ਸਤਲੁਜ ਦਰਿਆ ਦੇ ਵਗਦੇ ਪਾਣੀ ਦੀ ਮਧੁਰ ਆਵਾਜ਼, ਹਰਿਆ ਭਰਿਆ ਵਾਤਾਵਰਨ ਅਤੇ ਕੁਦਰਤ ਦੇ ਸੁਹੱਪਣ ਦੀ ਇਕ ਦਿਲ ਖਿੱਚਵੀਂ ਤਸਵੀਰ ਦੇਖਣ ਨੂੰ ਮਿਲਦੀ ਹੈ ਵਿਸ਼ਵ ਪ੍ਰਸਿੱਧ ਸ਼ਹੀਦੀ ਸਮਾਰਕ ਹੁਸੈਨੀ ਵਾਲਾ। ਜੋ ਹਿੰਦ-ਪਾਕਿ ਸਰਹੱਦ ’ਤੇ ਸਤਲੁਜ ਦਰਿਆ ਦੇ ਕੰਢੇ ਉੱਪਰ ਫਿਰੋਜ਼ਪੁਰ ਸ਼ਹਿਰ ਤੋਂ 12 ਕਿਲੋਮੀਟਰ ਦੀ

ਦੂਰੀ ’ਤੇ ਸਥਿਤ ਹੈ। ਹੁਸੈਨੀਵਾਲਾ ਪਿੰਡ ਦਾ ਨਾਂ ਮੁਸਲਮਾਨ ਪੀਰ ਬਾਬਾ ਗੁਲਾਮ ਹੁਸੈਨ ਦੇ ਨਾਂ ’ਤੇ ਰੱਖਿਆ ਗਿਆ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਹੁਸੈਨੀਵਾਲਾ ਵਪਾਰ ਦਾ ਮੁੱਖ ਕੇਂਦਰ ਸੀ।

1887 ਵਿਚ ਸਤਲੁਜ ਦਰਿਆ ਤੇ ਇਤਿਹਾਸਕ ਪੁਲ਼ ਕੈਸਰ-ਏ- ਹਿੰਦ ਬਣਨ ਨਾਲ ਅਤੇ ਬਾਅਦ ਵਿਚ ਜਲਦੀ ਹੀ ਰੇਲ ਲਿੰਕ ਜੁੜਨ ਨਾਲ ਇਸ ਸਥਾਨ ਤੋਂ ਅਫ਼ਗਾਨਿਸਤਾਨ ਤੋਂ ਲੈ ਕੇ ਪੂਰੇ ਉੱਤਰੀ ਭਾਰਤ ਤਕ ਵਪਾਰ ਦਾ ਧੁਰਾ ਬਣ ਗਿਆ। ਅੰਗਰੇਜ਼ ਹਕੂਮਤ ਵੱਲੋਂ ਬਣਵਾਇਆ ਇਹ ਵਿਲੱਖਣ ਕਿਸਮ ਦਾ ਦੂਹਰਾ ਪੁਲ ਉਸ ਸਮੇਂ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ ਹੈ। ਇਸ ਦੇ ਹੇਠਲੇ ਹਿੱਸੇ ’ਤੇ ਰੇਲ ਗੱਡੀ ਲੰਘਦੀ ਸੀ ਅਤੇ ਉੱਪਰ ਸੜਕੀ ਆਵਾਜਾਈ ਚਲਦੀ ਸੀ। ਪੁਲ਼ ਦੀ ਬਦੌਲਤ ਇਹ ਇਲਾਕਾ ਵਪਾਰਕ ਪੱਖੋਂ ਬੇਹੱਦ ਖ਼ੁਸ਼ਹਾਲ ਬਣ ਗਿਆ ਸੀ। ਇਸ ਪੁਲ਼ ਦੇ ਮਜ਼ਬੂਤ 27 ਪਿੱਲਰ ਅੱਜ ਵੀ ਮੌਜੂਦ ਹਨ।

