ ਪਾਰ ਦੇ ਇਸ ਇਲਾਕੇ ਦੇ ਨਿਵਾਸੀਆਂ ਨਾਲ ਵੀ ਹੋਇਆ ਸੀ।

ਰੀਜਨਲ ਹਿਸਟੋਰੀਅਨ ਪ੍ਰੋ. ਰਾਜਕੁਮਾਰ ਸ਼ਰਮਾ ਨੇ ਅੱਗੇ ਦੱਸਿਆ ਕਿ 1965 ਦੀ ਜੰਗ ਦੌਰਾਨ ਛੰਭ ਜੌੜੀਆਂ ਖੇਤਰ ’ਚ ਭਾਰਤ ਦੀਆਂ ਫ਼ੌਜਾਂ ’ਤੇ ਕਾਫ਼ੀ ਦਬਾਅ ਸੀ ਕਿਉਂਕਿ ਪਾਕਿਸਤਾਨੀ ਫ਼ੌਜ ਬਹੁਤ ਤੇਜ਼ੀ ਨਾਲ ਅੱਗੇ ਵਧਦੇ ਆ ਰਹੇ ਸਨ। ਉਸ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਸਨ ਤੇ ਭਾਰਤੀ ਫ਼ੌਜ ਦੇ ਮੁਖੀ ਏਅਰ ਮਾਰਸ਼ਲ ਅਰਜਨ ਸਿੰਘ ਸਨ। ਏਅਰ ਮਾਰਸ਼ਲ ਨੇ ਤਦ ਪ੍ਰਧਾਨ ਮੰਤਰੀ ਤੋਂ ਇਜਾਜ਼ਤ ਮੰਗੀ ਸੀ ਕਿ ਫ਼ੌਜ ਨੂੰ ਬੰਬਾਰੀ ਲਈ ਭਾਰਤੀ ਹਵਾਈ ਫ਼ੌਜ ਦੀ ਮਦਦ ਦਿੱਤੀ ਜਾਵੇ ਅਤੇ ਇਸ ਦੇ ਨਾਲ ਹੀ ਲਾਹੌਰ ਉੱਤੇ ਤਿੰਨ ਪਾਸਿਓਂ ਹਮਲਾ ਕੀਤਾ ਜਾਵੇ।ਫਿਰ ਲਾਹੌਰ ਉੱਤੇ ਇਕ ਹਮਲਾ ਖੇਮਕਰਨ ਸੈਕਟਰ ਤੋਂ ਕੀਤਾ ਗਿਆ, ਦੂਜਾ ਹਮਲਾ ਵਾਹਗਾ ਬਾਰਡਰ ਤੋਂ ਅਤੇ ਤੀਜਾ ਹਮਲਾ ਡੇਰਾ ਬਾਬਾ ਨਾਨਕ ਸੈਕਟਰ ਤੋਂ ਹਮਲਾ ਕੀਤਾ ਗਿਆ ਸੀ। ਡੇਰਾ ਬਾਬਾ ਨਾਨਕ ਵਾਲਾ ਹਮਲਾ ਤਦ ਫ਼ੇਲ੍ਹ ਹੋ ਗਿਆ ਸੀ। ਦਰਅਸਲ ਇਹ ਇਲਾਕਾ ਤਿੰਨ ਪਾਸਿਓਂ ਪਾਕਿਸਤਾਨ ਨਾਲ ਘਿਰਿਆ ਹੋਇਆ ਹੈ। ਉਸ ਵੇਲੇ ਹੀ ਘਣੀਏ ਕੇ ਬੇਟ ਜਿਹੇ ਇਲਾਕਿਆਂ ਉੱਤੇ ਪਾਕਿਸਤਾਨ ਦਾ ਕਬਜ਼ਾ ਹੋ ਗਿਆ ਸੀ। ਬਾਅਦ ’ਚ ਇੱਕਦੂਜੇ ਦੇ ਇਲਾਕੇ ਮੋੜ ਦਿੱਤੇ ਗਏ ਸਨ।

