ਰੁਟੀਨ ਦੇ ਕੰਮਾਂ ਤੇ ਭੱਜ-ਨੱਸ ਤੋਂ ਜਦ ਥੋੜ੍ਹੀ ਵਿਹਲ ਮਿਲੇ ਤਾਂ ਦਿਲ ਕਰਦਾ ਕਿ ਤਰੋ-ਤਾਜ਼ਾ ਹੋਣ ਲਈ ਕਿੱਧਰੇ ਘੁੰਮਣ-ਫਿਰਨ ਜਾਇਆ ਜਾਵੇ। ਜਦੋਂ ਵੀ ਅਜਿਹੇ ਮੌਕੇ ਮਿਲਦੇ ਹਨ ਤਾਂ ਅਸੀਂ ਪਹਾੜਾਂ ਵੱਲ ਰੁਖ਼ ਕਰਦੇ ਹਾਂ ਜਾਂ ਫਿਰ ਕੋਈ ਹੋਰ ਦੂਰ ਦੁਰੇਡੀਆਂ ਥਾਵਾਂ ’ਤੇ ਜਾਣਾ ਚਾਹੁੰਦੇ ਹਾਂ। ਸਿਆਣਿਆਂ ਨੇ ਸਹੀ ਆਖਿਆ ਹੈ ‘ਦੀਵੇ ਥੱਲੇ ਹਨੇਰਾ’ ਹੁੰਦਾ ਹੈ। ਸਾਡੇ ਆਪਣੇ ਪ੍ਰਾਂਤ ਦੇ ਸ਼ਹਿਰਾਂ, ਕਸਬਿਆਂ ਵਿਚ ਬਥੇਰੀਆਂ ਵੇਖਣਯੋਗ ਥਾਵਾਂ ਅਣਗੌਲੀਆਂ ਪਈਆਂ ਨੇ ਜਿਨ੍ਹਾਂ ਵੱਲ ਕਦੇ ਸਾਡਾ ਧਿਆਨ ਹੀ ਨਹੀਂ ਜਾਂਦਾ।

ਜਦ ਕੁਦਰਤ ਕਿਸੇ ਥਾਂ ’ਤੇ ਸੁੰਦਰਤਾ ਦਾ, ਸੁਹੱਪਣ ਦਾ ਛੱਟਾ ਦੇ ਦੇਵੇ ਜਾਂ ਮਨੁੱਖ ਆਪਣੀ ਸੂਝ-ਸਿਆਣਪ ਤੇ ਕਲਾ-ਕੁਸ਼ਲਤਾ ਨਾਲ ਇਮਾਰਤਸਾਜ਼ੀ ਦੇ ਸੁਹਣੇ ਨਮੂਨੇ ਸਿਰਜ ਦੇਵੇ ਜਾਂ ਕੋਈ ਥਾਂ ਕਿਸੇ ਇਤਿਹਾਸਕ, ਧਾਰਮਿਕ ਜਾਂ ਸੱਭਿਆਚਾਰਕ ਪੱਖੋਂ ਮਹੱਤਵਪੂਰਨ ਹੋ ਨਿਬੜੇ ਤਾਂ ਉਹ ਸ਼ਹਿਰ ਤੇ ਥਾਵਾਂ ਵੇਖਣਯੋਗ ਬਣ ਜਾਂਦੇ ਹਨ।

ਘੁੰਮਣ ਫਿਰਨ ਦੇ ਮੌਕੇ ਤਾਂ ਮੈਨੂੰ ਅਨੇਕ ਮਿਲੇ ਨੇ। ਆਸਟ੍ਰੇਲੀਆ, ਲੰਦਨ, ਸਪੇਨ, ਹਿਮਾਚਲ ਦੇ ਪ੍ਰਮੁੱਖ ਸ਼ਹਿਰ, ਕਸ਼ਮੀਰ, ਡੇਹਰਾਦੂਨ, ਮਸੂਰੀ, ਬੰਗਲੌਰ, ਮੈਸੂਰ ਤੇ ਪਤਾ ਨਹੀਂ ਹੋਰ ਕਿਹੜੀਆਂ-ਕਿਹੜੀਆਂ ਥਾਵਾਂ ਗਾਹ ਮਾਰੀਆਂ। ਪਰ ਮੈਨੂੰ ਆਪਣੇ ਆਪ ’ਤੇ ਗੁੱਸਾ ਵੀ ਆ ਰਿਹਾ ਸੀ ਕਿ 1973 ਤੋਂ ਜਲੰਧਰ ਸ਼ਹਿਰ ’ਚ ਰਹਿ ਰਹੇ ਹਾਂ ਅਤੇ ਅਜੇ ਤਕ 20-21 ਕਿਲੋਮੀਟਰ ’ਤੇ ਸਥਿਤ ਕਪੂਰਥਲਾ ਵੀ ਚੱਜ ਨਾਲ ਘੁੰਮ ਫਿਰ ਕੇ ਨਹੀਂ ਤੱਕਿਆ। ਕਰੋਨਾ ਦਾ ਡਰ ਤਾਂ ਸੀ ਹੀ ਪਰ ਫਿਰ ਵੀ ਪੂਰੀ ਇਹਤਿਆਤ ਵਰਤ ਕੇ ਪਿਛਲੇ ਹਫ਼ਤੇ ਏਸ ਮੁਹਿੰਮ ’ਤੇ ਨਿਕਲ ਤੁਰੇ।

ਕਪੂਰਥਲਾ ਪੰਜਾਬ ਦੇ ਬਿਸਤ ਦੁਆਬ ਇਲਾਕੇ (ਸਤਲੁਜ ਤੇ ਬਿਆਸ ਦਰਿਆ ਦੇ ਵਿਚਕਾਰ) ਦਾ ਇਕ ਛੋਟੇ ਆਕਾਰ ਦਾ, ਪਰ ਪ੍ਰਸਿੱਧ ਰਿਆਸਤੀ ਸ਼ਹਿਰ ਹੈ। 11ਵੀਂ ਸਦੀ ਵਿਚ ਮਹਿਮੂਦ ਗਜ਼ਨਵੀ ਦੇ ਸਮੇਂ ਰਾਣਾ ਕਪੂਰ ਵੱਲੋਂ ਵਸਾਇਆ ਦੱਸਿਆ ਜਾਂਦਾ ਹੈ। ਰਾਣਾ ਕਪੂਰ ਦਾ ਸਬੰਧ ਜੈਸਲਮੇਰ ਦੇ ਸ਼ਾਹੀ ਘਰਾਣੇ ਨਾਲ ਸੀ ਅਤੇ ਆਹਲੂਵਾਲੀਆ ਪਰਿਵਾਰ ਨਾਲ ਤੰਦਾਂ ਜੁੜੀਆਂ ਹੋਈਆਂ ਸਨ। ਨਵਾਬ ਅਦੀਨ ਬੇਰਾ, ਜਿਹੜਾ ਜਲੰਧਰ ਦੁਆਬ ਦਾ ਗਵਰਨਰ ਸੀ, ਦੀ ਮੌਤ ਤੋਂ ਬਾਅਦ ਰਾਇ ਇਬਰਾਹੀਮ ਖ਼ਾਨ ਇਸਦਾ ਖ਼ੁਦਮੁਖਤਾਰ ਮਾਲਕ ਬਣ ਬੈਠਾ। 1780 ਈਸਵੀ ਵਿਚ ਆਹਲੂਵਾਲੀਆ ਮਿਸਲ ਦੇ ਬਾਨੀ ਨਵਾਬ ਜੱਸਾ ਸਿੰਘ ਆਹਲੂਵਾਲੀਆ ਨੇ ਕਪੂਰਥਲਾ ਨੂੰ ਜਿੱਤ ਲਿਆ ਅਤੇ ਆਪਣੀ ਰਿਆਸਤ ਦੀ ਰਾਜਧਾਨੀ ਬਣਾ ਲਿਆ। ਆਹਲੂਵਾਲੀਆ ਖ਼ਾਨਦਾਨ ਦੀਆਂ ਜੜ੍ਹਾਂ ਲਾਹੌਰ ਨੇੜੇ ਦੇ ਇਕ ਪਿੰਡ ਆਹਲੂ (ਹੁਣ ਪਾਕਿਸਤਾਨ ’ਚ) ਨਾਲ ਜੁੜੀਆਂ ਦੱਸੀਆਂ ਜਾਂਦੀਆਂ ਹਨ। 1783 ਵਿਚ ਜੱਸਾ ਸਿੰਘ ਦੇ ਦੇਹਾਂਤ ਤੋਂ ਬਾਅਦ ਫ਼ਤਹਿ ਸਿੰਘ ਆਹਲੂਵਾਲੀਆ ਨੇ ਫਗਵਾੜਾ ਅਤੇ ਬੰਗਾ ਨੂੰ ਵੀ ਆਪਣੀ ਸਲਤਨਤ ’ਚ ਸ਼ਾਮਲ ਕਰ ਲਿਆ। ਇਸ ਵੰਸ਼ ਦਾ ਆਖ਼ਰੀ ਰਾਜਾ ਜਗਤਜੀਤ ਸਿੰਘ ਸੀ। ਮਹਾਰਾਜਾ ਜਗਤਜੀਤ ਸਿੰਘ ਪੜ੍ਹੇ ਲਿਖੇ, ਬਹੁਤ ਸਾਰੀਆਂ ਭਾਸ਼ਾਵਾਂ ਦੇ ਗਿਆਤਾ, ਦੂਰ-ਦਿ੍ਰਸ਼ਟੀ ਵਾਲੇ ਕਲਾ ਪ੍ਰੇਮੀ ਸਨ। ਕਪੂਰਥਲਾ ਸ਼ਹਿਰ ਦੀਆਂ ਬਹੁਤੀਆਂ ਵਿਰਾਸਤੀ ਇਮਾਰਤਾਂ ਇਨ੍ਹਾਂ ਦੇ ਸਮੇਂ ਦੀ ਦੇਣ ਹਨ। ਗੰਦੇ ਪਾਣੀ ਦੇ ਨਿਕਾਸ ਦੇ ਆਧੁਨਿਕ ਢੰਗ ਤਰੀਕੇ, 1901 ਵਿਚ ਟੈਲੀਫੋਨ ਸੇਵਾਵਾਂ ਦਾ ਆਰੰਭ, 1918 ਵਿਚ ਮੁਫ਼ਤ ਪ੍ਰਾਇਮਰੀ ਸਿੱਖਿਆ, 1920 ’ਚ ਖੇਤੀਬਾੜੀ ’ਚ ਕੋ-ਆਪਰੇਟਿਵ ਸੁਸਾਇਟੀਆਂ ਖੜ੍ਹੀਆਂ ਕਰਨੀਆਂ 1940 ਵਿਚ ਜਗਤਜੀਤ ਕੌਟਨ ਮਿੱਲਜ਼, ਹਮੀਰਾ ਮਿੱਲਜ਼, ਸਟਾਰਚ ਮਿੱਲਜ਼ ਖੜ੍ਹੀਆਂ ਕਰਨੀਆਂ ਉਨ੍ਹਾਂ ਦੀ ਦੂਰ-ਦਿ੍ਰਸ਼ਟੀ ਦਾ ਹੀ ਸਿੱਟਾ ਹਨ। ਕਪੂਰਥਲਾ ਪੰਜਾਬ ਦਾ ਇੱਕੋ-ਇਕ ਵਿਲੱਖਣ ਜ਼ਿਲ੍ਹਾ ਹੈ ਜਿਹੜਾ ਦੋ ਹਿੱਸਿਆਂ ’ਚ ਵੰਡਿਆ ਹੋਇਆ ਹੈ। ਇਕ ਸੁਲਤਾਨਪੁਰ ਲੋਧੀ ਦਾ ਇਲਾਕਾ ਅਤੇ ਦੂਸਰਾ ਫਗਵਾੜਾ-ਨਡਾਲਾ ਦਾ। ਇਸ ਜ਼ਿਲ੍ਹੇ ਦਾ ਬਹੁਤਾ ਇਲਾਕਾ ਬਿਆਸ ਦਰਿਆ ਅਤੇ ਕਾਲੀ ਵੇੲੀਂ ਦੇ ਵਿਚਕਾਰ ਪੈਂਦਾ ਹੈ ਜਿਸਨੂੰ ‘ਬੇਟ ਦਾ ਇਲਾਕਾ’ ਕਿਹਾ ਜਾਂਦਾ ਹੈ।

ਜਲੰਧਰੋਂ ਕਪੂਰਥਲਾ ਆਉਂਦਿਆਂ ਸੜਕ ਦੇ ਦੋਹੀਂ ਪਾਸੀਂ ਟਾਹਲੀ, ਕਿੱਕਰ, ਨਿੰਮ ਅਤੇ ਸਫ਼ੈਦੇ ਦੇ ਰੁੱਖ ਲੱਗੇ ਹੋਏ ਹਨ। ਕਪੂਰਥਲਾ ਸ਼ਹਿਰ ਵਿਚ ਸੜਕਾਂ ਦੇ ਨਾਲ-ਨਾਲ ਬਹੁਤ ਸਾਰੀਆਂ ਥਾਵਾਂ ’ਤੇ ਬਾਗ਼ ਹਨ। ਸ਼ਾਇਦ ਏਸੇ ਕਰਕੇ ਇਸਨੂੰ ‘ਬਾਗ਼ਾਂ ਤੇ ਵਿਰਾਸਤੀ ਮਹੱਲਾਂ ਦਾ ਸ਼ਹਿਰ’ ਵੀ ਆਖਦੇ ਹਨ। ਮਜ਼ੇ ਦੀ ਗੱਲ ਹੈ ਕਿ ਜਦੋਂ ਅਸੀਂ ਡੀ.ਸੀ. ਦਫ਼ਤਰ ਵੱਲ ਜਾ ਰਹੇ ਸਾਂ ਤਾਂ ਮੇਰੀ ਨਜ਼ਰ ਸੜਕ ਕੰਢੇ ਪਈਆਂ ਤਾਜ਼ੇ ਟੁੱਟੇ ਸੇਊ ਬੇਰਾਂ ਦੀਆਂ ਟੋਕਰੀਆਂ ’ਤੇ ਜਾ ਪਈ। ਸੜਕ ਦੇ ਨਾਲ-ਨਾਲ ਬੇਰੀਆਂ ਅਤੇ ਅੰਬਾਂ ਦੇ ਬਾਗ਼ ਸਨ। ਕਪੂਰਥਲਾ ਦਾ ਡੀ.ਸੀ. ਦਫ਼ਤਰ ਕਾਫ਼ੀ ਵਿਸ਼ਾਲ ਇਮਾਰਤ ’ਚ ਹੈ। ਜਦ ਪਹੁੰਚੇ ਤਾਂ ਕੋਈ ਮੀਟਿੰਗ ਚੱਲ ਰਹੀ ਸੀ। ਥੋੜ੍ਹੀ ਦੇਰ ਬਾਅਦ ਡੀ.ਸੀ. ਮੈਡਮ ਦੀਪਤੀ ਉੱਪਲ ਹੁਰਾਂ ਨੂੰ ਮਿਲੇ ਤਾਂ ਉਨ੍ਹਾਂ ਨੇ ਸ਼ਹਿਰ ਦੀਆਂ ਵਿਰਾਸਤੀ ਇਮਾਰਤਾਂ ਜਗਤਜੀਤ ਮਹੱਲ, ਦਰਬਾਰ ਹਾਲ, ਮਾਹੀਜੀਤ ਮਹੱਲ, ਸਟੇਟ ਗੁਰਦੁਆਰਾ, ਸ਼ਾਹੀ ਮਸਜਿਦ, ਪੰਚ ਮੰਦਰ, ਸਟੇਟ ਗੁਰਦੁਆਰਾ, ਸਿਟੀ ਹਾਲ ਘੰਟਾ ਘਰ, ਸ਼ਾਲੀਮਾਰ ਗਾਰਡਨਜ਼, ਕਾਮਰਾ ਗਾਰਡਨਜ਼, ਰੇਲ ਕੋਚ ਫੈਕਟਰੀ, ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਆਦਿ ਥਾਵਾਂ ਦੇਖਣ ਦੀ ਸਲਾਹ ਦਿੱਤੀ। ਸੂਰਤ ਅਤੇ ਸੀਰਤ ਦੇ ਸੋਹਣੇ ਮੈਡਮ ਉੱਪਲ ਦੀ ਗੱਲਬਾਤ ਬੜੀ ਸੁਲਝੀ ਅਤੇ ਸੰਖੇਪ ਸੀ। ਕਾਂਜਲੀ ਦਾ ਉਨ੍ਹਾਂ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਜਿੱਥੇ ਵਿਕਾਸ ਕਾਰਜ ਜ਼ੋਰਾਂ ਸ਼ੋਰਾਂ ’ਤੇ ਚੱਲ ਰਹੇ ਹਨ। ਨਾਲ ਹੀ ਉਨ੍ਹਾਂ ਪੀ.ਟੀ.ਯੂ. ’ਚ ਅੰਬੇਦਕਰ ਚੇਅਰ ਸਥਾਪਤ ਕਰਨ ਦੀ ਯੋਜਨਾ ਬਾਰੇ ਦੱਸਿਆ।

ਕਾਂਜਲੀ ਝੀਲ

ਅਸੀਂ ਡੀ.ਸੀ ਦਫ਼ਤਰ ਤੋਂ ਸਿੱਧਾ ਕਾਂਜਲੀ ਜਾ ਪਹੁੰਚੇ। ਬਸ ਉਥੋਂ 2 ਕਿਲੋਮੀਟਰ ਹੀ ਦੂਰ ਸੀ ਕਾਂਜਲੀ। ਸ਼ਹਿਰੋਂ ਥੋੜ੍ਹੀ ਹੀ ਦੂਰੀ ’ਤੇ ਹਰਿਆਵਲ ਹੀ ਹਰਿਆਵਲ। ਵੱਡੇ-ਵੱਡੇ ਛਾਂ ਦਾਰ ਦਰੱਖ਼ਤ ਉੱਗੇ ਹੋਏ ਸਨ। ਦਰੱਖ਼ਤਾਂ ਦੇ ਐਨ ਵਿਚਕਾਰ ਕਾਂਜਲੀ ਲੇਕ ਸਥਿਤ ਹੈ। ਬਹੁਤ ਹੀ ਸ਼ਾਂਤ ਜਗ੍ਹਾ, ਰੌਲੇ ਰੱਪੇ ਤੋਂ ਹਟਵੀਂ। ਸੁੰਦਰਤਾ ਅਤੇ ਸਕੂਲ ਦਾ ਖ਼ਜ਼ਾਨਾ। ਅੱਜ ਕੱਲ੍ਹ ਝੀਲ ’ਚ ਦੂਰ-ਦੂਰ ਤਕ ਸਿਰਫ਼ ਪਾਣੀ-ਬੂਟੀ ਹੀ ਨਜ਼ਰ ਆਉਂਦੀ ਹੈ ਕਿਉਂਕਿ ਵਿਕਾਸ ਕਾਰਜ ਚੱਲਦੇ ਹੋਣ ਕਰਕੇ ਵੇਈਂ ਦੇ ਹੈੱਡਵਰਕਸ ਦਾ ਪਾਣੀ ਬੰਦ ਸੀ। ਝੀਲ ਦੇ ਆਸ-ਪਾਸ ਸੋਹਣੇ ਪੇਂਟ ਕੀਤੇ ਬੈਂਚ ਲੱਗੇ ਹੋਏ ਸਨ। ਝੀਲ ਦੇ ਦੋਵੇਂ ਕੰਢੇ ਪੱਕੇ ਕੀਤੇ ਹੋਏ ਸਨ ਤੇ ਕੰਢਿਆਂ ’ਤੇ ਰੇਲਿੰਗ ਦਾ ਕੰਮ ਚੱਲ ਰਿਹਾ ਸੀ। ਇਕ ਵੱਡਾ ਸਾਰਾ ਪਾਰਕ ਸੀ ਤੇ ਨਾਲ ਹੀ ਇਕ ਛੋਟਾ ਪਾਰਕ ਜਿਸ ’ਚ ਬੱਚਿਆਂ ਦੇ ਝੂਲੇ ਵਗੈਰਾ ਲੱਗੇ ਹੋਏ ਸਨ। ਐਂਟਰੀ ਗੇਟ ਕਾਫ਼ੀ ਸੋਹਣਾ ਅਤੇ ਕਲਾਤਮਕ ਰੰਗਤ ਵਾਲਾ ਸੀ।

