ਪੰਜਾਬੀ ਸਾਹਿਤ ਵਿਚ ਵਿਅੰਗ ਨੂੰ ਇਕ ਔਖੀ ਅਤੇ ਵਿਲੱਖਣ ਵਿਧਾ ਵਜੋਂ ਲਿਆ ਜਾਂਦਾ ਹੈ। ਪੰਜਾਬੀ ਸਾਹਿਤ ਦੇ ਖੇਤਰ ਵਿਚ ਬਹੁਤ ਘੱਟ ਲੇਖਕਾਂ ਨੇ ਵਿਅੰਗ ਵਿਧਾ 'ਤੇ ਆਪਣੀ ਕਲਮ ਅਜ਼ਮਾਈ ਕੀਤੀ ਹੈ। ਇਸ ਵਿਧਾ ਦਾ ਸਾਹਿਤ ਦੇ ਖੇਤਰ ਵਿਚ ਆਪਣਾ ਇਕ ਵੱਖਰਾ ਮੁਕਾਮ ਹੈ। ਸਮਾਜ ਦੇ ਕੋਝਾਂ ਨੂੰ ਕਟਾਖਸ਼ ਰੂਪ ਵਿਚ ਕਹਿਣ ਲਈ ਇਹ ਵਿਧਾ ਬੜੀ ਸਾਰਥਿਕ ਸਿੱਧ ਹੋ ਰਹੀ ਹੈ। ਇਸ ਵਿਧਾ ਦੇ ਖੇਤਰ ਵਿਚ ਬਲਦੇਵ ਸਿੰਘ ਆਜ਼ਾਦ ਦਾ ਨਾਂ ਬੜੇ ਅਦਬ ਨਾਲ ਲਿਆ ਜਾਂਦਾ ਹੈ। ਉੁਹ ਵਿਅੰਗ ਖੇਤਰ ਦਾ ਉੁੱਘਾ ਹਸਤਾਖ਼ਰ ਹੈ। ਉੁਸ ਨੇ ਆਪਣੀਆਂ ਲਿਖਤਾਂ ਵਿਚ ਢੁੱਕਵੀਂ ਅਤੇ ਪ੍ਰਭਾਵਸ਼ਾਲੀ ਬੋਲੀ-ਸ਼ੈਲੀ ਵਰਤ ਕੇ ਆਪਣੀ ਕਲਮ ਦਾ ਲੋਹਾ ਮੰਨਵਾਇਆ ਹੈ। ਉੁਹ ਸਾਹਿਤ ਵਿਧਾ ਦਾ ਅਜਿਹਾ ਅਨੁਭਵੀ ਖਿਡਾਰੀ ਹੈ, ਜਿਸ ਨੇ ਆਪਣੇ ਸੰਘਰਸ਼ੀ ਜੀਵਨ ਵਿਚ ਜੋ ਕੁਝ ਵੇਖਿਆ ਤੇ ਹੰਢਾਇਆ ਉੁਸ ਨੂੰ ਲੋਕ ਹਿਤੈਸ਼ੀ ਪੁੱਠ ਦੇ ਕੇ ਵਿਅੰਗ ਵਿਧਾ ਦੇ ਰੂਪ ਵਿਚ ਸਾਹਿਤ ਜਗਤ ਦੀ ਝੋਲੀ ਪਾਇਆ। ਪੇਸ਼ ਹੈ ਉਨ੍ਹਾਂ ਨਾਲ ਹੋਈ ਗੱਲਬਾਤ :

- ਆਪਣੇ ਪਰਿਵਾਰਕ ਪਿਛੋਕੜ ਬਾਰੇ ਦੱਸੋ।

ਮੇਰਾ ਜਨਮ ਇਕ ਮਈ ਉੱਨੀ ਸੌ ਚੁਰੰਜਾ ਈਸਵੀ ( 01-05-1954) ਨੂੰ ਪਿੰਡ ਲੱਖੇਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਤਾ ਗੁਰਬਚਨ ਕੌਰ ਅਤੇ ਪਿਤਾ ਜਗੀਰ ਸਿੰਘ ਆਜ਼ਾਦ ਦੇ ਘਰ ਹੋਇਆ। ਅਸੀਂ ਸੱਤ ਭੈਣ ਭਰਾ ਹਾਂ। ਮੇਰਾ ਪਿਛੋਕੜ ਸੁਤੰਤਰਤਾ ਸੈਨਾਨੀ ਪਰਿਵਾਰ ਦਾ ਹੈ। ਪਿਤਾ ਜੀ ਆਪਣੇ ਨਾਮ ਨਾਲ ਉਸ ਸਮੇਂ ਵੀ ਆਜ਼ਾਦ ਲਾਉਂਦੇ ਸਨ ਜਦੋਂ ਸਾਡਾ ਭਾਰਤ ਦੇਸ਼ ਗੁਲਾਮ ਸੀ। ਮੈਨੂੰ ਆਪਣੇ ਪਿਤਾ ਜੀ ਅਤੇ ਪਰਿਵਾਰ 'ਤੇ ਮਾਣ ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਬਣਦਾ ਯੋਗਦਾਨ ਪਾਇਆ ਅਤੇ ਆਪਣੀ ਦੂਰ ਦ੍ਰਿਸ਼ਟੀ ਕਾਰਨ ਸਾਨੂੰ ਪੜ੍ਹਨ ਦੀ ਮਹੱਤਤਾ ਸਮਝਾਉੁਣ ਦੇ ਨਾਲ-ਨਾਲ ਵਧੀਆ ਸੰਸਕਾਰ ਦਿੱਤੇ। ਪਿਤਾ ਜੀ ਨੇ ਆਪਣੇ ਦੇਸ਼ ਦੀ ਆਜ਼ਾਦੀ ਲਈ ਲਾਹੌਰ ਅਤੇ ਮੁਲਤਾਨ ਵਿਖੇ ਆਪਣੇ ਸਮਿਆਂ ਵਿਚ ਜੇਲ੍ਹ ਵੀ ਕੱਟੀ।