ਦੇਸ਼ ਦੀ ਵੰਡ ਤੋਂ ਬਾਅਦ 1971 ਦੀ ਹਿੰਦ-ਪਾਕਿ ਜੰਗ ਤਕ ਇਹ ਵਪਾਰ ਬਾਖੂਬੀ ਚੱਲਦਾ ਰਿਹਾ। ਪਾਕਿਸਤਾਨ ਵਾਲੇ ਪਾਸੇ ਤੋਂ ਗੰਡਾ ਸਿੰਘ ਚੈੱਕਪੋਸਟ ਅਤੇ ਹਿੰਦੁਸਤਾਨ ਦੀ ਹੁਸੈਨੀਵਾਲਾ ਚੈੱਕ ਪੋਸਟ ਤੋਂ ਅੰਗੂਰ, ਅਨਾਰ, ਚਮੜਾ, ਡਰਾਈ ਫਰੂਟ ਅਤੇ ਹੋਰ ਲੋੜੀਂਦੇ ਸਾਮਾਨ ਦਾ ਖ਼ੂਬ ਅਦਾਨ ਪ੍ਰਦਾਨ ਹੁੰਦਾ ਸੀ, ਜਿਸ ਕਾਰਨ ਇਸ ਇਲਾਕੇ ਦੇ ਲੋਕ ਆਰਥਿਕ ਪੱਖੋਂ ਖ਼ੁਸ਼ਹਾਲ ਸਨ ਪ੍ਰੰਤੂ 1971 ਤੋਂ ਵਪਾਰ ਬੰਦ ਹੋਣ ਨਾਲ ਹੀ ਇਲਾਕੇ ਦੇ ਵਿਕਾਸ ਦੇ ਰਸਤੇ ਵੀ ਬੰਦ ਹੋਣ ਲੱਗੇ ਅਤੇ ਇਹ ਇਲਾਕਾ ਦੇਸ਼ ਦੇ ਪੱਛੜੇ ਇਲਾਕਿਆਂ ਵਿਚ ਸ਼ੁਮਾਰ ਹੋਣ ਲੱਗਿਆ, ਅੱਜ ਦੇਸ਼ ਦਾ ਸਭ ਤੋਂ ਪੁਰਾਣਾ ਜ਼ਿਲ੍ਹਾ ਫ਼ਿਰੋਜ਼ਪੁਰ ਦੇਸ਼ ਦੇ 100 ਸਭ ਤੋਂ ਪੱਛੜੇ ਜ਼ਿਲ੍ਹਿਆਂ ਵਿਚ ਸ਼ੁਮਾਰ ਹੈ। ਹੁਸੈਨੀਵਾਲਾ ਦੇ ਨਾਲ ਲੱਗਦੇ 15 ਪਿੰਡਾਂ ਦੇ ਲੋਕਾਂ ਦੀ ਆਰਥਿਕ ਅਤੇ ਸਮਾਜਿਕ ਹਾਲਤ ਬੇਹੱਦ ਕਮਜ਼ੋਰ ਹੈ।

ਹੁਸੈਨੀਵਾਲਾ ਦਾ ਨਾਂ ਉਸ ਵਕਤ ਦੇਸ਼ ਦੇ ਹਰ ਨਾਗਰਿਕ ਦੀ ਜ਼ੁਬਾਨ ’ਤੇ ਪਹੁੰਚਿਆ ਜਦੋਂ 23 ਮਾਰਚ 1931 ਨੂੰ ਦੇਸ਼ ਦੇ ਮਹਾਨ ਸੁਤੰਤਰਤਾ ਸੈਨਾਨੀ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਦੀ ਕੇਂਦਰੀ ਜੇਲ੍ਹ ਵਿਚ ਨਿਸ਼ਚਿਤ ਸਮੇਂ ਤੋਂ ਇਕ ਦਿਨ ਪਹਿਲਾਂ ਫਾਂਸੀ ਲਗਾ ਕੇ ਚੋਰੀ ਛਿਪੇ ਇਸ ਸਥਾਨ ’ਤੇ ਲਿਆ ਕੇ ਬਗ਼ੈਰ ਕਿਸੇ ਰਸਮਾਂ ਦੇ ਅੰਤਿਮ ਸਸਕਾਰ ਕਰ ਕੇ ਅੱਧ ਜਲੀਆਂ ਲਾਸ਼ਾਂ ਨੂੰ ਸਤਲੁਜ ਦਰਿਆ ਵਿਚ ਪ੍ਰਵਾਹ ਕੀਤਾ। ਅੰਗਰੇਜ਼ ਹਕੂਮਤ ਇਨ੍ਹਾਂ ਮਹਾਨ ਕ੍ਰਾਂਤੀਕਾਰੀਆਂ ਦਾ ਖੁਰਾਖੋਜ ਮਿਟਾਉਣਾ ਚਾਹੁੰਦੀ ਸੀ। ਪ੍ਰੰਤੂ ਇਹ ਮਹਾਨ ਯੋਧੇ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਅਜਿਹੇ ਹੀਰੇ ਬਣ ਕੇ ਉੱਭਰੇ ਕਿ ਅੱਜ ਵੀ ਵੱਡੀ ਗਿਣਤੀ ਵਿਚ ਲੋਕ ਇਨ੍ਹਾਂ ਦੇ ਸ਼ਹੀਦੀ ਸਮਾਰਕਾਂ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚਦੇ ਹਨ।

23 ਮਾਰਚ ਦੇ ਦਿਨ ਇਸ ਪਵਿੱਤਰ ਅਸਥਾਨ ’ਤੇ ਹਜ਼ਾਰਾਂ ਦੀ ਗਿਣਤੀ ਵਿਚ ਦੇਸ਼ ਦੇ ਵੱਖ-ਵੱਖ ਕੋਨੇ ਤੋਂ ਲੋਕ ਪਹੁੰਚਦੇ ਹਨ। ਵੱਖ- ਵੱਖ ਨੌਜਵਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਖੇਡ ਮੇਲੇ, ਖ਼ੂਨਦਾਨ ਕੈਪ, ਪ੍ਰਦਰਸ਼ਨੀਆਂ, ਨਾਟਕ ਅਤੇ ਜਾਗਰੂਕਤਾ ਰੈਲੀਆਂ ਕੀਤੀਆਂ ਜਾਂਦੀਆਂ ਹਨ। ਸਰਕਾਰ ਵੱਲੋਂ ਵੀ ਸ਼ਹੀਦਾਂ ਦੀ ਯਾਦ ਵਿਚ ਰਾਜ ਪੱਧਰੀ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੈ। ਹਿੰਦ ਪਾਕਿ ਬਟਵਾਰੇ ਸਮੇਂ ਇਹ ਇਤਿਹਾਸਕ ਸਥਾਨ ਪਾਕਿਸਤਾਨ ਕੋਲ ਚਲਾ ਗਿਆ ਸੀ। ਪ੍ਰੰਤੂ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਭਾਰਤ ਸਰਕਾਰ ਵੱਲੋਂ 17 ਜਨਵਰੀ 1961 ਨੂੰ ਦੋਹਾਂ ਦੇਸ਼ਾਂ ਵਿਚ ਹੋਏ ਸਮਝੌਤੇ ਤਹਿਤ ਫਾਜ਼ਲਿਕਾ ਦੇ ਨਾਲ ਲੱਗਦੇ ਸੁਲੇਮਾਨਕੀ ਦੇ 12 ਪਿੰਡਾਂ ਦੇ ਬਦਲੇ ਵਿਚ ਇਹ ਇਤਿਹਾਸਕ ਸਥਾਨ ਪ੍ਰਾਪਤ ਕੀਤਾ ਅਤੇ ਇਥੇ ਯਾਦਗਾਰ ਬਣਾਈ ਗਈ। ਇਸ ਕੌਮੀ ਯਾਦਗਾਰ ਦਾ ਨੀਂਹ ਪੱਥਰ 23 ਮਾਰਚ 1965 ਨੂੰ ਉਸ ਸਮੇਂ ਦੇਸ਼ ਦੇ ਰੱਖਿਆ ਮੰਤਰੀ ਵਾਈ.ਬੀ. ਚਵਾਨ ਵੱਲੋਂ ਰੱਖਿਆ ਗਿਆ ਸੀ ਅਤੇ ਇਸ ਯਾਦਗਾਰ ਦਾ ਉਦਘਾਟਨ 23 ਮਾਰਚ 1968 ਨੂੰ ਪੰਜਾਬ ਦੇ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਵੱਲੋ ਕਰਕੇ ਦੇਸ਼ ਨੂੰ ਸਮਰਪਿਤ ਕੀਤੀ। 1971 ਦੀ ਹਿੰਦ-ਪਾਕਿ ਜੰਗ ਸਮੇਂ ਵੀ ਇਸ ਸਮਾਰਕ ਦਾ ਬਹੁਤ ਨੁਕਸਾਨ ਹੋਇਆ। ਇਸ ਦਾ ਪੁਨਰਨਿਰਮਾਣ ਕਰਨ ਉਪਰੰਤ 23 ਮਾਰਚ 1973 ਨੂੰ ਦੁਬਾਰਾ ਸ਼ੁਰੂ ਕੀਤੀ ਗਈ।

