ਸਮਝਦਾਰ ਲੋਕ ਸਮਝਦਾਰੀ ਨਾਲ ਪਹਿਰਾਵਾ ਪਹਿਨ ਕੇ ਘਰੋਂ ਬਾਹਰ ਨਿਕਲਦੇ ਹਨ ਪ੍ਰੰਤੂ ਤੁਸੀਂ ਕੀ ਪਹਿਨਣਾ ਹੈ, ਕਿਵੇਂ ਪਹਿਨਣਾ ਹੈ, ਉਹ ਤੁਹਾਡੀ ਨਿੱਜੀ ਮਰਜ਼ੀ 'ਤੇ ਨਿਰਭਰ ਕਰਦਾ ਹੈ। ਤੁਸੀਂ ਜੋ ਵੀ ਜਿਵੇਂ ਵੀ ਪਹਿਨਣਾ ਚਾਹੋ ਪਹਿਨ ਸਕਦੇ ਹੋ। ਲੰਡਨ ਦੇ ਬਾਜ਼ਾਰ ਵਿਚ ਮੈਂ ਇਕ ਔਰਤ ਨੂੰ ਵੇਖ ਕੇ ਹੈਰਾਨ ਰਹਿ ਗਿਆ। ਉਹ ਦੁਕਾਨ ਵਿਚ ਸਹਿਜ-ਭਾਅ ਖਰੀਦੋ ਫਰੋਖ਼ਤ ਕਰ ਰਹੀ ਸੀ। ਉਸ ਨੇ ਸਿਰ ਤੇ ਕੱਪੜਾ ਲਪੇਟ ਕੇ ਇਉਂ ਜੂੜਾ ਕੀਤਾ ਹੋਇਆ ਸੀ ਜਿਵੇਂ ਸਿਰ ਨਹਾਉਣ ਬਾਅਦ ਆਪਾਂ ਵਾਲਾਂ ਨੂੰ ਤੌਲੀਏ ਵਿਚ ਬੰਨ੍ਹ ਕੇ ਸਿਰ 'ਤੇ ਇਕੱਠਾ ਕਰ ਲੈਂਦੇ ਹਾਂ। ਲੰਡਨ ਦੇ ਹਰੇਕ ਗਲੀ ਬਾਜ਼ਾਰ ਦੇ ਹਰੇਕ ਮੋੜ 'ਤੇ ਤੁਹਾਨੂੰ ਨਿਵੇਕਲੇ ਫੈਸ਼ਨ, ਨਵੇਂ ਨਿਵੇਕਲੇ ਪਹਿਰਾਵੇ ਵੇਖਣ ਨੂੰ ਮਿਲਦੇ ਹਨ।

ਅਗਸਤ-ਸਤੰਬਰ 2019 ਵਿਚ ਮੈਂ ਤੀਜੀ ਵਾਰ ਇੰਗਲੈਂਡ ਗਿਆ ਤਾਂ ਮਹਿਸੂਸ ਕੀਤਾ ਕਿ ਸਥਾਨਕ ਲੋਕਾਂ ਦੇ ਨਾਲ-ਨਾਲ ਅਫ਼ਰੀਕਨ ਮੁਲਕਾਂ ਤੋਂ ਆ ਕੇ ਲੰਡਨ ਰਹਿ ਰਹੇ ਲੋਕ ਵੀ ਵਾਹਵਾ ਫੈਸ਼ਨੇਬਲ ਹਨ। ਉਹ ਵਾਲਾਂ ਦੇ ਵੱਖ-ਵੱਖ ਡਿਜ਼ਾਈਨ ਬੜੇ ਸ਼ੌਕ ਨਾਲ ਬਣਵਾਉਂਦੇ ਹਨ। ਪਤਾ ਨਹੀਂ ਕਿੰਨਾ ਸਮਾਂ, ਕਿੰਨਾ ਧਿਆਨ ਇਸ ਪਾਸੇ ਲਾਉਣਾ ਪੈਂਦਾ ਹੋਵੇਗਾ।

ਲੰਡਨ ਨੂੰ ਦੁਨੀਆ ਦੀ ਫੈਸ਼ਨ ਕੈਪੀਟਲ ਕਿਹਾ ਜਾਂਦਾ ਹੈ। ਸਾਲ ਵਿਚ ਦੋ ਵਾਰ ਫਰਵਰੀ ਅਤੇ ਸਤੰਬਰ ਵਿਚ 'ਫੈਸ਼ਨ ਵੀਕ' ਮਨਾਇਆ ਜਾਂਦਾ ਹੈ। ਲੰਡਨ ਦੇ ਨਾਲ ਮਿਲਾਨ,ਨਿਊਯਾਰਕ ਤੇ ਪੈਰਿਸ ਨੂੰ ਫੈਸ਼ਨ ਦੇ ਗਲੋਬਲ ਗੜ੍ਹ ਮੰਨਿਆ ਜਾਂਦਾ ਹੈ। ਦੁਨੀਆ ਭਰ ਵਿੱਚੋਂ ਘੁੰਮਣ ਫਿਰਨ ਲਈ ਸਭ ਤੋਂ ਵੱਧ ਯਾਤਰੀ ਲੰਡਨ ਆਉਂਦੇ ਹਨ ਕਿਉਂਕਿ ਇਸ ਦਾ ਵਿਸ਼ੇਸ਼ ਆਕਰਸ਼ਨ, ਵਿਸ਼ੇਸ਼ ਖਿੱਚ ਹੈ। ਤੁਸੀਂ ਉੱਥੇ ਜਾ ਕੇ ਇਹ ਨਹੀਂ ਕਹਿ ਸਕਦੇ ਕਿ ਸਾਡੇ ਸ਼ਹਿਰ, ਸਾਡੇ ਦੇਸ਼ ਇਉਂ ਹੁੰਦਾ ਹੈ ਕਿਉਂਕਿ ਇੰਗਲੈਂਡ ਅਮੀਰ ਵਿਰਾਸਤ ਵਾਲਾ ਵਿਲੱਖਣ ਤੇ ਨਿਵੇਕਲਾ ਦੇਸ਼ ਹੈ। ਤੁਹਾਨੂੰ ਉਥੋਂ ਦੀਆਂ ਕਦਰਾਂ-ਕੀਮਤਾਂ ਤੇ ਕਾਇਦੇ-ਕਾਨੂੰਨ ਨੂੰ ਸਤਿਕਾਰ ਦੇਣਾ ਹੁੰਦਾ ਹੈ। ਤੁਸੀਂ ਸੱਭਿਆਚਾਰਕ ਭਿੰਨਤਾਵਾਂ ਦਾ ਆਨੰਦ ਉਠਾ ਸਕਦੇ ਹੋ। ਚੰਗਾ ਵਰਤੋਂ ਵਿਹਾਰ ਉਥੋਂ ਦੇ ਸੱਭਿਆਚਾਰ ਦਾ ਅਟੁੱਟ ਹਿੱਸਾ ਹੈ। 'ਪੀਲਜ਼' ਤੇ 'ਥੈਂਕ ਯੂ' ਸਭ ਤੋਂ ਵੱਧ ਬੋਲੇ ਜਾਣ ਵਾਲੇ ਸ਼ਬਦ ਹਨ। ਇਹ ਪਹਿਲਾਂ ਦੂਸਰੇ ਨੂੰ ਰਸਤਾ ਦਿੰਦੇ ਹਨ। ਕਤਾਰ ਵਿਚ ਕੋਈ ਕਦੇ ਅੱਗੇ ਜਾ ਕੇ ਖੜੋਣ ਦਾ ਘੁਸਣ ਦੀ ਕੋਸ਼ਿਸ਼ ਨਹੀਂ ਕਰਦਾ।

