ਹਰ ਜੰਗ ਬਹੁਤ ਘਰਾਂ ਦੇ ਚਿਰਾਗ ਬੁਝਾ ਕੇ ਹੀ ਖ਼ਤਮ ਹੁੰਦੀ ਹੈ। ਇਹ ਚਿਰਾਗ਼ ਦੋਵੇਂ ਪਾਸੇ ਬੁਝਦੇ ਹਨ, ਜੇਤੂ ਫ਼ੌਜ ਦੇ ਵੀ ਤੇ ਹਾਰਨ ਵਾਲੀ ਦੇ ਵੀ। ਜਿਵੇਂ ਮੈਂ ਪਹਿਲਾਂ ਦੱਸਿਆ ਹੈ ਕਿ ਦਸੰਬਰ 1971 ਦੀ ਭਾਰਤ-ਪਾਕਿ ਜੰਗ ਵਿਚ, ਭਾਰਤੀ ਜੰਗੀ ਜਹਾਜ਼ ਖੁੱਕਰੀ ਨੂੰ ਜਲ ਸਮਾਧੀ ਲੈਣੀ ਪਈ ਸੀ। ਇਨ੍ਹਾਂ ਗੱਲਾਂ ਨੂੰ ਪੂਰੇ ਪੰਜਾਹ ਸਾਲ ਹੋ ਗਏ ਹਨ। ਜੋ ਹੋਰ ਨੌਸੈਨਿਕ ਜਹਾਜ਼ ਦੇ ਨਾਲ ਜਲ ਸਮਾਧੀ ਲੈ ਗਏ, ਉਨ੍ਹਾਂ ਨੂੰ ਵੀ ਪੰਜਾਹ ਸਾਲ ਹੋ ਗਏ। ਇਨ੍ਹਾਂ ਜਲ ਸਮਾਧੀ ਲੈਣ ਵਾਲੇ ਸ਼ਹੀਦਾਂ ਵਿਚ, ਇਕ ਸ਼ਹੀਦ ਬਠਿੰਡੇ ਜ਼ਿਲ੍ਹੇ ਦਾ ਕਰਮ ਸਿੰਘ ਵੀ ਸੀ। ਬਠਿੰਡਾ ਜਿਲੇ੍ਹ ਦੇ ਇਕਲੌਤੇ ਤੇ ਪਹਿਲੇ ਨੌਸੈਨਿਕ ਸ਼ਹੀਦ ਕਰਮ ਸਿੰਘ ਦਾ ਪਿੰਡ ਨਰੂਆਣਾ ਹੈ, ਜੋ ਬਠਿੰਡੇ ਦੇ ਨਜ਼ਦੀਕ ਹੀ ਹੈ।

ਸ਼ਹੀਦ ਕਰਮ ਸਿੰਘ ਦਾ ਜਨਮ 8 ਅਗਸਤ 1947 ਨੂੰ ਮਾਤਾ ਚੰਦ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਜੱਗਰ ਸਿੰਘ ਸੀ। ਕਰਮ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਨਰੂਆਣਾ ਤੋਂ ਸ਼ੁਰੂ ਕੀਤੀ ਤੇ ਅੱਗੇ ਬਠਿੰਡੇ ਜਾ ਕੇ 1965 ਵਿਚ ਹਾਇਰ ਸੈਕੰਡਰੀ ਪਾਸ ਕੀਤੀ। ਉਸ ਤੋਂ ਬਾਅਦ 1966 ਵਿਚ ਉਹ ਨੇਵੀ ’ਚ ਭਰਤੀ ਹੋ ਗਏ। ਉਨ੍ਹਾਂ ਸਮਿਆਂ ਵਿਚ ਮਾਲਵੇ ਦੇ ਇਸ ਇਲਾਕੇ ਵਿਚ ਨੇਵੀ ਬਾਰੇ ਬਹੁਤ ਹੀ ਘੱਟ ਜਾਣਕਾਰੀ ਸੀ।