- ਤੁਹਾਡੀ ਵਿੱਦਿਅਕ ਯੋਗਤਾ ਅਤੇ ਕਿੱਤਾ?

ਮੇਰੀ ਮੁੱਢਲੀ ਸਿੱਖਿਆ ਆਪਣੇ ਪਿੰਡ ਲੱਖੇਵਾਲੀ ਦੀ ਹੈ, ਜਦੋਂ ਕਿ ਮੈਟ੍ਰਿਕ ਦੀ ਪੜ੍ਹਾਈ ਨਾਲ ਲੱਗਦੇ ਪਿੰਡ ਭਾਗਸਰ ਤੋਂ ਪ੍ਰਾਪਤ ਕੀਤੀ। ਉਚੇਰੀ ਪੜ੍ਹਾਈ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਅਤੇ ਬੀ. ਐੱਡ. ਖ਼ਾਲਸਾ ਕਾਲਜ ਸ੍ਰੀ ਮੁਕਤਸਰ ਸਾਹਿਬ ਤੋਂ ਪਾਸ ਕੀਤੀ। ਇਸ ਤਰ੍ਹਾਂ ਮੇਰੀ ਵਿੱਦਿਅਕ ਯੋਗਤਾ ਐੱਮ. ਏ. ਐੱਮ.ਐੱਡ ਹੈ ਕਿੱਤੇ ਵਜੋਂ ਸੰਨ ਉੱਨੀ ਸੌ ਉਨਾਸੀ (1979) ਵਿਚ ਮੇਰੀ ਪਹਿਲੀ ਨਿਯੁਕਤੀ ਪਿੰਡ ਸ਼ਾਮਖੇੜਾ ਬਤੌਰ ਐੱਸ. ਐੱਸ. ਅਧਿਆਪਕ ਵਜੋਂ ਹੋਈ ਤੇ ਮੈਂ ਸਰਕਾਰੀ ਸੇਵਾ ਵਿਚ ਆਇਆ। ਇਸ ਮਹਿਕਮੇ ਵਿਚ ਮੈਂ ਲਗਪਗ ਤੇਤੀ ਸਾਲ ਤਨ ਦੇਹੀ ਨਾਲ ਸੇਵਾ ਕੀਤੀ। ਮਹਿਕਮੇ ਵਿਚ ਤਰੱਕੀ ਹੋਣ ਕਰਕੇ ਮੈਂ ਤੀਹ ਅਪ੍ਰੈਲ ਦੋ ਹਜ਼ਾਰ ਬਾਰ੍ਹਾਂ ਵਿਚ ਜਦ ਸੇਵਾ ਮੁਕਤ ਹੋਇਆ ਤਾਂ ਬਤੌਰ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਹਾਂ।

- ਤੁਹਾਨੂੰ ਸਾਹਿਤ ਦੀ ਚੇਟਕ ਕਿਵੇਂ ਲੱਗੀ ਤੇ ਸਾਹਿਤਕ ਉਸਤਾਦ ਕੌਣ ਨੇ?

ਮੈਨੂੰ ਸਾਹਿਤ ਦੀ ਚੇਟਕ ਆਪਣੇ ਘਰੋਂ ਹੀ ਲੱਗੀ। ਮੇਰੇ ਪਿਤਾ ਜੀ ਆਪਣੇ ਸਮੇਂ ਦੇ ਮਸ਼ਹੂਰ ਸਟੇਜੀ ਕਵੀ ਸਨ। ਉਨ੍ਹਾਂ ਦਿਨਾਂ ਵਿਚ ਪਿਤਾ ਜੀ ਦੀ ਸਟੇਜੀ ਕਵਿਤਾ ਦੀ ਇਕ ਕਿਤਾਬ ਵੀ ਆਈ, ਜਿਸ ਦਾ ਨਾਂ 'ਅਜ਼ਾਦ ਦੇ ਤੀਰ' ਸੀ। ਉੁਨ੍ਹਾਂ ਨੇ ਸਾਨੂੰ ਸਾਰੇ ਭੈਣ-ਭਰਾਵਾਂ ਨੂੰ ਕੇਵਲ ਜ਼ਿੰਦਗੀ ਦੀ ਜੀਵਨ ਜਾਚ ਹੀ ਨਹੀਂ ਸਿਖਾਈ ਬਲਕਿ ਪਰਿਵਾਰ ਨੂੰ ਸਮਾਜਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਸਾਹਿਤਕ ਗੁਰ ਵੀ ਸਿਖਾਏੇ। ਪਿਤਾ ਜੀ ਹੀ ਮੇਰੇ ਸਾਹਿਤਕ ਉਸਤਾਦ ਹਨ। ਪਰਿਵਾਰਕ ਮਾਹੌਲ ਸਾਹਿਤਕ ਹੋਣ ਕਰਕੇ ਮੈਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦਾ ਆਪਣੇ ਸਮੇਂ ਬੈਸਟ ਸਟੇਜੀ ਕਵੀ ਵੀ ਰਿਹਾ ਹਾਂ ਤੇ ਕਾਲਜ ਦੇ ਮੈਗਜ਼ੀਨ ਵਿਚ ਮੇਰੀਆਂ ਰਚਨਾਵਾਂ ਦਾ ਛਪਣਾ ਵੀ ਮੇਰੀ ਸਾਹਿਤਕ ਚੇਟਕ ਦਾ ਇਕ ਹਿੱਸਾ ਹੈ ਜਿਸ ਨਾਲ ਚੜ੍ਹਦੀ ਉੁਮਰੇ ਇਕ ਲੇਖਕ ਅਤੇ ਸਾਹਿਤਕਾਰ ਵਜੋਂ ਮੇਰੀ ਪਛਾਣ ਬਣਨੀ ਸ਼ੁਰੂ ਹੋ ਗਈ ਜੋ ਮੈਨੂੰ ਚੰਗੀ ਲੱਗਦੀ ਜਿਸ ਸਦਕਾ ਮੈਂ ਸਾਹਿਤਕ ਕਿਤਾਬਾਂ ਨੂੰ ਆਪਣਾ ਪੱਕਾ ਸਾਥੀ ਬਣਾ ਲਿਆ ਤੇ ਲਿਖਣਾ ਸ਼ੁਰੂ ਕੀਤਾ।

- ਤੁਸੀਂ ਕਿਸ-ਕਿਸ ਵਿਧਾ ਵਿਚ ਹੱਥ ਅਜਮਾਇਆ?

ਮੈਂ ਪੰਜਾਬੀ ਸਾਹਿਤ ਵਿਚ ਗੀਤ, ਗ਼ਜ਼ਲਾਂ ਤੋਂ ਇਲਾਵਾ ਮਿੰਨੀ ਕਹਾਣੀਆਂ ਵੀ ਲਿਖੀਆਂ ਹਨ। ਹਰ ਵਿਧਾ ਦੀ ਆਪਣੀ ਵਿਸ਼ੇਸ਼ਤਾ ਹੈ ਅਤੇ ਹਰ ਵਿਧਾ ਦੀ ਸਾਹਿਤ ਵਿਚ ਆਪਣੀ-ਆਪਣੀ ਥਾਂ ਹੈ। ਸਾਨੂੰ ਕਿਸੇ ਵੀ ਵਿਧਾ ਨੂੰ ਘਟਾ ਕੇ ਜਾਂ ਵਧਾ ਕੇ ਨਹੀਂ ਵੇਖਣਾ ਚਾਹੀਦਾ, ਪਰ ਮੇਰੀ ਸੰਤੁਸ਼ਟੀ ਵਿਅੰਗ ਲਿਖ ਕੇ ਹੀ ਹੁੰਦੀ ਹੈ। ਲੇਖਕ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਜੋ ਸਮਾਜ ਵਿਚ ਵਾਪਰਦਾ ਹੈ, ਉੁਸ ਨੂੰ ਪੇਸ਼ ਕਰਨਾ ਉਸ ਦਾ ਧਰਮ ਹੈ, ਫਰਜ਼ ਹੈ। ਇਸ ਫ਼ਰਜ਼ ਨੂੰ ਨਿਭਾਉੁਣ ਲਈ ਮੈਨੂੰ ਇਹ ਵਿਧਾ ਸਭ ਤੋਂ ਉੱਤਮ ਲੱਗੀ। ਮੇਰਾ ਪਹਿਲਾ ਵਿਅੰਗ 'ਕੱਦੂ ਡਾਕਟਰ ਜ਼ਿੰਦਾਬਾਦ' ਅਜੀਤ ਅਖ਼ਬਾਰ ਵਿਚ ਛਪਿਆ ਜਿਸ ਦੇ ਪੱਖ ਅਤੇ ਵਿਰੋਧ ਵਿਚ ਬੜੀਆਂ ਚਿੱਠੀਆਂ ਲੱਗੀਆਂ ਜਿਸ ਨੇ ਮੈਨੂੰ ਬੜਾ ਉੁਤਸ਼ਾਹਿਤ ਕੀਤਾ। ਪ੍ਰਿੰਸੀਪਲ ਦਲੀਪ ਸਿੰਘ ਭੁਪਾਲ ਨੇ ਨਿੱਜੀ ਰੂਪ ਵਿਚ ਕਿਹਾ ਕਿ ਤੁਸੀਂ ਇਸ ਵਿਧਾ ਵਿਚ ਵਧੀਆ ਲਿਖ ਸਕਦੇ ਹੋ ਫਿਰ ਮੈਂ ਵਿਅੰਗ ਲਿਖਣ ਵੱਲ ਹੋ ਗਿਆ, ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਇਸ ਖੇਤਰ ਵਿਚ ਜੋ ਮੇਰੀ ਪਛਾਣ ਹੈ ਉਹ ਤੁਹਾਡੇ ਸਾਹਮਣੇ ਹੈ।

- ਆਪਣੀ ਲਿਖਣ ਪ੍ਰਕਿਰਿਆ ਬਾਰੇ ਚਾਨਣਾ ਪਾਓ?

ਮੈਂ ਆਪਣੇ ਪੜ੍ਹਦੇ ਸਮੇਂ ਕਾਲਜ ਦੇ ਛਪਦੇ ਰਸਾਲੇ ਤੋਂ ਲੈ ਕੇ ਵੱਖ-ਵੱਖ ਤਰ੍ਹਾਂ ਦੇ ਮੈਗਜ਼ੀਨ, ਰਸਾਲੇ ਅਤੇ ਨਾਮਵਰ ਪੰਜਾਬੀ ਅਖ਼ਬਾਰਾਂ ਵਿਚ ਆਪਣੀ ਹਾਜ਼ਰੀ ਲਵਾ ਚੁੱਕਾ ਹਾਂ। ਜੇ ਕਿਤਾਬਾਂ ਦੀ ਗੱਲ ਕਰੀਏੇ ਤਾਂ ਹੁਣ ਤਕ ਕਿਤਾਬੀ ਰੂਪ ਵਿਚ ਮੇਰੀਆਂ ਵਿਅੰਗ ਦੀਆਂ ਚਾਰ ਪੁਸਤਕਾਂ ਆ ਚੁੱਕੀਆਂ ਹਨ ਜਿਨ੍ਹਾਂ ਦੇ ਨਾਂ 'ਕਾਕਾ ਵਿਕਾਊ ਹੈ' 'ਫੂਕ ਸ਼ਾਸਤਰ ਜ਼ਿੰਦਾਬਾਦ' 'ਆਪਾਂ ਕੀ ਲੈਣਾ' 'ਜ਼ਿੰਦਗੀ ਦੇ ਗੀਤ' ਕਾਵਿ ਵਿਅੰਗ ਅਤੇ ਹੁਣੇ-ਹੁਣੇ ਨਵੀਂ ਕਿਤਾਬ ਦਾ ਨਾਂ 'ਗੋਡੇ ਘੁੱਟ ਤੇ ਮੌਜਾਂ ਲੁੱਟ' ਮੇਰੀ ਪੰਜਵੀਂ ਕਿਤਾਬ ਬਹੁਤ ਜਲਦ ਪਾਠਕਾਂ ਦੇ ਹੱਥਾਂ ਵਿਚ ਆਉੁਣ ਵਾਲੀ ਹੈ ਜਿਸ ਵਿਚ ਵੱਖ-ਵੱਖ ਵਿਸ਼ਿਆਂ ਦੀ ਵੰਨ ਸੁਵੰਨਤਾ ਪਾਠਕਾਂ ਨੂੰ ਪੜ੍ਹਨ ਲਈ ਮਿਲੇਗੀ, ਮੈਨੂੰ ਪੂਰੀ ਉੁਮੀਦ ਹੈ ਕਿ ਇਹ ਕਿਤਾਬ ਉਨ੍ਹਾਂ ਦੀ ਆਸ 'ਤੇ ਪੂਰੀ ਤਰ੍ਹਾਂ ਖ਼ਰੀ ਉੁਤਰੇਗੀ।

- ਸਾਹਿਤਕ ਸਭਾਵਾਂ ਦੀ ਸਾਹਿਤ ਨੂੰ ਕਿੰਨੀ ਕੁ ਦੇਣ ਹੈ?