ਲੰਡਨ ਜਾ ਰਹੇ ਹੋ ਤਾਂ ਵੱਖ-ਵੱਖ ਤਰ੍ਹਾਂ ਦੇ ਲੋਕਾਂ ਵਿਚ ਵਿਚਰਨ ਲਈ ਤਿਆਰ ਰਹਿਣਾ ਪਵੇਗਾ। ਉੱਥੇ ਪੂਰੀ ਦੁਨੀਆ ਵਿਚੋਂ ਲੋਕ ਆਉਂਦੇ ਹਨ। ਆਪਣਾ-ਆਪਣਾ ਪਹਿਰਾਵਾ ਪਹਿਨਦੇ ਹਨ। ਆਪਣੀ-ਆਪਣੀ ਭਾਸ਼ਾ ਬੋਲਦੇ ਹਨ। ਆਪਣੇ-ਆਪਣੇ ਧਰਮ ਨੂੰ ਮੰਨਦੇ ਹਨ। ਲੰਡਨ ਵਿਚ 350 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਲੰਡਨ ਸਹੀ ਮਾਅਨਿਆਂ ਵਿਚ ਦੁਨੀਆ ਦੀ ਰਾਜਧਾਨੀ ਹੈ। ਲੰਡਨ ਵਾਸੀ ਸੰਕੋਚਵੇਂ ਸੁਭਾਅ ਵਾਲੇ ਹਨ ਪ੍ਰੰਤੂ ਮਦਦਗਾਵਿਲੱਖਣ ਸ਼ਹਿਰ ਲੰਡਨ ਦੀ ਫੇਰੀ ਹਨ। ਜਲਦੀ ਕੀਤੇ ਨਿੱਜੀ ਜਾਣਕਾਰੀ ਸਾਂਝੀ ਨਹੀਂ ਕਰਦੇ। ਜੇ ਤੁਸੀਂ ਤੱਤਫਟ ਅਜਿਹਾ ਕਰਨ ਲਗਦੇ ਹੋ ਤਾਂ ਤੁਹਾਡੇ ਵੱਲ ਹੈਰਾਨੀ ਨਾਲ ਵੇਖਦੇ ਹਨ। ਖ਼ੁਸ਼ਮਜ਼ਾਜ ਹਨ ਪ੍ਰੰਤੂ ਨਾ ਕੋਈ ਉੱਚੀ ਬੋਲਦਾ ਹੈ ਨਾ ਕੋਈ ਉੱਚੀ ਹੱਸਦਾ ਹੈ। ਜੇ ਕੋਈ ਅਜਿਹੀ ਸਥਿਤੀ ਬਣ ਜਾਵੇ ਤਾਂ ਸਾਂਝੇ ਤੌਰ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹਨ। ਅਸੀਂ ਨਿਊ ਕੈਸਲ ਤੋਂ ਲੰਡਨ ਟਰੇਨ ਵਿਚ ਸਫ਼ਰ ਕਰ ਰਹੇ ਸਾਂ। ਟਿਕਟਾਂ ਚੈੱਕ ਕਰਨ ਲਈ ਚੈੱਕਰ ਆਇਆ। ਜਦ ਸਾਡੀਆਂ ਟਿਕਟਾਂ ਵੇਖੀਆਂ ਤਾਂ ਉਹ ਅਗਲੇ ਦਿਨ ਦੀਆਂ ਸਨ। ਅਸੀਂ ਗ਼ਲਤੀ ਨਾਲ ਇਕ ਦਿਨ ਪਹਿਲਾਂ ਸਫ਼ਰ ਲਈ ਨਿਕਲ ਪਏ ਸਾਂ। ਟਿਕਟਾਂ ਵਾਪਸ ਕਰਦਿਆਂ ਚਿਹਰੇ 'ਤੇ ਮੁਸਕਰਾਹਟ ਲਿਆਉਂਦਿਆਂ ਉਸ ਨੇ ਕਿਹਾ,'ਕੋਈ ਗੱਲ ਨਹੀਂ ਕਦੇ-ਕਦੇ ਇਉਂ ਹੋ ਜਾਂਦਾ ਹੈ।' ਆਸ ਪਾਸ ਦੇ ਯਾਤਰੀ ਦੋ ਸਕਿੰਟ ਲਈ ਖਿੜਖੜਾ ਕੇ ਹੱਸ ਪਏ। ਇਹ ਅਹਿਸਾਸ ਕਰਾਉਣ ਲਈ ਕਿ ਕੋਈ ਗੱਲ ਨਹੀਂ, ਕੁਝ ਨਹੀਂ ਹੋਇਆ, ਕਦੇ-ਕਦੇ ਇਸ ਤਰ੍ਹਾਂ ਹੋ ਜਾਂਦਾ ਹੈ। ਚੈੱਕਰ ਇਉਂ ਅੱਗੇ ਚਲਾ ਗਿਆ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਲੰਡਨ ਲੇਨ ਤੇ ਲਾਈਟ ਅਨੁਸਾਰ ਚਲਦਾ ਸ਼ਹਿਰ ਹੈ। ਸਵੇਰੇ 8 ਤੋਂ ਸਾਢੇ 9 ਅਤੇ ਸ਼ਾਮ ਸਾਢੇ ਚਾਰ ਤੋਂ 6 ਵਜੇ ਤਕ ਬੱਸਾਂ ਗੱਡੀਆਂ ਭਰੀਆਂ ਜਾਂਦੀਆਂ ਹਨ। ਬਹੁਤੇ ਲੋਕ ਇਨ੍ਹਾਂ ਰਾਹੀਂ ਸਫ਼ਰ ਕਰਦੇ ਹਨ। ਆਵਾਜਾਈ ਪ੍ਰਬੰਧ ਚੁਸਤ ਦਰੁਸਤ ਹੈ। ਬੱਸ ਟਰੇਨ ਲਈ ਇਕ ਦੋ ਮਿੰਟ ਤੋਂ ਵੱਧ ਉਡੀਕ ਨਹੀਂ ਕਰਨੀ ਪੈਂਦੀ। ਤੇਜ਼ ਰਫ਼ਤਾਰ ਕਾਰਨ ਤੁਸੀਂ ਝਟਪਟ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦੇ ਹੋ। 150-120 ਕਿਲੋਮੀਟਰ ਦਾ ਸਫ਼ਰ ਡੇਢ ਦੋ ਘੰਟੇ ਵਿਚ ਤੈਅ ਹੋ ਜਾਂਦਾ ਹੈ।

