ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਚੰਗੇ ਗੀਤ ਲਿਖਣਾ ਤੇ ਚੰਗੇ ਗੀਤ ਗਾਉਣਾ ਜਿੱਥੇ ਹਰ ਗੀਤਕਾਰ ਤੇ ਗਾਇਕ ਦਾ ਫ਼ਰਜ਼ ਹੈ ਉੱਥੇ ਨਾਲ ਹੀ ਲੋਕਾਂ ਦੀ ਜ਼ਿੰਮੇਵਾਰੀ ਵੀ ਬੜੀ ਅਹਿਮ ਹੈ ਕਿ ਉਹ ਕੇਵਲ ਪਰਿਵਾਰਕ ਤੇ ਸੱਭਿਆਚਾਰਕ ਗੀਤਾਂ ਨੂੰ ਹੀ ਪਹਿਲ ਦੇਣ। ਇਹ ਪ੍ਰਗਟਾਵਾ ਪ੍ਰਸਿੱਧ ਗਾਇਕ, ਗੀਤਕਾਰ ਤੇ ਅਦਾਕਾਰ ਪਾਲੀ ਦੇਤਵਾਲੀਆ ਨੇ ਪੰਜਾਬੀ ਜਾਗਰਣ ਵੈੱਬ ਟੀਵੀ ਲਈ ਕੀਤੀ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ। ਲਾਕਡਾਊਨ ਕਾਰਨ ਸੰਤਾਪ ਹੰਢਾ ਰਹੇ ਗਾਇਕਾਂ ਤੋਂ ਇਲਾਵਾ ਵੱਖ-ਵੱਖ ਸਾਜ਼ ਵਜਾਉਣ ਵਾਲੇ ਸਜ਼ਿੰਦਿਆਂ ਦੀ ਗੱਲ ਕਰਦਿਆਂ ਪਾਲੀ ਨੇ ਕਿਹਾ ਕਿ ਹਰ ਰੋਜ਼ ਪ੍ਰਰੋਗਰਾਮ ਲਾ ਕੇ ਰੋਜ਼ਾਨਾ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੇ ਸਜ਼ਿੰਦਿਆਂ ਦੀ ਸਰਕਾਰ ਵੱਲੋਂ ਤਾਂ ਕੋਈ ਸਹਾਇਤਾ ਨਹੀਂ ਕੀਤੀ ਲਈ ਪਰ ਕੁਝ ਨਾਮੀ ਗਾਇਕਾਂ ਵੱਲੋਂ ਜ਼ਰੂਰ ਰਾਸ਼ਨ ਵੰਡ ਕੇ ਜਾਂ ਕੁਝ ਰਕਮ ਸਜ਼ਿੰਦਿਆਂ ਦੇ ਖਾਤਿਆਂ 'ਚ ਪਾ ਕੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਾਲੀ ਨੇ ਮੰਨਿਆ ਕਿ ਸਾਡਾ ਤਾਂ ਸਬੰਧ ਹੀ ਭੀੜ ਨਾਲ ਹੰੁਦਾ ਹੈ, ਇਸ ਲਈ ਪ੍ਰਰੋਗਰਾਮ ਬੇਸ਼ੱਕ ਅਜੇ ਸੰਭਵ ਨਹੀਂ ਹਨ ਕਿਉਂਕਿ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਪਤਾ ਨਹੀਂ ਕਿਸ ਤੋਂ ਆ ਜਾਵੇ ਤੇ ਕਿੰਨੇ ਹੋਰ ਵਿਅਕਤੀਆਂ ਨੂੰ ਆਪਣੀ ਲਪੇਟ 'ਚ ਲੈ ਲਵੇ। ਪਰ ਸਰਕਾਰ ਨੂੰ ਚਾਹੀਦਾ ਹੈ ਜਦ ਤਕ ਹਾਲਾਤ ਪਹਿਲਾਂ ਵਾਂਗ ਨਹੀਂ ਹੰੁਦੇ ਹਰ ਲੋੜਵੰਦ ਗਾਇਕ ਤੇ ਸਜ਼ਿੰਦਿਆਂ ਦੀ ਸਹਾਇਤਾ ਕੀਤੀ ਜਾਵੇ। ਗਾਇਕੀ ਦੇ ਸਫਰ ਦੀ ਸ਼ੁਰੂਆਤ ਕਿਵੇਂ ਹੋਈ, ਇਸ ਸਵਾਲ ਦੇ ਜਵਾਬ 'ਚ ਪਾਲੀ ਨੇ ਕਿਹਾ ਕਿ ਸਕੂਲ 'ਚ ਲੱਗਦੀਆਂ ਬਾਲ ਸਭਾਵਾਂ ਨੇ ਉਸ ਦਾ ਬਹੁਤ ਉਤਸ਼ਾਹ ਵਧਾਇਆ। ਗਾਇਕੀ 'ਚ ਬਕਾਇਦਾ ਕਦਮ ਰੱਖਣ ਤੋਂ ਪਹਿਲਾਂ ਹੀ ਕੁਲਦੀਪ ਮਾਣਕ ਤੇ ਹੋਰ ਗਾਇਕਾਂ ਦੀ ਆਵਾਜ਼ 'ਚ ਉਸ ਦੇ ਬਹੁਤ ਗੀਤ ਰਿਕਾਰਡ ਤੇ ਹਿੱਟ ਹੋ ਚੁੱਕੇ ਸਨ ਜਿੰਨ੍ਹਾਂ ਕਾਰਨ ਉਸ ਨੂੰ ਗਾਇਕੀ 'ਚ ਆਪਣੀ ਪਛਾਣ ਬਨਾਉਣ ਲਈ ਬਹੁਤੀ ਮੁਸ਼ੱਕਤ ਨਹੀਂ ਕਰਨੀ ਪਈ। ਗਾਇਕੀ ਨੂੰ ਪ੍ਰਮਾਤਮਾ ਦਾ ਤੋਹਫਾ ਮੰਨਦਿਆਂ ਪਾਲੀ ਨੇ ਕਿਹਾ ਕਿ ਉਸ ਨੂੰ ਕਈ ਉਸਤਾਦਾਂ ਤੋਂ ਵੀ ਗਾਇਕੀ ਦੇ ਗੁਰ ਸਿੱਖਣ ਦਾ ਮੌਕਾ ਮਿਲਿਆ। ਪਾਲੀ ਨੇ ਕਿਹਾ ਕਿ ਜਿੱਥੇ ਬਹੁਤ ਸਾਰੇ ਗਾਇਕਾਂ ਨੇ ਉਸ ਦੇ ਲਿਖੇ ਗੀਤ ਗਾਏ ਉੱਥੇ ਉਸ ਨੇ ਵੀ ਕਈ ਗੀਤਕਰਾਂ ਦੇ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਉਨ੍ਹਾਂ 'ਮਾਵਾਂ ਤੇ ਧੀਆਂ ਵਰਗਾ ਰਿਸ਼ਤਾ ਕੋਈ ਹੋਰ ਨਹੀਂ' ਗੀਤ ਦਾ ਜ਼ਿਕਰ ਵੀ ਕੀਤਾ। ਪਾਲੀ ਨੇ ਕਿਹਾ ਕਿ ਉਸ ਨੂੰ ਲਾਈਵ ਗਾਉਣਾ ਪਸੰਦ ਹੈ। ਇਕ ਯਾਦਗਾਰੀ ਪਲ ਦੀ ਗੱਲ ਕਰਦਿਆਂ ਪਾਲੀ ਨੇ ਦੱਸਿਆ ਕਿ ਇਕ ਵਾਰ ਚੋਣਾਂ ਦਾ ਬਹੁਤ ਵੱਡਾ ਪ੍ਰਰੋਗਰਾਮ ਸੀ ਤੇ ਇਕ 90 ਸਾਲ ਦੇ ਬਜ਼ੁਰਗ ਮਾਤਾ ਜੀ ਮੇਰੇ ਕੋਲ ਆਏ ਤੇ ਕਿਹਾ ਕਿ ਮੈਂ ਕੇਵਲ ਤੈਨੂੰ ਸੁਨਣ ਆਈ ਹਾਂ ਪੁੱਤ ਮੈਨੂੰ ਇਕ ਗੀਤ ਸੁਣਾ ਕਿ 'ਆਉਣ ਪੇਕਿਆਂ ਤੋਂ ਠੰਡੀਆਂ ਹਵਾਵਾਂ ਵੀਰ ਮੇਰੇ ਰਹਿਣ ਵੱਸਦੇ'। ਇਸ ਮੌਕੇ ਪਾਲੀ ਨੇ ਆਪਣੀ ਪਸੰਦ ਦੇ ਇਕ ਗੀਤ ਦੀਆਂ ਇਹ ਸਤਰਾਂ 'ਪੁੱਤਾਂ ਤਾਈ ਜਿਉਣ ਜੋਗੇ ਕਹਿਣ ਵਾਲਿਓ ਕਦੇ ਧੀਆਂ ਨੂੰ ਵੀ ਕਿਹਾ ਕਰੋ ਜਿਉਣ ਜੋਗੀਆਂ' ਵੀ ਸਾਂਝੀਆਂ ਕੀਤੀਆਂ। ਪਾਲੀ ਨੇ ਕਿਹਾ ਕਿ ਉਹ ਨਵਾਂ ਸਿੰਗਲ ਟਰੈਕ ਲੈ ਕੇ ਛੇਤੀ ਹੀ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ।