ਸਾਡਾ ਕਸ਼ਮੀਰ ਨੂੰ ਪਹਿਲੀ ਵਾਰੀ ਦੇਖਣ ਦਾ ਸਬੱਬ ਸੰਨ ਚੁਰਾਸੀ ਦੀਆਂ ਦੁਖਦਾਈ ਘਟਨਾਵਾਂ ਤੋਂ ਪਿੱਛੋਂ ਬਣਿਆ ਜਦੋਂ ਸਾਨੂੰ ਆਪਣੇ ਹੀ ਇਸ ਦੇਸ਼ ਦੇ ਕਿਸੇ ਹੋਰ ਸੂਬੇ ਵਿਚ ਜਾਣਾ ਸੁਰੱਖਿਅਤ ਨਹੀਂ ਸੀ ਲੱਗ ਰਿਹਾ। ਸੋ ਸੰਨ ਪਚਾਸੀ ਵਿਚ ਪਹਿਲੀ ਵਾਰ ਕਸ਼ਮੀਰ ਦੇਖਿਆ, ਉੱਥੋਂ ਦੇ ਲੋਕਾਂ ਨੂੰ ਮਿਲੇ ਤਾਂ ਬਹੁਤ ਚੰਗਾ ਲੱਗਾ। ਪਹਿਲਾਂ-ਪਹਿਲਾਂ ਤਾਂ ਸਿਰਫ਼ ਪੜ੍ਹੇ ਲਿਖੇ ਲੋਕਾਂ ਨਾਲ ਹੀ ਗੱਲਬਾਤ ਹੋ ਸਕਦੀ ਹੁੰਦੀ ਸੀ, ਜਾਂ ਡਰਾਈਵਰਾਂ, ਕੰਡਕਟਰਾਂ, ਸ਼ਿਕਾਰੇ ਵਾਲਿਆਂ ਤੇ ਦੁਕਾਨਦਾਰਾਂ ਨਾਲ।

ਕੁਝ ਸਾਲਾਂ ਬਾਅਦ ਹੀ ਕਸ਼ਮੀਰ ਦੇ ਹਾਲਾਤ ਵੀ ਵਿਗੜ ਗਏ ਸਨ। ਆਖ਼ਰ ਵੀਹ ਸੌ ਬਾਰਾਂ ਵਿਚ ਦੋਬਾਰਾ ਅੰਮ੍ਰਿਤਸਰ ਤੋਂ ਸ੍ਰੀਨਗਰ ਦੀ ਫਲਾਈਟ ਸ਼ੁਰੂ ਹੋਈ ਤਾਂ ਜਾ ਕੇ ਦੇਖਿਆ ਕਿ ਇਹ ਉਹ ਪੁਰਾਣਾ ਸ੍ਰੀਨਗਰ ਨਹੀਂ ਸੀ। ਸ਼ਹਿਰ ਦਾ ਹੁਲੀਆ ਬਹੁਤ ਬਦਲ ਚੁੱਕਾ ਸੀ। ਹੁਣ ਉਹ ਪੁਰਾਣਾ ਦੇਸੀ ਜਿਹਾ ਤੇ ਭੋਲਾ ਭਾਲਾ ਜਿਹਾ ਸ਼ਹਿਰ ਨਹੀਂ ਸੀ ਰਿਹਾ। ਬਾਕੀ ਸ਼ਹਿਰਾਂ ਵਾਂਗ ਇੱਥੇ ਵੀ ਵੱਡੇ- ਵੱਡੇ ਮਾਲ ਤੇ ਬਹੁ-ਮੰਜ਼ਿਲੀ ਇਮਾਰਤਾਂ ਉੱਸਰ ਚੁੱਕੀਆਂ ਸਨ। ਜਿੱਥੇ ਹਾਲਾਤ ਖ਼ਰਾਬ ਹੋਣ ਤੋਂ ਪਹਿਲਾਂ ਜਾਂਦੇ ਰਹੇ ਸਾਂ ਉਸ ਹੋਟਲ ਵਿਚ ਵੀ ਬਹੁਤ ਕੁਝ ਬਦਲ ਚੁੱਕਾ ਸੀ। ਜਦੋਂ ਹੋਟਲ ਮਾਲਕ ਨੂੰ ਉਸਦਾ ਹਾਲ ਪੁੱਛਿਆ ਤਾਂ ਉਹ ਥੋੜ੍ਹਾ ਭਾਵਕ ਹੋ ਕੇ ਕਹਿਣ ਲੱਗਾ ਕਿ ਜਦ ਮਾਹੌਲ ਖ਼ਰਾਬ ਹੋਇਆ ਤਾਂ ਦਸ ਸਾਲ ਵਿਚ ਅਸੀਂ ਦਸ ਰੁਪਏ ਵੀ ਨਹੀਂ ਸੀ ਕਮਾਏ। ਹੁਣ ਕੁਝ ਸਾਲਾਂ ਤੋਂ ਥੋੜ੍ਹੇ ਲੋਕ ਆਉਣੇ ਸ਼ੁਰੂ ਹੋਏ ਹਨ ਤੇ ਮਾੜਾ ਮੋਟਾ ਕੰਮ ਤੁਰਿਆ ਹੈ।

ਇਸ ਤਰ੍ਹਾਂ ਦੇ ਹਾਲਾਤ ਤੋਂ ਤਾਂ ਪੰਜਾਬ ਵਾਲੇ ਵੀ ਚੰਗੀ ਤਰ੍ਹਾਂ ਵਾਕਫ਼ ਸਨ। ਜਦੋਂ ਉਸ ਨੂੰ ਉੱਥੋਂ ਦੀਆਂ ਵੱਡੀਆਂ ਬਿਲਡਿੰਗਾਂ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਹੈਰਾਨਗੀ ਤਾਂ ਹੁੰਦੀ ਹੈ। ਲੋਕਾਂ ਦਾ ਇੱਥੇ ਬੁਰਾ ਹਾਲ ਹੈ, ਕਾਰੋਬਾਰ ਬੰਦ ਪਏ ਹਨ। ਪਰ ਇਸ ਤਰ੍ਹਾਂ ਦੇ ਕੰਮਾਂ ਵਾਸਤੇ ਪੈਸਾ ਤਾਂ ਪਤਾ ਨਹੀਂ ਕਿੱਥੋਂ ਆ ਰਿਹਾ ਹੈ। ਫਿਰ ਇਕ ਹੋਰ ਵਾਕਫ਼ ਨੂੰ ਮਿਲਣ ਨਿਕਲੇ, ਉਸ ਕੋਲੋਂ ਅਸੀਂ ਕਸ਼ਮੀਰੀ ਕਢਾਈ ਵਾਲੇ ਕੱਪੜੇ ਆਦਿ ਖ਼ਰੀਦਦੇ ਰਹੇ ਸਾਂ।

ਇਸ ਵਾਰ ਇਹ ਦੇਖ ਕੇ ਹੈਰਾਨੀ ਹੋਈ ਕਿ ਉਸ ਦੀ ਦੁਕਾਨ ਵਿਚ ਚਾਰੇ ਪਾਸੇ ਮਸ਼ੀਨੀ ਕਢਾਈ ਵਾਲੇ ਕੱਪੜੇ ਟੰਗੇ ਹੋਏ ਸਨ ਜਿਹੋ ਜਿਹੇ ਦੇਸ਼ ਦੇ ਕਿਸੇ ਵੀ ਸ਼ਹਿਰ ਵਿਚ ਵੇਖੇ ਜਾ ਸਕਦੇ ਹਨ। ਉਸ ਨੂੰ ਕਸ਼ਮੀਰੀ ਕਢਾਈ ਵਾਲੇ ਕੱਪੜਿਆਂ ਬਾਰੇ ਪੁੱਛਿਆ ਤਾਂ ਉਸ ਨੇ ਬੜੇ ਵਪਾਰਕ ਢੰਗ ਨਾਲ ਕਿਹਾ ਕਿ ਹੁਣ ਅਸੀਂ ਲੋਕਲ ਮਾਲ ਨਹੀਂ ਵੇਚਦੇ। ਹੋਰ ਸਹੂਲਤਾਂ ਨਾ ਸਹੀ, ਪਰ ਹਾਲਾਤ ਖ਼ਰਾਬ ਹੋਣ ਦੇ ਬਾਵਜੂਦ ਵਿਸ਼ਵੀਕਰਨ ਦਾ ਅਸਰ ਇੱਥੇ ਵੀ ਪਹੁੰਚ ਗਿਆ ਸੀ। ਲੋਕਲ ਕਾਰੋਬਾਰ ਸਾਹ-ਸੱਤ ਹੀਣ ਹੋ ਰਹੇ ਸਨ।

