ਕਿਸੇ ਸਥਾਨ ਦੇ ਆਵਾਜਾਈ ਦੇ ਸਾਧਨ ਤੇ ਨਿਯਮਤ ਤੇ ਸੁਚਾਰੂ ਢੰਗ ਨਾਲ ਵਿਉਂਤੀ ਹੋਈ ਟ੍ਰੈਫਿਕ ਵਿਵਸਥਾ, ਉਸ ਥਾਂ ਦੀ ਪਛਾਣ ਹੁੰਦੀ ਹੈ। ਬੇਨਿਯਮੇ, ਆਪਹੁਦਰੇ ਤੇ ਅੰਤਾਂ ਦੀ ਅਨੁਸ਼ਾਸਨਹੀਣਤਾ ਦਿਖਾਉਂਦੀ ਸਾਡੇ ਦੇਸ਼ ਦੀ ਟ੍ਰੈਫਿਕ ਵਿਵਸਥਾ ਸ਼ਾਇਦ ਸਭ ਤੋਂ ਭੈੜੀ ਹੋਵੇਗੀ। ਇਸੇ ਕਾਰਨ ਹੀ ਨਿੱਤ ਵਾਪਰਦੇ ਸੜਕ ਹਾਦਸਿਆਂ ਵਿਚ ਮਨੁੱਖੀ ਜਾਨਾਂ ਭੰਗ ਦੇ ਭਾੜੇ ਜਾ ਰਹੀਆਂ ਹਨ। ਆਸਟ੍ਰੇਲੀਆ ਵਿਚ ਆ ਕੇ ਜਦੋਂ ਇਹ ਨਿਯਮਬੱਧ ਵਿਵਸਥਾ ਦੇਖੀ ਤਾਂ ਮਨ ਅਸ਼- ਅਸ਼ ਕਰ ਉੱੱਠਿਆ। ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਹਰ ਪ੍ਰਕਾਰ ਦੀ ਟਰਾਂਸਪੋਰਟ 'ਪੀਟੀਵੀ' ਭਾਵ ਪਬਲਿਕ ਟਰਾਂਸਪੋਰਟ ਵਿਕਟੋਰੀਆ ਦੇ ਅੰਤਰਗਤ ਵਿਉਂਤੀ ਹੋਈ ਹੈ। ਮੈਲਬਰਨ ਵਿਚ ਵੀ ਅਜਿਹੀ ਵਿਵਸਥਾ ਲਾਗੂ ਹੈ। ਟਰੈਮ ਸਰਵਿਸ, ਮੈਟਰੋ ਰੇਲ, ਬੱਸ ਸਰਵਿਸ ਤੇ ਦੂਰ ਦੁਰਾਡੇ ਦੇ ਸਫ਼ਰ ਲਈ ਵੀ-ਲਾਇਨ ਰੇਲ ਇਸ ਦੇ ਪ੍ਰਬੰਧ ਅਧੀਨ ਹੀ ਹਨ। ਇਹ ਸਾਰੀ ਟਰਾਂਸਪੋਰਟ ਸੇਵਾ ਵਾਤਾਅਨੁਕੂਲ ਹੈ। ਅੰਦਰਲੀ ਸਾਂਭ ਸੰਭਾਲ, ਸਾਫ਼-ਸਫ਼ਾਈ, ਸੀਟਾਂ, ਵੱਡ-ਅਕਾਰੀ ਸ਼ੀਸ਼ਿਆਂ ਵਿੱਚੋਂ ਦਿਸਦਾ ਬਾਹਰਲਾ ਨਜ਼ਾਰਾ ਇੰਨਾ ਦਿਲ-ਲਭਾਊ ਹੈ ਕਿ ਸਫ਼ਰ ਕਰਦਿਆਂ ਇਹ ਅਹਿਸਾਸ ਹੁੰਦਾ ਹੈ ਕਿ ਅਸੀਂ ਕਿਸੇ ਅਤਿ-ਵਿਕਸਤ ਮੁਲਕ ਵਿਚ ਵਿਚਰ ਰਹੇ ਹਾਂ। ਇਹ ਠੀਕ ਹੈ ਕਿ ਲੋਕ ਆਪਣੀਆਂ ਨਿੱਜੀ ਕਾਰਾਂ ਤੇ ਕੁਝ ਉੱਬਰ ਜਾਂ ਟੈਕਸੀ ਦੀ ਵਰਤੋਂ ਕਰਦੇ ਹਨ। ਪਰ ਵੱਡੀ ਗਿਣਤੀ ਲੋਕ ਪਬਲਿਕ ਟਰਾਂਸਪੋਰਟ ਵਿਚ ਸਫ਼ਰ ਕਰਨ ਨੂੰ ਤਰਜੀਹ ਦਿੰਦੇ ਹਨ।

ਸਫ਼ਰ ਲਈ ਨਗਦ ਟਿਕਟ ਦੀ ਕੋਈ ਵਿਵਸਥਾ ਨਹੀਂ ਹੈ। ਇਕ ਕਾਰਡ ਬਣਦਾ ਹੈ ਜਿਸ ਨੂੰ ਮਾਇਕੀ ਕਿਹਾ ਜਾਂਦਾ ਹੈ ਤੇ ਸਭ ਤਰ੍ਹਾਂ ਦੀ ਟਰਾਂਸਪੋਰਟ ਵਿਚ ਇਸ ਦੁਆਰਾ ਹੀ ਸਫ਼ਰ ਕੀਤਾ ਜਾ ਸਕਦਾ ਹੈ। ਇਹ ਕਾਰਡ ਤੁਸੀਂ ਆਪਣੀ ਮਰਜ਼ੀ ਅਨੁਸਾਰ ਦੋ ਦਿਨ, ਹਫਤਾ, ਮਹੀਨਾ ਜਾਂ ਸਾਲ ਲਈ ਬਣਾ ਸਕਦੇ ਹੋ। ਇਸ ਵਿਚ ਨਿਯਮਾਂ ਅਨੁਸਾਰ ਕੁਝ ਰਿਆਇਤਾਂ ਵੀ ਦਿੱਤੀਆਂ ਜਾਂਦੀਆਂ ਹਨ। ਇਥੋਂ ਦੇ ਸ਼ਹਿਰੀਆਂ ਲਈ ਤਾਂ ਬਹੁਤ ਸਹੂਲਤਾਂ ਹਨ। ਸੀਨੀਅਰ ਸਿਟੀਜ਼ਨ ਨੂੰ ਇਸ ਵਿਚ ਕਈ ਰਿਆਇਤਾਂ ਹਨ। ਸਕੂਲੀ ਬੱਚਿਆਂ ਲਈ ਇਹ ਸਹੂਲਤ ਮੁਫ਼ਤ ਹੈ। ਟਰੈਮ ਸਰਵਿਸ ਇਸ ਸੁਚੱਜੇ ਢੰਗ ਨਾਲ ਵਿਉਂਤੀ ਹੋਈ ਹੈ ਕਿ ਸਫ਼ਰ ਦਾ ਮਜ਼ਾ ਆ ਜਾਂਦਾ ਹੈ। ਸ਼ਹਿਰ ਦੀਆਂ ਸੜਕਾਂ ਦੇ ਵਿਚਕਾਰਲੇ ਹਿੱਸੇ ਵਿਚ ਟਰੈਮ ਦੇ ਆਉਣ ਜਾਣ ਲਈ ਰੇਲ ਲਾਈਨ ਵਿਛਾਈ ਹੋਈ ਹੈ। ਇਸ ਨੂੰ ਟਰੈਮ ਨੰਬਰ ਅਨੁਸਾਰ ਵੱਖ-ਵੱਖ ਰੂਟ ਦਿੱਤੇ ਹੋਏ ਹਨ। ਸ਼ਹਿਰ ਦੇ ਅੰਦਰਲੇ ਕੁਝ ਹਿੱਸੇ ਵਿਚ 'ਟਰੈਮ ਫਰੀ ਜ਼ੋਨ' ਬਣਾਇਆ ਹੋਇਆ ਹੈ, ਜਿੱਥੇ ਇਹ ਸਫ਼ਰ ਬਿਲਕੁਲ ਮੁਫ਼ਤ ਹੈ। ਯਾਤਰੀਆਂ ਦੀ ਸਹੂਲਤ ਲਈ ਥੋੜ੍ਹੀ-ਥੋੜ੍ਹੀ ਦੂਰੀ 'ਤੇ ਹੀ ਟਰੈਮ ਸਟਾਪ ਬਣਾਏ ਹੋਏ ਹਨ। ਇਸ ਵਿਚ ਸਵਾਰ ਹੋ ਕੇ ਯਾਤਰੀ ਦਰਵਾਜ਼ੇ ਦੇ ਨਾਲ ਹੀ ਲੱਗੀ ਇਕ ਮਸ਼ੀਨ 'ਤੇ ਮਾਇਕੀ ਕਾਰਡ ਟੱਚ ਕਰਦਾ ਹੈ। ਟੂੰਂ ਦੀ ਆਵਾਜ਼ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਤੁਹਾਡੀ ਟਿਕਟ ਦੇ ਪੈਸੇ ਕੱਟੇ ਗਏ ਹਨ। ਮਾਇਕੀ ਕਾਰਡ ਰੀਚਾਰਜ ਕਰਾਉਣ ਲਈ ਥਾਂ ਥਾਂ 'ਤੇ ਮਸ਼ੀਨਾਂ ਲੱਗੀਆਂ ਹੋਈਆਂ ਹਨ ਜਿੱਥੋਂ ਤੁਸੀਂ ਪੈਸੇ ਵਾਲੇ ਕਾਰਡ ਨਾਲ ਇਸ ਵਿਚ ਪੈਸੇ ਪਵਾ ਸਕਦੇ ਹੋ।

ਸ਼ਹਿਰ ਦੇ ਨੇੜੇ-ਤੇੜੇ ਵਸਣ ਵਾਲੇ ਲੋਕ, ਜਿਨ੍ਹਾਂ ਨੇ ਹਰ ਰੋਜ਼ ਆਪਣੇ ਕੰਮ 'ਤੇ ਜਾਣਾ ਹੁੰਦਾ ਹੈ, ਉਸ ਖੇਤਰ ਤਕ ਤੁਰ ਕੇ ਚਲੇ ਜਾਂਦੇ ਹਨ, ਜਿੱਥੋਂ ਟਰੈਮ ਵਿਚ ਮੁਫ਼ਤ ਸਫ਼ਰ ਕੀਤਾ ਜਾ ਸਕਦਾ ਹੈ। ਮੈਟਰੋ ਤੇ ਬੱਸ ਵਿਚ ਸਫ਼ਰ ਕਰਦਿਆਂ ਵੀ ਇਹ ਮਾਇਕੀ ਹੀ ਵਰਤੀ ਜਾਂਦੀ ਹੈ। ਭੀੜ-ਭਰੇ ਬਜ਼ਾਰਾਂ ਵਿੱਚੋਂ ਵੀ ਟਰੈਮ ਬਿਨਾਂ ਕਿਸੇ ਸ਼ੋਰ-ਸ਼ਰਾਬੇ ਜਾਂ ਹੌਰਨ ਦੇ ਆਰਾਮ ਨਾਲ ਗੁਜ਼ਰ ਜਾਂਦੀ ਹੈ। ਲਾਲ-ਬੱਤੀ ਹੋਵੇ ਤਾਂ ਬਾਕੀ ਟਰੈਫਿਕ ਵਾਂਗ ਇਹ ਵੀ ਰੁਕ ਜਾਂਦੀ ਹੈ। ਸਟੇਸ਼ਨਾਂ 'ਤੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ। ਮਿੱਥੇ ਸਮੇਂ ਤੋਂ ਕਿਸੇ ਟਰੈਮ, ਮੈਟਰੋ ਜਾਂ ਬੱਸ ਦੇ ਲੇਟ ਹੋਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਫਿਰ ਵੀ ਹਰ ਸਟੇਸ਼ਨ 'ਤੇ ਅਜਿਹੀ ਵਿਵਸਥਾ ਕੀਤੀ ਹੋਈ ਹੈ ਕਿ ਯਾਤਰੀ ਫੋਨ ਤੇ ਸਭ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਟਰੈਮ ਵਿਚ ਸਾਰਾ ਕੰਟਰੋਲ ਡਰਾਇਵਰ ਦੇ ਹੱਥ ਹੀ ਹੈ। ਟਰੈਮ ਰੁਕਣ ਉਪਰੰਤ ਦਰਵਾਜ਼ੇ ਖੋਲ੍ਹਣ ਤੇ ਬੰਦ ਕਰਨ ਦਾ ਪ੍ਰਬੰਧ ਵੀ ਡਰਾਇਵਰ ਦੇ ਹੱਥ ਹੀ ਹੈ। ਇਕ ਵਾਰ ਦਰਵਾਜ਼ਾ ਬੰਦ ਹੋ ਜਾਵੇ ਤਾਂ ਦੁਬਾਰਾ ਨਹੀਂ ਖੋਲ੍ਹਿਆ ਜਾਂਦਾ, ਭਾਵੇਂ ਕੋਈ ਸਵਾਰੀ ਕਿੰਨਾ ਵੀ ਜ਼ੋਰ ਲਾਵੇ। ਕੁਝ ਮਿੰਟਾਂ ਬਾਅਦ ਹੀ ਅਗਲੀ ਟਰੈਮ ਆ ਜਾਂਦੀ ਹੈ। ਕੋਈ ਭੀੜ-ਭੜੱਕਾ ਜਾਂ ਇਕ ਦੂਜੇ ਨੂੰ ਪਿੱਛੇ ਧੱਕ ਕੇ ਅੱਗੇ ਹੋਣ ਦੀ ਲਾਲਸਾ ਨਹੀਂ ਹੈ। ਪਹਿਲਾਂ ਯਾਤਰੀਆਂ ਨੂੰ ਆਰਾਮ ਨਾਲ ਉਤਰਨ ਦਿੱਤਾ ਜਾਂਦਾ ਹੈ ਤੇ ਫੇਰ ਚੜ੍ਹਨ ਵਾਲੇ ਆਰਾਮ ਨਾਲ ਚੜ੍ਹ ਜਾਂਦੇ ਹਨ। ਕੋਈ ਸੀਟਾਂ 'ਤੇ ਬੈਠਣ ਦੀ ਕਾਹਲ ਨਹੀਂ, ਖੜ੍ਹੇ ਹੋ ਕੇ ਸਫ਼ਰ ਕਰਨ ਨੂੰ ਲੋਕ ਵਧੇਰੇ ਤਰਜੀਹ ਦਿੰਦੇ ਹਨ। ਸਾਰੀ ਟਰਾਂਸਪੋਰਟ ਵਿਵਸਥਾ ਵਿਚ ਹੀ ਅੰਗਹੀਣਾਂ ਤੇ ਵਿਸ਼ੇਸ਼ ਲੋੜਾਂ ਵਾਲੇ ਯਾਤਰੀਆਂ ਲਈ ਕੁਝ ਸੀਟਾਂ ਰਾਖਵੀਆਂ ਹਨ। ਬਜ਼ੁਰਗਾਂ ਤੇ ਬੱਚੇ ਵਾਲੀਆਂ ਔਰਤਾਂ ਨੂੰ ਹਰ ਕੋਈ ਆਪਣੀ ਸੀਟ ਦੇਣਾ ਫ਼ਰਜ਼ ਸਮਝਦਾ ਹੈ। ਛੋਟੇ ਬੱਚਿਆਂ ਵਾਲੀਆਂ ਔਰਤਾਂ ਪਰੈਮ ਸਮੇਤ ਹੀ ਟਰੈਮ ਵਿਚ ਸਵਾਰ ਹੋ ਜਾਂਦੀਆਂ ਹਨ। ਹਰ ਯਾਤਰੀ ਉਨ੍ਹਾਂ ਦੀ ਮਦਦ ਕਰਨ ਲਈ ਕਾਹਲਾ ਹੁੰਦਾ ਹੈ। ਅਸੀਂ ਜਿੰਨੀ ਵਾਰ ਵੀ ਟਰੈਮ ਵਿਚ ਚੜ੍ਹੇ ਹਾਂ, ਸਾਨੂੰ ਕਈ ਵਿਅਕਤੀ ਆਪਣੀ ਸੀਟ ਦੇਣ ਲਈ ਤਿਆਰ ਹੋ ਗਏ। ਮਾਨਵੀ ਮੁੱਲਾਂ ਦੇ ਪੱਖ ਤੋਂ ਇਹ ਲੋਕ ਸਾਥੋਂ ਬਹੁਤ ਅੱਗੇ ਹਨ। ਕਿਸੇ ਧਰਮ, ਰੰਗ ਤੇ ਪਹਿਰਾਵੇ ਨੂੰ ਕਿਸੇ ਨਫ਼ਰਤ ਨਾਲ ਨਹੀਂ ਦੇਖਿਆ ਜਾਂਦਾ।

ਟ੍ਰੈਫਿਕ ਵਿਵਸਥਾ ਵਿਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਹੀਂ ਪੈਂਦਾ। ਕਿਤੇ ਕੋਈ ਜਾਮ ਨਹੀਂ ਲੱਗਦੇ। ਕਿਤੇ ਹੌਰਨਾਂ ਦਾ ਸ਼ੋਰ ਨਹੀਂ ਸੁਣਾਈ ਦਿੰਦਾ। ਚੌਕ ਵਿਚ ਲੱਗੀਆਂ ਲਾਇਟਾਂ ਹੀ ਸਾਰੇ ਟ੍ਰੈਫਿਕ ਨੂੰ ਕੰਟਰੋਲ ਕਰਦੀਆਂ ਹਨ। ਕਿਤੇ ਕੋਈ ਟ੍ਰੈਫਿਕ ਦਾ ਮੁਲਾਜ਼ਮ ਨਜ਼ਰ ਨਹੀਂ ਆਉਂਦਾ। ਇੱਥੇ ਰਹਿਣ ਦੌਰਾਨ ਅਸੀਂ ਕਿਸੇ ਸੜਕ ਜਾਂ ਚੌਕ ਵਿਚ ਕੇਵਲ ਦੋ ਕੁ ਵਾਰ ਹੀ ਪੁਲਿਸ ਦੇ ਮੁਲਾਜ਼ਮ ਖੜ੍ਹੇ ਦੇਖੇ ਹਨ। ਸਭ ਲੋਕ ਨਿਯਮਾਂ ਦੀ ਪਾਲਣਾ ਕਰਨਾ ਆਪਣਾ ਕਰਤਵ ਸਮਝਦੇ ਹਨ। ਸੜਕ ਜਾਂ ਕਿਸੇ ਚੌਕ ਵਿੱਚੋਂ ਲੰਘਣ ਵਾਲੇ ਲੋਕਾਂ ਲਈ ਬਹੁਤ ਹੀ ਸ਼ਾਨਦਾਰ ਵਿਵਸਥਾ ਕੀਤੀ ਹੋਈ ਹੈ। ਹਰ ਥਾਂ ਲਾਇਟਾਂ ਤੇ ਪੈਦਲ ਲੋਕਾਂ ਲਈ ਇਕ ਬਟਨ ਲੱਗਾ ਹੋਇਆ ਹੈ, ਜਿਸ ਨੂੰ ਦਬਾਅ ਦਿੱਤਾ ਜਾਂਦਾ ਹੈ ਤੇ ਕੁਝ ਪਲਾਂ ਬਾਅਦ ਹੀ ਗਰੀਨ ਲਾਇਟ ਦਾ ਇਸ਼ਾਰਾ ਹੋਣ ਤੇ ਬੜੀ ਆਸਾਨੀ ਨਾਲ ਸੜਕ ਪਾਰ ਕੀਤੀ ਜਾ ਸਕਦੀ ਹੈ। ਜੇ ਰੈੱਡ ਲਾਇਟ ਹੋ ਵੀ ਜਾਵੇ ਤਾਂ ਜਦੋਂ ਤਕ ਪੈਦਲ ਯਾਤਰੀ ਲੰਘ ਨਹੀਂ ਜਾਂਦਾ ਕੋਈ ਗੱਡੀ ਨਹੀਂ ਤੁਰਦੀ। ਜਿੱਥੇ ਲਾਇਟਾਂ ਨਹੀਂ ਵੀ ਹਨ, ਉੱਥੇ ਵੀ ਪੈਦਲ ਲੰਘਣ ਵਾਲਿਆਂ ਨੂੰ ਦੇਖ ਕੇ ਗੱਡੀ ਵਾਲਾ ਪਿੱਛੇ ਹੀ ਰੋਕ ਲੈਂਦਾ ਹੈ ਤਾਂ ਕਿ ਪੈਦਲ ਪਹਿਲਾਂ ਲੰਘ ਜਾਣ।

ਸਾਡੇ ਦੇਸ਼ ਵਿਚ ਤਾਂ ਗੱਡੀ ਵਿਚ ਬੈਠੇ ਬੰਦੇ ਦਾ ਗਰੂਰ ਹੀ ਸੱਤਵੇਂ ਅਸਮਾਨ 'ਤੇ ਚੜ੍ਹਿਆ ਹੁੰਦਾ ਹੈ। ਸਾਇਕਲ, ਸਕੂਟਰ ਜਾਂ ਪੈਦਲ ਵਿਅਕਤੀ ਤਾਂ ਉਸ ਨੂੰ ਕੀੜੇ ਮਕੌੜੇ ਹੀ ਜਾਪਦੇ ਹਨ। ਬਹੁਤੇ ਹਾਦਸੇ ਵੀ ਸ਼ਾਇਦ ਮਨੁੱਖ ਦੀ ਇਸੇ ਹੰਕਾਰੀ ਮਾਨਸਿਕਤਾ ਕਰਕੇ ਹੀ ਵਾਪਰਦੇ ਹਨ। ਇੱਥੋਂ ਦੇ ਸੁਚੱਜੇ ਪ੍ਰਬੰਧ ਦੀ ਬਦੌਲਤ ਬਹੁਤ ਘੱਟ ਕਿਸੇ ਹਾਦਸੇ ਦੀ ਨੌਬਤ ਆਉਂਦੀ ਹੈ। ਇੱਥੇ ਸੜਕਾਂ 'ਤੇ ਕਿਸੇ ਜ਼ਿੱਦ ਵਿਚ ਗੱਡੀਆਂ ਦੀ ਕੋਈ ਰੇਸ ਨਹੀਂ ਲਗਦੀ। ਹਰ ਲੇਨ ਵਿਚ ਮਿੱਥੀ ਹੋਈ ਸਪੀਡ ਵਿਚ ਹੀ ਵਾਹਨ ਚੱਲੀ ਜਾਂਦੇ ਹਨ। ਐਂਬੂਲੈਂਸ ਤੇ ਫਾਇਰ-ਬਰਗੇਡ ਦੀਆਂ ਗੱਡੀਆਂ ਦੇ ਹੌਰਨ ਦੀ ਆਵਾਜ਼ ਨਾਲ, ਉਸ ਨੂੰ ਪਹਿਲਾਂ ਰਸਤਾ ਦੇਣ ਲਈ ਕੁਝ ਪਲਾਂ ਲਈ ਟ੍ਰੈਫਿਕ ਰੁਕ ਜਾਂਦਾ ਹੈ। ਇਨ੍ਹਾਂ ਗੱਡੀਆਂ ਨੂੰ ਰੈੱਡ ਲਾਇਟਾਂ 'ਤੇ ਵੀ ਲੰਘਣ ਦੀ ਖੁੱਲ੍ਹ ਹੈ। ਅਸਲ ਵਿਚ ਲੋਕਾਂ ਦੇ ਮਨ ਵਿਚ ਕਾਨੂੰਨ ਦਾ ਡਰ ਭੌਅ ਹੈ ਤੇ ਕਿਸੇ ਵਿਅਕਤੀ ਦੀ ਉੱਚੀ ਹੈਸੀਅਤ ਵੀ ਕਾਨੂੰਨ ਦੇ ਰਾਹ ਵਿਚ ਰੋੜਾ ਨਹੀਂ ਬਣਦੀ। ਨਿਯਮਾਂ ਦੀ ਪਾਲਣਾ ਕਰਨੀ ਹਰ ਕੋਈ ਆਪਣਾ ਫ਼ਰਜ਼ ਸਮਝਦਾ ਹੈ। ਸਾਡੇ ਲੋਕ ਜਿਨ੍ਹਾਂ ਨੇ ਭਾਰਤ ਵਿਚ ਰਹਿੰਦਿਆਂ ਕਦੇ ਕਿਸੇ ਨਿਯਮ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਹੁੰਦੀ, ਇੱਥੇ ਆ ਕੇ ਤੀਰ ਵਾਂਗ ਸਿੱਧੇ ਹੋ ਜਾਂਦੇ ਹਨ। ਸੜਕ ਦੇ ਨਿਯਮਾਂ ਦੀ ਅਵੱਗਿਆ ਕਰਨ ਵਾਲਿਆਂ ਨੂੰ ਲਾਇਸੈਂਸ ਰੱਦ ਹੋਣ 'ਤੇ ਭਾਰੀ ਜੁਰਮਾਨੇ ਦੀ ਸਜ਼ਾ ਭੁਗਤਣੀ ਪੈਂਦੀ ਹੈ। ਆਪਣੀ ਹੂੜ-ਮੱਤ ਕਾਰਨ ਕਈ ਬਹੁਤੇ ਕਾਹਲੇ ਪੰਜਾਬੀ ਨੌਜਵਾਨ ਕਦੇ ਨਾ ਕਦੇ ਅੜਿੱਕੇ ਆ ਹੀ ਜਾਂਦੇ ਹਨ ਤੇ ਫਿਰ ਕੁਝ ਸਮੇਂ ਲਈ ਡਰਾਇਵਿੰਗ ਲਾਇਸੈਂਸ ਕੈਂਸਲ ਹੋਣ ਦੇ ਨਾਲ ਨਾਲ ਜੁਰਮਾਨੇ ਵੀ ਭੁਗਤਦੇ ਹਨ। ਇੱਥੇ ਸਾਡੀ ਪੁਲਿਸ ਵਾਂਗ ਕੁਝ ਲੈ ਦੇ ਕੇ ਜਾਂ ਕਿਸੇ ਨਾਲ ਟੈਲੀਫੂਨ ਕਰਾ ਕੇ ਮਸਲੇ ਹੱਲ ਕਰਾਉਣ ਦੀ ਵਿਵਸਥਾ ਨਹੀਂ ਹੈ। ਕਿਸੇ ਦੇਸ਼ ਦੇ ਨਾਗਰਿਕਾਂ ਦੀ ਸੂਝ-ਸਮਝ ਦਾ ਅੰਦਾਜ਼ਾ, ਉਸ ਦੇਸ਼ ਦੀ ਸੁਚੱਜੀ ਟ੍ਰੈਫਿਕ ਵਿਵਸਥਾ ਤੋਂ ਹੀ ਲਗਾਇਆ ਜਾ ਸਕਦਾ ਹੈ। ਕੇਵਲ ਅਨਪੜ੍ਹ ਹੀ ਨਹੀਂ, ਸਾਡੇ ਦੇਸ਼ ਵਿਚ ਤਾਂ ਪੜ੍ਹੇ-ਲਿਖੇ ਕਹਾਉਂਦੇ ਲੋਕ ਵੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਦੇਖੇ ਜਾ ਸਕਦੇ ਹਨ।