ਪ੍ਰੋ. ਰਾਜਕੁਮਾਰ ਸ਼ਰਮਾ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਤਿਹਾਸਕ ਅਧਿਐਨ ਵਿਭਾਗ ’ਚ ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਦੇ ਅਸਿਸਟੈਂਟ ਤੇ ਰੀਸਰਚ ਫ਼ੈਲੋ ਵਜੋਂ ਨਿਯੁਕਤ ਹੋਏ ਸਨ। ਉਸ ਤੋਂ ਬਾਅਦ ਪ੍ਰੋ. ਸ਼ਰਮਾ ਸਰਕਾਰੀ ਕਾਲਜ ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ, ਸਰਕਾਰੀ ਕਾਲਜ ਗੁਰਦਾਸਪੁਰ ’ਚ ਨਿਯੁਕਤ ਰਹੇ। ਕਾਲ਼ਾ ਅਫ਼ਗ਼ਾਨਾ ਦੇ ਸਰਕਾਰੀ ਕਾਲਜ ’ਚ ਉਹ ਪਿ੍ਰੰਸੀਪਲ ਵੀ ਰਹੇ। ਸੇਵਾਮੁਕਤੀ ਤੋਂ ਬਾਅਦ ਉਹ ਪਠਾਨਕੋਟ ਜ਼ਿਲ੍ਹੇ ਦੇ ਝਾਖੋ ਲਹਿੜੀ ਦੇ ਮਾਤਾ ਗੁਜਰੀ ਨੈਸ਼ਨਲ ਕਾਲਜ ਦੇ ਪਿ੍ਰੰਸੀਪਲ ਬਣੇ। ਇਸ ਵੇਲੇ ਪ੍ਰੋ. ਰਾਜਕੁਮਾਰ ਸ਼ਰਮਾ ਗੁਰਦਾਸਪੁਰ ਦੀ ਜ਼ਿਲ੍ਹਾ ਹੈਰਿਟੇਜ ਸੁਸਾਇਟੀ ਦੇ ਸਕੱਤਰ ਹਨ।