ਕਾਂਜਲੀ ਦਾ ਕੌਮਾਂਤਰੀ ਪੱਧਰ ’ਤੇ ਵੀ ਨਾਂ ਥਾਂ ਹੈ ਕਿਉਂਕਿ ਇਹ ਇਕ ਅਜਿਹੀ ਵੈਟਲੈਂਡ ਹੈ ਜਿੱਥੇ ਪੰਛੀਆਂ, ਪਸ਼ੂਆਂ, ਪੌਦਿਆਂ ਅਤੇ ਕੁਝ ਵਿਸ਼ੇਸ਼ ਜੜ੍ਹੀ ਬੂਟੀਆਂ ਦੀਆਂ ਦੁਰਲੱਭ ਕਿਸਮਾਂ ਮੌਜੂਦ ਹਨ। 1970 ਈਸਵੀ ’ਚ ਬਣੀ ਇਸ ਕਾਂਜਲੀ ਝੀਲ ’ਚ ਕਦੇ ਬੋਟਿੰਗ ਹੋਇਆ ਕਰਦੀ ਸੀ। ਇਕ ਪਾਸੇ ਬੋਰਡ ਲੱਗਾ ਹੋਇਆ ਸੀ ‘ਪਲਾਸਟਿਕ ਮੁਕਤ ਇਲਾਕਾ’। ਪਰ ਜਦ ਅਸੀਂ ਵਾਪਸ ਮੁੜੇ ਤਾਂ ਕੀ ਦੇਖਦੇ ਹਾਂ ਕਿ ਮਿੰਟਾਂ ’ਚ ਦੋ ਕੁ ਸਕੂਟਰ ਤੇ ਇਕ ਕਾਰ ਆਈ ਅਤੇ ਇਕ ਪਲਾਸਟਿਕ ਦਾ ਲਿਫ਼ਾਫ਼ਾ ਜਿਸ ’ਚ ਪਤਾ ਨਹੀਂ ਕੀ ਸੀ ਝੀਲ ’ਚ ਸੁੱਟਕੇ ਔਹ ਗਏ। ਸਰਕਾਰਾਂ ਕੀ ਕਰਨਗੀਆਂ ਜੇ ਸਾਡੀ ਸੋਚ ਨਾ ਸੁਧਰੀ। ਅੰਧਵਿਸ਼ਵਾਸ ਸਾਡੇ ਲੋਕਾਂ ਦਾ ਪਿੱਛਾ ਹੀ ਨਹੀਂ ਛੱਡਦੇ। ਸਭ ਨਦੀਆਂ, ਝੀਲਾਂ ਤੇ ਦਰਿਆ ਗੰਧਲੇ ਕਰ ਦਿੱਤੇ ਹਨ ਲੋਕਾਂ ਦੀ ਵਹਿਮਾਂ-ਭਰਮਾਂ ਮਾਰੀ ਸੋਚ ਨੇ।

ਜਗਤਜੀਤ ਕਲੱਬ

ਜਗਤਜੀਤ ਕਲੱਬ ਇਕ ਹੋਰ ਵੇਖਣਯੋਗ ਇਮਾਰਤ ਹੈ ਜਿਸਦੀ ਭਵਨ ਕਲਾ ਏਥਨਜ਼ ਦੀਆਂ ਇਮਾਰਤਾਂ ਤੋਂ ਪ੍ਰਭਾਵਿਤ ਹੈ। ਕੈਪਟਨ ਝਗੜ ਸਿੰਘ ਵਾਰ ਮੈਮੋਰੀਅਲ ਦੇ ਸਾਹਮਣੇ ਤਾਂਬੇ ਦਾ ਆਦਮ-ਕੱਦ ਬੁੱਤ ਹੈ ਜਿਹੜਾ ਪੈਰਿਸ ’ਚ ਬਣਿਆ ਦੱਸਿਆ ਜਾਂਦਾ ਹੈ। ਇਹ ਮੈਮੋਰੀਅਲ ਆਹਲੂਵਾਲੀਆ ਰਿਆਸਤ ਦੇ ਬਹਾਦਰੀ ਭਰੇ ਕਾਰਨਾਮਿਆਂ ਦਾ ਪ੍ਰਤੀਕ ਹੈ। ਕਾਮਰਾ ਗਾਰਡਨਜ਼, ਸਿਟੀ ਹਾਲ ਘੰਟਾ ਘਰ, ਨਵਾਬ ਜੱਸਾ ਸਿੰਘ ਰਣਧੀਰ ਕਾਲਜ ਸ਼ਾਹੀ ਵਿਸ਼ਰਾਮਘਰ (ਹੁਣ ਸਰਕਟ ਹਾਊਸ) ਇਮਾਰਤਸਾਜ਼ੀ ਦੇ ਵਧੀਆ ਨਮੂਨੇ ਹਨ ਪਰ ਮਨ ’ਚ ਕਿਤੇ ਨਾ ਕਿਤੇ ਅਫਸੋਸ ਜ਼ਰੂਰ ਹੁੰਦਾ ਹੈ ਕਿ ਜੇ ਕਿਤੇ ਇਨ੍ਹਾਂ ਸਭ ਦੀ ਵਧੀਆ ਸਾਂਭ-ਸੰਭਾਲ ਕੀਤੀ ਹੁੰਦੀ ਤਾਂ ਗੱਲ ਕੁਝ ਹੋਰ ਹੁੰਦੀ। ਇਮਾਰਤਾਂ, ਮਹੱਲ ਬਣਾਉਣ ਵਾਲਿਆਂ ਨੇ ਤਾਂ ਬਣਾ ਦਿੱਤੇ ਪਰ ਇਸ ਵਿਰਾਸਤ ਦੀ ਸਾਂਭ-ਸੰਭਾਲ ’ਚ ਹੋਈ ਢਿੱਲ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਇਸ ਵਿਰਾਸਤੀ ਖ਼ਜ਼ਾਨੇ ਦੀ ਸੁੰਦਰਤਾ ਤੋਂ ਵਾਂਝੀਆਂ ਰਹਿ ਜਾਣਗੀਆਂ। ਇਨ੍ਹਾਂ ਤੋਂ ਇਲਾਵਾ ਗੋਲ ਕੋਠੀ, ਬੱਘੀ ਖਾਨਾ, ਭੂਤ ਬੰਗਲਾ ਵਰਗੀਆਂ ਇਮਾਰਤਾਂ ਬਿਲਕੁਲ ਹੀ ਅਣਗੌਲੀਆਂ ਪਈਆਂ ਹਨ। ਸਾਂਭ ਸੰਭਾਲ ਕਰਨਾ ਤਾਂ ਕੋਈ ਅੰਗਰੇਜ਼ਾਂ ਤੋਂ ਸਿੱਖੇ। ਉਨ੍ਹਾਂ ਦੀਆਂ ਕਈ ਸਦੀਆਂ ਪੁਰਾਣੀਆਂ ਇਮਾਰਤਾਂ ਅੱਜ ਵੀ ਨਵੀਆਂ ਨਕੋਰ ਲੱਗਦੀਆਂ ਹਨ। ਉਨ੍ਹਾਂ ਨੇ ਤਾਂ ਖੰਡਰ ਵੀ ਜਿਉਂ ਦੇ ਤਿਉਂ ਸੰਭਾਲੇ ਹੋਏ ਨੇ। ਭਵਨ ਕਲਾ ਦੇ ਪਾਰਖੂਆਂ ਅਤੇ ਇਤਿਹਾਸ ਦੇ ਖੋਜੀਆਂ ਲਈ ਇਹ ਵਿਰਾਸਤਾਂ ਵਿਸ਼ੇਸ਼ ਮਾਅਨੇ ਰੱਖਦੀਆਂ ਹਨ।