ਅਗਲੇ ਦਿਨ ਗੁਲਮਰਗ ਜਾਣ ਦਾ ਸਿਲਸਿਲਾ ਸੀ। ਪਹਿਲਾਂ ਤਾਂ ਟੂਰਿਸਟ ਸੈਂਟਰ ਤੋਂ ਹਰ ਇਕ ਦੇਖਣਯੋਗ ਜਗ੍ਹਾ 'ਤੇ ਜਾਣ ਵਾਸਤੇ ਬੱਸਾਂ ਚੱਲਿਆ ਕਰਦੀਆਂ ਸਨ ਪਰ ਹੁਣ ਸੈਲਾਨੀ ਘੱਟ ਹੋਣ ਕਰਕੇ ਉਹ ਉਡੀਕਦੇ ਰਹਿੰਦੇ ਸਨ ਕਿ ਪੰਝੀ ਕੁ ਸਵਾਰੀਆਂ ਹੋ ਜਾਣ ਤਾਂ ਬੱਸ ਜਾਏਗੀ ਨਹੀਂ ਤਾਂ ਨਹੀਂ। ਇਸ ਵਾਰ ਇਸ ਸੈਂਟਰ ਦੇ ਸਾਹਮਣੇ ਵੱਡਾ ਸਾਰਾ ਟੈਕਸੀ ਸਟੈਂਡ ਬਣਿਆ ਹੋਇਆ ਸੀ। ਰੁਜ਼ਗਾਰ ਦੀ ਕਮੀ ਨੂੰ ਇਹ ਲੋਕ ਆਪਣੇ ਸਾਧਨਾਂ ਨਾਲ ਪੂਰਨ ਦੀ ਕੋਸ਼ਿਸ਼ ਕਰ ਰਹੇ ਸਨ। ਆਖਰ ਟੂਰਿਸਟ ਸੈਂਟਰ ਵਾਲ਼ਿਆਂ ਨੇ ਕਹਿ ਦਿੱਤਾ ਕਿ ਬੱਸ ਨਹੀਂ ਜਾਣੀ ਤੇ ਸਾਨੂ ਵੀ ਟੈਕਸੀ ਲੈਣੀ ਪਈ। ਹਰੇਕ ਡਰਾਈਵਰ ਨੂੰ ਆਪਣਾ ਨੰਬਰ ਆਉਣ 'ਤੇ ਹੀ ਸਵਾਰੀ ਲਿਜਾਣ ਲਈ ਵਾਰੀ ਮਿਲਦੀ ਸੀ। ਜਿਸ ਡਰਾਈਵਰ ਦੀ ਵਾਰੀ ਸਾਨੂੰ ਲੈ ਕੇ ਜਾਣ ਦੀ ਲੱਗੀ ਸੀ ਉਸ ਨੇ ਪਹਿਲਾਂ ਬਾਈ ਸੌ ਰੁਪਏ ਮੰਗੇ ਪਰ ਫਿਰ ਅਠਾਰਾਂ ਸੌ 'ਤੇ ਹੀ ਮੰਨ ਗਿਆ। ਰਸਤੇ ਵਿਚ ਉਸ ਨੇ ਸਾਨੂੰ ਦੱਸਿਆ ਕਿ ਮੇਰੀ ਵਾਰੀ ਆਈ ਨੂੰ ਅੱਠ ਦਿਨ ਹੋ ਗਏ ਹਨ ਪਰ ਕੋਈ ਯਾਤਰੂ ਹੀ ਨਹੀਂ ਆਇਆ, ਨਾ ਮੰਨਦਾ ਤਾਂ ਅੱਜ ਵੀ ਬੈਠਾ ਰਹਿੰਦਾ ਤੇ ਨੰਬਰ ਵੀ ਚਲਾ ਜਾਂਦਾ।

ਗੁਲਮਰਗ ਦੇ ਰਸਤੇ ਵਿਚ ਦੇਖਿਆ ਕਿ ਸ਼ਹਿਰ ਦੇ ਨੇੜਲੇ ਇਕ ਪਹਾੜ ਨੂੰ ਤੋੜਿਆ ਜਾ ਰਿਹਾ ਸੀ। ਪੱਥਰ ਟੋਟੇ ਕਰ ਕੇ ਢੋਏ ਜਾ ਰਹੇ ਸਨ। ਡਰਾਈਵਰ ਨੇ ਦੱਸਿਆ ਕਿ ਉਸ ਥਾਂ 'ਤੇ ਨਵੀਂ ਕਾਲੋਨੀ ਬਣੇਗੀ। ਹੁਣ ਕਸ਼ਮੀਰ ਵੀ ਬਹੁਤ ਬੁਰੀ ਤਰਾਂ ਸ਼ਹਿਰੀਕਰਨ ਦੀ ਮਾਰ ਹੇਠ ਆ ਚੁੱਕਾ ਸੀ। ਇਸ ਸਬੰਧੀ ਡਰਾਈਵਰ ਬੋਲਦਾ ਜਾ ਰਿਹਾ ਸੀ ਕਿ ਸਾਰੇ ਕਿਤੇ ਘਰ ਬਣੀ ਜਾ ਰਹੇ ਹਨ, ਲੋਕ ਧਾਨ ਕਿੱਥੇ ਉਗਾਇਆ ਕਰਨਗੇ। ਮੈਨੂੰ ਪੰਜਾਬ ਦਾ ਵੀ ਇਸੇ ਤਰ੍ਹਾਂ ਦਾ ਹਾਲ ਚੇਤੇ ਆ ਗਿਆ।

ਇਸ ਵਾਰ ਅਜੇ ਗੁਲਮਰਗ ਦੀ ਵਾਦੀ ਬਰਫ਼ ਨਾਲ ਭਰੀ ਹੋਈ ਸੀ ਤੇ ਦੱਖਣ ਵੱਲੋਂ ਆਏ ਸੈਲਾਨੀਆਂ ਦੀ ਭੀੜ ਸੀ। ਬਹੁਤ ਸਾਰੇ ਲੋਕ ਲੱਕੜ ਦੀਆਂ ਨਿੱਕੀਆਂ-ਨਿੱਕੀਆਂ ਗਡੀਹਰੀਆਂ ਜਾਂ ਸਲੈਜਾਂ 'ਤੇ ਜਾ ਰਹੇ ਸਨ ਜਿਨ੍ਹਾਂ 'ਤੇ ਲੋਕਾਂ ਨੂੰ ਬਿਠਾ ਕੇ ਸਲੈਜਾਂ ਵਾਲੇ ਖਿੱਚ ਕੇ ਬਰਫ਼ ਉੱਤੇ ਰੇੜ੍ਹਦੇ ਹਨ। ਘੋੜਿਆਂ ਵਾਲਿਆਂ ਤੋਂ ਇਲਾਵਾ ਇਸ ਵਾਰ ਇਹ ਲੱਕੜ ਦੀਆਂ ਗਡੀਹਰੀਆਂ ਜਿਹੀਆਂ ਵਾਲੇ ਵੀ ਸੈਲਾਨੀਆਂ ਨੂੰ ਵਾਰ-ਵਾਰ ਜਾਣ ਲਈ ਕਹਿੰਦੇ ਰਹਿੰਦੇ ਹਨ। ਇਕ ਨੌਜੁਆਨ ਲੜਕਾ ਵਾਰ-ਵਾਰ ਆ ਕੇ ਸਾਨੂੰ ਸਲੈੱਜ 'ਤੇ ਜਾਣ ਨੂੰ ਕਹਿ ਰਿਹਾ ਸੀ। ਅਸੀਂ ਇਕ ਪਾਸੇ ਬੈਠੇ ਹੋਏ ਸਾਂ ਤੇ ਹਰ ਵਾਰ ਉਸ ਨੂੰ ਨਾਂਹ ਕਰ ਰਹੇ ਸਾਂ। ਉਹ ਲੜਕਾ ਚੌਥੀ ਵਾਰ ਆਇਆ ਤੇ ਕਹਿਣ ਲੱਗਾ ਕਿ ਜੇ ਨਹੀਂ ਜਾਣਾ ਤਾਂ ਸੌ ਰੁਪਿਆ ਹੀ ਦੇ ਦਿਓ। ਉਸ ਨੂੰ ਪੁੱਛਿਆ ਕਿ ਉਹ ਕਿਓਂ? ਉਸ ਦਾ ਜੁਆਬ ਸੀ ਕਿ ਇਸ ਨਾਲੋਂ ਤਾਂ ਫਿਰ ਅੱਤਵਾਦੀ ਬਣ ਜਾਣਾ ਹੀ ਚੰਗਾ ਹੈ। ਬੇਰੁਜ਼ਗਾਰੀ ਦਾ ਆਲਮ ਤੇ ਹਾਲਾਤ ਦੀ ਮਜਬੂਰੀ ਸਾਡੀ ਨੌਜੁਆਨੀ ਦੀ ਸੋਚ 'ਤੇ ਕਿਸ ਤਰ੍ਹਾਂ ਦਾ ਅਸਰ ਪਾ ਰਹੀ ਹੈ ਇਹ ਉਸ ਦੀ ਮੂੰਹ ਬੋਲਦੀ ਤਸਵੀਰ ਸੀ। ਸਾਡੇ ਦੇਸ਼ ਦੇ ਨੌਜੁਆਨ ਕਿਸ ਤਰ੍ਹਾਂ ਇਸ ਦੇ ਸ਼ਿਕਾਰ ਹੋ ਰਹੇ ਹਨ, ਇਹ ਗੱਲ ਅੱਜ ਤਕ ਪਰੇਸ਼ਾਨ ਕਰਦੀ ਹੈ।

ਇਸ ਵਾਰ ਪਹਿਲੀ ਵਾਰ ਵਾਦੀ ਵਿਚ ਬਹੁਤ ਵੱਡੀ ਗਿਣਤੀ ਵਿਚ ਆਟੋ ਰਿਕਸ਼ਾ ਦਿਖਾਈ ਦਿੱਤੇ। ਪਰ ਇਨ੍ਹਾਂ ਨੂੰ ਦੋਹਾਂ ਪਾਸਿਆਂ ਤੋਂ ਰੈਕਸੀਅਨ ਦੇ ਕਾਲੇ ਪਰਦੇ ਨਾਲ ਬੰਦ ਕੀਤਾ ਹੋਇਆ ਸੀ। ਇਕ ਪਾਸੇ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਜਾ ਕੇ ਫਿਰ ਅੰਦਰੋਂ ਬੰਦ ਕਰਨਾ ਹੁੰਦਾ ਹੈ। ਇਹ ਵੀ ਹਾਲਾਤ ਦੇ ਪਰਛਾਵੇਂ ਦਾ ਇਕ ਹਿੱਸਾ ਸੀ। ਥ੍ਰੀ ਵ੍ਹੀਲਰ ਨੂੰ ਵੀ ਬੁਰਕਾ।

ਇਕ ਸਾਲ ਉੱਥੇ ਹੜ੍ਹ ਨਾਲ ਬਹੁਤ ਤਬਾਹੀ ਹੋਈ ਸੀ।ਉਸ ਤੋਂ ਅਗਲੇ ਸਾਲ ਵੀ ਅਜੇ ਬਹੁਤੀਆਂ ਇਮਾਰਤਾਂ ਤੇ ਪਾਣੀ ਦੇ ਨਿਸ਼ਾਨ ਬਰਕਰਾਰ ਸਨ। ਪਿਛਲੇ ਸਾਲ ਹੀ ਦੇਸ਼ ਵਿਚ ਨਵੀਂ ਪਾਰਟੀ ਦੀ ਸਰਕਾਰ ਬਣੀ ਸੀ ਤੇ ਉਸ ਵੱਲੋਂ ਹੜ੍ਹ ਦੀ ਸਥਿਤੀ ਨਾਲ ਨਿਪਟਣ ਲਈ ਬਹੁਤ ਸਾਰੀ ਮਾਲੀ ਮਦਦ ਦੇ ਐਲਾਨ ਵੀ ਕੀਤੇ ਗਏ ਸਨ। ਹੜ੍ਹ ਬਾਰੇ ਗੱਲਾਂ ਕਰਦਿਆਂ ਅਸੀਂ ਡਰਾਈਵਰ ਨੂੰ ਪੁੱਛਿਆ ਕਿ ਕੇਂਦਰ ਵੱਲੋਂ ਤਾਂ ਕਾਫ਼ੀ ਮਦਦ ਆਈ ਸੀ, ਤੁਹਾਡੇ ਨੁਕਸਾਨ ਦੀ ਪੂਰਤੀ ਵੀ ਹੋ ਗਈ ਹੋਵੇਗੀ। ਉਸ ਨੇ ਬੜੇ ਵਿਅੰਗ ਨਾਲ ਕਿਹਾ ਕਿ ਅੱਠ ਸੌ ਦਾ ਚੈੱਕ ਮਿਲਿਆ ਸੀ।

ਪੰਜਤਾਲੀ ਸੌ ਤਾਂ ਮੇਰੇ ਘਰ ਵਿੱਚੋਂ ਗਾਰ ਕਢਵਾਉਣ 'ਤੇ ਹੀ ਖ਼ਰਚ ਆ ਗਏ। ਉਹ ਚੈੱਕ ਤਾਂ ਮੈਂ ਉਂਜ ਹੀ ਸਾਂਭਿਆ ਹੋਇਆ ਹੈ ਨਿਸ਼ਾਨੀ ਵਜੋਂ। ਰਸਤੇ ਵਿਚ ਇਕ ਪਿੰਡ ਕੋਲੋਂ ਲੰਘਦਿਆਂ ਡਰਾਈਵਰ ਨੇ ਇਕ ਵੱਡੇ ਕਸ਼ਮੀਰੀ ਖਾੜਕੂ ਦਾ ਨਾਂ ਲੈ ਕੇ ਦੱਸਿਆ ਕਿ ਅੱਜ ਉਸ ਦੀ ਬਰਸੀ ਹੈ। ਉਸ ਦਾ ਪਿੰਡ ਇੱਥੇ ਰਸਤੇ ਵਿਚ ਹੈ। ਜੇ ਕਿਸੇ ਨੇ ਰੋਕਿਆ ਤਾਂ ਰਸਤਾ ਬਦਲ ਲਵਾਂਗੇ। ਉਸ ਪਿੰਡ ਦੇ ਬਾਹਰਵਾਰ ਪੁਲ ਤੇ ਸਚਮੁਚ ਕੁਝ ਨੌਜੁਆਨ ਖੜ੍ਹੇ ਸਨ। ਉਨ੍ਹਾਂ ਨੂੰ ਵੇਖ ਕੇ ਡਰਾਈਵਰ ਕਹਿਣ ਲੱਗਾ 'ਜਵਾਨ ਮੁੰਡੇ ਹਨ, ਕੋਈ ਕਾਰੋਬਾਰ ਹੈ ਨਹੀਂ, ਘਰਾਂ ਵਿਚ ਖਾਣ ਨੂੰ ਨਹੀਂ। ਇਸ ਤਰ੍ਹਾਂ ਦੇ ਹਾਲ ਵਿਚ ਜੇ ਕੋਈ ਉਨ੍ਹਾਂ ਨੂੰ ਕਹੇ ਕਿ ਪੱਥਰ ਮਾਰੋਗੇ ਤਾਂ ਸ਼ਾਮ ਨੂੰ ਹਜ਼ਾਰ ਰੁਪਿਆ ਮਿਲੇਗਾ ਤਾਂ ਉਹ ਪੱਥਰ ਮਾਰਨ ਤੁਰ ਹੀ ਪੈਣਗੇ।