ਕੱਸੋਵਾਲ ਪੁਲ਼ ਸਦਕਾ ਹੀ ਰਾਵੀ ਪਾਰ ਸੰਭਵ ਹੋ ਸਕੀ ਹੈ ਖੇਤੀ

ਘਣੀਏ ਕੇ ਬੇਟ ਦੇ ਵਸਨੀਕਾਂ ਦੇ ਕੁਝ ਦੁਖੜੇ ਰਾਵੀ ਦਰਿਆ ’ਤੇ ਬਣੇ ਨਵੇਂ ਕੱਸੋਵਾਲ ਪੁਲ਼ ਨਾਲ ਜ਼ਰੂਰ ਘਟੇ ਹਨ ਪਰ ਉਹ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਸਕੇ। ਇਸ ਪੁਲ਼ ਦਾ ਉਦਘਾਟਨ 24 ਸਤੰਬਰ, 2020 ਨੂੰ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਗੁਰਦਾਸਪੁਰ ਹਲਕੇ ਦੇ ਸੰਸਦ ਮੈਂਬਰ ਸੰਨੀ ਦਿਓਲ ਦੀ ਮੌਜੂਦਗੀ ਵਿਚ ਨਵੀਂ ਦਿੱਲੀ ਤੋਂ ਹੀ ਡਿਜੀਟਲ ਤਰੀਕੇ ਨਾਲ ਕਰ ਦਿੱਤਾ ਸੀ। ਜਦੋਂ ਤਕ ਇਹ ਪੱਕਾ ਕਲਾਸ 70 ਪੁਲ਼ ਨਹੀਂ ਬਣਿਆ ਸੀ, ਤਦ ਤਕ ਰਾਵੀ ਪਾਰ ਦੇ ਇਲਾਕਿਆਂ ਵਿਚ ਖੇਤੀਬਾੜੀ ਕਰਨੀ ਸੰਭਵ ਨਹੀਂ ਸੀ ਹੁੰਦੀ ਕਿਉਂਕਿ ਤਦ ਫ਼ੌਜ ਹੀ ਪੌਂਟੂਨ ਪੁਲ਼ ਬਣਾਉਂਦੀ ਸੀ ਪਰ ਬਰਸਾਤ ਦੇ ਮੌਸਮ ਦੌਰਾਨ ਉਹ ਆਰਜ਼ੀ ਪੁਲ਼ ਹਟਾ ਲਿਆ ਜਾਂਦਾ ਸੀ। ਉਦੋਂ ਦਰਿਆ ਪਾਰ ਜਾਣ ਲਈ ਕੇਵਲ ਇੱਕੋ ਜ਼ਰੀਆ ਕਿਸ਼ਤੀ ਹੀ ਹੁੰਦਾ ਸੀ। ਉਸ ਵੇਲੇ ਮੈਡੀਕਲ ਸਹੂਲਤਾਂ ਲਈ ਵੀ ਇਸ ਇਲਾਕੇ ਦੇ ਲੋਕਾਂ ਨੂੰ ਤਰਸਣਾ ਪੈਂਦਾ ਸੀ। ਇਹੋ ਇੱਕੋਇਕ ਅਜਿਹਾ ਪੁਲ਼ ਹੈ ਜੋ ਭਾਰਤਪਾਕਿਸਤਾਨ ਕੌਮਾਂਤਰੀ ਸਰਹੱਦ ਲਾਗਲੇ ਕੱਸੋਵਾਲ ਇਲਾਕੇ ਨੂੰ ਬਾਕੀ ਭਾਰਤ ਨਾਲ ਜੋੜਦਾ ਹੈ। 483.95 ਮੀਟਰ ਲੰਮੇ ਇਸ ਐੱਮਸੀਬੀਸੀ ਪੁਲ਼ ਦਾ ਨਿਰਮਾਣ ਬਾਰਡਰ ਰੋਡਜ਼ ਆਰਗੇਨਾਇਜ਼ੇਸ਼ਨ (ਬੀਆਰਓ) ਨੇ ਪ੍ਰੋਜੈਕਟ ਚੇਤਕ ਅਧੀਨ ਕਰਵਾਇਆ ਸੀ।

100 ਵੋਟਾਂ ਪਰਵਾਸੀਆਂ ਦੀਆਂ, ਪਿੰਡ ਦੀ ਆਬਾਦੀ 582

ਪਿੰਡ ਘਣੀਏ ਕੇ ਬੇਟ ਦੀ ਹਾਲਤ ਇਸ ਵੇਲੇ ਕੁਝ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਇੱਥੋਂ ਦੇ ਜ਼ਿਆਦਾਤਰ ਲੋਕ ਪੰਜਾਬ ਦੇ ਵੱਡੇ ਸ਼ਹਿਰਾਂ ਜਾਂ ਵਿਦੇਸ਼ੀਂ ਜਾ ਕੇ ਵੱਸ ਚੁੱਕੇ ਹਨ। ਮਨਦੀਪ ਸਿੰਘ ਨੇ ਦੱਸਿਆ ਕਿ ਹੁਣ ਇਸ ਪਿੰਡ ’ਚ 100 ਵੋਟਾਂ ਉੱਤਰ ਪ੍ਰਦੇਸ਼ (ਯੂਪੀ) ਅਤੇ ਬਿਹਾਰ ਦੇ ਪਰਵਾਸੀਆਂ ਦੀਆਂ ਵੀ ਹਨ। ਇਹ ਪਰਵਾਸੀ ਪੰਜਾਬੀ ਕਿਸਾਨਾਂ ਨਾਲ ਖੇਤੀਬਾੜੀ ਵਿੱਚ ਸਖ਼ਤ ਮਿਹਨਤ ਨਾਲ ਹੱਥ ਵੰਡਾਉਂਦੇ ਹਨ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਇਸ ਪਿੰਡ ਦੀ ਆਬਾਦੀ 582 ਸੀ।