ਸਾਹਿਤ ਸਭਾ ਕਿਸੇ ਲੇਖਕ ਜਾਂ ਸਿਖਾਂਦਰੂ ਲਈ ਇਕ ਤਰ੍ਹਾਂ ਦੀ ਵਰਕਸ਼ਾਪ ਦਾ ਕੰਮ ਕਰਦੀ ਹੈ। ਮੈਂ ਖ਼ੁਦ ਸਾਹਿਤ ਸਭਾ ਜੈਤੋ, ਅਬੋਹਰ, ਸ੍ਰੀ ਮੁਕਤਸਰ ਸਾਹਿਬ ਦਾ ਸਰਗਰਮ ਮੈਂਬਰ ਰਿਹਾ ਹਾਂ। ਇਕ ਪੰਜਾਬੀ ਹਾਸ ਵਿਅੰਗ ਅਕੈਡਮੀ ਪੰਜਾਬ ਬਣੀ ਹੋਈ ਹੈ ਜਿਸ ਦੇ ਕੇ.ਐੱਲ. ਗਰਗ ਪ੍ਰਧਾਨ ਅਤੇ ਮੈਂ ਜਨਰਲ ਸਕੱਤਰ ਦੇ ਅਹੁਦੇ 'ਤੇ ਕੰਮ ਕਰ ਰਿਹਾ ਹਾਂ। ਅਸੀਂ ਕਾਫ਼ੀ ਮਿਹਨਤ ਨਾਲ ਇਸ ਸੰਸਥਾ ਦੇ ਝੰਡੇ ਥੱਲੇ ਸਾਹਿਤਕ ਪੁਸਤਕਾਂ ਵੀ ਛਪਵਾਈਆਂ ਅਤੇ ਸਕੂਲਾਂ, ਕਾਲਜਾਂ ਵਿਚ ਸਮਾਗਮਾਂ ਦਾ ਪ੍ਰਬੰਧ ਵੀ ਕਰਦੇ ਹਾਂ ਤਾਂ ਜੋ ਬੱਚੇ ਸਾਹਿਤ ਵੱਲ ਪ੍ਰੇਰਿਤ ਹੋਣ। ਸਮਾਜ ਨੂੰ ਚੇਤਨ ਕਰਨ ਵਿਚ ਮੈਂ ਸਮਝਦਾ ਹਾਂ ਕਿ ਸਾਹਿਤਕ ਸਭਾਵਾਂ ਬਹੁਤ ਵੱਡਾ ਰੋਲ ਨਿਭਾਉੁਂਦੀਆਂ ਹਨ ਜੇ ਉੁਹ ਕਿਸੇ ਧੜੇਬੰਦੀ ਅਤੇ ਆਪੂ ਚੌਧਰ ਵਰਗੀ ਬੀਮਾਰੀ ਦਾ ਸ਼ਿਕਾਰ ਨਾ ਹੋਣ। ਸੋ ਮੈਂ ਸਾਹਿਤਕ ਸਭਾਵਾਂ ਦਾ ਹੋਣਾ ਕਿਸੇ ਵੀ ਭਾਸ਼ਾ ਲਈ ਸ਼ੁਭ ਸ਼ਗਨ ਮੰਨਦਾ ਹਾਂ।

- ਰਾਜਨੀਤੀ ਵਿਚ ਆਉਣ ਦਾ ਤੁਹਾਡਾ ਸਬੱਬ ਕਿਵੇਂ ਬਣਿਆ?

ਸਮਾਜਿਕ ਗਿਰਾਵਟ ਨੂੰ ਵੇਖਦੇ ਹੋਏ ਸੋਚਿਆ ਕਲਮ ਦੇ ਨਾਲ-ਨਾਲ ਜੇ ਲੋਕ ਸ਼ਕਤੀ ਮਿਲੇ ਤਾਂ ਸਮਾਜ ਵਿਚ ਸੁਧਾਰ ਤੇਜ਼ੀ ਨਾਲ ਸੰਭਵ ਹੋ ਸਕਦਾ ਹੈ। ਅੱਜ ਸਾਡੇ ਸਮਾਜ ਵਿਚ ਕਾਣੀ ਵੰਡ, ਜਾਤ-ਪਾਤ, ਬੇਰੁਜ਼ਗਾਰੀ, ਮਹਿੰਗਾਈ, ਨਸ਼ੇ, ਗੰਦੀ ਰਾਜਨੀਤੀ, ਭ੍ਰਿਸ਼ਟਾਚਾਰ ਆਦਿ ਅਨੇਕਾਂ ਅਲਾਮਤਾਂ ਮੂੰਹ ਅੱਡੀ ਖੜ੍ਹੀਆਂ ਹਨ ਜਿਸ ਤੋਂ ਸਮਾਜ ਦਾ ਹਰ ਵਰਗ ਦੁਖੀ ਤੇ ਪਰੇਸ਼ਾਨ ਹੈ, ਬਸ ਮੇਰਾ ਰਾਜਨੀਤੀ ਵਿਚ ਆਉੁਣ ਦਾ ਇਹੋ ਹੀ ਮੁੱਖ ਕਾਰਨ ਸੀ ਕਿ ਇਨ੍ਹਾਂ ਅਲਾਮਤਾਂ ਨੂੰ ਕਿਵੇਂ ਵੀ ਦੂਰ ਕੀਤਾ ਜਾਵੇ। ਪਰ ਰਾਜਨੀਤੀ ਦੀ ਖੇਡ ਆਮ ਬੰਦੇ ਨੂੰ ਬਹੁਤ ਘੱਟ ਮਾਫਕ ਹੈ ਕਿਉਂਕਿ ਹਰ ਰਾਜਨੀਤਕ ਬੰਦਿਆਂ ਦੀ ਕਹਿਣੀ ਕਰਨੀ ਵਿਚ ਉੱਨੀ ਇਕਾਨਵੇਂ ਵਾਲਾ ਫ਼ਰਕ ਹੁੰਦਾ ਹੈ ਜਦੋਂ ਕਿ ਸਾਨੂੰ ਲੇਖਕਾਂ ਨੂੰ ਉੱਨੀ ਇੱਕੀ ਵੀ ਮਾਫ਼ਕ ਨਹੀਂ ਆਉਂਦਾ, ਮੈਂ ਰਾਜਨੀਤੀ ਵਿਚ ਆ ਕੇ ਇਸ ਗੱਲ ਨੂੰ ਸਿਰਫ ਭਾਂਪਿਆ ਹੀ ਨਹੀਂ, ਹੱਡੀਂ ਵੀ ਹੰਢਾਇਆ ਹੈ।

- ਤੁਹਾਨੂੰ ਸਾਹਿਤਕਾਰਾਂ ਤੇ ਰਾਜਨੀਤਕ ਲੋਕਾਂ ਵਿਚ ਕੋਈ ਵੱਡਾ ਫ਼ਰਕ ਲੱਗਾ?