ਰੇਲ-ਗੱਡੀ ਦੇ ਆਉਣ ਸਮੇਂ ਬੰਦ ਹੋਏ ਰੇਲਵੇ ਫਾਟਕਾਂ ਦੇ ਹੇਠੋਂ ਲੰਘਣ ਦੀ ਮਾੜੀ ਆਦਤ, ਇਸ ਦੇਸ਼ ਵਿਚ ਕਿਤੇ ਵੀ ਦੇਖਣ ਨੂੰ ਨਹੀਂ ਮਿਲੀ। ਰੇਲ-ਗੱਡੀ ਦੇ ਆਉਣ ਤੋਂ ਕੁਝ ਪਲ ਪਹਿਲਾਂ ਇਕ ਘੰਟੀ ਦੀ ਆਵਾਜ਼ ਨਾਲ, ਅੱਧਾ ਕੁ ਲੱਗਾ ਰੇਲ ਫਾਟਕ ਆਟੋ-ਮੈਟਿਕ ਰੂਪ ਵਿਚ ਬੰਦ ਹੋ ਜਾਂਦਾ ਹੈ। ਹਰ ਵਿਅਕਤੀ ਗੱਡੀ ਲੰਘਣ ਦੀ ਉਡੀਕ ਕਰਦਾ ਹੈ ਤੇ ਫਾਟਕ ਖੁਲ੍ਹਣ ਉਪਰੰਤ ਹੀ ਅੱਗੇ ਵੱਧਦਾ ਹੈ। ਮੈਂ ਸੋਚਦਾ ਸਾਂ ਕਿ ਜੇ ਕਿਤੇ ਅਜਿਹੇ ਅੱਧੇ ਫਾਟਕ ਸਾਡੇ ਲੱਗੇ ਹੋਣ ਤਾਂ ਲੋਕ ਸ਼ਾਇਦ ਰੁਕਣ ਹੀ ਨਾ ਤੇ ਨਿੱਤ ਹਾਦਸੇ ਵਾਪਰਨ। ਕਾਨੂੰਨ ਕਿੰਨਾ ਵੀ ਸਖ਼ਤ ਹੋਵੇ, ਜੇ ਉਸ ਦੀ ਪਾਲਣਾ ਕਰਾਉਣ ਵਾਲੀ ਏਜੰਸੀ ਇਮਾਨਦਾਰੀ ਤੇ ਸਖ਼ਤੀ ਨਾਲ ਲਾਗੂ ਨਹੀਂ ਕਰਾਉਂਦੀ ਤਾਂ, ਕਾਨੂੰਨ ਦਾ ਕਿਸੇ ਨੂੰ ਕੀ ਲਾਭ ਹੋ ਸਕਦਾ ਹੈ। ਕਾਨੂੰਨ ਤਾਂ ਸਾਡੇ ਦੇਸ਼ ਵਿਚ ਕਿਹੜਾ ਘੱਟ ਹਨ ਪਰ ਜਿਨ੍ਹਾਂ 'ਤੇ ਲਾਗੂ ਕਰਾਉਣ ਦੀ ਜ਼ਿੰਮੇਵਾਰੀ ਹੈ, ਉਹ ਆਪ ਹੀ ਇਸ ਅੰਤਾਂ ਦੇ ਭ੍ਰਿਸ਼ਟ ਤੇ ਨਿੱਘਰ ਚੁੱਕੇ ਸਿਸਟਮ ਦਾ ਹਿੱਸਾ ਬਣ ਚੁੱਕੇ ਹਨ। ਅਸੀਂ ਪੱਛਮੀ ਦੇਸ਼ਾਂ ਦੀਆਂ ਹੋਰ ਗੱਲਾਂ ਬਹੁਤ ਅਪਣਾ ਲਈਆਂ ਹਨ, ਪਰ ਨਿਯਮਾਂ ਕਾਨੂੰਨਾਂ ਦੀ ਪਾਲਣਾ ਕਰਨੀ ਨਹੀਂ ਸਿੱਖੀ।

ਗੁਰਬਿੰਦਰ ਸਿੰਘ ਮਾਣਕ

98153-56086

Posted By: Harjinder Sodhi