ਲੰਡਨ ਦੇ ਮਿਊਜ਼ੀਅਮ ਵੇਖਣ ਵਾਲੇ ਹਨ। 'ਲੰਡਨ ਆਈ' ਸਭ ਦਾ ਧਿਆਨ ਖਿੱਚਦੀ ਹੈ। ਥੇਮਜ਼ ਦਰਿਆ ਦਾ ਵੱਖਰਾ ਨਜ਼ਾਰਾ ਹੈ। ਲੰਡਨ ਬ੍ਰਿਜ ਦੀ ਆਪਣੀ ਸ਼ਾਨ ਹੈ। ਤਰ੍ਹਾਂ-ਤਰ੍ਹਾਂ ਦੀਆਂ ਈਵੈਂਟ ਵੇਖਣ ਲੋਕ ਉਚੇਚ ਨਾਲ ਪੁੱਜਦੇ ਹਨ। ਲੰਡਨ ਦੀਆਂ ਕੁਝ ਪਾਰਕਾਂ ਅਤੇ ਹਰੀ ਭਰੀ ਲੈਂਡ ਸਕੇਪਿੰਗ ਦੁਨੀਆ 'ਚੋਂ ਬਿਹਤਰੀਨ ਮੰਨੀ ਜਾਂਦੀ ਹੈ। ਹਰ ਤਰ੍ਹਾਂ ਦੀ ਪੇਮੈਂਟ ਕਾਰਡ ਰਾਹੀਂ ਕੀਤੀ ਜਾਂਦੀ ਹੈ। ਜੇਬ ਵਿਚ ਕੈਸ਼ ਬਹੁਤ ਘੱਟ ਰੱਖਦੇ ਹਨ। 50ਪੌਂਡ ਦਾ ਨੋਟ ਸਭ ਤੋਂ ਵੱਡਾ ਹੈ। ਜੇ ਕੋਈ ਦੁਕਾਨ ਵਾਲੇ 50 ਪੌਂਡ ਦਾ ਨੋਟ ਦੇਵੇ ਤਾਂ ਉਸ ਵੱਲ ਹੈਰਾਨੀ ਨਾਲ ਵੇਖਿਆ ਜਾਂਦਾ ਹੈ। ਦੂਸਰੇ ਪਾਸੇ ਲੰਡਨ ਨੂੰ ਸੱਭਿਆਚਾਰ, ਸੰਗੀਤ, ਸਿੱਖਿਆ, ਫੈਸ਼ਨ, ਰਾਜਨੀਤੀ, ਵਿੱਤ ਅਤੇ ਕਾਰੋਬਾਰ ਦੀ ਅੰਤਰਰਾਸ਼ਟਰੀ ਰਾਜਧਾਨੀ ਮੰਨਿਆ ਜਾਂਦਾ ਹੈ।