ਸੰਨ 1967 ਦੀ ਗੱਲ ਹੈ। ਮੈਂ ਫ਼ੌਜ ਵਿਚ ਭਰਤੀ ਹੋਣ ਲਈ ਬਰਨਾਲਾ ਰੈਸਟ ਹਾਊਸ ਵਿਖੇ, ਕੱਪੜੇ ਲਾਹੀ ਲਾਈਨ ਵਿਚ ਲੱਗਾ ਖੜ੍ਹਾ ਸੀ। ਫ਼ੌਜ ਦਾ ਇਕ ਅਫਸਰ ਹਰੇਕ ਦੇ ਡੀਲ-ਡੌਲ ਦੇਖਦਾ ਤੇ ਸਰਟੀਫਿਕੇਟ ਚੈੱਕ ਕਰ ਕੇ ਉਸਦੀ ਛਾਤੀ ਤੇ ਅੰਗਰੇਜ਼ੀ ਵਿਚ ਕੁਝ ਅੱਖਰ ਲਿਖ ਦਿੰਦਾ। ਸਭ ਨੂੰ ਪਤਾ ਲੱਗ ਜਾਂਦਾ ਕਿ ਉਹ ਇਨਫੈਂਟਰੀ, ਐਟੱਲਰੀ, ਏਅਰਫੋਰਸ ਆਦਿ ਕਿਸ ਵਿਚ ਭਰਤੀ ਹੋਣ ਜਾ ਰਿਹਾ ਹੈ। ਮੈਂ ਇਕੱਲਾ ਸੀ ਜਿਸ ਦੀ ਛਾਤੀ ’ਤੇ ਅੰਗਰੇਜ਼ੀ ਅੱਖਰ ਐਨ.ਬੀ. ਲਿਖੇ ਹੋਏ ਸਨ। ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਮੈਂ ਕਿਸ ਫੋਰਸ ਵਿਚ ਭਰਤੀ ਹੋਣ ਜਾ ਰਿਹਾ ਹਾਂ। ਮੈਨੂੰ ਵੀ ਬਾਅਦ ਵਿਚ ਪਤਾ ਲੱਗਾ ਕਿ ਇਹ ਨੇਵੀ-ਬੁਆਏ ਦੀ ਭਰਤੀ ਸੀ, ਤੇ ਮੈਂ ਨੇਵੀ ਵਿਚ ਭਰਤੀ ਹੋ ਗਿਆ ਹਾਂ। ਉਨ੍ਹਾਂ ਦਿਨਾਂ ਵਿਚ ਲੋਕ ਫ਼ੌਜ ਜਾਂ ਆਰਮੀ ਬਾਰੇ ਹੀ ਜ਼ਿਅਦਾ ਜਾਣਦੇ ਸਨ।

ਉਸ ਵੇਲੇ ਵਿਆਹ ਵੀ ਜਲਦੀ ਹੀ ਹੋ ਜਾਂਦੇ ਸਨ। ਕਰਮ ਸਿੰਘ ਦੀ ਸ਼ਾਦੀ 1969 ਵਿਚ ਬੀਬੀ ਸੁਖਦੇਵ ਕੌਰ ਨਾਲ ਹੋਈ। ਵਿਆਹ ਤੋਂ ਬਾਅਦ ਕਰਮ ਸਿੰਘ ਆਪਣੀ ਪਤਨੀ ਸੁਖਦੇਵ ਕੌਰ ਨੂੰ ਵੀ ਨਾਲ ਹੀ ਲੈ ਗਿਆ ਤੇ ਉਹ ਬੰਬਈ ਨੇਵੀ ਨਗਰ ਵਿਚ ਰਹਿਣ ਲੱਗੇ। ਉਸ ਸਮੇਂ ਕਰਮ ਸਿੰਘ ਦੀ ਡਿਊਟੀ ਖੁੱਕਰੀ ਨਾਂ ਦੇ ਜੰਗੀ ਜਹਾਜ਼ ਵਿਚ ਸੀ। ਦਸੰਬਰ 1971 ਵਿਚ ਜੰਗ ਲੱਗ ਗਈ। ਸਭ ਨੌਸੈਨਿਕ ਜੋ ਜਹਾਜ਼ਾਂ ਦੀ ਡਿਊਟੀ ’ਤੇ ਸਨ, ਜਹਾਜ਼ਾਂ ਵਿਚ ਚਲੇ ਗਏ। ਇਹ ਤਾਂ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਕਈਆਂ ਨੇ ਹੁਣ ਵਾਪਸ ਮੁੜਕੇ ਨਹੀਂ ਆਉਣਾ।