ਸਮਾਰਕ ਦੇ ਬਿਲਕੁਲ ਨਾਲ ਕੇਸਰ-ਏ-ਹਿੰਦ ਪੁਲ਼ ਦੇ ਗੇਟ ਦੀ ਇਤਿਹਾਸਕ ਉੱਚੀ ਇਮਾਰਤ ਹੈ, ਜਿਸ ਉੱਪਰ 1965 ਅਤੇ 1971 ਦੀ ਜੰਗ ਦੌਰਾਨ ਲੱਗੀਆਂ ਗੋਲੀਆਂ, ਰਾਕਟ ਅਤੇ ਬੰਬਾਂ ਕਾਰਨ ਹੋਏ ਨੁਕਸਾਨ ਦੇ ਨਿਸ਼ਾਨ ਮੌਜੂਦ ਹਨ। ਇਸ ਇਤਿਹਾਸਕ ਇਮਾਰਤ ਦੀ ਜੇ ਜਲਦ ਸੰਭਾਲ ਨਾ ਕੀਤੀ ਗਈ ਤਾਂ ਇਹ ਆਪਣੀ ਹੋਦ ਗਵਾ ਸਕਦੀ ਹੈ।

ਹੁਸੈਨੀਵਾਲਾ ਸਮਾਰਕ ਦੀ ਮਹੱਤਤਾ ਨੂੰ ਦੇਖਦੇ ਹੋਏ ਇਸ ਦੇ ਸੁੰਦਰੀਕਰਨ ਲਈ ਉੱਘੇ ਲੇਖਕ ਕੁਲਦੀਪ ਨਈਅਰ ਮੈਂਬਰ ਰਾਜ ਸਭਾ ਵੱਲੋਂ ਆਪਣੇ ਅਖਤਿਆਰੀ ਕੋਟੇ ਦੀ ਇਕ ਸਾਲ ਦੀ ਪੂਰੀ ਗਰਾਂਟ 2 ਕਰੋੜ ਰੁਪਏ ਇਥੇ ਖ਼ਰਚ ਕਰਵਾਈ ਗਈ। ਜਿਸ ਨਾਲ ਬੇਹੱਦ ਖ਼ੂਬਸੂਰਤ ਵਿਸ਼ਾਲ ਪਾਰਕ ਦਾ ਨਿਰਮਾਣ ਵੀ ਕਰਵਾਇਆ ਗਿਆ।