ਸਰਦੀਆਂ ਵਿਚ ਤਾਪਮਾਨ 8 ਡਿਗਰੀ ਦੇ ਆਸ ਪਾਸ ਅਤੇ ਗਰਮੀਆਂ ਵਿਚ 24 ਡਿਗਰੀ ਦੇ ਇਰਦ ਗਿਰਦ ਰਹਿੰਦਾ ਹੈ। ਭਾਵੇਂ ਕਦੇ ਕਦਾਈਂ 35 ਡਿਗਰੀ ਤੋਂ ਵੀ ਟੱਪ ਜਾਂਦਾ ਹੈ ਅਤੇ ਸਰਦੀਆਂ ਵਿਚ ਬਰਫ਼ ਦੀ ਮਹੀਨ ਚਿੱਟੀ ਚਾਦਰ ਵੀ ਵਿਛ ਜਾਂਦੀ ਹੈ। ਕਿਣਮਿਣ, ਕਿਣਮਿਣ ਹੁੰਦੀ ਰਹਿੰਦੀ ਹੈ। ਹੁਣੇ ਧੁੱਪ, ਹੁਣੇ ਗਰਮੀ, ਹੁਣੇ ਸਰਦੀ, ਹੁਣੇ ਵਰਖਾ। ਮੌਸਮ ਦੀ ਬੇਯਕੀਨੀ ਬਣੀ ਰਹਿੰਦੀ ਹੈ। ਹਰ ਕੋਈ ਘਰੋਂ ਛਤਰੀ ਨਾਲ ਲੈ ਕੇ ਨਿਕਲਦਾ ਹੈ। ਝੱਟ ਅੱਧੀਆਂ ਬਾਹਾਂ ਵਾਲੀ ਟੀਸ਼ਰਟ ਪਹਿਨ ਲੈਂਦੇ ਹਨ। ਝੱਟ ਓਵਰ ਕੋਟ ਪਾਉਣਾ ਪੈ ਜਾਂਦਾ ਹੈ। ਸਾਰਾ ਸਾਲ ਗਰਮੀ ਸਰਦੀ ਦੇ ਕੱਪੜੇ ਵਿਕਦੇ ਰਹਿੰਦੇ ਹਨ। ਭਰ ਸਰਦੀ ਦੇ ਮੌਸਮ ਵਿਚ ਠੰਢੀਆਂ ਹਵਾਵਾਂ ਚੱਲਦੀਆਂ ਹਨ। ਸੋ ਦੋਹਰੇ ਤੀਹਰੇ ਕੱਪੜੇ ਪਹਿਨ ਕੇ ਪੂਰੇ 'ਪੈਕ' ਹੋ ਕੇ ਘਰੋਂ ਨਿਕਲਣਾ ਪੈਂਦ ਹੈ।