ਅਸੀਂ ਮੁੰਡਿਆਂ ਦੇ ਨੇੜਿਉਂ ਲੰਘ ਗਏ। ਕਿਸੇ ਨੇ ਕੁਝ ਨਾ ਕਿਹਾ। ਡੱਲ ਝੀਲ ਵਿਚ ਘੁੰਮਦਿਆਂ ਅਕਸਰ ਦੋ ਤਿੰਨ ਘੰਟੇ ਲੱਗ ਜਾਂਦੇ ਹਨ। ਸੋ ਸ਼ਿਕਾਰਿਆਂ (ਕਿਸ਼ਤੀਆਂ) ਵਾਲਿਆਂ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ ਹਨ। ਇਸ ਵਾਰ ਜਦ ਗੱਲਾਂ ਹੋਣ ਲੱਗੀਆਂ ਤਾਂ ਉਸ ਨੇ ਕਿਹਾ 'ਪਹਿਲੀ ਸਰਕਾਰ ਨੇ ਤੋਂ ਹਮੇਂ ਫੂਲ ਕੀ ਤਰਹ ਰੱਖਾ ਹੂਆ ਥਾ, ਅਬ ਤੋਂ ਪਤਾ ਨਹੀਂ ਕਿਆ ਹੋ। ਪਰ ਤੀਜੇ ਚੌਥੇ ਦਿਨ ਇਕ ਹੋਰ ਸ਼ਿਕਾਰੇ ਵਾਲੇ ਨਾਲ ਵਾਹ ਪਿਆ। ਉਹ ਬੜਾ ਉਤਸ਼ਾਹਿਤ ਸੀ।

ਕਹਿਣ ਲੱਗਾ ਕਿ ਨਵਾਂ ਪ੍ਰਧਾਨ ਮੰਤਰੀ ਤਾਂ ਸਾਡੇ ਵਾਸਤੇ ਜ਼ਰੂਰ ਕੁਝ ਕਰੇਗਾ, ਮੈਨੂੰ ਪੂਰੀ ਉਮੀਦ ਹੈ। ਮੈਂ ਸੋਚਦੀ ਰਹੀ ਕਿ ਹਰ ਥਾਂ 'ਤੇ ਆਮ ਲੋਕ ਇੱਕੋ ਜਿਹੇ ਹੁੰਦੇ, ਵੱਖ-ਵੱਖ ਤਰ੍ਹਾਂ ਦੇ ਬੰਦਿਆਂ ਨੂੰ ਪਸੰਦ ਕਰਨ ਵਾਲੇ ...ਪਰ, ਭੋਲੇ, ਮਾਸੂਮ ਤੇ ਹਰ ਲੀਡਰ ਦੇ ਕਥਨ ਨੂੰ ਸੱਚ ਮੰਨਦਿਆਂ ਉਸਦੇ ਸ਼ਬਦਾਂ ਨਾਲ ਆਪਣੀਆਂ ਉਮੀਦਾਂ ਜੋੜ ਲੈਣ ਵਾਲੇ। ਮੀਡੀਆ ਤੋਂ ਲੋਕ ਖ਼ਾਸ ਕਰ ਕੇ ਪਰੇਸ਼ਾਨ ਨਜ਼ਰ ਆ ਰਹੇ ਸਨ। ਖ਼ਾਸ ਕਰ ਕੇ ਦੁਕਾਨਦਾਰ। ਇਕ ਵਾਰ ਸਾਡੇ ਉੱਥੇ ਹੁੰਦਿਆਂ ਦਰਿਆ ਜਿਹਲਮ ਦੇ ਪਿਛਲੇ ਕੈਚਮੈਂਟ ਵਾਲੇ ਹਿੱਸੇ ਵਿਚ ਬਾਰਿਸ਼ ਹੋਣ ਕਾਰਨ ਦਰਿਆ ਵਿਚ ਪਾਣੀ ਦਾ ਪੱਧਰ ਕੁਝ ਉੱਚਾ ਹੋ ਗਿਆ। ਤੁਰੰਤ ਸਾਰੇ ਦੇਸ਼ ਵਿਚ ਮੀਡੀਆ ਵੱਲੋਂ ਟੈਲੀਵਿਜ਼ਨ ਤੇ ਜਿਹਲਮ ਵਿਚ ਹੜ੍ਹ ਦੀ ਖ਼ਬਰ ਪ੍ਰਸਾਰਿਤ ਹੋ ਗਈ। ਅਸੀਂ ਜਿੱਥੇ ਠਹਿਰਦੇ ਹਾਂ ਉੱਥੋਂ ਸ਼ਹਿਰ ਵੱਲ ਜਾਣ ਲਈ ਹਰ ਵਾਰ ਦਰਿਆ ਦੇ ਪੁਲ ਤੋਂ ਲੰਘਣਾ ਪੈਂਦਾ ਹੈ।