ਅਸੀਂ ਪੰਜਾਬੀ ਖਾਣ-ਪੀਣ, ਪਹਿਨਣ ਪਹਿਰਾਵੇ ਤੇ ਬਹੁਤ ਖ਼ਰਚੇ ਕਰਦੇ ਹਾਂ। ਆਦਤਾਂ ਥੋੜ੍ਹੀਆਂ-ਥੋੜ੍ਹੀਆਂ ਬਦਲਣੀਆਂ ਚਾਹੀਦੀਆਂ ਹਨ। ਘੁੰਮ ਫ਼ਿਰਕੇ ਆਪਣੇ ਆਲੇ-ਦੁਆਲੇ ਦੇ ਸ਼ਹਿਰ ਵੇਖੀਏ ਗਿਆਨ, ਖ਼ੁਸ਼ੀ, ਸੁੰਦਰਤਾ ਸਾਡੇ ਆਲੇ-ਦੁਆਲੇ ਖਿਲਰੇ ਪਏ ਹਨ। ਬੱਸ ਇਕੱਠਾ ਕਰਨ ਦੀ ਇੱਛਾ ਹੋਣੀ ਲਾਜ਼ਮੀ ਹੈ।

ਨਵਾਬ ਜੱਸਾ ਸਿੰਘ ਆਹਲੂਵਾਲੀਆ

ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਆਹਲੂਵਾਲੀਆ ਮਿਸਲ ਦੇ ਬਾਨੀ ਸੰਸਥਾਪਕ ਸਨ। ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਰਾਜੇ ਵਜੋਂ ਚੜ੍ਹਤ ਤੋਂ ਪਹਿਲਾਂ ਜੱਸਾ ਸਿੰਘ ਆਹਲੂਵਾਲੀਆ ਦਾ ਸਿੱਖ ਕੌਮ ਵਿਚ ਵਿਸ਼ੇਸ਼ ਦਬਦਬਾ ਸੀ। ਉਨ੍ਹਾਂ ਨੂੰ ਸੁਲਤਾਨ-ਉਲ-ਕੌਮ ਜਾਂ ਨਵਾਬ ਦੇ ਖਿਤਾਬ ਨਾਲ ਜਾਣਿਆ ਜਾਂਦਾ ਸੀ। ਕਪੂਰਥਲਾ 1780 ਵਿਚ ਉਨ੍ਹਾਂ ਦੀ ਰਿਆਸਤ ਦੀ ਰਾਜਧਾਨੀ ਸੀ। ਉਨ੍ਹਾਂ ਨੂੰ ਮਾਤਾ ਸੁੰਦਰੀ ਜੀ ਦਾ ਅਸ਼ੀਰਵਾਦ ਵੀ ਪ੍ਰਾਪਤ ਸੀ। ਮਾਰਚ 1761 ਵਿਚ 2200 ਹਿੰਦੂ ਲੜਕੀਆਂ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਕਬਜ਼ੇ ਵਿੱਚੋਂ ਆਜ਼ਾਦ ਕਰਾਉਣ ਕਾਰਨ ਉਹ ‘ਬੰਦੀ ਛੋੜ’ ਨਾਂ ਨਾਲ ਪ੍ਰਸਿੱਧ ਹੋ ਗਏ। ਵੱਡੇ ਘੱਲੂਘਾਰੇ ਤੋਂ ਬਾਅਦ ਉਨ੍ਹਾਂ 1764 ਵਿਚ ਸਰਹਿੰਦ ’ਤੇ ਜਿੱਤ ਪ੍ਰਾਪਤ ਕੀਤੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਫ਼ਤਹਿ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਮਾਤਾ ਸੁੰਦਰੀ ਜੀ ਦੀ ਸ਼ਹੀਦੀ ਦਾ ਬਦਲਾ ਲਿਆ ਅਤੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੀ ਸਥਾਪਨਾ ਕੀਤੀ। ਉਨ੍ਹਾਂ ਨੂੰ ਸਿੱਖ ਪ੍ਰੰਪਰਾਵਾਂ ਦਾ ਰੱਖਿਅਕ ਮੰਨਿਆ ਜਾਂਦਾ ਹੈ। ਉਹ ਇਕ ਮਹਾਨ ਰਬਾਬ ਵਾਦਕ ਅਤੇ ਕੀਰਤਨੀਏ ਵੀ ਸਨ। ਜੱਸਾ ਸਿੰਘ ਆਹਲੂਵਾਲੀਆ ਨੇ ਅਬਦਾਲੀ ਦੇ ਹਮਲੇ ਸਮੇਂ ਹਰਿਮੰਦਰ ਸਾਹਿਬ ਦੇ ਨੁਕਸਾਨੇ ਗਏ ਦਰਵਾਜ਼ਿਆਂ ਦੀ ਮੁਰੰਮਤ ਕਰਵਾਈ। ਸੇਵਾ ਲਈ ਨਿਮਾਣੇ ਸਿੱਖ ਵਾਂਗ ‘ਚਾਦਰ ਵਿਛਾ ਕੇ’ ਸੇਵਾ ਇਕੱਠੀ ਕੀਤੀ। ਆਪਣੇ ਵੱਲੋਂ ਵੀ 9 ਲੱਖ ਦੀ ਸੇਵਾ ਪਾ ਕੇ ਪੁੰਨ ਖੱਟਿਆ। 3 ਮਈ 1718 ਨੂੰ ਜਨਮੇ ਧਰਮ-ਨਿਰਪੱਖ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਜੀਵਨ-ਲੀਲ੍ਹਾ 20 ਅਕਤੂਬਰ 1783 ਨੂੰ ਸਮਾਪਤ ਹੋ ਗਈ। ਪੰਥ ਲਈ ਨਿਸ਼ਕਾਮ ਸੇਵਾ ਕਾਰਨ ਉਨ੍ਹਾਂ ਦਾ ਸੰਸਕਾਰ ਗੁਰਦੁਆਰਾ ਅਟੱਲ ਸਾਹਿਬ ਦੇ ਪਵਿੱਤਰ ਵਿਹੜੇ ਵਿਚ ਕੀਤਾ ਗਿਆ ਜਿੱਥੇ ਉਨ੍ਹਾਂ ਦੀ ਸਮਾਧ ਅੱਜ ਵੀ ਮੌਜੂਦ ਹੈ।

ਮੌਰਿਸ਼ ਮਸਜਿਦ

ਮਹਾਰਾਜਾ ਜਗਤਜੀਤ ਸਿੰਘ ਨਿਰਪੱਖ ਸੋਚ ਵਾਲੇ ਵਿਅਕਤੀ ਸਨ ਉਨ੍ਹਾਂ ਨੇ ਸ਼ਹਿਰ ਵਿਚ ਮੌਰਿਸ਼ ਮਸਜਿਦ, ਸਟੇਟ ਗੁਰਦੁਆਰਾ ਅਤੇ ਪੰਚ ਮੰਦਰ ਆਦਿ ਬਣਵਾਏ। ਦੱਖਣ-ਪੂਰਬੀ ਏਸ਼ੀਆ ਦੀਆਂ ਮਸਜਿਦਾਂ ਵਿਚ ਮੌਰਿਸ਼ ਮਸਜਿਦ ਦਾ ਇਕ ਵਿਸ਼ੇਸ਼ ਸਥਾਨ ਹੈ। ਇਸ ਦੇ ਦਰਵਾਜ਼ੇ ਤੇ ਮੀਨਾਰ ’ਤੇ ਕੀਤੀ ਕਾਰੀਗਰੀ ਕਮਾਲ ਦੀ ਹੈ। ਲਾਹੌਰ ਦੇ ਮੇਓਂ ਸਕੂਲ ਆਫ ਆਰਟਸ ਦੇ ਵਿਦਿਆਰਥੀਆਂ ਦੀਆਂ ਬਹੁਤ ਸਾਰੀਆਂ ਪੇਟਿੰਗਾਂ ਇਸ ਮਸਜਿਦ ਦੀਆਂ ਦੀਵਾਰਾਂ ’ਤੇ ਸਜ ਰਹੀਆਂ ਹਨ। 1930 ਈਸਵੀ ਵਿਚ ਬਣੀ ਇਸ ਮਸਜਿਦ ਦੇ ਆਲੇ-ਦੁਆਲੇ ਹਰੇ ਭਰੇ ਘਾਹ ਦੇ ਬਗ਼ੀਚੇ ਹਨ।