ਕਰਮ ਸਿੰਘ ਦਾ ਜਹਾਜ਼ ਖੁੱਕਰੀ ਅਰਬ ਸਾਗਰ ਦੇ ਜੰਗ ਫਰੰਟ ’ਤੇ ਸੀ। ਉਸ ਜੰਗ ਵਿਚ 9 ਦਸੰਬਰ ਦੀ ਰਾਤ ਨੂੰ ਖੁੱਕਰੀ ਜਹਾਜ਼ ਦੇ ਨਾਲ ਹੀ ਕਰਮ ਸਿੰਘ ਵੀ ਜਲ ਸਮਾਧੀ ਲੈ ਗਿਆ। ਜਹਾਜ਼ ਡੁੱਬਣ ਦੀ ਖ਼ਬਰ ਤਾਂ ਫੈਲ ਗਈ ਸੀ ਪਰ ਕਰੀਬ 67 ਆਦਮੀ ਬਚ ਵੀ ਗਏ ਸਨ। ਕਰਮ ਸਿੰਘ ਦੀ ਮੌਤ ਦੀ ਖ਼ਬਰ ਬਾਰੇ ਬੀਬੀ ਸੁਖਦੇਵ ਕੌਰ ਨੂੰ ਕਈ ਦਿਨ ਬਾਅਦ ਦੱਸਿਆ ਗਿਆ। ਜਿਸ ਬੀਬੀ ਨੇ ਅਜੇ ਜ਼ਿੰਦਗੀ ਦੇ ਕੋਈ ਵੀ ਚਾਅ ਪੂਰੇ ਨਹੀਂ ਸੀ ਕੀਤੇ ਉਸ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ। ਬੀਬੀ ਸੁਖਦੇਵ ਕੌਰ ਦੇ ਉਸ ਨਾ ਭੁੱਲਣਯੋਗ ਦੁੱਖ ਨੂੰ ਹੁਣ ਪੰਜਾਹ ਸਾਲ ਹੋ ਗਏ ਹਨ।

ਜੰਗ ਵਿਚ ਸ਼ਹੀਦੀਆਂ ਹੁੰਦੀਆਂ ਹਨ, ਇਹ ਸਭ ਨੂੰ ਪਤਾ ਹੈ ਪਰ ਇੱਥੇ ਜੋ ਖ਼ਾਸ ਗੱਲ ਮੈਂ ਕਹਿਣਾ ਚਾਹੁੰਦਾ ਹਾਂ, ਉਹ ਹੈ ਸਾਡੀਆਂ ਰਸਮਾਂ ਰੀਤਾਂ। ਇਸ ਕੇਸ ਵਿਚ ਕਰਮ ਸਿੰਘ ਜਿਉਂਦਾ ਜਾਗਦਾ ਹੱਸਦਾ ਖੇਡਦਾ ਖ਼ੁਸ਼ੀ-ਖ਼ੁਸ਼ੀ ਘਰੋਂ ਗਿਆ ਸੀ। ਕੁਝ ਦਿਨ ਬਾਅਦ ਬੀਬੀ ਸੁਖਦੇਵ ਕੌਰ ਨੂੰ ਖ਼ਬਰ ਮਿਲੀ ਕਿ ਉਸਦੀ ਮੌਤ ਹੋ ਗਈ ਹੈ। ਆਮ ਹਾਲਤਾਂ ਵਿਚ ਮੌਤ ਤੋਂ ਬਾਅਦ ਮਿ੍ਰਤਕ ਸਰੀਰ ਘਰ ਆਉਂਦਾ। ਬੀਬੀ ਸੁਖਦੇਵ ਕੌਰ ਪਤੀ ਦੇ ਸਰੀਰ ਨਾਲ ਲਿਪਟ ਕੇ ਰੋ-ਰੋ ਆਪਣਾ ਦੁੱਖ ਜ਼ਾਹਰ ਕਰਦੀ। ਪਤੀ ਦੇ ਚਿਹਰੇ ਨੂੰ ਦੇਖਦੀ, ਪਲੋਸਦੀ, ਚੁੰਮਦੀ ਤੇ ਹਿੱਕ ਨਾਲ ਲਾ ਕੇ ਰੋਂਦੀ ਕੁਰਲਾਉਂਦੀ ਸਾਰਾ ਗੁੱਭ ਗੁਬਾੜ ਬਾਹਰ ਕੱਢਦੀ। ਸਾਰਾ ਪਰਿਵਾਰ ਤੇ ਹੋਰ ਵੀ ਉਸ ਸਰੀਰ ਦੇ ਦਰਸ਼ਨ ਕਰਦੇ। ਹੱਥੀਂ ਇਸ਼ਨਾਨ ਕਰਵਾ ਕੇ ਕੱਪੜੇ ਬਦਲ ਕੇ ਉਸਦੀ ਅਰਥੀ ਤਿਆਰ ਕਰਦੇ। ਸ਼ਮਸ਼ਾਨਘਾਟ ਵਿਚ ਲਿਜਾ ਕੇ ਹੱਥੀਂ ਅਗਨੀ ਭੇਂਟ ਕਰਦੇ। ਸਭ ਕੁਝ ਹੱਥੀਂ ਕਰਨ ਤੇ ਅੱਖੀਂ ਦੇਖ ਕੇ ਵਿਰਲਾਪ ਕਰਨ ’ਤੇ ਕੁਝ ਸਕੂਨ ਜ਼ਰੂਰ ਮਿਲਦਾ ਹੈ। ਪਰ ਖੁੱਕਰੀ ਜਹਾਜ਼ ਦੇ ਨਾਲ ਜੋ ਲੋਕ ਜਲ ਸਮਾਧੀ ਲੈ ਗਏ, ਉਨ੍ਹਾਂ ਸਭਨਾਂ ਦੇ ਪਰਿਵਾਰ ਇਹ ਕੋਈ ਵੀ ਰਸਮਾਂ ਨਹੀਂ ਕਰ ਸਕੇ।