ਤਿੰਨ ਵਾਰ ਕੀਤਾ ਪਾਕਿਸਤਾਨ ਨੇ ਕਬਜ਼ਾ

ਇਹ ਵੀ ਇੱਕ ਹਕੀਕਤ ਹੈ ਕਿ 1965 ਤੇ 1971 ਦੀਆਂ ਜੰਗਾਂ ਭਾਵੇਂ ਭਾਰਤ ਨੇ ਜਿੱਤੀਆਂ ਸਨ ਪਰ ਦੋਵੇਂ ਵਾਰ ਰਾਵੀ ਪਾਰ ਦੇ ਇਸ ਇਲਾਕੇ ‘ਤੇ ਪਾਕਿਸਤਾਨੀਆਂ ਨੇ ਕਬਜ਼ਾ ਕਰ ਲਿਆ ਸੀ। ਉਹ ਦੋਵੇਂ ਵਰ੍ਹੇ ਪਿੰਡ ਘਣੀਏਕੇਬੇਟ ਵਾਸੀਆਂ ਲਈ ਅੰਤਾਂ ਦੇ ਮੁਸੀਬਤਾਂ ਭਰੇ ਸਨ। ਉਸ ਤੋਂ ਪਹਿਲਾਂ 1947 ‘ਚ ਤਾਂ ਲਗਪਗ ਸਮੁੱਚੇ ਪੰਜਾਬ ਨੂੰ ਹੀ ਫ਼ਿਰਕੂ ਅੱਗ ਨੇ ਆਪਣੀ ਲਪੇਟ ‘ਚ ਲੈ ਲਿਆ ਸੀ। ਤਦ ਇੱਥੋਂ ਦੇ ਮੁਸਲਿਮ ਪਰਿਵਾਰ ਤਾਂ ਪਾਕਿਸਤਾਨ ਚਲੇ ਗਏ ਸਨ ਤੇ ਇਹ ਪਿੰਡ ਕਿਉਂਕਿ ਜ਼ੀਰੋ ਲਾਈਨ ‘ਤੇ ਸਥਿਤ ਹੈ, ਇਸੇ ਲਈ ਇੱਥੋਂ ਦੇ ਨਾਗਰਿਕਾਂ ਨੂੰ ਆਰਜ਼ੀ ਤੌਰ ‘ਤੇ ਡੇਰਾ ਬਾਬਾ ਨਾਨਕ ਲਾਗਲੇ ਪਿੰਡ ਸੰਧਵਾਂ ‘ਚ ਵਸਾ ਦਿੱਤਾ ਗਿਆ ਸੀ। ਫਿਰ ਉਨ੍ਹਾਂ ਨੂੰ ਆਪਣੇ ਪਿੰਡ ਪਰਤਣ ‘ਚ ਪੂਰੇ 13 ਵਰ੍ਹੇ ਲੱਗ ਗਏ। 60 ਸਾਲਾ ਮਨਜੀਤ ਸਿੰਘ ਰੰਧਾਵਾ, ਮਨਦੀਪ ਸਿੰਘ, ਕਲਾਨੌਰ ਤੋਂ ਖ਼ਾਸ ਤੌਰ ਉੱਤੇ ਆਏ ਅਪਰਉਪਾਰ ਸਿੰਘ ਅਤੇ ਪਿੰਡ ਦੇ ਕੁਝ ਹੋਰ ਬਜ਼ੁਰਗ ਵਾਸੀਆਂ ਨੇ ਇਸ ਦੀ ਪੁਸ਼ਟੀ ਕੀਤੀ।

- ਮਹਿਤਾਬਉਦਦੀਨ

Posted By: Harjinder Sodhi