ਰੇਲ ਕੋਚ ਫੈਕਟਰੀ

ਇਸ ਵਿਰਾਸਤ ਤੋਂ ਇਲਾਵਾ ਰੇਲ ਕੋਚ ਫੈਕਟਰੀ ਅਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਇਸ ਸ਼ਹਿਰ ਦੀ ਸ਼ਾਨ ਹਨ। ਕਪੂਰਥਲੇ ਤੋਂ 7 ਕਿਲੋਮੀਟਰ ਦੀ ਦੂਰੀ ’ਤੇ ਹੁਸੈਨਪੁਰਾ ਵਿਖੇ ਸਥਿਤ ਇਸ ਰੇਲ ਕੋਚ ਫੈਕਟਰੀ ਨੇ ਜਿੱਥੇ ਪੰਜਾਬ ਦੀ ਆਰਥਿਕਤਾ ਨੂੰ ਹਲੂਣਾ ਦਿੱਤਾ ਹੈ ਉੱਥੇ ਰੁਜ਼ਗਾਰ ਦੇ ਅਨੇਕ ਮੌਦੇ ਪੈਦਾ ਕੀਤੇ ਹਨ। ਭਾਰਤ ਦੇ ਬਾਰ੍ਹਵੇਂ ਪ੍ਰਧਾਨ ਮੰਤਰੀ ਆਈ.ਕੇ.ਗੁਜ਼ਰਾਲ ਹੁਰਾਂ ਨੇ 17 ਅਗਸਤ 1985 ਨੂੰ ਇਸਦਾ ਨੀਂਹ ਪੱਥਰ ਰੱਖਿਆ ਸੀ। ਗਿਆਰਾਂ ਬਾਰ੍ਹਾਂ ਹਜ਼ਾਰ ਲੋਕਾਂ ਨੂੰ ਰੁਜ਼ਗਾਰ ਦੇਣ ਵਾਲੀ ਇਹ ਫੈਕਟਰੀ ਹੁਣ ਤਕ 36000 ਰੇਲ ਡੱਬੇ ਬਣਾ ਚੁੱਕੀ ਹੈ। ਹਰ ਸਾਲ ਵੱਖ-ਵੱਖ ਡਿਜ਼ਾਈਨਾਂ ਵਾਲੇ (40 ਤੋਂ ਵੱਧ ਡਿਜ਼ਾਈਨਾਂ ਵਾਲੇ) 1600 ਡੱਬੇ ਬਣਾਕੇ ਰੇਲਵੇ ਵਿਭਾਗ ਦੇ ਹਵਾਲੇ ਕਰ ਦਿੱਤੇ ਜਾਂਦੇ ਹਨ। 1178 ਏਕੜ ’ਚ ਫੈਲੀ ਇਸ ਰੇਲ ਕੋਚ ਫੈਕਟਰੀ ਦੇ 340 ਏਕੜ ਵਿਚ ਵਰਕਸ਼ਾਪਾਂ ਹਨ ਜਦਕਿ ਬਾਕੀ ਦੇ 838 ਏਕੜ ’ਚ ਦਫ਼ਤਰੀ ਅਤੇ ਰਿਹਾਇਸ਼ੀ ਇਮਾਰਤਾਂ ਤੋਂ ਇਲਾਵਾ ਹੋਰ ਸੁੱਖ ਸਹੂਲਤਾਂ ਹਨ। ਇਸ ਫੈਕਟਰੀ ਦੇ ਹੋਂਦ ਵਿਚ ਆਉਣ ਦੇ ਦੋ ਸਾਲਾਂ ਵਿਚ ਹੀ ਪਹਿਲਾ ਡੱਬਾ ਮਾਰਚ 1988 ਨੂੰ ਬਣਕੇ ਤਿਆਰ ਹੋ ਗਿਆ ਸੀ। ਰੇਲ ਕੋਚ ਫੈਕਟਰੀ ਦੇ ਪੀ.ਆਰ.ਓ. ਜਿਤੇਸ਼ ਕੁਮਾਰ ਹੁਰਾਂ ਨੇ ਸਾਨੂੰ ਦੱਸਿਆ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਭਾਰਤੀ ਰੇਲਵੇ ਦੇ 50ਫ਼ੀਸਦੀ ਦੇ ਕਰੀਬ ਡੱਬੇ ਇਥੋਂ ਤਿਆਰ ਹੁੰਦੇ ਹਨ। ਰਾਜਧਾਨੀ, ਸ਼ਤਾਬਦੀ, ਹਮਸਫ਼ਰ, ਤੇਜਸ ਐਕਸਪ੍ਰੈੱਸ ਦੇ ਡੱਬੇ ਏਸੇ ਫੈਕਟਰੀ ਦੀ ਦੇਣ ਹਨ। ਬੁਧਿਸਟ ਟੂਰਿਸਟ ਟਰੇਨ (ਭਾਰਤ ਦੀ ਅਤਿ ਆਧੁਨਿਕ ਸਹੂਲਤਾਂ ਵਾਲੀ ਗੱਡੀ) ਇਸ ਫੈਕਟਰੀ ਦੀ ਈਜਾਦ ਹੈ।