ਰੀਟ੍ਰੀਟ ਰਸਮ ਦਾ ਨਜ਼ਾਰਾ

ਹੁਸੈਨੀਵਾਲਾ ਸ਼ਹੀਦੀ ਸਮਾਰਕ ਤੋਂ ਲਗਪਗ ਇਕ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੁਸੈਨੀਵਾਲਾ ਸਾਂਝੀ ਚੈੱਕ ਪੋਸਟ ਅਤੇ ਪਾਕਿਸਤਾਨ ਦੀ ਚੈੱਕਪੋਸਟ ਗੰਡਾ ਸਿੰਘ ਵਾਲਾ ਉੱਪਰ ਹਰ ਰੋਜ਼ ਸ਼ਾਮ ਨੂੰ ਜਦੋਂ ਸੂਰਜ ਛਿਪਣ ਦਾ ਸਮਾਂ ਹੁੰਦਾ ਹੈ ਤਾਂ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਦੋਵਾਂ ਦੇਸ਼ਾਂ ਦੇ ਹਜ਼ਾਰਾਂ ਦਰਸ਼ਕ ਇਸ ਸਮਰੋਹ ਦਾ ਹਿੱਸਾ ਬਣਦੇ ਹਨ। ਫ਼ਿਰੋਜ਼ਪੁਰ ਵਿਚ ਕੋਈ ਵੀ ਸਨਮਾਨਿਤ ਸ਼ਖ਼ਸੀਅਤ, ਸਰਕਾਰੀ ਮਹਿਮਾਨ, ਆਮ ਲੋਕਾਂ ਦੇ ਰਿਸ਼ਤੇਦਾਰ, ਮਿੱਤਰ ਜਾਂ ਸੈਲਾਨੀਆਂ ਦੀ ਫ਼ਿਰੋਜ਼ਪੁਰ ਯਾਤਰਾ ਹੁਸੈਨੀਵਾਲਾ ਰੀਟਰੀਟ ਸਮਾਰੋਹ ਦੇਖੇ ਬਿਨਾਂ ਅਧੂਰੀ ਹੀ ਮੰਨੀ ਜਾਂਦੀ ਹੈ। ਜ਼ੀਰੋ ਲਾਈਨ ’ਤੇ ਸਥਿਤ ਇਸ ਸਾਂਝੀ ਚੈੱਕ ਪੋਸਟ ’ਤੇ ਸੀਮਾ ਸੁਰੱਖਿਆ ਬਲ ( ਬੀ. ਐੱਸ. ਐੱਫ.) ਦੇ ਜਵਾਨਾਂ ਅਤੇ ਪਾਕਿਸਤਾਨੀ ਰੇਂਜਰਾਂ ਵੱਲੋਂ ਸ਼ਾਮ ਨੂੰ ਸਾਂਝੇ ਤੌਰ ’ਤੇ ਦੋਵਾਂ ਦੇਸ਼ਾਂ ਦਾ ਕੌਮੀ ਝੰਡਾ ਉਤਾਰਨ ਦੀ ਰਸਮ ਪੂਰੀ ਇੱਜ਼ਤ, ਸਨਮਾਨ ਅਤੇ ਪ੍ਰੋਟੋਕੋਲ ਅਨੁਸਾਰ 40 ਮਿੰਟ ਦੀ ਰੀਟਰੀਟ ਸੈਰੇਮਨੀ ਕੀਤੀ ਜਾਂਦੀ ਹੈ।

ਬੀ.ਐੱਸ.ਐੱਫ ਦੇ ਜਵਾਨਾਂ ਵੱਲੋਂ ਸਮਾਰੋਹ ਦੌਰਾਨ ਤਾਕਤ, ਜੋਸ਼, ਦੇਸ਼ਭਗਤੀ ਅਤੇ ਬਹਾਦਰੀ ਦਾ ਜਜ਼ਬਾ ਪੈਦਾ ਕਰਨ ਦੀ ਵਿਲੱਖਣ ਉਦਾਹਰਣ ਪੇਸ਼ ਕੀਤੀ ਜਾਂਦੀ ਹੈ। ਜਵਾਨਾਂ ਦੀ ਹਰ ਕਾਰਵਾਈ, ਭਾਰੀ ਬੂਟਾਂ ਦੀ ਖੜਕਖੜਾਹਟ ਅਤੇ ਉਸ ਮੌਕੇ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਹਜ਼ਾਰਾਂ ਦਰਸ਼ਕਾਂ ਦੀਆਂ ਖੂਬ ਤਾੜੀਆਂ ਬਟੋਰਦੇ ਹਨ। ਬੀ.ਐੱਸ.ਐੱਫ. ਦੀ ਚੌਕੀ ਤੋਂ ਚੱਲਦੇ ਦੇਸ਼ ਭਗਤੀ ਦੇ ਗੀਤ, ਦਰਸ਼ਕਾਂ ਦੇ ਹੱਥ ਵਿਚ ਲਹਿਰਾਉਂਦੇ ਰਾਸ਼ਟਰੀ ਝੰਡੇ ਅਤੇ ਭਾਰਤ ਮਾਤਾ ਕੀ ਜੈ ਅਤੇ ਦੇਸ਼ ਭਗਤੀ ਦੇ ਜੋਸ਼ੀਲੇ ਨਾਅਰੇ ਸਮੁੱਚੇ ਮਾਹੌਲ ਨੂੰ ਅਜਿਹਾ ਦੇਸ਼ ਭਗਤੀ ਵਿਚ ਰੰਗਦੇ ਹਨ ਕਿ ਦੇਖਣ ਵਾਲਾ ਇਸ 40 ਮਿੰਟ ਦੇ ਸਮਾਰੋਹ ਨੂੰ ਹਮੇਸ਼ਾ ਲਈ ਯਾਦ ਰੱਖਦਾ ਹੈ।