ਕਾਫੀ ਜ਼ਿਆਦਾ ਫ਼ਰਕ ਹੈ ਜੋ ਮੈਂ ਮਹਿਸੂਸ ਕੀਤਾ। ਸਾਹਿਤਕਾਰ ਚੰਗੀ ਮਾਨਸਿਕਤਾ ਵਾਲੇ ਲੋਕਾਂ ਦਾ ਅਜਿਹਾ ਸਮੂਹ ਹੈ ਜੋ ਸਮਾਜ ਦਾ ਭਲਾ ਲੋਚਦੇ ਹਨ ਪਰ ਰਾਜਨੀਤਕ ਗਿਰਾਵਟ ਨੂੰ ਸ਼ਬਦਾਂ 'ਚ ਬਿਆਨ ਕਰਨਾ ਮੁਸ਼ਕਿਲ ਹੈ। ਸਾਰਾ ਵਰਤਾਰਾ ਤੇ ਘਟੀਆ ਪੱਧਰ ਦੀ ਰਾਜਨੀਤੀ ਵੇਖ ਕੇ ਮਨ ਦੁਖੀ ਹੁੰਦਾ ਹੈ। ਪ੍ਰੰਤੂ ਜਿਸ ਤਰ੍ਹਾਂ ਰਾਜਨੀਤੀ ਵਿਚ ਗਿਰਾਵਟ ਆਈ ਹੈ, ਉੁਸੇ ਤਰ੍ਹਾਂ ਸਾਹਿਤਕ ਖੇਤਰ ਵਿਚ ਵੀ ਨਿਘਾਰ, ਗੁੱਟਬੰਦੀ, ਮੌਕਾਪ੍ਰਸਤੀ ਬੜੀ ਤੇਜ਼ੀ ਨਾਲ ਵਧ ਰਹੀ ਹੈ, ਜੋ ਬਹੁਤ ਘਾਤਕ ਹੈ। ਸਾਹਿਤ ਅਤੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ ਜਿਸ ਵੱਲ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ, ਜੇ ਸਮੇਂ ਸਿਰ ਧਿਆਨ ਨਾ ਦਿੱਤਾ ਗਿਆ ਤਾਂ ਸਾਡੇ ਹੱਥ ਪਛਤਾਵੇ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਪੈਣਾ। ਆਉੁਣ ਵਾਲੀਆਂ ਪੀੜ੍ਹੀਆਂ ਨੇ ਸਾਨੂੰ ਕਦੇ ਮਾਫ਼ ਨਹੀਂ ਕਰਨਾ, ਹਰੇਕ ਖੇਤਰ ਵਿਚ ਅਸੀਂ ਅਜਿਹਾ ਮਾਹੌਲ ਤਿਆਰ ਕਰ ਰਹੇ ਹਾਂ, ਜਿਸ ਨੂੰ ਸੋਚ ਕੇ ਬੜੀ ਚਿੰਤਾ ਹੁੰਦੀ ਹੈ।

- ਜ਼ਿੰਦਗੀ ਦਾ ਕੋਈ ਤਜਰਬਾ ਜੋ ਸਾਂਝਾ ਕਰਨਾ ਚਾਹੋਗੇ?

ਆਪਣੇ ਪ੍ਰਿੰਸੀਪਲ ਬਣਨ ਸਮੇਂ ਸਕੂਲ ਵਿਚ ਹਰ ਸਾਲ ਨਾਮਵਰ ਲੇਖਕਾਂ ਨੂੰ ਸਾਲਾਨਾ ਪ੍ਰੋਗਰਾਮ ਕਰ ਕੇ ਬੱਚਿਆਂ ਦੇ ਰੂਬਰੂ ਕਰਵਾਉਂਦੇ ਰਹੇ ਹਾਂ ਜਿਸ ਵਿਚ ਪ੍ਰੋ. ਗੁਰਦਿਆਲ ਸਿੰਘ, ਵਰਿਆਮ ਸਿੰਘ ਸੰਧੂ, ਗੁਰਸ਼ਰਨ ਭਾਅ ਜੀ, ਬਲਦੇਵ ਸਿੰਘ ਸੜਕਨਾਮਾ ਆਦਿ ਅਨੇਕਾਂ ਅਦਬੀ ਸ਼ਖ਼ਸੀਅਤਾਂ ਦੇ ਨਾਂ ਜ਼ਿਕਰਯੋਗ ਹਨ ਜੋ ਬੱਚਿਆਂ ਦੇ ਸਨਮੁੱਖ ਕੀਤੇ, ਜਿਸ ਕਰਕੇ ਸਾਡੇ ਸਕੂਲ ਦੇ ਬੱਚੇ ਸਾਹਿਤ ਨਾਲ ਜੁੜੇ ਅਤੇ ਅੱਜ ਵਧੀਆ ਲੇਖਕ ਬਣਨ ਤੋਂ ਇਲਾਵਾ ਦੇਸ ਦੇ ਵਧੀਆ ਜ਼ਿੰਮੇਵਾਰ ਨਾਗਰਿਕ ਬਣ ਆਪਣਾ ਯੋਗਦਾਨ ਪਾ ਰਹੇ ਹਨ। ਸਾਨੂੰ ਅਜਿਹੇ ਤਜਰਬੇ ਤੇ ਉੁੱਦਮ ਕਰਦੇ ਰਹਿਣਾ ਚਾਹੀਦਾ ਹੈ। ਮੇਰੀ ਕੌਮ ਦੇ ਨਿਰਮਾਤਾਵਾਂ ਨੂੰ ਇਹ ਛੋਟੀ ਜੀ ਬੇਨਤੀ ਹੈ।