ਮੌਤ ਦਾ ਦੁੱਖ ਆਪਣੇ ਥਾਂ ਹੈ, ਪਰ ਕੋਈ ਵੀ ਰਸਮ ਕੋਈ ਵੀ ਕਿਰਿਆ ਆਪਣੇ ਹੱਥੀਂ ਨਾ ਕਰ ਸਕਣਾ, ਇਹ ਦੁੱਖ ਆਪਣੇ ਥਾਂ ਹੈ। ਆਰਮੀ ਜਾਂ ਏਅਰ-ਫੋਰਸ ਵਿਚ ਅਗਰ ਜਵਾਨ ਸ਼ਹੀਦ ਹੁੰਦੇ ਹਨ ਤਾਂ ਆਮ ਤੌਰ ’ਤੇ ਉਨ੍ਹਾਂ ਦੇ ਮਿ੍ਰਤਕ ਸਰੀਰ ਘਰ ਪਹੁੰਚ ਜਾਂਦੇ ਹਨ। ਕੋਈ ਟਾਵਾਂ ਹੀ ਹੈ ਜੋ ਰਹਿ ਵੀ ਜਾਂਦਾ ਹੈ। ਪਰ ਜੰਗੀ ਜਹਾਜ਼ਾਂ ਦੇ ਡੁੱਬਣ ਵੇਲੇ ਉਲਟਾ ਹੈ। ਬਹੁਤ ਥੋੜੇ੍ਹ ਜਾਂ ਕੋਈ ਟਾਵੇਂ ਸਰੀਰ ਹੀ ਮਿਲਦੇ ਹਨ। ਕਰਮ ਸਿੰਘ ਦਾ ਸਰੀਰ ਨਹੀਂ ਸੀ ਮਿਲਿਆ। ਬੀਬੀ ਸੁਖਦੇਵ ਕੌਰ ਨੇ ਪਤੀ ਦੀ ਮੌਤ ਦਾ ਦੁੱਖ ਤਾਂ ਝੱਲਿਆ ਹੀ, ਨਾਲ ਇਹ ਦੁੱਖ ਵੀ ਝੱਲਿਆ ਕਿ ਆਪਣੇ ਮਿ੍ਰਤਕ ਪਤੀ ਦਾ ਮੁੱਖ ਤਕ ਨਾ ਦੇਖ ਸਕੀ। ਪਰਿਵਾਰ ਉਸਦੀ ਕੋਈ ਰਸਮ ਨਾ ਕਰ ਸਕਿਆ।

ਪਰਿਵਾਰ ਤੇ ਬੀਬੀ ਸੁਖਦੇਵ ਕੌਰ ਨੂੰ ਇਸ ਗੱਲ ਦੀ ਤਸੱਲੀ ਤੇ ਖ਼ੁਸ਼ੀ ਜ਼ਰੂਰ ਹੈ ਕਿ ਪੰਜਾਬ ਸਰਕਾਰ ਨੇ ਪਿੰਡ ਦੇ ਸਕੂਲ਼ ਦਾ ਨਾਂ, ਸ਼ਹੀਦ ਕਰਮ ਸਿੰਘ ਦੇ ਨਾਂ ’ਤੇ ਰੱਖ ਕੇ ਉਸਦੀ ਸ਼ਹੀਦੀ ਨੂੰ ਇਕ ਯਾਦਗਾਰ ਦੇ ਤੌਰ ’ਤੇ ਸਾਂਭ ਲਿਆ ਹੈ। ਇਕ ਸੜਕ ਜੋ ਨਰੂਆਣਾ ਤੋਂ ਜੋਧਪੁਰ ਰੁਮਾਣਾ ਨੂੰ ਜਾਂਦੀ ਹੈ ਉਸਦਾ ਨਾਂ ਵੀ ਸ਼ਹੀਦ ਕਰਮ ਸਿੰਘ ਦੇ ਨਾਂ ’ਤੇ ਰੱਖਿਆ ਹੈ। ਇਹ ਇਕ ਚੰਗੀ ਗੱਲ ਹੈ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਵੀ ਦੇਸ਼ ਸੇਵਾ ਦੀ ਸੇਧ ਮਿਲਦੀ ਰਹੇ।

- ਪਰਮਜੀਤ ਮਾਨ

Posted By: Harjinder Sodhi