ਲੰਡਨ ਅੇਤ ਉਸ ਦੇ ਆਸ ਪਾਸ ਕਈ ਅੰਤਰਰਾਸ਼ਟਰੀ ਹਵਾਈ ਅੱਡੇ ਹਨ। ਹੀਥਰੋ ਸਭ ਤੋਂ ਵੱਡਾ ਹੈ। ਨੇੜਲੇ ਦੇਸ਼ਾਂ ਤੋਂ ਟਰੇਨ ਅਤੇ ਬੱਸ ਰਾਹੀਂ ਵੀ ਲੰਡਨ ਪਹੁੰਚਿਆ ਜਾ ਸਕਦਾ ਹੈ। ਲੰਡਨ ਦਾ ਅੰਤਰਰਾਸ਼ਟਰੀ ਰੇਲਵੇ ਸਟੇਸ਼ਨ ਵੇਖਣ ਵਾਲਾ ਹੈ। ਉਥੋਂ ਨੇੜਲੇ ਮੁਲਕਾਂ ਨੂੰ ਸੁਪਰ ਫਾਸਟ ਟਰੇਨਾਂ ਚੱਲਦੀਆਂ ਹਨ। ਦੁਨੀਆ ਦੇ ਅਨੇਕਾਂ ਪ੍ਰਸਿੱਧ ਤੇ ਕਾਰੋਬਾਰੀ ਵਿਅਕਤੀਆਂ ਨੇ ਲੰਡਨ ਵਿਚ ਰਿਹਾਇਸ਼ ਖ਼ਰੀਦ ਰੱਖੀ ਹੈ। ਹਿੰਦੀ ਫ਼ਿਲਮਾਂ ਦੇ ਕਈ ਐਕਟਰਾਂ ਦੇ ਉੱਥੇ ਫਲੈਟ ਹਨ। ਉਹ ਸਾਲ ਵਿਚ ਕਈ ਵਾਰ ਛੁੱਟੀਆਂ ਮਨਾਉਣ ਲੰਡਨ ਜਾਂਦੇ ਹਨ।

ਲੰਡਨ ਨਾਂ ਸਬੰਧੀ ਅੰਤਮ, ਨਿਰਣਾ ਹੋਣ ਤੋਂ ਪਹਿਲਾਂ ਇਸ ਸ਼ਹਿਰ ਦੇ ਕਈ ਨਾਂ ਪ੍ਰਚਲਿਤ ਰਹੇ ਹਨ। ਲੰਡਨ ਇਕ ਮਹਿੰਗਾ ਸ਼ਹਿਰ ਹੈ। 2016 ਵਿਚ ਇਸ ਨੂੰ ਦੁਨੀਆ ਦਾ ਛੇਵਾਂ ਸਭ ਤੋਂ ਮਹਿੰਗਾ ਸ਼ਹਿਰ ਐਲਾਨਿਆ ਗਿਆ ਸੀ।

ਲੰਡਨ ਇਕੋ ਇਕ ਸ਼ਹਿਰ ਹੈ ਜਿਸ ਨੇ ਹੁਣ ਤਤ ਤਿੰਨ ਵਾਰ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਹੈ। ਪਹਿਲੀ ਵਾਰ 1908 ਵਿਚ, ਦੂਜੀ ਵਾਰ 1948 ਵਿਚ ਅਤੇ ਤੀਜੀ ਵਾਰ 2012 ਵਿਚ।

ਲੰਡਨ ਵਿਚ ਚਲਦੀਆਂ ਬੱਸਾਂ ਸਾਲ ਵਿਚ ਏਨੇ ਕਿਲੋਮੀਟਰ ਲੰਮਾ ਸਫ਼ਰ ਤੈਅ ਕਰਦੀਆਂ ਹਨ ਕਿ ਧਰਤੀ ਦੁਆਲੇ ਕਈ ਚੱਕਰਾਂ ਦੇ ਬਰਾਬਰ ਬਣ ਜਾਂਦਾ ਹੈ। ਇਕੱਲੇ ਲੰਡਨ ਦੀ ਅਬਾਦੀ ਆਸਟਰੀਆ ਦੇਸ਼ ਦੀ ਕੁਲ ਆਬਾਦੀ ਤੋਂ ਵਧੇਰੇ ਹੈ। ਇਥੇ 37 ਫ਼ੀਸਦੀ ਲੋਕ ਵਿਦੇਸ਼ਾਂ ਦੇ ਜੰਮਪਲ ਰਹਿੰਦੇ ਹਨ। ਇਸ ਪੱਖੋਂ ਨਿਊਯਾਰਕ ਪਹਿਲੇ ਨੰਬਰ 'ਤੇ ਹੈ ਅਤੇ ਲੰਡਨ ਦੂਜੇ 'ਤੇ।

ਪ੍ਰੋ. ਕੁਲਬੀਰ ਸਿੰਘ

94171-53513

Posted By: Harjinder Sodhi