ਇਸ ਦੇ ਕੈਂਪਸ ਦੀ ਹਰ ਨੁਕਰ, ਸੜਕਾਂ, ਘਰ, ਇਮਾਰਤਾਂ ਹਰੇ ਭਰੇ ਬੂਟਿਆਂ ਅਤੇ ਫੁੱਲਾਂ ਨਾਲ ਸ਼ਿੰਗਾਰੇ ਹੋਏ ਹਨ। ਏਥੇ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਅਤੇ ਸਹੀ ਵਰਤੋਂ ਵੱਲ ਬਹੁਤ ਤਵੱਜੋਂ ਦਿੱਤੀ ਜਾਂਦੀ ਹੈ। ਰੇਨ ਹਾਰਵੈਸਟਿੰਗ ਸਿਸਟਮ, ਸੋਲਰ ਸਿਸਟਮ, ਐਨਰਜੀ ਸੇਵਿੰਗ ਤਰੀਕਿਆਂ ਕਾਰਨ ਇਸ ਫੈਕਟਰੀ ਨੂੰ ਭਾਰਤ ਸਰਕਾਰ ਵੱਲੋਂ ਕਈ ਮਾਣ ਸਨਮਾਨ ਮਿਲ ਚੁੱਕੇ ਹਨ। ਇਸਦੇ ਅੰਦਰ ਰਹਿਣ ਵਾਲੇ ਕਰਮਚਾਰੀਆਂ ਲਈ ਹਰ ਤਰ੍ਹਾਂ ਦੀ ਸੱੁਖ ਸੁਵਿਧਾ ਅੰਦਰ ਹੀ ਮੌਜੂਦ ਹੈ। ਸ਼ਾਪਿੰਗ ਕੰਪਲੈਕਸ, ਸਕੂਲ, ਕਮਿਊਨਿਟੀ ਹਾਲ, ਵੱਖ-ਵੱਖ ਪੱਧਰ ਦੇ ਕਰਮਚਾਰੀਆਂ ਲਈ ਵੱਖ-ਵੱਖ ਕਲੱਬ, ਹਸਪਤਾਲ, ਡਾਕ ਘਰ, ਕਰੈੱਚ, ਅੰਤਰ ਰਾਸ਼ਟਰੀ ਮਿਆਰਾਂ ਵਾਲਾ ਸਵਿਮਿੰਗ ਪੂਲ, ਲੇਕ ਕੰਪਲੈਕਸ, ਲਕਸ਼ਮਨ ਝੂਲਾ, ਵਾਰਸ ਸ਼ਾਹ ਆਡੀਟੋਰੀਅਮ, ਸਿੰਥੈਟਿਕ ਲਾਅਨ ਟੈਨਿਸ ਕੋਰਟ, ਐਸਟਰੋਟਰਫ ਹਾਕੀ ਸਟੇਡੀਅਮ, ਸਕੇਟਿੰਗ ਰਿੰਕ ਵਰਗੀਆਂ ਵਿਸ਼ੇਸ਼ ਸਹੂਲਤਾਂ ਮੌਜੂਦ ਹਨ। ਅਠਾਰਾਂ ਹੋਲਜ਼ ਵਾਲੀ ਗੋਲਫ ਕੋਰਸ ਇਸਦੀ ਸ਼ਾਨ ਹੈ। ਆਰ.ਸੀ.ਐੱਫ. ’ਚ ਘੁੰਮਦਿਆਂ ਏਥੋਂ ਦਾ ਅਨੁਸ਼ਾਸਨ, ਕੰਮ ਪ੍ਰਤੀ ਸੰਜੀਦਗੀ ਅਤੇ ਵਿਹਾਰ ਅਤੇ ਆਲੇ-ਦੁਆਲੇ ਦੀ ਸਾਦਗੀ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਵਿਦਿਆਰਥੀਆਂ ਲਈ ਇਸ ਦੇ ਟੂੂਰ ਆਯੋਜਿਤ ਹੋਣੇ ਚਾਹੀਦੇ ਹਨ।

ਸਟੇਟ ਗੁਰਦੁਆਰਾ

ਸਟੇਟ ਗੁਰਦੁਆਰਾ ਕਪੂਰਥਲਾ ਰਿਆਸਤ ਦੀ ਸ਼ਾਨ ਹੈ। ਇਸਦੀ ਉਸਾਰੀ 1915 ਵਿਚ ਕਰਵਾਈ ਗਈ ਸੀ ਅਤੇ ਇਹ ਇਮਾਰਤ ਲਾਲ ਪੱਥਰ ਦੀ ਬਣੀ ਸੀ ਪਰ ਹੁਣ ਇਸਨੂੰ ਸਫ਼ੈਦ ਰੰਗ ਕਰ ਦਿੱਤਾ ਗਿਆ ਹੈ। ਬਹੁਤ ਹੀ ਸ਼ਾਂਤ ਅਤੇ ਅਨੰਦਮਈ ਮਾਹੌਲ। ਇਸ ਗੁਰਦੁਆਰੇ ਦੇ ਆਲੇ-ਦੁਆਲੇ ਖੁਲ੍ਹੇ ਹਰੇ ਭਰੇ ਲਾਅਨ ਇਸਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਹਨ। ਇਮਾਰਤਸਾਜ਼ੀ ਦਾ ਬਹੁਤ ਸੁੰਦਰ ਨਮੂਨਾ ਇਹ ਗੁਰਦੁਆਰਾ ਸਾਂਭ ਸੰਭਾਲ ਪੱਖੋਂ ਵੀ ਸਲਾਹੁਣਯੋਗ ਹੈ।

ਪੁਸ਼ਪਾ ਗੁਜਰਾਲ ਸਾਇੰਸ ਸਿਟੀ

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਸ਼ਹਿਰ ਦੇ ਬਾਹਰ ਵਾਰ ਜਲੰਧਰ-ਕਪੂਰਥਲਾ ਰੋਡ ’ਤੇ ਸਥਿਤ ਹੈ। ਇਸਦੀ ਨੀਂਹ 19 ਅਕਤੂਬਰ 1997 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਰੱਖੀ ਸੀ। ਇਹ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਸਾਂਝੇ ਯਤਨਾਂ ਨਾਲ ਚੱਲ ਰਿਹਾ ਹੈ। ਇਸ ਦੀ ਸਾਰੀ ਰੂਪ ਰੇਖਾ ਇਸਦੇ ਪਹਿਲੇ ਡਾਇਰੈਕਟਰ ਜਨਰਲ ਰਘਬੀਰ ਸਿੰਘ ਦੀ ਸੂਝ ਸਿਆਣਪ ਦਾ ਫਲ ਹੈ।