ਹੁਸੈਨੀਵਾਲਾ ਰੇਲਵੇ ਸਟੇਸ਼ਨ

ਹੁਸੈਨੀਵਾਲਾ ਹੈੱਡਵਰਕਸ ਦੇ ਨਜ਼ਦੀਕ ਸਤਲੁਜ ਦਰਿਆ ਦੇ ਕੰਢੇ ’ਤੇ ਇਤਿਹਾਸਕ ਹੁਸੈਨੀਵਾਲਾ ਰੇਲਵੇ ਸਟੇਸ਼ਨ (ਟਿਕਟ ਖਿੜਕੀ) ਮੌਜੂਦ ਹੈ। ਇਸ ਦੀ ਵਿਲੱਖਣਤਾ ਇਹ ਹੈ ਕਿ ਇੱਥੇ ਸਾਲ ਵਿਚ ਸਿਰਫ਼ 02 ਦਿਨ ਹੀ ਰੇਲ ਗੱਡੀ ਚੱਲਦੀ ਹੈ। 23 ਮਾਰਚ ਨੂੰ ਸ਼ਹੀਦੀ ਸਮਾਗਮ ਅਤੇ 13 ਅਪ੍ਰੈਲ ਨੂੰ ਵਿਸਾਖੀ ਦੇ ਮੇਲੇ ਮੌਕੇ। ਬਾਕੀ ਸਾਰਾ ਸਾਲ ਇਹ ਸਟੇਸ਼ਨ ਬੰਦ ਰਹਿੰਦਾ ਹੈ ਅਤੇ ਸਟੇਸ਼ਨ ਦੀ ਥਾਂ ਤੇ ਸਿਰਫ਼ ਟਿਕਟ ਖਿੜਕੀ ਹੀ ਮੌਜੂਦ ਹੈ, ਜੋ ਸਾਲ ਵਿਚ ਸਿਰਫ ਦੋ ਦਿਨ ਹੀ ਖੁੱਲਦੀ ਹੈ।