- ਸਾਹਿਤਕ ਇਨਾਮਾਂ ਨੂੰ ਕਿਵੇਂ ਦੇਖਦੇ ਹੋ?

ਮੈਂ ਇਨਾਮਾਂ ਲਈ ਨਹੀਂ ਲਿਖਦਾ। ਜੋ ਇਨਾਮਾਂ ਲਈ ਲਿਖਦਾ ਹੈ ਮੈਂ ਉਸ ਨੂੰ ਲੇਖਕ ਹੀ ਨਹੀਂ ਮੰਨਦਾ ਪਰ ਅੱਜ ਜੁਗਾੜਬੰਦੀ ਜ਼ੋਰਾਂ 'ਤੇ ਹੈ। ਮੈਂ ਇਨਾਮਾਂ ਤੇ ਲੇਖਕਾਂ ਨੂੰ ਵੱਖਰਾ-ਵੱਖਰਾ ਕਰਕੇ ਵੇਖਦਾ ਹਾਂ। ਮੇਰਾ ਮੰਨਣਾ ਹੈ ਕਿ ਕਿਸੇ ਵੀ ਲੇਖਕ ਦੀ ਪਛਾਣ ਲਿਖਤ ਕਰਕੇ ਬਣਦੀ ਹੈ ਨਾ ਕਿ ਕਿਸੇ ਵੱਡੇ ਇਨਾਮ ਦੀ ਪ੍ਰਾਪਤੀ ਨਾਲ। ਵੈਸੇ ਕਿਸੇ ਵੀ ਕੰਮ ਵਿਚ ਦਿੱਤੀ ਗਈ ਸ਼ਾਬਾਸ਼ੇ, ਹਰ ਇਕ ਦਾ ਉੁਤਸ਼ਾਹ ਤਾਂ ਵਧਾਉੁਂਦੀ ਹੈ। ਮੈਨੂੰ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ, ਸਾਹਿਤ ਸਭਾ ਮੰਡੀ ਬਰੀਵਾਲਾ, ਸਾਹਿਤ ਸਭਾ ਜਲਾਲਾਬਾਦ, ਫ਼ਰੀਦਕੋਟ, ਸਾਹਿਤ ਸਭਾ ਕੋਟਕਪੂਰਾ ਤੋਂ ਇਲਾਵਾ ਪਿਆਰਾ ਸਿੰਘ ਦਾਤਾ ਐਵਾਰਡ ਹਾਸ ਵਿਅੰਗ ਅਕੈਡਮੀ ਵੱਲੋਂਂ ਅਤੇ ਮੀਰਜ਼ਾਦਾ ਮੈਗਜ਼ੀਨ ਐਵਾਰਡ ਸਾਹਿਤ ਦੇ ਖੇਤਰ ਵਿਚ ਮਿਲ ਚੁੱਕਾ ਹੈ।

- ਪਰਿਵਾਰਕ ਸਹਿਯੋਗ ਕਿੰਨਾ ਕੁ ਮਿਲਦੈ?

ਪਰਿਵਾਰ ਨੂੰ ਸਾਹਿਤਕ ਗੁੜ੍ਹਤੀ ਤਾਂ ਸ਼ੁਰੂ ਤੋਂ ਹੀ ਮਿਲੀ ਹੋਈ ਹੈ। ਸੋ ਮੇਰਾ ਸਾਰਾ ਪਰਿਵਾਰ ਹੀ ਸਾਹਿਤਕ ਰੰਗ ਵਿਚ ਰੰਗਿਆ ਹੋਇਆ ਹੈ। ਮੇਰੀ ਧਰਮ ਪਤਨੀ ਸ੍ਰੀਮਤੀ ਪ੍ਰਕਾਸ਼ ਕੌਰ ਵੀ ਬਤੌਰ ਅਧਿਆਪਕਾ ਸੇਵਾ ਮੁਕਤ ਹੋਈ ਹੈ ਜੋ ਮੇਰੀਆਂ ਰਚਨਾਵਾਂ ਦੀ ਪਹਿਲੀ ਪਾਠਕ ਹੈ। ਜਿਸ ਦੇ ਪੂਰਨ ਸਹਿਯੋਗ ਕਰਕੇ ਹੀ ਮੈਂ ਕੁਝ ਕਰਨ ਯੋਗ ਹੋਇਆ ਹਾਂ, ਜਿਸ ਨੇ ਘਰੇਲੂ ਜ਼ਿੰਮੇਵਾਰੀਆਂ ਨੂੰ ਆਪਣੇ ਮੋਢਿਆਂ 'ਤੇ ਚੁੱਕ ਮੈਨੂੰ ਮੁਕਤ ਕੀਤਾ ਤੇ ਮੈਂ ਸਾਹਿਤਕ ਖੇਤਰ ਵਿਚ ਕੁਝ ਯੋਗਦਾਨ ਪਾ ਸਕਿਆ ਹਾਂ। ਸੋ ਮੈਨੂੰ ਪਰਿਵਾਰ ਦਾ ਪੂਰਾ ਸਹਿਯੋਗ ਹੈ।

- ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸੋ ਤੇ ਪਾਠਕਾਂ ਨੂੰ ਕੋਈ ਸੰਦੇਸ਼ ਦਿਉ।

ਇਕ ਚੰਗੇ ਸਮਾਜ ਦੀ ਸਿਰਜਣਾ ਲਈ ਹਮੇਸ਼ਾ ਤੱਤਪਰ ਹਾਂ। ਕਲਮ ਨਾਲ ਸਮਾਜ ਦੀ ਸੇਵਾ ਇਸ ਤਰ੍ਹਾਂ ਕਰਾਂ ਜਿਸ ਨਾਲ ਇਕ ਆਦਰਸ਼ ਸਮਾਜ ਦੀ ਸਿਰਜਣਾ ਹੋ ਸਕੇ ਇਹ ਮੇਰੀ ਦਿਲੀ ਇੱਛਾ ਹੈ, ਇਹ ਯਤਨ ਭਵਿੱਖ ਵਿਚ ਵੀ ਜਾਰੀ ਰਹਿਣਗੇ। ਦੂਸਰੀ ਮੇਰੀ ਇਹੋ ਬੇਨਤੀ ਹੈ ਨਾ ਕਿ ਸੰਦੇਸ਼ ਕਿ ਆਪਣੇ ਬੱਚਿਆਂ ਨੂੰ ਪੜ੍ਹਾਓ ਚੰਗਾ ਸਾਹਿਤ ਪੜ੍ਹੋ, ਸਾਹਿਤ ਨਾਲ ਜੁੜੋ ਇਹ ਚੰਗੀ ਜ਼ਿੰਦਗੀ ਜਿਊੁਣਾ ਸਿਖਾਉਂਦਾ ਹੈ।

ਸੋ ਪੰਜਾਬੀਓ ਜਾਗੋ, ਜਾਗਦਿਆਂ ਦੀਆਂ ਕੱਟੀਆਂ ਸੁੱਤਿਆਂ ਦੇ ਕੱਟੇ ਇੰਨਾ ਹੀ ਕਹਾਂਗਾ ਜੀ, ਬਾਕੀ ਸਾਰੇ ਤੁਸੀਂ ਆਪ ਸਿਆਣੇ ਹੋ।

- ਨਾਮਵਰ ਵਿਅੰਗਕਾਰ ਜਿਨ੍ਹਾਂ ਤੋਂ ਤੁਸੀਂ ਪ੍ਰਭਾਵਿਤ ਹੋ?

ਮੈਂ ਕਾਫੀ ਵਿਅੰਗਕਾਰਾਂ ਤੋਂ ਪ੍ਰਭਾਵਿਤ ਹਾਂ। ਕੇ. ਐੱਲ. ਗਰਗ, ਜੇ. ਐੱਲ ਨੰਦਾ, ਡਾ. ਧਰਮ ਸਿੰਘ, ਗੁਰਨਾਮ ਸਿੰਘ ਤੀਰ ਆਦਿ ਕਾਫੀ ਨਾਂ ਸ਼ਾਮਿਲ ਹਨ। ਅਸਲ ਵਿਚ ਮੈਨੂੰ ਉੁਹ ਹਰ ਲੇਖਕ ਹੀ ਪ੍ਰਭਾਵਿਤ ਕਰਦਾ ਹੈ ਜੋ ਚੰਗੇ ਸਮਾਜ ਦੀ ਸਿਰਜਣਾ ਲੋਚਦਾ ਹੈ ਅਤੇ ਸਮਾਜ ਦੀਆਂ ਅਨੈਤਿਕ ਕਦਰਾਂ, ਕੀਮਤਾਂ, ਗ਼ਲਤ ਰਸਮਾਂ, ਰਿਵਾਜਾਂ ਦੇ ਬਖੀਏੇ ਉੁਦੇੜਦਾ ਹੈ ਫਿਰ ਉਹ ਚਾਹੇ ਨਵਾਂ ਨਾਂ ਹੋਵੇ ਜਾਂ ਸਥਾਪਤ। ਮੈਂ ਹਰ ਉਸ ਲੇਖਕ ਦੀ ਦਿਲੋਂ ਕਦਰ ਕਰਦਾ ਹਾਂ ਜੋ ਸਮਾਜ ਭਲਾਈ ਲਈ ਸੋਚਦਾ ਹੈ ।

- ਕੁਲਦੀਪ ਸਿੰਘ ਬੰਗੀ

94174-07778

Posted By: Harjinder Sodhi