ਖ਼ਬਰਾਂ ਸੁਣ ਕੇ ਬੇਟੀ ਦਾ ਫ਼ੋਨ ਆ ਗਿਆ ਕਿ ਸ੍ਰੀਨਗਰ ਹੜ੍ਹ ਆ ਗਿਆ ਹੈ, ਵਾਪਸ ਆ ਜਾਓ। ਪਰ ਅਸਲੀਅਤ ਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਸੀ। ਉਸ ਦਿਨ ਨਿਸ਼ਾਤ ਬਾਗ਼ ਜਾ ਕੇ ਦੇਖਿਆ ਕਿ ਸਾਹਮਣੀ ਮਾਰਕੀਟ ਵਿਚ ਖਾਣ ਪੀਣ ਵਾਲੀਆਂ ਚੀਜ਼ਾਂ ਵਸਤਾਂ ਦੀਆਂ ਦੁਕਾਨਾਂ ਵਾਲੇ ਦੁਕਾਨਦਾਰ ਭਰੇ ਪੀਤੇ ਬੈਠੇ ਸਨ। ਉਹ ਗਾਹਕਾਂ ਦੀ ਉਡੀਕ ਵਿਚ ਰੋਜ਼ ਵਾਂਗ ਪਕੌੜਿਆਂ ਆਦਿ ਦੇ ਥਾਲ ਭਰੀ ਬੈਠੇ ਸਨ ਪਰ ਬਹੁਤ ਸਾਰੇ ਲੋਕ ਸ਼ਾਇਦ ਮੀਡੀਆ ਰਾਹੀਂ ਹੜ੍ਹ ਦੀ ਖ਼ਬਰ ਸੁਣ ਕੇ ਜਲਦੀ-ਜਲਦੀ ਵਾਪਸ ਚਲੇ ਗਏ ਸਨ। ਮਾਰਕੀਟ ਵਿਚ ਸਥਾਨਕ ਲੋਕਾਂ ਤੋਂ ਬਿਨਾਂ ਗਿਣਤੀ ਦੇ ਹੀ ਕੁਝ ਹੋਰ ਬੰਦੇ ਸਨ। ਪਿਛਲੇ ਸਾਲ ਇਕ ਨੌਜੁਆਨ ਟੈਕਸੀ ਡਰਾਈਵਰ ਨਾਲ ਵਾਸਤਾ ਪਿਆ।

ਉਹ ਰਸਤੇ ਵਿਚ ਲਗਾਤਾਰ ਵਿਵਸਥਾ ਖ਼ਿਲਾਫ਼ ਗ਼ੁੱਸੇ ਵਿਚ ਬੋਲਦਾ ਰਿਹਾ। ਉਹ ਕਹਿੰਦਾ ਰਿਹਾ ਕਿ ਇੱਥੇ ਕੋਈ ਕਾਰੋਬਾਰ ਨਹੀਂ ਕੋਈ ਕਾਰਖ਼ਾਨਾ ਨਹੀਂ, ਨੌਕਰੀਆਂ ਨਹੀਂ। ਜਿੰਨਾ ਕੁ ਹੁੰਦਾ ਹੈ ਅਸੀਂ ਟੈਕਸੀਆਂ ਆਟੋ ਚਲਾ ਕੇ ਆਪਣੇ ਨਿੱਕੇ ਮੋਟੇ ਕਾਰੋਬਾਰ ਨਾਲ ਗੁਜ਼ਾਰਾ ਕਰ ਰਹੇ ਹਾਂ ਪਰ ਫਿਰ ਵੀ ਗੁਜ਼ਾਰਾ ਕਿੱਥੇ ਹੁੰਦਾ ਹੈ। ਜੇ ਮੇਰੇ ਕੋਲ ਰੋਜ਼ ਏਨੇ ਕੁ ਪੈਸੇ