ਇਹ ਉਹ ਰੇਲਵੇ ਸਟੇਸ਼ਨ ਹੈ, ਜਿੱਥੇ ਦੇਸ਼ ਦੀ ਵੰਡ ਤੋਂ ਪਹਿਲਾਂ ਖ਼ੂਬ ਰੌਣਕ ਰਹਿੰਦੀ ਸੀ। ਸਿੰਜਾਈ ਵਿਭਾਗ ਦੀ ਬਹੁਤ ਵੱਡੀ ਵਰਕਸ਼ਾਪ ਇਸ ਸਥਾਨ ’ਤੇ ਹੋਣ ਕਾਰਨ ਕਸੂਰ, ਲਾਹੌਰ ਅਤੇ ਹੋਰ ਨਜ਼ਦੀਕ ਲੱਗਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਇਸ ਸਟੇਸ਼ਨ ’ਤੇ ਆਉਂਦੇ ਜਾਂਦੇ ਸਨ। ਵਪਾਰਕ ਪੱਖੋਂ ਵੀ ਇਹ ਸਟੇਸ਼ਨ ਬਹੁਤ ਵਿਕਸਿਤ ਸੀ। ਪ੍ਰੰਤੂ ਅੱਜ ਹੁਸੈਨੀਵਾਲਾ ਰੇਲਵੇ ਸਟੇਸ਼ਨ ਅਤੇ ਹੁਸੈਨੀਵਾਲਾ ਵਰਕਸ਼ਾਪ ਦੋਵਾਂ ਦਾ ਸਿਰਫ਼ ਨਾਮ ਹੀ ਬਚਿਆ ਹੈ। ਵਰਕਸ਼ਾਪ ਦਾ ਨਾਮੋ ਨਿਸ਼ਾਨ ਮਿਟ ਚੁੱਕਿਆ ਹੈ। ਸਿੰਜਾਈ ਵਿਭਾਗ ਦਾ ਸਤਲੁਜ ਦਰਿਆ ਦੇ ਕੰਢੇ ’ਤੇ ਰਮਣੀਕ ਸਥਾਨ ’ਤੇ ਕੁਝ ਸਮਾਂ ਪਹਿਲਾਂ ਤਕ ਇਕ ਰੈਸਟ ਹਾਊਸ ਵੀ ਚੰਗੀ ਹਾਲਤ ਵਿਚ ਸੀ, ਹੁਣ ਉਹ ਵੀ ਬੰਦ ਹੋ ਚੁੱਕਿਆ ਹੈ।

ਇਸ ਸਥਾਨ ਨੂੰ ਜੇ ਸੈਰਗਾਹ ਵਜੋਂ ਵਿਕਸਿਤ ਕੀਤਾ ਜਾਵੇ ਤਾਂ ਸੈਲਾਨੀਆਂ ਦੀ ਖਿੱਚ ਦਾ ਬਹੁਤ ਵੱਡਾ ਕੇਂਦਰ ਬਣ ਸਕਦਾ ਹੈ। ਵਾਹਗਾ ਬਾਰਡਰ ਅੰਮਿ੍ਰਤਸਰ ਦੀ ਤਰ੍ਹਾਂ ਜੇ ਹੁਸੈਨੀਵਾਲਾ ਬਾਰਡਰ ਵੀ ਵਪਾਰ ਅਤੇ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇ ਤਾਂ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਦਾ ਮਿਲਣ ਜਿੱਥੇ ਦੋਹਾਂ ਦੇਸ਼ਾਂ ਵਿਚ ਸ਼ਾਂਤੀ ਦੀ ਨਵੀਂ ਮਿਸਾਲ ਪੈਦਾ ਕਰ ਸਕਦਾ ਹੈ, ਉੱਥੇ ਆਰਥਿਕ ਪੱਖੋਂ ਪੱਛੜੇ ਸਰਹੱਦੀ ਖੇਤਰ ਦੀ ਆਰਥਿਕਤਾ ਨੂੰ ਬਹੁਤ ਵੱਡਾ ਹੁਲਾਰਾ ਮਿਲ ਸਕਦਾ ਹੈ। ਹਰ ਸਾਲ 23 ਮਾਰਚ ਨੂੰ ਸ਼ਹੀਦੀ ਸਮਾਗਮ ਮੌਕੇ ਅਤੇ ਚੋਣਾਂ ਮੌਕੇ ਬਾਰਡਰ ਖੋਲ੍ਹਣ ਦਾ ਮੁੱਦਾ ਉਠਦਾ ਜ਼ਰੂਰ ਹੈ, ਪਰ ਦੋਹਾਂ ਪਾਸੇ ਤੋਂ ਕਿਸੇ ਵੀ ਕਿਸਮ ਦੀ ਪਹਿਲਕਦਮੀ ਧਰਾਤਲ ’ਤੇ ਨਜ਼ਰ ਨਹੀਂ ਆਉਂਦੀ। ਪ੍ਰੰਤੂ ਇਲਾਕੇ ਦੇ ਆਮ ਲੋਕ ਅਕਸਰ ਹੀ ਚਰਚਾ ਜ਼ਰੂਰ ਇਸ ਉਮੀਦ ਨਾਲ ਕਰਦੇ ਹਨ ਕਿ ਇਹ ਸਰਹੱਦ ਇਕ ਦਿਨ ਜ਼ਰੂਰ ਖੁੱਲ੍ਹੇਗੀ ਅਤੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਮੇਲ ਹੋਵੇਗਾ।