72 ਏਕੜ ਦੇ ਏਰੀਏ ’ਚ ਫੈਲਿਆ ਇਹ ਸਾਇੰਸ ਸਿਟੀ ਆਧੁਨਿਕ ਵਿਗਿਆਨਕ ਸੋਚ ਦੀ ਤਰਜਮਾਨੀ ਕਰਦਾ ਹੈ। 365 ਦਿਨ 1 ਤੋਂ 5 ਵਜੇ ਤਕ ਖੁੱਲ੍ਹਾ ਰਹਿੰਦਾ ਹੈ (ਪਰ ਅੱਜ ਕੱਲ੍ਹ ਕਰੋਨਾ ਕਾਰਨ ਬੰਦ ਹੈ)। ਇਸਦੇ ਹਰੇ ਭਰੇ ਲਾਅਨ, ਫੁੱਲ ਬੂਟੇ ਇਸਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਹਨ। ਸਾਇੰਸ ਗੈਲਰੀਆਂ, ਸਾਇੰਸ ਵਾਈਜ਼ ਹਾਲ, ਥੀਏਟਰ, ਐਨਰਜੀ ਪਾਰਕ, ਮੋਬਾਈਲ ਸਾਇੰਸ ਵੈਨ ਉਸਦੀਆਂ ਖ਼ਾਸ ਵਿਸ਼ੇਸ਼ਤਾਵਾਂ ਹਨ। ਪੁਲਾੜ ਥੀਏਟਰ ਵਿਚ ਬ੍ਰਹਿਮੰਡ ਦੇ ਗੁੱਝੇ ਭੇਤਾਂ ਤੋਂ ਜਾਣੂੰ ਕਰਾਉਣ ਲਈ ਵਧੀਆ ਪ੍ਰਬੰਧ ਹਨ। ਇਉਂ ਮਹਿਸੂਸ ਹੁੰਦਾ ਹੈ ਕਿ ਤੁਸੀਂ ਪੁਲਾੜ ’ਚ ਉਡ ਰਹੇ ਹੋ। ਕਲਾਈਮੇਟ ਚੇਂਜ ਥੀਏਟਰ ਵਿਚ ਮੌਸਮਾਂ ਦੀ ਤਬਦੀਲੀ ਅਤੇ ਮਨੁੱਖ ਕਿਵੇਂ ਇਨ੍ਹਾਂ ਨਾਲ ਤਾਲਮੇਲ ਬਿਠਾਉਂਦਾ ਹੈ ਬਾਰੇ 25 ਮਿੰਟ ਦੀ ਮੂਵੀ ਦਿਖਾਈ ਜਾਂਦੀ ਹੈ। ਲੇਜਰ ਥੀਏਟਰ ਵਿਚ ਕਈ ਤਰ੍ਹਾਂ ਦੇ ਸ਼ੋਅ ਵਿਖਾਏ ਜਾਂਦੇ ਹਨ। ਐਨਰਜੀ ਪਾਰਕ, ਸੋਲਰ ਐਨਰਜੀ, ਵਾਟਰ ਥ੍ਰੋਇੰਗ ਪਲਾਂਟ, ਰਾਈਡਲ ਪਾਵਰ ਪਲਾਂਟ, ਸੋਲਰ ਪਲਾਂਟ ਇਸ ਸਾਇੰਸ ਸਿਟੀ ਦੀਆਂ ਹੋਰ ਕਈ ਵਿਸ਼ੇਸ਼ਤਾਵਾਂ ਹਨ। ਪੁਲਾੜ ਥੀਏਟਰ ਵਿਚ ਬ੍ਰਹਿਮੰਡ ਦੇ ਗੁੱਝੇ ਭੇਤਾਂ ਤੋਂ ਜਾਣੂੰ ਕਰਵਾਉਣ ਲਈ ਵਧੀਆਂ ਪ੍ਰਬੰਧ ਹਨ। ਇਉਂ ਮਹਿਸੂਸ ਹੁੰਦਾ ਹੈ ਕਿ ਤੁਸੀਂ ਪੁਲਾੜ ’ਚ ਉਡ ਰਹੇ ਹੋ। ਕਲਾਈਮੇਟ ਚੇਂਜ ਥੀਏਟਰ ਵਿਚ ਮੌਸਮਾਂ ਦੀ ਤਬਦੀਲੀ ਅਤੇ ਮਨੁੱਖ ਕਿਵੇਂ ਇਨ੍ਹਾਂ ਨਾਲ ਤਾਲਮੇਲ ਬਿਠਾਉਂਦਾ ਹੈ ਬਾਰੇ 25 ਮਿੰਟ ਦੀ ਮੂਵੀ ਦਿਖਾਈ ਜਾਂਦੀ ਹੈ। ਲੇਜਰ ਥੀਏਟਰ ਵਿਚ ਕਈ ਤਰ੍ਹਾਂ ਦੇ ਸ਼ੋਅ ਵਿਖਾਏ ਜਾਂਦੇ ਹਨ। ਐਨਰਜੀ ਪਾਰਕ, ਸੋਲਰ ਐਨਰਜੀ, ਵਾਟਰ ਥ੍ਰੋਇੰਗ ਪਲਾਂਟ, ਰਾਈਡਲ ਪਾਵਰ ਪਲਾਂਟ, ਸੋਲਰ ਪਲਾਂਟ ਇਸ ਸਾਇੰਸ ਸਿਟੀ ਦੀਆਂ ਹੋਰ ਕਈ ਵਿਸ਼ੇਸ਼ਤਾਵਾਂ ਹਨ। ਗੱਲ ਕੀ ਸਾਇੰਸ ਦੀ ਮੁਸ਼ਕਲ ਸਿੱਖਿਆ ਨੂੰ ਖੇਡ-ਖੇਡ ਦੀ ਵਿਧੀ ਰਾਹੀਂ ਸਮਝਾਇਆ ਗਿਆ ਹੈ। ਸਾਡੀ ਸਕੂਲੀ ਵਿਦਿਆ ਬੜੀ ਕਿਤਾਬੀ ਕਿਸਮ ਦੀ ਹੈ। ਹਰੇਕ ਸਕੂਲ ਨੂੰ ਆਪਣੇ ਵਿਦਿਆਰਥੀਆਂ ਨੂੰ ਸਾਲ ਵਿਚ 2-3 ਵਾਰ ਏਥੇ ਜ਼ਰੂਰ ਲਿਜਾਣਾ ਚਾਹੀਦਾ ਹੈ। ਮਾਂ ਬਾਪ ਆਪ ਵੀ ਇਹ ਉੱਦਮ ਕਰ ਸਕਦੇ ਹਨ।

ਸ਼ਾਲੀਮਾਰ ਬਾਗ਼

ਸ਼ਾਲੀਮਾਰ ਬਾਗ਼ ਸ਼ਹਿਰ ਦੇ ਬਿਲਕੁਲ ਕੇਂਦਰ ’ਚ ਸਥਿਤ ਹਨ। ਇਸੇ ਬਾਗ਼ ਵਿਚ ਸ਼ਾਹੀ ਪਰਿਵਾਰ ਦੇ ਮੈਂਬਰਾਂ ਦੀਆਂ ਸਮਾਧਾਂ ਹਨ ਜਿਨ੍ਹਾਂ ਉੱਪਰ ਲਾਲ ਪੱਥਰ ਦੇ ਚੈਂਬਰ ਬਣੇ ਹੋਏ ਹਨ। ਯਾਤਰੀ ਇਨ੍ਹਾਂ ਦੀ ਖ਼ੂਬਸੂਰਤੀ ਦੇਖਣ ਆਉਂਦੇ ਸਨ। ਕਦੇ ਏਥੇ ਰਾਜਾ ਜਗਤਜੀਤ ਪੀਲੇ ਲਿਬਾਸ ਪਹਿਨ ਕੇ ਲੋਕਾਂ ਨਾਲ ਬਸੰਤ ਦਾ ਤਿਉਹਾਰ ਮਨਾਉਂਦੇ ਹੁੰਦੇ ਸਨ। ਕਦੇ ਫੁੱਲਾਂ ਨਾਲ ਲੱਦੇ ਰੁੱਖ ਬੂਟੇ ਹੁੰਦੇ ਸਨ। ਸਾਂਭ ਸੰਭਾਲ ਦੀ ਕਮੀ ਕਾਰਨ ਅੱਜ ਕੱਲ੍ਹ ਸ਼ਹਿਰ ਦੇ ਲੋਕਾਂ ਲਈ ਸਵੇਰੇ ਸ਼ਾਮ ਦੀ ਸੈਰਗਾਹ ਬਣ ਗਿਆ ਹੈ।

- ਪ੍ਰੋ. ਕਵਲਜੀਤ ਕੌਰ ਮਹਿਰੋਕ

Posted By: Harjinder Sodhi