ਹੋਣ ਕਿ ਮੈਂ ਆਪਣੇ ਘਰ ਲੋੜ ਜੋਗਾ ਰਾਸ਼ਨ, ਕੋਈ ਫਲ, ਮਾਂ ਬਾਪ ਦੀ ਦੁਆਈ ਤੇ ਆਪਣੇ ਬੱਚੇ ਵਾਸਤੇ ਖਿਡੌਣਾ ਲੈ ਕੇ ਜਾ ਸਕਾਂ ਤਾਂ ਮੈਂ ਕੀ ਕਰਨੀ ਹੈ ਆਜ਼ਾਦੀ ਵਜ਼ਾਦੀ।

ਮੈਂ ਤੇ ਚਾਹੁੰਦਾ ਹਾਂ ਸ਼ਾਂਤੀ ਰਹੇ ਤੇ ਸਾਡੇ ਕੋਲ ਕੰਮਕਾਰ ਹੋਣ ਬਸ। ਇਹ ਸ਼ਬਦ ਇਸ ਇਕ ਲੜਕੇ ਦੇ ਨਹੀਂ ਸਨ, ਇਹ ਤਾਂ ਹਰੇਕ ਨੌਜੁਆਨ ਦੀ ਆਵਾਜ਼ ਹੈ ਤੇ ਅਜਿਹੀਆਂ ਮੁਢਲੀਆਂ ਲੋੜਾਂ ਤਾਂ ਹਰੇਕ ਨਾਗਰਿਕ ਦਾ ਹੱਕ ਵੀ ਹੈ। ਪਰ ਬਦਕਿਸਮਤੀ ਦਾ ਆਲਮ ਇਹ ਹੈ ਕਿ ਸਾਡੀਆਂ ਮੂਲ ਭੂਤ ਇੱਛਾਵਾਂ ਵੀ ਪਰੀ ਦੇਸ਼ ਦੇ ਸੁਪਨਿਆਂ ਨਾਲੋਂ ਵੀ ਦੂਰ ਦੀ ਕੋਈ ਵਸਤ ਬਣ ਗਈਆਂ ਹਨ।

ਬਹੁਤ ਸਾਰੇ ਨੌਜੁਆਨ ਕੁੜੀਆਂ ਤੇ ਮੁੰਡਿਆਂ ਦੇ ਟੋਲੇ ਸਕੂਲਾਂ ਕਾਲਜਾਂ ਨੂੰ ਜਾਂਦੇ ਨਜ਼ਰ ਆਉਂਦੇ ਹਨ। ਹਾਲਾਤ ਦਾ ਫ਼ਰਕ ਏਨਾ ਕੁ ਦਿਸਦਾ ਹੈ ਕਿ ਪੜ੍ਹਨ ਵਾਲੀਆਂ ਸਾਰੀਆਂ ਕੁੜੀਆਂ ਦੇ ਸਿਰ ਤੇ ਨਿੱਕੀਆਂ ਚੁੰਨੀਆਂ ਵਰਗੇ ਸਕਾਰਫ਼ ਮੂੰਹ ਦੁਆਲੇ ਤੇ ਸਿਰ 'ਤੇ ਲਪੇਟੇ ਹੁੰਦੇ ਹਨ। ਇਨ੍ਹੀਂ ਦਿਨੀਂ ਬਹੁਤ ਲੋਕ ਹਿੰਦੀ ਵਿਚ ਗੱਲ ਕੀਤਿਆਂ ਸਮਝ ਜਾਂਦੇ ਹਨ ਤੇ ਵਿਸਥਾਰ ਨਾਲ ਜੁਆਬ ਵੀ ਦੇਂਦੇ ਹਨ। ਸ਼ਾਲਾ ਆਮ ਲੋਕਾਂ ਦੀਆਂ ਆਸਾਂ ਨੂੰ ਬੂਰ ਪਵੇ!

ਅਰਤਿੰਦਰ ਸੰਧੂ

98153-02081

Posted By: Harjinder Sodhi