ਸ਼ਾਨ-ਏ-ਹਿੰਦ ਗੇਟ

ਇਸ ਚੈੱਕ ਪੋਸਟ ’ਤੇ 42 ਫੁੱਟ ਲੰਬਾ, 91 ਫੁੱਟ ਚੌੜਾ ਅਤੇ 56 ਫੁੱਟ ਉੱਚਾ ਸ਼ਾਨ ਏ ਹਿੰਦ ਗੇਟ ਇਸ ਅਸਥਾਨ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਂਦਾ ਹੈ। ਗੇਟ ਤੋਂ ਪਹਿਲਾਂ ਹੁਣੇ-ਹੁਣੇ ਲਗਾਇਆ 165 ਫੁੱਟ ਉੱਚਾ ਦੇਸ਼ ਦਾ ਰਾਸ਼ਟਰੀ ਝੰਡਾ ਵੀ ਸੈਲਾਨੀਆਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦਾ ਹੈ। ਇਸ ਸਥਾਨ ਦਾ ਕੁਦਰਤੀ ਸੁਹੱਪਣ, ਵੰਨ ਸੁਵੰਨੇ ਦਰੱਖ਼ਤਾਂ ਦੀ ਹਰਿਆਲੀ ਮਨਮੋਹਕ ਨਜ਼ਾਰਾ ਪੇਸ਼ ਕਰਦੀ ਹੈ।

ਸਮਾਧੀ ਬੁਟਕੇਸ਼ਵਰ ਦੱਤ

ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਨੇੜਲੇ ਸਾਥੀ ਬੁਟਕੇਸ਼ਵਰ ਦੱਤ ਜਿਨ੍ਹਾਂ ਨੇ ਭਗਤ ਸਿੰਘ ਦੇ ਨਾਲ ਹੀ ਕੇਂਦਰੀ ਅਸੈਂਬਲੀ ਵਿਚ ਬੰਬ ਸੁੱਟਿਆ ਸੀ, 20 ਸਾਲ ਦੀ ਸਖ਼ਤ ਸਜ਼ਾ ਅੰਡੇਮਾਨ ਨਿਕੋਬਾਰ ਦੀ ਜੇਲ੍ਹ ਵਿਚ ਕੱਟੀ। ਉਸ ਮਹਾਨ ਸੁਤੰਤਰਤਾ ਸੈਨਾਨੀ ਨੇ ਦੇਸ਼ ਦੀ ਸੁਤੰਤਰਤਾ ਲਈ ਘੋਰ ਤਸੀਹੇ ਸਹੇ ਅਤੇ ਬੁਰੇ ਹਾਲਾਤ ਦਾ ਸਾਹਮਣਾ ਕੀਤਾ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਇਸ ਮਹਾਨ ਸਪੂਤ ਦੀ ਹਾਲਤ ਤਰਸਯੋਗ ਹੀ ਰਹੀ। 28 ਜੁਲਾਈ, 1965 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਅਤੇ ਉਸ ਦੀ ਇੱਛਾ ਅਨੁਸਾਰ ਅੰਤਿਮ ਸੰਸਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸਮਾਧੀ ਦੇ ਨਜਦੀਕ ਹੁਸੈਨੀਵਾਲਾ ਵਿਖੇ ਕੀਤਾ ਗਿਆ। ਜਿੱਥੇ ਅੱਜ ਉਨ੍ਹਾਂ ਦੀ ਯਾਦਗਾਰ ਮੌਜੂਦ ਹੈ।

- ਡਾ. ਸਤਿੰਦਰ ਸਿੰਘ

Posted By: Harjinder Sodhi